ਕੈਪਟਨ ਅਮਰਿੰਦਰ ਸਿੰਘ ਨੇ ਪਰਵਾਸੀ ਪੰਜਾਬੀਆਂ ਤੋਂ ਸਹਿਯੋਗ ਮੰਗਿਆ

ਸ਼ਿਕਾਗੋ (ਬਿਊਰੋ): ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਪ੍ਰਤੀ ਫਿਕਰ ਜ਼ਾਹਰ ਕਰਦਿਆਂ ਪਰਵਾਸੀ ਪੰਜਾਬੀਆਂ ਤੋਂ ਸਹਿਯੋਗ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸੋਚ ਰਲ ਕੇ ਪੰਜਾਬ ਨੂੰ ਬਿਹਤਰ ਬਣਾਉਣ ਦੀ ਹੈ, ਜਦਕਿ ਬਾਦਲ ਪਿਓ-ਪੁੱਤ ਹਰ ਮੁੱਦੇ ‘ਤੇ ਸਿਆਸਤ ਕਰ ਰਹੇ ਹਨ ਅਤੇ ਲੋਕਾਂ ਲਈ ਕੁਝ ਨਹੀਂ ਕਰ ਰਹੇ। ਬਾਦਲ ਅਤੇ ਉਸ ਦੀ ਜੁੰਡਲੀ ਪੰਜਾਬ ਨੂੰ ਹਰ ਪਾਸਿਓ ਲੁੱਟਣ ‘ਤੇ ਲੱਗੇ ਹੋਏ ਹਨ, ਸਿੱਟੇ ਵਜੋਂ ਸਾਰਾ ਪੰਜਾਬ ਹੀ ਰੁਲ ਗਿਆ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਪਰਵਾਸੀ ਪੰਜਾਬੀਆਂ ਦਾ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਸਹਿਯੋਗ ਲੈਣ ਲਈ ਵਿਦੇਸ਼ ਦੌਰੇ ਉਤੇ ਆਏ ਹਨ ਪਰ ਉਨ੍ਹਾਂ ਨਾਲ ਹੀ ਕਿਹਾ ਕਿ ਇਹ ਉਨ੍ਹਾਂ ਦੀ ਆਖਰੀ ਚੋਣ ਹੈ, ਚਾਹੇ ਉਹ ਜਿੱਤਣ ਜਾਂ ਹਾਰਨ। ਉਹ ਲੰਘੀ 22 ਅਪਰੈਲ ਨੂੰ ਸ਼ਾਮਬਰਗ ਦੇ ਕਨਵੈਨਸ਼ਨ ਸੈਂਟਰ ਵਿਚ ਕਾਂਗਰਸ ਸਮਰਥਕਾਂ ਵਲੋਂ ਰੱਖੇ ਜਲਸੇ ਨੂੰ ਸੰਬੋਧਨ ਕਰ ਰਹੇ ਸਨ। ਆਪਣੀ ਤਕਰੀਰ ਦੌਰਾਨ ਕੈਪਟਨ ਨੇ ਲੋਕਾਂ ਨਾਲ ਨਸ਼ਿਆਂ, ਭ੍ਰਿਸ਼ਟਾਚਾਰ, ਬੇਰੁਜ਼ਗਾਰੀ ਅਤੇ ਕਿਸਾਨਾਂ ਨਾਲ ਜੁੜੇ ਮਸਲਿਆਂ ਸਬੰਧੀ ਸਵਾਲ-ਜਵਾਬ ਵੀ ਕੀਤੇ।
ਬਾਦਲ ਸਰਕਾਰ ਉਤੇ ਵਿਅੰਗ ਕੱਸਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਕਾਲੀਆਂ ਦੀ ਸਰਕਾਰ ਬਣਿਆਂ ਨੌਂ ਸਾਲ ਹੋ ਗਏ ਹਨ, ਪਰ ਹਾਲੇ ਤੱਕ ਸਰਕਾਰ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ‘ਤੇ ਕਾਬੂ ਨਹੀਂ ਪਾ ਸਕੀ। ਇਹ ਸਰਕਾਰ ਦੇ ਫੇਲ੍ਹ ਹੋਣ ਦੀ ਨਿਸ਼ਾਨੀ ਹੈ ਕਿ ਸਰਕਾਰ ਸੂਬੇ ਦੀ ਤਰੱਕੀ ਲਈ ਯੋਗ ਨੀਤੀਆਂ ਹੀ ਨਹੀਂ ਅਪਨਾ ਸਕੀ। ਉਨ੍ਹਾਂ ਲੱਗਦੇ ਹੱਥ ਆਮ ਆਦਮੀ ਪਾਰਟੀ (ਆਪ) ‘ਤੇ ਤੋੜਾ ਝਾੜਦਿਆਂ ਕਿਹਾ ਕਿ ਇਸ ਪਾਰਟੀ ਤੋਂ ਇਸ ਲਈ ਕੋਈ ਆਸ ਨਹੀਂ ਰੱਖਣੀ ਚਾਹੀਦੀ ਕਿਉਂਕਿ ਇਹ ਨਵੀਂ ਪਾਰਟੀ ਹੈ, ਇਸ ਦੀ ਥਾਂ ਸਾਨੂੰ ਪੰਜਾਬ ਬਾਰੇ ਖੁਦ ਸੋਚਣਾ ਚਾਹੀਦਾ ਹੈ। ਉਨ੍ਹਾਂ ਸਵਾਲ ਕੀਤਾ, ਜਿਹੜੀ ਪਾਰਟੀ (ਆਪ) ਪੰਜਾਬ ਨਾਲ ਜੁੜੀ ਹੋਈ ਹੀ ਨਹੀਂ ਹੈ ਅਤੇ ਜਿਸ ਦੇ ਆਗੂਆਂ ਨੂੰ ਪੰਜਾਬ ਦੇ ਹਾਲਾਤ ਬਾਰੇ ਪਤਾ ਹੀ ਨਹੀਂ ਹੈ, ਉਹ ਲੋਕਾਂ ਦਾ ਕੀ ਭਲਾ ਕਰੂ? ਉਨ੍ਹਾਂ ‘ਆਪ’ ਦੇ ਆਗੂ ਅਰਵਿੰਦ ਕੇਜਰੀਵਾਲ ਨੂੰ ਦੋਗਲਾ ਕਰਾਰ ਦਿੰਦਿਆਂ ਕਿਹਾ ਕਿ ਉਹ ਪੰਜਾਬ ਫੇਰੀ ਦੌਰਾਨ ਪਾਣੀ ਉਤੇ ਪੰਜਾਬ ਦੇ ਹੱਕ ਦੀ ਗੱਲ ਕਰਦਾ ਹੈ, ਪਰ ਦਿੱਲੀ-ਹਰਿਆਣਾ ਵਿਚ ਜਾ ਕੇ ਬਿਆਨ ਬਦਲ ਲੈਂਦਾ ਹੈ। ਉਨ੍ਹਾਂ ਸਵਾਲ ਕੀਤਾ ਕਿ ਸਟੈਂਡ ਬਦਲਣ ਵਾਲੇ ਅਜਿਹੇ ਬੰਦੇ ਦਾ ਕੀ ਭਰੋਸਾ?
ਪੰਜਾਬ ਵਿਚ ਨਸ਼ਿਆਂ ਦੀ ਗੱਲ ਕਰਦਿਆਂ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਹੁਣ ਤਾਂ ਜ਼ਾਹਰ ਹੀ ਹੋ ਚੁਕਾ ਹੈ ਕਿ ਪੰਜਾਬ ‘ਚ ਨਸ਼ੇ ‘ਪੰਥਕ ਸਰਕਾਰ’ ਦੀ ਸ਼ਹਿ ‘ਤੇ ਵਿਕ ਰਹੇ ਹਨ। ਪੰਜਾਬ ਵਿਚ ਨਸ਼ੀਲੇ ਪਦਾਰਥ ‘ਚਿੱਟਾ’ ਦੀ ਵਿਕਰੀ ਉਤੇ ਫਿਕਰ ਜ਼ਾਹਰ ਕਰਦਿਆਂ ਕੈਪਟਨ ਨੇ ਕਿਹਾ ਕਿ ਬਾਰਡਰ ਉਤੇ ਬੀ ਐਸ ਐਫ ਦੇ ਅਫਸਰ ਅਤੇ ਪਾਕਿਸਤਾਨੀ ਰੇਂਜਰ ਆਪਸ ਵਿਚ ਮਿਲ ਜਾਂਦੇ ਹਨ ਤੇ ਡਰੱਗ ਦੀ ਸਮਗਲਿੰਗ ਹੁੰਦੀ ਹੈ। ਪੁਲਿਸ ਵੀ ਇਸ ਵੇਲੇ ਡਰੱਗ ਸਮਗਲਰਾਂ ਨਾਲ ਮਿਲੀ ਹੋਈ ਹੈ। ਇਕ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਆਉਣ ‘ਤੇ ਵਿਸ਼ੇਸ਼ ਟੀਮਾਂ ਬਣਾ ਕੇ ਨਸ਼ਾ ਸਮਗਲਰਾਂ ਨੂੰ ਕਾਬੂ ਕੀਤਾ ਜਾਵੇਗਾ ਪਰ ਨਾਲ ਹੀ ਉਨ੍ਹਾਂ ਕਿਹਾ ਕਿ ਸਾਨੂੰ ਰਲ ਕੇ ਅਜਿਹੇ ਹਾਲਾਤ ਖੜ੍ਹੇ ਕਰਨੇ ਪੈਣਗੇ ਕਿ ਨੌਜਵਾਨ ਨਸ਼ਿਆਂ ਦਾ ਤਿਆਗ ਆਪ ਕਰਨ। ਹੁਣ ਹਾਲਾਤ ਇਹ ਹਨ ਕਿ ਨਸ਼ਿਆਂ ਨੇ ਘਰਾਂ ਦੇ ਘਰ ਬਰਬਾਦ ਕਰ ਦਿੱਤੇ ਹਨ ਤੇ ਨਸ਼ੇੜੀ ਪੁੱਤਾਂ ਦੇ ਮਾਪਿਆਂ ਦੇ ਚਿਹਰਿਆਂ ਤੋਂ ਰੌਣਕਾਂ ਉਡ ਗਈਆਂ ਹਨ।
ਕਿਸਾਨ ਖੁਦਕੁਸ਼ੀਆਂ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬਾਦਲ ਸਰਕਾਰ ਨੇ ਕਿਸਾਨਾਂ ਦੀ ਭਲਾਈ ਲਈ ਕੁਝ ਕੀਤਾ ਹੀ ਨਹੀਂ। ਨਕਲੀ ਦਵਾਈਆਂ, ਖਾਦਾਂ ਦੀ ਘਾਟ, ਜਿਣਸਾਂ ਦੇ ਵਾਜਬ ਭਾਅ ਨਾ ਮਿਲਣ ਅਤੇ ਕਰਜ਼ੇ ਦਾ ਭਾਰ ਦਿਨੋਂ ਦਿਨ ਵਧਣ ਕਾਰਨ ਹਾਲਾਤ ਇਹ ਪੈਦਾ ਹੋ ਗਏ ਹਨ ਕਿ ਕਿਸਾਨਾਂ/ਮਜ਼ਦੂਰਾਂ ਨੇ ਖੁਦਕੁਸ਼ੀਆਂ ਦਾ ਰਾਹ ਚੁਣ ਲਿਆ ਹੈ। ਕਾਂਗਰਸ ਦੀ ਸਰਕਾਰ ਆਉਣ ‘ਤੇ ਕਿਸੇ ਕਰਜ਼ਈ ਕਿਸਾਨ ਦੀ ਜ਼ਮੀਨ ਕੁਰਕ ਨਹੀਂ ਹੋਣ ਦਿੱਤੀ ਜਾਵੇਗੀ, ਬਲਕਿ ਗਰੀਬ ਕਿਸਾਨਾਂ ਦੇ ਪਰਿਵਾਰਾਂ ਦੀਆਂ ਸਮੱਸਿਆਵਾਂ ਦਾ ਹੱਲ ਲੱਭ ਕੇ ਕਿਸਾਨਾਂ ਨੂੰ ਬਰਬਾਦ ਹੋਣ ਤੋਂ ਬਚਾਇਆ ਜਾਵੇਗਾ।
ਪੰਜਾਬ ਦੇ ਪਿੰਡਾਂ ਵਿਚ ਸਿੱਖਿਆ ਦੇ ਮਾੜੇ ਹਾਲ ਸਬੰਧੀ ਇਕ ਸੱਜਣ ਵਲੋਂ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਅਮਰਿੰਦਰ ਸਿੰਘ ਨੇ ਕਿਹਾ ਕਿ ਸਿੱਖਿਆ ਮਹਿਕਮੇ ਵਿਚ ਕੁਰੱਪਸ਼ਨ ਵਧਣ ਕਾਰਨ ਨਿਘਾਰ ਆਇਆ ਹੈ। ਉਨ੍ਹਾਂ ਵਿਅੰਗ ਕੀਤਾ ਕਿ ਜੇ ਉਪਰਲਾ ਢਾਂਚਾ ਹੀ ਭ੍ਰਿਸ਼ਟ ਹੋਵੇ ਤਾਂ ਹੇਠਲੇ ਅਮਲੇ ਤੋਂ ਕੀ ਆਸ? ਉਨ੍ਹਾਂ ਭਰੋਸਾ ਦਿਵਾਇਆ ਕਿ ਕਾਂਗਰਸ ਸਰਕਾਰ ਬਣਨ ‘ਤੇ ਸਿੱਖਿਆ ਸਿਸਟਮ ਵਿਚ ਤਬਦੀਲੀ ਲਿਆਂਦੀ ਜਾਵੇਗੀ, ਪਰ ਉਨ੍ਹਾਂ ਨਾਲ ਹੀ ਕਿਹਾ ਕਿ ਸਿਆਸਤ ਵਿਚ ਨਵੀਂ ਪੀੜ੍ਹੀ ਨੂੰ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਨਵੀਂ ਸੋਚ ਨਾਲ ਮਾਹੌਲ ਬਦਲੇ। ਬੇਰੁਜ਼ਗਾਰੀ ਦਾ ਮੁੱਦਾ ਛੂੰਹਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੜ੍ਹੇ-ਲਿਖੇ ਨੌਜਵਾਨ ਬੇਰੁਜ਼ਗਾਰੀ ਦੀ ਸਮੱਸਿਆ ਨਾਲ ਜੂਝ ਰਹੇ ਹਨ ਜਿਸ ਕਾਰਨ ਉਹ ਮਾਨਸਿਕ ਤਣਾਓ ਦਾ ਸ਼ਿਕਾਰ ਹੋ ਰਹੇ ਹਨ। ਪੜ੍ਹਾਈ ਵਿਚ 99% ਅੰਕ ਲੈਣ ਵਾਲੇ ਵਿਹਲੇ ਫਿਰ ਰਹੇ ਹਨ। ਇਸ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੈ, ਕਿਉਂਕਿ ਉਹ ਰੁਜ਼ਗਾਰ ਦੇ ਵਸੀਲੇ ਪੈਦਾ ਨਹੀਂ ਕਰ ਸਕੀ।
ਕਾਂਗਰਸ ਆਗੂ ਨੇ ਕਿਹਾ ਕਿ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਕੋਈ ਪੰਜਾਬ ਵਿਚ ਇੰਡਸਟਰੀ ਲਾਉਣ ਨੂੰ ਤਿਆਰ ਨਹੀਂ, ਬਲਕਿ ਪਹਿਲਾਂ ਚਲਦੇ ਕਾਰਖਾਨੇ ਵੀ ਬੰਦ ਹੋ ਗਏ ਹਨ ਜਾਂ ਦੂਜੇ ਰਾਜਾਂ ਵਿਚ ਚਲੇ ਗਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਬਾਦਲ ਸਰਕਾਰ ਨੇ ਸਿਆਸੀ ਪੱਤਾ ਖੇਡਦਿਆਂ ਸੱਤਾ ਵਿਚ ਆਉਣ ਸਾਰ ਹੀ ਕਾਂਗਰਸ ਦੀਆਂ ਲੋਕ ਭਲਾਈ ਸਕੀਮਾਂ ਨੂੰ ਬੰਦ ਕਰ ਦਿੱਤਾ ਅਤੇ ਲੋਕਾਂ ਉਤੇ ਵਾਧੂ ਟੈਕਸਾਂ ਦਾ ਬੋਝ ਪਾ ਦਿੱਤਾ। ਬਾਦਲਾਂ ਨੂੰ ਆੜੇ ਹੱਥੀਂ ਲੈਂਦਿਆਂ ਕੈਪਟਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਫਿਕਰ ਛੱਡ ਕੇ ਬਾਦਲ ਸਿਰਫ ਹੋਟਲ ਬਣਾਉਣ, ਜ਼ਮੀਨਾਂ ਦੱਬਣ, ਕੁਰੱਪਸ਼ਨ ਕਰਨ ਅਤੇ ਨਸ਼ੇ ਵੰਡਣ ‘ਤੇ ਹੀ ਲੱਗੇ ਹੋਏ ਹਨ; ਜਦਕਿ ਸਿਹਤ ਸਹੂਲਤਾਂ ਦੀ ਘਾਟ ਕਾਰਨ ਆਮ ਲੋਕ ਖੱਜਲ-ਖੁਆਰ ਹੋ ਰਹੇ ਹਨ। ਕੈਂਸਰ ਦੀ ਮਾਰ ਹੇਠ ਆਈ ਮਾਲਵਾ ਪੱਟੀ ਵਿਚ ਕੈਂਸਰ ਇੰਨਾ ਫੈਲਾ ਗਿਆ ਹੈ ਕਿ ਬੀਕਾਨੇਰ ਨੂੰ ਜਾਂਦੀ ਟਰੇਨ ਮਰੀਜ਼ਾਂ ਨਾਲ ਭਰੀ ਹੁੰਦੀ ਹੈ।
ਜਲਸੇ ਦੌਰਾਨ ਲੋਕਾਂ ਨੇ ਕੇਂਦਰ ਅਤੇ ਸੂਬਾ ਸਰਕਾਰ ਦੀ ਸਮੇਂ ਸਮੇਂ ਆਪਸੀ ਖਿੱਚੋਤਾਣ ਕਾਰਨ ਪੰਜਾਬ ਨੂੰ ਹੁੰਦੇ ਨੁਕਸਾਨ ਦਾ ਜ਼ਿਕਰ ਵੀ ਕੀਤਾ। ਲੋਕਾਂ ਨੇ ਹੋਰ ਮੁੱਦੇ ਵੀ ਛੋਹੇ। ਸਤਲੁਜ-ਯਮੁਨਾ ਲਿੰਕ ਨਹਿਰ ਮੁੱਦੇ ਬਾਰੇ ਅਮਰਿੰਦਰ ਸਿੰਘ ਨੇ ਕਿਹਾ ਕਿ ਜੇ ਕੋਰਟ ਦਾ ਫੈਸਲਾ ਪੰਜਾਬ ਦੇ ਖਿਲਾਫ ਗਿਆ ਤਾਂ ਇਸ ਨਾਲ ਪੰਜਾਬ ਦੀ ਹਜ਼ਾਰਾਂ ਏਕੜ ਜ਼ਮੀਨ ਪ੍ਰਭਾਵਿਤ ਹੋਵੇਗੀ। ਕਾਂਗਰਸ ਦੀ ਸਰਕਾਰ ਆਉਣ ‘ਤੇ ਉਹ ਪਾਣੀਆਂ ਦੇ ਮੁੱਦੇ ਸਬੰਧੀ ਪਹਿਲ ਦੇ ਆਧਾਰ ‘ਤੇ ਨੀਤੀ ਅਪਨਾ ਕੇ ਗੰਭੀਰਤਾ ਨਾਲ ਨਜਿੱਠਣਗੇ ਕਿਉਂਕਿ ਪੰਜਾਬ ਵਿਚ ਪਾਣੀ ਦਾ ਪੱਧਰ ਨੀਂਵਾਂ ਚਲਾ ਗਿਆ ਹੈ ਅਤੇ ਉਤਲਾ ਪਾਣੀ ਪੀਣ ਦੇ ਯੋਗ ਨਹੀਂ ਰਿਹਾ। ਗਲੇਸ਼ੀਅਰ ਸੁੰਗੜ ਰਹੇ ਹਨ ਜਿਸ ਕਾਰਨ ਨਹਿਰਾਂ ਦਾ ਪਾਣੀ ਘਟ ਰਿਹਾ ਹੈ।
ਜਲਸੇ ਵਿਚ ਮਿਸ਼ੀਗਨ, ਵਿਸਕਾਨਸਿਨ ਅਤੇ ਹੋਰ ਸਟੇਟਾਂ ਤੋਂ ਵੀ ਲੋਕ ਆਏ ਹੋਏ ਸਨ। ਲੋਕਾਂ ਨੇ ਪੰਜਾਬ ਵਿਚ ਪਰਵਾਸੀ ਪੰਜਾਬੀਆਂ ਦੀਆਂ ਜਾਇਦਾਦਾਂ ਉਤੇ ਨਾਜਾਇਜ਼ ਕਬਜ਼ਿਆਂ ਦਾ ਮੁੱਦਾ ਵੀ ਛੇੜਿਆ ਅਤੇ ਇਸ ਦੇ ਹੱਲ ਲਈ ਸੁਝਾਅ ਵੀ ਦਿੱਤੇ। ਅਮਰਿੰਦਰ ਸਿੰਘ ਨੇ ਪੰਜਾਬ ਦੇ ਹੋਰ ਮਸਲਿਆਂ ਬਾਰੇ ਵੀ ਗੱਲਾਂ ਕੀਤੀਆਂ।
ਇਸ ਤੋਂ ਪਹਿਲਾਂ ਜਲਸੇ ਨੂੰ ਸੰਬੋਧਨ ਕਰਦਿਆਂ ਹਲਕਾ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਇਹ ਆਪਣੀ ਮਿੱਟੀ ਦਾ ਹੀ ਮੋਹ ਹੈ ਕਿ ਤੁਸੀਂ ਅਮਰੀਕਾ ਵਿਚ ਰਹਿੰਦਿਆਂ ਵੀ ਪੰਜਾਬ ਨੂੰ ਨਹੀਂ ਭੁੱਲ ਸਕੇ ਤੇ ਪੰਜਾਬ ਲਈ ਫਿਕਰਮੰਦ ਹੋ। ਉਨ੍ਹਾਂ ਬਾਦਲ ਪਿਓ-ਪੁੱਤ ਉਤੇ ‘ਪੰਥ ਖਤਰੇ ਵਿਚ ਹੈ’ ਦੀ ਗੱਲ ਆਖ ਕੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਬਾਦਲ ਅਜਿਹਾ ਪਰਪੰਚ ਸਿਰਫ ਵੋਟਾਂ ਲੈਣ ਲਈ ਰਚਦੇ ਹਨ। ਬਾਦਲ ਸਰਕਾਰ ਇੰਨੀ ਬੇਈਮਾਨ ਹੋ ਗਈ ਹੈ ਕਿ ਉਹ ਆਪਣੇ ਮੰਤਰੀਆਂ ਦੀਆਂ ਆਪਹੁਦਰੀਆਂ ‘ਤੇ ਪਰਦਾ ਪਾਉਣ ‘ਤੇ ਤੁਲੀ ਹੋਈ ਹੈ। ਸ਼ ਰੰਧਾਵਾ ਨੇ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਕੈਪਟਨ ਅਮਰਿੰਦਰ ਸਿੰਘ ਨੂੰ ਸਹਿਯੋਗ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਸਰਕਾਰ ਦੌਰਾਨ ਲੋਕ ਹਿਤਾਂ ਤਹਿਤ ਕੰਮ ਹੋਏ ਹਨ ਜਦਕਿ ਬਾਦਲਾਂ ਨੇ ਸਿਰਫ ਆਪਣੇ ਘਰ ਬਾਰੇ ਸੋਚਿਆ ਹੈ।
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਵੀ ਪੰਜਾਬ ਦੇ ਹਾਲਾਤ ‘ਤੇ ਪੰਛੀ ਝਾਤ ਪਾਉਂਦਿਆਂ ਹਾਜ਼ਰੀਨ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਵਿਚ ਖੜ੍ਹਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਮੁੜ ਲੀਹ ‘ਤੇ ਪਾਉਣ ਲਈ ਪਰਵਾਸੀ ਪੰਜਾਬੀਆਂ ਦੇ ਭਰਵੇਂ ਸਹਿਯੋਗ ਦੀ ਲੋੜ ਹੈ ਤਾਂ ਜੋ ਪੰਜਾਬ ਵਿਚੋਂ ਲੋਕ ਮੁੱਦਿਆਂ ਤੋਂ ਬੇਮੁਖ ਹੋਏ ਅਕਾਲੀਆਂ ਨੂੰ ਖਦੇੜਿਆ ਜਾ ਸਕੇ। ਸਮਾਗਮ ਦੌਰਾਨ ਸਾਬਕਾ ਮੰਤਰੀ ਮਲਕੀਅਤ ਸਿੰਘ ਦਾਖਾ, ਰਾਣਾ ਗੁਰਜੀਤ ਸਿੰਘ ਸੋਢੀ, ਸੁੱਖ ਸਰਕਾਰੀਆ ਅਤੇ ਰਘਬੀਰ ਸਿੰਘ ਘੁੰਨ ਵੀ ਹਾਜ਼ਰ ਸਨ। ਜਲਸੇ ਨੂੰ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਦੇ ਖੇਮੇ ਵਿਚ ਆ ਰਲੇ ਮਨੀਸ਼ ਕੁਮਾਰ ਰਾਏਜ਼ਾਦਾ ਨੇ ਵੀ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵਿਚ ਹੁਣ ਉਹ ਲੋਕ ਅੱਗੇ ਆ ਰਹੇ ਹਨ ਜਿਨ੍ਹਾਂ ਨੂੰ ਕੁਰਸੀ ਦਾ ਲਾਲਚ ਹੈ। ਉਨ੍ਹਾਂ ਅਪੀਲ ਕੀਤੀ ਕਿ ਪੰਜਾਬ ਦੇ ਭਲੇ ਲਈ ਲੋਕ ਕੈਪਟਨ ਅਮਰਿੰਦਰ ਸਿੰਘ ਦਾ ਸਾਥ ਦੇਣ।
ਸਮਾਗਮ ਥੋੜ੍ਹਾ ਪੱਛੜ ਕੇ ਸ਼ੁਰੂ ਹੋਇਆ। ਇਸ ਦੌਰਾਨ ਮੰਚ ਸੰਚਾਲਕ ਜੱਸੀ ਪਰਮਾਰ ਲੋਕਾਂ ਨੂੰ ਕੈਪਟਨ ਅਮਰਿੰਦਰ ਸਿੰਘ ਨੂੰ ਕੀਤੇ ਜਾਣ ਵਾਲੇ ਸਵਾਲ ਲਿਖ ਲੈਣ ਦੀ ਤਾਕੀਦ ਕਰਦਾ ਰਿਹਾ ਜਦਕਿ ਬਹੁਤੇ ਲੋਕ ਕੈਪਟਨ ਦੀ ਉਡੀਕ ਕਰਦੇ ਆਪਣੀਆਂ ਗੱਲਾਂ ਵਿਚ ਮਸਰੂਫ ਸਨ।
ਜਲਸੇ ਦੇ ਇਕ ਪ੍ਰਬੰਧਕ ਅਯੁਧਿਆ ਸਲਵਾਨ ਨੇ ਵੀ ਪੰਜਾਬ ਦੇ ਲੋਕਾਂ ਨਾਲ ਜੁੜੇ ਮੁੱਦੇ ਉਠਾਉਂਦਿਆਂ ਫਿਕਰ ਜ਼ਾਹਰ ਕੀਤਾ। ਉਨ੍ਹਾਂ ਕਿਹਾ ਕਿ ‘ਜੈ ਜਵਾਨ-ਜੈ ਕਿਸਾਨ’ ਦਾ ਨਾਅਰਾ ਪੰਜਾਬ ਵਿਚੋਂ ਲੋਪ ਹੋ ਗਿਆ ਹੈ ਅਤੇ ਹਾਲਾਤ ਇਹ ਬਣੇ ਹੋਏ ਹਨ ਕਿ ਜਵਾਨ ਬੇਰੁਜ਼ਗਾਰੀ ਕਾਰਨ ਗੁੰਮਰਾਹ ਹੋ ਰਹੇ ਹਨ ਤੇ ਕਿਸਾਨ ਕਰਜ਼ੇ ਕਾਰਨ ਖੁਦਕੁਸ਼ੀਆਂ ਕਰ ਰਹੇ ਹਨ। ਉਨ੍ਹਾਂ ਜਲਸੇ ਨੂੰ ਕਾਮਯਾਬ ਕਰਨ ਲਈ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਪੰਜਾਬ ਦਾ ਹਾਲ ਬਿਆਨਦੀ ਕਵਿਤਾ ਦੀਆਂ ਕੁਝ ਸਤਰਾਂ ਵੀ ਪੜ੍ਹੀਆਂ। ਸ੍ਰੀ ਸਲਵਾਨ ਨਾਲ ਮੰਚ ਸੰਚਾਲਨ ਦੌਰਾਨ ਸਾਥ ਡਾæ ਹਰਜਿੰਦਰ ਸਿੰਘ ਖਹਿਰਾ ਤੇ ਪਰਮਿੰਦਰ ਸਿੰਘ ਵਾਲੀਆ ਤੇ ਜੱਸੀ ਪਰਮਾਰ ਨੇ ਦਿੱਤਾ।
ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜਲਸੇ ਵਾਲੀ ਥਾਂ ਬਾਹਰ ਸੜਕ ‘ਤੇ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਰੋਸ ਮੁਜ਼ਾਹਰਾ ਕੀਤਾ। ਉਨ੍ਹਾਂ ਨੇ ਕੁਝ ਤਖਤੀਆਂ ਅਤੇ ਕੈਪਟਨ ਵਿਰੋਧੀ ਬੈਨਰ ਫੜ੍ਹੇ ਹੋਏ ਸਨ ਅਤੇ ਜਲਸੇ ਵਿਚ ਸ਼ਾਮਲ ਹੋਣ ਵਾਲੇ ਲੋਕਾਂ ਨੂੰ ਵੇਖ ਕੇ ਉਹ Ḕਕੈਪਟਨ ਗੋ ਬੈਕḔ ਦੇ ਨਾਅਰੇ ਲਾ ਰਹੇ ਹਨ। ਬੈਨਰਾਂ ਉਤੇ ਕੈਪਟਨ ਵਲੋਂ ਡੇਰਿਆਂ ‘ਤੇ ਨਤਮਸਕ ਹੋਣ, ਇੰਦਰਾ ਗਾਂਧੀ ਵਲੋਂ ਪੰਜਾਬ ਦਾ ਪਾਣੀ ਦੂਜੇ ਰਾਜਾਂ ਨੂੰ ਦਿਤੇ ਜਾਣ ਨੂੰ ਸਹੀ ਠਹਿਰਾਉਣ, ਕਾਂਗਰਸ ਵਲੋਂ 1984 ਦੇ ਸਿੱਖ ਕਤਲੇਆਮ ਵਿਚ ਜਗਦੀਸ਼ ਟਾਈਟਲਰ ਨੂੰ ਕਲੀਨ ਚਿੱਟ ਦਿੱਤੇ ਜਾਣ ਆਦਿ ਸਬੰਧੀ ਲਿਖਿਆ ਹੋਇਆ ਸੀ।
ਇਸ ਮੌਕੇ ਅਕਾਲੀ ਦਲ (ਅੰਮ੍ਰਿਤਸਰ) ਦੇ ਨੁਮਾਇੰਦੇ ਬੂਟਾ ਸਿੰਘ ਖੜੌਦ, ਜੀਤ ਸਿੰਘ ਆਲੋਅਰਖ, ਜੋਗਾ ਸਿੰਘ, ਅਮਰਦੀਪ ਸਿੰਘ, ਜਗਦੀਸ਼ ਸਿੰਘ, ਅਵਤਾਰ ਸਿੰਘ ਪੰਨੂ, ਜਸਵੀਰ ਸਿੰਘ, ਮੱਖਣ ਸਿੰਘ ਕਲੇਰ, ਕੁਲਵਿੰਦਰ ਸਿੰਘ ਸੰਧੂ ਆਦਿ ਨੇ ਮੁਜ਼ਾਹਰਾਕਾਰੀਆਂ ਨੂੰ ਸੰਬੋਧਨ ਕੀਤਾ।