ਨਵੀਂ ਦਿੱਲੀ: ਭਾਰਤ ਵਿਚ ਜਲ ਸੰਕਟ ਤੇਜ਼ੀ ਨਾਲ ਵਧ ਰਿਹਾ ਹੈ, ਜੇਕਰ ਹਾਲਾਤ ਇਸ ਤਰ੍ਹਾਂ ਦੇ ਰਹੇ ਤਾਂ 2050 ਤੱਕ ਭਾਰਤ ਨੂੰ ਪਾਣੀ ਦਰਾਮਦ ਕਰਨਾ ਪਵੇਗਾ। ਪਾਣੀ ਦੀ ਉਪਲਬਧਤਾ ਨੂੰ ਲੈ ਕੇ ਕੀਤਾ ਗਿਆ ਸਰਵੇ ਦੀ ਰਿਪੋਰਟ ਅਨੁਸਾਰ 2050 ਤੱਕ ਪ੍ਰਤੀ ਵਿਅਕਤੀ ਪਾਣੀ ਉਪਲਬਧਤਾ 3120 ਲੀਟਰ ਹੋ ਜਾਵੇਗੀ, ਜਿਸ ਨਾਲ ਭਾਰੀ ਜਲ ਸੰਕਟ ਪੈਦਾ ਹੋ ਜਾਵੇਗਾ।
2001 ਦੇ ਅੰਕੜਿਆਂ ਅਨੁਸਾਰ ਜ਼ਮੀਨ ਅੰਦਰ ਪ੍ਰਤੀ ਵਿਅਕਤੀ 5æ120 ਲੀਟਰ ਪਾਣੀ ਬਚਿਆ ਹੈ, ਜੋ ਕਿ ਸਾਲ 1951 ਵਿਚ 14,180 ਲੀਟਰ ਹੋਇਆ ਕਰਦਾ ਸੀ। 2001 ਵਿਚ 1951 ਦੇ ਮੁਕਾਬਲੇ ਅੱਧਾ ਪਾਣੀ ਰਹਿ ਗਿਆ ਹੈ। ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਸਾਲ 2050 ਤੱਕ ਪਾਣੀ ਦੀ ਉਪਲਬਧਤਾ 25 ਫੀਸਦੀ ਹੀ ਰਹਿ ਜਾਵੇਗੀ। ਕੇਂਦਰੀ ਭੂ-ਜਲ ਬੋਰਡ ਦੇ ਅੰਕੜਿਆਂ ਨਾਲ ਇਹ ਖੁਲਾਸਾ ਹੋਇਆ ਹੈ। 2050 ਤੱਕ ਪਾਣੀ ਦੀ ਉਪਲਬਧਤਾ ਘਟ ਕੇ 22 ਫੀਸਦੀ ਰਹਿ ਜਾਵੇਗੀ।
ਕੇਂਦਰੀ ਭੂ-ਜਲ ਬੋਰਡ ਨੇ ਭੂਮੀਗਤ ਜਲ ਨੂੰ ਰਿਵਾਈਜ਼ ਕਰਨ ਦੀ ਇਕ ਯੋਜਨਾ ਵੀ ਬਣਾਈ ਹੈ ਤਾਂਕਿ ਇਸ ਪਰੇਸ਼ਾਨੀ ਨਾਲ ਨਿਪਟਿਆ ਜਾ ਸਕੇ। ਮਾਹਿਰਾਂ ਦਾ ਕਹਿਣਾ ਹੈ ਕਿ ਜ਼ਮੀਨ ਅੰਦਰ ਜਾਂਦੇ ਪਾਣੀ ਨੂੰ ਬਚਾਉਣ ਦੀ ਜ਼ਰੂਰਤ ਹੈ ਤੇ ਇਸ ਲਈ ਮੀਂਹ ਦੇ ਪਾਣੀ ਨੂੰ ਤਾਲਾਬਾਂ, ਨਹਿਰਾਂ, ਖੂਹਾਂ ਵਿਚ ਸੰਚਾਲਿਤ ਕਰਨਾ ਜ਼ਰੂਰੀ ਹੈ ਤੇ ਨਾਲ ਹੀ ਲੋਕਾਂ ਨੂੰ ਜਲ ਬਚਾਉਣ ਲਈ ਸਿੱਖਿਅਤ ਕਰਨਾ ਤੇ ਪ੍ਰੇਰਿਤ ਕਰਨ ਦੀ ਜ਼ਰੂਰਤ ਹੈ।
___________________________
ਧੋਨੀ ਦੇ ਸਵੀਮਿੰਗ ਪੂਲ ਲਈ ਰੋਜ਼ਾਨਾ 15 ਹਜ਼ਾਰ ਲੀਟਰ ਪਾਣੀ
ਰਾਂਚੀ: ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਆਪਣੇ ਸ਼ਹਿਰ ਦੇ ਲੋਕਾਂ ਲਈ ਪਰੇਸ਼ਾਨੀ ਬਣੇ ਹੋਏ ਹਨ। ਵਿਵਾਦ ਧੋਨੀ ਦੇ ਘਰ ਬਣੇ ਸਵੀਮਿੰਗ ਪੂਲ ਨੂੰ ਲੈ ਕੇ ਹੈ। ਸ਼ਹਿਰ ‘ਚ ਪਾਣੀ ਦੀ ਕਮੀ ਕਾਰਨ ਪਰੇਸ਼ਾਨ ਲੋਕਾਂ ਨੇ ਝਾਰਖੰਡ ਦੇ ਮੰਤਰੀ ਅਮਰ ਕੁਮਾਰ ਬਾਊਰੀ ਨੂੰ ਇਸ ਦੀ ਸ਼ਿਕਾਇਤ ਵੀ ਕੀਤੀ, ਕਿਉਂਕਿ ਪਾਣੀ ਦੀ ਕਮੀ ਹੋਣ ਕਾਰਨ ਲੋਕਾਂ ਨੂੰ ਤਰਸਣਾ ਪੈ ਰਿਹਾ ਹੈ, ਪਰ ਧੋਨੀ ਦੇ ਘਰ ਬਣੇ ਸਵੀਮਿੰਗ ਪੂਲ ਲਈ ਰੋਜ਼ 15 ਹਜ਼ਾਰ ਲੀਟਰ ਪਾਣੀ ਇਸਤੇਮਾਲ ਹੋ ਰਿਹਾ ਹੈ।
____________________________
ਦੇਸ਼ ਦੀ ਇਕ ਚੌਥਾਈ ਆਬਾਦੀ ‘ਤੇ ਸੋਕੇ ਦਾ ਸੰਤਾਪ
ਨਵੀਂ ਦਿੱਲੀ: ਕੇਂਦਰੀ ਭੂ ਜਲ ਬੋਰਡ ਨੇ ਇਹ ਵੀ ਦੱਸਿਆ ਕਿ ਦੇਸ਼ ਦੀ ਇਕ ਚੌਥਾਈ ਆਬਾਦੀ ਸੋਕੇ ਦਾ ਸੰਤਾਪ ਝੱਲ ਰਹੀ ਹੈ। ਇਸ ਰਿਪੋਰਟ ਅਨੁਸਾਰ ਦੇਸ਼ ਦੇ ਘੱਟੋ-ਘੱਟ 10 ਪ੍ਰਾਂਤਾਂ ਦੇ 250 ਤੋਂ ਵਧੇਰੇ ਜ਼ਿਲ੍ਹੇ ਸੋਕੇ ਦੀ ਮਾਰ ਹੇਠ ਹਨ। ਇਨ੍ਹਾਂ ਜ਼ਿਲ੍ਹਿਆਂ ਦੀ ਆਬਾਦੀ 33 ਕਰੋੜ ਤੋਂ ਵਧੇਰੇ ਹੈ। ਪਾਣੀ ਦੀ ਉਪਲਬਧਤਾ ਸਬੰਧੀ ਜੋ ਸੂਚਨਾਵਾਂ ਮਿਲ ਰਹੀਆਂ ਹਨ, ਉਹ ਪੂਰੀ ਤਰ੍ਹਾਂ ਡਰਾਉਣ ਵਾਲੀਆਂ ਹਨ। ਇਨ੍ਹਾਂ ਅਨੁਸਾਰ ਪਾਣੀ ਦਾ ਸੰਕਟ ਲਗਾਤਾਰ ਵਧਦਾ ਜਾ ਰਿਹਾ ਹੈ।
_____________________________
171 ਮੁਲਕਾਂ ਵੱਲੋਂ ਜਲਵਾਯੂ ਸਮਝੌਤੇ ‘ਤੇ ਦਸਤਖ਼ਤ
ਸੰਯੁਕਤ ਰਾਸ਼ਟਰ: ਭਾਰਤ ਸਮੇਤ ਕੁੱਲ 171 ਮੁਲਕਾਂ ਨੇ ਦੁਨੀਆਂ ਵਿਚ ਵਧ ਰਹੀ ਤਪਸ਼ ਦੇ ਟਾਕਰੇ ਲਈ ਗਰੀਨ ਹਾਊਸ ਗੈਸਾਂ ਦੀ ਨਿਕਾਸੀ ਵਿਚ ਕਟੌਤੀ ਲਈ ਮਿਲ ਕੇ ਚੱਲਣ ਦਾ ਅਹਿਦ ਲਿਆ ਹੈ। ਭਾਰਤ ਵੱਲੋਂ ਵਾਤਾਵਰਨ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਸੰਯੁਕਤ ਰਾਸ਼ਟਰ ਆਮ ਸਭਾ ਦੇ ਹਾਲ ਵਿਚ ਉੱਚ ਪੱਧਰੀ ਸਮਾਗਮ ਦੌਰਾਨ ਸਮਝੌਤੇ ‘ਤੇ ਦਸਤਖ਼ਤ ਕੀਤੇ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਬਾਨ ਕੀ ਮੂਨ ਨੇ ਇਸ ਮੌਕੇ ਨੂੰ ਇਤਿਹਾਸਕ ਪਲ ਕਰਾਰ ਦਿੱਤਾ। ਇਸ ਮੌਕੇ ਕਈ ਮੁਲਕਾਂ ਦੇ ਮੁਖੀ, ਮੰਤਰੀ, ਕਾਰਪੋਰੇਟ ਮੁਖੀ ਅਤੇ ਕਈ ਕਲਾਕਾਰ ਵੀ ਹਾਜ਼ਰ ਸਨ।
____________________________
ਦੇਸ਼ ਦੀਆਂ 91 ਮੁੱਖ ਜਲਗਾਹਾਂ ‘ਚ ਪਾਣੀ ਘਟਿਆ
ਨਵੀਂ ਦਿੱਲੀ: ਦੇਸ਼ ਭਰ ਵਿਚ 91 ਪ੍ਰਮੁੱਖ ਜਲਗਾਹਾਂ ਵਿਚ ਪਾਣੀ ਦਾ ਪੱਧਰ ਘਟ ਕੇ ਉਨ੍ਹਾਂ ਦੀ ਕੁੱਲ ਸਮਰੱਥਾ ਦੇ 22 ਫੀਸਦੀ ਤੱਕ ਖਿਸਕ ਗਿਆ ਹੈ। ਕੇਂਦਰੀ ਜਲ ਸ੍ਰੋਤ ਮੰਤਰਾਲੇ ਮੁਤਾਬਕ, 21 ਅਪਰੈਲ ਨੂੰ ਖਤਮ ਹੋਏ ਹਫਤੇ ਦੌਰਾਨ ਇਨ੍ਹਾਂ ਜਲਗਾਹਾਂ ਵਿਚ 34æ082 ਅਰਬ ਘਣ ਮੀਟਰ (ਬੀæਸੀæਐਮæ) ਪਾਣੀ ਉਪਲਬਧ ਸੀ। ਇਨ੍ਹਾਂ ਦੀ ਕੁੱਲ ਸਮਰੱਥਾ 157æ799 ਅਰਬ ਘਣ ਮੀਟਰ ਦੀ ਹੈ। ਮੰਤਰਾਲੇ ਨੇ ਕਿਹਾ ਕਿ ਇਹ ਜਲ ਪੱਧਰ ਪਿਛਲੇ ਸਾਲ ਇਸ ਸਮੇਂ ਵਿਚ ਉਪਲਬਧ ਜਲ ਪੱਧਰ ਦੀ ਤੁਲਨਾ ‘ਚ 35 ਫੀਸਦੀ ਘੱਟ ਹੈ ਅਤੇ ਇਸੇ ਮਿਆਦ ਦੇ 10 ਸਾਲ ਔਸਤ ਭੰਡਾਰਨ ਤੋਂ 24 ਫੀਸਦੀ ਘੱਟ ਹੈ।