ਬਲਜੀਤ ਬਾਸੀ
ਭਾਰਤ ਤੋਂ ਅਮਰੀਕਾ-ਕੈਨੇਡਾ ਪਰਵਾਸ ਕਰਕੇ ਆਉਣ ਵਾਲੇ ਹਰ ਬੰਦੇ ਨੂੰ ਆਉਂਦੇ ਸਾਰ ਇਹ ਜਾਣ ਕੇ ਹੈਰਾਨੀ ਹੁੰਦੀ ਹੈ ਕਿ ਇਧਰ ਪਟਰੌਲ ਨੂੰ ਗੈਸ ਕਿਹਾ ਜਾਂਦਾ ਹੈ ਤੇ ਪਟਰੌਲ ਪੰਪ ਨੂੰ ਗੈਸ ਸਟੇਸ਼ਨ। ਭਾਰਤ ਵਿਚ ਤਾਂ ਉਨ੍ਹਾਂ ਸੁਣਿਆ ਸੀ ਕਿ ਗੈਸ ਇਕ ਉਡਣਸ਼ੀਲ, ਰੰਗਹੀਣ, ਰੂਪਹੀਣ, ਫੈਲਵਾਂ ਤੇ ਹਲਕਾ-ਫੁਲਕਾ ਪਦਾਰਥ ਹੁੰਦਾ ਹੈ ਜਿਸ ਦੀ ਆਮ ਮਿਸਾਲ ਰਸੋਈ-ਗੈਸ ਹੈ। ਹਾਂ, ਗੈਸ ਉਥੇ ‘ਹਵਾ ਹਵਾਈ’ ਜਿਹੇ ਉਸ ਮਾਦੇ ਨੂੰ ਵੀ ਕਹਿੰਦੇ ਹਨ ਜਿਹੜਾ ਕਈ ਵਾਰੀ ਜਾਣੇ-ਅਣਜਾਣੇ ਪੇਟ ਵਿਚੋਂ ਹੇਠਲੇ ਮਾਰਗ ਰਾਹੀਂ ਸਰਦਾ ਰਹਿੰਦਾ ਹੈ! ਗੈਸ ਤੇ ਪਟਰੌਲ ਦਾ ਇਕ ਜੋੜ ਹੋਰ ਤਰ੍ਹਾਂ ਵੀ ਬੈਠਦਾ ਹੈ: ਮਹਿਫਿਲ ਵਿਚ ਕਿਸੇ ਵਲੋਂ ਛੱਡੀ ਬਹੁਤਾ ਨੱਕ ਸਾੜਦੀ ਸਿਲ੍ਹੀ ਸਿਲ੍ਹੀ ਗੈਸ ਬਾਰੇ ‘ਕੱਚਾ ਪਟਰੌਲ ਛੱਡਿਆ’ ਕਹਿ ਦਿੱਤਾ ਜਾਂਦਾ ਹੈ! ਪੰਜਾਬੀ ਲੋਕਾਂ ਨੇ ਗੈਸ ਸ਼ਬਦ ਦੀ ਵਰਤੋਂ ਇਕ ਹੋਰ ਪ੍ਰਸੰਗ ਵਿਚ ਵੀ ਸੁਣੀ ਹੋਵੇਗੀ। ਅੱਜ ਤੋਂ ਕੋਈ ਚਾਲੀ-ਪੰਜਾਹ ਵਰ੍ਹੇ ਪਹਿਲਾਂ ਸਟੋਵ ਦੀ ਤਰ੍ਹਾਂ ਇਕ ਹਵਾ ਭਰ ਕੇ ਜਗਣ ਵਾਲੀ ਲਾਲਟੈਣ ਹੁੰਦੀ ਸੀ ਜਿਸ ਦੀ ਵਰਤੋਂ ਵੱਡੇ-ਵੱਡੇ ਸਮਾਗਮਾਂ ਵਿਚ ਕੀਤੀ ਜਾਂਦੀ ਸੀ। ਇਸ ਵਿਚ ਲਾਏ ‘ਮੈਂਟਲ’ ਨਾਂ ਦੇ ਇਕ ਗੁਛੇ ਨੂੰ ਅੱਗ ਲਾਈ ਜਾਂਦੀ ਸੀ ਜਿਸ ਵਿਚ ਤੇਲ ਦੇ ਵਾਸ਼ਪ ਲੱਗ ਕੇ ਦੁਧੀਆ ਚਾਨਣ ਪੈਦਾ ਕਰ ਦਿੰਦੇ ਸਨ। ਬਰਾਤਾਂ ਵਿਚ ਇਹ ਗੈਸ ਆਮ ਹੀ ਜਲਾਈ ਜਾਂਦੀ ਸੀ। ਇਕ ਸਿਠਣੀ ਦੇ ਬੋਲ ਹਨ,
ਸਭ ਗੈਸ ਬੁਝਾ ਦਿਉ ਜੀ
ਕੁੜਮ ਬੈਟਰੀ ਵਰਗਾ।
ਇਸ ਗੈਸ ਦਾ ਅਸਲੀ ਨਾਂ ‘ਪੈਟਰੋਮੈਕਸ’ ਸੀ: ਪੈਟਰੋ+ਮੈਕਸ (ਗੈਟਜ਼) ਮੈਕਸ ਇਸ ਉਪਕਰਣ ਦੇ ਕਾਢੂ ਦਾ ਨਾਂ ਹੈ। ਇਸ ਨੂੰ ਗੈਸ ਇਸ ਲਈ ਕਿਹਾ ਜਾਂਦਾ ਹੈ ਕਿ ਇਸ ਵਿਚ ਪ੍ਰੈਸ਼ਰ ਨਾਲ ਮਿੱਟੀ ਦੇ ਤੇਲ ਦੀ ਗੈਸ ਬਣਾ ਕੇ ਇਸ ਨੂੰ ਬਾਲਿਆ ਜਾਂਦਾ ਸੀ।
ਅਮਰੀਕੀ ਦੇਸ਼ਾਂ ਵਿਚ ਆ ਕੇ ਆਦਮੀ ਗੈਸ ਸ਼ਬਦ ਦੀ ਤਰਲ ਵਜੋਂ ਵਰਤੋਂ ਸੁਣਦਾ ਹੈ ਤਾਂ ਇਕ ਵਾਰੀ ਤਾਂ ਹੈਰਾਨ ਰਹਿ ਜਾਂਦਾ ਹੈ। ਹੌਲੀ ਹੌਲੀ ਉਹ ਮਨ ਨੂੰ ਸਮਝਾਉਣ ਲਗਦਾ ਹੈ, ਚਲੋ ਹੋਰ ਉਲਟੀਆਂ ਸਿਧੀਆਂ ਦੀ ਤਰ੍ਹਾਂ ਇਹ ਵੀ ਅਮਰੀਕੀਆਂ ਦੀ ਇਕ ਪੁੱਠੀ ਗੱਲ ਹੋਵੇਗੀ। ਮਿਸਾਲ ਵਜੋਂ ਬੱਤੀ ਜਗਾਉਣ ਲਈ ਸਵਿੱਚ ਉਪਰ ਨੂੰ ਕਰਨਾ, ਢਿੰਬਰੀ ਟੈਟ ਕਰਨ ਲਈ ਸੱਜੇ ਦੀ ਜਗ੍ਹਾ ਖੱਬੇ ਪਾਸੇ ਨੂੰ ਫੇਰਨਾ, ਸੜਕਾਂ ‘ਤੇ ਸੱਜੇ ਤੁਰਨ ਦੇ ਨੇਮ ਆਦਿ। ਖੈਰ, ਪਟਰੌਲ ਹੋਵੇ ਜਾਂ ਗੈਸ, ਦੋਵੇਂ ਸ਼ਬਦ ਭਾਰਤੀ ਭੂਮੀ ਦੀ ਪੈਦਾਵਾਰ ਨਹੀਂ ਹਨ, ਬਰਤਾਨੀਆ ਦੇ ਅੰਗਰੇਜ਼ ਹਾਕਮਾਂ ਨੇ ਕਾਮਨਵੈਲਥ ਦੇਸ਼ਾਂ ਨੂੰ ਬਖਸ਼ੇ ਹਨ।
ਪਟਰੌਲ ਅਸਲ ਵਿਚ ‘ਪੈਟਰੋਲੀਅਮ’ ਸ਼ਬਦ ਦਾ ਦੁੰਮ-ਕਟ ਕੇ ਬਣਾਇਆ ਸ਼ਬਦ ਹੈ। ਅੰਗਰੇਜ਼ੀ ਵਿਚ ਅਨੇਕਾਂ ਦੁੰਮ-ਕਟੇ ਸ਼ਬਦ ਹਨ ਜਿਵੇਂ ਲੈਬਾਰਟਰੀ ਦਾ ਲੈਬ, ਮੈਥੇਮੈਟਿਕਸ ਦਾ ਮੈਥ, ਮੈਗਜ਼ੀਨ ਦਾ ਮੈਗ ਆਦਿ। ਪਟਰੌਲ ਭਾਵੇਂ ਪੈਟਰੋਲੀਅਮ ਦਾ ਦੁੰਮ-ਕਟਾ ਰੂਪ ਹੈ ਪਰ ਦੋਨਾਂ ਦੇ ਅਰਥ ਸੌ ਫੀਸਦੀ ਇਕ ਨਹੀਂ ਹਨ। ਪੈਟਰੋਲੀਅਮ ਧਰਤੀ ‘ਚੋਂ ਕਢਿਆ ਕੱਚਾ ਤੇਲ ਹੈ ਤੇ ਪਟਰੌਲ ਇਸ ਨੂੰ ਸਾਫ ਕਰਕੇ ਜਾਂ ਕਸ਼ੀਦ ਕੇ ਬਣਾਇਆ ਬਾਲਣ, ਜੋ ਮੋਟਰਾਂ ਆਦਿ ਚਲਾਉਣ ਵਾਲੇ ਇੰਜਣਾਂ ਵਿਚ ਵਰਤਿਆ ਜਾਂਦਾ ਹੈ। ਪਟਰੌਲ ਸ਼ਬਦ ਦੀ ਸਭ ਤੋਂ ਪਹਿਲਾਂ ਵਰਤੋਂ 1895 ਵਿਚ ਅੰਗਰੇਜ਼ੀ ਦੀ ਇਕ ਕਿਤਾਬ “ਘੋੜਾਰਹਿਤ ਗੱਡੀਆਂ” ਵਿਚ ਹੋਈ ਮਿਲਦੀ ਹੈ। ਇਸ ਨੂੰ ਫਰਾਂਸੀਸੀ ਵਿਚ eਸਸeਨਚe ਦe ਪéਟਰੋਲ ਕਿਹਾ ਜਾਂਦਾ ਸੀ। ਇਸ ਤੋਂ ਪਹਿਲਾਂ ਚੱਟਾਨਾਂ ‘ਚੋਂ ਨਿਕਲਣ ਵਾਲੇ ਕਈ ਹੋਰ ਤਰ੍ਹਾਂ ਦੇ ਤਰਲਾਂ ਦੇ ਮਿਸ਼ਰਣ ਨੂੰ ਪੈਟਰੋਲੀਅਮ ਕਿਹਾ ਜਾਂਦਾ ਸੀ। ਇਸ ਨੂੰ ਸਾਫ਼ ਕਰਕੇ ਅਤੇ ਕਸ਼ੀਦ ਕੇ ਇਸ ਵਿਚੋਂ ਪਟਰੌਲ, ਮਿੱਟੀ ਦਾ ਤੇਲ, ਡੀਜ਼ਲ ਅਤੇ ਹੋਰ ਕਈ ਖਣਿਜੀ ਤੇਲ ਹਾਸਿਲ ਕੀਤੇ ਜਾਂਦੇ ਹਨ। ਇਹ ਸ਼ਬਦ ਪੁਰਾਣੀ ਅੰਗਰੇਜ਼ੀ ਵਿਚ ਲਾਤੀਨੀ ਤੋਂ ਲਿਆ ਗਿਆ। ਲਾਤੀਨੀ ਵਿਚ ਇਸ ਦਾ ਅਰਥ ਸੀ, ਖਣਿਜੀ ਤੇਲ ਅਰਥਾਤ ਬਨਸਪਤੀ ਦੇ ਟਾਕਰੇ ‘ਤੇ ਖਾਣਾਂ ‘ਚੋਂ ਨਿਕਲਣ ਵਾਲਾ ਤੇਲ। ਇਹ ਸ਼ਬਦ ਦੋ ਜੁਜ਼ਾਂ ਤੋਂ ਬਣਿਆ ਹੈ: ਪੈਟਰਾ+ਓਲੀਅਮ। ਕਲਾਸਕੀ ਲਾਤੀਨੀ ਵਿਚ ‘ਪੈਟਰਾ’ ਦਾ ਅਰਥ ਚੱਟਾਨ, ਪੱਥਰ ਹੈ ਅਤੇ ‘ਓਲੀਅਮ’ ਦਾ ਤੇਲ। ਭਾਵ ਚੱਟਾਨਾਂ ‘ਚੋਂ ਨਿਕਲਣ ਵਾਲਾ ਤੇਲ। ਅਸੀਂ ਜਾਣਦੇ ਹਾਂ ਕਿ ਲੱਖਾਂ-ਕਰੋੜਾਂ ਸਾਲ ਪਹਿਲਾਂ ਧਰਤੀ ਦੇ ਜੀਵ ਤੇ ਬਨਸਪਤੀ ਧਰਤੀ ਹੇਠਾਂ ਦੱਬੇ ਗਏ ਸਨ। ਚੱਟਾਨਾਂ ਦੀਆਂ ਤਹਿਆਂ ਵਿਚ ਦੱਬਿਆ ਇਹ ਜੀਵ-ਮਾਦਾ ਹੌਲੀ ਹੌਲੀ ਪਥਰਾਟ ਬਣਦਾ ਗਿਆ ਤੇ ਇਸ ਦੇ ਜੈਵਿਕ ਅੰਸ਼ ਵਿਗਠਤ ਹੋ ਕੇ ਤੇਲ ਛੱਡਣ ਲੱਗ ਪਏ। ਏਹੀ ਪੈਟਰੋਲੀਅਮ ਹੈ। ਧਿਆਨ ਦਿਉ ਮਿੱਟੀ ਦੇ ਤੇਲ ਵਿਚ ਵੀ ਏਹੀ ਭਾਵ ਕੰਮ ਕਰਦਾ ਹੈ। ਫਰਕ ਇੰਨਾ ਹੈ ਕਿ ਇਥੇ ਚੱਟਾਨ ਦੀ ਥਾਂ ਮਿੱਟੀ ਸ਼ਬਦ ਹੈ। ਉਂਜ ਦੋਵੇਂ ਧਰਤੀ ਦੀਆਂ ਹੀ ਚੀਜ਼ਾਂ ਹਨ।
ਲਾਤੀਨੀ ਸ਼ਬਦ ‘ਪੈਟਰਾ’ ਹੋਰ ਅੱਗੇ ਪ੍ਰਾਚੀਨ ਗਰੀਕ ਤੋਂ ਆਇਆ ਜਿਥੇ ਇਸ ਦਾ ਰੂਪ ਤੇ ਅਰਥ ਲਾਤੀਨੀ ਵਾਲੇ ਹੀ ਹਨ। ਦਿਲਚਸਪ ਗੱਲ ਹੈ ਕਿ ਗਰੀਕ ਵਿਚ ਪੈਟਰਾ ਤੋਂ ਹੀ ਬਣੇ ‘ਪੈਟਰੌਸ’ ਸ਼ਬਦ ਦਾ ਅਰਥ ਪੱਥਰ, ਗੀਟਾ, ਰੋੜਾ ਆਦਿ ਹੈ ਜਿਸ ਨੂੰ ਚੁਕ ਕੇ ਜਾਂ ਛਡ ਕੇ ਮਾਰਿਆ ਜਾ ਸਕੇ। ਈਸਾਈਆਂ ਦਾ ਆਮ ਸੁਣੀਂਦਾ ਨਾਂ ਪੀਟਰ ਇਸੇ ਪੈਟਰਾ ਤੋਂ ਬਣਿਆ। ਫਰਾਂਸੀਸੀ ‘ਪੀਅਰੇ’ ਅਤੇ ਪੁਰਤਗੀਜ਼ ‘ਪੈਡਰੋ’ ਵੀ ਇਸੇ ਨਾਮ ਦੇ ਰੂਪਾਂਤਰ ਹਨ। ਈਸਾ ਦੇ ਬਾਰਾਂ ਰਸੂਲਾਂ ਵਿਚੋਂ ਸਾਇਮਨ ਦਾ ਉਪਨਾਮ ‘ਪੀਟਰ’ ਸੀ। ਈਸਾ ਨੇ ਸਾਇਮਨ ਨੂੰ ਪੱਥਰ ਵਰਗੇ ਦ੍ਰਿੜ ਇਰਾਦੇ ਵਾਲਾ ਤਾੜਦਿਆਂ ਉਸ ਨੂੰ ਇਹ ਉਪਨਾਮ ਦਿੱਤਾ। ਰੂਸ ਦਾ ਸ਼ਹਿਰ ਪੀਟਰਸਬਰਗ ਇਸੇ ਨਾਮ ‘ਤੇ ਹੈ। ਰੂਸੀ ਜ਼ਾਰ ਪੀਟਰ ਨੇ ਇਹ ਸ਼ਹਿਰ 1703 ਵਿਚ ਵਸਾਇਆ ਸੀ। 1914 ਵਿਚ ਇਸ ਦਾ ਨਾਂ ਬਦਲ ਕੇ ਪੀਟਰੋਗਰਾਡ ਰੱਖ ਦਿੱਤਾ ਗਿਆ ਪਰ ਬਾਅਦ ‘ਚ ਕਮਿਉਨਿਸਟਾਂ ਨੇ ਇਸ ਨੂੰ ਲੈਨਿਨਗਰਾਡ ਬਣਾ ਦਿਤਾ। ਉਲਟ ਇਨਕਲਾਬੀਆਂ ਨੇ ਪਹੀਆ ਘੁਮਾ ਕੇ ਮੁੜ ਪੀਟਰਸਬਰਗ ਕਰ ਦਿੱਤਾ। ਇਹ ਤਾਂ ਪੱਥਰਾਂ ਦੇ ਸ਼ਹਿਰ ਦਾ ਹਾਲ ਹੈ! ਅੰਗਰੇਜ਼ੀ ਸ਼ਬਦ ‘ਪੈਟਰੀਫਾਈ’ ਪਥਰਾਉਣਾ ਵੀ ਇਸੇ ਤੋਂ ਵਿਉਤਪਤ ਹੋਇਆ। ਪੈਟਰੋਲੀਅਮ ਵੇਚ ਕੇ ਕਮਾਏ ਡਾਲਰਾਂ ਨੂੰ ਪੈਟਰੋਡਾਲਰ ਕਿਹਾ ਜਾਂਦਾ ਹੈ।
ਚੱਟਾਨ ਦੇ ਅਰਥਾਂ ਵਾਲਾ ‘ਪੈਟਰਾ’ ਸ਼ਬਦ ਧੁਨੀ ਅਤੇ ਅਰਥਾਂ ਦੀ ਸਮਾਨਤਾ ਕਾਰਨ ਪੰਜਾਬੀ ‘ਪੱਥਰ’ ਸ਼ਬਦ ਦੇ ਸੁਜਾਤੀ ਹੋਣ ਦਾ ਭੁਲੇਖਾ ਪੈਦਾ ਕਰਦਾ ਹੈ ਪਰ ਮੈਂ ਇਸ ਸਬੰਧੀ ਅਜੇ ਖੋਜ ਕਰ ਰਿਹਾ ਹਾਂ, ਕੁਝ ਧੁੰਦਲਕਾ ਸਾਫ਼ ਨਹੀਂ ਹੋ ਰਿਹਾ। ਹੁਣ ਆਈਏ ‘ਓਲੀਅਮ’ ਸ਼ਬਦ ‘ਤੇ। ਇਸ ਸ਼ਬਦ ਦਾ ਅੰਗਰੇਜ਼ੀ ਵਿਚ ਰੂਪ ‘ਆਇਲ’ (ਤੇਲ) ਹੈ ਤੇ ਇਹ ਲਾਤੀਨੀ ਆਲਿਵ (ਜ਼ੈਤੂਨ) ਤੋਂ ਬਣਿਆ ਹੈ। ਅਸਲ ਵਿਚ ਪਹਿਲਾਂ ਪਹਿਲਾਂ ਜ਼ੈਤੂਨ ਤੋਂ ਬਣਦੇ ਥਿੰਦੇ ਮਾਦੇ ਨੂੰ ਹੀ ‘ਆਇਲ’ ਕਿਹਾ ਜਾਂਦਾ ਸੀ ਪਰ ਪਿਛੋਂ ਚੌਧਵੀਂ ਸਦੀ ਤੋਂ ਹਰ ਕਿਸੇ ਤੇਲ ਨੂੰ ਯੂਰਪੀ ਭਾਸ਼ਾਵਾਂ ਵਿਚ ਆਇਲ ਕਿਹਾ ਜਾਣ ਲੱਗਾ। ਸਾਡੇ ਦੇਸ਼ ਵਿਚ ਵੀ ਕੁਝ ਕੁਝ ਕਹਾਣੀ ਇਸੇ ਤਰ੍ਹਾਂ ਦੀ ਹੈ। ਸਾਡੇ ਪਹਿਲਾਂ ਪਹਿਲਾਂ ਤਿਲਾਂ ਦੇ ਤੇਲ ਨੂੰ ਹੀ ਤੇਲ ਕਿਹਾ ਜਾਂਦਾ ਸੀ ਪਰ ਬਾਅਦ ਵਿਚ ਇਸ ਦਾ ਦਾਇਰਾ ਮੋਕਲਾ ਹੋਇਆ। ਤੇਲ ਸ਼ਬਦ ਸੰਸਕ੍ਰਿਤ ਤਿਲਮ (ਤਿਲ) ਤੋਂ ਹੀ ਬਣਿਆ।
ਐਪਰ ਪਟਰੌਲ ਦੇ ਮੁਕਾਬਲੇ ਗੈਸ ਪੁਰਾਣਾ ਸ਼ਬਦ ਨਹੀਂ ਹੈ, ਸਮਝੋ 19ਵੀਂ ਸਦੀ ‘ਚ ਇਸ ਦਾ ਜਨਮ ਹੋਇਆ। ਮੂਲ ਰੂਪ ਵਿਚ ਪੂਰਾ ਸ਼ਬਦ ਗੈਸੋਲੀਨ ਹੈ। ਆਕਸਫੋਰਡ ਇੰਗਲਿਸ਼ ਡਿਕਸ਼ਨਰੀ ਅਨੁਸਾਰ ਗੈਸੋਲੀਨ ਪੈਟਰੋਲੀਅਮ ਨੂੰ ਕਸ਼ੀਦ ਕੇ ਬਣਾਇਆ ਅਜਿਹਾ ਬਾਲਣ ਹੈ ਜੋ ਗਰਮੀ ਅਤੇ ਲੋਅ ਪੈਦਾ ਕਰਨ ਲਈ ਵਰਤਿਆ ਜਾਂਦਾ ਹੈ। ਬਾਅਦ ਵਿਚ ਇਸ ਦੀ ਵਰਤੋਂ ਮੋਟਰਾਂ ਦੇ ਇੰਜਣ ਚਲਾਉਣ ਲਈ ਹੋਣ ਲੱਗੀ।
ਦਿਲਚਸਪ ਗੱਲ ਹੈ ਕਿ 1860 ਵਿਚ ਲੰਡਨ ਦੇ ਕੈਸਲੀਨ ਨਾਂ ਦੇ ਇਕ ਸੌਦਾਗਰ ਨੇ ਲੰਪ ਜਲਾਉਣ ਵਾਲੇ ਇਸ ਪਟਰੌਲ ਦਾ ਨਾਂ ਬਦਲ ਦਿੱਤਾ। ਉਸ ਨੇ ਆਪਣੇ ਨਾਂ ਤੇ ਇਸ ਦਾ ਨਾਂ ‘ਕੈਸਲੀਨ’ ਧਰ ਕੇ ਇਸ ਨੂੰ ਵੇਚਣਾ ਸ਼ੁਰੂ ਕਰ ਦਿੱਤਾ। ਉਸ ਦੇ ਮੁਕਾਬਲੇ ਇਕ ਹੋਰ ਸੌਦਾਗਰ ਨੇ ਕਾਨੂੰਨੀ ਕਾਰਵਾਈ ਤੋਂ ਡਰਦਿਆਂ ਆਪਣੇ ਉਤਪਾਦ ਨੂੰ ‘ਗੈਜ਼ਲੀਨ’ ਦੇ ਨਾਂ ਹੇਠ ਵੇਚਣਾ ਸ਼ੁਰੂ ਕਰ ਦਿੱਤਾ। ‘ਕਾਲਗੇਟ’ ਟੁਥਪੇਸਟ ਦੇ ਮੁਕਾਬਲੇ ਜਾਅਲੀ ਟੁਥਪੇਸਟ ‘ਗਾਲਕੇਟ’ ਵਿਕਦਾ ਰਿਹਾ ਹੈ।
ਅਮਰੀਕਾ ਵਿਚ ਪਟਰੌਲ ਪੰਪ ਦੀ ਥਾਂ ਗੈਸ ਸਟੇਸ਼ਨ ਸ਼ਬਦ 1920 ਤੋਂ ਸ਼ੁਰੂ ਹੋਣ ਦੇ ਰਿਕਾਰਡ ਮਿਲਦੇ ਹਨ। ਗੈਸੋਲੀਨ ਸ਼ਬਦ ਦੇ ਤਿੰਨ ਅੰਗ ਹਨ: ਗੈਸ+ਓਲ+ਈਨ। ਇਸ ਵਿਚ ਤੇਲ ਦੇ ਅਰਥਾਂ ਵਾਲੇ ‘ਓਲ’ ਸ਼ਬਦ ਦਾ ਪਟਰੌਲ ਅਧੀਨ ਜ਼ਿਕਰ ਹੋ ਚੁੱਕਾ ਹੈ। ਆਖਰੀ ‘ਈਨ’ ਅਗੇਤਰ ਰਸਾਇਣ ਵਿਗਿਆਨ ਵਿਚ ਉਸ ਉਤਪਾਦ ਦੇ ਨਾਂ ਪਿਛੇ ਲਾਇਆ ਜਾਂਦਾ ਹੈ ਜੋ ਕਿਸੇ ਹੋਰ ਪਦਾਰਥ ਵਿਚੋਂ ਕਿਸੇ ਰਸਾਇਣੀ ਕਿਰਿਆ ਨਾਲ ਬਣਾਇਆ ਜਾਵੇ ਜਿਵੇਂ ਬੈਨਜ਼ੀਨ, ਬਰੋਮੀਨ, ਕਲੋਰੀਨ ਆਦਿ।
ਗੈਸ ਸ਼ਬਦ 17ਵੀਂ ਸਦੀ ਦੇ ਅਧ ਵਿਚ ਫਲੈਮਿਸ਼ ਰਸਾਇਣ-ਵਿਗਿਆਨੀ ਹੈਲਮੌਂਟ ਨੇ ਘੜਿਆ। ਉਸ ਨੂੰ ਬੁਖਾਰ, ਵਾਸ਼ਪ, ਧੂੰਆਂ ਜਾਂ ਤੇਲ ਦੀ ਹਵਾੜ ਨਾਲੋਂ ਵੀ ਕਿਸੇ ਸੂਖਮ ਵਸਤੂ ਲਈ ਢੁਕਵਾਂ ਸ਼ਬਦ ਚਾਹੀਦਾ ਸੀ। ਉਸ ਨੇ ‘ਗੈਸ’ ਸ਼ਬਦ ਗਰੀਕ ਵਲੋਂ ਆਏ ਚਹਅੋਸ ਨੂੰ ਵਿਗਾੜ ਕੇ ਬਣਾਇਆ। ਛੇਤੀ ਹੀ ਗੈਸ ਨੇ ਠੋਸ ਤੇ ਤਰਲ ਦੇ ਮੁਕਾਬਲੇ ਮਾਦੇ ਦੀ ਤੀਜੀ ਅਵਸਥਾ ਵਾਲੇ ਅੱਜ ਵਾਲੇ ਅਰਥ ਅਖਤਿਆਰ ਕਰ ਲਏ।
ਗਰੀਕ ਸ਼ਬਦ ‘ਕੇਓਸ’ ਦਾ ਪਹਿਲਾ ਰੂਪ ‘ਖੇਓਸ’ ਸੀ ਜਿਸ ਦਾ ਅਰਥ, ਧੂੰਦੂਕਾਰਾ, ਖਿਲਾਅ ਹੁੰਦਾ ਹੈ। ਇਸ ਦਾ ਭਾਰੋਪੀ ਮੂਲ ਗਹeੁ- ਲਭਿਆ ਗਿਆ ਹੈ ਜਿਸ ਦਾ ਅਰਥ (ਮੂੰਹ ਆਦਿ ਦਾ) ਖੁਲ੍ਹਾ ਹੋਣਾ, ਅੱਡੇ ਜਾਂ ਟੱਡੇ ਹੋਣਾ, ਪਸਾਰਾ ਆਦਿ ਹੈ। ਜ਼ਰਾ ਗੌਰ ਕਰੋ, ਇਸ ਸਾਰੇ ਖਾਲੀ ਬ੍ਰਹਿਮੰਡ ਨੂੰ ਪ੍ਰਾਚੀਨ ਵਿਚ ਇਕ ਵਿਰਾਟ ਅੱਡੇ ਮੂੰਹ ਦੀ ਤਰ੍ਹਾਂ ਕਲਪਿਤ ਕੀਤਾ ਗਿਆ ਹੈ। ਬਾਈਬਲ ਵਿਚ ਇਸ ਨੂੰ ਚਹਅੋਸ ਕਿਹਾ ਗਿਆ। ਗੁਰੂ ਨਾਨਕ ਦੇਵ ਨੇ ਇਸ ਨੂੰ ‘ਧੂੰਦੂਕਾਰਾ’ ਕਿਹਾ। ਛਹਅੋਸ ਸ਼ਬਦ ਦੇ ਨਾਲ ਜੁੜਦੇ ਗਰੀਕ ਕਹਅਨੋ ਦਾ ਅਰਥ ਉਬਾਸੀ ਲੈਣਾ ਹੈ। ਉਬਾਸੀ ਮੂੰਹ ਅੱਡ ਕੇ ਲਈ ਜਾਂਦੀ ਹੈ। ਉਬਾਸੀ ਲਈ ਅੰਗਰੇਜ਼ੀ ਦਾ ਸ਼ਬਦ ੇਅੱਨ ਵੀ ਚਹਅੋਸ ਦਾ ਸਕਾ ਹੈ। ੈਅੱਨ ਦਾ ਪੁਰਾਣੀਆਂ ਜਰਮੈਨਿਕ ਭਾਸ਼ਾਵਾਂ ਵਿਚ ਗਨਿ ਜਿਹਾ ਰੂਪ ਹੁੰਦਾ ਸੀ। ਘਹeੁ- ਮੂਲ ਤੋਂ ਇਕ ਪਾਸੇ ਚਹਅੋਸ ਜਿਹੇ ਤੇ ਦੂਜੇ ਪਾਸੇ ਗਨਿ ਬਣਦੇ ਹੋਏ ੇਅੱਨ ਜਿਹੇ ਸ਼ਬਦ ਵਿਕਸਿਤ ਹੋਏ। ਦਰਅਸਲ ਮੁਖ ਭਾਵ ਖੁਲ੍ਹੇ ਮੂੰਹ ਦੀ ਤਰ੍ਹਾਂ ਇਕ ਵੱਡੇ ਖਲਾਅ ਤੋਂ ਹੈ ਜੋ ਡੁੰਮ੍ਹ ਦੀ ਤਰ੍ਹਾਂ ਅਸੀਮ ਡੂੰਘਾ ਹੈ। ਅੰਗਰੇਜ਼ੀ ਸ਼ਬਦ ਅਗਅਪe, ਗਅਪe ਅਤੇ ਗਅਪ (ਖੱਪਾ) ਵੀ ਇਸੇ ਨਾਲ ਸਬੰਧਤ ਹਨ। ਬਹੁਤ ਸਾਰੀਆਂ ਯੂਰਪੀ ਭਾਸ਼ਾਵਾਂ ਵਿਚ ਇਸ ਨਾਲ ਰਲਦੇ-ਮਿਲਦੇ ਸ਼ਬਦ ਮਿਲਦੇ ਹਨ। ਸੰਸਕ੍ਰਿਤ ਵਿਜਰਿੰਭ ਸ਼ਬਦ ਮਿਲਦਾ ਹੈ ਜਿਸ ਦਾ ਅਰਥ ਮੂੰਹ ਟੱਡਣਾ, ਉਬਾਸੀ ਲੈਣਾ: ਖੋਲ੍ਹਣਾ, ਫੈਲਾਉਣਾ, ਫੁੱਲ ਆਦਿ ਦਾ ਖਿੜਨਾ ਹੈ। ਇਹ ਸ਼ਬਦ ਵਿ+ਜਰਿੰਭ ਤੋਂ ਬਣਿਆ ਹੈ। ਹਿੰਦੀ ਵਿਚ ਜਰਿੰਭ ਤੋਂ ‘ਜਮਹਾਨਾ’, ‘ਜਮਹਾਈ’ ਸ਼ਬਦ ਮਿਲਦੇ ਹਨ ਜਿਨ੍ਹਾਂ ਵਿਚ ਉਬਾਸੀ ਲੈਣ ਦੇ ਭਾਵ ਹਨ। ਪੰਜਾਬੀ ‘ਖੱਪਾ’ ਸ਼ਬਦ ਮੈਨੂੰ ਇਸੇ ਕੜੀ ਦਾ ਲਗਦਾ ਹੈ।
Leave a Reply