ਹਿਰਸ, ਹਵਸ ਤੇ ਬਦਲਾਖੋਰੀ ਦਾ ਬੋਲਬਾਲਾ

ਦਲਜੀਤ ਅਮੀ
ਫੋਨ: +91-97811-21873
ਸਿੱਪੀ ਸਿੱਧੂ ਚੰਡੀਗੜ੍ਹ ਵਿਚ ਵਕਾਲਤ ਕਰਦਾ ਸੀ ਅਤੇ ਕੌਮੀ ਪੱਧਰੀ ਮੁਕਾਬਲਿਆਂ ਵਿਚ ਹਿੱਸਾ ਲੈਣ ਵਾਲਾ ਨਿਸ਼ਾਨੇਬਾਜ਼ ਸੀ। ਦੁਰਗਾ ਪ੍ਰਸਾਦ ਗੁਪਤਾ ਸ਼ਿਵ ਸੈਨਾ ਦਾ ਆਗੂ ਸੀ। ਚੰਦ ਕੌਰ ਨਾਮਧਾਰੀ ਫਿਰਕੇ ਦੇ ਸਾਬਕਾ ਮੁਖੀ ਦੀ ਜੀਵਨ ਸਾਥੀ ਅਤੇ ਮੌਜੂਦਾ ਮੁਖੀ ਦੀ ਤਾਈ ਸੀ। ਰਵੀ ਖ਼ਵਾਜ਼ਕੇ ਆਪਣੇ ਪਿੰਡ ਦਾ ਸਰਪੰਚ ਸੀ। ਜਸਵੀਰ ਸਿੰਘ ਪੰਜਾਬ ਪੁਲਿਸ ਵਿਚ ਮੁਲਾਜ਼ਮ ਸੀ। ਅੰਮ੍ਰਿਤਪਾਲ ਕੌਰ ਬੈਲਜ਼ੀਅਮ ਤੋਂ ਪੰਜਾਬ ਆਈ ਪਰਵਾਸੀ ਪੰਜਾਬਣ ਸੀ। ਮਹਿੰਦਰਜੀਤ ਸਿੰਘ ਤਕਰੀਬਨ ਪੰਦਰਾਂ ਸਾਲਾਂ ਤੋਂ ਅਮਰੀਕਾ ਵਿਚ ਰਹਿੰਦਾ ਸੀ ਅਤੇ ਹੁਣ ਪਹਿਲੀ ਵਾਰ ਪੰਜਾਬ ਆਇਆ ਸੀ।

ਇਨ੍ਹਾਂ ਸਾਰਿਆਂ ਦਾ ਆਪਸ ਵਿਚ ਕੋਈ ਰਾਬਤਾ ਨਹੀਂ ਸੀ। ਇਹ ਫਹਿਰਿਸਤ ਹੋਰ ਲੰਮੀ ਹੋ ਸਕਦੀ ਹੈ। ਇਨ੍ਹਾਂ ਵਿਚ ਤਕਰੀਬਨ ਹਰ ਉਮਰ ਅਤੇ ਤਬਕੇ ਦੇ ਲੋਕਾਂ ਦੇ ਨਾਮ ਸ਼ਾਮਿਲ ਹਨ। ਇਨ੍ਹਾਂ ਦੇ ਕਤਲਾਂ ਦਾ ਸਮਾਂ ਤਕਰੀਬਨ ਚਾਰ ਸਾਲ ਦਰਮਿਆਨ ਅਤੇ ਸਥਾਨ ਪੰਜਾਬ ਹੈ। ਹਰ ਕਤਲ ਦੀ ਆਪਣੀ ਕਹਾਣੀ ਹੈ। ਪੁਲਿਸ ਦੀ ਮਿਸਲਾਂ ਵਿਚ ਇਨ੍ਹਾਂ ਕਤਲਾਂ ਨਾਲ ਜੁੜੀ ਪੇਚੀਦਗੀ ਦਰਜ ਹੈ। ਇਨ੍ਹਾਂ ਕਤਲਾਂ ਪਿੱਛੇ ਨਾਕਾਮਯਾਬ ਇਸ਼ਕ ਦੀਆਂ ਕਹਾਣੀਆਂ ਹਨ; ਜਾਇਦਾਦ, ਕਾਰੋਬਾਰ ਤੇ ਅਹੁਦਿਆਂ ਦੇ ਝਗੜੇ ਹਨ, ਸਿਆਸੀ ਸ਼ਰੀਕਾ ਹੈ, ਪਿਤਾਪੁਰਖ਼ੀ ਨਾਫ਼ਰਮਾਨੀ ਹੈ। ਸਮਾਜ ਸ਼ਾਸਤਰੀ ਜ਼ਿਆਦਾ ਮੁਸ਼ੱਕਤ ਕੀਤੇ ਵਗੈਰ ਇਨ੍ਹਾਂ ਕਤਲਾਂ ਦੀ ਜਾਤੀ ਅਤੇ ਜਮਾਤੀ ਪੜਚੋਲ ਕਰ ਸਕਦੇ ਹਨ।
ਇਨ੍ਹਾਂ ਸਾਰੇ ਕਤਲਾਂ ਦੇ ਮਾਮਲੇ ਹਮੇਸ਼ਾ ਇਕੱਲੇ-ਇਕੱਲੇ ਚਰਚਾ ਵਿਚ ਆਉਂਦੇ ਹਨ। ਜ਼ਿਆਦਾਤਰ ਚਰਚਾ ਕਤਲ ਦੇ ਕਾਰਨਾਂ ਅਤੇ ਕਰਵਾਉਣ ਵਾਲਿਆਂ/ਵਾਲੀਆਂ ਜਾਂ ਪੁਲਿਸ ਕਾਰਵਾਈ ਤੱਕ ਮਹਿਦੂਦ ਰਹਿੰਦੀ ਹੈ। ਇਸ ਚਰਚਾ ਦੀ ਆਪਣੀ ਅਹਿਮੀਅਤ ਹੈ। ਇਸ ਤੋਂ ਬਿਨਾਂ ਇਨਸਾਫ਼ ਦਾ ਤਕਾਜ਼ਾ ਪੂਰਾ ਨਹੀਂ ਹੁੰਦੀ ਹੈ ਅਤੇ ਕਾਨੂੰਨੀ ਕਾਰਵਾਈ ਅੱਗੇ ਨਹੀਂ ਤੁਰਦੀ। ਜ਼ਿਆਦਾਤਰ ਮਾਮਲਿਆਂ ਵਿਚ ਕਾਤਲ ਅਣਪਛਾਤੇ ਨੌਜਵਾਨ ਮੁੰਡੇ ਹਨ। ਕਤਲ ਦੀ ਸਾਜ਼ਿਸ਼ ਕਰਨ ਦੇ ਨਾਲ-ਨਾਲ ਅੰਜ਼ਾਮ ਦੇਣ ਵਿਚ ਕੁੜੀਆਂ ਗ਼ੈਰ-ਹਾਜ਼ਰ ਨਹੀਂ ਹਨ। ਤਕਰੀਬਨ ਸਾਰੇ ਮਾਮਲਿਆਂ ਵਿਚ ਮਕਤੂਲ ਜਾਂ ਮਕਤੂਲਾ ਨੂੰ ਨੇੜਿਓਂ ਗੋਲੀ ਮਾਰੀ ਗਈ ਹੈ ਅਤੇ ਕਾਤਲ ਫਰਾਰ ਹੋਣ ਵਿਚ ਕਾਮਯਾਬ ਹੋਏ ਹਨ। ਜ਼ਿਆਦਾਤਰ ਕਤਲਾਂ ਵਿਚ ਕਾਤਲਾਂ ਨੇ ਸਾਹਮਣੇ ਜਾਂ ਵੱਖੀ ਤੋਂ ਸਿਰ ਅਤੇ ਛਾਤੀ ਵਿਚ ਗੋਲੀਆਂ ਮਾਰੀਆਂ। ਕੁਝ ਮਾਮਲਿਆਂ ਵਿਚ ਕਾਤਲਾਂ ਦੀ ਕਾਰਵਾਈ ਜਾਂ ਸ਼ਨਾਖ਼ਤ ਕੈਮਰਿਆਂ ਵਿਚ ਦਰਜ ਹੋਈ ਹੈ। ਇਨ੍ਹਾਂ ਦੀ ਘਾਤਕ ਮਾਰ ਦਾ ਅੰਦਾਜ਼ਾ ਪੋਸਟਮਾਰਟਮ ਰਪਟਾਂ ਤੋਂ ਹੁੰਦਾ ਹੈ। ਜਿੱਥੇ ਸਿਰ ਜਾਂ ਹਿੱਕ ਵਿਚ ਇੱਕ ਜਾਂ ਦੋ ਗੋਲੀਆਂ ਮਾਰੀਆਂ ਗਈਆਂ ਹਨ, ਉਥੇ ਕਈ ਲਾਸ਼ਾਂ ਵਿਚ ਅੱਧੀ ਦਰਜਨ ਤੋਂ ਵੱਧ ਗੋਲੀਆਂ ਲੱਕ ਤੋਂ ਉਪਰਲੇ ਹਿੱਸੇ ਵਿਚੋਂ ਕੱਢੀਆਂ ਗਈਆਂ। ਪੁਲਿਸ ਨੇ ਕਈ ਕਾਤਲਾਂ ਦੇ ਹੁਲੀਏ ਨਸ਼ਰ ਕੀਤੇ ਹਨ। ਜ਼ਿਆਦਾਤਰ ਕਾਤਲ ਵੀਹ ਤੋਂ ਤੀਹ ਸਾਲ ਦੇ ਸਿਹਤਮੰਦ ਮੁੰਡੇ ਹਨ ਜਿਨ੍ਹਾਂ ਦੀ ਫੁਰਤੀ ਅਤੇ ਬੇਕਿਰਕੀ ਕੈਮਰਿਆਂ ਤੋਂ ਲੈ ਕੇ ਪੁਲਿਸ ਦੀ ਮਿਸਲਾਂ ਵਿਚ ਦਰਜ ਹੈ। ਪੁਲਿਸ ਦੀਆਂ ਮਿਸਲਾਂ ਵਿਚ ਇਨ੍ਹਾਂ ਦੇ ਮਾਰੂ ਹਥਿਆਰਾਂ ਦੀਆਂ ਤਫ਼ਸੀਲਾਂ ਦਰਜ ਹਨ।
ਇਨ੍ਹਾਂ ਕਤਲਾਂ ਦੀਆਂ ਕਹਾਣੀਆਂ ਵਿਚ ਭਾਵੇਂ ਜਿੰਨੀ ਵੰਨ-ਸਵੰਨਤਾ ਹੋਵੇ, ਪਰ ਕਾਤਲਾਂ ਅਤੇ ਕਤਲ ਦੇ ਤਰੀਕਿਆਂ ਵਿਚ ਕਈ ਤੰਦਾਂ ਸਾਂਝੀਆਂ ਹਨ। ਇਨ੍ਹਾਂ ਕਤਲਾਂ ਦੀ ਗੁੱਥੀ ਸੁਲਝਾਉਣ ਲਈ ਹਰ ਕਹਾਣੀ ਦੀ ਅਹਿਮੀਅਤ ਹੈ। ਇਹ ਸਾਰੇ ਕਤਲ ਪੰਜਾਬ ਦੀ ਧਰਤੀ ਉਤੇ ਹੋਏ ਹਨ ਅਤੇ ਪੰਜਾਬੀਆਂ ਦੇ ਹੋਏ ਹਨ। ਇਸ ਲਈ ਪੰਜਾਬ ਵਿਚ ਇਨ੍ਹਾਂ ਕਤਲਾਂ ਨੂੰ ਇੱਕ ਰੁਝਾਨ ਦੀ ਕੜੀ ਵਜੋਂ ਵੀ ਵੇਖਿਆ ਜਾਣਾ ਬਣਦਾ ਹੈ। ਉਂਝ ਇਹ ਰੁਝਾਨ ਸਿਰਫ਼ ਪੰਜਾਬ ਦੀ ਧਰਤੀ ਜਾਂ ਪੰਜਾਬੀਆਂ ਤੱਕ ਮਹਿਦੂਦ ਨਹੀਂ ਹੈ। ਇਸ ਲੇਖ ਦਾ ਬੁਨਿਆਦੀ ਸੁਆਲ ਪੂਰਬੀ ਪੰਜਾਬ ਦੀ ਧਰਤੀ ਤੱਕ ਮਹਿਦੂਦ ਹੈ। ਇਸ ਰੁਝਾਨ ਦੀ ਪੜਚੋਲ ਵਿਚ ਦੋ ਸੁਆਲ ਅਹਿਮ ਹਨ। ਇਹ ਮੁੰਡੇ ਕੌਣ ਹਨ ਜੋ ਬੇਕਿਰਕੀ ਨਾਲ ਕਤਲ ਕਰਦੇ ਹਨ? ਇਨ੍ਹਾਂ ਦੇ ਹੱਥਾਂ ਵਿਚ ਅਸਲਾ ਕਿੱਥੋਂ ਆਇਆ ਹੈ?
ਪਿਛਲੇ ਦਿਨਾਂ ਦੌਰਾਨ ਅਖ਼ਬਾਰਾਂ ਵਿਚ ਪੰਜਾਬ ਦੇ ਲਾਈਸੰਸੀ ਹਥਿਆਰਾਂ ਦੀਆਂ ਤਫ਼ਸੀਲਾਂ ਛਪੀਆਂ ਸਨ। ਪੰਜਾਬ ਵਿਚ ਹਥਿਆਰਾਂ ਦੀ ਵਧ ਰਹੀ ਗਿਣਤੀ ਉਤੇ ਚਿੰਤਾ ਜ਼ਾਹਿਰ ਕੀਤੀ ਗਈ ਸੀ। ਕਤਲਾਂ ਦਾ ਚਰਚਾ ਵਿਚ ਆਇਆ ਰੁਝਾਨ ਲਾਈਸੰਸੀ ਹਥਿਆਰਾਂ ਉਤੇ ਟੇਕ ਨਹੀਂ ਰੱਖਦਾ। ਇਹ ਕਤਲ ਅਚਾਨਕ ਹੋਈ ਲੜਾਈ ਵਿਚ ਤੱਤੇਘਾਹ ਨਹੀਂ ਹੋਏ। ਇਹ ਮਿੱਥ ਕੇ ਘਾਤ ਲਗਾ ਕੇ ਕੀਤੇ ਗਏ ਹਨ। ਇਨ੍ਹਾਂ ਵਿਚ ਵਰਤਿਆ ਗਿਆ ਅਸਲਾ ਲਾਈਸੰਸੀ ਨਹੀਂ ਹੈ, ਪਰ ਇਹ ਦੇਸੀ ਕੱਟੇ ਵੀ ਨਹੀਂ ਹਨ। ਇਹ ਮਿਆਰੀ ਮਾਅਰਕੇ ਵਾਲਾ ਜਾਂ ਵਿਦੇਸ਼ੀ ਅਸਲਾ ਹੈ। ਬਿਨਾਂ ਸ਼ੱਕ ਇਹ ਸਸਤਾ ਅਸਲਾ ਨਹੀਂ ਹੋ ਸਕਦਾ ਅਤੇ ਨਾ ਹੀ ਥੋਕ ਜਾਂ ਪਰਚੂਨ ਵਾਲੀ ਦੁਕਾਨ ਤੋਂ ਮਿਲ ਸਕਦਾ ਹੈ। ਇਹ ਅਸਲਾ ਆਇਆ ਕਿੱਥੋਂ ਹੈ? ਇਨ੍ਹਾਂ ਕਾਤਲਾਂ ਦੇ ਹੁਲੀਏ ਵਿਚ ਇੱਕ ਨਕਸ਼ ਸੁੱਖਾ ਕਾਹਲਵਾਂ ਦੇ ਉਭਰਦੇ ਹਨ। ਸੁੱਖੇ ਦਾ ਪਿਛਲੇ ਸਾਲ ਪੁਲਿਸ ਹਿਰਾਸਤ ਵਿਚ ਕਤਲ ਹੋਇਆ ਸੀ। ਉਸ ਨੂੰ ਪੁਲਿਸ ਦੀਆਂ ਗੱਡੀਆਂ ਘੇਰ ਨੇ ਜਰਨੈਲੀ ਸੜਕ ਉਤੇ ਦਿਨ ਦਿਹਾੜੇ ਗੋਲੀਆਂ ਮਾਰੀਆਂ ਗਈਆਂ ਸਨ। ਕਾਤਲਾਂ ਨੇ ਕਤਲ ਤੋਂ ਬਾਅਦ ਸੜਕ ਉਤੇ ਭੰਗੜਾ ਪਾਇਆ ਸੀ ਅਤੇ ਪੁਲਿਸ ਦੇ ਹਥਿਆਰ ਚੁੱਕ ਕੇ ਭੱਜ ਗਏ ਹਨ। ਕਾਤਲਾਂ ਨੇ ਕੁਝ ਦੂਰ ਜਾ ਕੇ ਪੁਲਿਸ ਦੇ ਹਥਿਆਰ ਸੁੱਟ ਦਿੱਤੇ ਸਨ। ਜਦੋਂ ਨਾਜਾਇਜ਼ ਅਸਲੇ ਨਾਲ ਕਤਲ ਕਰਨ ਵਾਲੇ ਪੁਲਿਸ ਦੇ ਹਥਿਆਰ ਸੁੱਟ ਜਾਂਦੇ ਹਨ ਤਾਂ ਇਸ ਨੂੰ ਕਿਵੇਂ ਸਮਝਿਆ ਜਾਵੇ? ਇਸ ਦਾ ਇੱਕ ਮਤਲਬ ਤਾਂ ਇਹੋ ਬਣਦਾ ਹੈ ਕਿ ਉਨ੍ਹਾਂ ਕੋਲ ਬਿਹਤਰ ਹਥਿਆਰ ਹਨ ਅਤੇ ਅਸਲੇ ਦੀ ਕੋਈ ਘਾਟ ਨਹੀਂ ਹੈ।
ਹਰ ਕਤਲ ਤੋਂ ਬਾਅਦ ਦੋ ਤਫ਼ਸੀਲਾਂ ਨਸ਼ਰ ਹੁੰਦੀਆਂ ਹਨ। ਕਤਲ ਕਿਸ ਨੇ ਤੇ ਕਿਉਂ ਕਰਵਾਇਆ? ਕਤਲ ਕਿਸ ਨੇ ਕੀਤਾ? ਹਰ ਵਾਰ ਕਈ ਕਾਤਲ ਢਾਣੀਆਂ ਦੇ ਨਾਮ ਆਉਂਦੇ ਹਨ ਜੋ ਭਾੜੇ ਉਤੇ ਕਤਲ ਕਰਦੀਆਂ ਹਨ। ਇਨ੍ਹਾਂ ਕਾਤਲ ਢਾਣੀਆਂ ਦੀਆਂ ਆਪਸੀ ਲੜਾਈਆਂ ਅਤੇ ਕਾਰੋਬਾਰੀ ਸਾਂਝ ਦੀਆਂ ਕਹਾਣੀਆਂ ਨਸ਼ਰ ਹੁੰਦੀਆਂ ਰਹਿੰਦੀਆਂ ਹਨ। ਪੁਲਿਸ ਦੀਆਂ ਦਾਅਵੇਦਾਰੀਆਂ ਮੁਤਾਬਕ ਇਨ੍ਹਾਂ ਕਾਤਲ ਢਾਣੀਆਂ ਵਿਚ ਸਰਗਰਮ ਜੀਆਂ ਦੀ ਗਿਣਤੀ ਚਾਰ ਹਿੰਦਸਿਆਂ ਤੱਕ ਪਹੁੰਚਦੀ ਹੈ। ਜਿਸ ਤਰ੍ਹਾਂ ਇਹ ਕਤਲ ਕੀਤੇ ਗਏ ਹਨ, ਉਸ ਤੋਂ ਇਨ੍ਹਾਂ ਕਾਤਲ ਢਾਣੀਆਂ ਦਾ ਘੇਰੇ ਦਾ ਧੁੰਦਲਾ ਜਿਹਾ ਨਕਸ਼ਾ ਉਭਰਦਾ ਹੈ। ਇਨ੍ਹਾਂ ਢਾਣੀਆਂ ਦੀ ਪਹੁੰਚ ਹਰ ਇਲਾਕੇ ਅਤੇ ਹਰ ਤਬਕੇ ਤੱਕ ਹੈ। ਕੁਝ ਗ੍ਰਿਫ਼ਤਾਰੀਆਂ ਤੋਂ ਅੰਦਾਜ਼ਾ ਲੱਗਦਾ ਹੈ ਕਿ ਇਨ੍ਹਾਂ ਦੀ ਭਰਤੀ ਵਿਚ ਹਰ ਇਲਾਕੇ ਅਤੇ ਹਰ ਤਬਕੇ ਦੇ ਮੁੰਡੇ-ਕੁੜੀਆਂ ਸ਼ਾਮਿਲ ਹਨ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਕਾਰੋਬਾਰ ਸਿਰਫ਼ ਕਤਲ ਅੰਜਾਮ ਦੇਣ ਵਾਲਿਆਂ ਰਾਹੀਂ ਨਹੀਂ ਚੱਲਦਾ। ਇਸ ਕਾਰੋਬਾਰ ਅੰਦਰ ਭਰਤੀ ਕਰਨ ਤੋਂ ਲੈ ਕੇ ਗਾਹਕ ਲੱਭਣ ਦਾ ਕੋਈ ਤਾਲਮੇਲ ਹੈ। ਸੌਦੇ ਕਰਨ ਤੋਂ ਅੰਜਾਮ ਦੇਣ ਅਤੇ ਤੈਅ ਰਕਮ ਦੀਆਂ ਜ਼ਾਮਨੀਆਂ ਭਰਨ ਜਾਂ ਵਸੂਲ ਕਰਨ ਦਾ ਤਾਣਾ-ਬਾਣਾ ਹੈ। ਇਸ ਕਾਰੋਬਾਰ ਵਿਚ ਇੱਕ ਬੰਦੇ ਦਾ ਦੂਜੇ ਨਾਲ ਰਾਬਤੇ ਭਾਵੇਂ ਕਿੰਨਾ ਵੀ Ḕਟਕਾ ਦੇਣ ਅਤੇ ਗਜ਼ ਪੜਵਾਉਣ’ ਵਰਗਾ ਕੋਰਾ-ਕਰਾਰਾ ਹੋਵੇ, ਪਰ ਇਹ ਸੌਦਾ ਕਿਤੇ ਤਾਂ ਹੋਵੇਗਾ ਅਤੇ ਕੋਈ ਤਾਂ ਦੋ ਕੜੀਆਂ ਨੂੰ ਆਪਸ ਵਿਚ ਜੋੜੇਗਾ! ਕੋਈ ਤਾਂ Ḕਲੋੜਵੰਦ’ ਨੂੰ Ḕਸੇਵਾਦਾਰ’ ਨਾਲ ਜੋੜੇਗਾ!
ਪੰਜਾਬ ਵਿਚ ਹਰ ਹਫ਼ਤੇ ਕੋਈ ਨਾ ਕੋਈ ਖ਼ਬਰ ਆਉਂਦੀ ਹੈ ਜਦੋਂ ਨੌਜਵਾਨਾਂ ਵਿਚ ਕਿਤੇ ਨਾ ਕਿਤੇ ਗੋਲੀ ਚੱਲਦੀ ਹੈ। ਇਹ ਗੋਲੀਆਂ ਵਿਦਿਅਕ ਅਦਾਰਿਆਂ ਵਿਚ ਵਿਦਿਆਰਥੀ ਵੀ ਚਲਾਉਂਦੇ ਹਨ। ਇਸ ਤਰ੍ਹਾਂ ਗੋਲੀ ਚਲਾਉਣ ਦੀ ਸੱਜਰੀ ਮਿਸਾਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਹੈ। ਪੰਜਾਬ ਯੂਨੀਵਰਸਿਟੀ ਦੇ ਸਭ ਤੋਂ ਭੀੜ ਵਾਲੇ ਇਲਾਕੇ ਵਿਚ (ਸਟੂਡੈਂਟ ਸੈਂਟਰ ਤੋਂ ਲਾਇਬਰੇਰੀ ਵਿਚਕਾਰ) ਦੋ ਧੜਿਆਂ ਵਿਚ ਗੋਲੀ ਚੱਲੀ। ਖ਼ਬਰ ਸਿਰਫ਼ ਜ਼ਖ਼ਮੀ ਦੀਆਂ ਸੱਟਾਂ ਤੱਕ ਮਹਿਦੂਦ ਰਹੀ। ਜੇ ਇਹ ਗੋਲੀ ਚੱਲਣ ਦੇ ਕਾਰਨਾਂ ਜਾਂ ਮਾਮਲੇ ਦੀ ਤਫ਼ਸੀਲ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਵੇ ਤਾਂ ਇਸ ਦੇ ਕੀ ਮਾਅਨੇ ਹਨ? ਕੀ ਇਹ ਗੋਲੀਬਾਰੀ ਸਭਿਆਚਾਰ ਦਾ ਇਸ਼ਤਿਹਾਰ ਨਹੀਂ ਹੈ ਜੋ ਸਭ ਤੋਂ ਪ੍ਰਭਾਵ ਕਬੂਲ ਕਰਨ ਵਾਲੀ ਉਮਰ ਵਿਚੋਂ ਗੁਜ਼ਰਦੇ ਵਿਦਿਆਰਥੀਆਂ ਵਿਚਕਾਰ ਕੀਤਾ ਜਾ ਰਿਹਾ ਹੈ? ਕੀ ਇਹ ਭਰਤੀ ਕਰਨ ਜਾਂ ਗਾਹਕ ਲੱਭਣ ਦੀ ਮਸ਼ਕ ਨਹੀਂ ਹੈ?
ਇਹ ਦੋਵੇਂ ਸੁਆਲ ਮੁਕੰਮਲ ਰੂਪ ਵਿਚ ਬੇਮਾਅਨੇ ਜਾਪ ਸਕਦੇ ਹਨ, ਪਰ ਸਮਾਜ ਵਿਚ ਅਜਿਹੀ ਸਰਗਰਮੀ ਨੂੰ ਨਜ਼ਰਅੰਦਾਜ਼ ਕਿਵੇਂ ਕੀਤਾ ਜਾ ਸਕਦਾ ਹੈ? ਜਦੋਂ ਸਮਾਜ ਨੂੰ ਖ਼ੌਫ਼ਜ਼ਦਾ ਕਰਨ ਵਾਲਾ ਇਹ ਰੁਝਾਨ ਪਸ਼ੂ ਬਿਰਤੀ ਨੂੰ ਉਕਸਾ ਰਿਹਾ ਹੈ ਤਾਂ ਸਿਆਸਤਦਾਨ, ਇੰਤਜਾਮੀਆ, ਪੱਤਰਕਾਰ, ਵਿਦਵਾਨ ਅਤੇ ਸਮਾਜਿਕ ਕਾਰਕੁਨ ਇਸ ਨੂੰ ਵਿਅਕਤੀਗਤ ਕਲੇਸ਼ਾਂ ਵਿਚੋਂ ਕਿਉਂ ਸਮਝਦੇ ਹਨ? ਕੀ ਸਮਾਜ ਦਾ ਕੋਈ ਮਹਿਰੂਮ ਤਬਕਾ ਇਸ ਰੁਝਾਨ ਰਾਹੀਂ ਇਨਸਾਫ਼ ਹਾਸਲ ਕਰ ਰਿਹਾ ਹੈ? ਕੀ ਸਮਾਜ ਦਾ ਕੋਈ ਮਹਿਰੂਮ ਤਬਕਾ ਨਿਜ਼ਾਮ ਅਤੇ ਸਰਕਾਰ ਤੋਂ ਅਵਾਜ਼ਾਰ ਹੋ ਕੇ ਭਾੜੇ ਦੇ ਕਾਤਲਾਂ ਦਾ ਸਹਾਰਾ ਲੈ ਰਿਹਾ ਹੈ? ਹੁਣ ਤੱਕ ਅਖ਼ਬਾਰਾਂ ਜਾਂ ਟੈਲੀਵਿਜ਼ਨ ਉਤੇ ਨਸ਼ਰ ਹੋਏ ਮਾਮਲਿਆਂ ਤੋਂ ਸਪਸ਼ਟ ਹੈ ਕਿ ਹਿਰਸ, ਹਵਸ ਅਤੇ ਬਦਲਾਖ਼ੋਰੀ ਦੀ ਜ਼ਮੀਨ ਉਤੇ ਭਾੜੇ ਦੇ ਕਾਤਲਾਂ ਨੂੰ ਰੋਜ਼ਗਾਰ ਮਿਲਿਆ ਹੈ। ਜੇ ਇਹ ਕਾਰੋਬਾਰ ਸਿਆਸੀ ਸਰਪ੍ਰਸਤੀ ਨਾਲ ਚੱਲ ਰਿਹਾ ਹੈ ਤਾਂ ਇਹ ਇਹ ਪੰਜਾਬੀ ਦਿਆਨਤਦਾਰ ਬੰਦੇ ਦੀ ਨਾਕਾਮਯਾਬੀ ਨੂੰ ਵੀ ਉਘਾੜਦਾ ਹੈ।
ਸਿਆਸਤਦਾਨਾਂ ਅਤੇ ਇੰਤਜਾਮੀਆ ਨੇ ਪੰਜਾਬੀ ਮੁੰਡਿਆਂ ਦੀ ਬੇਚੈਨੀ ਨੂੰ ਆਪਣੀ ਹਰ ਤਰ੍ਹਾਂ ਦੀ ਹਵਸ ਦੀ ਪੂਰਤੀ ਲਈ ਵਰਤਿਆ ਅਤੇ ਅਗਾਂਹ ਇਨ੍ਹਾਂ ਨੂੰ ਹਵਸ ਦੀਆਂ ਪਰਚੂਨ ਦੁਕਾਨਾਂ ਚਲਾਉਣ ਲਈ ਬੇਮੁਹਾਰ ਕਰ ਦਿੱਤਾ ਹੈ। ਇਸ ਰੁਝਾਨ ਦਾ ਦੂਜਾ ਪਾਸਾ ਸਾਹਿਤਕ, ਸਮਾਜਿਕ, ਧਾਰਮਿਕ ਅਤੇ ਵਿਦਵਾਨੀ ਅਦਾਰਿਆਂ ਨਾਲ ਜੁੜਦਾ ਹੈ। ਇਨ੍ਹਾਂ ਅਦਾਰਿਆਂ ਨੇ ਆਪਣੀਆਂ ਤਰੱਕੀਆਂ, ਨੌਕਰੀਆਂ, ਵਜ਼ੀਫ਼ਿਆਂ ਅਤੇ ਇਨਾਮਾਂ ਸਨਮਾਨਾਂ ਲਈ ਆਵਾਮ ਅਤੇ ਨਿਜ਼ਾਮ ਵਿਚੋਂ ਆਪਣੀ ਧਿਰ ਦੀ ਚੋਣ ਕੀਤੀ ਹੈ। ਦੰਦਾਂ ਦਾ ਸਸਤਾ ਇਲਾਜ ਕਰਵਾਉਣ ਆਏ ਪਰਵਾਸੀ ਪੰਜਾਬੀਆਂ ਲਈ ਸ਼ਰੀਕਾਂ ਨਾਲ ਹਿਸਾਬ ਬਰਾਬਰ ਕਰਨ ਦੀਆਂ ਸਸਤੀਆਂ ਦੁਕਾਨਾਂ ਪੰਜਾਬ ਵਿਚ ਚੱਲ ਪਈਆਂ ਹਨ। ਇਨ੍ਹਾਂ ਹਾਲਾਤ ਵਿਚ ਪੰਜਾਬ ਦੇ ਅਨਾਥ ਮੁੰਡੇ-ਕੁੜੀਆਂ ਪਸ਼ੂ ਬਿਰਤੀ ਵਿਚੋਂ ਆਪਣੀ ਬੇਚੈਨੀ ਦਾ ਹੱਲ ਲੱਭ ਰਹੇ ਹਨ ਤਾਂ ਕੋਈ ਬਜ਼ੁਰਗ, ਅਪਾਹਜ, ਜਾਇਦਾਦ ਅਤੇ ਬੱਚਾ ਮਹਿਫ਼ੂਜ਼ ਨਹੀਂ ਹੈ। ਹਰ ਅਹਿਸਾਸ ਕਿਸੇ ਠੇਸ ਨੂੰ ਸੱਦਾ ਦੇਣ ਦਾ ਸਬੱਬ ਬਣ ਰਿਹਾ ਹੈæææ। ਜਦੋਂ ਕੁਝ ਵੀ ਮਹਿਫ਼ੂਜ਼ ਨਹੀਂ ਹੈ ਤਾਂ ਆਖ਼ਰੀ ਸੁਆਲ ਵਜੋਂ ਇਹ ਪੁੱਛਿਆ ਜਾ ਸਕਦਾ ਹੈ ਕਿ ਹਿਰਸ, ਹਵਸ ਅਤੇ ਬਦਲਾਖ਼ੋਰੀ ਦਾ ਬੋਲਬਾਲਾ ਮੌਜੂਦਾ ਨਿਜ਼ਾਮ ਅਤੇ ਸਰਕਾਰ ਦੇ ਖ਼ਾਸੇ ਨਾਲ ਮੇਲ ਕਿਉਂ ਖਾਂਦਾ ਜਾਪਦਾ ਹੈ? -0-