ਡਾæ ਗੁਰਬਖ਼ਸ਼ ਸਿੰਘ ਭੰਡਾਲ
ਫੋਨ: 216-556-2080
ਐ ਮਨੁੱਖ! ਮੈਂ ਧਰਤ-ਮਾਤਾ, ਧਰਮ-ਪਾਲਣਹਾਰੀ। ਜੀਵ-ਸੰਸਾਰ ਦੀ ਆਧਾਰਸ਼ਿਲਾ। ਅੰਨ ਪਾਣੀ ਦਾ ਸਾਧਨ ਤੇ ਰੈਣ-ਬਸੇਰਾ। ਵਸਤ-ਭੰਡਾਰ ਤੇ ਰਹਿਮਤਾਂ ਦੀ ਦਾਤਾਰ। ਬਖਸ਼ਿਸਾਂ ਦੀ ਬਹਾਰ। ਬਰਕਤਾਂ ਦੀ ਆਬਸ਼ਾਰ। ਜੀਵਨ-ਧਰਾਤਲ ਨਾਲ ਜੁੜਿਆ ਬੰਦਿਆਈ-ਵਿਚਾਰ।
ਮੇਰੀ ਹਿੱਕ ‘ਤੇ ਮੌਲਦੀ ਬਨਸਪਤੀ, ਬਿਰਖਾਂ ਦੀਆਂ ਪਾਲਾਂ, ਅੰਬਰ ਜੂਹ ‘ਚ ਆਲ੍ਹਣਾ ਪਾਈ ਬੈਠੇ ਪੰਛੀ, ਖਿਲਾਰੀ ਹੋਈ ਚੋਗ ਭਾਲਦੇ ਬੋਟ, ਦੋਧਿਆਂ ਨੂੰ ਠੂੰਗੇ ਮਾਰਦੇ ਜਨੌਰ। ਸਭ ਦੀ ਉਪਜੀਵਕਾ ਲਈ ਫੈਲੀ ਝੋਲ ਅਤੇ ਤਲੀਆਂ ‘ਤੇ ਚੋਗ ਚੁਗਾਉਣ ਦਾ ਸਕੂਨ, ਮੇਰਾ ਹਾਸਲ।
ਮੇਰੀ ਕੁਦਰਤੀ ਸੁੰਦਰਤਾ ਦਾ ਨਹੀਂ ਕੋਈ ਸਾਨੀ। ਧਰਤ ਦਾ ਹਰ ਜੀਵ ਹੈ ਫਾਨੀ ਪਰ ਚਿਰੰਜੀਵ ਰਹੇਗੀ ਮੇਰੀ ਦਾਨਾਈ ਭਰਪੂਰ ਧਰਤ-ਕਹਾਣੀ।
ਅੰਬਰਾਂ ਨੂੰ ਹੱਥ ਲਾਉਂਦੇ ਹਿੱਕੜੀ-ਰੂਪ ਪਹਾੜ, ਪਿੰਡੇ ‘ਤੇ ਕਲਾ-ਨਿਕਾਸ਼ੀ ਕਰਦੇ ਦਰਿਆ, ਨਗਰਾਂ-ਸਭਿਅਤਾਵਾਂ ਦਾ ਰੌਣਕ-ਮੇਲਾ, ਜੰਗਲਾਂ ਦਾ ਹਰਿਆਵਲ-ਕੱਜਣ ਅਤੇ ਫੁੱਲਾਂ ਭਰੀਆਂ ਚੰਗੇਰਾਂ, ਮੇਰਾ ਮਾਣ। ਕੁਦਰਤੀ ਹੁਸਨ, ਸੁਹੱਪਣ, ਸਾਦਗੀ ਅਤੇ ਸਦੀਵਤਾ ਨਾਲ ਮਾਲਾ-ਮਾਲ ਹੋਈ, ਮੈਂ ਹਰੇਕ ਦੇ ਪੈਰਾਂ ਵਿਚ ਵਿੱਛ-ਵਿੱਛ ਜਾਂਦੀ।
ਮੇਰੇ ਪਿੰਡੇ ‘ਤੇ ਮਨੁੱਖ ਨੇ ਮਹਿਲ-ਮੁਨਾਰੇ ਉਸਾਰੇ, ਉਦਯੋਗਿਕ ਕ੍ਰਾਂਤੀ ਨੇ ਮੇਰੇ ਜਿਸਮ ਨੂੰ ਕੰਕਰੀਟ ਤੇ ਧਾਤਾਂ ਨਾਲ ਜਖਮੀ ਕੀਤਾ, ਇਨ੍ਹਾਂ ਦੁਆਰਾ ਛੱਡੇ ਗਏ ਜ਼ਹਿਰੀਲੇ ਤਰਲਾਂ, ਰਸਾਇਣਕ ਖਣਿਜਾਂ ਤੇ ਭਾਰੀਆਂ ਧਾਤਾਂ ਨੇ ਮੇਰੀ ਜੂਹੇ ਕੈਂਸਰ ਸਮੇਤ ਅਨੇਕਾਂ ਨਾ-ਮੁਰਾਦ ਬਿਮਾਰੀਆਂ ਦਾ ਬੀਜ ਖਿਲਾਰਿਆ। ਪਰ ਹੁਣ ਮੈਂ ਬੇਬੱਸ ਹੋਈ, ਇਸ ਮਾਰੂ ਬੀਜ ਤੋਂ ਪੈਦਾ ਹੋਈ ਫਸਲ, ਤੈਨੂੰ ਅਤੇ ਤੇਰੀ ਔਲਾਦ ਨੂੰ ਦੇਣ ਲਈ ਮਜਬੂਰ। ਵੈਸੇ ਇਹ ਤਾਂ ਤੇਰਾ ਦੇਣ ਹੀ ਵਿਆਜ਼ ਸਮੇਤ ਵਾਪਸ ਕਰ ਰਹੀ ਹਾਂ। ਸੁਪਨੇ ਅਤੇ ਸਾਹ ਦੇਣ ਵਾਲੀ ਨੇ ਕਦੋਂ ਮਰਸੀਏ ਅਤੇ ਵਿਰਲਾਪਾਂ ਦਾ ਰੂਪ ਧਾਰ ਲਿਆ, ਤੈਨੂੰ ਪਤਾ ਕਿਉਂ ਨਾ ਲੱਗਾ?
ਵੇ ਭਲਿਆ! ਤੂੰ ਉਦਯੋਗਿਕ ਕ੍ਰਾਂਤੀ, ਹਰੀ ਕ੍ਰਾਂਤੀ, ਨੀਲੀ ਕ੍ਰਾਂਤੀ ਅਤੇ ਕਦੇ ਚਿੱਟੀ ਕ੍ਰਾਂਤੀ ਦੇ ਸੋਹਲੇ ਗਾਉਂਦਾ ਏਂ। ਕਦੇ ਇਹ ਵੀ ਸੋਚਿਆ ਏ ਕਿ ਇਨ੍ਹਾਂ ਕ੍ਰਾਂਤੀਆਂ ਨੇ ਮੇਰੇ ਜਿਸਮ ਨੂੰ ਕਿਵੇਂ ਖੱਖੜੀਆਂ ਕੀਤਾ ਏ। ਝਾੜ ਵਧਾਉਣ ਲਈ ਪਾਏ ਜਾਂਦੇ ਨਦੀਨ-ਨਾਸ਼ਕਾਂ, ਖਾਦਾਂ, ਮਸਨੂਈ ਬੀਜਾਂ ਆਦਿ ਨੇ ਮੈਨੂੰ ਬੰਜਰਪੁਣੇ ਦਾ ਸਰਾਪ ਦਿਤਾ। ਸਪਰੇਅ ਵਾਲਾ ਪਾਣੀ ਪੀਣ ਜਾਂ ਫਸਲੀ ਦਾਣਿਆਂ ਨੂੰ ਖਾਣ ਨਾਲ ਕਿੰਨੇ ਪਰਿੰਦਿਆਂ ਦੀ ਉਡਾਣ ਸਦੀਵੀ ਸੌਂ ਗਈ ਏ, ਕਦੇ ਸੋਚਿਆ ਈ? ਤੇਰਾ ਹਰ ਖਾਧ-ਪਦਾਰਥ ਪਲੀਤ। ਤੇਰੇ ਕੁਕਰਮਾਂ ਨੇ ਮੇਰੀ ਹਿੱਕ ‘ਤੇ ਰੀਂਗਦੇ ਮਿੱਤਰ-ਕੀੜੇ ਮਾਰੇ। ਤੇਰੀਆਂ ਖੈਰਾਂ ਮੰਗਣ ਅਤੇ ਝੋਲੀ ਨੂੰ ਬਰਕਤਾਂ ਨਾਲ ਭਰਨ ਵਾਲੇ ਜੀਵਾਂ ਦਾ ਸਰਾਪ, ਤੇਰੀ ਜਾਤ ਨੂੰ ਹੀ ਤਾਂ ਲੱਗਣਾ ਏ!
ਮੇਰਾ ਧਰਮ ਤਾਂ ਉਤਪਤੀ ਤੇ ਵਿਕਾਸ। ਜੀਵ-ਸੰਸਾਰ ਲਈ ਰਹਿਤਲ, ਉਪਜੀਵਕਾ, ਜੀਵਨ-ਸਹੂਲਤਾਂ ਅਤੇ ਲੰਮੀ ਉਮਰ ਦੀ ਦੁਆ। ਪਰ ਮੈਂ ਕਦੇ ਸੋਚਿਆ ਹੀ ਨਹੀਂ ਸੀ ਕਿ ਸਭ ਤੋਂ ਸ਼ਕਤੀਸ਼ਾਲੀ ਜੀਵ ਆਪਣੀ ਧਰਤ-ਮਾਂ ਦਾ ਅਜਿਹਾ ਹਾਲ ਕਰੇਗਾ? ਮੈਂ ਕਲਪਦੀ ਰਹੀ, ਖਿਲਰੇ ਵਾਲੀਂ ਦੁਹਾਈਆਂ ਦਿੰਦੀ ਰਹੀ, ਤੇਰੇ ਤਰਲੇ ਪਾਏ, ਪਰ ਤੂੰ ਟੱਸ ਤੋਂ ਮੱਸ ਨਾ ਹੋਇਆ। ਮੈਂ ਤਾਂ ਖੇਤਾਂ ਵਿਚ ਲਹਿਰਾਉਂਦੀਆਂ ਫਸਲਾਂ, ਫਲਾਂ ਨਾਲ ਲੱਦੀਆਂ ਟਾਹਣੀਆਂ, ਫੁੱਲਾਂ ਨਾਲ ਲਰਜ਼ਦੇ ਬਿਰਖ ਅਤੇ ਹਰੇ-ਕਚੂਰ ਪੱਤਿਆਂ ਦੀ ਚਾਦਰ ਤਾਣ ਕੇ, ਤੇਰੇ ਸਮੁੱਚ ਨੂੰ ਅਸੀਸਾਂ ਅਤੇ ਦੁਆਵਾਂ ਨਾਲ ਵਰਸਾਉਂਦੀ ਰਹੀ। ਪਰ ਤੇਰੇ ਮਨ ਵਿਚ ਨਿਜ, ਲਾਲਚ ਤੇ ਵੱਧ ਤੋਂ ਵੱਧ ਲਾਭ ਕਮਾਉਣ ਦੀ ਬਿਰਤੀ ਨੇ ਮੈਨੂੰ ਕੋਹ ਸੁੱਟਿਆ। ਹਿੱਕ ‘ਤੇ ਚਾਰ ਚੁਫੇਰੇ ਘਰਾਂ ਦੇ ਜੰਗਲਾਂ ‘ਚ ਰਹਿੰਦੇ ਨੇ ਪੱਥਰਾਂ ਵਰਗੇ ਲੋਕ। ਮਨੁੱਖੀ ਭਾਵਨਾਵਾਂ ਅਤੇ ਸੂਖਮ-ਵਿਚਾਰਾਂ ਦਾ ਗਾਇਬ ਹੋਣਾ, ਮੈਨੂੰ ਸਭ ਤੋਂ ਜ਼ਿਆਦਾ ਪੀੜਤ ਕਰਦਾ ਏ।
ਬੇਮੁੱਖਿਆ! ਕਦੇ ਆਪਣੀ ਔਕਾਤ ਨੂੰ ਥੋੜ੍ਹੈ ਭੁਲਾਈਦਾ। ਵਿਰਾਸਤ ਨਾਲ ਜੁੜੇ ਅਤੇ ਮਾਨਵੀ ਸੋਚ ਨਾਲ ਓਤ-ਪੋਤ ਲੋਕ ਹੀ ਵਿਕਾਸ ਕਰਦੇ ਨੇ। ਜਿਹੜੇ ਲੋਕ ਆਪਣੇ ਰਹਿਬਰਾਂ ਦੀਆਂ ਮੱਤਾਂ ਨੂੰ ਵਿਸਾਰ ਦਿੰਦੇ ਨੇ, ਉਨ੍ਹਾਂ ਦਾ ਕਿਹੜੇ ਜਨਮ ਭਲਾ ਹੋਵੇਗਾ?
ਮੇਰੀ ਗੋਦ ਵਿਚ ਖੇਡਦਿਆਂ, ਜਵਾਨ ਹੋ ਕੇ ਮੌਜਾਂ ਮਾਣਨ ਵਾਲਿਆ! ਕਦੇ ਗੁਰੂ ਨਾਨਕ ਦੇਵ ਜੀ ਦੇ ਫੁਰਮਾਨ “ਮਾਤਾ ਧਰਤਿ ਮਹਤੁ” ਬਾਰੇ ਮਨ ਵਿਚ ਆਇਆ ਏ? ਕੀ ਆਪਣੀਆਂ ਮਾਂਵਾਂ ਨਾਲ ਇੰਜ ਕੀਤਾ ਜਾਂਦਾ ਏ? ਕੀ ਮਾਂਵਾਂ ਦੀ ਗੋਦ ਨੂੰ ਅਲਾਹੂਣੀਆਂ ਨਾਲ ਭਰਨਾ ਸ਼ੋਹਬਦਾ ਏ? ਕੀ ਮਾਂਵਾਂ ਦੀ ਹਿੱਕ ਵਿਚ ਹਾਉਕੇ ਬੀਜਣ ਵਾਲਿਆਂ ਨੂੰ ਕਦੇ ਸੁੱਖਨ ਅਤੇ ਸਕੂਨ ਮਿਲ ਸਕਦਾ ਏ?
ਤੇਰੇ ਭੋਖੜੇ ਨੇ ਮੈਨੂੰ ਬਿਰਖਾਂ ਤੋਂ ਮਹਿਰੂਮ ਕੀਤਾ ਜਿਸ ਨਾਲ ਇਸ ‘ਚ ਵੱਸਦਾ ਜੀਵ ਸੰਸਾਰ ਹੀ ਤਹਿਸ-ਨਹਿਸ ਹੋ ਗਿਆ। ਅੰਮ੍ਰਿਤ ਵਰਗੇ ਪਾਣੀਆਂ ਨਾਲ ਭਰ ਉਛਲਦੇ ਦਰਿਆਂਵਾਂ ਨੂੰ ਮੌਤ ਦੀ ਨੈਂਅ ਬਣਾ ਕੇ ਵੀ ਤੂੰ ਦਮ ਨਹੀਂ ਲਿਆ ਸਗੋਂ ਤੂੰ ਮੇਰੀ ਹਿੱਕ ਵਿਚ ਬਰੇਤੇ ਉਗਾ ਕੇ ਦਰਿਆਵਾਂ, ਨਦੀਆਂ, ਨਾਲਿਆਂ ਦੀ ਹੋਂਦ ਹੀ ਮਿਟਾ ਦਿਤੀ। ਮੈਂ ਕਿਹੜੇ ਦਰਿਆਵਾਂ ਦਾ ਮਾਣ ਕਰਾਂ ਅਤੇ ਕੀਹਦਾ ਵਾਸਤਾ ਪਾਵਾਂ ਕਿ ਹੁਣ ਤਾਂ ਬਖਸ਼ ਦੇਹ?
ਮੇਰਿਆਂ ਪਹਾੜਾਂ ‘ਤੇ ਸਜੀਆਂ ਬਿਰਖ-ਮਾਲਾਵਾਂ, ਸਾਵਣ ਦੇ ਛੱਰਾਟਿਆਂ ਦਾ ਸਬੱਬ ਬਣਦੀਆਂ, ਉਚੀਆਂ ਚੋਟੀਆਂ ‘ਤੇ ਪਈ ਬਰਫ ਦਿਲਕਸ਼ ਨਜ਼ਾਰੇ ਪੇਸ਼ ਕਰਦੀ ਸੀ, ਐਂਟਾਰਟਿਕਾ ‘ਤੇ ਪਈ ਅਛੋਹ ਬਰਫ ਅਤੇ ਇਸ ‘ਤੇ ਵੱਸਿਆ ਸੀ ਇਕ ਵੱਖਰਾ ਜੀਵ ਸੰਸਾਰ। ਤੇ ਤੂੰ ਇਨ੍ਹਾਂ ਨੂੰ ਵੀ ਨਹੀਂ ਬਖਸ਼ਿਆ। ਸਮੁੰਦਰਾਂ ਵਿਚ ਸੁੱਟੀ ਗਈ ਰਹਿੰਦ-ਖੂੰਹਦ ਨੇ ਸਮੁੰਦਰੀ ਜੀਵ-ਸੰਸਾਰ ਨੂੰ ਨਿਗਲਣਾ ਸ਼ੁਰੂ ਕਰ ਦਿਤਾ ਏ ਅਤੇ ਤੂੰ ਇਨ੍ਹਾਂ ਨੂੰ ਖਾ ਕੇ ਕਿਹੜਾ ਤੰਦਰੁਸਤ ਏਂ?
ਮੇਰੀ ਹਿੱਕ ਤਾਂ ਜਰਖੇਜ਼ ਸੀ। ਪਰ ਪਲਾਸਟਿਕ ਦਾ ਕੂੜ-ਕਬਾੜਾ, ਨਿਊਕਲੀਆਈ ਰਹਿੰਦ-ਖੂੰਹਦ ਅਤੇ ਕਾਰਖਾਨਿਆਂ ਆਦਿ ਵਿਚੋਂ ਛੱਡੇ ਜਾ ਰਹੇ ਜ਼ਹਿਰੀਲੇ ਪਾਣੀ ਨੇ ਮੇਰੇ ਸਰਬਪੱਖੀ ਉਪਜਾਊਪੁਣੇ ਨੂੰ ਮਰਨ-ਕਿਨਾਰੇ ਕਰ ਦਿਤਾ ਏ। ਇਸੇ ਲਈ ਤੈਨੂੰ ਵੀ ਤਾਂ ਹੁਣ ਮਸਨੂਈ ਗਰਭ, ਟੈਸਟ-ਟਿਊਬ ਬੇਬੀ ਅਤੇ ਕਲੋਨਿੰਗ ਦੇ ਰਾਹ ਪੈਣਾ ਪਿਆ ਏ। ਮੈਨੂੰ ਵੀ ਦੱਸ ਜਾਹ ਕਿ ਮੈਂ ਕੀਹਦਾ ਤਰਲਾ ਕਰਾਂ, ਕਿਸ ਯੋਗੀ ਨੂੰ ਧਿਆਵਾਂ ਅਤੇ ਕਿਹੜੇ ਰਹਿਬਰ ਨੂੰ ਆਖਾਂ ਕਿ ਮੇਰਾ ਬੀਤਿਆ ਮੋੜ ਲਿਆਵੋ!
ਨਿਰਮੋਹਿਆ! ਤੂੰ ਇਹ ਕਿਉਂ ਭੁੱਲ ਗਿਆ ਕਿ ਮਾਂਵਾਂ ਦਾ ਦੇਣ ਤਾਂ ਸਦਾ ਦੇਈਦਾ। ਉਹ ਪੁੱਤ, ਕਪੁੱਤ ਹੁੰਦੇ ਨੇ ਜੋ ਮਾਂਵਾਂ ਨੂੰ ਸੂਲੀ ‘ਤੇ ਟੰਗ ਦੇਣ। ਦੱਸ ਤੈਨੂੰ ਕਿੰਜ ਮੈਂ ਪੁੱਤ ਆਖ ਬੁਲਾਵਾਂ? ਕਦੇ ਮਾਂ-ਪੁੱਤ ਵਾਲਾ ਧਰਮ ਨਿਭਾਉਣ ਦੇ ਰਾਹ ਤਾਂ ਤੁਰਦਾ, ਫਿਰ ਪਤਾ ਲੱਗਦਾ ਕਿ ਤੈਨੂੰ ਕਿੰਨਾ ਸਕੂਨ ਮਿਲਣਾ ਸੀ? ਮੈਂ ਵੀ ਮਾਣ ਨਾਲ ਤੈਨੂੰ ਪੂਰਨ-ਪੁੱਤ ਦਾ ਲਕਬ ਦੇਣਾ ਸੀ।
ਬਹੁਤਾਤਾਂ ਵਿਚ ਘਿਰੇ ਹੋਏ ਮੂਰਖ ਮਨੁੱਖ! ਤੈਨੂੰ ਮੇਰੀਆਂ ਸ਼ੁੱਧ, ਸਵਾਦਿਸ਼ਟ ਅਤੇ ਸਿਹਤਮੰਦ ਵਸਤਾਂ ਚੰਗੀਆਂ ਨਾ ਲੱਗੀਆਂ। ਤੂੰ ਇਨ੍ਹਾਂ ਨੂੰ ਹਾਰਮੋਨਜ਼, ਖਾਦਾਂ, ਪੈਸਟੀਸਾਈਡਜ਼, ਬਰੀਡਿੰਗ ਕਰਕੇ ਉਤਪਾਦਨ ਤਾਂ ਵਧਾ ਲਿਆ ਪਰ ਤੇਰੀ ਸਿਹਤ ਕਿਥੇ ਗਈ? ਵਪਾਰੀ ਨੂੰ ਆਪਣੇ ਫਾਇਦੇ ਨਾਲ ਮਤਲਬ ਹੁੰਦਾ ਏ। ਉਸ ਲਈ ਧਰਤ ਜਾਂ ਜੀਵ-ਸਿਹਤ ਵਿਚ ਪੈਦਾ ਹੋਣ ਵਾਲੇ ਵਿਗਾੜਾਂ ਦੇ ਕੋਈ ਅਰਥ ਨਹੀਂ ਹੁੰਦੇ। ਅਜਿਹਾ ਹੁਣ ਤੇਰੇ ਅਤੇ ਮੇਰੇ ਨਾਲ ਹੋ ਰਿਹਾ ਹੈ। ਮੈਂ ਇਹ ਜਰਨ ਲਈ ਮਜਬੂਰ ਹਾਂ ਤੇ ਤੂੰ ਇਸ ਨੂੰ ਜਰਨਾ ਸਿੱਖ ਲਿਆ। ਜ਼ਹਿਰੀਲਾ ਦੁੱਧ ਅਤੇ ਦੁੱਧ ਦੇ ਪਦਾਰਥ, ਸਬਜੀਆਂ, ਅਨਾਜ ਆਦਿ ਨੇ ਤੈਨੂੰ ਹਸਪਤਾਲ ਦੇ ਰਾਹ ਤੋਰਿਆ ਏ ਅਤੇ ਹੁਣ ਤੂੰ ਆਰਗੈਨਿਕ ਪਦਾਰਥ ਟੋਲ ਰਿਹਾ ਏਂ। ਕੀ ਪਹਿਲੇ ਸਮਿਆਂ ਵਿਚ ਮੇਰੀ ਕੁੱਖ ਵਿਚੋਂ ਪੈਦਾ ਹੋਣ ਵਾਲੇ ਖਾਧ-ਪਦਾਰਥ ਚੰਗੇ ਨਹੀਂ ਸਨ ਜਿਨ੍ਹਾਂ ਨੂੰ ਖਾ ਕੇ ਤੇਰੇ ਵਡੇਰੇ ਅਰੋਗ ਵੀ ਸਨ ਅਤੇ ਲੰਮੀ ਉਮਰ ਵੀ ਭੋਗਦੇ ਸਨ।
ਮੈਂ ਮਾਰੂਥਲਾਂ, ਸਮੁੰਦਰਾਂ, ਜੰਗਲਾਂ, ਪਹਾੜਾਂ, ਨਦੀਆਂ, ਨਾਲਿਆਂ, ਝੀਲਾਂ, ਛੱਪੜ, ਕੱਸੀਆਂ ਦੀ ਸੰਗਤ ਦਾ ਸਿਰਨਾਵਾਂ। ਕਿਧਰੇ ਰੌਣਕਾਂ, ਕਿਧਰੇ ਅਲਹਾਮੀ ਚੁੱਪ, ਕਿਧਰੇ ਅਲਹਾਮੀ ਨਾਦ, ਕਿਧਰੇ ਸਮੁੰਦਰੀ ਲਹਿਰਾਂ ਦਾ ਸੰਗੀਤ, ਕਿਧਰੇ ਪੰਛੀਆਂ ਦੀ ਰੁੱਣ-ਝੁੱਣ, ਕਿਧਰੇ ਬਾਰਸ਼ਾਂ ਦੀ ਰਿਮ-ਝਿਮ, ਕਿਧਰੇ ਜਾਨਵਰ ਦਹਾੜਦੇ, ਕਿਧਰੇ ਬੀਚਾਂ ‘ਤੇ ਪਲਸੇਟੀਆਂ ਮਾਰਦੇ ਸਮੁੰਦਰੀ ਜੀਵ ਅਤੇ ਕਿਧਰੇ ਸੰਗਮਰਮਰੀ ਮਹਿਲ-ਮੁਨਾਰੇ। ਮੈਂ ਹਰ ਰੰਗ ਵਿਚ ਰਾਜ਼ੀ, ਹਰੇਕ ਦੀ ਝੋਲੀ ਵਿਚ ਸੰਤੁਸ਼ਟੀ ਪਾਉਂਦੀ ਰਹੀ। ਪਰ ਮੇਰਾ ਕਿਸੇ ਨੂੰ ਵੀ ਨਹੀਂ ਫਿਕਰ। ਐ ਮਨੁੱਖ! ਤੇਰੇ ਤੋਂ ਬਗੈਰ ਸਮੁੱਚਾ ਜੀਵ-ਸੰਸਾਰ ਮੇਰਾ ਸ਼ੁਕਰਗੁਜਾਰ। ਪਰ ਤੂੰ ਸਭ ਤੋਂ ਵੱਡਾ ਨਾ-ਸ਼ੁਕਰਾ।
ਤੂੰ ਧਰਤ ਨੂੰ ਨਮਸਕਾਰਨਾ ਅਤੇ ਸ਼ੁਕਰਗੁਜ਼ਾਰ ਹੋਣਾ ਨਹੀਂ ਸਿਖਿਆ। ਕਦੇ ਆਪਣੇ ਬਜ਼ੁਰਗਾਂ ਤੋਂ ਹੀ ਸਿੱਖ ਲੈਂਦਾ ਜੋ ਹੱਲ ਜੋੜਨ ਲੱਗਿਆਂ ਧਰਤੀ ਨੂੰ ਨਮਸਕਾਰਦੇ ਸਨ। ਕੀ ਤੈਨੂੰ ਇਹ ਵੀ ਅਹਿਸਾਸ ਨਹੀਂ ਕਿ ਬੇਅੰਤ ਨਿਆਮਤਾਂ ਦੇਣ ਵਾਲੀ ਧਰਤ-ਮਾਂ, ਤੇਰੀ ਬੇਰੁੱਖੀ ਦੀ ਸਤਾਈ ਹੋਈ ਏ। ਆਪਣੀ ਧਰਤ-ਮਾਂ ਰੱਕੜ ਬਣਾਉਣ ਵੇਲੇ ਤੈਨੂੰ ਜਰਾ ਵੀ ਤਰਸ ਨਹੀਂਂ ਆਉਂਦਾ?
ਮੈਨੂੰ ਬਹੁਤ ਹੀ ਚੰਗਾ ਲੱਗਦਾ ਏ ਜਦ ਕੋਈ ਮਹਾਂ-ਪੁਰਖ, ਸੰਨਿਆਸੀ, ਯੋਗੀ, ਬੰਦਗੀ ਕਰਨ ਵਾਲਾ, ਉਦਮੀ ਤੇ ਕਰਮਯੋਗੀ, ਮੈਨੂੰ ਆਪਣਾ ਨਿਵਾਸ ਬਣਾਉਂਦੇ ਨੇ। ਮੇਰੀ ਗੋਦ ਦਾ ਨਿੱਘ ਮਾਣਦੇ, ਉਹ ਆਪਣੇ ਦਿਨ-ਰਾਤਾਂ ਵਿਚ ਧੰਨਭਾਗਤਾ ਭਰਦੇ ਨੇ ਅਤੇ ਦੁਨਿਆਵੀ ਖਲਜਗਣਾਂ ਨੂੰ ਸੁੱਚਮ ਸੰਗ ਤਰਦੇ ਨੇ।
ਐ ਮਨੁੱਖ! ਕਦੇ ਇਕੱਲ ਦੇ ਆਲਮ ‘ਚ ਮਨ ਦੀ ਜੂਹੇ ਜਾਈਂ ਅਤੇ ਮੂਕ ਵੇਦਨਾ ਨਾਲ ‘ਫਰੀਦਾ ਖਾਕੁ ਨ ਨਿੰਦੀਐ ਖਾਕੂ ਜੇਡੁ ਨਾ ਕੋਇ। ਜੀਵਦਿਆ ਪੈਰਾ ਤਲੇ ਮੁਇਆ ਉਪਰਿ ਹੋਇ’ ਦਾ ਹੋਕਰਾ ਲਾਵੀਂ, ਤੈਨੂੰ ਖੁਦ ਦੇ ਰੂਬਰੂ ਹੋਣ ਦਾ ਮੌਕਾ ਮਿਲੇਗਾ ਅਤੇ ਤੂੰ ਮੇਰੀ ਅਹਿਮੀਅਤ ਤੋਂ ਜਾਣੂ ਹੋ ਸਕੇਂਗਾ। ਸ਼ਾਇਦ ਤੈਨੂੰ ਇਹ ਵੀ ਯਾਦ ਆ ਜਾਵੇ ਕਿ ਤੈਨੂੰ ਆਖਰੀ ਪਨਾਹ ਵੀ ਮੈਂ ਹੀ ਦੇਣੀ ਏ ਤੇ ਤੈਨੂੰ ਹਿੱਕ ਨਾਲ ਲਾਉਣਾ ਏ। ਸ਼ਾਇਦ ਤੈਨੂੰ ਪਤਾ ਹੋਵੇ ਕਿ ਆਖਰੀ ਸਾਹ ਵੇਲੇ ਵੀ ਸਿਆਣੇ ਲੋਕ ਮਨੁੱਖ ਨੂੰ ਧਰਤੀ ‘ਤੇ ਲਿਟਾ ਕੇ, ਮੇਰੇ ਕੋਲੋਂ ਆਖਰੀ ਅਸੀਸ ਮੰਗਦੇ ਨੇ। ਦਰਅਸਲ ਤੈਨੂੰ ਆਪਣੀ ਹੀ ਮੌਤ ਯਾਦ ਨਹੀਂ ਤਾਂ ਤੇਰੇ ਕੋਲੋਂ ਹੋਰ ਕੀ ਆਸ ਰੱਖੀ ਜਾ ਸਕਦੀ ਏ?
ਮੇਰੀ ਗੋਦ ਵਿਚ ਪਲਣ ਵਾਲੇ ਐ ਮਨੁੱਖ! ਹੈਵਾਨ ਨਾ, ਇਨਸਾਨ ਬਣ, ਆਦਮ-ਬੋਅ ਨਹੀਂ ਆਦਮੀਅਤ ਬਣ, ਬਦ-ਦੁਆ ਨਹੀਂ ਸਗੋਂ ਖੈਰਖਾਹ ਬਣ, ਜ਼ਹਿਰਾਂ ਦਾ ਵਪਾਰੀ ਨਹੀਂ ਸਗੋਂ ਸੁਗੰਧਤ ਫਿਜ਼ਾ ਤੇ ਮੌਲਦੀ ਧਰਤ ਦਾ ਸੁੱਚਾ ਹਰਫ ਬਣ ਕਿਉਂਕਿ ਤੇਰੀ ਸਦੀਵਤਾ, ਮੇਰੀ ਸਦੀਵਤਾ ਨਾਲ ਜੁੜੀ ਹੋਈ ਏ। ਜਦ ਕੋਈ ਕਿਸੇ ਦੀ ਸਦੀਵਤਾ ਵਿਚੋਂ ਖੁਦ ਨੂੰ ਤਾਮੀਰ ਕਰਦਾ ਏ ਤਾਂ ਉਹ ਇਕ ਕਰਮਯੋਗੀ ਹੁੰਦਾ ਏ ਅਤੇ ਮੈਨੂੰ ਤੇਰੇ ਕੋਲੋਂ ਅਜਿਹੀ ਆਸ ਏ। ਕੀ ਤੂੰ ਮੇਰੀ ਆਸ ਪੂਰੀ ਕਰੇਂਗਾ? ਮੈਂ ਉਡੀਕ ਕਰਾਂਗੀ।
ਤੇਰੀ, ਧਰਤ-ਅੰਮੜੀ।