ਬਲਜੀਤ ਬਾਸੀ
ਦਫਤਰ ਦਾ ਬਿੰਬ ਅੱਖਾਂ ਅੱਗੇ ਆਉਂਦਿਆਂ ਹੀ ਸਰੀਰ ਵਿਚ ਝੁਣਝੁਣੀ ਜਿਹੀ ਆ ਜਾਂਦੀ ਹੈ। ਹਰ ਕੋਈ ਇਸ ਖੌਫਨਾਕ ਜਗ੍ਹਾ ਵਿਚ ਪੈਰ ਧਰਨ ਲੱਗਿਆਂ ਰੱਬ ਰੱਬ ਕਰਦਾ ਹੈ। ਪਤਾ ਹੁੰਦਾ ਹੈ, ਬਾਬੂਆਂ ਨੇ ਇਕ ਮੇਜ਼ ਤੋਂ ਦੂਜੀ ਮੇਜ਼ ‘ਤੇ ਤੋਰੀ ਜਾਣਾ ਹੈ ਅਤੇ ਅੰਤ ਵਿਚ ਹੱਥ ਝਾੜਦਿਆਂ ਹੀ ਮੁੜਨਾ ਪੈਣਾ ਹੈ। ਆਮ ਲੋਕਾਂ ਦੀਆਂ ਨਜ਼ਰਾਂ ਵਿਚ ਇਥੇ ਕਲਰਕ ਫਾਈਲ ਦਬਾਈ ਰੱਖਦੇ ਹਨ ਅਤੇ ਮੀਨਮੇਖ ਕਰਦੇ ਇਸ ਨੂੰ ਅੱਗੇ ਤੁਰਨ ਨਹੀਂ ਦਿੰਦੇ। ਇਸੇ ਕਰਕੇ ਕਲਰਕ ਨੂੰ ‘ਕਲਰਕ ਪਾਦਸ਼ਾਹ’ ਕਿਹਾ ਜਾਂਦਾ ਹੈ। ਇਸ ਵਤੀਰੇ ਨੂੰ ਦਫਤਰਸ਼ਾਹੀ ਵੀ ਆਖਦੇ ਹਨ। ਦਫਤਰ ਵਿਚ ਜ਼ਿੰਦਗੀ ਦੇ ਕਿਸੇ ਅਹਿਮ ਪਹਿਲੂ ਦੇ ਅੰਕੜਿਆਂ ਨਾਲ ਨਿਪਟਿਆ ਜਾਂਦਾ ਹੈ। ਜਿਸ ਕਿਸੇ ਕੋਲ ਇਨ੍ਹਾਂ ਨਾਲ ਖੇਲਣ ਦਾ ਪੇਸ਼ਾ ਹੋਵੇ, ਉਹ ਜ਼ਰੂਰ ਕੋਈ ਨਾ ਕੋਈ ਅੜਿਚਣ ਡਾਹ ਕੇ ਅਵੈੜਾ ਸਵਾਦ ਲਵੇਗਾ।
ਹਿੰਦੀ ਦੇ ਵਿਅੰਗਕਾਰ, ਸ਼ਾਇਦ ਹਰੀ ਸ਼ੰਕਰ ਪਰਸਾਈ, ਦੀ ਇਕ ਰਚਨਾ ਵਿਚ ਇਕ ਕਲਰਕ ਮਰ ਜਾਂਦਾ ਹੈ ਪਰ ਉਸ ਦੀ ਆਤਮਾ ਦਾ ਪਹੁੰਚ-ਇੰਦਰਾਜ ਧਰਮ ਰਾਜ ਦੇ ਰਜਿਸਟਰ ਵਿਚ ਚੜ੍ਹਿਆ ਨਹੀਂ ਮਿਲਦਾ। ਧਰਮਰਾਜ ਯਮਾਂ ਨੂੰ ਉਸ ਦੀ ਆਤਮਾ ਢੂੰਡਣ ਲਈ ਭੇਜਦਾ ਹੈ। ਬੇਹੱਦ ਜੱਦੋਜਹਿਦ ਪਿਛੋਂ ਮ੍ਰਿਤਕ ਦੀ ਆਤਮਾ ਉਸ ਦੇ ਦਫਤਰ ਵਿਚ ਪਈ ਇਕ ਬਹੁਤ ਪੁਰਾਣੀ ਘਸੀ-ਪਿਟੀ ਫਾਈਲ ਦੇ ਸਫਿਆਂ ਨਾਲ ਚਿੰਬੜੀ ਮਿਲਦੀ ਹੈ। ਬਲਵੰਤ ਗਾਰਗੀ ਨੇ ‘ਨੰਗੀ ਧੁਪ’ ਵਿਚ ਪੰਜਾਬ ਯੂਨੀਵਰਸਿਟੀ ਕੈਂਪਸ ਦੇ ਐਨ ਵਿਚਕਾਰ ਪੱਸਰੇ ਹੋਏ ਪ੍ਰਸ਼ਾਸਕੀ ਦਫਤਰ ਨੂੰ ਇਕ ਹਿੱਪੋ (ਗੈਂਡੇ) ਦੇ ਨਿਆਈਂ ਦੱਸਿਆ ਹੈ। ਜ਼ਰੂਰ ਇਸ ਹਿੱਪੋ ਨੇ ਉਸ ਦੀਆਂ ਕਈ ਅਹਿਮ ਫਾਈਲਾਂ ਨੂੰ ਆਪਣੀ ਭਾਰੀ ਭਰਕਮ ਦੇਹ ਹੇਠ ਦਬਾਈ ਰੱਖਿਆ ਹੋਵੇਗਾ।
ਹਰ ਇਕ ਦਫਤਰ ਦਾ ਮਾਹੌਲ ਬੇਹੱਦ ਮਕਾਨਕੀ, ਖੁਸ਼ਕ ਅਤੇ ਬੋਰਿੰਗ ਜਿਹਾ ਪ੍ਰਤੀਤ ਹੁੰਦਾ ਹੈ। ਮੇਜ਼ਾਂ ਤੇ ਸ਼ੈਲਫਾਂ ਦੀ ਲੱਕੜੀ, ਫਾਈਲਾਂ ਦੇ ਕਾਗਜ਼, ਲੋਹੇ ਦੀਆਂ ਪਿੰਨਾਂ, ਕਲਿਪ ਅਤੇ ਹੋਰ ਕਿੰਨੀਆਂ ਚੁਭਵੀਆਂ ਚੀਜ਼ਾਂ ਬਾਬੂਆਂ ਦੇ ਦਿਮਾਗਾਂ ਵਿਚ ਵੜੀਆਂ ਹੁੰਦੀਆਂ ਹਨ। ਪਰ ਜਿਵੇਂ ਮਾਰੂਥਲ ਵਿਚ ਵੀ ਨਖਲਿਸਤਾਨ ਹੁੰਦਾ ਹੈ ਅਤੇ ਬੰਜਰ ਵਿਚ ਵੀ ਫੁੱਲ ਖਿੜਦੇ ਹਨ, ਇਸੇ ਤਰ੍ਹਾਂ ਇਸ ਕੁਲੱਕੜ ਮਾਹੌਲ ਵਿਚ ਵੀ ਰੁਮਾਂਸ ਪਲਦਾ ਰਹਿੰਦਾ ਹੈ। ਯੋ ਯੋ ਹਨੀ ਸਿੰਘ ਦਾ ਇਕ ਰੈਪ ਗੀਤ ਇਹੋ ਬਿਆਨਦਾ ਪ੍ਰਤੀਤ ਹੁੰਦਾ ਹੈ:
ਮੇਰੇ ਦਫਤਰ ਦਫਤਰ ਦਫਤਰ ਕੀ ਗਰਲ
ਕਰਤੀ ਹੈ ਇਸ਼ਾਰੇ ਅਕਸਰ
ਅਕਸਰ ਅਕਸਰ ਅਕਸਰ ਅਕਸਰ
ਬੇਬੀ ਬਸ ਕਰ ਬਸ ਕਰ
ਬੇਬੀ ਬਸ ਕਰ ਬਸ ਕਰ।
ਇਸ ਤੋਂ ਅੱਗੇ ਗੀਤ ਦੇ ਹੋਰ ਬੋਲਾਂ ਵਿਚ ਦਫਤਰ ਸ਼ਬਦ ਦੇ ਕਾਫੀਏ ਵਾਲੇ ਸ਼ਬਦ ਚੱਕਰ, ਫਸਕਰ, ਵੈਦਰ, ਪਲੈਯਰ ਆਦਿ ਹਨ। ਅੱਜ ਕਲ੍ਹ ਦੇ ਜਵਾਕ ਅਜਿਹੇ ਵਾਰਤਕਨੁਮਾ ਗੀਤ ਬੜੇ ਸ਼ੌਕ ਨਾਲ ਸੁਣਦੇ ਹਨ।æææ ਪੰਜਾਬੀ ਦੇ ਕਿੱਸੇ ਅਤੇ ਕਾਫੀਆਂ ਰਚਣ ਵਾਲੇ ਕਵੀਆਂ ਨੇ ਅਨੇਕਾਂ ਅਰਬੀ-ਫਾਰਸੀ ਸ਼ਬਦ ਵਰਤੇ ਹਨ। ਬੁਲ੍ਹੇ ਸ਼ਾਹ ਦੀ ਇਕ ਕਾਫੀ ਵਿਚ ਦਫਤਰ ਸ਼ਬਦ ਇਕ ਹੋਰ ਰੰਗਤ ਵਿਚ ਪੇਸ਼ ਹੋਇਆ ਹੈ,
ਬੁੱਲ੍ਹਾ ਸ਼ੌਹ ਦੇ ਚਲਨਾ ਏਂ ਤਾਂ ਚਲ, ਕਿਹਾ ਚਿਰ ਲਾਇਆ ਈ।
ਜਿਕੋ ਧੱਕੇ ਕੀ ਕਰਨੇ, ਜਾਂ ਵਤਨੋਂ ਦਫਤਰ ਆਇਆ ਈ।
ਵਾਚੰਦਿਆਂ ਖਤ ਅਕਲ ਗਈਉ ਈ, ਰੋ ਰੋ ਹਾਲ ਵੰਜਾਵੇਂਗਾ।
ਹਿਜਾਬ ਕਰੇਂ ਦਰਵੇਸ਼ੀ ਕੋਲੋਂ, ਕਦ ਤਕ ਹੁਕਮ ਚਲਾਵੇਂਗਾ।
ਚਲੋ ਕਾਗਜ਼ੀ ਦਫਤਰ ਦੀ ਦੁਨੀਆਂ ਛੱਡ ਕੇ ਦਫਤਰ ਸ਼ਬਦ ਦੀ ਦੁਨੀਆਂ ਵੱਲ ਜਾਈਏ। ਪੰਜਾਬੀ ਵਿਚ ਇਹ ਸ਼ਬਦ ਇਸਲਾਮੀ ਹਕੂਮਤ ਦੌਰਾਨ ਫਾਰਸੀ ਤੋਂ ਆਇਆ। ਫਾਰਸੀ ਕੋਸ਼ਾਂ ਵਿਚ ਦੇਖਿਆਂ ਇਸ ਸ਼ਬਦ ਦੇ ਅਰਥ ਮਿਲਦੇ ਹਨ: ਮਿਸਲਾਂ ਦਾ ਬੁਗਚਾ, ਵਹੀ ਖਾਤਾ, ਲਿਖਾ-ਪੜ੍ਹੀ, ਚਿੱਠਾ, ਪੱਤ੍ਰਕਾ, ਮੋਟੀ ਕਿਤਾਬ, ਕਾਗਜਾਂ ਦਾ ਪੁਲੰਦਾ, ਫਰਹਿਸਤ, ਉਧਾਰ ਖਾਤਾ, ਮਹਿਕਮਾ ਆਦਿ। ਦਿਲਚਸਪ ਗੱਲ ਹੈ ਕਿ ਇਸ ਜ਼ਬਾਨ ਵਿਚ ਦਫਤਰ ਲਫਜ਼ ਪੰਜਾਬੀ ਦੀ ਤਰ੍ਹਾਂ ਕਾਰਯਾਲਾ ਦਾ ਅਰਥਾਵਾਂ ਨਹੀਂ ਹੈ ਭਾਵ ਅਜਿਹਾ ਕਮਰਾ ਜਾਂ ਇਮਾਰਤ ਜਿਥੇ ਕਿਸੇ ਵਪਾਰਕ ਜਾਂ ਉਦਯੋਗਿਕ ਸੰਗਠਨ, ਵਿਸ਼ੇਸ਼ ਮਹਿਕਮੇ ਜਾਂ ਕਿਸੇ ਪੇਸ਼ਾਵਰ ਵਿਅਕਤੀ ਦੇ ਕਾਰੋਬਾਰ ਦਾ ਹਿਸਾਬ-ਕਿਤਾਬ ਰੱਖਿਆ ਜਾਂਦਾ ਹੈ ਜਿਵੇਂ ਬੀਮਾ ਦਫਤਰ, ਸਕੂਲ ਦਾ ਦਫਤਰ, ਵਕੀਲ ਦਾ ਦਫਤਰ। ਹਾਂ, ਕਿਸੇ ਨੇ ਕਿਤਾਬਾਂ ਕਾਪੀਆਂ, ਕਾਗਜ਼-ਪੱਤਰਾਂ ਆਦਿ ਦਾ ਗਾਹ ਪਾਇਆ ਹੋਵੇ ਤਾਂ ਉਸ ਨੂੰ ਕਹਿ ਦਈਦਾ ਹੈ ਕਿ ਕਿਵੇਂ ਦਫਤਰ ਖੋਲ੍ਹਿਆ ਹੋਇਆ ਹੈ। ਅੱਗੇ ਜਾ ਕੇ ਅਸੀਂ ਦੇਖਾਂਗੇ ਕਿ ਵਾਸਤਵ ਵਿਚ ਦਫਤਰ ਸ਼ਬਦ ਪਿਛੇ ਲਿਖੇ ਹੋਏ ਕਾਰੋਬਾਰੀ ਕਾਗਜ਼ ਪੱਤਰ ਦਾ ਹੀ ਭਾਵ ਹੈ।
ਪੰਜਾਬੀ ਵਿਚ ਇਹ ਸ਼ਬਦ ਭਾਵੇਂ ਫਾਰਸੀ ਤੋਂ ਆਇਆ ਹੈ ਪਰ ਇਸ ਦੀ ਕਹਾਣੀ ਬੜੀ ਟੇਢੀ ਜਿਹੀ ਹੈ। ਭਾਸ਼ਾ-ਵਿਗਿਆਨੀ ਇਸ ਦਾ ਹੋਰ ਪਿਛਾ ਫਰੋਲਦੇ ਹੋਏ ਇਸ ਦੀਆਂ ਜੜ੍ਹਾਂ ਗਰੀਕ ਵਿਚ ਦੇਖਦੇ ਹਨ। ਇਰਾਨ ਦੇ ਇਕ ਪ੍ਰਤਿਸ਼ਠਿਤ ਇਨਸਾਈਕਲੋਪੀਡੀਆ ‘ਇਰਾਨਿਕਾ’ ਅਨੁਸਾਰ ਇਸ ਦਾ ਗਰੀਕ ਰੂਪ ‘ਡਿਫਥੇਰਾ’ ਜਿਹਾ ਹੈ ਜਿਸ ਦਾ ਅਰਥ ਹੈ ‘ਕਮਾਇਆ ਹੋਇਆ ਚਮੜਾ ਜੋ ਲਿਖਣ ਦੇ ਕੰਮ ਆਉਂਦਾ ਹੈ।’ ਇਸ ਲਈ ਅਸੀਂ ਚਰਮ-ਪੱਤਰ ਸ਼ਬਦ ਚਲਾਇਆ ਹੈ। ਅਜਿਹੇ ਕਿੰਨੇ ਸਾਰੇ ਚਰਮ-ਪੱਤਰਾਂ ਨੂੰ ਧਾਗਿਆਂ ਆਦਿ ਨਾਲ ਪਰੋ ਕੇ ਕਿਤਾਬ ਦੀ ਸ਼ਕਲ ਦਿੱਤੀ ਜਾਂਦੀ ਸੀ। ਭਾਵੇਂ ਗਰੀਕ ਵਿਚ ਇਸ ਦੇ ਹੋਰ ਅਰਥ ਚਮੜੇ ਦੀ ਬਣਾਈ ਕੋਈ ਚੀਜ਼ ਜਿਵੇਂ ਬਟੂਆ, ਬੈਗ, ਟੈਂਟ ਆਦਿ ਵੀ ਹਨ ਪਰ ਸਾਡੇ ਕੰਮ ਦਾ ਅਰਥ ਪਹਿਲਾ ਹੀ ਹੈ।
ਗਰੀਕ ਸ੍ਰੋਤਾਂ ਅਨੁਸਾਰ ‘ਡਿਫਥੇਰਾ’ ਫਾਰਸ ਦੇ ਸ਼ਾਹੀ ਪੁਰਾਲੇਖਾਂ ਲਈ ਵਰਤਿਆ ਜਾਂਦਾ ਸੀ। ਗਰੀਕ ਤੋਂ ਇਹ ਸ਼ਬਦ ਥੋੜੇ-ਬਹੁਤੇ ਉਚਾਰਣ ਦੇ ਫਰਕ ਨਾਲ ਦੁਨੀਆਂ ਦੀਆਂ ਤਮਾਮ ਹੋਰ ਭਾਸ਼ਾਵਾਂ ਵਿਚ ਗਿਆ ਜਿਵੇਂ ਪੁਰਾਣੀ ਸੀਰਿਆਈ, ਫਲਸਤੀਨੀ ਅਰਮਾਇਕ, ਹਿਬਰੂ, ਅਰਬੀ, ਜਾਰਜੀਅਨ, ਕਜ਼ਾਖ, ਮੰਗੋਲੀਅਨ, ਤੁਰਕ ਆਦਿ। ਸਾਰੀਆਂ ਭਾਸ਼ਾਵਾਂ ਵਿਚ ਅਰਥ ਲੇਖਾ-ਜੋਖਾ ਕਰਨ ਵਾਲੀ ਕਿਤਾਬ, ਵਹੀ ਖਾਤਾ ਆਦਿ ਹੀ ਹੈ। ਮਿਸਾਲ ਵਜੋਂ ਉਸਮਾਨੀ ਰਾਜ ਦੌਰਾਨ ਕਰ ਵਸੂਲੀ ਦਾ ਹਿਸਾਬ-ਕਿਤਾਬ ਰੱਖਣ ਵਾਲੇ ਰਜਿਸਟਰ ਨੂੰ ਦੈਫਤਰ ਕਿਹਾ ਜਾਂਦਾ ਸੀ। ਕਿਸੇ ਸ਼ਕਤੀਸ਼ਾਲੀ ਵਜ਼ੀਰ ਨੂੰ ਦਫਤਰਦਾਰ ਕਿਹਾ ਜਾਂਦਾ ਸੀ। ਫਾਰਸੀ ਵਿਚ ਦਫਤਰਚਾ ਦਾ ਮਤਲਬ ਕਿਤਾਬਚਾ ਅਰਥਾਤ ਛੋਟੀ ਕਿਤਾਬ ਹੈ। ਫਿਰ ਕਲਰਕ ਦੇ ਅਰਥਾਂ ਵਿਚ ਦਫਤਰਨਵੀਸ ਤੇ ਦਫਤਰ ਚਲਾਉਣ ਵਾਲੇ ਦੇ ਅਰਥਾਂ ਵਿਚ ਦਫਤਰੀ ਸ਼ਬਦਾਂ ਦਾ ਵਾਧਾ ਹੋਇਆ। ਦਫਤਰੀ ਦਾ ਕੰਮ ਕਾਗਜ਼ਾਂ ਦੀ ਝਾੜ ਪੂੰਝ ਕਰਨਾ ਅਤੇ ਲਿਫਾਫੇ ਆਦਿ ਬਣਾਉਣਾ ਵੀ ਹੁੰਦਾ ਹੈ।
ਅਰਬੀ ਅਤੇ ਫਾਰਸੀ ਵਿਚ ਕਾਰਯਾਲਾ ਦੇ ਅਰਥਾਂ ਵਿਚ ਦਫਤਰਖਾਨਾ ਸ਼ਬਦ ਚੱਲਿਆ ਜੋ ਉਰਦੂ ਵਿਚ ਤੇ ਕੁਝ ਹੱਦ ਤੱਕ ਪੰਜਾਬੀ ਵਿਚ ਵੀ ਪ੍ਰਚਲਿਤ ਹੈ। ਪਰ ਉਰਦੂ ਵਿਚ ਦਫਤਰ ਸ਼ਬਦ ਹੀ ਕਾਰਯਾਲਾ ਦੇ ਅਰਥਾਂ ਵਿਚ ਵੀ ਵਰਤਿਆ ਜਾਣ ਲੱਗਾ। ਗਰੀਕ ਦੀ ਇਕ ਪ੍ਰਾਚੀਨ ਲਿਪੀ ਵਿਚ ਇਸ ਸ਼ਬਦ ਦਾ ‘ਡਿ-ਪਟੇ-ਰਾ’ ਜਿਹਾ ਰੂਪ ਮਿਲਦਾ ਹੈ। ਇਸ ਤਰ੍ਹਾਂ ਇਸ ਸ਼ਬਦ ਦਾ ਮੁਢ ਪੁਰਾਣੀ ਗਰੀਕ ਹੋਣ ਕਾਰਨ ਵਿਚਾਰ ਹੈ ਕਿ ਇਹ ਅੰਤਮ ਤੌਰ ‘ਤੇ ਭਾਰੋਪੀ ਮੂਲ ਦਾ ਹੋਵੇਗਾ ਪਰ ਇਸ ਦੇ ਹੋਰ ਸੁਜਾਤੀ ਸ਼ਬਦ ਨਹੀਂ ਮਿਲਦੇ। ਇਸ ਗੱਲ ਦਾ ਨਿਰਣਾ ਕਰਨਾ ਮੁਸ਼ਕਿਲ ਹੈ ਕਿ ਇਹ ਸ਼ਬਦ ਗਰੀਕ ‘ਚੋਂ ਅਰਬੀ ਰਾਹੀਂ ਫਾਰਸੀ ਵਿਚ ਆਇਆ ਜਾਂ ਸਿੱਧਾ ਹੀ।
‘ਇਰਾਨਿਕਾ’ ਅਨੁਸਾਰ ਇਰਾਨ ਦੇ ਸਾਸਾਨੀ ਕਾਲ ਵਿਚ ਹਰ ਰੋਜ਼ ਪ੍ਰਸ਼ਾਸਨ ਦੇ ਸ਼ਾਹੀ ਫਰਮਾਨਾਂ ਨੂੰ ਇਕ ਰਜਿਸਟਰ ਵਿਚ ਦਰਜ ਕਰਕੇ ਪੁਰਾਲੇਖ ਦੇ ਤੌਰ ‘ਤੇ ਸੰਭਾਲਿਆ ਜਾਂਦਾ ਸੀ। ਅਰਬਾਂ ਦੀ ਜਿੱਤ ਪਿਛੋਂ, ਖਾਸ ਤੌਰ ‘ਤੇ ਦੂਜੇ ਖਲੀਫੇ ਦੇ ਕਾਲ ਦੌਰਾਨ ਅਰਬਾਂ ਨੇ ਵੀ ਦਫਤਰਾਂ ਦੀ ਇਹ ਰੀਤੀ ਅਪਨਾ ਲਈ। ਮੁੱਕਦੀ ਗੱਲ, ਜੋ ਵਰਤਾਰਾ ਇਰਾਨ ਵਿਚ ਪੈਦਾ ਹੋਇਆ ਉਸ ਲਈ ਸ਼ਬਦ ਗਰੀਕ ਵਿਚ ਘੜਿਆ ਗਿਆ ਜਿਸ ਨੂੰ ਇਰਾਨ ਦੀ ਭਾਸ਼ਾ ਫਾਰਸੀ ਸਮੇਤ ਦੁਨੀਆਂ ਦੀਆਂ ਹੋਰ ਭਾਸ਼ਾਵਾਂ ਨੇ ਵੀ ਕੁਝ ਵਿਸਤਾਰ ਦੇ ਕੇ ਅਪਨਾ ਲਿਆ।
ਪਰ ਦਫਤਰ ਦੇ ਚਮੜੇ ਦਾ ਇਕ ਹੋਰ ਵਿਸਤਾਰ ਵੀ ਹੈ। ਸਭ ਨੇ ਡੀæਪੀæਟੀæ ਦੇ ਟੀਕਿਆਂ ਬਾਰੇ ਤਾਂ ਜ਼ਰੂਰ ਸੁਣਿਆ ਹੋਵੇਗਾ। ਇਕੱਠੇ ਹੀ ਲੁਆਏ ਜਾਂਦੇ ਇਹ ਤਿੰਨ ਟੀਕੇ ਬੱਚਿਆਂ ਦੀਆਂ ਤਿੰਨ ਬੀਮਾਰੀਆਂ ਡਿਪਥੀਰੀਆ, ਕਾਲੀ ਖਾਂਸੀ, ਅਤੇ ਟੈਟਨਸ ਦੀ ਰੋਕ ਥਾਮ ਲਈ ਹੁੰਦੇ ਹਨ। ਅਸੀਂ ਗੱਲ ਡਿਪਥੀਰੀਆ (ਇਸ ਲਈ ਰੋਹਿਣੀ ਸ਼ਬਦ ਵੀ ਪ੍ਰਚਲਿਤ ਹੋਇਆ ਹੈ) ਦੀ ਕਰਨੀ ਹੈ। ਇਹ ਬੱਚਿਆਂ ਦੇ ਗਲੇ ਦਾ ਇਕ ਰੋਗ ਹੈ। ਇਸ ਬੀਮਾਰੀ ਦਾ ਇਹ ਨਾਂ ਇਸ ਲਈ ਪਿਆ ਕਿਉਂਕਿ ਇਸ ਦੇ ਮੁਖ ਲੱਛਣਾਂ ਵਿਚੋਂ ਇਕ ਹੈ ਗਲੇ ਦੀ ਝਿਲੀ ਦਾ ਸੁੱਜ ਕੇ ਕਮਾਏ ਚਮੜੇ ਵਾਂਗ ਸਖਤ ਹੋ ਜਾਣਾ। ਇਹ ਸ਼ਬਦ ‘ਦਫਤਰ’ ਦਾ ਮੋਢੀ ਗਰੀਕ ‘ਡਿਫਥੇਰਾ’ ਹੀ ਹੈ ਜਿਸ ਦਾ ਪਿਛੇ ਜ਼ਿਕਰ ਹੋਇਆ ਹੈ। ਦਿਲਚਸਪ ਗੱਲ ਹੈ ਕਿ ਅਰਬੀ ਅਤੇ ਫਾਰਸੀ ਵਿਚ ਇਸ ਬੀਮਾਰੀ ਲਈ ਇਕ ਸ਼ਬਦ ‘ਦਿਫਤਰੀਆ’ ਵੀ ਮਿਲਦਾ ਹੈ। ਅੱਖਰ ਅਤੇ ਚਿੱਠੀ ਦੇ ਅਰਥਾਂ ਵਾਲੇ ਅੰਗਰੇਜ਼ੀ ਸ਼ਬਦ ਲeਟਟeਰ ਦਾ ਵੀ ਇਸ ਨਾਲ ਸਬੰਧ ਜੋੜਿਆ ਜਾਂਦਾ ਹੈ ਕਿਉਂਕਿ ਗਰੀਕ ਡਿਫਥੇਰਾ ਵਿਚ ਉਕਰੇ ਜਾਂ ਲਿਖੇ ਹੋਏ ਸਿਲਾਲੇਖ ਦੇ ਭਾਵ ਹਨ।