ਜਲੰਧਰ: ਐਨਆਰਆਈ ਸਭਾ ਦੀ ਪ੍ਰਧਾਨਗੀ ਲਈ ਕਾਗਜ਼ ਵਾਪਸੀ ਦੇ ਆਖਰੀ ਦਿਨ ਹੁਣ ਤਿੰਨ ਉਮੀਦਵਾਰ ਮੈਦਾਨ ਵਿਚ ਰਹਿ ਗਏ ਹਨ। ਇਨ੍ਹਾਂ ਵਿਚ ਸਾਬਕਾ ਪ੍ਰਧਾਨ ਪ੍ਰੀਤਮ ਸਿੰਘ ਨਾਰੰਗਪੁਰ, ਸਾਬਕਾ ਪ੍ਰਧਾਨ ਕਮਲਜੀਤ ਸਿੰਘ ਹੇਅਰ ਤੇ ਸਾਬਕਾ ਵਾਈਸ ਪ੍ਰਧਾਨ ਜਸਬੀਰ ਸਿੰਘ ਸ਼ੇਰਗਿੱਲ ਹਨ। ਤਿੰਨੇ ਉਮੀਦਵਾਰ ਸਿਆਸੀ ਸਰਪ੍ਰਸਤੀ ਦੀ ਭਾਲ ਵਿਚ ਹਨ। ਸਿਆਸੀ ਸਰਪ੍ਰਸਤੀ ਬਿਨਾਂ ਸਭਾ ਦੀ ਪ੍ਰਧਾਨਗੀ ਹਾਸਲ ਕਰਨੀ ਮੁਸ਼ਕਲ ਹੈ। ਸ਼ ਸ਼ੇਰਗਿੱਲ ਦੀ ਹਮਾਇਤ ਨਕੋਦਰ ਤੋਂ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਤੇ ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ ਕਰ ਰਹੇ ਹਨ।
ਪਿਛਲੀਆਂ ਚੋਣਾਂ ਦੌਰਾਨ ਕਮਲਜੀਤ ਸਿੰਘ ਹੇਅਰ ਦੀ ਹਮਾਇਤ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਪਾਰਟੀ ਦੇ ਸੱਕਤਰ ਜਨਰਲ ਸੁਖਦੇਵ ਸਿੰਘ ਢੀਂਡਸਾ ਨੇ ਕੀਤੀ ਸੀ। ਸੂਤਰਾਂ ਅਨੁਸਾਰ ਸ਼ ਢੀਂਡਸਾ ਇਸ ਵਾਰ ਕਿਸੇ ਦੀ ਵੀ ਹਮਾਇਤ ਨਹੀਂ ਕਰ ਰਹੇ। ਪ੍ਰੀਤਮ ਸਿੰਘ ਨਾਰੰਗਪੁਰ ਨੂੰ ਸਾਬਕਾ ਮੰਤਰੀ ਤੇ ਮੌਜੂਦਾ ਵਿਧਾਇਕ ਬੀਬੀ ਜਗੀਰ ਕੌਰ ਦੇ ਕਾਫੀ ਨਜ਼ਦੀਕੀ ਮੰਨਿਆ ਜਾਂਦਾ ਹੈ ਤੇ ਬੀਬੀ ਐਨਆਰਆਈ ਮਾਮਲਿਆ ਦੇ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਨੇੜੇ ਹਨ। ਪਹਿਲਾਂ ਵੀ ਸਭਾ ਦੇ ਪ੍ਰਧਾਨ ਰਹਿ ਚੁੱਕੇ ਸ਼ ਨਾਰੰਗਪੁਰ ਨੇ ਆਪਣੇ ਕਾਰਜ ਕਾਲ ਦੌਰਾਨ ਕਿਰਾਏ ਦੇ ਕਾਨੂੰਨ ਵਿਚ ਸੋਧ ਕਰਵਾ ਕੇ ਪਰਵਾਸੀ ਪੰਜਾਬੀਆਂ ਨੂੰ ਵੱਡੀ ਰਾਹਤ ਪਹੁੰਚਾਈ ਸੀ। ਕਮਲਜੀਤ ਸਿੰਘ ਹੇਆਰ ਦੋ ਵਾਰ ਪ੍ਰਧਾਨ ਰਹਿ ਚੁੱਕੇ ਹਨ। ਉਨ੍ਹਾਂ ਦਾ ਕਾਰਜਕਾਲ ਹਮੇਸ਼ਾ ਹੀ ਵਿਵਾਦਾਦਾਂ ਵਿਚ ਰਿਹਾ ਹੈ। ਸਭ ਤੋਂ ਵੱਡਾ ਵਿਵਾਦ ਤਾਂ ਉਨ੍ਹਾਂ ਦੀ ਨਾਗਰਿਕਤਾ ਨੂੰ ਲੈ ਕੇ ਪੈਦਾ ਹੋਇਆ ਹੈ। ਉਹ ਬ੍ਰਿਟਿਸ਼ ਨਾਗਰਿਕ ਹਨ ਜੋ ਚੋਣ ਹੀ ਨਹੀਂ ਲੜ ਸਕਦਾ ਸੀ ਪਰ ਚੋਣ ਅਧਿਕਾਰੀਆਂ ਨੇ ਜਸਬੀਰ ਸਿੰਘ ਸ਼ੇਰਗਿੱਲ ਵੱਲੋਂ ਦਿੱਤੇ ਠੌਸ ਇਤਰਾਜ਼ਾ ਦੀ ਵੀ ਪ੍ਰਵਾਹ ਨਹੀਂ ਸੀ ਕੀਤੀ। ਤੀਜੇ ਉਮੀਦਵਾਰ ਸ਼ ਸ਼ੇਰਗਿੱਲ ਸਭਾ ਵਿਚ ਵਾਈਸ ਪ੍ਰਧਾਨ ਰਹਿ ਚੁੱਕੇ ਹਨ ਤੇ ਉਹ ਪ੍ਰਧਾਨਗੀ ਲਈ ਹਰ ਵਾਰ ਜ਼ੋਰ ਵੀ ਪੂਰਾ ਲਾਉਂਦੇ ਹਨ ਪਰ ਠੋਸ ਰਣਨੀਤੀ ਦੀ ਘਾਟ ਕਾਰਨ ਉਹ ਮਾਤ ਖਾਂਦੇ ਆ ਰਹੇ ਹਨ। ਇਸ ਵਾਰ ਉਨ੍ਹਾਂ ਦਾਆਵਾ ਕੀਤਾ ਹੈ ਕਿ ਉਨ੍ਹਾਂ ਨੇ ਆਪਣੀਆਂ ਖਾਮੀਆਂ ਨੂੰ ਦੂਰ ਕਰ ਲਿਆ ਹੈ। ਇਸ ਸਮੇਂ ਸਭਾ ਦੇ ਕੁਲ 18000 ਦੇ ਕਰੀਬ ਮੈਂਬਰ ਹਨ ਜਿਹੜੇ 27 ਜਨਵਰੀ ਨੂੰ ਆਪਣਾ ਪ੍ਰਧਾਨ ਚੁਣਗੇ। ਸਭਾ ਦੇ ਪ੍ਰਧਾਨ ਦੀ ਚੋਣ ਦੋ ਸਾਲ ਲਈ ਹੁੰਦੀ ਹੈ। ਸਭਾ ਵੱਲੋਂ ਪਰਵਾਸੀਆਂ ਦੀਆਂ ਉਠਾਈਆਂ ਮੁਸ਼ਕਲ੍ਹਾਂ ਨੂੰ ਧਿਆਨ ਵਿਚ ਰੱਖਦਿਆਂ ਹੀ ਪੰਜਾਬ ਸਰਕਾਰ ਨੂੰ ਐਨਆਰਆਈਜ਼ ਲਈ ਬਾਕਾਇਦਾ ਵੱਖਰਾ ਵਿਭਾਗ ਸਥਾਪਿਤ ਕਰਨਾ ਪਿਆ ਸੀ।
ਦਿਲਚਪਸ ਗੱਲ ਹੈ ਕਿ ਐਨਆਰਆਈ ਸਭਾ ਦੇ ਸੰਵਿਧਾਨ ਵਿਚ ਬੜਾ ਸ਼ਪਸ਼ਟ ਲਿਖਿਆ ਹੈ ਕਿ ਸਭਾ ਮੁੰਕਮਲ ਤੌਰ ‘ਤੇ ਗੈਰ ਸਿਆਸੀ ਜਥੇਬੰਦੀ ਹੋਵੇਗੀ ਪਰ ਹੁਣ ਇਸ ਦੇ ਪ੍ਰਧਾਨ ਦੇ ਚੋਣ ਲਈ ਪੂਰੀ ਤਰ੍ਹਾਂ ਸਿਆਸਤ ਵਰਤੀ ਜਾ ਰਹੀ ਹੈ ਤੇ ਰਾਜਨੀਤਕ ਪਾਰਟੀਆਂ ਦੇ ਆਗੂ ਖੁੱਲ੍ਹਕੇ ਇਸ ਵਿਚ ਦਖਲਅੰਦਾਜ਼ੀ ਕਰਦੇ ਆ ਰਹੇ ਹਨ ਜਿਸ ਪਾਰਟੀ ਕੋਲ ਸੱਤਾ ਹੁੰਦੀ ਹੈ, ਉਸ ਪਾਰਟੀ ਦੀ ਮਰਜ਼ੀ ਦਾ ਹੀ ਪ੍ਰਧਾਨ ਬਣਾਇਆ ਜਾਂਦਾ ਹੈ।
ਸਭਾ ਦੇ ਸੰਵਿਧਾਨ ਵਿਚ ਪਿਛਲੇ ਸਾਲ ਸੋਧ ਕਰਨ ਲਈ ਜਸਬੀਰ ਸਿੰਘ ਸ਼ੇਰਗਿੱਲ ਵੱਲੋਂ ਲਿਆਂਦਾ ਮਤਾ ਪਾਸ ਕੀਤਾ ਗਿਆ ਸੀ। ਇਸ ਮਤੇ ਰਾਹੀਂ ਪਰਵਾਸੀ ਪੰਜਾਬੀਆਂ ਵੱਲੋਂ ਨਾਮਜ਼ਦ ਕੀਤੇ ਜਾਂਦੇ ਨੌਮਨੀ ਨੂੰ ਵੋਟ ਪਾਉਣ ਦਾ ਹੁਣ ਅਧਿਕਾਰ ਨਹੀਂ ਰਿਹਾ।
Leave a Reply