ਡਾæ ਗੁਰਨਾਮ ਕੌਰ ਕੈਨੇਡਾ
ਪਿਛਲੇ ਲੇਖ ਵਿਚ ਅਸੀਂ ਭਾਈ ਗੁਰਦਾਸ ਅਨੁਸਾਰ ਸਾਮ ਵੇਦ ਅਤੇ ਵੇਦਾਂਤ ਸਬੰਧੀ ਗੱਲ ਕੀਤੀ ਸੀ। ਇਸ ਲੇਖ ਵਿਚ ਭਾਈ ਗੁਰਦਾਸ ਦੇ ਕਥਨ ਅਨੁਸਾਰ ਅਥਰਵ ਵੇਦ (ਅਥਰਵਣ ਵੇਦ) ਨਾਲ ਸਾਂਖ ਸ਼ਾਸਤਰ ਦੇ ਸਬੰਧ ਬਾਰੇ ਵਿਚਾਰ-ਚਰਚਾ ਕਰਾਂਗੇ। ਅਥਰਵ ਵੇਦ ਦਾ ਅਰਥ ਕਰਦਿਆਂ ਇਸ ਨੂੰ ਅਥਰਵਾਣਾਂ ਦੇ ਗਿਆਨ ਦਾ ਭੰਡਾਰ ਕਿਹਾ ਜਾਂਦਾ ਹੈ ਅਰਥਾਤ ਇਹ ਵੇਦ ਰੋਜ਼ਮੱਰਾ ਜੀਵਨ ਦੇ ਕਾਰਜਾਂ ਜਾਂ ਅਮਲਾਂ ਦੇ ਗਿਆਨ ਦਾ ਭੰਡਾਰ ਹੈ। ਇਹ ਚੌਥਾ ਵੇਦ ਹੈ ਪ੍ਰੰਤੂ ਇਸ ਨੂੰ ਵੈਦਿਕ ਗ੍ਰੰਥਾਂ ਵਿਚ ਬਹੁਤ ਬਾਅਦ ਦੇ ਸਮੇਂ ਦੀ ਰਚਨਾ ਮੰਨਿਆ ਗਿਆ ਹੈ।
ਜੇ ਅਸੀਂ ਭਾਈ ਗੁਰਦਾਸ ਦੀ ਪਹਿਲੀ ਵਾਰ ਦੀ ਪੰਜਵੀਂ, ਛੇਵੀਂ, ਸੱਤਵੀਂ ਅਤੇ ਅੱਠਵੀਂ ਪਉੜੀ ਨੂੰ ਧਿਆਨ ਨਾਲ ਦੇਖੀਏ ਤਾਂ ਪਤਾ ਲੱਗਦਾ ਹੈ ਕਿ ਉਨ੍ਹਾਂ ਨੇ ਇਸ ਤੱਥ ਵੱਲ ਇਸ਼ਾਰਾ ਕੀਤਾ ਹੈ ਕਿ ਹਿੰਦੂ ਧਰਮ ਸ਼ਾਸਤਰਾਂ ਅਨੁਸਾਰ ਚਾਰ ਯੁਗ ਥਾਪੇ ਗਏ, ਚਾਰ ਯੁਗਾਂ ਦੇ ਚਾਰ ਹੀ ਵੇਦ ਅਤੇ ਚਾਰਾਂ ਵੇਦਾਂ ਦੇ ਵੱਖਰੇ ਵੱਖਰੇ ਚਾਰ ਧਰਮ, ਚਾਰ ਅਵਤਾਰ ਅਤੇ ਚਾਰੇ ਯੁਗਾਂ ਵਿਚ ਚਾਰ ਵਰਨਾਂ ਵਿਚੋਂ ਕਿਸ ਕਿਸ ਵਰਨ ਦੀ ਬਿਰਤੀ ਪ੍ਰਧਾਨ ਰਹੇਗੀ, ਇਸ ਸਭ ਦਾ ਖੁਲਾਸਾ ਸੰਕੇਤਕ ਰੂਪ ਵਿਚ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਅਠਵੀਂ ਪਉੜੀ ਵਿਚ ਉਹ ਇਹ ਵੀ ਖੁਲਾਸਾ ਕਰਦੇ ਹਨ ਕਿ ਚਾਰ ਵੇਦਾਂ ਦੇ ਚਾਰ ਧਰਮ ਰਿੜਕ ਕੇ ਹੀ ਰਿਸ਼ੀਆਂ ਨੇ ਖੱਟ ਸ਼ਾਸਤਰਾਂ ਜਾਂ ਛੇ ਸ਼ਾਸਤਰਾਂ ਦੀ ਰਚਨਾ ਕੀਤੀ।
ਬਾਰਵੀਂ ਪਉੜੀ, ਜਿਸ ਵਿਚ ਉਹ ਸਾਂਖ ਸ਼ਾਸਤਰ ਦਾ ਸਬੰਧ ਅਥਰਵ ਵੇਦ ਨਾਲ ਦੱਸਦੇ ਹਨ, ਉਥੇ ਇਹ ਜਾਣਕਾਰੀ ਵੀ ਸਾਂਝੀ ਕਰਦੇ ਹਨ ਕਿ ਦੁਆਪਰ ਯੁਗ ਬੀਤ ਜਾਣ ਤੋਂ ਬਾਅਦ ਕਲਯੁਗ ਦਾ ਸਮਾਂ ਆਉਂਦਾ ਹੈ ਅਤੇ ਇਸ ਕਲਯੁਗ ਦੇ ਸਮੇਂ ਅੰਦਰ ਹੀ ਅਥਰਵਣ ਵੇਦ ਦੀ ਰਚਨਾ ਹੁੰਦੀ ਹੈ। ਇਸ ਤਰ੍ਹਾਂ ਭਾਈ ਸਾਹਿਬ ਦੇ ਕਥਨ ਤੋਂ ਵੀ ਸਪੱਸ਼ਟ ਹੈ ਕਿ ਅਥਰਵ ਵੇਦ ਦੀ ਰਚਨਾ ਦੂਸਰੇ ਵੇਦਾਂ ਨਾਲੋਂ ਬਹੁਤ ਬਾਅਦ ਦੀ ਰਚਨਾ ਹੈ। ਇਥੇ ਇੱਕ ਗੱਲ ਹੋਰ ਦ੍ਰਿਸ਼ਟੀਗੋਚਰ ਹੁੰਦੀ ਹੈ ਕਿ ਭਾਈ ਗੁਰਦਾਸ ਨੇ ਇਸ ਨੂੰ ਅਥਰਵ ਦੀ ਥਾਂ ਅਥਰਵਣ ਵੇਦ ਕਿਹਾ ਹੈ ਜੋ ਕਿ ਸਹੀ ਜਾਪਦਾ ਹੈ ਕਿਉਂਕਿ ਇਸ ਵੇਦ ਦੇ ਅਰਥ ਕਰਨ ਲੱਗਿਆਂ, ਜਿਵੇਂ ਕਿ ਉਪਰ ਦੇਖਿਆ ਹੈ, ਇਸ ਨੂੰ ਅਥਰਵਾਣਾਂ ਅਰਥਾਤ ਰੋਜ਼ਾਨਾ ਜੀਵਨ ਦੇ ਕਾਰਜਾਂ ਦੇ ਗਿਆਨ ਦਾ ਭੰਡਾਰ ਕਿਹਾ ਗਿਆ ਹੈ। ਇੱਕ ਧਾਰਨਾ ਇਹ ਵੀ ਪ੍ਰਚਲਿਤ ਹੈ ਕਿ ਇਸ ਦਾ ਨਾਂ ਇਸ ਦੇ ਰਚਣ ਵਾਲੇ ਰਿਸ਼ੀ ਆਥਰਵਣ ਦੇ ਨਾਂ ‘ਤੇ ਅਥਰਵ ਵੇਦ ਪਿਆ।
ਅਥਰਵਵੇਦ ਦੀ ਰਚਨਾ ਵੀ ਵੈਦਿਕ ਸੰਸਕ੍ਰਿਤ ਵਿਚ ਕੀਤੀ ਹੋਈ ਹੈ ਜੋ ਕਿ 730 ਭਜਨਾਂ ਦਾ ਸਮੂਹ ਹੈ ਜਿਸ ਦੇ 6000 ਮੰਤਰ ਹਨ, ਜਿਨ੍ਹਾਂ ਦੀ ਵੰਡ 20 ਕਾਂਡਾਂ ਵਿਚ ਕੀਤੀ ਹੋਈ ਹੈ। ਅਥਰਵਵੇਦ ਦੇ ਸਾਰੇ ਮੂਲ ਪਾਠ ਦਾ ਤਕਰੀਬਨ ਛੇਵਾਂ ਭਾਗ ਰਿਗਵੇਦ ਦੇ ਪਾਠ ਦੇ ਅਨੁਕੂਲ ਹੈ। 15ਵੇਂ ਅਤੇ 16ਵੇਂ ਕਾਂਡ ਨੂੰ ਛੱਡ ਕੇ ਬਾਕੀ ਸਾਰੇ ਕਾਂਡ ਤਕਰੀਬਨ ਕਵਿਤਾ ਵਿਚ ਹਨ ਜਿਸ ਵਿਚ ਵਿਵਿਧ ਵੈਦਿਕ ਛੰਦਾਂ ਦੀ ਵਰਤੋਂ ਕੀਤੀ ਹੋਈ ਹੈ। ਵਰਤਮਾਨ ਸਮੇਂ ਤੱਕ ਅਥਰਵ ਵੇਦ ਦੇ ਪਾਠ ਦੇ ਦੋ ਸੰਕਲਨ ਬਚ ਸਕੇ ਹਨ-ਪੈਪਲਾਦ ਅਤੇ ਸਾਉਨਕੀਆ। ਅਥਰਵ ਵੇਦ ਨੂੰ ਕਈ ਵਾਰ ਯਾਦੂ-ਵਿਧੀਆਂ ਦਾ ਵੇਦ ਵੀ ਕਿਹਾ ਜਾਂਦਾ ਹੈ। ਸੰਹਿਤਾ ਪਾਠ ਦੇ ਮੰਤਰ ਯਾਦੂ ਅਤੇ ਧਾਰਮਿਕ ਰਸਮਾਂ ਨਾਲ ਸਬੰਧਤ ਹਨ, ਜੋ ਵਹਿਮਾਂ-ਭਰਮਾਂ ਦੀ ਬੇਚੈਨੀ, ਟੂਣਿਆਂ ਅਤੇ ਹੋਰ ਇਸ ਤਰ੍ਹਾਂ ਦੇ ਵਿਕਾਰਾਂ ਅਤੇ ਰੋਗਾਂ ਆਦਿ ਨੂੰ, ਜਿਹੜੇ ਪ੍ਰੇਤਾਂ ਜਾਂ ਜੜੀ-ਬੂਟੀਆਂ ਤੋਂ ਹੋਏ ਹੋਣ, ਦੂਰ ਕਰਨ ਅਤੇ ਕਈ ਲਾਭ-ਪ੍ਰਾਪਤੀਆਂ ਲਈ ਉਚਾਰੇ ਜਾਂਦੇ ਹਨ। ਅਥਰਵ ਵੇਦ ਸੰਹਿਤਾ ਦੇ ਕਈ ਕਾਂਡਾਂ ਦੀਆਂ ਰਸਮਾਂ ਜਾਦੂ-ਟੂਣੇ ਤੋਂ ਬਿਨਾਂ ਬ੍ਰਹਮ-ਵਿੱਦਿਆ ਨਾਲ ਸਬੰਧਤ ਹਨ। ਅਥਰਵ ਵੇਦ ਦੀ ਸੰਹਿਤਾ ਅਤੇ ਬ੍ਰਾਹਮਣ ਗ੍ਰੰਥਾਂ ਤੋਂ ਬਿਨਾਂ ਇਸ ਦਾ ਅੰਤਿਮ ਪਾਠ ਦਾਰਸ਼ਨਿਕ ਵਿਚਾਰਾਂ ਨਾਲ ਸਬੰਧਤ ਹੈ। ਇਸ ਅੰਤਿਮ ਪਾਠ ਵਿਚ ਮੁਢਲੇ ਉਪਨਿਸ਼ਦ ਹਨ ਜਿਨ੍ਹਾਂ ਨੇ ਹਿੰਦੂ ਦਰਸ਼ਨ ਦੀਆਂ ਕਈ ਪਰੰਪਰਾਵਾਂ ਨੂੰ ਪ੍ਰਭਾਵਿਤ ਕੀਤਾ। ਦਰਸ਼ਨ ਭਾਗ ਵਿਚ ਮੁੰਡਕ ਉਪਨਿਸ਼ਦ, ਮਾਂਡੂਕਿਅ ਉਪਨਿਸ਼ਦ ਅਤੇ ਪ੍ਰਸ਼ਨ ਉਪਨਿਸ਼ਦ ਮੁੱਖ ਹਨ।
ਮੁੰਡਕ ਉਪਨਿਸ਼ਦ ਅਥਰਵ ਵੇਦ ਦੇ ਵਿਚ ਹੀ ਹੈ ਜੋ ਕਵਿਤਾ-ਵਿਧੀ ਵਿਚ ਲਿਖਿਆ ਹੋਇਆ ਹੈ ਜਿਸ ਦੇ 64 ਛੰਦ ਮੰਤਰ ਰੂਪ ਵਿਚ ਹਨ। ਇਹ ਅਧਿਆਤਮਕ ਗਿਆਨ ਦੀ ਸਿੱਖਿਆ ਦੇਣ ਅਤੇ ਉਸ ‘ਤੇ ਧਿਆਨ ਲਗਾਉਣ ਨਾਲ ਸਬੰਧਤ ਹਨ। ਪੁਰਾਣੇ ਅਤੇ ਮੱਧਕਾਲੀ ਸਮੇਂ ਵਿਚ ਭਾਰਤੀ ਸਾਹਿਤ ਅਤੇ ਵਿਆਖਿਆ ਵਿਚ ਮੁੰਡਕ ਉਪਨਿਸ਼ਦ ਨੂੰ ਮੰਤਰ ਉਪਨਿਸ਼ਦ ਕਰਕੇ ਜਾਣਿਆ ਜਾਂਦਾ ਹੈ। ਮੁੰਡਕ ਉਪਨਿਸ਼ਦ ਦੇ ਤਿੰਨ ਮੁੰਡਕਮ ਜਾਂ ਭਾਗ ਹਨ, ਹਰ ਇੱਕ ਮੁੰਡਕਮ ਦੇ ਦੋ ਹਿੱਸੇ ਹਨ। ਪਹਿਲੇ ਮੁੰਡਕਮ ਜਾਂ ਭਾਗ ਵਿਚ ‘ਉਚ ਗਿਆਨ’ ਅਤੇ ‘ਨਿਮਨ ਗਿਆਨ’ ਦੀ ਪਰਿਭਾਸ਼ਾ ਕੀਤੀ ਗਈ ਹੈ। ਇਸ ਵਿਚ ਦੱਸਿਆ ਗਿਆ ਹੈ ਕਿ ਭੇਟਾ ਜਾਂ ਉਪਹਾਰ ਦੇਣਾ ਮੂਰਖਤਾ ਹੈ; ਇਸ ਨਾਲ ਇਸ ਜਨਮ ਵਿਚ ਗਮੀ ਘਟਦੀ ਨਹੀਂ ਜਾਂ ਅਗਲੇ ਜਨਮ ਵਿਚ ਖੁਸ਼ੀ ਪ੍ਰਾਪਤ ਨਹੀਂ ਹੁੰਦੀ। ਗਿਆਨ ਰਾਹੀਂ ਹੀ ਮੁਕਤੀ ਪ੍ਰਾਪਤ ਹੁੰਦੀ ਹੈ। ਦੂਸਰੇ ਮੁੰਡਕਮ ਵਿਚ ਬ੍ਰਹਮ ਦੇ ਸੁਭਾਅ, ਆਤਮਾ ਅਤੇ ਬ੍ਰਹਮ ਨੂੰ ਪ੍ਰਾਪਤ ਕਰਨ ਦੇ ਮਾਰਗ ਦਾ ਵਰਣਨ ਕੀਤਾ ਗਿਆ ਹੈ। ਤੀਸਰੇ ਮੁੰਡਕਮ ਵਿਚ ਵੀ ਇਹ ਚਰਚਾ ਜਾਰੀ ਹੈ ਅਤੇ ਇਸ ਗੱਲ ‘ਤੇ ਜ਼ੋਰ ਦਿੱਤਾ ਗਿਆ ਹੈ ਕਿ ਬ੍ਰਹਮ ਨੂੰ ਜਾਣ ਲੈਣ ਦੀ ਅਵਸਥਾ ਉਹ ਹੈ ਜਿਸ ਵਿਚ ਸੁਤੰਤਰਤਾ, ਨਿਰਭੈਅਤਾ, ਮੁਕਤੀ ਅਤੇ ਅਨੰਦ ਹੈ।
ਮੁੰਡਕ ਉਪਨਿਸ਼ਦ ਹਿੰਦੂ ਧਰਮ ਦੇ ਉਨ੍ਹਾਂ ਗ੍ਰੰਥਾਂ ਵਿਚੋਂ ਇੱਕ ਹੈ ਜੋ ਸਰਬ-ਈਸ਼ਵਰਵਾਦ ਭਾਵ ਬਹੁ-ਦੇਵਵਾਦ ਦਾ ਸਿਧਾਂਤ ਦਿੰਦੇ ਹਨ। ਇਸ ਵਿਚ ਦੂਸਰੇ ਉਪਨਿਸ਼ਦਾਂ ਦੀ ਤਰ੍ਹਾਂ ਨੈਤਿਕਤਾ ‘ਤੇ ਵੀ ਚਰਚਾ ਮਿਲਦੀ ਹੈ। ਸਤਿ, ਤਪ, ਸਹੀ ਗਿਆਨ ਅਤੇ ਬ੍ਰਹਮਚਾਰੀਆ ਦਾ ਲਗਾਤਾਰ ਪਾਲਣ ਕਰਨ ਨਾਲ ਆਤਮਾ ਦੀ ਪ੍ਰਾਪਤੀ ਹੁੰਦੀ ਹੈ। ਦੂਸਰਾ ਉਪਨਿਸ਼ਦ ਮਾਂਡੂਕਿਅ ਹੈ ਜੋ ਅਥਰਵ ਵੇਦ ਵਿਚ ਸਾਰੇ ਪ੍ਰਾਪਤ ਉਪਨਿਸ਼ਦਾਂ ਵਿਚੋਂ ਛੋਟਾ ਹੈ। ਇਸ ਦੇ ਪਾਠ ਵਿਚ ਓਮ ਪਦ ਅਤੇ ਚੇਤਨਤਾ ਦੀਆਂ ਚਾਰ ਅਵਸਥਾਵਾਂ ਦੇ ਸਿਧਾਂਤ ‘ਤੇ ਚਰਚਾ ਕੀਤੀ ਗਈ ਹੈ, ਆਤਮਾ ਦੀ ਹੋਂਦ ਅਤੇ ਸੁਭਾਅ ‘ਤੇ ਜ਼ੋਰ ਦਿੱਤਾ ਗਿਆ ਹੈ। ਕਿਹਾ ਜਾਂਦਾ ਹੈ ਕਿ ਮਾਂਡੂਕਿਅ ਉਪਨਿਸ਼ਦ ਤੋਂ ਪ੍ਰਭਾਵਿਤ ਹੋ ਕੇ ਗੌੜਪਦ ਨੇ ਹਿੰਦੂ ਧਰਮ ਦੀ ਵੇਦਾਂਤ ਪਰੰਪਰਾ ਲਈ ‘ਕਾਰਤਿਕ’ ਨਾਂ ਦੀ ਟਕਸਾਲੀ ਰਚਨਾ ਕੀਤੀ। ਮਾਂਡੂਕਿਅ ਉਪਨਿਸ਼ਦ ਉਨ੍ਹਾਂ ਪਾਠਾਂ ਵਿਚੋਂ ਹੈ ਜਿਨ੍ਹਾਂ ਦਾ ਹਿੰਦੂ ਧਰਮ ਅਤੇ ਬੁੱਧ ਧਰਮ ਵਿਚ ਕਾਲ ਅਨੁਸਾਰ ਅਤੇ ਦਾਰਸ਼ਨਿਕ ਰਿਸ਼ਤਾ ਦੱਸਣ ਲਈ ਅਕਸਰ ਹਵਾਲਾ ਦਿੱਤਾ ਜਾਂਦਾ ਹੈ।
ਪ੍ਰਸ਼ਨ ਉਪਨਿਸ਼ਦ ਅਥਰਵ-ਵੇਦੀਆਂ ਦੀ ਪੈਪਲਾਦਾ ਪਰੰਪਰਾ ਵਿਚੋਂ ਹੈ। ਇਸ ਪਾਠ ਵਿਚ ਛੇ ਪ੍ਰਸ਼ਨ ਹਨ ਅਤੇ ਹਰ ਇੱਕ ਆਪਣੇ ਆਪ ਵਿਚ ਇੱਕ ਅਧਿਆਏ ਹੈ ਜਿਸ ਵਿਚ ਉਤਰਾਂ ਦੀ ਚਰਚਾ ਹੈ। ਪਹਿਲੇ ਤਿੰਨ ਪ੍ਰਸ਼ਨ ਗੰਭੀਰ ਪਰਾਭੌਤਿਕ ਪ੍ਰਸ਼ਨ ਹਨ ਪ੍ਰੰਤੂ ਇਨ੍ਹਾਂ ਵਿਚ ਕੋਈ ਵੀ ਪਰਿਭਾਸ਼ਿਤ, ਦਾਰਸ਼ਨਿਕ ਉਤਰ ਸ਼ਾਮਲ ਨਹੀਂ ਹਨ। ਆਮ ਤੌਰ ‘ਤੇ ਇਨ੍ਹਾਂ ਵਿਚ ਮਿਥਿਹਾਸ ਅਤੇ ਚਿੰਨ੍ਹਾਂ ਨੂੰ ਵਧਾ ਚੜ੍ਹਾ ਕੇ ਦੱਸਿਆ ਹੋਇਆ ਹੈ। ਇਸ ਦੇ ਉਲਟ ਚੌਥੇ ਭਾਗ ਵਿਚ ਨਿੱਗਰ ਦਰਸ਼ਨ ਹੈ। ਅਖੀਰਲੇ ਦੋ ਭਾਗਾਂ ਵਿਚ ਓਮ ਚਿੰਨ੍ਹ ਅਤੇ ਮੋਕਸ਼ ਦੇ ਸੰਕਲਪ ਦੀ ਚਰਚਾ ਕੀਤੀ ਹੋਈ ਹੈ। ਪ੍ਰਸ਼ਨ ਉਪਨਿਸ਼ਦ ਆਪਣੀ ਬਣਤਰ ਅਤੇ ਸਮਾਜ-ਸ਼ਾਸਤਰੀ ਪਹੁੰਚ-ਵਿਧੀਆਂ ਲਈ ਅਤੇ ਪ੍ਰਾਚੀਨ ਭਾਰਤ ਵਿਚ ਵਿੱਦਿਆ ਦੇ ਅਮਲ ਲਈ ਜਾਣਿਆ ਜਾਂਦਾ ਹੈ।
ਭਾਈ ਗੁਰਦਾਸ ਨੇ ਦੱਸਿਆ ਹੈ ਕਿ ਦੁਆਪਰ ਯੁੱਗ ਦੇ ਖਤਮ ਹੋ ਜਾਣ ‘ਤੇ ਕਲਯੁੱਗ ਦੀ ਆਮਦ ਹੋਈ ਜਿਸ ਵਿਚ ਅਥਰਵ ਵੇਦ ਦੀ ਰਚਨਾ ਹੋਈ ਅਤੇ ਅਥਰਵ ਵੇਦ ਦਾ ਮੰਥਨ ਕਰਕੇ ਕਪਿਲ ਰਿਸ਼ੀ ਨੇ ਸਾਂਖ ਸ਼ਾਸਤਰ ਦੀ ਰਚਨਾ ਕੀਤੀ। ਸਾਂਖ ਦਾ ਆਧਾਰ ਸੰਸਕ੍ਰਿਤ ਦਾ ਸ਼ਬਦ ਸੰਖਿਆ ਹੈ ਜਿਸ ਦਾ ਅਰਥ ਹੈ, ਗਿਣਤੀ। ਸਾਂਖ ਪਰੰਪਰਾ ਵਿਚ ਬ੍ਰਹਿਮੰਡ ਦੇ ਅੰਤਿਮ ਸੰਘਟਕਾਂ ਦੀ ਗਿਣਤੀ ਦੱਸੀ ਗਈ ਹੈ ਅਤੇ ਇਸ ਤਰ੍ਹਾਂ ਇਹ ਅੰਤਿਮ ਸਤਿ ਦਾ ਗਿਆਨ ਦੱਸਦਾ ਹੈ। ਅਸਲ ਵਿਚ ਸਾਂਖ ਪਦ ਦਾ ਅਰਥ ਪੂਰਨ ਗਿਆਨ ਵੀ ਹੈ। ਇਹ ਦਵੈਤਵਾਦੀ ਦਰਸ਼ਨ ਹੈ ਕਿਉਂਕਿ ਇਸ ਅਨੁਸਾਰ ਸਤਿ ਦੋ ਹਨ: ਪੁਰਸ਼-ਆਤਮਾ ਜਾਂ ਸਵੈ ਤੇ ਪ੍ਰਕ੍ਰਿਤੀ-ਮਾਦਾ ਜਾਂ ਸਥੂਲ ਅਤੇ ਸਾਂਖ ਦੋਵਾਂ ਨੂੰ ਇੱਕੋ ਜਿਹੇ ਸਤਿ ਮੰਨਦਾ ਹੈ। ਸਾਂਖ ਨੂੰ ਅਨੇਕਵਾਦੀ ਵੀ ਕਿਹਾ ਜਾਂਦਾ ਹੈ ਕਿਉਂਕਿ ਇਸ ਅਨੁਸਾਰ ਪੁਰਸ਼ ਇੱਕ ਨਹੀਂ ਬਲਕਿ ਅਨੇਕ ਹੈ। ਸਾਂਖ ਅਨੁਸਾਰ ਕਾਰਨ ਕਾਰਜ ਨਾਲੋਂ ਸੂਖਮ ਹੈ। ਉਸ ਅਨੁਸਾਰ ਬ੍ਰਹਿਮੰਡ ਦੀ ਸਥੂਲ ਹੋਂਦ ਦੇ ਪਿੱਛੇ ਬਹੁਤ ਹੀ ਸੂਖਮ ਪਦਾਰਥ ਜਾਂ ਕਾਰਨ ਹੈ, ਜਿਸ ਨੂੰ ਉਹ ਪ੍ਰਕ੍ਰਿਤੀ ਕਹਿੰਦਾ ਹੈ।
ਪ੍ਰਕ੍ਰਿਤੀ ਉਹ ਪਰਾ-ਪੂਰਬਲਾ ਜਾਂ ਆਦਿ ਤੱਤ ਹੈ ਜੋ ਸ੍ਰਿਸ਼ਟੀ ਦੀ ਹੋਂਦ ਦੇ ਪਿੱਛੇ ਹੈ। ਪ੍ਰਕ੍ਰਿਤੀ ਸਾਰੇ ਸੂਖਮ ਅਤੇ ਸਥੂਲ ਤੱਤਾਂ ਦਾ ਅੰਤਿਮ ਕਾਰਨ ਹੈ। ਪ੍ਰਕ੍ਰਿਤੀ ਅਨਾਤਮਕ, ਚੇਤਨਾ-ਰਹਿਤ ਅਤੇ ਅਬੋਧ ਹੈ; ਇਸ ਲਈ ਪੁਰਸ਼ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਜਾਂਦੀ ਹੈ। ਇਹ ਪੁਰਸ਼ ਦੇ ਅਨੁਭਵ ਦੇ ਵਿਭਿੰਨ ਤੱਥਾਂ ਤੋਂ ਅਭਿਵਿਅਕਤ ਹੁੰਦੀ ਹੈ। ਪ੍ਰਕ੍ਰਿਤੀ ਤਿੰਨ ਗੁਣਾਂ ਸਤਵ (ਸਤੋ), ਰਜਸ (ਰਜੋ) ਅਤੇ ਤਮਸ (ਤਮੋ) ਤੋਂ ਬਣੀ ਹੋਈ ਹੈ। ਪ੍ਰਕਾਸ਼, ਤੇਜ ਅਤੇ ਤ੍ਰਿਪਤੀ ਸਤੋ ਗੁਣ ਦੇ ਅੰਗ ਹਨ। ਸਤੋ ਗੁਣ ਦਾ ਸਬੰਧ ਅਹੰ, ਮਨ ਅਤੇ ਬੁੱਧੀ ਨਾਲ ਹੈ। ਚੇਤਨਾ ਨਾਲ ਇਸ ਦਾ ਮੇਲ ਸਭ ਤੋਂ ਮਜ਼ਬੂਤ ਮੰਨਿਆ ਗਿਆ ਹੈ। ਚੇਤਨਾ ਪੁਰਸ਼ ਹੈ। ਰਜੋ ਪਦਾਰਥਾਂ ਦੇ ਕਾਰਜ ਨਾਲ ਸਬੰਧਤ ਹੈ ਅਰਥਾਤ ਸਰਗਰਮੀਆਂ ਅਤੇ ਗਤੀ ਨਾਲ ਇਸ ਦਾ ਸਬੰਧ ਹੈ। ਜੀਵੰਤ ਹਸਤੀਆਂ ਵਿਚ ਸਿਰਫ ਸਰਗਰਮੀ ਅਤੇ ਬੇਚੈਨੀ ਹੀ ਨਹੀਂ, ਪ੍ਰੰਤੂ ਦਰਦ ਵੀ ਰਜੋ ਕਾਰਨ ਹੁੰਦਾ ਹੈ।
ਤਮੋ ਦੇ ਸੰਘਟਕ ਸਥਿਰਤਾ ਅਤੇ ਕਿਰਿਆਹੀਣਤਾ ਹਨ। ਭੌਤਿਕ ਪਦਾਰਥਾਂ ਵਿਚ ਰਜੋ ਗੁਣ ਗਤੀ ਅਤੇ ਸਰਗਰਮੀ ਨੂੰ ਰੋਕਦਾ ਹੈ। ਜੀਵੰਤ ਹਸਤੀਆਂ ਵਿਚ ਇਹ ਖੁਰਦਰਾਪੁਣ, ਅਣਗਹਿਲੀ, ਬੇਪਰਵਾਹੀ ਅਤੇ ਕਿਰਿਆਹੀਣਤਾ ਨਾਲ ਸਬੰਧਤ ਹੈ। ਮਨੁੱਖਾਂ ਵਿਚ ਇਹ ਅਗਿਆਨਤਾ, ਭਾਵਹੀਣਤਾ ਅਤੇ ਕਿਰਿਆਹੀਣਤਾ ਰਾਹੀਂ ਪਰਗਟ ਹੁੰਦਾ ਹੈ। ਸਾਂਖ ਸ਼ਾਸਤਰ ਅਨੁਸਾਰ ਪੁਰਸ਼ ਸੰਸਾਰ ਦਾ ਨਮਿੱਤ ਕਾਰਨ ਹੈ ਅਤੇ ਪ੍ਰਕ੍ਰਿਤੀ ਸਥੂਲ ਕਾਰਨ ਹੈ। ਪੁਰਸ਼ ਸਿਰਜਣਾ ਨਹੀਂ ਕਰਦਾ ਅਤੇ ਪ੍ਰਕ੍ਰਿਤੀ ਦੀ ਸਿਰਜਣਾ ਨਹੀਂ ਹੁੰਦੀ ਪਰ ਪ੍ਰਕ੍ਰਿਤੀ ਸਿਰਜਣਾ ਕਰਦੀ ਹੈ। ਪੁਰਸ਼ ਆਪ ਪ੍ਰਕ੍ਰਿਤੀ ਦੇ ਸੰਪਰਕ ਵਿਚ ਨਹੀਂ ਆਉਂਦਾ ਪਰ ਪ੍ਰਕ੍ਰਿਤੀ ਨੂੰ ਪ੍ਰਭਾਵਿਤ ਕਰਦਾ ਹੈ। ਪ੍ਰਕ੍ਰਿਤੀ ਦੇ ਗੁਣਾਂ ਵਿਚ ਤਬਦੀਲੀ ਆਉਣ ਲੱਗ ਜਾਂਦੀ ਹੈ ਅਤੇ ਵਿਕਾਸ ਸ਼ੁਰੂ ਹੋ ਜਾਂਦਾ ਹੈ। ਇਸ ਦੇ ਵਿਸਥਾਰ ਵਿਚ ਜਾਣ ਦੀ ਇਥੇ ਜ਼ਰੂਰਤ ਨਹੀਂ ਕਿਉਂਕਿ ਇਹ ਇਸ ਲੇਖ ਦਾ ਵਿਸ਼ਾ ਨਹੀਂ ਹੈ।
ਕਪਿਲ ਰਿਸ਼ੀ ਅਨੁਸਾਰ ਪਰਮਾਤਮਾ ਦੀ ਹੋਂਦ ਨੂੰ ਪ੍ਰਮਾਣਿਤ ਨਹੀਂ ਕੀਤਾ ਜਾ ਸਕਦਾ; ਇਸ ਲਈ ਪਰਮਾਤਮਾ ਦੀ ਕੋਈ ਹੋਂਦ ਨਹੀਂ ਹੈ। ਪਰਮਾਤਮਾ ਦੀ ਹੋਂਦ ਨੂੰ ਨਾ ਮੰਨਣ ਕਰਕੇ ਸਾਂਖ ਨੂੰ ਨਾਸਤਿਕ ਵੀ ਕਿਹਾ ਜਾਂਦਾ ਹੈ। ਸਾਂਖ ਸ਼ਾਸਤਰ ਅਨੁਸਾਰ ਮਨੁੱਖ ਦੇ ਬੰਧਨ ਅਤੇ ਦੁੱਖ ਦਾ ਕਾਰਨ ਅਗਿਆਨ ਹੈ। ਸਵੈ ਜਾਂ ਆਤਮਨ ਸਦੀਵੀ ਅਤੇ ਪੂਰਨ ਚੇਤਨਤਾ ਹੈ। ਅਗਿਆਨ ਕਾਰਨ ਆਤਮਨ ਸਰੀਰ ਅਤੇ ਇਸ ਦੇ ਸੰਘਟਕਾਂ ਮਾਨਾਂ, ਅਹੰਕਾਰ ਅਤੇ ਮਹਤ ਨਾਲ ਆਪਣੇ ਆਪ ਨੂੰ ਇਕ ਰੂਪ ਸਮਝ ਲੈਂਦਾ ਹੈ, ਜੋ ਪ੍ਰਕ੍ਰਿਤੀ ਦੀ ਪੈਦਾਵਾਰ ਹਨ। ਜਦੋਂ ਸਵੈ ਜਾਂ ਆਤਮਨ ਇਸ ਝੂਠੀ ਇਕਰੂਪਤਾ ਤੋਂ ਅਤੇ ਸਰੀਰਕ ਬੰਧਨਾਂ ਤੋਂ ਸੁਤੰਤਰ ਹੋ ਜਾਂਦਾ ਹੈ ਤਾਂ ਕੈਵਲਯ ਜਾਂ ਮੁਕਤੀ ਸੰਭਵ ਹੈ।
ਪਹਿਲਾਂ ਵੀ ਗੱਲ ਕੀਤੀ ਗਈ ਹੈ ਕਿ ਭਾਈ ਗੁਰਦਾਸ ਅਨੁਸਾਰ ਦੁਆਪਰ ਯੁਗ ਦੇ ਬੀਤਣ ਨਾਲ ਕਲਯੁਗ ਆ ਗਿਆ ਅਤੇ ਕਲਯੁਗ ਦਾ ਹੀ ਬੋਲਬਾਲਾ ਹੋ ਗਿਆ। ਇਸ ਸਮੇਂ ਚੌਥੇ ਵੇਦ ਅਥਰਵਣ ਦੀ ਸਥਾਪਨਾ ਹੋਈ ਅਰਥਾਤ ਅਥਰਵ ਵੇਦ ਦੀ ਰਚਨਾ ਹੋਈ ਅਤੇ ਲੋਕ ਹੁਣ ਉਤਰ ਵੱਲ ਮੂੰਹ ਕਰਕੇ ਗੁਣਾਂ ਦਾ ਗਾਇਨ ਕਰਨ ਲੱਗੇ। ਕਪਿਲ ਰਿਸ਼ੀ ਨੇ ਅਥਰਵ ਵੇਦ ਦੀ ਸ਼ਰੁਤੀ ਦਾ ਮੰਥਨ ਕਰਕੇ ਸਾਂਖ ਸ਼ਾਸਤਰ ਦੇ ਸੂਤਰ ਸੁਣਾਏ ਭਾਵ ਸਾਂਖ ਸ਼ਾਸਤਰ ਦੀ ਰਚਨਾ ਕੀਤੀ। ਇਸ ਤਰ੍ਹਾਂ ਗਿਆਨ ਨਾਲ ਸੁਸਿਕਸ਼ਤ ਹੋ ਕੇ ਲੋਕ ਹੋਰ ਅੱਗੇ ਅੱਗੇ ਗਿਆਨ ਤੇ ਵਿਚਾਰਾਂ ਕਰਨ ਲੱਗੇ।
ਭਾਈ ਸਾਹਿਬ ਕਹਿੰਦੇ ਹਨ ਕਿ ਸਾਂਖ ਸ਼ਾਸਤਰ ਅਨੁਸਾਰ ਦੱਸਿਆ ਗਿਆ ਹੈ ਕਿ ਗਿਆਨ ਤੋਂ ਬਿਨਾਂ ਮੁਕਤ-ਪਦ ਜਾਂ ਕੈਵਲਯ ਪ੍ਰਾਪਤ ਕਰਨਾ ਸੰਭਵ ਨਹੀਂ ਹੈ। ਸਾਂਖ ਸ਼ਾਸਤਰ ਦੀ ਗੱਲ ਕਰਦਿਆਂ ਅਸੀਂ ਵੀ ਇਹ ਦੇਖ ਚੁੱਕੇ ਹਾਂ ਕਿ ਸਾਂਖ ਅਨੁਸਾਰ ਜਦੋਂ ਸਵੈ ਜਾਂ ਆਤਮਨ ਨੂੰ ਅਸਲੀਅਤ ਦਾ ਗਿਆਨ ਹੋ ਜਾਂਦਾ ਹੈ ਅਤੇ ਉਹ ਆਪਣੇ ਆਪ ਨੂੰ ਸਰੀਰ ਤੋਂ ਭਿੰਨ ਸਮਝਦਾ ਹੈ ਤਾਂ ਮੁਕਤੀ ਸੰਭਵ ਹੈ। ਅਥਰਵ ਵੇਦ ਦੇ ਉਪਨਿਸ਼ਦਾਂ ਮੁੰਡਕ ਅਤੇ ਮਾਂਡੂਕਿਅ ਵਿਚ ਵੀ ਗਿਆਨ ਦੀ ਪ੍ਰਾਪਤੀ ‘ਤੇ ਜ਼ੋਰ ਦਿੱਤਾ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਭੇਟਾ ਦੇਣਾ ਜਾਂ ਕਿਸੇ ਹੋਰ ਤਰ੍ਹਾਂ ਦੇ ਯਤਨ ਕਰਨਾ ਬੇਅਰਥ ਹੈ। ਗਿਆਨ ਦਾ ਮਾਰਗ ਹੀ ਅਸਲੀ ਮਾਰਗ ਹੈ। ਸਾਂਖ ਦਰਸ਼ਨ ਵਿਚ ਸਾਂਖ ਅਤੇ ਯੋਗ ਨੂੰ ਮਿਲਾ ਕੇ ਦੇਖਿਆ ਜਾਂਦਾ ਹੈ ਕਿਉਂਕਿ ਸਾਂਖ ਸ਼ਾਸਤਰ ਸਿਧਾਂਤ ਦਾ ਪ੍ਰਤੀਨਿਧ ਹੈ ਅਤੇ ਯੋਗ ਉਸ ਦੇ ਅਮਲੀ ਪੱਖ ਜਾਂ ਉਸ ਸਿਧਾਂਤ ਨੂੰ ਅਮਲ ਵਿਚ ਲਿਆਉਣ ਦਾ ਪ੍ਰਤੀਨਿਧ ਹੈ।
ਭਾਈ ਗੁਰਦਾਸ ਦੇ ਕਥਨ ਅਨੁਸਾਰ ਵੀ ਕਰਮ ਅਤੇ ਯੋਗ ਸਰੀਰ ਜਾਂ ਦੇਹ ਦੇ ਕਰਨ ਯੋਗ ਕਰਮ ਹਨ ਜੋ ਕਿ ਬਿਨਸਨਹਾਰ ਅਤੇ ਛਿਣ-ਭੰਗਰੀ ਹਨ। ਭਾਈ ਸਾਹਿਬ ਅਨੁਸਾਰ ਸਾਂਖ ਸ਼ਾਸਤਰ ਵਿਚ ਦੱਸਿਆ ਗਿਆ ਹੈ ਕਿ ਵਿਸ਼ਲੇਸ਼ਣਾਤਮਕ ਗਿਆਨ ਅਤੇ ਸਿਆਣਪ ਰਾਹੀਂ ਅਨੰਦ ਦੀ ਪ੍ਰਾਪਤੀ ਹੁੰਦੀ ਹੈ ਜਿਸ ਨਾਲ ਮਨੁੱਖ ਜਾਂ ਜੀਵ ਦੇ ਅੰਦਰੋਂ ਭਰਮ ਖਤਮ ਹੋ ਜਾਂਦਾ ਹੈ ਅਤੇ ਉਸ ਦਾ ਜਨਮ-ਮਰਨ ਦਾ ਚੱਕਰ ਮੁੱਕ ਜਾਂਦਾ ਹੈ। ਗੁਰਮਤਿ ਦਰਸ਼ਨ ਅਨੁਸਾਰ ਮੁਕਤੀ ਦਾ ਸੰਕਲਪ ਸਵੈ ਜਾਂ ਆਤਮਾ ਦਾ ਪਰਮ ਸਤਿ ਜਾਂ ਅਕਾਲ ਪੁਰਖ ਵਿਚ ਵਿਲੀਨ ਹੋ ਜਾਣਾ ਹੀ ਮੁਕਤੀ ਪ੍ਰਾਪਤ ਕਰਨਾ ਹੈ, ਜਿਸ ਨੂੰ ਪੰਚਮ ਪਾਤਿਸ਼ਾਹ ਹਜ਼ੂਰ ਨੇ ਸੂਰਜ ਨਾਲ ਕਿਰਨ ਦੇ ਮਿਲ ਜਾਣ ਅਤੇ ਜਲ ਦੇ ਜਲ ਵਿਚ ਮਿਲ ਜਾਣ ਦੇ ਦ੍ਰਿਸ਼ਟਾਂਤ ਰਾਹੀਂ ਸਮਝਾਇਆ ਹੈ। ਕਿਰਨ ਦਾ ਸਰੋਤ ਸੂਰਜ ਹੈ ਅਤੇ ਬੂੰਦ ਦਾ ਸਰੋਤ ਸਾਗਰ ਹੈ; ਜਿਵੇਂ ਇਹ ਦੋਵੇਂ ਆਪਣੇ ਸਰੋਤ ਨਾਲ ਮਿਲ ਕੇ ਉਸ ਵਿਚ ਹੀ ਸਮਾ ਜਾਂਦੀਆਂ ਹਨ, ਉਸੇ ਦਾ ਰੂਪ ਹੋ ਜਾਂਦੀਆਂ ਹਨ, ਇਸੇ ਤਰ੍ਹਾਂ ਜੀਵ ਦੇ ਅੰਦਰਲੀ ਜੋਤਿ ਅਕਾਲ ਪੁਰਖ ਦੀ ਜੋਤਿ ਨਾਲ ਮਿਲ ਕੇ ਉਸੇ ਦਾ ਸਰੂਪ ਹੋ ਜਾਂਦੀ ਹੈ, ਜਿਸ ਨੂੰ ਗੁਰਮਤਿ ਵਿਚ ਜੀਵ-ਆਤਮਾ ਦਾ ਸੰਪੂਰਨ ਹੋ ਜਾਣਾ ਕਿਹਾ ਹੈ,
ਸੂਰਜ ਕਿਰਣਿ ਮਿਲੇ ਜਲ ਕਾ ਜਲੁ ਹੂਆ ਰਾਮ॥
ਜੋਤੀ ਜੋਤਿ ਰਲੀ ਸੰਪੂਰਨ ਥੀਆ ਰਾਮ॥
ਇਸ ਤਰ੍ਹਾਂ ਅਸੀਂ ਦੇਖਿਆ ਹੈ ਕਿ ਭਾਈ ਸਾਹਿਬ ਨੇ ਅਥਰਵ ਵੇਦ ਅਤੇ ਸਾਂਖ ਸ਼ਾਸਤਰ ਦੀ ਜੋ ਵਿਆਖਿਆ ਕੀਤੀ ਹੈ, ਉਹ ਪੂਰੇ ਅਧਿਐਨ ਅਤੇ ਸੂਝ ਨਾਲ ਕੀਤੀ ਹੋਈ ਹੈ। ਵੈਦਿਕ ਸਿਧਾਂਤਕਾਰਾਂ ਅਨੁਸਾਰ ਉਪਨਿਸ਼ਦਾਂ ਨੂੰ ਵੇਦਾਂ ਦਾ ਦਰਸ਼ਨ ਭਾਗ ਮੰਨਿਆ ਜਾਂਦਾ ਹੈ। ਭਾਵ ਹਰ ਇੱਕ ਵੇਦ ਦੇ ਉਪਨਿਸ਼ਦ ਉਸ ਦਾ ਦਰਸ਼ਨ ਵਿਅਕਤ ਕਰਦੇ ਹਨ। ਸਾਂਖ ਸ਼ਾਸਤਰ ਦਾ ਸਾਰਾ ਜ਼ੋਰ ਪੁਰਸ਼ ਜਾਂ ਆਤਮਾ ਦੇ ਗਿਆਨ ‘ਤੇ ਦਿੱਤਾ ਗਿਆ ਹੈ। ਜਦੋਂ ਪੁਰਸ਼ ਜਾਂ ਆਤਮਾ ਨੂੰ ਆਪਣੀ ਅਸਲੀਅਤ ਦੀ ਸੋਝੀ ਹੋ ਜਾਂਦੀ ਹੈ, ਆਪਣੀ ਅਸਲੀਅਤ ਦਾ ਗਿਆਨ ਹੋ ਜਾਂਦਾ ਹੈ, ਉਹ ਕੈਵਲਯ ਜਾਂ ਮੁਕਤੀ ਪ੍ਰਾਪਤ ਕਰ ਲੈਂਦਾ ਹੈ। ਮੁੰਡਕ ਉਪਨਿਸ਼ਦ ਅਤੇ ਮਾਂਡੂਕਿਅ ਉਪਨਿਸ਼ਦ ਵਿਚ ਵੀ ਗਿਆਨ ‘ਤੇ ਹੀ ਜ਼ੋਰ ਦਿੱਤਾ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਗਿਆਨ ਹੀ ਮੁਕਤੀ ਦਾ ਸਾਧਨ ਹੈ। ਮੁੰਡਕ ਉਪਨਿਸ਼ਦ ਦੇ ਦੂਸਰੇ ਮੁੰਡਕਮ ਜਾਂ ਕਾਂਡ ਵਿਚ ਇਸ ‘ਤੇ ਪੂਰੀ ਚਰਚਾ ਕੀਤੀ ਗਈ ਹੈ ਕਿ ਬ੍ਰਹਮ ਨੂੰ ਜਾਣ ਲੈਣ ਦੀ ਅਵਸਥਾ ਹੀ ਸੁਤੰਤਰਤਾ, ਨਿਰਭੈਅਤਾ, ਮੁਕਤੀ ਅਤੇ ਅਨੰਦ ਦੀ ਅਵਸਥਾ ਹੈ।