ਵਾਰਿਸ ਦੀ ਹੀਰ ਦਾ ਢਾਈ ਸੈਂਕੜਾ

ਸਿੱਧੂ ਦਮਦਮੀ
ਫੋਨ: 91-94170-13869 (ਇੰਡੀਆ)
626-400-3567 (ਅਮਰੀਕਾ)
ਇਸ ਵਰ੍ਹੇ ਅਠਾਰਵੀਂ ਸਦੀ ਵਿਚ ਵਾਰਿਸ ਸ਼ਾਹ ਦੇ ਰਚੇ ਪੰਜਾਬੀ ਦੇ ਮਹਾਂ ਕਾਵਿ ‘ਹੀਰ’ ਨੇ ਆਪਣੀ ਉਮਰ ਦੇ ਢਾਈ ਸੈਂਕੜੇ ਪੂਰੇ ਕਰ ਲਏ ਹਨ।
ਨਿਰਸੰਦੇਹ ਹੀਰ-ਰਾਂਝੇ ਦੇ ਇਸ਼ਕ ਦੀ ਲਾਸਾਨੀ ਲੋਕ ਗਾਥਾ ‘ਤੇ ਵਾਰਿਸ ਤੋਂ ਪਹਿਲਾਂ ਤੇ ਪਿਛੋਂ ਵੀ ਕਈ ਸ਼ਾਇਰਾਂ ਨੇ ਆਪਣੀ ਕਲਮ ਅਜ਼ਮਾਈ ਹੈ। ਇੰਨ੍ਹਾਂ ਵਿਚ ਦਮੋਦਰ ਦਾਸ, ਮੁਕਬਲ, ਅਹਿਮਦ ਗੁਜ਼ਰ, ਮੁਕਬਾਜ਼, ਹਜ਼ੂਰਾ ਸਿੰਘ ਬੁਟਾਰੀ ਆਦਿ ਸ਼ਾਮਲ ਹਨ। ਕਈਆਂ ਨੇ ਇਸ ਨੂੰ ਮੂਲ ਕਥਾ ਵਿਚ ਮਾੜਾ-ਮੋਟਾ ਘਾਟਾ-ਵਾਧਾ ਕਰਕੇ ਤੇ ਵਾਰਿਸ ਦੇ ਉਲਟ ਬੈਂਤ ਦੀ ਥਾਂ ਹੋਰ ਛੰਦਾਂ ਵਿਚ ਲਿਖਣ ਦਾ ਵੀ ਤਜ਼ੁਰਬਾ ਕੀਤਾ ਪਰ ਸਮੇਂ ਦੀ ਕਸਵੱਟੀ ‘ਤੇ ਪਰਖਿਆ ਸੱਚ ਇਹ ਹੈ ਕਿ ਸਦੀਆਂ ਬੀਤ ਜਾਣ ਪਿਛੋਂ ਵੀ ‘ਹੀਰ’ ਵਾਰਿਸ ਸ਼ਾਹ ਤੋਂ ਬਿਨਾ ਕਿਸੇ ਹੋਰ ਦੀ ਨਹੀਂ ਹੋਈ।

ਸਮੇਂ ਦੇ ਨਾਲ ਨਾਲ ਪੰਜਾਬੀ ਸਾਹਿਤ ਦੀ ਇਸ ਸਰਵੋਤਮ ਕਲਾਸੀਕਲ ਰਚਨਾ ਦਾ ਨਾ ਕੇਵਲ ਪੰਜਾਬੀ ਜਗਤ ਵਿਚ ਸਾਹਿਤਕ, ਸਮਾਜਿਕ, ਇਤਿਹਾਸਕ ਤੇ ਅਕਾਦਮਿਕ ਮਹੱਤਵ ਵੱਧਦਾ ਗਿਆ ਸਗੋਂ ਤਰਜ਼ਮੇ ਦੇ ਜ਼ਰੀਏ ਇਹ ਸੰਸਾਰ ਦੇ ਦੂਸਰੇ ਮੁਲਖਾਂ ਵਿਚ ਵੀ ਪਹੁੰਚ ਗਈ। ਹੁਣ ਤਕ ਇਸ ਸ਼ਾਹਕਾਰ ਕਿੱਸੇ ਦੇ ਅੰਗਰੇਜ਼ੀ, ਜਰਮਨ, ਫਰੈਂਚ, ਇਤਾਲਵੀ ਤੇ ਫਾਰਸੀ ਵਿਚ ਅਨੁਵਾਦ ਹੋ ਚੁਕੇ ਹਨ। ਅੰਗਰੇਜ਼ੀ ਵਿਚ ਪ੍ਰਮੁੱਖ ਪੰਜਾਬੀ ਲੇਖਕ ਸੰਤ ਸਿੰਘ ਸੇਖੋਂ ਵਲੋਂ ਕੀਤਾ ਗਿਆ ਇਸ ਦਾ ‘ਦ ਲਵ ਆਫ ਹੀਰ ਐਂਡ ਰਾਂਝਾ’ ਦੇ ਸਿਰਲੇਖ ਵਾਲਾ ਅਨੁਵਾਦ 1978 ਵਿਚ ਪ੍ਰਕਾਸ਼ਿਤ ਹੋਇਆ। ਚਾਰਲਸ ਫਰੈਡਰਿਕ ਉਸਬਰ ਅਤੇ ਡਾæ ਬੱਟ ਨੇ ਵੀ ਇਸ ਦਾ ਅੰਗਰੇਜ਼ੀ ਵਿਚ ਅਨੁਵਾਦ ਕੀਤਾ ਹੈ। ਪੀæਕੇæ ਕੁਲਦੀਪ ਨੇ ਇਤਾਲਵੀ ਵਿਚ, ਡੈਨ ਸਮਾਟਰਿਜ ਨੇ ਫਰਾਂਸਿਸੀ ਵਿਚ ਤੇ ਡੋਰਿਸ ਬੁੱਡਨਵਰਗ ਨੇ ਜਰਮਨ ਵਿਚ ਇਸ ਨੂੰ ਉਲਥਾਇਆ। ਇਸੇ ਲਈ ਇਸ ਮਹਾਨ ਰਚਨਾ ਨੂੰ ਕੁਝ ਅਕਾਦਮਿਕ ਹਲਕਿਆਂ ਵਿਚ ਸੰਸਾਰ ਸਾਹਿਤ ਦੀ ਕਲਾਸਿਕ ਰਚਨਾ ਮੰਨਿਆ ਜਾਂਦਾ ਹੈ ਤੇ ਵਾਰਿਸ ਨੂੰ ਪੰਜਾਬੀ ਦਾ ਸ਼ੇਕਸਪੀਅਰ। ਇਹ ਵੀ ਕਿਹਾ ਜਾਂਦਾ ਹੈ ਕਿ ਸ਼ੇਕਸਪੀਅਰ ਦੇ ਸ਼ਾਹਕਾਰ ਨਾਟਕ ‘ਰੋਮੀਓ ਐਂਡ ਜੂਲੀਅਟ’ ਤੇ ਵਾਰਿਸ ਦੀ ‘ਹੀਰ’ ਦੇ ਬਿਰਤਾਂਤ ਵਿਚ ਕਹਾਣੀ ਦੀਆਂ ਕਈ ਛੋਟੀਆਂ ਇਕੋ ਜਿਹੀਆਂ ਤੰਦਾਂ ਬਰਾਬਰ ਚਲਦੀਆਂ ਹਨ।
ਵਾਰਿਸ ਸ਼ਾਹ ਪੰਜਾਬ ਦੇ ਸਾਂਝੇ ਸਭਿਆਚਾਰ ਦਾ ਬਾਬਾ ਬੋਹੜ ਹੈ ਤੇ ਉਸ ਦੀ ‘ਹੀਰ’ ਪੰਜਾਬ ਦੇ ਮਿਸ਼ਰਤ ਸਮਾਜਿਕ ਵਰਤਾਰੇ ਦਾ ਇਤਿਹਾਸਕ ਦਸਤਾਵੇਜ਼। ਅਠਾਰਵੀਂ ਸਦੀ ਦੇ ਪੰਜਾਬੀ ਸਮਾਜ ਦਾ ਲਗਭਗ ਹਰ ਰੰਗ ਤੇ ਪਾਤਰ ਇਸ ਵਿਚ ਕਿਸੇ ਨਾ ਕਿਸੇ ਰੂਪ ਵਿਚ ਨਜ਼ਰ ਆਉਂਦਾ ਹੈ। ਇਕੋ ਵੇਲੇ ਸਹਿਨਸ਼ੀਲ ਤੇ ਅਣਖੀ ਰਹਿਣ ਵਾਲੇ ਪੰਜਾਬੀਆਂ ਦੀ ਗਾਥਾ ਵਾਰਿਸ ਇਸ ਤਰ੍ਹਾਂ ਦੇ ਨਾਟਕੀ ਮੋੜਾਂ ਨਾਲ ਤੇ ਗੁੰਦਵੇਂ ਰੂਪ ਵਿਚ ਬਿਆਨਦਾ ਹੈ ਕਿ ਇਹ ਪੰਜਾਬੀਅਤ ਦਾ ਬੋਲਦਾ ਹੋਇਆ ਤੇ ਦਰਸ਼ਕ/ਪਾਠਕ/ਸਰੋਤੇ ਨੂੰ ਬੰਨ੍ਹ ਕੇ ਬਿਠਾਉਣ ਵਾਲਾ ਦ੍ਰਿਸ਼ ਚਿਤਰ ਹੋ ਨਿਬੜਦੀ ਹੈ। ‘ਹੀਰ’ ਪੰਜਾਬੀ ਬੋਲੀ ਦੀ ਤਾਕਤ, ਪੰਜਾਬੀ ਮੁਆਸ਼ਰੇ ਦੀ ਸਰਬਾਂਗਤਾ, ਗੱਲ ਪੁਗਾਉਣ ਲਈ ਮਰ ਮਿੱਟਣ ਵਾਲੇ ਪੰਜਾਬੀ ਬੰਦੇ ਦੇ ਖਾਸੇ ਨੂੰ ਏਨੀ ਭਰਪੂਰਤਾ ਨਾਲ ਰੇਖਾਂਕਿਤ ਕਰਦੀ ਹੈ ਕਿ ਇਹ ਇਕ ਮਹਾਂ ਕਾਵਿ ਤੋਂ ਵੱਧ ਕੇ ਅਠਾਰਵੀਂ ਸਦੀ ਦੇ ਪੰਜਾਬ ਦਾ ਮਹਾਂਕੋਸ਼ ਬਣ ਜਾਂਦੀ ਹੈ। ਇਹ ਵੀ ਸੱਚ ਹੈ ਕਿ ਸਦੀਆਂ ਪਿਛੋਂ ਵੀ ‘ਹੀਰ’ ਪੰਜਾਬੀਆਂ ਲਈ ਅਜਿਹਾ ਲੋਕ ਗ੍ਰੰਥ ਹੈ ਜਿਸ ਦੇ ਬੰਦ, ਸਤਰਾਂ ਤੇ ਟੋਟਿਆਂ ਦੇ ਹਵਾਲੇ ਉਹ ਹੁਣ ਵੀ ਸਭ ਤੋਂ ਵੱਧ ਦਿੰਦੇ ਹਨ।
ਕਹਾਣੀ ਕਹਿਣ ਦੇ ਢੰਗ ਦੀ ਮੌਲਿਕਤਾ, ਛੰਦ ਦੀ ਤਾਕਤ/ਰਵਾਨਗੀ ਤੇ ਕਲਾਤਮਿਕ ਪਾਤਰ ਉਸਾਰੀ ਕਾਰਨ ਦੁਨੀਆਂ ਭਰ ਵਿਚ ਹੀਰ ਮੌਖਿਕ ਕਵਿਤਾ ਦੇ ਅਤਿ ਉਤਮ ਨਮੂਨਿਆਂ ਵਿਚੋਂ ਇਕ ਹੋ ਨਿਬੜੀ ਹੈ। ਇਹੀ ਕਾਰਨ ਹੈ ਕਿ ਲਿਖਤੀ ਰੂਪ ਪ੍ਰਚਲਿਤ ਹੋਣ ਤੋਂ ਪਹਿਲਾਂ ਲੰਬਾ ਚਿਰ ਇਹ ਕਿੱਸਾ ਮੌਖਿਕ ਰੂਪ ਵਿਚ ਹੀ ਸੀਨਾ-ਬ-ਸੀਨਾ ਚਲਦਾ ਰਿਹਾ। ਲਹਿੰਦੇ ਪੰਜਾਬ ਵਿਚ ਹਾਲੀ ਵੀ ਪੂਰੀ ਦੀ ਪੂਰੀ ਹੀਰ ਜ਼ੁਬਾਨੀ ਯਾਦ ਕਰਨ ਦਾ ਰਿਵਾਜ਼ ਹੈ।
ਸਮੇਂ ਦੇ ਬੀਤਣ ਨਾਲ ਪੰਜਾਬੀ ਸਮਾਜ ਵਿਚ ‘ਹੀਰ’ ਸ਼ਬਦ ਇਕ ਅਜਿਹਾ ਰੂਪਕ ਬਣ ਚੁਕਾ ਹੈ ਜਿਸ ਦੇ ਕਲਾਵੇ ਵਿਚ ਨਾ ਸਿਰਫ ਆਪਣੀ ਮਰਜ਼ੀ ਦੇ ਸਾਥੀ ਨਾਲ ਜਿੰਦਗੀ ਜਿਊਣ ਲਈ ਜੂਝਦੀ ਔਰਤ ਦਾ ਪ੍ਰਤੀਬਿੰਬ ਆਉਂਦਾ ਹੈ ਸਗੋਂ ਮਨੁੱਖੀ ਅਜ਼ਾਦੀ ਲਈ ਜੂਝਦੀ ਪੰਜਾਬੀ ਔਰਤ ਦੀ ਪਛਾਣ ਦਾ ਲਗਭਗ ਹਰ ਕੋਣ ਆ ਧਮਕਦਾ ਹੈ। ਉਂਜ ਇਹ ਵੀ ਸੱਚ ਹੈ ਕਿ ਹਾਲੀ ਵੀ ਬਹੁਤੇ ਪੰਜਾਬੀ ਮਾਪੇ ਆਪਣੀਆਂ ਧੀਆਂ ਦੇ ਨਾਂ ‘ਹੀਰ’ ਰੱਖਣ ਦਾ ਹੀਆ ਨਹੀਂ ਕਰਦੇ। ਹਾਲੀ ਵੀ ਅੱਜ ਦੀਆਂ ਕਈ ਹੀਰਾਂ ਨੂੰ ਮਾਪਿਆਂ ਦੀ ਅਖੌਤੀ ਅਣਖ ਦੀ ਖਾਤਰ ਆਪਣੀ ਜਾਨ ਦੇਣੀ ਪੈ ਰਹੀ ਹੈ।
ਵਾਰਿਸ ਸ਼ਾਹ ਤੇ ਬੁਲ੍ਹੇ ਸ਼ਾਹ ਦਾ ਗੁਰੂ ਸਾਂਝਾ ਸੀ। ਉਹ ਦੋਵੇਂ ਕਸੂਰ ਦੇ ਹਾਫਿਜ਼ ਗੁਲਾਮ ਮੁਰਤਜ਼ਾ ਦੇ ਸ਼ਾਗਿਰਦ ਸਨ ਤੇ ਸੂਫੀ ਪਰੰਪਰਾ ਦੇ ਸੱਯਦ ਮੁਹੰਮਦ ਅਲ-ਮੱਕੀ ਦੇ ਪੈਰੋਕਾਰ। ਜੰਡਿਆਲਾ ਸ਼ੇਰ ਖਾਨ ਵਿਚ ਪੈਦਾ ਹੋਏ ਵਾਰਿਸ ਸ਼ਾਹ ਦੇ ਮਾਪੇ ਬਚਪਨ ਵਿਚ ਹੀ ਫੌਤ ਹੋ ਗਏ ਸਨ। ਸਿਖਿਆ ਹਾਸਲ ਕਰਨ ਪਿਛੋਂ ਵਾਰਿਸ ਪਾਕਿਪਟਨ ਨੇੜਲੇ ਪਿੰਡ ਮਲਕਾ ਹਾਂਸ ਚਲਿਆ ਗਿਆ ਜਿਥੇ ਮਸਜਿਦ ਨੇੜਲੇ ਇਕ ਛੋਟੇ ਜਿਹੇ ਕਮਰੇ ਵਿਚ ਰਹਿੰਦਿਆਂ ਉਸ ਨੇ ਹੀਰ ਦੇ ਸ਼ਾਹਕਾਰ ਕਿੱਸੇ ਦੀ ਰਚਨਾ ਕੀਤੀ। ਆਪਣੇ ਅੰਤ ਤਕ ਉਸ ਨੇ ਏਥੇ ਹੀ ਕਿਆਮ ਕੀਤਾ।
ਵਾਰਿਸ ਨੂੰ ਪੰਜਾਬੀ ਲੋਕਯਾਨ ਤੇ ਸੂਫੀ ਮੱਤ ਦਾ ਗੂੜ੍ਹਾ ਗਿਆਨ ਸੀ। ਇਸੇ ਲਈ ਲੋਕ ਗਾਥਾ ਦੇ ਮੁੱਢ ਵਿਚ ਹੀ ਹੀਰ-ਰਾਂਝੇ ਦੀ ਕਹਾਣੀ ਨੂੰ ‘ਰੂਹ ਤੇ ਕਲਬੂਤ ਦਾ ਝਗੜਾ’ ਕਹਿ ਕੇ ਉਹ ਬਿਰਤਾਂਤ ਦੇ ਹੀਰ-ਰਾਂਝੇ ਦੇ ਸਬੰਧਾਂ ਵਾਲੇ ਮੁੱਖ ਪਾਠ ਨੂੰ ਇਸ਼ਕ ਮਜਾਜ਼ੀ ਦੀ ਕਹਾਣੀ ਵਜੋਂ ਤੇ ਉਪ-ਪਾਠ ਨੂੰ ਰੂਹ ਤੇ ਕਲਬੂਤ ਦੇ ਇਸ਼ਕ ਹਕੀਕੀ ਦੀ ਕਹਾਣੀ ਵਜੋਂ ਸਥਾਪਤ ਕਰਦਾ ਹੈ। ਪਰ ਕਈਆਂ ਦਾ ਮੰਨਣਾ ਹੈ ਕਿ ਵਾਰਿਸ ਦੀ ਹੀਰ ਦੀ ਰਚਨਾ ਮਲਕਾ ਹਾਂਸ ਦੀ ਭਾਗਭਰੀ ਨਾਲ ਉਸ ਦੇ ਆਪਣੇ ਅੱਧਵਾਟੇ ਰਹਿ ਗਏ ਪਿਆਰ ਦੀ ਪੀੜ ‘ਚੋਂ ਜਨਮੀ ਹੈ। (ਗੁਰਦਾਸ ਮਾਨ ਦੀ ਫਿਲਮ ‘ਵਾਰਿਸ ਸ਼ਾਹ-ਇਸ਼ਕ ਦਾ ਵਾਰਿਸ’ ਇਸੇ ਨੁਕਤੇ ‘ਤੇ ਉਸਾਰੀ ਗਈ ਹੈ।) ਖੈਰ, ਵਾਰਿਸ ਦੀ ਪੀੜ ਚਾਹੇ ਇਸ਼ਕ ਮਜਾਜ਼ੀ ਦੀ ਸੀ ਜਾਂ ਇਸ਼ਕ ਹਕੀਕੀ ਦੀ, ਸੀ ਬੜੀ ਮੁਬਾਰਕ ਤੇ ਜ਼ਰਖੇਜ਼ ਜਿਸ ਨੇ ਪੰਜਾਬੀ ਦੀ ਝੋਲੀ ਵਿਚ ਇਹ ਲਾਸਾਨੀ ਸ਼ਾਹਕਾਰ ਪਾਇਆ।
ਕਿਹਾ ਜਾਂਦਾ ਹੈ ਕਿ ਜਦੋਂ ਹੀਰ ਲਿਖ ਕੇ ਵਾਰਿਸ ਆਪਣੇ ਉਸਤਾਦ ਹਾਫਿਜ਼ ਗੁਲਾਮ ਮੁਰਤਜ਼ਾ ਕੋਲ ਲੈ ਕੇ ਗਿਆ ਤਾਂ ਉਸ ਨੇ ਪਹਿਲਾਂ ਤਾਂ ਸੁਣਨੋਂ ਹੀ ਇਨਕਾਰ ਕਰ ਦਿੱਤਾ ਪਰ ਜਦ ਸੁਣੀ ਤਾਂ ਉਸ ਨੇ ਵਾਰਿਸ ਨੂੰ ਕਿਹਾ ‘ਤੂੰ ਤਾਂ ਕੀਮਤੀ ਹੀਰੇ-ਜਵਾਹਰ ਬੇੜ ਵਿਚ ਪਰੋ ਦਿੱਤੇ ਹਨ।’ ਨਿਰਸੰਦੇਹ ਆਪਣੇ ਗੁਰੂ ਵਲੋਂ ਘੁੰਡੀ ਪਾ ਕੇ ਦਿੱਤੀ ਸ਼ਾਬਾਸ਼ ਵਾਰਿਸ ਲਈ ਰੁਹਾਨੀ ਥਾਪੜਾ ਸੀ। ਜੋ ਹੁਣ ਸਦੀਆਂ ਬੀਤ ਜਾਣ ਪਿਛੋਂ ਪੰਜਾਬੀਆਂ ਲਈ ਵਰਦਾਨ ਸਾਬਤ ਹੋ ਰਹੀ ਹੈ।
ਹੁਣ ਦੇਖਣਾ ਇਹ ਹੈ ਕਿ ਪੰਜਾਬੀ ਆਪਣੀ ਇਸ ਧਰੋਹਰ ਦੇ ਢਾਈ ਸੈਂਕੜੇ ਮੁਕੰਮਲ ਹੋਣ ਨੂੰ ਕਿਵੇਂ ਮਨਾਉਂਦੇ ਹਨ। ਰੂਸ ਵਿਚ ਪਿਛਲੇ ਵਰ੍ਹੇ ਨੂੰ ਸਾਹਿਤ ਦੇ ਵਰ੍ਹੇ ਵਜੋਂ ਮਨਾਇਆ ਗਿਆ ਸੀ। ਇਸ ਉਤਸਵ ਦਾ ਦਸੰਬਰ ਦਾ ਦੂਜਾ ਹਫਤਾ ਲਿਓ ਤਾਲਸਤਾਏ ਦੇ ਮਹਾਂ ਨਾਵਲ ‘ਜੰਗ ਤੇ ਅਮਨ’ ਉਤੇ ਕੇਂਦਰਿਤ ਸੀ। ਇਸ ਸਮੇਂ ਦੌਰਾਨ 60 ਘੰਟੇ ਲਗਾਤਾਰ ਦੇਸ਼-ਵਿਦੇਸ਼ ਵਿਚ ਵੱਖੋ-ਵੱਖ ਥਾਂਵਾਂ ‘ਤੇ ਰੇਡੀਓ, ਟੀæਵੀ, ਇੰਟਰਨੈਟ ‘ਤੇ ਨਾਵਲ ਦਾ ਪਾਠ ਕੀਤਾ ਗਿਆ। ਜਿਨ੍ਹਾਂ ਥਾਂਵਾਂ ‘ਤੇ ਨਾਵਲ ਦਾ ਪਾਠ ਕੀਤਾ ਗਿਆ, ਉਨ੍ਹਾਂ ਵਿਚ ਤਾਲਸਤਾਏ ਦੀ ਮਿਲਖ ਯਾਸਨਾਯਾ ਪਾਲੀਆਨਾ ਵੀ ਸ਼ਾਮਲ ਸੀ ਜਿਥੇ ਉਸ ਨੇ ਇਸ ਨਾਵਲ ਦਾ ਵੱਡਾ ਭਾਗ ਰਚਿਆ ਸੀ। ਇਸੇ ਦਿਨ ਲੰਡਨ ਵਿਚ ਨਾਵਲ ਦਾ ਪਾਠ ਪਾਰਲੀਮੈਂਟ ਦੇ ਸਾਹਮਣੇ ਕੀਤਾ ਗਿਆ। ਇੰਜ ਤਾਲਸਤਾਏ ਦੇ ਲੱਖਾਂ-ਕਰੋੜਾਂ ਪਾਠਕ ਇਕੋ ਵੇਲੇ ਉਸ ਦੀ ਰਚਨਾ ਦੇ ਪਾਠ ਰਾਹੀਂ ਉਸ ਨੂੰ ਯਾਦ ਕਰਨ ਦਾ ਮੌਜਿਜ਼ਾ ਕਰ ਰਹੇ ਸਨ। ਕੀ ਵਾਰਿਸ ਸ਼ਾਹ ਤੇ ਉਸ ਦੇ ਸ਼ਾਹਕਾਰ ਨੂੰ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਵਾਸੀ ਰੂਸੀਆਂ ਵਾਂਗ ਯਾਦ ਨਹੀਂ ਕਰ ਸਕਦੇ? ਕੀ ਇਸ ਮੌਕੇ ਨੂੰ ਪਿੰਡਾਂ-ਕਸਬਿਆਂ ਵਿਚ ਹੀਰ ਦੀ ਗਾਇਕੀ ਦੇ ਮੁਕਾਬਲਿਆਂ, ਹੀਰ ਦੇ ਸ਼ਬਦਾਂ ‘ਤੇ ਆਧਾਰਤ ਕੁਇਜ਼ ਪ੍ਰੋਗਰਾਮਾਂ, ਸੈਮੀਨਾਰਾਂ ਆਦਿ ਰਾਹੀਂ ਇਕ ਹਫਤਾ ਨਾ ਸਹੀ ਇਕ ਦਿਨ ਹੀ ਸਹੀ, ਅਕੀਦਤ ਵਜੋਂ ਵਾਰਿਸ ਸ਼ਾਹ ਤੇ ਉਸ ਦੀ ਰਚਨਾ ‘ਤੇ ਅਸੀਂ ਫੋਕਸ ਨਹੀਂ ਹੋ ਸਕਦੇ? ਜਿਵੇਂ ਅਮਰਜੀਤ ਚੰਦਨ ਨੇ ਮੰਗ ਕੀਤੀ ਹੈ ਕੀ ਵਾਰਿਸ ਸ਼ਾਹ ਦੇ ਪਾਕਿਸਤਾਨ ਵਿਚਲੇ ਰਚਨਾ ਸਥਾਨ ਮਲਕਾ ਹਾਂਸ ਵਿਚਲੇ ਉਸ ਦੇ ਮਜ਼ਾਰ ‘ਤੇ ਦੋਵਾਂ ਪੰਜਾਬਾਂ ਦਾ ਸਾਂਝਾ ਮੇਲਾ ਨਹੀਂ ਜੁੜ ਸਕਦਾ?