ਜਸਵੀਰ ਸਮਰ
ਕਿੱਸਾ ਛੇ ਦਹਾਕੇ ਪਹਿਲਾਂ ਦਾ ਹੈ। ਸਾਲ 1953 ਹੈ। ਹੁਸ਼ਿਆਰਪੁਰ ਵਿਚ ਪ੍ਰੋਫੈਸਰ ਸਟੌਕ ਨੇ ਵਿਦਿਆਰਥੀਆਂ ਨੂੰ ਲੈ ਕੇ ਸ਼ੇਕਸਪੀਅਰ ਦਾ ਨਾਟਕ ‘ਮਕਬਾਥ’ ਖੇਡਿਆ। ਇਸ ਨਾਟਕ ਵਿਚ ਇਕ ਵਿਦਿਆਰਥੀ ਸੀਟਨ ਦਾ ਕਿਰਦਾਰ ਨਿਭਾਅ ਰਿਹਾ ਹੈ। ਇਹ ਵਿਦਿਆਰਥੀ ਕੋਈ ਸਾਧਾਰਨ ਅਦਾਕਾਰ ਨਹੀਂ, ਸਗੋਂ ਸ਼ੇਕਸਪੀਅਰ ਦੀਆਂ ਲਿਖਤਾਂ ਦਾ ਮੁਰੀਦ ਹੈ।
‘ਮਕਬਾਥ’ ਵਾਲਾ ਇਹ ਸੀਟਨ, ਸੁਰਜੀਤ ਹਾਂਸ ਹੈ ਜਿਸ ਨੇ ਵੀਹ ਵਰ੍ਹੇ ਲਾ ਕੇ ਸਾਰਾ ਵਿਲੀਅਮ ਸ਼ੇਕਸਪੀਅਰ ਪੰਜਾਬੀ ਵਿਚ ਜੋੜ ਦਿੱਤਾ ਹੈ। ਤਰਜਮੇ ਲਈ ਮਿਲੀ ਪ੍ਰੇਰਨਾ ਬਾਬਤ ਉਹ ਸਿੱਧਾ ਜਵਾਬ ਨਹੀਂ ਦਿੰਦਾ। ਅਸਲ ਵਿਚ ਉਸ ਕੋਲ ਸਵਾਲ ਬਹੁਤੇ ਹਨ ਜਿਨ੍ਹਾਂ ਨਾਲ ਉਹ ਖੁਦ ਵੀ ਲਗਾਤਾਰ ਦੋ-ਚਾਰ ਹੁੰਦਾ ਰਹਿੰਦਾ ਹੈ। ਇਹ ਅਮੁੱਕ ਤਲਾਸ਼ ਹੈ ਜਿਹੜੀ ਸ਼ਾਇਦ ਹਾਲਾਤ ਨੂੰ ਸਮੁੱਚ ਵਿਚ ਦੇਖਣ ਦਾ ਨਤੀਜਾ ਹੈ। ਇਸੇ ਕਰ ਕੇ ਕੋਈ ਸਵਾਲ ਮੁਕੰਮਲ ਰੂਪ ਵਿਚ ਬਾਹਰ ਆਉਣ ਤੋਂ ਪਹਿਲਾਂ ਹੀ ਦੂਜਾ ਸਵਾਲ ਮਗਰੇ ਆਕੜਾਂ ਭੰਨਦਾ, ਹੁੱਬਸਲੀ ਮਾਰ ਰਿਹਾ ਹੁੰਦਾ ਹੈ। ਸਵਾਲਾਂ ਦੀ ਇਹ ਘਾਸ ਸ਼ਬਦਾਂ ਦੇ ਮੇਲੇ ਨੇ ਪਾਈ ਹੋਈ ਹੈ ਜਿਹੜਾ ਸੁਰਜੀਤ ਦੇ ਵਿਹੜੇ ਹਰ ਵਕਤ ਲੱਗਿਆ ਰਹਿੰਦਾ ਹੈ। ਖੈਰ! ਪ੍ਰੇਰਨਾ ਬਾਰੇ ਇੰਨੇ ਕੁ ਸ਼ਬਦਾਂ ਨਾਲ ਸਰ ਜਾਂਦਾ ਹੈ: “ਮੈਂ ਚਾਹੁੰਨਾ, ਪੰਜਾਬੀ ਪਿਆਰੇ ਸ਼ੇਕਸਪੀਅਰ ਪੜ੍ਹਨ।” ਸ਼ੇਕਸਪੀਅਰ ਤੋਂ ਉਹਦਾ ਭਾਵ ਹੈ, ਮੌਲਿਕ ਸ਼ੇਕਸਪੀਅਰ। ਸੁਣੀਆਂ-ਸੁਣਾਈਆਂ ਕਹਾਣੀਆਂ ਤੇ ਕਿੱਸੇ ਬੜੀਆਂ ਤੱਦੀਆਂ ਕਰ ਗੁਜ਼ਰਦੇ ਹਨ ਅਤੇ ਗੱਲ ਹੋਰ ਦੀ ਹੋਰ ਬਣ ਜਾਂਦੀ ਹੈ। ਇਹ ਭਾਣਾ ਸਕੂਲਾਂ-ਕਾਲਜਾਂ-ਯੂਨੀਵਰਸਿਟੀਆਂ ਵਿਚ ਨਿਰਵਿਘਨ ਵਾਪਰ ਰਿਹਾ ਹੈ ਜਿਥੇ ਵਿਦਿਆਰਥੀ ਮੌਲਿਕ/ਅਸਲ ਕਿਤਾਬ ਪੜ੍ਹੇ ਬਗੈਰ ਹੀ ਇਮਤਿਹਾਨ ਪਾਸ ਕਰੀ ਜਾ ਰਹੇ ਹਨ। ਅਧਿਆਪਕਾਂ ਨੂੰ ਵੀ ਕੋਈ ਉਜ਼ਰ ਨਹੀਂ; ਅਗਲੇ ਨੌਕਰੀ ਕਰਦੇ ਹਨ ਤੇ ਘਰ ਚਲਾਈ ਜਾਂਦੇ ਹਨ। ਮੌਲਿਕ ਲਿਖਤਾਂ ਪੜ੍ਹਨ ਦਾ ਰਿਵਾਜ ਹੁਣ ਕਿਥੇ! ਇਸੇ ਕਰ ਕੇ ਹੀ ਤਾਂ ਮਿਆਰ ਗੋਡਿਆਂ ਪਰਨੇ ਹੋਇਆ ਪਿਆ ਹੈ। ਉਹਦਾ ਖਿਆਲ ਹੈ ਕਿ ਹਰ ਰਚਨਾ ਦਾ ਆਦਿ ਤੋਂ ਅੰਤ ਤੱਕ ਨਿੱਠ ਕੇ ਪਾਠ ਹੋਣਾ ਚਾਹੀਦਾ ਹੈ। ਸ਼ੇਕਸਪੀਅਰ ਦੇ ਤਰਜਮੇ ਵੇਲੇ ਵੀ ਉਹਨੇ ਇਹੀ ਮੀਟਰ ਲਾਇਆ। ਸਤਰ ਤੋਂ ਸਤਰ ਤੱਕ ਦਾ ਤਰਜਮਾ। ਸ਼ੇਕਸਪੀਅਰ ਦੇ ਬਹੁਤ ਵੱਡੇ ਸ਼ਬਦ ਭੰਡਾਰ ਦਾ ਮੁਕਾਬਲਾ ਘੱਟ ਸ਼ਬਦਾਂ ਨਾਲ ਕਰਨਾ ਕਿਹੜਾ ਸੌਖਾ ਸੀ, ਪਰ ਉਹਨੇ ਇਨ੍ਹਾਂ ਘੱਟ ਸਿਪਾਹੀਆਂ ਨੂੰ ਮੈਦਾਨ ਵਿਚ ਇਸ ਤਰਕੀਬ ਨਾਲ ਬੀੜਿਆ ਕਿ ਲੜਾਈ ਤਕਰੀਬਨ ਬਰਾਬਰ ਦੀ ਹੋ ਨਿਬੜੀ।
ਗੱਲਬਾਤ ਦੌਰਾਨ ਹਰ ਸਵਾਲ-ਜਵਾਬ ਤੋਂ ਬਾਅਦ ਕੁਝ ਪਲ ਖਾਮੋਸ਼ੀ ਦਾ ਆਲਮ ਰਹਿੰਦਾ ਹੈ, ਫਿਰ 84 ਵਰ੍ਹਿਆਂ ਦੇ ਬਿਰਧ ਸਰੀਰ ਅੰਦਰ ਜਗਦੀ ਸ਼ਬਦ-ਲੋਅ ਪਹੁ-ਫੁਟਾਲੇ ਵਾਂਗ ਪਾਟਦੀ ਹੈ ਅਤੇ ਫਿਰ ਉਹ ਕੁਝ ਕੁ ਸ਼ਬਦ ਬੋਲ ਕੇ ਬੱਸ ਨਹੀਂ ਕਰਦਾ; ਵਾਰ-ਵਾਰ ਉਹੀ ਤਰਾਟਾਂ, ਉਹੀ ਤਰੰਗਾਂ, ਉਨੀ ਹੀ ਤੀਬਰਤਾ ਤੇ ਤੀਖਣਤਾ ਨਾਲ ਪੈਂਦੀਆਂ ਹਨ। ਸ਼ੇਕਸਪੀਅਰ ਦੀਆਂ ਰਚਨਾਵਾਂ ਵਿਚ ਸ਼ਬਦ ਭੰਡਾਰ ਸਾਉਣ ਦੇ ਛਰਾਟਿਆਂ ਵਾਂਗ ਵਰ੍ਹਦਾ ਹੈ। ਇਹਦਾ ਕਿਤੇ ਕੋਈ ਤੋੜ ਨਹੀਂ। ਪਲ ਦੀ ਪਲ ਖਾਮੋਸ਼ ਹੋਇਆ ਸੁਰਜੀਤ, ਸ਼ਬਦਾਂ ਦਾ ਕਿੱਸਾ ਫਿਰ ਸੁਰਜੀਤ ਕਰਦਾ ਹੈ: ਸ਼ੇਕਪੀਅਰ ਦੇ ਨਾਟਕਾਂ ਵਿਚ ਜਜ਼ਬਾਤ ਦਾ ਹੜ੍ਹ ਆਉਂਦਾ ਹੈ, ਮੁੱਦਿਆਂ ਦੀ ਮਰਦੰਗ ਵੱਜਦੀ ਹੈ, ਮਸਲਿਆਂ ਦੇ ਝੱਖੜ ਝੁੱਲਦੇ ਹਨ ਅਤੇ ਦੁਚਿਤੀਆਂ ਦਾ ਪੇਚਾ ਪੈਂਦਾ ਹੈ। ਉਹਦਾ ਦਾਅਵਾ ਹੈ ਕਿ ਪੰਜਾਬੀ ਤਰਜਮੇ ਵਿਚ ਇਹ ਹੜ੍ਹ ਤੇ ਮਰਦੰਗ, ਝੱਖੜ ਤੇ ਦੁਚਿਤੀਆਂ, ਅਸਲ ਸ਼ੇਕਸਪੀਅਰ ਨਾਲੋਂ ਵੱਧ ਤੀਬਰ ਰੂਪ ਵਿਚ ਪੇਸ਼ ਹੋਇਆ ਹੈ।
ਵਿਲੀਅਮ ਸ਼ੇਕਸਪੀਅਰ 1564 ਵਿਚ ਜੰਮਿਆ ਅਤੇ 1616 ਵਿਚ ਫੌਤ ਹੋ ਗਿਆ। ਇਹ ਵਰ੍ਹਾ ਉਸ ਦੀ 400ਵੀਂ ਬਰਸੀ ਵਾਲਾ ਹੈ। ਸਾਰਾ ਸੰਸਾਰ 400 ਸਾਲ ਪਹਿਲਾਂ ਚੁੱਪ ਹੋਏ ਸ਼ੇਕਸਪੀਅਰ ਨੂੰ ਆਪੋ ਆਪਣੇ ਢੰਗ ਨਾਲ ਹਾਕਾਂ ਮਾਰ ਰਿਹਾ ਹੈ। ਆਪਣੇ ਸੁਰਜੀਤ ਹਾਂਸ ਦੀ ਹਾਕ ਇਨ੍ਹਾਂ ਸਭਨਾਂ ਵਿਚੋਂ ਨਿਆਰੀ ਤੇ ਨਿਵੇਕਲੀ ਹੈ। ਸ਼ੇਕਸਪੀਅਰ ਨੇ ਆਪਣੀਆਂ ਰਚਨਾਵਾਂ ਵਿਚ ਸ਼ਬਦਾਂ ਦਾ ਜਿਹੜਾ ਮੇਲਾ ਲਾਇਆ ਹੈ, ਉਹ ਲਾਜਵਾਬ ਹੈ; ਸੁਰਜੀਤ ਹਾਂਸ ਨੇ ਵੀ ਸ਼ੇਕਸਪੀਅਰ ਦੇ ਇਨ੍ਹਾਂ ਸ਼ਬਦਾਂ ਦਾ ਜਸ਼ਨ ਮਨਾਇਆ ਹੈ। ਸ਼ੇਕਸਪੀਅਰ ਬਾਰੇ ਹੋ ਰਹੀਆਂ ਗੱਲਾਂ ਵਿਚੋਂ ਗੱਲ ਤੁਰਦੀ ਹੈ: ਡਰਾਮਾ ਪੂਰਾ ਆਰਟ ਨਹੀਂ। ਮਤਲਬ, ਡਰਾਮਾ ਅੱਧਾ ਆਰਟ ਹੈ, ਇਹ ਸਟੇਜ ਉਤੇ ਜਾ ਕੇ ਹੀ ਮੁਕੰਮਲ ਹੁੰਦਾ ਹੈ; ਪਰ ਪੰਜਾਬੀਆਂ ਨੇ ਤਾਂ ਅਜੇ ਸ਼ੇਕਸਪੀਅਰ ਪੜ੍ਹਿਆ ਨਹੀਂ, ਸਟੇਜ ਉਤੇ ਸ਼ੇਕਸਪੀਅਰ ਦੇਖਣ ਦੀ ਵਾਰੀ ਅਜੇ ਆਉਣੀ ਹੈ। ਇਸ ਹਿਸਾਬ ਨਾਲ ਸੁਰਜੀਤ ਹਾਂਸ ਵਾਲਾ ਕਾਰਜ ਅਜੇ ਮੁੱਕਿਆ ਨਹੀਂ। ਸ਼ੇਕਸਪੀਅਰ ਦੀਆਂ ਲਿਖਤਾਂ ਦੇ ਵੱਖ-ਵੱਖ ਅਰਥਾਂ ਬਾਰੇ ਜਵਾਬ ਮਿਲਦਾ ਹੈ: ਇਹ ਕੰਮ ਅਗਲਿਆਂ ਕਰ ਲਿਆ ਹੋਇਆ ਹੈ। ਹੁਣ ਸ਼ਬਦਾਂ ਦੇ ਅਰਥਾਂ ਦਾ ਕੋਈ ਰੌਲਾ ਨਹੀਂ। ਸਭ ਸ਼ੀਸ਼ੇ ਵਾਂਗ ਸਾਫ। ਸ਼ੇਕਸਪੀਅਰ ਜਦੋਂ ਸੁਰਜੀਤ ਹਾਂਸ ਰਾਹੀਂ ਪੰਜਾਬੀ ਵਿਚ ਵਟਣਾ ਸ਼ੁਰੂ ਹੋਇਆ ਤਾਂ ਰੂਪ-ਵਿਧਾਨ ਬਾਰੇ ਵੀ ਸੋਚਾਂ ਦੀ ਫਿਰਕੀ ਘੁੰਮੀ। ਉਹਨੇ ਸ਼ੇਕਸਪੀਅਰ ਦੇ ਮੇਚ ਤੱਕ ਆਉਣ ਲਈ ਕਈ ਛੰਦ ਘੜੇ। ਛੰਦ ਘੜਨ ਦਾ ਇਹ ਕੰਮ ਉਹਨੇ ਦਰਅਸਲ ਆਪਣੀ ਅਹਿਮ ਕਿਤਾਬ ‘ਪੁਸ਼ਤਾਂ’ ਵਿਚ ਚਿਰ ਪਹਿਲਾਂ ਕਰ ਲਿਆ ਹੋਇਆ ਸੀ।
ਕਲਪਨਾ ਕਰੋ ਕਿ ‘ਮਕਬਾਥ’ ਕਿਸੇ ਸਟੇਜ ਉਤੇ ਪੰਜਾਬੀ ਵਿਚ ਵਾਪਰ ਰਿਹਾ ਹੈ। ਉਹ ਝੱਟ ਜ਼ੁਲੂ (ਦੱਖਣੀ ਅਫਰੀਕਾ) ਵਿਚ ਅਨੁਵਾਦ ਹੋਏ ਮਕਬਾਥ ਦੀ ਕਥਾ ਛੋਹ ਲੈਂਦਾ ਹੈ। ‘ਜ਼ੁਲੂ’ ਵਿਚ ਅਨੁਵਾਦ ਹੋਈ ਲਿਖਤ ਦਾ ਟਾਈਟਲ ਹੈ- ਓਮਾਬਾਠਾ। ਲੰਡਨ ਦੀ ਧਰਤੀ ਹੈ, ਦੱਖਣੀ ਅਫਰੀਕਾ ਦੇ ਸਿਆਹ ਕਲਾਕਾਰ ਹਨ; ਇਹ ਕਦੋਂ ਕਾਹਲੇ ਕਲਾਕਾਰਾਂ ਵਿਚ ਵਟਦੇ ਹਨ, ਦਰਸ਼ਕ ਨੂੰ ਖਬਰ ਵੀ ਨਹੀਂ ਹੁੰਦੀ। ਸੁਰਜੀਤ ਹਾਂਸ ਵਿਆਖਿਆ ਕਰਦਾ ਹੈ: ਅਫਰੀਕੀ ਨਾਚ ਬਹੁਤ ਸਹਿਜ ਤੇ ਸੁਭਾਵਕ ਹੈ। ਇਹਦੇ ਨਾਲ ਸੁਹਜ ਜੁੜ ਜਾਵੇ ਤਾਂ ਕਿਆ ਬਾਤਾਂ! ਵਾਰਤਾਲਾਪ ਤੋਂ ਲੜਾਈ, ਲੜਾਈ ਤੋਂ ਨਾਚ, ਨਾਚ ਤੋਂ ਗਾਉਣ ਤੇ ਫਿਰ ਗਾਉਣ ਤੋਂ ਵਾਰਤਾਲਾਪ, ਇੰਨਾ ਸਹਿਜ ਹੈ ਕਿ ਮਾਲਾ ਬਣਦੀ ਜਾਂਦੀ ਹੈ। ਨਾਟਕ ਨੂੰ ਹੋਰ ਕੀ ਚਾਹੀਦਾ ਹੁੰਦਾ!
ਸ਼ੇਕਸਪੀਅਰ ਨੇ ਪੰਜਾਬੀਆਂ ਲਈ ਜਸ਼ਨ-ਏ-ਅਲਫ਼ਾਜ਼ ਅਜੇ ਬਣਨਾ ਹੈ, ਇਨ੍ਹਾਂ ਦੀ ਨੀਂਦ ਅਜੇ ਟੁੱਟਣੀ ਹੈ। ਪੰਜਾਬੀਆਂ ਨੇ ਤਾਂ ਅਜੇ ਸੁਰਜੀਤ ਹਾਂਸ ਦੀ ਕਿਤਾਬ ‘ਪੁਸ਼ਤਾਂ’ ਵੀ ਨਹੀਂ ਪੜ੍ਹੀ। ਪੰਜਾਬੀਆਂ ਦੀ ਢੋਲ-ਵਜਾਈ ਤੋਂ ਉਹ ਉਸ ਰੂਪ ਵਿਚ ਔਖਾ ਤਾਂ ਨਹੀਂ, ਪਰ ਉਹ ਬਾਖਬਰ ਹੈ ਕਿ ਕਿਸੇ ਲੇਖਕ ਦੀ ਮਹਾਨਤਾ, ਪਾਠਕਾਂ ਦੀ ਮਹਾਨਤਾ ਤੋਂ ਬਗੈਰ ਅਧੂਰੀ ਹੈ। ਵਜ੍ਹਾ ਇਹ ਕਿ ਪਾਠਕ ਦੇ ਸੁਹਜ-ਸੁਆਦ ਦਾ ਕੋਈ ਪਾਰਾਵਾਰ ਨਹੀਂ। ਇਹ ਹਰ ਵੇਲੇ ਤਬਦੀਲੀ ਦੇ ਚੱਕ ਉਤੇ ਚੜ੍ਹਿਆ ਰਹਿੰਦਾ ਹੈ। ਪਾਠਕ ਦੀ ਪਰਿਕਰਮਾ ਕਰਦਿਆਂ ਉਹ ਲੇਖਕ ਦੀ ਗੱਲ ਛੋਂਹਦਾ ਹੈ। ਨਾਲ ਹੀ ਆਰ ਵੀ ਲਾਉਂਦਾ ਹੈ: ਪੰਜਾਬੀ ਲੇਖਕ ਤਾਂ ਭਾਈ ਕਵਿਤਾ ਦਾ ਈ ਨਾਟਕ ਬਣਾ ਦਿੰਦੇ, ਕੋਈ ਨਾਟਕ ਵਿਚ ਕਵਿਤਾ ਕਰੇ ਤਾਂ ਕੋਈ ਬਾਤ ਬਣੇ। ਇਹ ਗੱਲ ਕੰਮ ਦੀ ਹੈ ਜੋ ਢੋਲ-ਵਜਾਈਆਂ ਵਿਚ ਅਕਸਰ ਸੁਣਦੀ ਨਹੀਂ। ਢੋਲ-ਵਜਾਈ ਵਿਚ ਬਹੁਤੀਆਂ ਗੱਲਾਂ ਵਿਸਰ ਹੀ ਤਾਂ ਜਾਂਦੀਆਂ ਹਨ। ਉਹ ਮੁੜ ਲੜੀ ਫੜਦਾ ਹੈ: ਆਪਣੇ ਤਰੱਕੀਪਸੰਦ ਅਦੀਬ ਬੱਸ ਢੋਲ ਵਜਾਈ ਹੀ ਕਰਦੇ ਹਨ। ਇਹ ਆਖਣ ਵਾਲਾ ਸੁਰਜੀਤ ਹਾਂਸ ਆਪ ਕਮਿਊਨਿਸਟ ਪਾਰਟੀ ਦਾ ਹੋਲਟਾਈਮਰ ਰਿਹਾ ਹੈ, ਉਹਨੂੰ ਵੱਧ ਪਤਾ ਹੈ ਕਿ ਇਸ ਢੋਲ-ਵਜਾਈ ਦੀ ਮਾਰ ਕਿੰਨੀ ਗਹਿਰੀ ਹੈ। ਜੇ ਬੰਦੇ ਦੇ ਸਵਾਲ ਦੀ ਧਾਰ ਹੀ ਖੁੰਡੀ ਹੋ ਗਈ, ਤਾਂ ਜਵਾਬ ਕਿਥੋਂ ਲੱਭਣੇ ਹੋਏ! ਨਸ਼ਤਰ ਤੋਂ ਬਗੈਰ ਜ਼ਖ਼ਮਾਂ ਦੇ ਮਵਾਦ ਤੋਂ ਛਟਕਾਰਾ ਔਖਾ ਹੀ ਹੁੰਦਾ ਹੈ ਨਾ।
ਸੁਰਜੀਤ ਹਾਂਸ ਨੇ ਆਪਣੇ ਸਿਰੜ ਸਦਕਾ ਆਪਣਾ ਕੰਮ ਕਰ ਦਿੱਤਾ ਹੈ, ਪਰ ਇਹ ਸਟੇਜ ਤੋਂ ਬਿਨਾ ਅਜੇ ਅਧੂਰਾ ਹੈ। ਕੋਈ ਕਿਆਸ ਨਹੀਂ, ਇਹ ਮੁਕੰਮਲ ਕਦੋਂ ਹੋਣਾ ਹੈ। ਪੁੱਛਣ ‘ਤੇ ਉਹ ਹੱਸ ਛੱਡਦਾ ਹੈ: ਪੂਰਨਤਾ ਉਤੇ ਤਾਂ ਇਕਲੌਤਾ ਹੱਕ ਸਿਰਫ ਰੱਬ ਦਾ ਹੈ! ਗੱਲ ਦਰਅਸਲ ਨਿਭਾਅ ਦੀ ਹੈ। ਇਸ ਪ੍ਰਸੰਗ ਵਿਚ ਉਹ ਆਪਣੇ ਉਸਤਾਦ ਪ੍ਰੋਫੈਸਰ ਆਰ ਕੇ ਕੌਲ ਨੂੰ ਧਿਆਉਂਦਾ ਹੈ, ਉਸ ਦੇ ਸੰਗ ਨਾਲ ਸਿੱਖੀਆਂ ਗੱਲਾਂ ਸੁਣਾਉਂਦਾ ਹੈ।
ਪੰਜਾਬ ਅਤੇ ਪੰਜਾਬੀ ਦੇ ਵਿਕਾਸ ਦੀ ਗੱਲ ਤੁਰਦੀ ਹੈ ਤਾਂ ਉਹ ਫਿਰ ਸ਼ਬਦਾਵਲੀ ‘ਤੇ ਆਣ ਖੜ੍ਹਦਾ ਹੈ। ਇਸ ਤੋਂ ਵੀ ਪਹਿਲਾਂ ਸਵਾਲ ਇਹ ਸਿਰ ਪੈ ਜਾਂਦਾ ਹੈ ਕਿ ਵਿਕਾਸ ਕੀਹਦਾ ਅਤੇ ਕਿਵੇਂ ਕਰਨਾ ਹੈ? ਕਿਤੇ ਕੋਈ ਤੰਦ ਨਹੀਂ ਲੱਭਦੀ ਦਿਸਦੀ। ਤੰਦ ਫੜਨ ਖਾਤਰ ਉਹ ਪੂੰਜੀਵਾਦ ਦੀ ਸ਼ਬਦਾਵਲੀ ਦੀ ਮਿਸਾਲ ਦਿੰਦਾ ਹੈ ਅਤੇ ਝੱਟ ਫਰਾਂਸੀਸੀ ਇਤਿਹਾਸਕਾਰ ਬ੍ਰੋਹਦੇਲ ਦੀ ਤਿੰਨ ਜਿਲਦਾਂ ਵਿਚ ਛਪੀ ਕਿਤਾਬ ‘ਸਿਵਲਾਈਜੇਸ਼ਨ ਐਂਡ ਕੈਪੀਟਲਿਜ਼ਮ’ ਵਿਚੋਂ ਇਕ ਕੱਢ ਲਿਆਉਂਦਾ ਹੈ। ਕਿਤਾਬ ਨਿਸ਼ਾਨੀਆਂ ਨਾਲ ਸ਼ਿੰਗਾਰੀ ਪਈ ਹੈ ਅਤੇ ਇਸ ਦੇ ਅੱਗੇ-ਪਿੱਛੇ ਖਾਲੀ ਥਾਂ ਉਤੇ ਸਫਿਆਂ ਦੇ ਹਿਸਾਬ ਨਾਲ ਖਾਸ ਨੁਕਤੇ ਲਿਖੇ ਹੋਏ ਹਨ। ਥੋੜ੍ਹੀ ਮਿਹਨਤ ਤੋਂ ਬਾਅਦ ਉਹ ਲੱਭ ਲੈਂਦਾ ਹੈ: ਪੂੰਜੀਵਾਦ ਦੀ ਤਕਨੀਕੀ ਸ਼ਬਦਾਵਲੀ ਵਿਕਸਤ ਹੋਣ ਦਾ ਇਤਿਹਾਸ 9 ਸਦੀਆਂ ਤੱਕ ਫੈਲਿਆ ਹੋਇਆ ਹੈ ਅਤੇ ਅਸੀਂ ਹਾਂ- ‘ਕੋਹ ਨਾ ਚੱਲੀ, ਬਾਬਾ ਮੈਂ ਤਿਹਾਈ’! ਉਹ ਸਿੱਧਾ ਅੱਖਾਂ ਵਿਚ ਝਾਕਦਾ ਹੈ। ਵਿਕਾਸ ਲਈ ਛਿੱਲੀ-ਤਰਾਸ਼ੀ ਵਿਗਿਆਨ-ਮੁੱਖ ਸ਼ਬਦਾਵਲੀ ਲਈ ਤਕਨੀਕੀ ਸ਼ਬਦਾਵਲੀ ਦਰਕਾਰ ਹੈ। ਪੰਜਾਬੀਆਂ ਦਾ ਘਾਸਾ ਇਸ ਪਾਸੇ ਬਹੁਤਾ ਪਿਆ ਨਹੀਂ ਹੈ।
ਸ਼ੇਕਸਪੀਅਰ ਦਾ ਪਿਛੋਕੜ ਖੇਤੀ ਵਾਲਾ ਸੀ, ਸੁਰਜੀਤ ਹਾਂਸ ਦਾ ਪਿੜ ਵੀ ਇਹੀ ਹੈ। ਹੁਣ ਵੀ ਉਹ ਤੇੜ ਚਾਦਰਾ ਬੰਨ੍ਹੀ ਇੰਟਰਵਿਊ ਲਈ ਬੈਠਾ ਹੈ। ਘਰੇ ਚਾਦਰੇ ਦੀ ਸੌਖ ਤਾਂ ਹੋ ਸਕਦੀ ਹੈ, ਪਰ ਇਹ ਸ਼ੁਕੀਨੀ ਕੋਈ ਨਹੀਂ। ਇਹ ਸ਼ੇਕਸਪੀਅਰ ਵਾਂਗ ਨਾੜੂਆ ਖੇਤੀ ਨਾਲ ਜੁੜੇ ਹੋਣ ਵਾਲੀ ਕੋਈ ਗੱਲ ਹੈ। ਸ਼ੇਕਸਪੀਅਰ ਦੀ ਮਹਿਮਾ ਉਸ ਦੇ ਫੌਤ ਹੋਣ ਤੋਂ ਦੋ ਸਦੀਆਂ ਬਾਅਦ ਆਰੰਭ ਹੋਈ ਸੀ। ਇਹ ਚੜ੍ਹਦੀ 19ਵੀਂ ਸਦੀ ਦੇ ਵਕਤ ਸਨ ਜਦੋਂ ਹੈਜ਼ਲਿਟ (1778-1830) ਵਰਗੇ ਲਿਖਾਰੀ ਨੇ ਇਹ ਚਰਚਾ ਛੋਹੀ ਸੀ। ਫਿਰ ਇਤਫ਼ਾਕ ਹੋਇਆ: ਅੰਗਰੇਜ਼ੀ ਸਾਮਰਾਜ ਅਤੇ ਸ਼ੇਕਸਪੀਅਰ ਸੰਸਾਰ-ਵਿਆਪੀ ਹੋ ਗਏ। ਸੁਰਜੀਤ ਹਾਂਸ ਵਾਲਾ ਸ਼ੇਕਸਪੀਅਰ ਪੰਜਾਬੀਆਂ ਦੇ ਵਿਹੜੇ ਕਦੋਂ ਤਰਥੱਲੀ ਪਾਉਂਦਾ ਹੈ, ਇਹੀ ਦੇਖਣਾ ਹੁਣ ਬਾਕੀ ਹੈ।
(‘ਪੰਜਾਬੀ ਟ੍ਰਿਬਿਊਨ’ ਤੋਂ ਧੰਨਵਾਦ ਸਹਿਤ)