ਗੁੱਲੋ

ਇਫਤਿਖ਼ਾਰ ਨਸੀਮ ਉਰਫ ਇਫਤੀ ਵਿਲੱਖਣ ਕਿਸਮ ਦਾ ਅਫਸਾਨਾ-ਨਿਗਾਰ ਅਤੇ ਸ਼ਾਇਰ ਸੀ। 1971 ਤੋਂ ਅਮਰੀਕਾ ਰਹਿ ਰਹੇ ਇਫਤੀ ਨੇ ‘ਇਫਤੀਨਾਮਾ’ (ਕਾਲਮਾਂ ਦਾ ਸੰਗ੍ਰਿਹ), ‘ਏਕ ਥੀ ਲੜਕੀ’, ‘ਅਪਨੀ ਅਪਨੀ ਜ਼ਿੰਦਗੀ’, ‘ਸ਼ਬਰੀ’ (ਕਹਾਣੀਆਂ), ‘ਗ਼ੱਜ਼ਾਲ’ ਅਤੇ ‘ਆਬਦੋਜ਼’ (ਗ਼ਜ਼ਲਾਂ) ਪੁਸਤਕਾਂ ਦੀ ਰਚਨਾ ਕੀਤੀ ਹੈ। ਅੰਗਰੇਜ਼ੀ ਵਿਚ ਉਸ ਦੀ ਪੁਸਤਕ ‘ਬਲੈਕ ਐਂਡ ਵ੍ਹਾਈਟ ਪੋਇਮਜ਼’ ਦੀ ਸ਼ਲਾਘਾ ਅਮਰੀਕੀ ਆਲੋਚਕਾਂ ਨੇ ਕੀਤੀ। ਉਸ ਦੀ ਅੰਗਰੇਜ਼ੀ ਨਜ਼ਮਾਂ ਦੀ ਕਿਤਾਬ ‘ਮਰਮੈਕੋਫਾਈਲ’ (ਕੀੜੀਆਂ ਖਾਣ ਵਾਲਾ-ਕੀਟਭਖਸ਼ੀ) ਸ਼ਿਕਾਗੋ ਦੇ ਕਾਲਜ ਵਿਚ ਗਰੈਜੂਏਟ ਵਿਚ ਪੜ੍ਹਾਈ ਗਈ।

ਉਸ ਦੇ ਕਾਵਿ-ਸੰਗ੍ਰਿਹ ‘ਨਰਮਾਨ’ (ਅਰਧਨਰੇਸ਼ਵਰ) ਦੇ ਖਿਲਾਫ ਪਾਕਿਸਤਾਨ ਵਿਚ ਕੱਟੜਪੰਥੀਆਂ ਨੇ ਹੰਗਾਮਾ ਖੜ੍ਹਾ ਕਰ ਦਿੱਤਾ ਸੀ। ਪੰਜਾਬੀ ਵਿਚ ਉਸ ਦੀਆਂ ‘ਸ਼ਬਰੀ’ (ਕਹਾਣੀਆਂ), ‘ਤਿੰਨ ਚਿਹਰਿਆਂ ਵਾਲਾ ਰੱਕਾਸ’ (ਕਵਿਤਾਵਾਂ) ਅਤੇ ‘ਰੇਤ ਕਾ ਆਦਮੀ’ (ਗ਼ਜ਼ਲਾਂ) ਪੁਸਤਕਾਂ ਪ੍ਰਕਾਸ਼ਿਤ ਹੋਈਆਂ। ਵਿਲੱਖਣ ਅੰਦਾਜ਼ ਵਿਚ ਜ਼ਿੰਦਗੀ ਬਤੀਤ ਕਰਨ ਵਾਲੇ ਇਸ ਲੇਖਕ ਨੇ ਵਿਲੱਖਣ ਅੰਦਾਜ਼ ਦੇ ਪਾਤਰਾਂ ਨੂੰ ਆਪਣੀਆਂ ਕਹਾਣੀਆਂ ਦਾ ਵਿਸ਼ਾ ਬਣਾਇਆ। ਮਨੁੱਖੀ ਜਜ਼ਬਿਆਂ ਨੂੰ ਸਮਝਣ ਦੀ ਉਸ ਦੀ ਨੀਝ ਕਮਾਲ ਦੀ ਸੀ ਅਤੇ ਉਨ੍ਹਾਂ ਦੀ ਪੇਸ਼ਕਾਰੀ ਦਾ ਹੁਨਰ ਉਸ ਨੂੰ ਭਲੀ-ਭਾਂਤ ਆਉਂਦਾ ਸੀ। ਜਜ਼ਬਿਆਂ ਦੀ ਕਸ਼ਮਕਸ਼ ਦਰਸਾਉਂਦੀ ‘ਗੁੱਲੋ’ ਉਸ ਦੀ ਮਾਰਮਿਕ ਕਹਾਣੀ ਹੈ। 15 ਸਤੰਬਰ 1946 ਨੂੰ ਲਾਇਲਪੁਰ (ਹੁਣ ਫੈਸਲਾਬਾਦ) ਵਿਚ ਇਫਤਿਖ਼ਾਰ ਨਸੀਮ ਦਾ ਜਨਮ ਹੋਇਆ ਅਤੇ 22 ਜੁਲਾਈ 2011 ਵਿਚ ਸ਼ਿਕਾਗੋ ਵਿਚ ਇੰਤਕਾਲ ਹੋ ਗਿਆ।

ਇਫਤਿਖਾਰ ਨਸੀਮ
ਅਨੁਵਾਦ: ਸੁਰਿੰਦਰ ਸੋਹਲ
ਨੂਰੇ ਪਹਿਲਵਾਨ ਨੂੰ ਪਹਿਲੀ ਵਾਰ ਕਿਸੇ ਨੇ ਚਾਰੇ ਖਾਨੇ ਚਿੱਤ ਕੀਤਾ ਸੀ ਤੇ ਉਹ ਵੀ ਇਕ ਔਰਤ ਨੇ। ਕੁਦਰਤ ਦੇ ਖੇਲ ਵੀ ਨਿਰਾਲੇ ਨੇ। ਅਸੀਂ ਜਿਸ ਨੂੰ ਸਾਰੀ ਉਮਰ ਨੇਕੀ ਸਮਝ ਕੇ ਕਰਦੇ ਹਾਂ, ਇਕ ਦਿਨ ਉਹੀ ਕਰਮ ਬਦੀ ਦਾ ਦਾਗ ਬਣ ਕੇ ਸਾਡੇ ਮੱਥੇ ‘ਤੇ ਚਿਪਕ ਜਾਂਦਾ ਹੈ। ਇਹੋ ਕੁਝ ਨੂਰੇ ਪਹਿਲਵਾਨ ਨਾਲ ਹੋਇਆ ਸੀ।
ਪਾਕਿਸਤਾਨ ਬਣਿਆ ਤਾਂ ਪੂਰਬੀ ਪੰਜਾਬ ਦੇ ਇਕ ਸ਼ਹਿਰ ਦੀ ਅੱਧੀ ਤੋਂ ਜ਼ਿਆਦਾ ਆਬਾਦੀ ਲਾਇਲਪੁਰ ਆ ਵਸੀ। ਇਸ ਸਾਰੀ ਦੌੜ ਭੱਜ ਵਿਚ ਪੂਰਬੀ ਪੰਜਾਬ ਦੀਆਂ ਤਵਾਇਫਾਂ ਦਾ ਇਕ ਕਾਫਲਾ ਰੁਲਦਾ-ਖੁਲਦਾ ਲਾਇਲਪੁਰ ਦੇ ਚਕਲੇ ਵਿਚ ਆ ਗਿਆ।
ਉਸ ਵੇਲੇ ਲਾਇਲਪੁਰ ਸ਼ਹਿਰ ਦੀ ਹੈਸੀਅਤ ਹੀ ਕੀ ਸੀ? ਇਕ ਛੋਟਾ ਜਿਹਾ ਅੱਠਾਂ ਬਾਜ਼ਾਰਾਂ ਦਾ ਸ਼ਹਿਰ, ਜਿਸ ਦੇ ਵਿਚਕਾਰ ਇਕ ਘੰਟਾਘਰ ਸੀ। ਸ਼ਾਮ ਨੂੰ ਸਾਰੇ ਮਵਾਲੀ, ਹਾਰ ਵੇਚਣ ਵਾਲੇ, ਮੰਜਨਫਰੋਸ਼, ਮਾਲਸ਼ੀਏ, ਕਬੂਤਰਬਾਜ਼, ਬਟੇਰਬਾਜ਼ ਅਤੇ ਕਈ ਤਰ੍ਹਾਂ ਦੇ ‘ਬਾਜ਼’ ਆਣ ਜਮ੍ਹਾਂ ਹੁੰਦੇ।
ਜ਼ਰਾ ਪਰ੍ਹਾਂ 3-4 ਗਲੀਆਂ ਛੱਡ ਕੇ ਅਮੀਨਪੁਰ ਬਾਜ਼ਾਰ, ਚਿਨਿਓਡ ਬਾਜ਼ਾਰ, ਗੋਲ ਬਾਜ਼ਾਰ ‘ਚ ਕਪੜਿਆਂ ਦੀਆਂ ਦੁਕਾਨਾਂ ਸਨ। ਦੁਕਾਨਾਂ ਦੇ ਪਿੱਛੇ ਇਕ ਚਕਲਾ ਤੇ ਨਾਲ ਵਾਲੀ ਗਲੀ ‘ਚ ਇਕ ਹੋਰ ਚਕਲਾ।
ਅਜੇ ਮਰਨ ਤੇ ਵਿਛੜਨ ਵਾਲਿਆਂ ਦਾ ਦੁੱਖ ਘਟਿਆ ਨਹੀਂ ਸੀ ਕਿ ਬਾਜ਼ਾਰ ਵਿਚ ਫਿਰ ਤੋਂ ਖਰੀਦੋ-ਫਰੋਖਤ ਸ਼ੁਰੂ ਹੋ ਗਈ। ਖਰੀਦਦਾਰਾਂ ਦੀ ਭੀੜ ਨਾਲ ਅੱਠੇ ਬਾਜ਼ਾਰ ਭਰ ਗਏ। ਗਲੀ ਵਿਚ ਪਹਿਲੀ ਵਾਰ ਤਬਲੇ ਦੀ ਥਾਪ ਅਤੇ ਘੁੰਗਰੂਆਂ ਦੀ ਛਣਕਾਰ ਸੁਣੀ ਤਾਂ ਸਾਰਾ ਸ਼ਹਿਰ ਟੁੱਟ ਕੇ ਪੈ ਗਿਆ।
ਮਰਨ ਵਾਲਿਆਂ ਨਾਲ ਮਰਿਆ ਨਹੀਂ ਜਾ ਸਕਦਾ, ਪਰ ਉਨ੍ਹਾਂ ਦਾ ਗਮ ਤਾਂ ਗਲਤ ਕੀਤਾ ਜਾ ਸਕਦਾ ਹੈ।
ਜ਼ਰੀ ਬਾਈ ਦੀ ਇਕੋ ਇਕ ਬੇਟੀ ਸੀ, ਗੁਲਨਾਰ। ਪਰ ਸਾਰੇ ਉਸ ਨੂੰ ਗੁੱਲੋ ਕਹਿੰਦੇ ਸਨ। ਫੁੱਲਾਂ ਵਾਂਗ ਨਰਮ ਤੇ ਨਾਜ਼ੁਕ, ਗੋਰਾ ਰੰਗ, ਲੰਬੇ ਕਾਲੇ ਵਾਲ, ਨਸ਼ੱਈ ਅੱਖਾਂ। ਕੋਈ ਦੇਖੇ ਤਾਂ ਬਿਨਾਂ ਪੀਤਿਆਂ ਹੀ ਨਸ਼ਾ ਹੋ ਜਾਵੇ।
ਅੱਜ ਗੁੱਲੋ ਦਾ ਜਲਸਾ ਸੀ। ਤਕੀਏ ਨਾਲ ਟੇਕ ਲਗਾ ਕੇ ਬੈਠੇ ਰਾਜਾ ਸਾਹਿਬ ਨੂੰ ਜਾਲੋ ਚੌਧਰੀ ਪਾਨ ਦੇ ਰਿਹਾ ਸੀ। ਗਲੀ ਵਿਚ ਤਿਲ ਸੁੱਟਣ ਦੀ ਥਾਂ ਨਹੀਂ ਸੀ।
ਵੱਡੀ ਤਾਜੀ ਨੇ ਆਪਣੇ ਚਿਹਰੇ ‘ਤੇ ਜ਼ਬਰਦਸਤੀ ਮੁਸਕਰਾਹਟ ਸਜਾਈ ਅਤੇ ਆਪਣੀਆਂ ਚਾਰਾਂ ਲੜਕੀਆਂ ਨੂੰ ਲੈ ਕੇ ਸਟੇਜ ਦੇ ਖੱਬੇ ਪਾਸੇ ਆ ਬੈਠੀ। ਲੜਕੀਆਂ ਵੱਲ ਦੇਖ ਕੇ ਤਮਾਸ਼ਬੀਨਾਂ ਦੀਆਂ ‘ਹਾਏ ਵਾਏ’, ਸਿਸਕਾਰੀਆਂ ਤੇ ਸੀਟੀਆਂ ਦੀਆਂ ਆਵਾਜ਼ਾਂ ਆਉਣ ਲੱਗੀਆਂ। ਵੱਡੀ ਤਾਜੀ ਖ਼ੁਦ ਖਾ ਜਾਣ ਵਾਲੀਆਂ ਨਜ਼ਰਾਂ ਨਾਲ ਜਾਲੋ ਚੌਧਰੀ ਵੱਲ ਦੇਖ ਰਹੀ ਸੀ। ਜਾਲੋ ਚੌਧਰੀ ਨੇ ਹੀ ਇਨ੍ਹਾਂ ਪਨਾਹਗੀਰਾਂ ਨੂੰ ਚਕਲੇ ਵਿਚ ਜਗ੍ਹਾ ਦਿੱਤੀ ਸੀ। ਜਾਲੋ ਚਕਲੇ ਦਾ ਚੌਧਰੀ ਸੀ। ਇਸ ਲਈ ਵੱਡੀ ਤਾਜੀ ਮੂੰਹ ਫੱਟ ਹੋਣ ਦੇ ਬਾਵਜੂਦ ਉਸ ਦੇ ਸਾਹਮਣੇ ਨਾ ਬੋਲ ਸਕੀ।
ਦੂਸਰੇ ਪਾਸੇ ਮੁਮਤਾਜ਼, ਆਪਣੀਆਂ ਤੇਜ਼ ਤਰਾਰ ਬੇਟੀਆਂ ਨੂੰ ਲੈ ਕੇ ਸ਼ਾਮਿਆਨੇ ਵਿਚ ਦਾਖ਼ਲ ਹੋਈ। ਇਨ੍ਹਾਂ ਦੇ ਚਾਹੁਣ ਵਾਲਿਆਂ ਨੇ ਨੋਟਾਂ ਤੇ ਸਿੱਕਿਆਂ ਦੀ ਬਾਰਿਸ਼ ਕੀਤੀ।
ਮੀਆਂ ਜੈਦਾਂ ਆਪਣੀਆਂ ਬੇਟੀਆਂ ਨੂੰ ਤਿਆਰ ਕਰਕੇ ਸ਼ਮਿਆਨੇ ਵਿਚ ਲਿਆਈ ਤਾਂ ਜਿਵੇਂ ਅੱਗ ਹੀ ਲੱਗ ਗਈ।
ਦਸੰਬਰ ਦੇ ਮਹੀਨੇ ਦਾ ਚੰਦ ਸੁਲਘ ਉਠਿਆ। ਗੈਸ ਦੇ ਲੰਪਾਂ ਦੀ ਰੌਸ਼ਨੀ ਮੱਧਮ ਹੋ ਗਈ। ਚਿਹਰੇ ਜਗਮਗਾ ਉਠੇ। ਫੱਤੂ ਕਸਾਈ ਦੀਆਂ ਪੇਸ਼ੇਵਰ ਬਿਠਾਈਆਂ ਹੋਈਆਂ ਰਖੇਲਾਂ ਵੀ ਹੌਲੀ ਹੌਲੀ ਆਉਣ ਲੱਗ ਪਈਆਂ।
ਇਸ ਮੁਹੱਲੇ ਵਿਚ ਗਾਉਣ ਵਾਲੀਆਂ ਅਤੇ ‘ਟਾਈਮ ਲਗਾਉਣ’ ਵਾਲੀਆਂ ਵੀ ਹਾਜ਼ਿਰ ਸਨ। ਪਰ ਫੱਤੂ ਕਸਾਈ ਦੀ ਵਜ੍ਹਾ ਕਰਕੇ ਉਨ੍ਹਾਂ ਨੂੰ ਆਪਣੀ ਹੈਸੀਅਤ ਤੋਂ ਚੰਗੇ ਦਰਜੇ ਵਿਚ ਬੈਠਣ ਲਈ ਜਗ੍ਹਾ ਮਿਲ ਜਾਂਦੀ ਸੀ। ਫੁੱਲਾਂ ਦੇ ਹਾਰ, ਅਤਰ ਦੇ ਤੂੰਬੇ, ਅੰਦਰ ਹੀ ਅੰਦਰ ਸ਼ਰਾਬ ਦੇ ਪਊਏ ਵਿਕਣੇ ਸ਼ੁਰੂ ਹੋ ਗਏ।
ਇਸ਼ਾ ਦੀ ਨਮਾਜ਼ ਤੋਂ ਬਾਅਦ ਥੋੜ੍ਹਾ ਵਕਫਾ ਦਿੱਤਾ ਗਿਆ ਤਾਂ ਕਿ ਨਾਲ ਵਾਲੀ ਮਸੀਤ ਦੇ ਲੋਕ ਨਮਾਜ਼ ਪੜ੍ਹ ਕੇ ਆਪਣੇ ਘਰਾਂ ਨੂੰ ਚਲੇ ਜਾਣ।
ਇਸੇ ਝਮੇਲੇ ਵਿਚ ਚਾਂਦੀ ਬਾਈ ਆਪਣੀ ਬੇਟੀ ਨੂੰ ਨਾਲ ਲੈ ਕੇ ਆਈ, ਪਰ ਆਮ ਜਿਹੀ ਸ਼ਕਲ ਵਾਲੀ ਲੜਕੀ ਵੱਲ ਕਿਸੇ ਨੇ ਕੋਈ ਧਿਆਨ ਨਾ ਦਿੱਤਾ।
ਥੋੜ੍ਹੀ ਦੇਰ ਬਾਅਦ ਤਬਲੇ ਵਾਲਾ ਸਟੇਜ ਦੇ ਖੱਬੇ ਹੱਥ ਬੈਠ ਗਿਆ। ਹਾਰਮੋਨੀਅਮ ਵਾਲਾ ਸੱਜੇ ਪਾਸੇ। ਸਾਰੰਗੀ ਵਾਲਾ ਉਸ ਦੇ ਨਾਲ ਬੈਠ ਗਿਆ। ਸਿਤਾਰ ਵਾਲਾ ਜ਼ਰਾ ਪਿੱਛੇ।
ਫਿਰ ਗੁੱਲ ਬਾਈ ਆਈ। ਉਸ ਨੇ ਹਰੇ ਰੰਗ ਦਾ ਗਰਾਰਾ ਅਤੇ ਹਰੇ ਰੰਗ ਦੀ ਕਮੀਜ਼ ਪਹਿਨੀ ਹੋਈ ਸੀ। ਦੁਪੱਟੇ ‘ਤੇ ਗੋਟਾ ਕਿਨਾਰੀ ਲਾਈ ਹੋਈ ਸੀ। ਗਲੇ ਵਿਚ ਰਾਣੀ ਹਾਰ, ਸਿਰ ‘ਤੇ ਬਹੁਤ ਵੱਡਾ ਝੂਮਰ ਸੀ। ਉਸ ਦੇ ਪਿੱਛੇ ਗੁੱਲੋ ਆਈ। ਸੁਰਖ ਰੰਗ ਦੀ ਕਮੀਜ਼, ਤੰਗ ਪਾਜਾਮਾ, ਹਲਕੇ ਗੁਲਾਬੀ ਰੰਗ ਦਾ ਦੁਪੱਟਾ, ਲੰਬੇ ਸਿਆਹ ਵਾਲ, ਵਾਲਾਂ ਵਿਚ ਮੋਤੀਏ ਦਾ ਜੂੜਾ ਬੰਨ੍ਹ ਕੇ ਵਾਲਾਂ ਨੂੰ ਖੁੱਲ੍ਹੇ ਛੱਡਿਆ ਹੋਇਆ ਸੀ। ਨੱਕ ਵਿਚ ਨਥਨੀ ਸੀ।
ਤਮਾਸ਼ਬੀਨਾਂ ਨੇ ਤਾੜੀਆਂ ਨਾਲ ਉਸ ਦਾ ਸਵਾਗਤ ਕੀਤਾ। ਵੱਡੀਆਂ ਬਾਈਆਂ ਦੇ ਮੱਥਿਆਂ ‘ਤੇ ਤਿਊੜੀਆਂ ਪੈ ਗਈਆਂ। ਉਨ੍ਹਾਂ ਦੀਆਂ ਬੇਟੀਆਂ ਨੇ ਬੜੇ ਧਿਆਨ ਨਾਲ ਸਰਹੱਦੋਂ ਪਾਰ ਦਾ ਲਿਬਾਸ ਅਤੇ ਫੈਸ਼ਨ ਦੇਖਿਆ।
ਗੁੱਲੋ ਨੇ ਆਪਣੇ ਨਰਮ ਤੇ ਨਾਜ਼ੁਕ ਹੱਥਾਂ ਨਾਲ ਸਭ ਨੂੰ ਆਦਾਬ ਕੀਤਾ। ਸਾਜ਼ਿੰਦਿਆਂ ਨੇ ਸਾਜ਼ਾਂ ਨੂੰ ਮਿਲਾਇਆ। ਗੁੱਲੋ ਦੇ ਆਲਾਪ ਨਾਲ ਸਮਝਦਾਰ ਬਾਈਆਂ ਦੇ ਚਿਹਰਿਆਂ ‘ਤੇ ਮੁਸਕਰਾਹਟ ਫੈਲ ਗਈ। ਏਨੀ ਸਜੀ ਸੰਵਰੀ ਸੁੰਦਰ ਲੜਕੀ ਤੇ ਏਨੀ ਫਟੀ ਹੋਈ ਆਵਾਜ਼? ਸਾਰੇ ਤਮਾਸ਼ਬੀਨ ਉਸ ਦੇ ਹੁਸਨ ਵਿਚ ਮਸਤ ਸਨ।
ਜਦ ਗੁੱਲੋ ਨੇ ਉਠ ਕੇ ਦਾਦਰੇ ‘ਤੇ ਆਪਣੇ ਪੈਰਾਂ, ਹੱਥਾਂ, ਚਿਹਰੇ, ਗਰਦਨ ਅਤੇ ਅੱਖਾਂ ਨਾਲ ਨ੍ਰਿਤ ਭਾਵ ਦਿਖਾਉਂਦਿਆਂ ਸਟੇਜ ਦਾ ਚੱਕਰ ਕੱਟਿਆ ਤਾਂ ਉਹ ਜਲਸਾ ਲੁੱਟ ਕੇ ਲੈ ਗਈ।
ਦਾਨਾ ਬਾਈਆਂ ਦੇ ਚਿਹਰੇ ਉਤਰ ਗਏ। ਉਨ੍ਹਾਂ ਦੀਆਂ ਬੇਟੀਆਂ ਨੇ ਪਹਿਲੀ ਵਾਰ ਆਪਣੇ ਉਸਤਾਦਾਂ ਤੋਂ ਵੀ ਵਧੀਆ ਕਿਸੇ ਨੂੰ ਦੇਖਿਆ ਸੀ। ਉਨ੍ਹਾਂ ਨੇ ਆਪਣੇ ਦੰਦਾਂ ਹੇਠ ਉਂਗਲੀਆਂ ਦਬਾ ਲਈਆਂ ਸਨ।
ਇਸੇ ਮਜਮੇ ਵਿਚ ਕਿਤੇ ਨੂਰਾ ਪਹਿਲਵਾਨ ਵੀ ਬੈਠਾ ਸੀ। ਉਸ ਨੇ ਆਪਣਾ ਇਕੋ ਇਕ ਤੇਲ ਨਾਲ ਥਿੰਦਾ ਹੋਇਆ ਨੋਟ ਨਿਛਾਵਰ ਕੀਤਾ ਪਰ ਇਸ ਤੋਂ ਵੀ ਕਿਤੇ ਵੱਧ ਕੇ ਉਸ ਨੇ ਆਪਣਾ ਦਿਲ ਗੁੱਲੋ ਦੇ ਕਦਮਾਂ ਵਿਚ ਸੁੱਟ ਦਿੱਤਾ, ਜਿਸ ਉਤੇ ਉਹ ਸਾਰੀ ਰਾਤ ਨਾਚ ਕਰਦੀ ਰਹੀ ਤੇ ਕੁਚਲਦੀ ਰਹੀ, ਪਰ ਉਸ ਵਿਚਾਰੀ ਨੂੰ ਕੀ ਪਤਾ ਸੀ, ਉਸ ਨੂੰ ਇਸ ਅਣਦੇਖੇ ਗੁਨਾਹ ਦੀ ਕਿੰਨੀ ਵੱਡੀ ਸਜ਼ਾ ਮਿਲਣੀ ਸੀ।
ਗੱਲ ਸਿਰਫ ਏਨੀ ਸੀ ਕਿ ਜ਼ਰੀ ਬਾਈ ਦੀ ਇਕਲੌਤੀ ਬੇਟੀ ਗੁੱਲੋ ਦੇ 6 ਭਰਾ ਸਨ। ਬਦਸੂਰਤੀ ਵਿਚ ਇਕ ਦੂਜੇ ਤੋਂ ਵੱਧ। ਛੋਟੇ ਕੱਦ, ਕਾਲੇ ਕਲੂਟੇ, ਮੋਟੇ-ਮੋਟੇ, ਉਹ ਕਿਸੇ ਹੋਰ ਦੁਨੀਆਂ ਦੇ ਤਾਂ ਲਗਦੇ ਸਨ, ਪਰ ਗੁੱਲੋ ਦੇ ਭਰਾ ਨਹੀਂ ਸਨ ਲਗਦੇ।
‘ਉਹ ਤਾਂ ਰੱਬ ਦਾ ਸ਼ੁਕਰ ਹੈ ਕਿ ਮੈਂ ਉਸ ਨਵਾਬ ਦੀ ਛੇ ਮਹੀਨੇ ਰਖੇਲ ਰਹੀ, ਨਹੀਂ ਤਾਂ ਗੁੱਲੋ ਵੀ ਆਪਣੇ ਭਰਾਵਾਂ ਵਰਗੀ ਹੁੰਦੀ।’ ਜ਼ਰੀ ਬਾਈ ਫਖ਼ਰ ਨਾਲ ਚਾਂਦੀ ਬਾਈ ਨੂੰ ਦੱਸਦੀ।
ਇਹ ਸਾਰੇ ਜੂਏ, ਚੋਰੀ-ਚਕਾਰੀ, ਸ਼ਰਾਬ ਵੇਚਣ ਵਿਚ ਮਾਹਿਰ ਸਨ। ਸ਼ਾਮ ਨੂੰ ਮੁਹੱਲੇ ਦੇ ਬਾਕੀ ਲੜਕਿਆਂ ਨਾਲ ਬਾਜ਼ਾਰ ਵਿਚ ਅਫੀਮ ਦੇ ਠੇਕੇ ਦੇ ਉਪਰ ਵਾਲੇ ਚੁਬਾਰੇ ਵਿਚ ਜੂਆ ਖੇਲਦੇ। ਉਥੇ ਦੂਸਰੇ ਮੁਹੱਲਿਆਂ ਦੇ ਲੜਕੇ ਵੀ ਆ ਜਾਂਦੇ। ਉਥੇ ਹੀ ਨੂਰੇ ਪਹਿਲਵਾਨ ਤੇ ਗੁੱਲੋ ਦੇ ਭਰਾ ਦੀ ਮੁਲਾਕਾਤ ਹੋਈ ਤੇ ਉਹ ਗਹਿਰੇ ਦੋਸਤ ਬਣ ਗਏ।
ਨੂਰੇ ਪਹਿਲਵਾਨ ਨੂੰ ਪੰਜਾਬੀ ਸ਼ਾਇਰੀ ਬਹੁਤ ਪਸੰਦ ਸੀ। ਉਹ ਗੁੱਲੋ ਦੇ ਭਰਾ ਕੋਲੋਂ ਘੰਟਿਆਂ ਬੱਧੀ ਬੁੱਲ੍ਹੇ ਸ਼ਾਹ, ਮੀਆਂ ਮੁਹੰਮਦ, ਵਾਰਿਸ ਸ਼ਾਹ, ਬਾਬਾ ਫਰੀਦ ਦੀ ਸ਼ਾਇਰੀ ਸੁਣਦਾ ਰਹਿੰਦਾ।
ਇਕ ਦਿਨ ਨੂਰਾ ਪਹਿਲਵਾਨ ਗੁੱਲੋ ਦੇ ਘਰ ਆਇਆ। ਤਵਾਇਫਾਂ ਦੇ ਦਰਵਾਜ਼ੇ ਤਾਂ ਹਮੇਸ਼ਾ ਖੁੱਲ੍ਹੇ ਰਹਿੰਦੇ ਹਨ। ਉਸ ਨੇ ਆਦਤਨ ਦਰਵਾਜ਼ੇ ‘ਤੇ ਦਸਤਕ ਦਿੱਤੀ। ਗੁੱਲੋ ਸਾਰੀ ਰਾਤ ‘ਟਾਈਮ’ ਲਾ ਕੇ ਸੁੱਤੀ ਪਈ ਸੀ, ਹਾਲਾਂਕਿ ਉਠਣ ਦਾ ਵਕਤ ਹੋ ਗਿਆ ਸੀ। ਉਹ ਅੱਖਾਂ ਮਲਦੀ ਉਠੀ। ਘਰ ਵਿਚ ਸਾਰੇ ਸੁੱਤੇ ਪਏ ਸਨ। ਉਹ ਦਰਵਾਜ਼ੇ ‘ਤੇ ਆਈ। ਸਾਹਮਣੇ ਨੂਰਾ ਪਹਿਲਵਾਨ ਖੜ੍ਹਾ ਦੇਖ ਕੇ ਉਹ ਦੰਗ ਰਹਿ ਗਈ। ਉਚਾ ਲੰਮਾ ਕੱਦ ਕਾਠ। ਮਲਮਲ ਦੇ ਕੁੜਤੇ ਵਿਚੋਂ ਉਸ ਦਾ ਕਸਰਤੀ ਸਰੀਰ ਡੁੱਲ੍ਹ ਡੁੱਲ੍ਹ ਪੈ ਰਿਹਾ ਸੀ। ਗਲ਼ ‘ਚ ਤਬੀਤ ਤੇ ਪੈਰਾਂ ਵਿਚ ਚੱਪਲਾਂ।
ਗੁੱਲੋ ਦੇ ਦਿਲ ਨੇ ਧੋਬੀ ਪਟਕਾ ਖਾਧਾ ਅਤੇ ਨੂਰੇ ਪਹਿਲਵਾਨ ਦੇ ਪੈਰਾਂ ਵਿਚ ਜਾ ਡਿਗਿਆ। ਨੂਰੇ ਪਹਿਲਵਾਨ ਦੀ ਮੰਜ਼ਿਲ ਸਾਹਮਣੇ ਸੀ। ਉਨ੍ਹਾਂ ਵਿਚਕਾਰ ਸਿਰਫ ਇਕ ਕਦਮ ਦਹਿਲੀਜ਼ ਦਾ ਫਾਸਲਾ ਸੀ। ਪਰ ਨੂਰਾ ਪਹਿਲਵਾਨ ਗੁੱਲੋ ਨੂੰ ਦੋਸਤ ਦੀ ਭੈਣ ਸਮਝ ਕੇ ਸਹਿਵਨ ਹੀ ‘ਭੈਣ’ ਕਹਿ ਗਿਆ।
ਫਿਰ ਗੁੱਲੋ ਨੇ ਹਜ਼ਾਰ ਮਿੰਨਤਾਂ ਕੀਤੀਆਂ। ਉਮਰ ਭਰ ਲਈ ਨਹੀਂ ਤਾਂ ਸਿਰਫ ਇਕ ਰਾਤ ਹੀ ਨੂਰਾ ਉਸ ਦੇ ਨਾਂ ਕਰ ਦੇਵੇ, ਪਰ ਨੂਰੇ ਪਹਿਲਵਾਨ ਨੇ ਸਾਫ ਇਨਕਾਰ ਕਰ ਦਿੱਤਾ। ਗੁੱਲੋ ਪਾਗਲ ਹੁੰਦੀ ਜਾ ਰਹੀ ਸੀ। ਜ਼ਰੀ ਬਾਈ ਨੇ ਸਮਝਾਇਆ, ‘ਬੇਟੀ ਮਰਦ ਦੀ ਜ਼ਾਤ ਕੁੱਤੇ ਦੀ ਜ਼ਾਤ ਹੁੰਦੀ ਹੈ। ਉਹ ਮਸਜਿਦ ਦੀ ਦੀਵਾਰ ਤੇ ਤਵਾਇਫ ਦੇ ਕੋਠੇ ਦੀ ਪਰਵਾਹ ਨਹੀਂ ਕਰਦਾ। ਉਹ ਤਾਂ ਹਰ ਥਾਂ ਲੱਤ ਚੁੱਕ ਕੇ ਪਿਸ਼ਾਬ ਕਰ ਦਿੰਦਾ ਹੈ। ਤੂੰ ਕਿਉਂ ਇਹਦੇ ਪਿੱਛੇ ਆਪਣੀ ਜ਼ਿੰਦਗੀ ਬਰਬਾਦ ਕਰ ਰਹੀ ਏਂ।’
ਗੁੱਲੋ ਦੇ ਕੋਲ ਗਾਹਕਾਂ ਦੀ ਕੋਈ ਕਮੀ ਨਹੀਂ ਸੀ। ਸਗੋਂ ਉਸ ਨੂੰ ਤਾਂ ਕਪੜੇ ਪਹਿਨਣ ਦੀ ਵੀ ਵਿਹਲ ਨਹੀਂ ਸੀ। ਗੁੱਲੋ ਵਿਚ ਹਜ਼ਾਰ ਬੁਰਾਈਆਂ ਹੋ ਸਕਦੀਆਂ ਸਨ, ਪਰ ਉਹ ਆਪਣੇ ਪੇਸ਼ੇ ਪ੍ਰਤੀ ਪ੍ਰਤੀਬੱਧ ਸੀ। ਉਹ ਤਾਂ ਨੂਰੇ ਪਹਿਲਵਾਨ ਦੀ ਸ਼ਾਦੀ ‘ਤੇ ਮੁਜਰਾ ਕਰਨ ਲਈ ਵੀ ਤਿਆਰ ਸੀ, ਪਰ ਸੱਦਾ ਹੀ ਨਾ ਆਇਆ।
ਜ਼ਖ਼ਮ ਦਾ ਮੂੰਹ ਬੰਦ ਨਾ ਕੀਤਾ ਜਾਵੇ ਤਾਂ ਉਹ ਫੈਲਦਾ ਹੀ ਜਾਂਦਾ ਹੈ। ਜਿਵੇਂ ਜਿਵੇਂ ਵਕਤ ਗੁਜ਼ਰਦਾ ਗਿਆ, ਗੁੱਲੋ ਦੇ ਦਿਲ ਦਾ ਜ਼ਖ਼ਮ ਭਰਨ ਦੀ ਬਜਾਏ ਨਾਸੂਰ ਬਣਦਾ ਗਿਆ।
ਕਈ ਲੋਕ ਗੁੱਲੋ ਦਾ ਹੱਥ ਫੜ੍ਹ ਕੇ ਉਸ ਨੂੰ ਘਰ ਬਿਠਾਉਣਾ ਚਾਹੁੰਦੇ ਸਨ, ਪਰ ਉਹ ਇਨਕਾਰ ਕਰਦੀ ਰਹੀ।
ਤਵਾਇਫ ਦੀ ਉਮਰ ਹੀ ਕੀ ਹੁੰਦੀ ਹੈ? ਜਦੋਂ ਉਹ ਵੀਹਵੇਂ ਦੇ ਆਖਰੀ ਹਿੱਸੇ ਵਿਚ ਪਹੁੰਚੀ ਤਾਂ ਉਸ ਦੇ ਕਮਰੇ ਦੀ ਰੌਣਕ ਘਟਣੀ ਸ਼ੁਰੂ ਹੋ ਗਈ। ਵਿਹਲਾ ਵਕਤ ਕੱਟਣ ਲਈ, ਮਨ ਲਾਈ ਰੱਖਣ ਲਈ, ਗੁੱਲੋ ਨੂੰ ਜੂਏ ਦੀ ਆਦਤ ਪੈ ਗਈ। ਉਹ ਸਾਰਾ ਸਾਰਾ ਦਿਨ ਘੜਵੰਜ ਖੇਡਦੀ ਰਹਿੰਦੀ। ਵਕਤ ਮਿਲਦਾ ਤਾਂ ‘ਟਾਈਮ’ ਵੀ ਲਗਾ ਲੈਂਦੀ। ਵੱਟਿਆ ਸਾਰਾ ਪੈਸਾ ਜੂਏ ਵਿਚ ਹਾਰ ਜਾਂਦੀ। ਇਨ੍ਹਾਂ ਰੁਝੇਵਿਆਂ ਦੇ ਬਾਵਜੂਦ ਉਹ ਨੂਰੇ ਪਹਿਲਾਵਨ ਨੂੰ ਇਸ ਤਰ੍ਹਾਂ ਹੀ ਯਾਦ ਕਰਦੀ, ਜਿਵੇਂ ਇਬਾਦਤ ਕਰ ਰਹੀ ਹੋਵੇ।
ਫਿਰ ਉਹੀ ਹੋਇਆ ਜੋ ਅਕਸਰ ਤਵਾਇਫਾਂ ਨਾਲ ਹੁੰਦਾ ਹੈ। ਇਕ ਦਿਨ ਗੁੱਲੋ ਬਿਮਾਰ ਹੋ ਗਈ। ਬਿਸਤਰੇ ਨਾਲ ਅਜਿਹੀ ਚਿੰਬੜੀ ਕਿ ਜਨਾਜ਼ਾ ਬਣ ਕੇ ਹੀ ਉਠੀ। ਮਰਨ ਤੋਂ ਪਹਿਲਾਂ ਉਸ ਨੇ ਮਿੰਨਤ ਕੀਤੀ, ‘ਨੂਰੇ ਨੂੰ ਕਹੋ, ਇਕ ਵਾਰ ਤਾਂ ਮੈਨੂੰ ਆ ਕੇ ਮਿਲ ਜਾਵੇ।’
ਨੂਰਾ ਪਹਿਲਵਾਨ ਆਇਆ। ਉਸ ਨੇ ਦਾਹੜੀ ਰੱਖੀ ਹੋਈ ਸੀ। ਬੋਲਿਆ, ‘ਕੀ ਹਾਲ ਐ ਗੁੱਲੋ?’
‘ਸਭ ਕੁਝ ਤੇਰੇ ਸਾਹਮਣੇ ਈ ਐ। ਹੁਣ ਤਾਂ ਕੁਝ ਘੜੀਆਂ ਦੀ ਮਹਿਮਾਨ ਹਾਂ।’ ਗੁੱਲੋ ਦੇ ਚਿਹਰੇ ‘ਤੇ ਜ਼ਰਦੀ ਦਾ ਅਜਿਹਾ ਰੰਗ ਸੀ, ਜੋ ਸਿਰਫ ਮਰਨ ਵਾਲੇ ਦੇ ਚਿਹਰੇ ‘ਤੇ ਹੀ ਹੁੰਦਾ ਹੈ।
‘ਮੈਂ ਤੇਰੇ ਲਈ ਕੀ ਕਰ ਸਕਦਾ ਹਾਂ?’ ਨੂਰੇ ਪਹਿਲਵਾਨ ਨੇ ਜਜ਼ਬਾਤੀ ਹੋ ਕੇ ਹੰਝੂ ਰੋਕਦਿਆਂ ਕਿਹਾ।
ਗੁੱਲੋ ਦਾ ਸਾਹ ਉਖੜ ਰਿਹਾ ਸੀ।
‘ਮੈਂ ਸਿਰਫ ਏਨਾ ਹੀ ਪੁੱਛਣਾ ਚਾਹੁੰਦੀ ਹਾਂ, ਮੈਂ ਤੇਰੇ ਦੋਸਤ ਦੀ ਭੈਣ ਹਾਂ। ਤੂੰ ਮੈਨੂੰ ਭੈਣ ਸਮਝਦਾ ਵੀ ਸੀ ਨਾ! ਤਾਂ ਫਿਰ ਮੈਨੂੰ ਸਾਰੀ ਉਮਰ ਚਕਲੇ ‘ਤੇ ਕਿਉਂ ਬਿਠਾਈ ਰੱਖਿਆæææ।’ ਗੁੱਲੋ ਆਖਰੀ ਵਾਕ ਪੂਰਾ ਨਾ ਕਰ ਸਕੀ।
ਨੂਰੇ ਪਹਿਲਵਾਨ ਨੂੰ ਲੱਗਿਆ, ਜਿਵੇਂ ਉਹ ਚਾਰੇ ਖਾਨੇ ਚਿੱਤ ਪਿਆ ਹੋਵੇ ਤੇ ਸਾਰੀ ਦੁਨੀਆਂ ਉਸ ਦੀ ਇਸ ਹਾਰ ‘ਤੇ ਹੱਸ ਰਹੀ ਹੋਵੇ।