ਡਾæ ਪਰਮਜੀਤ ਸਿੰਘ ਕੱਟੂ
ਫੋਨ: 91-94631-24131
ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਪਿਏਰੇ ਜੇਮਸ ਟਰੂਡੋ ਦਾ ਸਿੱਖਾਂ ਪ੍ਰਤੀ ਮੋਹ ਕਈਆਂ ਨੂੰ ਹੈਰਾਨ ਕਰ ਰਿਹਾ ਹੈ। ਵੈਸੇ ਇਹ ਹੈਰਾਨੀ ਖੁਸ਼ੀ ਭਰੀ ਹੈ। ਇਸ ਬਾਰੇ ਗੱਲ ਕਰਨ ਤੋਂ ਪਹਿਲਾਂ ਕੁਝ ਹੋਰ ਨੁਕਤਿਆਂ ਨੂੰ ਜਾਣ ਲੈਣਾ ਠੀਕ ਰਹੇਗਾ।
ਮੌਜੂਦਾ ਕੈਨੇਡੀਅਨ ਪ੍ਰਧਾਨ ਮੰਤਰੀ ਲਿਬਰਲ ਪਾਰਟੀ ਦਾ ਨੇਤਾ ਹੈ। ਕੈਨੇਡਾ ਦੇ ਇਤਿਹਾਸ ਵਿਚ ਉਹ ਜੋ ਕਲਾਰਕ ਤੋਂ ਬਾਅਦ ਦੂਜਾ ਯੁਵਾ ਪ੍ਰਧਾਨ ਮੰਤਰੀ ਹੈ ਅਤੇ ਕੈਨੇਡਾ ਦੇ 15ਵੇਂ ਪ੍ਰਧਾਨ ਮੰਤਰੀ ਪਿਏਰੇ ਟਰੂਡੋ ਦਾ ਪੁੱਤਰ ਹੈ। ਕੈਨੇਡਾ ਦੇ ਸਭ ਤੋਂ ਹਰਮਨ ਪਿਆਰੇ ਤੇ ਪਸੰਦੀਦਾ ਪ੍ਰਧਾਨ ਮੰਤਰੀ ਦੀ ਜਦੋਂ ਗੱਲ ਆਉਂਦੀ ਹੈ ਤਾਂ ਜਸਟਿਨ ਟਰੂਡੋ ਦੇ ਪਿਤਾ ਪਿਏਰੇ ਟਰੂਡੋ ਦਾ ਨਾਂ ਸਭ ਤੋਂ ਪਹਿਲਾਂ ਲੋਕਾਂ ਦੀ ਜ਼ੁਬਾਨ ਉਤੇ ਆਉਂਦਾ ਹੈ। ਪਿਛਲੇ ਦਿਨੀਂ ਫੋਰਮ ਰਿਸਰਚ ਵੱਲੋਂ ਕਰਵਾਏ ਗਏ ਸਰਵੇਖਣ ਦੇ ਨਤੀਜੇ ਜਾਰੀ ਕੀਤੇ ਗਏ। 1,525 ਕੈਨੇਡੀਅਨਾਂ ਤੋਂ ਇਹ ਪੁੱਛਿਆ ਗਿਆ ਕਿ ਹੇਠਾਂ ਦਿੱਤੇ ਪ੍ਰਧਾਨ ਮੰਤਰੀਆਂ ਵਿਚੋਂ ਬਿਹਤਰੀਨ ਕੌਣ ਸੀ? ਸਭ ਤੋਂ ਵੱਧ 26 ਫੀਸਦੀ ਲੋਕਾਂ ਨੇ ਪਿਏਰੇ ਟਰੂਡੋ ਨੂੰ ਪਸੰਦ ਕੀਤਾ। ਆਪਣੇ ਪਿਤਾ ਦੇ ਦਿਹਾਂਤ ਤੋਂ ਬਾਅਦ ਜਸਟਿਨ ਟਰੂਡੋ ਰਾਜਨੀਤੀ ਵਿਚ ਹੋਰ ਅੱਗੇ ਵਧੇ ਤੇ 2008 ਵਿਚ ਫੈਡਰਲ ਚੋਣਾਂ ਜਿੱਤੇ ਅਤੇ ਹਾਊਸ ਆਫ ਕਾਮਨਜ਼ ਵਿਚ ਪੈਪੀਨਿਓ ਦੀ ਪ੍ਰਤੀਨਿਧਤਾ ਕੀਤੀ। ਫਿਰ 2009 ਵਿਚ ਲਿਬਰਲ ਪਾਰਟੀ ਵੱਲੋਂ ਯੁਵਕ ਅਤੇ ਬਹੁਰਾਸ਼ਟਰੀਅਤਾ ਮੰਤਰੀ ਬਣੇ ਅਤੇ ਉਸੇ ਸਾਲ ਹੀ ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਮੰਤਰਾਲੇ ਦੇ ਮੰਤਰੀ ਨਾਮਜ਼ਦ ਹੋਏ। ਸਾਲ 2011 ਵਿਚ ਉਨ੍ਹਾਂ ਨੂੰ ਸੈਕੰਡਰੀ ਸਿੱਖਿਆ, ਯੁਵਕ ਤੇ ਖੇਡ ਮੰਤਰਾਲੇ ‘ਚ ਨਾਮਜ਼ਦ ਕੀਤਾ ਗਿਆ। ਟਰੂਡੋ ਨੇ ਲਿਬਰਲ ਪਾਰਟੀ ਦੀ ਕਮਾਨ ਅਪਰੈਲ 2013 ਵਿਚ ਸੰਭਾਲੀ ਅਤੇ ਫਿਰ ਇਸ ਪਾਰਟੀ ਨੇ 2015 ਦੀਆਂ ਚੋਣਾਂ ‘ਚ ਭਾਰੀ ਜਿੱਤ ਪ੍ਰਾਪਤ ਕੀਤੀ।
ਜਸਟਿਨ ਟਰੂਡੋ ਇਸ ਵੇਲੇ ਦੁਨੀਆਂ ਭਰ ਵਿਚ ਮਕਬੂਲ ਨੇਤਾ ਵਜੋਂ ਉਭਰ ਰਹੇ ਹਨ। ਇਸ ਦਾ ਵੱਡਾ ਕਾਰਨ ਇਹ ਹੈ ਕਿ ਕੈਨੇਡਾ ਬਹੁ-ਸਭਿਆਚਾਰਕ ਮੁਲਕ ਹੈ ਤੇ ਜਸਟਿਨ ਟਰੂਡੋ ਇਸ ਨੁਕਤੇ ਨੂੰ ਬਹੁਤ ਸੰਜੀਦਗੀ ਨਾਲ ਲਾਗੂ ਕਰ ਰਹੇ ਹਨ। ਉਹ ਘੱਟ-ਗਿਣਤੀਆਂ ਦੇ ਸਭਿਆਚਾਰਕ ਤੇ ਧਾਰਮਿਕ ਸਮਾਗਮਾਂ ‘ਚ ਨਿਰੰਤਰ ਸ਼ਾਮਲ ਹੁੰਦੇ ਰਹਿੰਦੇ ਹਨ। ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਜਿਹੜਾ ਕਥਨ ਲੋਕਾਂ ‘ਚ ਬਹੁਤ ਮਕਬੂਲ ਹੋਇਆ, ਉਹ ਸੀ ਜਦੋਂ ਉਨ੍ਹਾਂ ਕਿਹਾ ਕਿ ਸਾਨੂੰ ਦੁਨੀਆਂ ਨੂੰ ਬਿਹਤਰ ਬਣਾਉਣ ਲਈ ਕਵੀਆਂ ਦੀ ਜ਼ਰੂਰਤ ਹੈ। ਇਹ ਕੋਈ ਸਾਧਾਰਨ ਕਥਨ ਨਹੀਂ ਬਲਕਿ ਇਕ ਦਾਰਸ਼ਨਿਕ ਵਿਚਾਰ ਹੈ। ਇਕ ਵੇਲੇ ਪਲੈਟੋ ਨੇ ਵੀ ਕਿਹਾ ਸੀ, ਕਵਿਤਾ ਇਤਿਹਾਸ ਨਾਲੋਂ ਮਾਰਮਿਕ ਸੱਚ ਦੇ ਵਧੇਰੇ ਨੇੜੇ ਹੁੰਦੀ ਹੈ।
ਜਸਟਿਨ ਟਰੁਡੋ ਨੇ ਆਪਣੀ ਵਜ਼ਾਰਤ ਵਿਚ ਚਾਰ ਸਿੱਖਾਂ ਨੂੰ ਸ਼ਾਮਲ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਇਨ੍ਹਾਂ ਚਾਰ ਸਿੱਖ ਮੰਤਰੀਆਂ ਵਿਚ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਵੀ ਸ਼ਾਮਿਲ ਹਨ ਜਿਨ੍ਹਾਂ ਨੇ ਕੈਨੇਡਾ ਦੀ ਹਥਿਆਰਬੰਦ ਫੌਜ ਵਿਚ ਕੰਮ ਕਰਦਿਆਂ ਅਫਗਾਨਿਸਤਾਨ ਦਾ ਤਿੰਨ ਵਾਰ ਦੌਰਾ ਕੀਤਾ ਸੀ। ਸੱਜਣ ਤੋਂ ਇਲਾਵਾ ਦੂਸਰੇ ਤਿੰਨ ਸਿੱਖ ਮੰਤਰੀ ਹਨ, ਬੁਨਿਆਦੀ ਢਾਂਚੇ ਬਾਰੇ ਮੰਤਰੀ ਅਮਰਜੀਤ ਸੋਹੀ, ਛੋਟੇ ਕਾਰੋਬਾਰ ਬਾਰੇ ਮੰਤਰੀ ਬਰਦਿਸ਼ ਚੱਗਰ ਅਤੇ ਇਨੋਵੇਸ਼ਨ ਮੰਤਰੀ ਨਵਦੀਪ ਸਿੰਘ ਬੈਂਸ। ਕੈਨੇਡਾ ਵਿਚ ਪਿਛਲੇ ਸਾਲ ਹੋਈਆਂ ਚੋਣਾਂ ਵਿਚ 17 ਸਿੱਖ ਸੰਸਦ ਮੈਂਬਰ ਚੁਣੇ ਗਏ ਸਨ ਜਿਨ੍ਹਾਂ ਵਿਚੋਂ 16 ਕੈਨੇਡਾ ਦੀ ਲਿਬਰਲ ਪਾਰਟੀ ਅਤੇ ਇਕ ਕੰਜ਼ਰਵੇਟਿਵ ਪਾਰਟੀ ਨਾਲ ਸਬੰਧਤ ਹੈ। ਇਸ ਦੇ ਉਲਟ ਮੋਦੀ ਸਰਕਾਰ ‘ਚ ਸਿਰਫ ਇਕ ਸਿੱਖ ਮੰਤਰੀ ਹੈ-ਹਰਸਿਮਰਤ ਕੌਰ ਬਾਦਲ। 31 ਮੈਂਬਰੀ ਵਜ਼ਾਰਤ ‘ਚ ਅੱਧੇ ਮੰਤਰੀ ਮਰਦ ਅਤੇ ਅੱਧੀਆਂ ਔਰਤਾਂ ਸ਼ਾਮਲ ਕੀਤੀਆਂ ਗਈਆਂ ਹਨ।
12 ਅਪਰੈਲ ਨੂੰ ਕੈਨੇਡਾ ਦੀ ਰਾਜਧਾਨੀ ਔਟਵਾ ਵਿਚ ਪਾਰਲੀਮੈਂਟ ਹਿੱਲ ‘ਤੇ ਵਿਸਾਖੀ ਦਾ ਤਿਉਹਾਰ ਸਾਰੇ ਪਾਰਲੀਮੈਂਟ ਮੈਂਬਰਾਂ ਵੱਲੋਂ ਕੈਨੇਡਾ-ਵਾਸੀਆਂ ਨਾਲ ਮਿਲ ਕੇ ਵੱਡੇ ਪੱਧਰ ‘ਤੇ ਮਨਾਇਆ ਗਿਆ। ਇਸ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਪਾਰਲੀਮੈਂਟ ‘ਚ ਅਖੰਡ ਪਾਠ ਦੇ ਭੋਗ ਉਪਰੰਤ ਦਿੱਤਾ ਸੁਨੇਹਾ ਨਾ ਸਿਰਫ ਸਿੱਖ ਧਰਮ ਦੇ ਬਰਾਬਰੀ, ਬਹਾਦਰੀ, ਮਾਨਵਵਾਦ ਅਤੇ ਇਨਸਾਫ਼ ਲਈ ਸੰਘਰਸ਼ ਦੇ ਪਹਿਲੂਆਂ ਨੂੰ ਉਜਾਗਰ ਕਰ ਗਿਆ, ਸਗੋਂ ਇਨ੍ਹਾਂ ਸੰਕਲਪਾਂ ਤੋਂ ਸੇਧ ਲੈਂਦਿਆਂ ਮੌਜੂਦਾ ਕੈਨੇਡਾ ਦੇ ਸਰੂਪ ਪ੍ਰਤੀ ਵੀ ਚਾਨਣਾ ਪਾ ਗਿਆ। ਜਸਟਿਨ ਟਰੂਡੋ ਨੇ ਇੰਡੋ-ਕੈਨੇਡੀਅਨ ਲੋਕਾਂ ਦੀ ਮੰਗ ਪ੍ਰਵਾਨ ਕਰਦਿਆਂ ਐਲਾਨ ਕੀਤਾ ਹੈ ਕਿ ਉਹ ਆਪਣੀ ਲਿਬਰਲ ਸਰਕਾਰ ਵੱਲੋਂ 102 ਵਰ੍ਹੇ ਪਹਿਲਾਂ ਦੇ ‘ਕਾਮਾਗਾਟਾ ਮਾਰੂ’ ਦੁਖਾਂਤ ਲਈ ਸੰਸਦ ਵਿਚ ਮੁਆਫੀ ਮੰਗਣਗੇ। ਵਿਸਾਖੀ ਦੇ ਦਿਹਾੜੇ ‘ਤੇ ਉਥੇ ਵਸਦੇ ਸਿੱਖਾਂ ਵੱਲੋਂ ਮੁਲਕ ਦੀ ਸੰਸਦ ਵਿਚ ਪਹਿਲੀ ਵਾਰ ਅਖੰਡ ਪਾਠ ਪ੍ਰਕਾਸ਼ ਕਰਵਾਏ ਗਏ, ਜਿਨ੍ਹਾਂ ਦੀ ਸਮਾਪਤੀ ਮੌਕੇ ਸ੍ਰੀ ਟਰੂਡੋ ਨੇ ਆਖਿਆ, “ਸਾਨੂੰ ਤਤਕਾਲੀ ਹਕੂਮਤ ਵੱਲੋਂ ਸਿੱਖ ਭਾਈਚਾਰੇ ਨੂੰ ਦਿੱਤੀ ਵਿਤਕਰੇ ਦੀ ਪੀੜ ਕਦੇ ਨਹੀਂ ਭੁੱਲੇਗੀ ਅਤੇ ਉਹ 18 ਮਈ ਨੂੰ ਪਾਰਲੀਮੈਂਟ ਵਿਚ ਇਸ ਲਈ ਮੁਆਫੀ ਮੰਗਣਗੇ।”
ਕਾਮਾਗਾਟਾਮਾਰੂ ਦੇ ਇਤਿਹਾਸ ‘ਤੇ ਸੰਖੇਪ ਨਜ਼ਰ ਮਾਰੀ ਜਾਵੇ ਤਾਂ ਪਤਾ ਚਲਦਾ ਹੈ ਕਿ ਵੀਹਵੀਂ ਸਦੀ ਦੇ ਅਰੰਭ ਵਿਚ ਹੀ ਪਰਵਾਸੀਆਂ ਦੀ ਵਧ ਰਹੀ ਗਿਣਤੀ ਤੋਂ ਕੈਨੇਡਾ ਸਰਕਾਰ ਫਿਕਰਮੰਦ ਹੋ ਗਈ ਤੇ ਇਸੇ ਫਿਕਰਮੰਦੀ ਵਿਚੋਂ 1908 ਈæ ਵਿਚ ਇਮੀਗਰੇਸ਼ਨ ਸੰਬੰਧੀ ਕੈਨੇਡਾ ਦੇ ਡਿਪਟੀ ਮਨਿਸਟਰ ਆਫ਼ ਲੇਬਰ ਮਕੈਂਜੀ ਕਿੰਗ ਨੇ ਆਪਣੀ ਰਿਪੋਰਟ ਵਿਚ ਦੋ ਕਾਨੂੰਨ ਬਣਾਉਣ ਲਈ ਕਿਹਾ। ਇਸ ਕਾਨੂੰਨ ਅਨੁਸਾਰ ਏਸ਼ੀਆ ਦੇ ਕਿਸੇ ਵੀ ਵਿਅਕਤੀ ‘ਤੇ ਕੈਨੇਡਾ ਵਿਚ ਦਾਖਲ ਹੋਣ ਉਪਰ ਮੁਕੰਮਲ ਪਾਬੰਦੀ ਲਾਈ ਗਈ। ਇਹ ਸ਼ਰਤ ਵੀ ਲਾਈ ਗਈ ਕਿ ਕੋਈ ਏਸ਼ੀਆਈ ਵਿਅਕਤੀ ਆਪਣੇ ਮੂਲ ਦੇਸ਼ ਤੋਂ ਸਿੱਧੇ ਸਫ਼ਰ ਰਾਹੀਂ ਕੈਨੇਡਾ ਆਵੇ ਤੇ ਉਸ ਕੋਲ ਸਫ਼ਰ ਦੀ ਟਿਕਟ ਵੀ ਮੂਲ ਦੇਸ਼ ਤੋਂ ਖਰੀਦੀ ਹੋਈ ਹੋਵੇ। ਦੂਜੇ ਕਾਨੂੰਨ ਅਨੁਸਾਰ ਕੈਨੇਡਾ ਆਉਣ ਵਾਲੇ ਵਿਅਕਤੀ ਕੋਲ 200 ਡਾਲਰ ਹੋਣ ਦੀ ਸੂਰਤ ਵਿਚ ਹੀ ਉਸ ਨੂੰ ਕੈਨੇਡਾ ਵਿਚ ਦਾਖਲ ਹੋਣ ਦੀ ਆਗਿਆ ਹੋਵੇਗੀ। ਇਨ੍ਹਾਂ ਕਾਨੂੰਨਾਂ ਰਾਹੀਂ ਕੈਨੇਡਾ ਸਰਕਾਰ ਏਸ਼ੀਆਈ ਲੋਕਾਂ ਦੇ ਕੈਨੇਡਾ ਵਿਚਲੇ ਪਰਵਾਸ ਉਤੇ ਰੋਕ ਲਾਉਣਾ ਚਾਹੁੰਦੀ ਸੀ।
ਹਿੰਦੋਸਤਾਨ ਤੋਂ ਵਿਦੇਸ਼ ਗਏ ਸਿੰਘਾਪੁਰ ਤੇ ਮਲਾਇਆ ਵਿਚ ਠੇਕੇਦਾਰੀ ਦਾ ਕੰਮ ਕਰਦੇ ਗੁਰਦਿੱਤ ਸਿੰਘ ਨੇ ਕੈਨੇਡਾ ਸਰਕਾਰ ਦੁਆਰਾ ਭਾਰਤੀਆਂ ਦੇ ਪ੍ਰਵੇਸ਼ ‘ਤੇ ਲਾਈ ਪਾਬੰਦੀ ਦੀ ਸ਼ਰਤ ਪੂਰੀ ਕਰਨ ਲਈ ਜਾਪਾਨ ਦੀ ਇੱਕ ਕੰਪਨੀ ਕੋਲੋਂ ਕਾਮਾਗਾਟਾਮਾਰੂ ਨਾਮੀ ਜਹਾਜ਼ ਛੇ ਮਹੀਨੇ ਲਈ ਕਿਰਾਏ ‘ਤੇ ਲੈ ਕੇ ਹਾਂਗਕਾਂਗ ਤੋਂ ਕੈਨੇਡਾ ਅਤੇ ਅਮਰੀਕਾ ਲਈ ਮੁਸਾਫ਼ਿਰਾਂ ਸਮੇਤ ਤੋਰ ਦਿੱਤਾ। ਉਹ ਹਾਂਗਕਾਂਗ ਤੋਂ 150, ਸੰਘਈ ਤੋਂ 111, ਜਾਪਾਨ ਦੇ ਸ਼ਹਿਰ ਮੋਜ਼ੀ ਤੋਂ 86 ਅਤੇ ਯੋਕੋਹਾਮਾ ਤੋਂ 14 ਹੋਰ ਮੁਸਾਫ਼ਿਰਾਂ ਨੂੰ ਲੈ ਕੇ ਕੈਨੇਡਾ ਨੂੰ ਰਵਾਨਾ ਹੋ ਗਏ। ਇਨ੍ਹਾਂ ਵਿਚੋਂ ਬਹੁਤੇ ਯਾਤਰੂ ਪੰਜਾਬੀ ਸਿੱਖ ਹੀ ਸਨ। 23 ਮਈ 1914 ਨੂੰ ਇਹ ਜਹਾਜ਼ 376 ਭਾਰਤੀ ਮੁਸਾਫ਼ਿਰਾਂ ਨੂੰ ਲੈ ਕੇ ਵੈਨਕੂਵਰ ਬੰਦਰਗਾਹ ‘ਤੇ ਪਹੁੰਚ ਗਿਆ। ਇਨ੍ਹਾਂ ਵਿਚੋਂ ਸਿਰਫ਼ 22 ਮੁਸਾਫ਼ਿਰਾਂ ਨੂੰ ਕੈਨੇਡਾ ਦੀ ਧਰਤੀ ‘ਤੇ ਉਤਰਨ ਦੀ ਆਗਿਆ ਦਿੱਤੀ ਗਈ ਜੋ ਪਹਿਲਾਂ ਵੀ ਕੈਨੇਡਾ ਹੋ ਕੇ ਆਏ ਸਨ। ਇਸ ਦੇ ਵਿਰੋਧ ਵਿਚ ਵੈਨਕੂਵਰ ਰਹਿੰਦੇ ਪੰਜਾਬੀਆਂ ਨੇ ਅਦਾਲਤ ਤੱਕ ਪਹੁੰਚ ਕੀਤੀ ਪਰ ਬ੍ਰਿਟਿਸ਼ ਕੋਲੰਬੀਆਂ ਦੀ ਸੁਪਰੀਮ ਕੋਰਟ ਨੇ ਉਨ੍ਹਾਂ ਦੀ ਦਰਖ਼ਾਸਤ ਰੱਦ ਕਰਕੇ ਪੰਜਾਬੀ ਮੁਸਾਫ਼ਿਰਾਂ ਨੂੰ ਕੈਨੇਡਾ ਉਤਰਨ ਦੀ ਇਜਾਜ਼ਤ ਨਾ ਦਿੱਤੀ। ਵੈਨਕੂਵਰ ਦੀ ਬੰਦਰਗਾਹ ‘ਤੇ ਲਗਾਤਾਰ ਕਈ ਦਿਨ ਜਹਾਜ਼ ਖੜ੍ਹਾ ਰਹਿਣ ਕਰਕੇ ਮੁਸਾਫ਼ਿਰਾਂ ਦਾ ਰਾਸ਼ਨ ਖ਼ਤਮ ਹੋ ਗਿਆ ਅਤੇ ਲਗਭਗ ਮਹੀਨੇ ਬਾਅਦ ਕੈਨੇਡਾ ਸਰਕਾਰ ਕੋਲੋਂ ਰਾਸ਼ਨ ਲੈ ਕੇ ਜਹਾਜ਼ ਵਾਪਸ ਭਾਰਤ ਲਈ ਰਵਾਨਾ ਹੋ ਗਿਆ। ਇਸ ਘਟਨਾ ਦਾ ਪੂਰੇ ਸੰਸਾਰ ‘ਚ ਰਹਿੰਦੇ ਪੰਜਾਬੀਆਂ ਨੇ ਬੁਰਾ ਮਨਾਇਆ। ਵਾਪਸ ਆ ਰਹੇ ਜਹਾਜ ਮੁਸਾਫ਼ਿਰਾਂ ਦੇ ਗੁੱਸੇ ਨੂੰ ‘ਗ਼ਦਰ’ ਵਿਚ ਤਬਦੀਲ ਕਰਨ ਲਈ ਸੋਹਣ ਸਿੰਘ ਭਕਨਾ ਨੂੰ ਭੇਜਿਆ ਗਿਆ ਤਾਂ ਜੋ ਮੁਸਾਫ਼ਿਰਾਂ ਨੂੰ ਇਨਕਲਾਬ ਲਈ ਪ੍ਰੇਰਿਆ ਜਾ ਸਕੇ। ਮੁਸਾਫ਼ਿਰਾਂ ਨੂੰ ਦੇਣ ਲਈ ਹਥਿਆਰਾਂ ਦਾ ਪ੍ਰਬੰਧ ਵੀ ਕੀਤਾ ਗਿਆ। ਅੰਤ ਕਾਮਾਗਾਟਾਮਾਰੂ ਜਹਾਜ਼ ਦੇ 28 ਸਤੰਬਰ 1914 ਨੂੰ ਬਜਬਜ ਘਾਟ ਕਲਕੱਤਾ ਪਹੁੰਚਣ ‘ਤੇ ਜਹਾਜ਼ ਦੇ ਮੁਸਾਫ਼ਿਰਾਂ ‘ਤੇ ਅੰਗਰੇਜ਼ ਸਰਕਾਰ ਵੱਲੋਂ ਅੰਨ੍ਹਾ ਤਸ਼ੱਦਦ ਕੀਤਾ ਗਿਆ ਜਿਸ ਵਿਚ ਕਈ ਪੰਜਾਬੀ ਮਰੇ, ਫੱਟੜ ਹੋਏ ਅਤੇ ਕਈ ਬਚਣ ਵਿਚ ਕਾਮਯਾਬ ਹੋ ਗਏ।
ਇਹ ਨੁਕਤਾ ਵੀ ਵਿਚਾਰਨਯੋਗ ਹੈ ਕਿ ਭਾਵੇਂ ਇਹ ਸਾਰੇ ਲੋਕ ਕਾਮਿਆਂ ਦੇ ਰੂਪ ਵਿਚ ਕੈਨੇਡਾ ਜਾਣਾ ਚਾਹੁੰਦੇ ਸਨ ਪਰ ਕਾਮਾ ਸਿਰਫ਼ ਕਾਮਾ ਨਹੀਂ ਹੁੰਦਾ ਉਹ ਕਿਸੇ ਧਰਮ ਜਾਂ ਨਸਲ ਦਾ ਹਿੱਸਾ ਵੀ ਹੁੰਦਾ ਹੈ। ਭਾਵੇਂ ਇਹ ਨੁਕਤਾ ਵਾਦ-ਵਿਵਾਦ ਦਾ ਵਿਸ਼ਾ ਹੈ ਕਿ ਕਾਮਾਗਾਟਾਮਾਰੂ ਜਹਾਜ਼ ਦੇ ਮੁਸਾਫ਼ਰਾਂ ਨੂੰ ਪੰਜਾਬੀ ਕਿਹਾ ਜਾਵੇ ਜਾਂ ਸਿੱਖ? ਪਹਿਲੀ ਗੱਲ ਤਾਂ ਸਪਸ਼ਟ ਹੈ ਕਿ ਇਹ ਪੰਜਾਬ ਦੇ ਬਾਸ਼ਿੰਦੇ ਹੋਣ ਦੇ ਨਾਤੇ ਪੰਜਾਬੀ ਸਨ ਪਰ ਇਹ ਵੀ ਸਪਸ਼ਟ ਹੈ ਕਿ ਇਨ੍ਹਾਂ ਵਿਚੋਂ ਬਹੁਤੇ ਮੁਸਾਫ਼ਰ ਸਿੱਖ ਸਨ ਤੇ ਬਜਬਜ ਘਾਟ ‘ਤੇ ਉਤਰਨ ਸਮੇਂ ਇਨ੍ਹਾਂ ਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨਾ ਵੀ ਇਨ੍ਹਾਂ ਵਿਚੋਂ ਬਹੁਗਿਣਤੀ ਦਾ ਸਿੱਖ ਹੋਣਾ ਸਿੱਧ ਕਰਦਾ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਆਪਣੇ ਭਾਸ਼ਣ ਵਿਚ ‘ਸਿੱਖ ਭਾਈਚਾਰੇ ਨੂੰ ਦਿੱਤੀ ਵਿਤਕਰੇ ਦੀ ਪੀੜ’ ਕਿਹਾ ਹੈ। ਵੈਸੇ ਇਹ ਵੱਖਰੀ ਬਹਿਸ ਦਾ ਮੁੱਦਾ ਹੈ ਕਿ ‘ਪਰਵਾਸੀ ਪੰਜਾਬੀ’ ਤੇ ‘ਪਰਵਾਸੀ ਸਿੱਖ’ ਪਦਾਂ ਵਿਚ ਕੀ-ਕੀ ਵੱਖਰੇਵਾਂ ਤੇ ਸਮਾਨਤਾ ਹੈ।
ਭਾਵੇਂ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਪਿਛਲੇ ਸਾਲ ਵੈਨਕੂਵਰ ਦੇ ਇੱਕ ਜਨਤਕ ਇਕੱਠ ‘ਚ ਇਸ ਘਟਨਾ ਲਈ ਮੁਆਫੀ ਤਾਂ ਮੰਗੀ ਸੀ ਪਰ ਸੰਸਦ ਵਿਚ ਦਸਤਾਵੇਜ਼ੀ ਮੁਆਫੀਨਾਮਾ ਨਾ ਹੋਣ ਕਾਰਨ ਸਿੱਖਾਂ ਨੇ ਇਹ ਪ੍ਰਵਾਨ ਨਹੀਂ ਸੀ ਕੀਤੀ। ਹੁਣ ਜਸਟਿਨ ਟਰੂਡੋ ਵਲੋਂ ਮੁਆਫ਼ੀ ਮੰਗੇ ਜਾਣਾ ਨਿਸ਼ਚੇ ਹੀ ਪੰਜਾਬੀਆਂ, ਖਾਸ ਕਰ ਸਿੱਖਾਂ ਲਈ ਇਤਿਹਾਸਕ ਪ੍ਰਾਪਤੀ ਹੋਵੇਗੀ। ਇਸ ਨਾਲ ਘੱਟ-ਗਿਣਤੀਆਂ ਨੂੰ ਹੌਂਸਲਾ ਵੀ ਮਿਲੇਗਾ ਅਤੇ ਸਿੱਖਾਂ ਨਾਲ ਪ੍ਰਵਾਸ ਦੌਰਾਨ ਹੋ ਰਹੇ ਨਸਲੀ ਵਿਤਕਰੇ ਨੂੰ ਵੀ ਠੱਲ੍ਹ ਪੈਣ ਦੀ ਆਸ ਹੈ।