ਦੋਹਾਂ ਪੰਜਾਬਾਂ ਵਿਚ ਕਿੱਸਿਆਂ ਦੀ ਸਾਂਝ

-ਗੁਲਜ਼ਾਰ ਸਿੰਘ ਸੰਧੂ
ਅਪਰੈਲ ਮਹੀਨੇ ਚੰਡੀਗੜ੍ਹ ਵਿਖੇ ਮੀਆਂ ਵਾਰਿਸ ਸ਼ਾਹ ਦੀ ਦਰਗਾਹ ਦੇ ਪੀਰ ਖਾਦਮ ਹੁਸੈਨ ਵਾਰਸੀ ਦੀ ਆਮਦ ਨੇ ਅਣਵੰਡੇ ਪੰਜਾਬ ਵਿਚ ਕਿੱਸਾ ਸਾਹਿਤ ਦੀ ਦੇਣ ਚੇਤੇ ਕਰਵਾ ਦਿੱਤੀ। ਵਾਰਸੀ ਦਾ ਕੱਦ ਸਾਢੇ ਛੇ ਫੁੱਟ ਹੈ ਤੇ ਆਵਾਜ਼ ਅੰਬਰਾਂ ਨੂੰ ਟਾਕੀਆਂ ਲਾਉਣ ਵਾਲੀ। ਉਹ ਢਾਈ ਫੁੱਟ ਲੰਮੇ ਲੜ ਵਾਲੀ ਗੁਲਾਬੀ ਜੋਗੀਆ ਪਗੜੀ ਬੰਨ੍ਹ ਕੇ ਆਉਂਦਾਂ ਹੈ ਤਾਂ ਹਾਲ ਕਮਰੇ ਦੀਆਂ ਕੰਧਾਂ ਤੇ ਛੱਤਾਂ ਆਪਣੇ ਕੱਦ ਨਾਲੋਂ ਛੋਟੀਆਂ ਹੋ ਜਾਂਦੀਆਂ ਹਨ। ਜਦੋਂ ਹੀਰ ਦੀ ਸਿਫਤ ਵਿਚ

‘ਗਰਦਨ ਕੂੰਜ ਦੀ ਉਂਗਲੀਆਂ ਰਵ੍ਹਾਂ ਫਲੀਆਂ
ਹੱਥ ਕੂਲੜੇ ਬਰਗ ਚਨਾਰ ਵਿਚੋਂ।
ਸ਼ਾਹ-ਪਰੀ ਦੀ ਲਟਕ ਪੰਜ ਫੂਲ ਰਾਣੀ
ਗੁੱਝੀ ਰਹੇ ਨਾ ਹੀਰ ਹਜ਼ਾਰ ਵਿਚੋਂ।’
ਗਾਉਂਦਾਂ ਹੈ ਤਾਂ ਸਾਰਾ ਮਾਹੌਲ ਖੁਸ਼ਗਵਾਰ ਹੋ ਜਾਂਦਾ ਹੈ। ਆਪਣੀ ਹੀਰ ਵਿਚ ਵਾਰਿਸ ਸ਼ਾਹ ਆਪਣੇ ਸਮੇਂ ਦੇ ਪੰਜਾਬ ਦੀ ਰਹਿਤਲ, ਪੌਣ-ਪਾਣੀ ਤੇ ਸਭਿਆਚਾਰ ਦਾ ਵੀ ਭਰਪੂਰ ਚਿਤਰਨ ਕਰਦਾ ਹੈ,
ਚਿੜੀ ਚੂਕਦੀ ਨਾਲ ਜਾਂ ਤੁਰੇ ਪਾਂਧੀ
ਪਈਆਂ ਦੁੱਧ ਦੇ ਵਿਚ ਮਧਾਣੀਆਂ ਨੇ।
ਉਠ ਗੁਸਲ ਦੇ ਵਾਸਤੇ ਆਣ ਪਹੁੰਚੇ
ਸੇਜਾਂ ਜਿਨ੍ਹਾਂ ਨੇ ਰਾਤ ਨੂੰ ਮਾਣੀਆਂ ਨੇ।

ਜੇਠ ਮੀਂਹ ਤੇ ਸਿਆਲ ਵਿਚ ਵਾਓ ਮੰਦੀ
ਕੱਤਕ ਮਾਘ ਵਿਚ ਮਨ੍ਹਾਂ ਹਨੇਰੀਆਂ ਨੇ।
ਭਲੇ ਨਾਲ ਭਲਿਆਈ ਤੇ ਬਦੀ ਬੁਰਿਆਂ
ਯਾਦ ਰੱਖ ਨਸੀਹਤਾਂ ਮੇਰੀਆਂ ਨੇ।
ਮੈਂ ਵਾਰਿਸ ਦੀ ਹੀਰ ਦੀਆਂ ਕਈ ਬੈਂਤਾਂ ਆਸਾ ਸਿੰਘ ਮਸਤਾਨਾ ਤੋਂ ਵੀ ਸੁਣੀਆਂ ਹਨ ਪਰ ਵਾਰਸੀ ਦਾ ਕੋਈ ਜਵਾਬ ਨਹੀਂ। ਉਹ ਫਰਮਾਇਸ਼ ਉਤੇ ਬਾਬਾ ਸ਼ੇਖ ਫਰੀਦ ਦੇ ਸ਼ਲੋਕ ਅਤੇ ਸ਼ਾਹ ਹੁਸੈਨ ਤੇ ਸੁਲਤਾਨ ਬਾਹੂ ਦੀਆਂ ਕਾਫੀਆਂ ਵੀ ਪੇਸ਼ ਕਰਦਾ ਨਹੀਂ ਥੱਕਦਾ। ਉਸ ਨੂੰ ਆਪਣੀ ਪੇਸ਼ਕਾਰੀ ਅਤੇ ਵਾਰਿਸ ਦੀ ਦਰਗਾਹ ਉਤੇ ਮਾਣ ਤੇ ਵਿਸ਼ਵਾਸ ਹੈ।
ਵਾਰਸੀ ਨੂੰ ਸੁਣੀਏ ਤਾਂ ਪੰਜਾਬੀ ਦੇ ਅਨੇਕਾਂ ਕਿੱਸਿਆਂ ਦੇ ਬੋਲ ਚੇਤੇ ਆ ਜਾਂਦੇ ਹਨ। ਪੂਰਨ ਭਗਤ, ਜ਼ਿੰਦਗੀ ਵਿਲਾਸ, ਬਾਬਾ ਬੰਦਾ ਬਹਾਦਰ, ਚਾਰੇ ਸਾਹਿਬਜ਼ਾਦੇ, ਬਿਧੀ ਚੰਦ ਦੇ ਘੋੜੇ, ਯੂਸਫ ਜ਼ੁਲੈਖਾਂ, ਰੂਪ ਬਸੰਤ, ਸੋਹਣੀ ਮਹੀਂਵਾਲ, ਮਿਰਜ਼ਾ ਸਾਹਿਬਾਂ, ਜਿਊਣਾ ਮੌੜ, ਜਾਨੀ ਚੋਰ ਤੇ ਪਤਾ ਨਹੀਂ ਕੀ ਕੁਝ। ਵੱਡੀ ਗੱਲ ਇਹ ਕਿ ਸਾਰੇ ਕਿੱਸੇ ਸਾਡੀ ਤਰਜ਼-ਏ-ਜ਼ਿੰਦਗੀ ਦੇ ਗਵਾਹ ਤੇ ਸਾਡੇ ਮਾਰਗ ਦਰਸ਼ਕ ਵੀ ਹਨ, ਦੋਹਾਂ ਪਾਸਿਆਂ ਦੇ ਪੰਜਾਬ ਦੇ।
ਉਸਤਾਦ ਖਾਦਮ ਹੁਸੈਨ ਵਾਰਸੀ ਵਾਰਿਸ ਸ਼ਾਹ ਦੀ ਦਰਗਾਹ ਉਤੇ ਹਰ ਸਾਲ ਸਤੰਬਰ ਮਹੀਨੇ ਦੇ ਅਖੀਰ ਵਿਚ ਵਾਰਿਸ ਦੀ ਯਾਦ ਵਿਚ ਬਹੁਤ ਵੱਡਾ ਇਕੱਠ ਕਰਦਾ ਹੈ। ਏਸ ਵਾਰੀ ਦਾ ਸੱਦਾ ਤਾਂ ਮੈਨੂੰ ਵੀ ਮਿਲਿਆ ਹੈ। ਦੇਖੋ ਕੀ ਬਣਦਾ ਹੈ! ਮੈਨੂੰ ਵੱਡਾ ਲਾਲਚ ਇਹ ਵੀ ਹੈ ਕਿ ਮੈਂ ਅਜਿਹੇ ਜਸ਼ਨਾਂ ਰਾਹੀਂ ਭਾਰਤ-ਪਾਕਿ ਸਾਂਝ ਨੂੰ ਸਦੀਵੀ ਹੁੰਦਾ ਦੇਖਣ ਦਾ ਇੱਛੁਕ ਹਾਂ।
ਪਾਕਿਸਤਾਨ ਦੇ ਫਿਲਮੀ ਗੀਤਾਂ ਦਾ ਸੱਚ: ਸਾਂਝੇ ਪੰਜਾਬ ਦੇ ਲੋਕ ਗੀਤਾਂ ਵਿਚ ਬੜਾ ਦਮ ਸੀ ਤੇ ਹਾਲੀ ਵੀ ਹੈ,
ਘੁੰਡ ਕੱਢ ਲੈ ਪੱਤਣ ‘ਤੇ ਖੜੀਏ
ਪਾਣੀਆਂ ਨੂੰ ਅੱਗ ਲੱਗ ਜੂ।
ਮੁੰਡਾ ਜੰਮੂਗਾ ਦਹੀਂ ਦੀ ਫੁੱਟ ਵਰਗਾ
ਕੱਚਾ ਦੁੱਧ ਪੀਣ ਵਾਲੀਏ।
ਦੇਵਿੰਦਰ ਸਤਿਆਰਥੀ ਤੇ ਐਮæ ਐਸ਼ ਰੰਧਾਵਾ ਤੋਂ ਬਿਨਾਂ ਇਨ੍ਹਾਂ ਦੀ ਸਾਂਭ-ਸੰਭਾਲ ਦਾ ਕੰਮ ਬਹੁਤ ਘੱਟ ਹੋਇਆ ਹੈ। ਸਮਸ਼ੇਰ ਸੰਧੂ ਨੇ ‘ਉਚਾ ਬੁਰਜ ਲਾਹੌਰ ਦਾ’ (1978) ਤੇ ‘ਤਾਂਗੇ ਵਾਲਾ ਖੈਰ ਮੰਗਦਾ’ (1982) ਅਤੇ ‘ਜਨਾਬ ਅਖ਼ਲਾਕ ਆਤਿਫ’ (ਗੀਤਾਂ ਦੀ ਗੂੰਜ) ਰਚ ਕੇ ਚੰਗਾ ਹੰਭਲਾ ਮਾਰਿਆ ਹੈ ਪਰ ਇਹ ਵਧੇਰੇ ਕਰਕੇ ਫਿਲਮੀ ਗੀਤਾਂ ਉਤੇ ਹੀ ਕੇਂਦਰਤ ਹੈ। ਰਾਜਵੰਤ ਕੌਰ ਪੰਜਾਬੀ ਨੇ ਪਾਕਿਸਤਾਨੀ ਪੰਜਾਬੀ ਫਿਲਮੀ ਗੀਤਾਂ ਦਾ ਵੇਰਵਾ ਦਿੰਦੀ ਆਤਿਫ ਦੀ ਪੁਸਤਕ ਦਾ ਲਿਪੀਅੰਤਰ ਕਰਕੇ ਉਧਰਲੇ ਪੰਜਾਬ ਦੀ ਸੋਚ ਤੇ ਦ੍ਰਿਸ਼ਟੀਕੋਣ ਸਾਡੇ ਸਾਹਮਣੇ ਲਿਆਂਦਾ ਹੈ। ਇਹ ਰਚਨਾ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਪ੍ਰਕਾਸ਼ਤ ਕੀਤੀ ਹੈ। ਇਹ ਦੱਸਦੀ ਹੈ ਕਿ ਦੋ ਦਹਾਕੇ ਪਹਿਲਾਂ ‘ਦਮਾ ਦਮ ਮਸਤ ਕਲੰਦਰ’ ਅਤੇ ‘ਬੋਲ ਮਿੱਟੀ ਦਿਆ ਬਾਵਿਆ’ ਆਦਿ ਗੀਤ ਬਹੁਤ ਹੀ ਹਰਮਨ ਪਿਆਰੇ ਹੋਏ ਸਨ ਪਰ,
ਬਾਜਰੇ ਦਾ ਸਿੱਟਾ ਅਸਾਂ ਤਲੀ ‘ਤੇ ਮਰੋੜਿਆ
ਨਿੰਬੂਆਂ ਦਾ ਜੋੜਾ ਅਸੀਂ ਬਾਗੇ ਵਿਚੋਂ ਤੋੜਿਆ।
ਦਿਲਾਂ ਦੀਆਂ ਮੈਲੀਆਂ ਨੇ ਚੰਨ ਜਿਹੀਆਂ ਸੂਰਤਾਂ
ਇਨ੍ਹਾਂ ਕੋਲੋਂ ਚੰਗੀਆਂ ਨੇ ਮਿੱਟੀ ਦੀਆਂ ਮੂਰਤਾਂ।
ਆਦਿ ਵੀ ਬੜੇ ਪ੍ਰਵਾਨ ਸਨ।
ਕਾਦਰੀ ਦੀ ਉਪਮਾਕਾਰੀ ਨੂੰ ਕੋਈ ਮਾਤ ਨਹੀਂ ਪਾ ਸਕਿਆ,
ਤੂੰ ਸੋਨਾ ਮੈਂ ਮਿੱਟੀ ਸੱਜਣਾ,
ਤੂੰ ਹੀਰਾ ਮੈਂ ਪਾਰਾ।
ਮਰ ਜਾਵਾਂ ਮੈਂ ਤੇਰੇ ਨਾਲੋਂ
ਤੱਕ ਲਾਂ ਕੋਈ ਪਿਆਰਾ।
ਤੇਰੇ ਸੰਗ ਅੱਜ ਚੋਰੀ ਚੋਰੀ
ਕੀਤੀ ਮੈਂ ਕੁੜਮਾਈ,
ਦਿਲ ਕਮਲਾ ਕੁਝ ਸੱਜਣ ਕਮਲਾ

ਤੂੰ ਕੋਈ ਮੁਗ਼ਲ ਸ਼ਹਿਜ਼ਾਦਾ ਅੜਿਆ,
ਮੈਂ ਆਂ ਵਾਂਗ ਕਨਿe।
ਤੈਨੂੰ ਤੱਕ ਕੇ ਰੰਗੀਆਂ ਗਈਆਂ
ਨੈਣਾਂ ਦੀਆਂ ਦਹਿਲੀਜ਼ਾਂ।
ਜ਼ਿੰਦਾ ਨਾ ਦਫਨਾ ਦਏ
ਸਾਨੂੰ ਤੇਰੀ ਬੇਪਰਵਾਹੀ,
ਦਿਲ ਕਮਲਾ, ਕੁਝ ਸੱਜਣ ਕਮਲਾ।
ਇਹ ਤੇ ਇਹੋ ਜਿਹੇ ਸੈਂਕੜੇ ਫਿਲਮੀ ਗੀਤ ਤੇ ਗੀਤਾਂ ਦੇ ਟੋਟਕੇ ਅਖ਼ਲਾਕ ਆਤਿਫ ਦੀ ‘ਗੀਤਾਂ ਦੀ ਗੂੰਜ’ ਵਿਚ ਦਰਜ ਹਨ। ਸ਼ਾਇਰਾਂ ਤੇ ਗਾਇਕਾਂ ਦੇ ਚਿਹਰਿਆਂ ਸਮੇਤ ਹੀ ਨਹੀਂ ਸ਼ਹਿਨਾਈ, ਤਾਨਪੁਰਾ, ਰਬਾਬ, ਸਿਤਾਰ, ਹਾਰਮੋਨੀਅਮ, ਅਲਗੋਜ਼ੇ ਤੇ ਹੋਰ ਅਨੇਕਾਂ ਸੰਗੀਤਕ ਸਾਜ਼ਾਂ ਦੀਆਂ ਤਸਵੀਰਾਂ। ਇਹ ਪੁਸਤਕ ਪੰਜਾਬੀ ਯੂਨੀਵਰਸਿਟੀ ਦੇ ਪਬਲੀਕੇਸ਼ਨ ਬਿਊਰੋ ਨੇ ਬੜੀ ਰੀਝ ਨਾਲ ਛਾਪੀ ਹੈ। ਸਵਾਗਤ ਕਰਨਾ ਬਣਦਾ ਹੈ।
ਅੰਤਿਕਾ:
(ਉਹ ਵੀ ਇਕ ਜ਼ਮਾਨਾ ਸੀ-ਗੁਮਨਾਮ)
ਵਿਹੜੇ ਵਿਚ ਰੁੱਖ ਸਨ, ਸਾਂਝੇ ਸੁੱਖ ਦੁੱਖ ਸਨ।
ਬੂਹਾ ਖੁੱਲ੍ਹਾ ਰਹਿੰਦਾ ਸੀ, ਰਾਹੀ ਵੀ ਆ ਬਹਿੰਦਾ ਸੀ।
ਰਿਸ਼ਤੇ ਨਿਭਾਉਾਂਦੇ ਸਾਂ, ਰੁੱਸਦੇ ਮਨਾਉਾਂਦੇ ਸਾਂ।
ਪੈਸਾ ਭਾਵੇਂ ਘੱਟ ਸੀ, ਮੱਥੇ ‘ਤੇ ਨਾ ਵੱਟ ਸੀ।
ਕੰਧਾਂ ਕੌਲੇ ਕੱਚੇ ਸਨ, ਸਾਕ ਸਾਰੇ ਸੱਚੇ ਸਨ।
ਸ਼ਾਇਦ ਕੁਝ ਪਾਇਆ ਹੈ, ਬਹੁਤਾ ਤਾਂ ਗੁਆਇਆ ਹੈ।