‘ਪੰਜਾਬ ਟਾਈਮਜ਼’ ਦੇ 23 ਅਪਰੈਲ ਦੇ ਅੰਕ ਵਿਚ ਅਜਮੇਰ ਸਿੰਘ ਦੀ ਕਿਤਾਬ ‘ਸਿੱਖਾਂ ਦੀ ਸਿਧਾਂਤਕ ਘੇਰਾਬੰਦੀ’ ਬਾਰੇ ਗੁਰਦੀਪ ਦੇਹਰਾਦੂਨ ਦੇ ਵਿਚਾਰ ਪੜ੍ਹੇ। ਇਸ ਤੋਂ ਪਹਿਲਾਂ ਕਿਧਰੇ ਉਨ੍ਹਾਂ ਦੀਆਂ ਗਜ਼ਲਾਂ ਪੜ੍ਹੀਆਂ ਹਨ ਜਿਨ੍ਹਾਂ ਵਿਚੋਂ ਕਈ ਸ਼ਿਅਰ ਤਾਂ ਬਹੁਤ ਪਿਆਰੇ ਅਤੇ ਠੁੱਕਦਾਰ ਹਨ। ਇਸੇ ਤਰ੍ਹਾਂ ਹੀ ਉਨ੍ਹਾਂ ਦਾ ਇਹ ਲੇਖ ਠੁੱਕਦਾਰ ਹੈ, ਕਿਤੇ ਕਿਤੇ ਭਾਵੇਂ ਕੁਝ ਮੁੱਦਿਆਂ ਬਾਰੇ ਮੇਰੀ ਅਸਹਿਮਤੀ ਵੀ ਹੈ। ਮੈਂ ਵੀ ਅਜਮੇਰ ਸਿੰਘ ਦੀ ਕਿਤਾਬ ਪੜ੍ਹੀ ਹੋਈ ਹੈ, ਬਲਕਿ ਬੜੇ ਤਰੱਦਦ ਨਾਲ ਪੜ੍ਹੀ ਹੈ।
ਕਿਤਾਬ ਪੜ੍ਹਦਿਆਂ ਸੋਚ ਰਿਹਾ ਸਾਂ ਕਿ ਲੇਖਕ ਆਪਣੇ ਵਿਚਾਰਾਂ ਖਾਤਰ ਕਿਸ ਤਰ੍ਹਾਂ ਤੱਥਾਂ ਵਿਚ ਭੰਨ-ਤੋੜ ਕਰ ਰਿਹਾ ਹੈ। ਅਖੀਰ ਕਿਤਾਬ ਬਾਰੇ ਮੇਰਾ ਵਿਚਾਰ ਇਹ ਬਣਿਆ ਹੈ ਕਿ ਇਹ ਕਿਤਾਬ ਤਾਂ ਚਰਚਾ ਦੇ ਵੀ ਕਾਬਲ ਨਹੀਂ। ਹੋਰ ਬਥੇਰੀਆਂ ਚਰਚਾਵਾਂ ਕਰਨ ਵਾਲੀਆਂ ਪਈਆਂ ਹਨ। ਇਹ ਚਿੱਠੀ ਲਿਖਣ ਦਾ ਵੀ ਕੋਈ ਇਰਾਦਾ ਨਹੀਂ ਸੀ, ਪਰ ਗੁਰਦੀਪ ਦੇਹਰਾਦੂਨ ਨੇ ਲੇਖ ਦੇ ਅਖੀਰ ਵਿਚ ਜਿਹੜਾ ਤੋੜਾ ਝਾੜਿਆ ਹੈ, ਉਹ ਧਿਆਨ ਖਿੱਚਣ ਵਾਲਾ ਹੈ। ਮੁੱਦਾ ਸ੍ਰੀ ਅਕਾਲ ਤਖਤ ਉਤੇ ਹਮਲੇ ਬਾਰੇ ਹੈ। ਇਸ ਤਰ੍ਹਾਂ ਦੀਆਂ ਗੱਲਾਂ ਮੂੰਹੋਂ-ਤੂੰਹੀਂ ਬਥੇਰੀ ਵਾਰ ਸੁਣੀਆਂ ਹਨ, ਪਰ ਲਿਖਤ ਵਿਚ ਅਜਿਹੇ ਵਿਚਾਰ ਬਹੁਤ ਘੱਟ ਪੜ੍ਹਨ ਨੂੰ ਮਿਲੇ ਹਨ। ਪਾਠਕਾਂ ਦੀ ਸਹੂਲਤ ਖਾਤਰ ਮੈਂ ਲੇਖ ਦੀਆਂ ਇਹ ਆਖਰੀ ਸਤਰਾਂ ਇਥੇ ਦੇਣਾ ਚਾਹੁੰਦਾ ਹਾਂ। ਲਿਖਿਆ ਹੈ: ‘ਅਸਲੀ ਗੱਲ ਹੈ, ਖਾੜਕੂ ਯੋਜਨਾ ਫੇਲ੍ਹ ਹੋਣ ਦੀ। ਇਹ ਯੋਜਨਾ ਸੀ, ਦਿੱਲੀ ਨੂੰ ਦਰਬਾਰ ਸਾਹਿਬ ਉਤੇ ਹਮਲਾ ਕਰਨ ਦਾ ਮੌਕਾ ਦੇਣ ਦੀ। ਇਸ ਪਿਛੋਂ ਸਿੱਖਾਂ ਵਿਚ ਹੋਮਲੈਂਡ ਲਈ ਹਮਾਇਤ ਪੈਦਾ ਹੋਣ ਦੀ। ਇੰਜ ਹੋਮਲੈਂਡ ਦੀ ਜਿੱਤ ਤੱਕ ਲੰਬੀ ਲੜਾਈ ਦੀ ਯੋਜਨਾ ਸੀ।’
ਲੇਖਕ ਨੇ ਇਹ ਜਿਹੜਾ ਅਹਿਮ ਮੁੱਦਾ ਉਭਾਰਿਆ ਹੈ, ਉਸ ਤੋਂ ਅਗਾਂਹ ਕਈ ਸਵਾਲ ਜਨਮ ਲੈਂਦੇ ਹਨ। ਹੁਣ ਤੱਕ ਬਣੀ ਧਾਰਨਾ ਮੁਤਾਬਕ ਸੰਤ ਜਰਨੈਲ ਸਿੰਘ ਦੀ ਸ਼ਹੀਦੀ ਅਤੇ ਸ੍ਰੀ ਅਕਾਲ ਤਖਤ ਉਤੇ ਹਮਲੇ ਨੂੰ ਰਲਗੱਡ ਕਰ ਦਿੱਤਾ ਗਿਆ ਹੈ। ਹੁਣ ਇਹ ਮੁੱਦਾ ਦੋਹਾਂ ਪਾਸਿਆਂ ਤੋਂ ਵਿਚਾਰਿਆ ਜਾ ਸਕਦਾ ਹੈ ਅਤੇ ਵਿਚਾਰਿਆ ਜਾਂਦਾ ਵੀ ਰਿਹਾ ਹੈ। ਇਕ ਤਾਂ ਇਹ ਕਿ ਸ੍ਰੀ ਅਕਾਲ ਤਖਤ ਉਤੇ ਹਮਲਾ ਕੀਤਾ ਗਿਆ। ਦੂਜਾ ਇਹ ਕਿ ਸੰਤ ਜਰਨੈਲ ਸਿੰਘ ਨੂੰ ਖਤਮ ਕਰਦਿਆਂ ਕਰਦਿਆਂ ਸ੍ਰੀ ਅਕਾਲ ਤਖਤ ਢਾਹ ਦਿੱਤਾ ਗਿਆ। ਬਿਨਾ ਸ਼ੱਕ, ਸ੍ਰੀ ਅਕਾਲ ਤਖਤ ਉਤੇ ਫੌਜ ਚੜ੍ਹਾਉਣੀ ਕਿਸੇ ਵੀ ਪੱਖ ਤੋਂ ਜਾਇਜ਼ ਨਹੀਂ ਸੀ, ਇਸ ਬਾਰੇ ਕੋਈ ਦੋ ਰਾਵਾਂ ਨਹੀਂ, ਪਰ ਮੇਰੀ ਜਾਚੇ ਸ੍ਰੀ ਅਕਾਲ ਤਖਤ ਨੂੰ ਢਾਹੁਣਾ ਅਤੇ ਸੰਤ ਜਰਨੈਲ ਸਿੰਘ ਦੀ ਸ਼ਹੀਦੀ, ਦੋ ਵੱਖਰੀਆਂ ਵੱਖਰੀਆਂ ਚੀਜ਼ਾਂ ਹਨ। ਇਨ੍ਹਾਂ ਨੂੰ ਇਕ ਥਾਂ ਮੰਨ ਕੇ ਬਹੁਤ ਗਲਤ ਨਤੀਜੇ ਨਿਕਲਦੇ ਹਨ। ਇਨ੍ਹਾਂ ਦਾ ਨਿਖੇੜਾ ਕਰ ਕੇ ਹੀ ਅਸਲ ਮੁੱਦਿਆਂ ਦੀ ਨਿਸ਼ਾਨਦੇਹੀ ਸੰਭਵ ਹੋ ਸਕਦੀ ਹੈ, ਪਰ ਇਸ ਪਾਸੇ ਕਿਸੇ ਨੇ ਸੋਚਿਆ ਨਹੀਂ। ਸੋਚਣਾ ਕੀ ਸੀ, ਸੰਤ ਦੇ ਹਮਾਇਤੀ ਉਨ੍ਹਾਂ ਖਿਲਾਫ ਇਕ ਵੀ ਸ਼ਬਦ ਸੁਣਨ ਲਈ ਤਿਆਰ ਨਹੀਂ ਸਨ, ਪਰ ਹੁਣ ਪਿਛਲੇ ਕੁਝ ਸਾਲਾਂ ਦੌਰਾਨ ਫਰਕ ਪਿਆ ਹੈ ਅਤੇ ਉਨ੍ਹਾਂ ਨੇ ਜਿਹੜੀਆਂ ਕੋਤਾਹੀਆਂ ਕੀਤੀਆਂ ਹਨ, ਉਨ੍ਹਾਂ ਬਾਰੇ ਬਹਿਸ ਹੋਣ ਲੱਗੀ ਹੈ। ਉਦੋਂ ਸੰਤ ਭਿੰਡਰਾਂਵਾਲੇ ਆਪਣੀ ਗ੍ਰਿਫਤਾਰੀ ਦੇ ਕੇ ਸ੍ਰੀ ਅਕਾਲ ਤਖਤ ਨੂੰ ਹਮਲੇ ਤੋਂ ਬਚਾ ਸਕਦੇ ਸਨ। ਪ੍ਰਸਿੱਧ ਲੇਖਕ ਜਸਵੰਤ ਸਿੰਘ ਕੰਵਲ ਨੇ ਹਮਲੇ ਤੋਂ ਐਨ ਪਹਿਲਾਂ ਉਸ ਨੂੰ ਇਸ ਬਾਰੇ ਖੁਦ ਮਿਲ ਕੇ ਆਖਿਆ ਵੀ ਸੀ, ਪਰ ਸੰਤ ਭਿੰਡਰਾਂਵਾਲਿਆਂ ਅਤੇ ਉਸ ਦੇ ਸਾਥੀਆਂ ਦਾ ਖਿਆਲ ਸ਼ਾਇਦ ਕੁਝ ਹੋਰ ਸੀ। ਉਨ੍ਹਾਂ ਨੂੰ ਲਗਦਾ ਹੋਵੇਗਾ ਕਿ ਸ੍ਰੀ ਹਰਿਮੰਦਰ ਸਾਹਿਬ ਅੰਦਰ ਫੌਜ ਵੜਨ ‘ਤੇ ਲੋਕ ਟੁੱਟ ਕੇ ਪੈ ਜਾਣਗੇ; ਫੌਜਾਂ ਉਤੇ ਨਹੀਂ, ਲੱਲੀ-ਛੱਲੀ ਲੋਕਾਂ ਉਤੇ। ਇਹ ਲੱਲੀ-ਛੱਲੀ ਲੋਕ ਕੌਣ ਸਨ? ਇਹ ਲੱਲੀ-ਛੱਲੀ ਲੋਕ ਸਨ, ਸਿੱਖਾਂ ਦੇ ਗੁਆਂਢ ਵਿਚ ਵੱਸਦੇ ਹਿੰਦੂ, ਪਰ ਸਿੱਖਾਂ ਨੇ ਅਜਿਹਾ ਨਹੀਂ ਕੀਤਾ। ਸਿੱਖਾਂ ਨੇ ਬੇਕਸੂਰ ਹਿੰਦੂਆਂ ਦੀ ਕਤਲੋਗਾਰਤ ਨਹੀਂ ਕੀਤੀ ਅਤੇ ਸਿੱਖੀ ਦੀ ਲਾਜ ਰੱਖ ਲਈ। ਨਹੀਂ ਤਾਂ ਦਿੱਲੀ ਅਤੇ ਹੋਰ ਥਾਂਈਂ ਸਿੱਖਾਂ ਦੇ ਕਤਲੇਆਮ ਅਤੇ ਇਸ ਕਤਲੋਗਾਰਤ ਵਿਚਕਾਰ ਕੀ ਫਰਕ ਰਹਿ ਜਾਂਦਾ! ਇਹ ਸੀ ਸੰਤ ਭਿੰਡਰਾਂਵਾਲਿਆਂ ਅਤੇ ਉਨ੍ਹਾਂ ਦੇ ਸਾਥੀਆਂ ਦੀ ਯੋਜਨਾ ਜਿਸ ਵੱਲ ਇਸ਼ਾਰਾ ਗੁਰਦੀਪ ਦੇਹਰਾਦੂਨ ਨੇ ਕੀਤਾ ਹੈ।
-ਕਸ਼ਮੀਰ ਸਿੰਘ ਬੈਦਵਾਨ, ਨਿਊ ਯਾਰਕ।