ਅਜਮੇਰ ਸਿੰਘ ਦੀ ਆਲੋਚਨਾ

23 ਅਪਰੈਲ ਦੇ ‘ਪੰਜਾਬ ਟਾਈਮਜ਼’ ਵਿਚ ਗੁਰਦੀਪ ਦੇਹਰਾਦੂਨ ਦਾ ਲੇਖ ‘ਸਿੱਖਾਂ ਦੀ ਸਿਧਾਂਤਕ ਘੇਰਾਬੰਦੀ ਦੇ ਪ੍ਰਸੰਗ’ ਪੜ੍ਹਿਆ। ਅਜਮੇਰ ਸਿੰਘ ਦੀਆਂ ਪੁਸਤਕਾਂ ਵਿਰੁਧ ਇਸ ਤੋਂ ਪਹਿਲਾਂ ਹੀ ਵਿਚਾਰ ਛਪਦੇ ਰਹੇ ਹਨ। ਮੇਰਾ ਤਾਂ ਇਕ ਹੀ ਵਿਚਾਰ ਹੈ ਕਿ ਜਿਹੜਾ ਵੀ ਲੇਖਕ ਅਜਮੇਰ ਸਿੰਘ ਦੇ ਵਿਚਾਰਾਂ ਦਾ ਵਿਰੋਧ ਕਰਦਾ ਹੈ, ਉਹ ਸਿੱਖ ਨਹੀਂ; ਭਾਵ ਉਸ ਦੇ ਦਿਲ ਵਿਚ ਸਿੱਖ ਧਰਮ ਵਿਚ ਕੋਈ ਸ਼ਰਧਾ ਨਹੀਂ ਅਤੇ ਸਿੱਖੀ ਵਿਚਾਰਧਾਰਾ ਵਿਚ ਉਸ ਨੂੰ ਕੋਈ ਵਿਸ਼ਵਾਸ ਨਹੀਂ।

ਦੂਸਰਾ ਕਰਾਨ ਇਹ ਵੀ ਹੋ ਸਕਦਾ ਹੈ ਕਿ ਜਿਹੜੇ ਲੋਕ ਅਜਮੇਰ ਸਿੰਘ ਦਾ ਵਿਰੋਧ ਕਰਦੇ ਹਨ, ਉਨ੍ਹਾਂ ਨੇ ਅਜਮੇਰ ਸਿੰਘ ਦੇ ਵਿਚਾਰਾਂ ਨੂੰ ਸਮਝਿਆ ਹੀ ਨਹੀਂ। ਅਜਮੇਰ ਸਿੰਘ ਦੀਆਂ ਲਿਖਤਾਂ ਦਾ ਕੇਂਦਰ ਬਿੰਦੂ ਇਹ ਹੈ ਕਿ ਸਿੱਖ ਗੁਲਾਮ ਹਨ ਅਤੇ ਅਰੰਭ ਤੋਂ ਹੀ, ਭਾਵ ਸ੍ਰੀ ਗੁਰੂ ਨਾਨਕ ਦੇਵ ਦੇ ਜੰਜੂ ਪਾਉਣ ਤੋਂ ਲੈ ਕੇ ਹੁਣ ਤੱਕ, ਸਿੱਖ ਧਰਮ ਦਾ ਵਿਰੋਧ ਹੁੰਦਾ ਆ ਰਿਹਾ ਹੈ। ਪਹਿਲਾਂ ਮੁਸਲਮਾਨਾਂ, ਤੇ ਫਿਰ ਅੰਗਰੇਜ਼ਾਂ ਅਤੇ ਹੁਣ ਦਿੱਲੀ ਦੀ ਕੇਂਦਰ ਸਰਕਾਰ ਨੇ ਅਕਹਿ ਤੇ ਅਸਹਿ ਜ਼ੁਲਮ, ਵਿਤਕਰੇ ਤੇ ਬੇਇਨਸਾਫੀ ਸਿੱਖਾਂ ਨਾਲ ਕੀਤੀ। ਅਜਮੇਰ ਸਿੰਘ ਦੇ ਦਿਲ ਵਿਚ ਇਨ੍ਹਾਂ ਵਧੀਕੀਆਂ ਦੀ ਪੀੜਾਂ ਦਾ ਅਹਿਸਾਸ ਹੈ। ਉਹ ਆਪਣੀਆਂ ਪੁਸਤਕਾਂ ਅਤੇ ਦਿਲ ਵਿਚ ਸਿੱਖਾਂ ਦਾ ਇਹ ਦਰਦ ਸਮੋਈ ਬੈਠਾ ਹੈ। ਜੇ ਕੋਈ ਮਨੁੱਖ ਸਿੱਖਾਂ ਦੀ ਇਸ ਦਸ਼ਾ ਨੂੰ ਨਹੀਂ ਸਮਝਦਾ, ਤਾਂ ਮੇਰਾ ਵਿਚਾਰ ਹੈ ਕਿ ਉਹ ਮਨੁੱਖ ਸੁਆਰਥੀ ਹੈ ਅਤੇ ਅਣਖ, ਜ਼ਮੀਰ, ਅਹਿਸਾਸ, ਭਾਵਨਾਵਾਂ, ਜਜ਼ਬਾਤ, ਹਮਦਰਦੀ ਤੇ ਦਾਇਆ ਤੋਂ ਸੱਖਣਾ ਹੈ। ਜੇ ਕੋਈ ਨਿਜੀ ਸੁਆਰਥ ਤੋਂ ਉਪਰ ਉਠ ਕੇ ਸਿੱਖਾਂ ਬਾਰੇ ਸੋਚ ਰਿਹਾ ਹੈ ਤਾਂ ਉਸ ਦੀ ਸ਼ਲਾਘਾ ਕਰਨੀ ਚਾਹੀਦੀ ਹੈ, ਵਿਰੋਧ ਨਹੀਂ। ਕੁਝ ਲੋਕ ਤਾਂ ਆਲੋਚਨਾ ਸਿਰਫ ਆਲੋਚਨਾ ਲਈ ਹੀ ਕਰਦੇ ਹਨ ਅਤੇ ਆਪਣੀ ਹਉਮੈ ਨੂੰ ਪੱਠੇ ਪਾਉਣਾ ਹੀ ਉਨ੍ਹਾਂ ਦਾ ਉਦੇਸ਼ ਹੁੰਦਾ ਹੈ। ਅਸੀਂ ਲੋਕ ਕਿੰਨੇ ਅਕ੍ਰਿਤਘਣ ਹਾਂ ਕਿ ਅਜਮੇਰ ਸਿੰਘ ਨੇ ਆਪਣਾ ਸਾਰਾ ਜੀਵਨ ਸਿੱਖ ਕੌਮ ਨੂੰ ਸਮਰਪਿਤ ਕੀਤਾ ਹੋਇਆ ਹੈ ਅਤੇ ਉਹ ਕੌਮ ਦੇ ਚੰਗੇ ਭਵਿੱਖ ਲਈ ਸੰਘਰਸ਼ ਕਰ ਰਿਹਾ ਹੈ। ਸਾਨੂੰ ਈਰਖਾ ਅਤੇ ਅਹੰਕਾਰ ਦੀ ਅੱਗ ਵਿਚ ਸੜਦੇ ਨਹੀਂ ਰਹਿਣਾ ਚਾਹੀਦਾ, ਸਗੋਂ ਦੂਜੇ ਨੂੰ ਸਵੀਕਾਰ ਕਰਨਾ ਚਾਹੀਦਾ ਹੈ।
-ਮਾਸਟਰ ਨਿਰਮਲ ਸਿੰਘ ਲਾਲੀ

ਨਸ਼ਿਆਂ ਦੀ ਤਸਕਰੀ
‘ਪੰਜਾਬ ਟਾਈਮਜ਼’ ਦੇ ਅੰਕ 17 ਵਿਚ ਨਸ਼ਿਆਂ ਦੀ ਤਸਕਰੀ ਬਾਰੇ ਹਰਜਿੰਦਰ ਦੁਸਾਂਝ ਦਾ ਲੇਖ ‘ਹਿੰਦ-ਪਾਕਿਸਤਾਨ ਸਰਹੱਦ ਬਨਾਮ ਨਸ਼ਿਆਂ ਦੀ ਤਸਕਰੀ’ ਅੱਖਾਂ ਖੋਲ੍ਹਣ ਵਾਲਾ ਹੈ। ਪਤਾ ਲਗਦਾ ਹੈ ਕਿ ਇਹ ਕੰਮ ਮਾੜੇ-ਧੀੜਿਆਂ ਦਾ ਨਹੀਂ। ਸਿਆਸਤਦਾਨਾਂ ਅਤੇ ਸੁਰੱਖਿਆ ਬਲਾਂ ਵਿਚਕਾਰ ਬਹੁਤ ਕਾਲੀਆਂ ਭੇਡਾਂ ਹਨ ਜਿਨ੍ਹਾਂ ਕਾਰਨ ਅੱਜ ਪੰਜਾਬ ਇਸ ਹਮਲੇ ਦੀ ਮਾਰ ਹੇਠ ਹੈ।
ਸਿਤਮਜ਼ਰੀਫੀ ਹੈ ਕਿ ਪੰਜਾਬ ਦੇ ਹਾਕਮ ਸਵੀਕਾਰ ਹੀ ਨਹੀਂ ਕਰ ਰਹੇ। ਇਨ੍ਹਾਂ ਨੇ ਬੱਸ ਇਕ ਹੀ ਮੁਹਾਰਨੀ ਫੜੀ ਹੋਈ ਹੈ ਕਿ ਵਿਰੋਧੀ ਪਾਰਟੀਆਂ ਦੁਰ-ਪ੍ਰਚਾਰ ਕਰ ਰਹੀਆਂ ਹਨ। ਹੁਣ ਤਾਂ ਬਿੱਲੀ ਥੈਲੇ ਵਿਚੋਂ ਬਾਹਰ ਆ ਗਈ ਹੈ। ਨਸ਼ਿਆਂ ਦੀ ਇਸੇ ਤਸਕਰੀ ਕਾਰਨ ਪਠਾਨਕੋਟ ਵਾਲੇ ਏਅਰਬੇਸ ਉਤੇ ਹਮਲਾ ਹੋ ਚੁੱਕਾ ਹੈ, ਪਰ ਹਾਕਮ ਹਨ ਕਿ ‘ਮੈਂ ਨਾ ਮਾਨੂੰ’ ਵਾਲੀ ਨੀਤੀ ਉਤੇ ਹੀ ਚੱਲ ਰਹੇ ਹਨ। ਇੰਨੀ ਪੁਖਤਾ ਜਾਣਕਾਰੀ ਦੇਣ ਲਈ ਹਰਜਿੰਦਰ ਦੁਸਾਂਝ ਅਤੇ ਤੁਹਾਡੇ ਵੱਲੋਂ ਇਹ ਲੇਖ ਆਪਣੇ ਪਰਚੇ ਵਿਚ ਛਾਪਣ ਲਈ ਧੰਨਵਾਦ।
-ਕੁਲਬੀਰ ਸਿੰਘ ਜੱਸਲ
ਸੈਕਰਾਮੈਂਟੋ, ਕੈਲੀਫੋਰਨੀਆ।