ਬਰਲਿਨ: ਜਰਮਨ ਸ਼ਹਿਰ ਐੱਸਨ ਦੇ ਗੁਰਦੁਆਰਾ ਨਾਨਕਸਰ ਸੰਗਤ ਦਰਬਾਰ ਵਿਚ ਹੋਏ ਬੰਬ ਧਮਾਕੇ ਪਿਛੋਂ ਵਿਦੇਸ਼ਾਂ ਵਿਚ ਸਿੱਖ ਭਾਈਚਾਰੇ ਦੀ ਫ਼ਿਕਰਮੰਦੀ ਵਧ ਗਈ ਹੈ। ਇਹ ਧਮਾਕਾ ਉਸ ਸਮੇਂ ਹੋਇਆ ਜਦੋਂ ਗੁਰਦੁਆਰੇ ਦੇ ਅੰਦਰ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਇਸ ਧਮਾਕੇ ਵਿਚ ਗੁਰਦੁਆਰੇ ਦੇ ਗ੍ਰੰਥੀ ਸਮੇਤ ਤਿੰਨ ਵਿਅਕਤੀ ਗੰਭੀਰ ਜਖਮੀ ਹੋ ਗਏ।
ਇਸ ਮਾਮਲੇ ਵਿਚ ਤਿੰਨ ਵਿਅਕਤੀ ਹਿਰਾਸਤ ਵਿਚ ਲਏ ਗਏ ਜਿਨ੍ਹਾਂ ਨੂੰ ਮੁੱਢਲੀ ਪੁਣ-ਛਾਣ ਤੋਂ ਬਾਅਦ ਵਿਚ ਛੱਡ ਦਿੱਤਾ ਗਿਆ। ਜਰਮਨ ਅਧਿਕਾਰੀਆਂ ਨੇ ਘਟਨਾ ਨੂੰ ਦਹਿਸ਼ਤਵਾਦੀ ਕਾਰਾ ਐਲਾਨਣ ਤੋਂ ਇਨਕਾਰ ਕੀਤਾ ਹੈ। ਘਟਨਾ ਦੀ ਜਾਂਚ ਲਈ ਇਕ ਵਿਸ਼ੇਸ਼ ਕਮਿਸ਼ਨ ਵੀ ਕਾਇਮ ਕੀਤਾ ਗਿਆ ਹੈ।
ਜਰਮਨੀ ਵਿਚ ਸਿੱਖਾਂ ਉਤੇ ਹਮਲੇ ਦੀ ਇਹ ਪਹਿਲੀ ਘਟਨਾ ਹੈ। ਜਿਸ ਤਰ੍ਹਾਂ ਨਕਾਬਪੋਸ਼ ਵਿਅਕਤੀ ਗੁਰਦੁਆਰੇ ਦੇ ਅਹਾਤੇ ਅੰਦਰ ਦਾਖਲ ਹੋਇਆ ਅਤੇ ਬੰਬ ਸੁੱਟ ਕੇ ਫਰਾਰ ਹੋ ਗਿਆ, ਉਸ ਤੋਂ ਜ਼ਾਹਿਰ ਹੈ ਕਿ ਉਸ ਨੂੰ ਇਹ ਪਤਾ ਸੀ ਕਿ ਗੁਰਦੁਆਰੇ ਵਿਚ ਸ਼ਾਮ ਵੇਲੇ ਵੀ ਇਕੱਠ ਸੀ ਅਤੇ ਅਜਿਹੇ ਮੌਕੇ ਲੋਕਾਂ ਵਿਚ ਦਹਿਸ਼ਤ ਫੈਲਾਈ ਜਾ ਸਕਦੀ ਹੈ। ਕੁਝ ਸਿੱਖ ਹਲਕਿਆਂ ਨੂੰ ਸ਼ੱਕ ਹੈ ਕਿ ਹਮਲਾ, ਗੁਰਦੁਆਰੇ ਦੇ ਪ੍ਰਬੰਧ ਨਾਲ ਜੁੜੇ ਵਿਵਾਦ ਦਾ ਵੀ ਹਿੱਸਾ ਹੋ ਸਕਦਾ ਹੈ, ਪਰ ਇਸ ਬਾਰੇ ਕੋਈ ਠੋਸ ਸੁਰਾਗ਼ ਅਜੇ ਸਾਹਮਣੇ ਨਹੀਂ ਆਇਆ। ਉਂਜ, ਅਧਿਕਾਰੀਆਂ ਨੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਦੇ ਨਿਵਾਸ ਦੁਆਲੇ ਸੁਰੱਖਿਆ ਵਧਾ ਦਿੱਤੀ ਹੈ। ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ, ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਨੇ ਘਟਨਾ ਦੀ ਨਿਖੇਧੀ ਕਰਦਿਆਂ ਦੋਸ਼ੀਆਂ ਨੂੰ ਛੇਤੀ ਤੋਂ ਛੇਤੀ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ। ਉਧਰ, ਜਰਮਨ ਅਧਿਕਾਰੀਆਂ ਨੇ ਭਾਰਤ ਨੂੰ ਭਰੋਸਾ ਦਿੱਤਾ ਹੈ ਕਿ ਸਿੱਖਾਂ ਸਮੇਤ ਸਾਰੀਆਂ ਘੱਟ ਗਿਣਤੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਜਾਣਗੇ। ਫਰੈਂਕਫਰਟ ਵਿਚ ਭਾਰਤ ਦੇ ਕੌਂਸਲ ਜਨਰਲ ਰਵੀਸ਼ ਕੁਮਾਰ ਨੇ ਸਿੱਖ ਭਾਈਚਾਰੇ ਦੇ ਲੋਕਾਂ ਨਾਲ ਮੁਲਾਕਾਤ ਕੀਤੀ। ਵਿਦੇਸ਼ਾਂ ਵਿਚ ਸਿੱਖਾਂ ਜਾਂ ਸਿੱਖ ਧਰਮ ਸਥਾਨਾਂ ਉਤੇ ਹਮਲੇ ਹੁਣ ਭਾਈਚਾਰੇ ਲਈ ਫਿਕਰ ਦਾ ਸਬੱਬ ਬਣ ਰਹੇ ਹਨ। ਅਮਰੀਕਾ ਵਿਚ ਓਲਡ ਕਰੀਕ (ਵਿਸਕੌਨਸਿਨ) ਦੇ ਗੁਰਦੁਆਰੇ ਵਿਚ ਇਕ ਗੋਰੇ ਨਸਲਪ੍ਰਸਤ ਵੱਲੋਂ ਕੀਤੇ ਹਮਲੇ ਵਿਚ ਛੇ ਸਿੱਖਾਂ ਦੀ ਹੱਤਿਆ ਅਮਰੀਕੀ ਧਰਤੀ ਉਤੇ ਸਿੱਖਾਂ ਉੱਪਰ ਸਭ ਤੋਂ ਵੱਡਾ ਹਮਲਾ ਸੀ। ਇਸ ਹਮਲੇ ਦੀ ਨਿੰਦਾ ਅਮਰੀਕੀ ਰਾਸ਼ਟਰਪਤੀ ਬਾਰਾਕ ਓਬਾਮਾ ਨੇ ਵੀ ਕੀਤੀ ਅਤੇ ਪੀੜਤ ਪਰਿਵਾਰਾਂ ਦਾ ਦੁੱਖ ਵੰਡਾਉਣ ਲਈ ਪਹੁੰਚੇ। ਉਨ੍ਹਾਂ ਨੇ ਅਮਰੀਕੀ ਧਰਤੀ ਉਤੇ ਅਜਿਹਾ ਕਾਰਾ ਮੁੜ ਕੇ ਨਾ ਵਾਪਰਨ ਦੇਣ ਦਾ ਵਾਅਦਾ ਵੀ ਕੀਤਾ ਸੀ। ਆਸਟਰੇਲੀਆ ਅਤੇ ਯੂਰਪ ਵਿਚ ਵੀ ਗੁਰਦੁਆਰਿਆਂ ਉਤੇ ਹਮਲੇ ਹੋਣ ਦੀਆਂ ਇਕਾ-ਦੁੱਕਾ ਘਟਨਾਵਾਂ ਵਾਪਰਦੀਆਂ ਰਹੀਆਂ ਹਨ। ਫਰਾਂਸ ਵਿਚ ਸਿੱਖਾਂ ਉਤੇ ਦਸਤਾਰ ਸਜਾਉਣ ਉਤੇ ਪਾਬੰਦੀ ਲਾਉਣਾ ਅਤੇ ਦਸਤਾਰਧਾਰੀ ਸਿੱਖ ਬੱਚਿਆਂ ਦਾ ਸਰਕਾਰੀ ਸਕੂਲਾਂ ਵਿਚ ਦਾਖ਼ਲਾ ਬੰਦ ਕਰਨਾ ਵਿਰਾਟ ਨਸਲੀ ਵਿਤਕਰੇ ਦੀਆਂ ਮਿਸਾਲਾਂ ਹਨ। ਅਮਰੀਕਾ ਤੇ ਕੈਨੇਡਾ ਜਿਹੇ ਵਿਕਸਿਤ ਦੇਸ਼ਾਂ ਵਿਚ ਸਿੱਖ ਆਗੂ ਸਰਕਾਰਾਂ ਵਿਚ ਭਾਈਵਾਲ ਹਨ। ਕੈਨੇਡਾ ਦੀ ਸੰਸਦ ਵਿਚ 17 ਪੰਜਾਬੀ ਸੰਸਦ ਮੈਂਬਰ ਹਨ ਅਤੇ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਸਰਕਾਰ ਵਿਚ ਚਾਰ ਸਿੱਖ ਮੰਤਰੀ ਹਨ।