ਸ੍ਰੀਨਗਰ (ਗੁਰਵਿੰਦਰ ਸਿੰਘ ਵਿਰਕ): ਹੰਦਵਾੜਾ ਵਿਚ ਸਕੂਲ ਦੀ ਵਿਦਿਆਰਥਣ ਨਾਲ ਛੇੜ-ਛਾੜ ਦੇ ਮਾਮਲੇ ਨੇ ਵਾਦੀ ਵਿਚ ਆਮ ਲੋਕਾਂ ਉਤੇ ਫੌਜ ਦੀਆਂ ਵਧੀਕੀਆਂ ਬਾਰੇ ਮੁੜ ਉਂਗਲ ਚੁੱਕੀ ਹੈ। ਇਸ ਘਟਨਾ ਪਿਛੋਂ ਆਮ ਲੋਕਾਂ ਤੇ ਫੌਜ ਵਿਚ ਹੋਏ ਟਕਰਾਅ ਕਾਰਨ ਪੰਜ ਲੋਕਾਂ ਦੀ ਮੌਤ ਨੇ ਹਾਲਾਤ ਹੋਰ ਗੰਭੀਰ ਬਣਾ ਦਿੱਤੇ ਹਨ।
ਸਬੰਧਤ ਲੜਕੀ ਭਾਵੇਂ ਚੀਫ ਜੁਡੀਸ਼ਲ ਮੈਜਿਸਟਰੇਟ ਸਾਹਮਣੇ ਆਪਣੇ ਪਹਿਲੇ ਬਿਆਨ ਤੋਂ ਮੁੱਕਰ ਗਈ ਹੈ ਅਤੇ ਉਸ ਨੇ ਕਿਸੇ ਫੌਜੀ ਜਵਾਨ ਵੱਲ ਉਂਗਲੀ ਨਹੀਂ ਉਠਾਈ, ਪਰ ਫੌਜ ਉਤੇ ਇਸ ਤਰ੍ਹਾਂ ਦੇ ਦੋਸ਼ ਕੋਈ ਨਵੀਂ ਗੱਲ ਨਹੀਂ। ਇਸ ਤੋਂ ਪਹਿਲਾਂ ਵੀ ਫੌਜ ਵੱਲੋਂ ਆਮ ਲੋਕਾਂ ਨੂੰ ਬੇਲੋੜਾ ਤੰਗ ਕਰਨ ਦੇ ਦੋਸ਼ ਲੱਗਦੇ ਆਏ ਹਨ।
ਯਾਦ ਰਹੇ ਕਿ ਵਾਦੀ ਦਾ ਵੱਡਾ ਹਿੱਸਾ ਫੌਜ ਨੂੰ ਦਿੱਤੇ ਵਾਧੂ ਅਧਿਕਾਰਾਂ ਦਾ ਪਿਛਲੇ ਲੰਬੇ ਸਮੇਂ ਤੋਂ ਵਿਰੋਧ ਕਰਦਾ ਆ ਰਿਹਾ ਹੈ। ਇਸ ਮਸਲੇ ਨੂੰ ਲੈ ਕੇ ਆਮ ਲੋਕਾਂ ਤੇ ਫੌਜ ਵਿਚ ਕਈ ਵਾਰ ਟਕਰਾਅ ਹੋਇਆ ਹੈ। ਤਾਜ਼ਾ ਮਾਮਲੇ ਵਿਚ ਫੌਜ ਨੇ ਜੋ ਭੂਮਿਕਾ ਨਿਭਾਈ, ਉਸ ‘ਤੇ ਵੀ ਸਵਾਲ ਉਠ ਰਹੇ ਹਨ। ਸੁਰੱਖਿਆ ਮਾਮਲਿਆਂ ਨਾਲ ਜੁੜੇ ਮਾਹਿਰਾਂ ਦਾ ਤਰਕ ਹੈ ਕਿ ਮੁੱਠੀ ਭਰ ਲੋਕਾਂ ਨੂੰ ਸ਼ਾਂਤ ਕਰਨ ਲਈ ਫੌਜ ਦੀ ਵਰਤੋਂ ਨੂੰ ਕਿਸੇ ਪਾਸਿਓਂ ਵੀ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਹੈ। ਇਸ ਮਾਮਲੇ ਵਿਚ ਫੌਜ ਦੀ ਬੇਲੋੜੀ ਸਖਤੀ ਨੇ ਹਾਲਾਤ ਵਿਗਾੜ ਦਿੱਤੇ।
ਗੜਬੜ ਉਤਰੀ ਕਸ਼ਮੀਰ ਦੇ ਕੁਪਵਾੜਾ ਸ਼ਹਿਰ ਤੋਂ ਸ਼ੁਰੂ ਹੋਈ ਸੀ ਅਤੇ ਇਹ ਛੇਤੀ ਹੀ ਸ੍ਰੀਨਗਰ, ਹੰਦਵਾੜਾ, ਬਾਂਦੀਪੁਰਾ ਤੇ ਗੰਦਰਬਲ ਤੱਕ ਫੈਲ ਗਈ। ਇਸ ਘਟਨਾ ਤੋਂ ਕੁਝ ਦਿਨ ਪਹਿਲਾਂ ਹੀ ਸ੍ਰੀਨਗਰ ਦੇ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ (ਐਨæਆਈæਟੀæ) ਵਿਚ ਉਭਰੇ ਸੰਕਟ ਨੇ ਵਾਦੀ ਵਿਚ ਹਾਲਾਤ ਤਣਾਅ ਪੂਰਨ ਕਰ ਦਿੱਤੇ ਸਨ। ਹੁਣ ਕਸ਼ਮੀਰ ਵਿਚ ਲੜਕੀ ਨਾਲ ਛੇੜਖਾਨੀ ਤੋਂ ਸ਼ੁਰੂ ਹੋਇਆ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ। ਉਧਰ, ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਝੜਪਾਂ ਵਿਚ ਹਲਾਕ ਹੋਏ ਪੰਜ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰ ਕੇ ਇਨਸਾਫ਼ ਦਾ ਭਰੋਸਾ ਦਿੱਤਾ ਹੈ। ਕਸ਼ਮੀਰ ਦੇ ਕਈ ਹਿੱਸਿਆਂ ਵਿਚ ਕਰਫਿਊ ਵਰਗੀਆਂ ਪਾਬੰਦੀਆਂ ਜਾਰੀ ਹਨ ਅਤੇ ਮੋਬਾਈਲ, ਇੰਟਰਨੈੱਟ ਸੇਵਾ ਬੰਦ ਹੈ। ਕੇਂਦਰ ਨੇ ਹਾਲਾਤ ਨੂੰ ਦੇਖਦਿਆਂ ਨੀਮ ਫੌਜੀ ਬਲਾਂ ਦੇ 3600 ਜਵਾਨ ਵਾਦੀ ਵਿਚ ਭੇਜਣ ਦਾ ਫੈਸਲਾ ਕੀਤਾ ਹੈ। ਕਈ ਵੱਖਵਾਦੀ ਆਗੂਆਂ ਨੂੰ ਗ੍ਰਿਫ਼ਤਾਰ ਜਾਂ ਉਨ੍ਹਾਂ ਨੂੰ ਘਰਾਂ ਵਿਚ ਨਜ਼ਰਬੰਦ ਕਰ ਦਿੱਤਾ ਗਿਆ ਹੈ। ਉਧਰ, ਪੀੜਤ ਲੜਕੀ ਦੀ ਮਾਂ ਨੇ ਦਾਅਵਾ ਕੀਤਾ ਹੈ ਕਿ ਉਸ ਦੀ ਧੀ ਉਤੇ ਦਬਾਅ ਪਾ ਕੇ ਵੀਡੀਓ ਬਿਆਨ ਦਿਵਾਇਆ ਗਿਆ। ਬਿਆਨ ਵਿਚ ਲੜਕੀ ਤੋਂ ਅਖਵਾਇਆ ਗਿਆ ਸੀ ਕਿ ਉਸ ਨਾਲ ਕੋਈ ਛੇੜਖਾਨੀ ਨਹੀਂ ਹੋਈ। ਉਸ ਦੀ ਮਾਂ ਨੇ ਅਦਾਲਤ ਵਿਚ ਪਹੁੰਚ ਕਰ ਕੇ ਮੰਗ ਕੀਤੀ ਹੈ ਕਿ ਇਸ ਘਟਨਾ ਦੀ ਜਾਂਚ ਕਰਾਈ ਜਾਵੇ। ਯਾਦ ਰਹੇ ਕਿ ਇਹ ਵਿਵਾਦ ਉਸ ਸਮੇਂ ਸ਼ੁਰੂ ਹੋਇਆ ਸੀ ਜਦ ਇਲਜ਼ਾਮ ਲਗਾਇਆ ਗਿਆ ਸੀ ਕਿ ਇਕ ਲੜਕੀ ਨਾਲ ਫੌਜ ਦੇ ਜਵਾਨ ਨੇ ਛੇੜਛਾੜ ਕੀਤੀ ਹੈ। ਇਸ ਮੁੱਦੇ ਨੂੰ ਲੈ ਕੇ ਭੀੜ ਭੜਕ ਗਈ ਸੀ। ਭੀੜ ਉਤੇ ਕਾਬੂ ਪਾਉਣ ਲਈ ਫੌਜ ਨੇ ਗੋਲੀਆਂ ਚਲਾਈਆਂ ਜਿਸ ਵਿਚ ਪੰਜ ਨੌਜਵਾਨਾਂ ਦੀ ਮੌਤ ਹੋ ਗਈ ਸੀ। ਫੌਜ ਨੇ ਇਨ੍ਹਾਂ ਇਲਜ਼ਾਮਾਂ ਨੂੰ ਨਕਾਰਿਆ ਸੀ। ਇਸ ਤੋਂ ਪਹਿਲਾਂ ਪੀੜਤ ਕੁੜੀ ਦਾ ਇਕ ਵੀਡੀਓ ਵੀ ਜਾਰੀ ਕੀਤਾ ਗਿਆ ਸੀ ਜਿਸ ‘ਚ ਉਸ ਨੇ ਕਿਹਾ ਸੀ ਕਿ ਕਿਸੇ ਵੀ ਫੌਜੀ ਜਵਾਨ ਨੇ ਛੇੜਛਾੜ ਨਹੀਂ ਕੀਤੀ।