ਸਿੱਖੀ ਪ੍ਰਚਾਰ ਪ੍ਰਸਾਰ:ਨਵੀਂਆਂ ਦਿਸ਼ਾਵਾਂ ਅਤੇ ਸੰਭਾਵਨਾਵਾਂ

ਗੁਰਬਚਨ ਸਿੰਘ
ਫੋਨ: 91-98156-98451
ਸਿੱਖੀ ਦੇ ਪ੍ਰਚਾਰ ਪ੍ਰਸਾਰ ਦੀਆਂ ਨਵੀਂਆਂ ਦਿਸ਼ਾਵਾਂ ਅਤੇ ਸੰਭਾਵਨਾਵਾਂ ਤਲਾਸ਼ਣ ਲਈ ਸਭ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਅਜੋਕੇ ਆਧੁਨਿਕ ਕਹੇ ਜਾਂਦੇ ਦੌਰ ਵਿਚ ਸਿੱਖੀ ਦੀ ਲੋੜ ਕਿਉਂ ਹੈ? ਹੁਣ ਜਦੋਂ ਕਿ ਪੱਛਮੀ ਵਿਦਿਆ ਦੇ ਪ੍ਰਭਾਵ ਅਧੀਨ ਇਹ ਮੰਨ ਲਿਆ ਗਿਆ ਹੈ ਕਿ ਮਨੁੱਖ ਦੇ ਜਿਉਂਦੇ ਰਹਿਣ ਲਈ ਧਰਮ ਦੀ ਕੋਈ ਲੋੜ ਨਹੀਂ ਅਤੇ ਇਹ ਵਾਧੂ ਦਾ ਖਲਜਗਣ ਹੈ, ਤਾਂ ਫਿਰ ਅਸੀਂ ਇਹ ਮੱਥਾਪਚੀ ਕਿਉਂ ਕਰ ਰਹੇ ਹਾਂ? ਇਨ੍ਹਾਂ ਸੁਆਲਾਂ ਦੇ ਜੁਆਬ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਧਰਮ ਹੈ ਕੀ? ਅਤੇ ਇਸ ਦੀ ਲੋੜ ਕਿਉਂ ਹੈ? ਸਿੱਖ ਧਰਮ ਦੀ ਬਾਕੀ ਧਰਮਾਂ ਨਾਲੋਂ ਮੌਲਿਕਤਾ, ਵਿਲੱਖਣਤਾ ਅਤੇ ਅੱਜ ਦੇ ਪ੍ਰਸੰਗ ਵਿਚ ਅਹਿਮੀਅਤ ਨੂੰ ਸਪੱਸ਼ਟ ਕਰਕੇ ਹੀ ਅਸੀਂ ਇਨ੍ਹਾਂ ਸੁਆਲਾਂ ਦੇ ਰੂਬਰੂ ਹੋ ਸਕਦੇ ਹਾਂ।
ਸਭ ਤੋਂ ਪਹਿਲਾ ਨੁਕਤਾ ਇਹ ਹੈ ਕਿ ਪੂਰਬ ਵਿਚ ਵਰਤੇ ਜਾਂਦੇ ਸ਼ਬਦ ਧਰਮ ਅਤੇ ਪੱਛਮ ਵਿਚ ਇਸ ਲਈ ਵਰਤੇ ਜਾਂਦੇ ਸ਼ਬਦ ਰਿਲੀਜਨ ਦੇ ਅਰਥ ਓਹੀ ਨਹੀਂ ਹਨ। ਪੱਛਮ ਵਿਚ ਰਿਲੀਜਨ ਦਾ ਆਦਿ ਸ਼ਬਦ (ਲਾਤੀਨੀ ਭਾਸ਼ਾ ਦਾ) ਰਿਲੀਗੇਅਰ (੍ਰeਲਗਿਅਰe) ਹੈ ਅਤੇ ਸ਼ੁਰੂ ਵਿਚ ਇਸ ਸ਼ਬਦ ਦਾ ਅਰਥ ਰਿਸ਼ਤਾ ਸੀ ਭਾਵ ਦੋ ਮਨੁੱਖਾਂ ਵਿਚਕਾਰ ਰਿਸ਼ਤਾ ਰਿਲੀਜਨ ਹੈ। ‘ਰਿਸ਼ਤਾ’ ਸ਼ਬਦ ਧਰਮ ਦੇ ਬਹੁਤ ਹੀ ਸੀਮਤ ਅਰਥਾਂ ਨੂੰ ਪ੍ਰਗਟ ਕਰਦਾ ਹੈ। ਇਕੋ ਜਿਹੇ ਵਿਚਾਰਾਂ/ਵਿਸ਼ਵਾਸਾਂ ਵਿਚ ਬੱਝੇ ਲੋਕਾਂ ਦੇ ਸਮੂਹ ਨੂੰ ਮਹਿਜ ਫਿਰਕਾ, ਮਤਿ ਜਾਂ ਮਜ਼੍ਹਬ ਕਿਹਾ ਜਾ ਸਕਦਾ ਹੈ। ਇਹੋ ਜਿਹੇ ਲੋਕਾਂ ਦੇ ਵਿਚਾਰਾਂ/ਵਿਸ਼ਵਾਸਾਂ ਦਾ ਮੂਲ ਆਧਾਰ ਕੀ ਹੈ, ਇਹ ਗੱਲ ਇਸ ਅਰਥ ਵਿਚੋਂ ਸਪੱਸ਼ਟ ਨਹੀਂ ਹੁੰਦੀ। ਪਰ ਪੂਰਬ ਵਿਚ ਧਰਮ ਸ਼ਬਦ ਦੇ ਅਰਥ ਕੁਝ ਮੂਲ ਧਾਰਨਾਵਾਂ ਦਾ ਸੰਗ੍ਰਹਿ ਅਤੇ ਇਨ੍ਹਾਂ ਧਾਰਨਾਵਾਂ ਅਨੁਸਾਰ ਜ਼ਿੰਦਗੀ ਜਿਉਣਾ ਹੈ। ਭਾਵ ਧਰਮ ਜੀਵਨ ਜਾਚ ਜਾਂ ਜ਼ਿੰਦਗੀ ਜਿਉਣ ਦਾ ਇਕ ਰਸਤਾ ਹੈ, ਮਾਰਗ ਹੈ, ਪੰਥ ਹੈ। ਬੁੱਧ ਮਤਿ ਦੇ ਧਾਰਮਿਕ ਗ੍ਰੰਥ ਧੰਮਪਦ ਦਾ ਅਰਥ ਧਰਮ ਦਾ ਰਾਹ ਹੈ ਅਤੇ ਇਸ ਦਾ ਮੰਤਵ ਬੁੱਧ ਦੇ ਉੁਪਦੇਸ਼ਾਂ ਅਨੁਸਾਰ ਜ਼ਿੰਦਗੀ ਜਿਉਣਾ ਹੈ। ਪਾਲੀ ਭਾਸ਼ਾ ਦਾ ਸ਼ਬਦ ਧਮ ਸੰਸਕ੍ਰਿਤ ਦੇ ਧਰਮ ਦਾ ਰੁਪਾਂਤਰ ਹੈ। ਇਸ ਦੇ ਅਰਥ ਹਨ, ਅਨਾਦੀ ਸੱਚ ਜਾਂ ਅਟੱਲ ਸੱਚਾਈਆਂ ਅਨੁਸਾਰ ਜ਼ਿੰਦਗੀ ਜਿਉਣੀ। ਇਸ ਤਰ੍ਹਾਂ ਪੂਰਬ ਵਿਚ ਧਰਮ ਦੇ ਅਰਥ ਕੁਦਰਤ ਦੇ ਉਨ੍ਹਾਂ ਅਟੱਲ ਨਿਯਮਾਂ ਅਨੁਸਾਰ ਜ਼ਿੰਦਗੀ ਜਿਉਣਾ ਹੈ, ਜਿਨ੍ਹਾਂ ਨੂੰ ਅਪਨਾਉਣਾ ਮਨੁੱਖ ਦੀ ਮਜਬੂਰੀ ਹੈ। ਸਿੱਖ ਫਲਸਫੇ ਵਿਚ ਕੁਦਰਤ ਦੇ ਅਟਲ ਨਿਯਮਾਂ ਨੂੰ ‘ਹੁਕਮੁ’ ਸ਼ਬਦ ਰਾਹੀਂ ਪ੍ਰਗਟ ਕੀਤਾ ਗਿਆ ਹੈ। ਧਰਮ ਦੇ ਇਸ ਸੰਕਲਪ ਨੂੰ ਸਪੱਸ਼ਟ ਕਰਕੇ ਹੀ ਅਸੀਂ ਸਿੱਖੀ ਦੀ ਮੌਲਿਕਤਾ, ਵਿਲੱਖਣਤਾ ਅਤੇ ਇਸ ਦੀ ਅਹਿਮੀਅਤ ਨੂੰ ਜਾਣ ਸਕਦੇ ਹਾਂ।
ਸਮਾਜੀ ਵਿਕਾਸ ਦੇ ਇਤਿਹਾਸ ਵਿਚ ਹਰ ਧਰਮ ਇਕ ਨਵੇਂ ਇਨਕਲਾਬ ਦੀ ਸ਼ੁਰੂਆਤ ਹੁੰਦਾ ਹੈ। ਹਰ ਧਾਰਮਿਕ ਪੈਗੰਬਰ ਆਤਮ-ਗਿਆਨ ਦਾ ਇਕ ਨਵਾਂ ਸੱਚ ਲੈ ਕੇ ਆਉਂਦਾ ਹੈ ਅਤੇ ਨਵੇਂ ਧਰਮ ਦਾ ਅਰੰਭ ਕਰਦਾ ਹੈ। ਆਤਮ-ਗਿਆਨ ਦਾ ਇਹ ਸੱਚ ਵੇਲੇ ਦੀ ਬੋਲੀ ਅਤੇ ਵੇਲੇ ਦੀਆਂ ਸਮਾਜੀ-ਰਾਜਸੀ ਹਾਲਤਾਂ ਦੇ ਅਨੁਕੂਲ ਹੋਣ ਕਰਕੇ ਆਪਣੇ ਵੇਲੇ ਦੇ ਜਾਗ੍ਰਿਤ ਹੋ ਰਹੇ ਲੋਕ-ਸਮੂਹਾਂ ਦੇ ਮਨਾਂ ਨੂੰ ਪੂਰੀ ਤਰ੍ਹਾਂ ਟੁੰਬਦਾ ਹੈ। ਪ੍ਰੋæ ਹਰਿੰਦਰ ਸਿੰਘ ਮਹਿਬੂਬ ਦੇ ਸ਼ਬਦਾਂ ਵਿਚ ਹਰ ਧਰਮ ਦੀ ਪਹਿਲ-ਤਾਜ਼ਗੀ ਦਾ ਇਹੀ ਸਮਾਂ ਹੁੰਦਾ ਹੈ। ਹਰ ਧਰਮ ਆਪਣੇ ਵੇਲੇ ਦੇ ਸਮਾਜੀ ਸਮੂਹਾਂ ਨੂੰ ਨਵੇਂ ਆਤਮਗਿਆਨ ਦੇ ਆਧਾਰ ‘ਤੇ ਨਵੇਂ ਰੂਪ ਵਿਚ ਜਥੇਬੰਦ ਕਰਦਾ ਹੈ ਅਤੇ ਇਹ ਪਹਿਲੇ ਨਾਲੋਂ ਸਮਾਜੀਕਰਨ ਦੀ ਪੁੱਟੀ ਗਈ ਇਕ ਵੱਡੀ ਪੁਲਾਂਘ ਹੁੰਦੀ ਹੈ। ਹਰ ਨਵੇਂ ਧਰਮ ਦਾ ਆਪਣੇ ਤੋਂ ਪਹਿਲੇ ਧਰਮਾਂ ਨਾਲ ਵਿਰੋਧ, ਧਰਮਾਂ ਦੀ ਲੜਾਈ ਨਹੀਂ ਹੁੰਦੀ ਸਗੋਂ ਨਵੇਂ ਮਨੁੱਖੀ ਸਮਾਜ ਨੂੰ ਸਥਾਪਤ ਕਰਨ ਅਤੇ ਆਪਣੇ ਤੋਂ ਪੁਰਾਣੇ ਸਮਾਜ ਨੂੰ ਖਦੇੜਨ ਦੀ ਜੱਦੋਜਹਿਦ ਹੁੰਦੀ ਹੈ।
ਸਾਰੇ ਨਵੇਂ ਧਰਮਾਂ ਦਾ ਆਪਣੇ ਤੋਂ ਪਹਿਲੇ ਧਰਮਾਂ ਨਾਲ ਇਹੀ ਰਿਸ਼ਤਾ ਰਿਹਾ ਹੈ ਪਰ ਨਵੇਂ ਸਮਾਜ ਦੀ ਸਥਾਪਤੀ ਅਤੇ ਪੁਰਾਣੇ ਸਮਾਜ ਦਾ ਖਾਤਮਾ ਸੌਖਾ ਜਿਹਾ ਕੰਮ ਨਹੀਂ ਹੁੰਦਾ। ਪੁਰਾਣਾ ਸਹਿਜੇ ਹੀ ਖਤਮ ਨਹੀਂ ਹੋ ਜਾਂਦਾ, ਸਗੋਂ ਨਵੇਂ ਆਤਮ-ਗਿਆਨ ਨੂੰ ਆਪਣੇ ਵਿਚ ਸਮੇਟਦਾ ਹੋਇਆ ਵੀ, ਉਸ ਦਾ ਵਿਰੋਧ ਕਰਨਾ ਲਗਾਤਾਰ ਜਾਰੀ ਰੱਖਦਾ ਹੈ। ਹਰ ਨਵਾਂ ਧਰਮ ਆਪਣੇ ਨਵੇਂ ਆਤਮ-ਗਿਆਨ ਅਨੁਸਾਰ ਕੁਦਰਤ, ਮਨੁੱਖ ਅਤੇ ਰੱਬ ਵਿਚਕਾਰ ਰਿਸ਼ਤਿਆਂ ਦੀ ਨਵੇਂ ਸਿਰਿਓਂ ਵਿਆਖਿਆ ਕਰਦਾ ਹੈ। ਸਿੱਖ ਫ਼ਲਸਫ਼ੇ ਨੇ ਇਨ੍ਹਾਂ ਰਿਸ਼ਤਿਆਂ ਦੀ ਬੁਨਿਆਦੀ ਤੌਰ ‘ਤੇ ਅਸਲੋਂ ਵੱਖਰੇ ਰੂਪ ਵਿਚ ਵਿਆਖਿਆ ਕਰਕੇ ਹੁਣ ਤੱਕ ਦੀ ਸਭ ਤੋਂ ਵੱਡੀ ਛਾਲ ਮਾਰੀ ਹੈ।
ਧਰਮਾਂ ਦੇ ਇਤਿਹਾਸ ਵਿਚ ਸਿੱਖ ਧਰਮ ਸਭ ਤੋਂ ਨਵਾਂ ਧਰਮ ਹੈ। ਇਹ ਇਸਲਾਮ ਤੋਂ ਬਾਅਦ ਹੋਂਦ ਵਿਚ ਆਇਆ ਹੈ ਪਰ ਇਸਲਾਮੀ ਫ਼ਲਸਫ਼ੇ ਨੂੰ ਰੱਦ ਨਹੀਂ ਕਰਦਾ, ਸਗੋਂ ਉਸ ਦੇ ਆਤਮ-ਗਿਆਨ ਨੂੰ ਹੋਰ ਅੱਗੇ ਤੋਰਦਾ ਹੈ। ਜੇ ਸਹੀ ਢੰਗ ਨਾਲ ਕਿਹਾ ਜਾਏ ਤਾਂ ਸਿੱਖ ਫ਼ਲਸਫ਼ਾ ਸਾਰੇ ਧਰਮਾਂ ਦੇ ਫ਼ਲਸਫਿਆਂ ਨੂੰ ਆਪਣੇ ਵਿਚ ਸਮੇਟ ਕੇ ਅੱਗੇ ਵਧਿਆ ਹੈ। ਇਹ ਮਨੁੱਖ ਜਾਤੀ ਦੇ ਗਿਆਨ ਵਿਚ ਵੱਜੀ ਨਿਵੇਕਲੀ ਛਾਲ ਹੈ। ਮਨੁੱਖੀ ਚੇਤਨਾ ਨੂੰ ਇਸ ਨੇ ਨਵਾਂ ਗਿਆਨ ਦਿੱਤਾ ਹੈ, ਗਿਆਨ ਜਿਹੜਾ ਇਸ ਤੋਂ ਪਹਿਲਾਂ ਮਨੁੱਖੀ ਚੇਤਨਾ ਦਾ ਹਿੱਸਾ ਨਹੀਂ ਸੀ ਬਣਿਆ।
ਹੁਣ ਤੱਕ ਤਕਰੀਬਨ ਸਾਰੇ ਧਰਮਾਂ ਦੀ ਇਹ ਧਾਰਨਾ ਸੀ ਕਿ ਇਸ ਸ੍ਰਿਸ਼ਟੀ ਦੀ ਸਿਰਜਣਾ ਕਿਸੇ ਕਲਪਿਤ ਰੱਬ ਨੇ ਕੀਤੀ ਹੈ ਅਤੇ ਇਹ ਮੰਨਿਆ ਜਾਂਦਾ ਰਿਹਾ ਹੈ ਅਤੇ ਹੁਣ ਤੱਕ ਮੰਨਿਆ ਜਾ ਰਿਹਾ ਹੈ ਕਿ ਇਸੇ ‘ਰੱਬ’ ਨੇ ਮਨੁੱਖ ਜਾਤੀ ਬਣਾਈ ਹੈ। ਇਸੇ ‘ਰੱਬ’ ਨੇ ਨਰਕ-ਸੁਰਗ, ਦੇਵੀ-ਦੇਵਤੇ, ਪੁੰਨ-ਪਾਪ ਅਤੇ ਧਰਮਰਾਜ-ਯਮਦੂਤਾਂ ਆਦਿ ਦੀ ਬਣਤ ਬਣਾਈ ਹੈ। ਹੁਣ ਤੱਕ ਸਾਰੇ ਹੀ ਸਾਮੀ ਧਰਮ ਅਤੇ ਬ੍ਰਾਹਮਣੀ ਮਤਿ ਇਸੇ ਦੇ ਧਾਰਨੀ ਹਨ। ਸਭ ਤੋਂ ਪਹਿਲਾਂ ਗੁਰਮਤਿ ਨੇ ਇਸ ਧਾਰਨਾ ਦਾ ਖੰਡਨ ਕੀਤਾ ਅਤੇ ਐਲਾਨ ਕੀਤਾ, ਇਹ ਜੁ ਦੁਨੀਆ ਸਿਹਰੁ ਮੇਲਾ ਦਸਤਗੀਰੀ ਨਾਹਿ॥੧॥ ਰਹਾਉ॥ ਭਾਵ ਇਹ ਜੋ ਸੰਸਾਰ ਜਾਂ ਸ੍ਰਿਸ਼ਟੀ, ਇਕ ਅਚਰਜ ਮੇਲਾ ਜਾਂ ਤਮਾਸ਼ਾ ਹੈ, ਕਿਸੇ ਦੇ ਹੱਥ ਦੀ ਕੀਤੀ ਹੋਈ ਕਾਰੀਗਰੀ ਨਹੀਂ। ਭਾਵ ਇਹ ਸ੍ਰਿਸ਼ਟੀ ਕਿਸੇ ਕਲਪਿਤ ‘ਰੱਬ’ ਦੀ ਰਚਨਾ ਨਹੀਂ, ਸਗੋਂ ਅੰਤਹੀਣ ਆਦਿਕਾਲ ਤੋਂ ਇਵੇਂ ਹੀ ਤੁਰੀ ਆ ਰਹੀ ਹੈ। ਭਗਤ ਕਬੀਰ ਇਸ ਵਰਤਾਰੇ ਨੂੰ ਬੜਾ ਸਪੱਸ਼ਟ ਕਰਦੇ ਹਨ,
ਬੇਦ ਕਤੇਬ ਇਫਤਰਾ ਭਾਈ
ਦਿਲ ਕਾ ਫਿਕਰੁ ਨ ਜਾਇ॥
ਟੁਕੁ ਦਮੁ ਕਰਾਰੀ ਜਉ ਕਰਹੁ
ਹਾਜਿਰ ਹਜੂਰਿ ਖੁਦਾਇ॥੧॥
ਬੰਦੇ ਖੋਜੁ ਦਿਲ ਹਰ ਰੋਜ
ਨਾ ਫਿਰੁ ਪਰੇਸਾਨੀ ਮਾਹਿ॥
ਇਹ ਜੁ ਦੁਨੀਆ ਸਿਹਰੁ ਮੇਲਾ
ਦਸਤਗੀਰੀ ਨਾਹਿ॥੧॥ ਰਹਾਉ॥

ਕਬੀਰ ਕਰਮੁ ਕਰੀਮ ਕਾ
ਉਹੁ ਕਰੈ ਜਾਨੈ ਸੋਇ॥੪॥੧॥
(ਗੁਰੂ ਗ੍ਰੰਥ ਸਾਹਿਬ, ਪੰਨਾ 727)
ਸ੍ਰਿਸ਼ਟੀ-ਰਚਨਾ ਬਾਰੇ ਆਪਣੇ ਤੋਂ ਪਹਿਲੇ ਸਾਰੇ ਪੂਰਬੀ ਅਤੇ ਪੱਛਮੀ ਧਰਮਾਂ ਦੇ ਗਿਆਨ-ਸਰੋਤ ਸਮਝੇ ਜਾਂਦੇ ਗ੍ਰੰਥਾਂ-ਵੇਦਾਂ ਅਤੇ ਕਤੇਬਾਂ-ਵਿਚਲੇ ਭਰਮਜਾਲ ਦਾ ਖੰਡਨ ਕਰਦਿਆਂ ਭਗਤ ਕਬੀਰ ਕਹਿੰਦੇ ਹਨ ਕਿ ਇਹ ਪੜ੍ਹਨ ਨਾਲ ਮਨ ਦੇ ਡਰ, ਸਹਿਮ ਜਾਂ ਸੰਸੇ ਖਤਮ ਨਹੀਂ ਹੁੰਦੇ ਪਰ ਜੇ ਕੁਝ ਪਲਾਂ ਲਈ ਮਨ ਨੂੰ ਟਿਕਾ ਕੇ ਗੰਭੀਰਤਾ ਨਾਲ ਸੋਚਿਆ ਜਾਵੇ, ਤਾਂ ਮਨ ਇਹ ਅਨੁਭਵ ਕਰ ਲੈਂਦਾ ਹੈ ਕਿ ਖੁਦਾ ਹਰ ਥਾਂ ਹਾਜ਼ਰ ਹੈ। ਭਗਤ ਕਬੀਰ ਦੇ ਬਚਨ ਹਨ, ਹੇ ਬੰਦੇ! ਹਰ ਰੋਜ਼ ਆਪਣੇ ਮਨ ਦੀ ਖੋਜ ਕਰ ਭਾਵ ਅਪਣੇ ਮਨ ਨੂੰ ਕਾਬੂ ਕਰ, ਐਵੇਂ ਦਸਾਂ ਦਿਸ਼ਾਵਾਂ ਵਿਚ ਭਟਕਦੇ ਮਨ ਦੇ ਪਿੱਛੇ ਲੱਗ ਕੇ ਪ੍ਰੇਸ਼ਾਨ ਨਾ ਹੋ। ਮਨ ਨੂੰ ਟਿਕਾਉਣ ਦੀ ਪ੍ਰੇਰਨਾ ਕਰਕੇ ਭਗਤ ਕਬੀਰ ਮਨੁੱਖੀ ਚੇਤਨਾ ਨੂੰ ਇਕ ਨਵਾਂ ਆਤਮ-ਗਿਆਨ ਦਿੰਦੇ ਹਨ ਕਿ ਇਹ ਦੁਨੀਆਂ ਇਕ ਅਜਬ ਮੇਲਾ ਹੈ, ਕਿਸੇ ਕਲਪਿਤ ਰੱਬ ਦੇ ਹੱਥਾਂ ਦੀ ਕਾਰੀਗਰੀ ਨਹੀਂ। ਇਸ ਸ੍ਰਿਸ਼ਟੀ ਦੀ ਰਚਨਾ ਅਤੇ ਰੱਬ ਬਾਰੇ ਆਪਣੇ ਤੋਂ ਪਹਿਲੇ ਸਾਰੇ ਧਰਮਾਂ ਦੀਆਂ ਧਾਰਨਾਵਾਂ ਨੂੰ ਰੱਦ ਕਰਦਿਆਂ ਭਗਤ ਕਬੀਰ ਮਨੁੱਖੀ ਚੇਤਨਾ ਨੂੰ ਇਹ ਨਵੀਂ ਜਾਣਕਾਰੀ ਦਿੰਦੇ ਹਨ ਕਿ ਇਨ੍ਹਾਂ ਧਰਮ ਗ੍ਰੰਥਾਂ ਵਿਚਲਾ ਝੂਠ ਪੜ੍ਹ-ਪੜ੍ਹ ਕੇ ਬੰਦਾ ਐਵੇਂ ਖੁਸ਼ ਹੁੰਦਾ ਰਹਿੰਦਾ ਹੈ ਅਤੇ ਆਪਣੇ ਅਗਿਆਨ ਕਾਰਨ ਫਜ਼ੂਲ ਦੇ ਵਾਦ-ਵਿਵਾਦ ਵਿਚ ਉਲਝਿਆ ਰਹਿੰਦਾ ਹੈ। ਇਹ ਨਹੀਂ ਜਾਣਦਾ ਕਿ ਹੱਕ-ਸੱਚ ਦੀ ਪੈਰਵਾਈ ਕਰਨ ਵਾਲਾ ਰੱਬ ਲੋਕਾਂ ਦੇ ਮਨਾਂ ਵਿਚ ਹੀ ਵਸਦਾ ਹੈ ਭਾਵ ਰੱਬੀ ਗਿਆਨ ਮਨੁੱਖੀ ਮਨ ਦੀ ਦੇਣ ਹੈ। ਰੱਬ ਕਿਸੇ ਸਾਂਵਲੇ ਰੰਗ ਦੇ ਕ੍ਰਿਸ਼ਨ ਦੀ ਮੂਰਤ ਵਿਚ ਨਹੀਂ ਅਤੇ ਨਾ ਹੀ ਉਹ ਉਪਰ ਕਿਸੇ ਅਸਮਾਨ ਵਿਚ ਬੈਠਾ ਹੋਇਆ ਹੈ ਸਗੋਂ ਇਹ ਮਨੁੱਖੀ ਮਨਾਂ ਅੰਦਰ ਹੀ ਠਾਠਾਂ ਮਾਰਦੇ ਦਰਿਆ ਵਾਂਗ ਵਹਿ ਰਿਹਾ ਹੈ ਜਿਸ ਵਿਚ ਭਾਵੇਂ ਜਿੰਨਾ ਮਰਜ਼ੀ ਇਸ਼ਨਾਨ ਕਰੀ ਜਾਓ। ਆਪਣੀ ਅਸਲੀ ਵਕਤੀ ਕੁਦਰਤੀ ਹੋਂਦ ਦੇ ਆਤਮ ਗਿਆਨ ਨਾਲ ਸਰਸ਼ਾਰ ਹੋ ਕੇ ਅਤੇ ਕੂੜੇ ਦੁਨਿਆਵੀ ਮੋਹ ਤੋਂ ਆਪਣੇ ਮਨ ਨੂੰ ਹੋੜ ਕੇ ਨਿਰਮਲ ਮਨ ਨਾਲ ਵੇਖਿਆ ਜਾਵੇ ਤਾਂ ਰੱਬ ਹਰ ਥਾਂ ਮੌਜੂਦ ਦਿਸਦਾ ਹੈ। ਭਾਵ ਇਸ ਦਾ ਅਨੁਭਵ ਹਰ ਥਾਂ ਕੀਤਾ ਜਾ ਸਕਦਾ ਹੈ। ਜ਼ਰੂਰਤ ਸਿਰਫ਼ ਆਪਣੇ ਮਨ ਦੀਆਂ ਅੱਖਾਂ ਨੂੰ ਖੋਲ੍ਹਣ ਦੀ ਹੈ। (ਮਨੁ ਅੰਧਾ ਨਾਓ ਸੁਜਾਣੁ॥)
ਗੁਰੂ ਨਾਨਕ ਸਾਹਿਬ ਆਪਣੇ ਇਕ ਸ਼ਬਦ ਵਿਚ ਸਮੇਂ ਨੂੰ ਯੁਗਾਂ ਵਿਚ ਵੰਡਣ ਦੀ ਬ੍ਰਾਹਮਣੀ ਧਾਰਨਾ ਦਾ ਬੜੇ ਜ਼ੋਰਦਾਰ ਸ਼ਬਦਾਂ ਵਿਚ ਖੰਡਨ ਕਰਦਿਆਂ, ਉਹ ਆਦਿਕਾਲ ਤੋਂ ਅੰਤਹੀਣ ਭਵਿੱਖਤ ਕਾਲ ਤੱਕ ਦੇ ਸਮੇਂ ਨੂੰ ਅਵੰਡ ਦੱਸਦੇ ਹਨ ਅਤੇ ਯੁਗਾਂ ਦੇ ਲੱਛਣਾਂ ਨੂੰ ਆਪਣੇ ਸਮੇਂ ਦੀਆਂ ਸਮਾਜੀ-ਰਾਜਸੀ ਹਾਲਤਾਂ ਨਾਲ ਜੋੜਦੇ ਹਨ,
ਸੋਈ ਚੰਦੁ ਚੜਹਿ ਸੇ ਤਾਰੇ
ਸੋਈ ਦਿਨੀਅਰੁ ਤਪਤ ਰਹੈ॥
ਸਾ ਧਰਤੀ ਸੋ ਪਉਣੁ ਝੁਲਾਰੇ
ਜੁਗ ਜੀਅ ਖੇਲੇ ਥਾਵ ਕੈਸੇ॥੧॥
ਜੀਵਨ ਤਲਬ ਨਿਵਾਰਿ॥
ਹੋਵੈ ਪਰਵਾਣਾ ਕਰਹਿ ਧਿਙਾਣਾ
ਕਲਿ ਲਖਣ ਵੀਚਾਰਿ॥੧॥ ਰਹਾਉ॥

ਜੇ ਘਰਿ ਹੋਦੈ ਮੰਗਣਿ ਜਾਈਐ
ਫਿਰਿ ਓਲਾਮਾ ਮਿਲੈ ਤਹੀ॥
(ਪੰਨਾ 902-3)
ਗੁਰੂ ਨਾਨਕ ਸਾਹਿਬ ਦੇ ਬਚਨ ਹਨ, ਹਰ ਰੋਜ਼ ਓਹੀ ਚੰਦਰਮਾ ਦਿਸਦਾ ਹੈ, ਓਹੀ ਤਾਰੇ ਲਿਸ਼ਕਦੇ ਹਨ, ਓਹੀ ਸੂਰਜ ਚੜ੍ਹਦਾ ਹੈ, ਓਹੀ ਧਰਤੀ ਹੈ, ਓਹੀ ਹਵਾ ਝੂਲ ਰਹੀ ਹੈ, ਉਵੇਂ ਹੀ ਜ਼ਿੰਦਗੀ ਰੁਮਕ ਰਹੀ ਹੈ, ਸਮੇਂ ਦੇ ਦੌਰ ਨੂੰ ਕਲਯੁਗ ਦੱਸਣ ਵਾਲੇ, ਹੇ ਮਨੁੱਖ! ਆਪਣੀ ਤ੍ਰਿਸ਼ਨਾ ‘ਤੇ ਕਾਬੂ ਪਾ ਤੇ ਮਨ ਦੀ ਭਟਕਣਾ ‘ਚੋਂ ਬਾਹਰ ਆ। ਭਾਵ ਆਪਣੀਆਂ ਗੈਰ ਕੁਦਰਤੀ ਲੋੜਾਂ ਦੀਆਂ ਇਛਾਵਾਂ ਨੂੰ ਤਿਆਗ ਕੇ ਸਹਿਜ ਮਨ ਨਾਲ ਸੋਚ ਕਿ ਜਦੋਂ ਨਿਆਂ ਕਰਨ ਵਾਲਾ ਧੱਕੜ ਬਣ ਜਾਏ, ਇਨਸਾਫ ਦੀ ਥਾਂ ਧੱਕੇ ਮਿਲਣ ਤਾਂ ਸਮਝੋ ਇਹੀ ਕਲਯੁਗ ਦੇ ਲੱਛਣ ਹਨ। ਗੁਰੂ ਨਾਨਕ ਸ੍ਰਿਸ਼ਟੀ-ਰਚਨਾ ਦੇ ਇਸ ਵਰਤਾਰੇ ਨੂੰ ਆਪਣੇ ਇਕ ਹੋਰ ਸ਼ਬਦ ਵਿਚ ਇਸ ਤਰ੍ਹਾਂ ਸਪੱਸ਼ਟ ਕਰਦੇ ਹਨ,
ਆਪੀਨੈ ਆਪੁ ਸਾਜਿਓ ਆਪੀਨੈ ਰਚਿਓ ਨਾਉ॥
ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ॥
ਦਾਤਾ ਕਰਤਾ ਆਪਿ ਤੂੰ ਤੁਸਿ ਦੇਵਹਿ ਕਰਹਿ ਪਸਾਉ॥
ਤੂੰ ਜਾਣੋਈ ਸਭਸੈ ਦੇ ਲੈਸਹਿ ਜਿੰਦੁ ਕਵਾਉ॥
ਕਰਿ ਆਸਣੁ ਡਿਠੋ ਚਾਉ॥੧॥ (ਪੰਨਾ 463)
ਭਾਵ ਉਸ ਕਰਤਾ (ਅਕਾਲ-ਪੁਰਖ, ਰੱਬ, ਅੱਲਾ, ਪਰਮਾਤਮਾ, ਪ੍ਰਭੂ, ਹਰਿ, ਰਾਮ, ਕ੍ਰਿਸ਼ਨ, ਬੀਠਲ, ਗੋਬਿੰਦ, ਸਿਆਮ ਅਰਥਾਤ ਜਿਸ ਦੇ ਅਣਗਿਣਤ ਨਾਮ ਹਨ) ਨੇ ਆਪਣੀ ਹਸਤੀ ਨੂੰ ਆਪ ਹੀ ਸਾਜਿਆ, ਆਪਣੀ ‘ਹਸਤੀ’ ਦਾ ਆਪ ਹੀ ਨਾਮਕਰਨ ਕੀਤਾ ਅਤੇ ਫਿਰ ਕੁਦਰਤ ਸਾਜ ਕੇ ਉਸ ਵਿਚ ਆਪਣਾ ਆਸਣ ਜਮ੍ਹਾ ਕੇ ਬੜੇ ਚਾਅ ਨਾਲ ਇਹ ਜਗਤ ਤਮਾਸ਼ਾ ਵੇਖਣ ਲੱਗ ਪਿਆ। ਕਰਤਾ ਦੀ ਹਸਤੀ ਅਤੇ ਕੁਦਰਤ ਦੀ ਹੋਂਦ ਦੀ ਇਹ ਪੂਰਨ ਇਕਮਿੱਕਤਾ ਹੈ। ਇਹੀ ਏਕੋ ਦਾਤਾ ਹੈ, ਇਹੀ ਕਰਤਾ ਹੈ। ਭਾਵ ਹਸਤੀ ਤੇ ਹੋਂਦ ਦੀ ਇਹੀ ਇਕਮਿੱਕਤਾ ਦਾਤਾਂ ਦੇਣ ਵਾਲੀ ਹੈ, ਕਰਤਾਰੀ ਸ਼ਕਤੀ ਹੈ ਤੇ ਤੁੱਠ ਕੇ ਬਿਨਾਂ ਕਿਸੇ ਭਿੰਨ-ਭੇਦ ਦੇ ਸਾਰਿਆਂ ਨੂੰ ਦਾਤਾਂ ਵੰਡਦੀ ਹੈ। ਇਹ ਸਾਰਿਆਂ ਦੇ ਮਨਾਂ ਦੀ ਭੇਤੀ ਹੈ ਅਤੇ ਇਹੀ ਸਰੀਰ ਸਮੇਤ ਜ਼ਿੰਦ ਦਿੰਦੀ ਹੈ ਅਤੇ ਫਿਰ ਲੈ ਵੀ ਲੈਂਦੀ ਹੈ।
ਅਰਥ ਬੜਾ ਸਪੱਸ਼ਟ ਹੈ ਕਿ ਗੁਰੂ ਨਾਨਕ ਇਸ ਦਿਸਦੇ ਅਣਦਿਸਦੇ ਅੰਤਹੀਣ ਬ੍ਰਹਿਮੰਡੀ ਪਸਾਰੇ ਦੀ ਸਗਲੀ ਹਕੀਕਤ ਭਾਵ ਕਰਤਾ ਦੇ ਮਨੁੱਖੀ ਮਨ ਵਿਚ ਬਣਦੇ ਅਕਸ ਦਾ ਕੁਦਰਤ ਦੀ ਹੋਂਦ ਨਾਲ ਬੜਾ ਸੁੰਦਰ ਸੁਮੇਲ ਕਰਦੇ ਹਨ ਅਤੇ ਇਹੀ ਹਸਤੀ-ਹੋਂਦ ਦੀ ਇੱਕਤਾ ਸਮੁੱਚੇ ਬ੍ਰਹਿਮੰਡੀ ਪਸਾਰੇ ਦੇ ਸੱਚ ਨੂੰ ਪ੍ਰਗਟ ਕਰਦੀ ਹੈ। ਇਹ ਹੋਂਦ ਨੂੰ ਹਸਤੀ ਦਾ ਰੂਪ ਦਿੰਦੀ ਹੈ ਅਤੇ ਇਹ ਹਸਤੀ ਹੋਂਦ ਦੇ ਕਣ-ਕਣ ਵਿਚ ਸਮਾ ਜਾਂਦੀ ਹੈ। ਆਪਣੇ ਇਸੇ ਫ਼ਲਸਫ਼ੇ ਦੇ ਆਧਾਰ ‘ਤੇ ਗੁਰੂ ਨਾਨਕ ਮਨੁੱਖ ਤੇ ਕੁਦਰਤ ਦਾ ਰਿਸ਼ਤਾ ਸਪੱਸ਼ਟ ਕਰਦੇ ਹਨ,
ਕੁਦਰਤਿ ਦਿਸੈ ਕੁਦਰਤਿ ਸੁਣੀਐ
ਕੁਦਰਤਿ ਭਉ ਸੁਖ ਸਾਰੁ॥
ਕੁਦਰਤਿ ਪਾਤਾਲੀ ਆਕਾਸੀ
ਕੁਦਰਤਿ ਸਰਬ ਆਕਾਰੁ॥
ਕੁਦਰਤਿ ਵੇਦ ਪੁਰਾਣ ਕਤੇਬਾ
ਕੁਦਰਤਿ ਸਰਬ ਵੀਚਾਰੁ॥
ਕੁਦਰਤਿ ਖਾਣਾ ਪੀਣਾ ਪੈਨਣੁ
ਕੁਦਰਤਿ ਸਰਬ ਪਿਆਰੁ॥
ਕੁਦਰਤਿ ਜਾਤੀ ਜਿਨਸੀ ਰੰਗੀ
ਕੁਦਰਤਿ ਜੀਅ ਜਹਾਨ॥
ਕੁਦਰਤਿ ਨੇਕੀਆ ਕੁਦਰਤਿ ਬਦੀਆ
ਕੁਦਰਤਿ ਮਾਨੁ ਅਭਿਮਾਨੁ॥
ਕੁਦਰਤਿ ਪਉਣੁ ਪਾਣੀ ਬੈਸੰਤਰੁ
ਕੁਦਰਤਿ ਧਰਤੀ ਖਾਕੁ॥
ਸਭ ਤੇਰੀ ਕੁਦਰਤਿ ਤੂੰ ਕਾਦਿਰੁ ਕਰਤਾ
ਪਾਕੀ ਨਾਈ ਪਾਕੁ॥
ਨਾਨਕ ਹੁਕਮੈ ਅੰਦਰਿ ਵੇਖੈ
ਵਰਤੈ ਤਾਕੋ ਤਾਕੁ॥੨॥ (ਪੰਨਾ 464)
ਭਾਵ ਜੋ ਕੁਝ ਦਿਸ ਰਿਹਾ ਹੈ, ਸੁਣਿਆ ਜਾ ਰਿਹਾ ਹੈ, ਕੁਦਰਤ ਹੈ। ਇਹ ਡਰ ਅਤੇ ਦੁਖ-ਸੁਖ ਦਾ ਅਹਿਸਾਸ ਤੇ ਇਨ੍ਹਾਂ ਦਾ ਤੱਤ ਵੀ ਕੁਦਰਤ ਹੀ ਹੈ। ਪਾਤਾਲ, ਆਕਾਸ਼, ਸਾਰੇ ਆਕਾਰ ਸਭ ਕੁਦਰਤ ਦਾ ਹੀ ਰੂਪ ਹਨ। ਵੇਦ, ਪੁਰਾਣ, ਕਤੇਬ ਤੇ ਸਾਰੇ ਵਿਚਾਰ ਕੁਦਰਤ ਨੂੰ ਹੀ ਪ੍ਰਗਟ ਕਰਦੇ ਹਨ। ਖਾਣਾ, ਪੀਣਾ, ਪਹਿਨਣਾ, ਪਿਆਰ ਆਦਿ ਸਾਰੇ ਕੁਦਰਤ ਦੇ ਹੀ ਰੰਗ-ਰੂਪ ਹਨ। ਜਿੰਨੀਆਂ ਜਾਤੀਆਂ ਅਤੇ ਜਿੰਨੇ ਜਿਨਸੀ ਰਿਸ਼ਤੇ ਹਨ ਅਤੇ ਇਹ ਸਾਰਾ ਜੀਆ-ਜੰਤ ਕੁਦਰਤ ਹੀ ਹੈ। ਇਸ ਧਰਤੀ ਉਤੇ ਵਾਪਰ ਰਹੀਆਂ ਨੇਕੀਆਂ, ਬਦੀਆਂ ਅਤੇ ਮਾਨ-ਅਭਿਮਾਨ ਸਭ ਕੁਦਰਤ ਦਾ ਹੀ ਰੂਪ ਹਨ। ਪੌਣ, ਪਾਣੀ, ਅਗਨੀ ਵੀ ਕੁਦਰਤ ਹੈ ਅਤੇ ਇਹ ਧਰਤੀ ਤੇ ਇਸ ਦੀ ਮਿੱਟੀ ਵੀ ਕੁਦਰਤ ਹੀ ਹੈ। ਇਹ ਸਾਰੀ ਕੁਦਰਤ ਉਸ ਅਕਾਲ ਹਸਤੀ ਰਾਹੀਂ ਪ੍ਰਗਟ ਹੋ ਰਹੀ ਹੈ ਅਤੇ ਓਹੀ ਪਾਕਿ ਪਵਿੱਤਰ ਕਰਤਾ ਦੇ ਰੂਪ ਵਿਚ ਇਸ ਬ੍ਰਹਿਮੰਡ ਦੇ ਕਣ-ਕਣ ਵਿਚ ਰਮ ਰਿਹਾ ਹੈ ਅਤੇ (ਗੁਰੂ) ਨਾਨਕ ਇਸ ਸਾਰੇ ਕੁਝ ਨੂੰ ਉਸ ਦੇ ਹੁਕਮ ਵਿਚ ਵਾਪਰਦਾ ਵੇਖ ਰਹੇ ਹਨ। ਭਾਵ ਹੋਂਦ-ਹਸਤੀ (ਏਕੋ) ਦਾ ਸਮੁੱਚਾ ਸੱਚ ਹੁਕਮ ਦੇ ਰੂਪ ਵਿਚ ਪ੍ਰਗਟ ਹੋ ਰਿਹਾ ਹੈ। ਜੰਮਣੁ ਮਰਣਾ ਹੁਕਮੁ ਹੈ॥ ਭਾਵ ਜੀਵਾਂ ਦਾ ਜੰਮਣਾ ਮਰਨਾ ਕੁਦਰਤ ਦਾ ਇਕ ਨੇਮ ਹੈ ਅਤੇ ਕੁਦਰਤ ਦੇ ਨੇਮ ਹੀ ਹੁਕਮੁ ਦੇ ਰੂਪ ਵਿਚ ਮਨੁੱਖੀ ਮਨ ਦੀ ਪਕੜ ਵਿਚ ਆਉਂਦੇ ਹਨ। ਮਨੁੱਖੀ ਮਨ ਵਿਚ ਇਕੱਠਾ ਹੋਇਆ ਇਹੀ ਅਨੁਭਵੀ ਗਿਆਨ ਜਾਂ ਫ਼ਲਸਫ਼ਾ ਹੈ, ਜੋ ਸਬਦੁ (ਸੰਕਲਪ) ਰਾਹੀਂ ਆਪਣੀ ਹੋਂਦ ਅਖਤਿਆਰ ਕਰਦਾ ਹੈ ਅਤੇ ਦਿਮਾਗੀ ਸੋਚ ਰਾਹੀਂ ਇਕ ਵਿਚਾਰ ਵਜੋਂ ਪ੍ਰਗਟ ਹੁੰਦਾ ਹੈ। (ਇਹੁ ਮਨੁ ਖੇਲੈ ਹੁਕਮ ਕਾ ਬਾਧਾ॥ ਪੰਨਾ 1260)
ਗੁਰੂ ਅਰਜਨ ਦੇਵ ਇਸ ਸਮੁੱਚੇ ਵਰਤਾਰੇ ਦਾ ਨਿਚੋੜ ਇਨ੍ਹਾਂ ਸ਼ਬਦਾਂ ਵਿਚ ਪ੍ਰਗਟ ਕਰਦੇ ਹਨ,
ਕੁਦਰਤਿ ਕਾਦਰ ਕਰਣ ਕਰੀਮਾ॥
ਸਿਫਤਿ ਮੁਹਬਤਿ ਅਥਾਹ ਰਹੀਮਾ॥
ਹਕੁ ਹੁਕਮੁ ਸਚੁ ਖੁਦਾਇਆ
ਬੁਝਿ ਨਾਨਕ ਬੰਦਿ ਖਲਾਸ ਤਰਾ॥
(ਪੰਨਾ 1084)
ਕੁਦਰਤ ਹੀ ਕਾਦਰ ਭਾਵ ਰੱਬ ਹੈ, ਕੁਦਰਤ ਹੀ ਕਰਣਹਾਰ ਹੈ, ਕੁਦਰਤ ਹੀ ਬਖਸ਼ਿਸ਼ਾਂ ਕਰਨ ਵਾਲੀ ਹੈ, ਜੋ ਆਪਣੀਆਂ ਬਖਸ਼ਿਸ਼ਾਂ ਨਾਲ ਸਭ ਨੂੰ ਪਾਲਦੀ ਹੈ। ਇਸ ਕੁਦਰਤ ਦਾ ਗੁਣ ਪਿਆਰ ਅਤੇ ਅਮੁੱਕ ਦਿਆਲੂਪੁਣਾ ਹੈ, ਜੋ ਬਿਨਾਂ ਕਿਸੇ ਭਿੰਨ-ਭੇਦ ਦੇ ਸਾਰਿਆਂ ਨੂੰ ਬੇਅੰਤ ਦਾਤਾਂ ਨਾਲ ਨਿਵਾਜਦੀ ਹੈ। ਕੁਦਰਤ ਦਾ ਧਾਰਨ ਕਰਨ ਵਾਲਾ ਗੁਣ ਹੁਕਮ ਭਾਵ ਇਸ ਦੇ ਕਾਨੂੰਨ ਹਨ, ਜਿਹੜੇ ਅਟੱਲ ਸੱਚ ਹਨ, ਜਿਨ੍ਹਾਂ ਨੂੰ ਜਾਣ ਕੇ ਸਾਰੇ ਬੰਧਨਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਅਰਥਾਤ ਕੁਦਰਤ ਤੇ ਮਨੁੱਖ ਵਿਚਕਾਰ ਕੋਈ ‘ਰੱਬ’ ਰੂਪੀ ਵਿਚੋਲਾ ਨਹੀਂ ਅਤੇ ਮਨੁੱਖ ਕੁਦਰਤ ਨਾਲ ਆਪਣੇ ਸਿੱਧੇ ਰਿਸ਼ਤੇ ਰਾਹੀਂ ਹੁਕਮ ਭਾਵ ਕੁਦਰਤ ਦੇ ਨੇਮਾਂ ਨੂੰ ਆਪਣੇ ਮਨ ਵਿਚ ਅਨੁਭਵ ਕਰਨ ਦੀ ਸਮਰੱਥਾ ਰਖਦਾ ਹੈ। ਇਹ ਅਨੁਭਵੀ ਮਨ ਹੀ ਮਨੁੱਖ ਦੀ ਅਸਲੀ ਹੋਂਦ ਹੈ। ਆਤਮ-ਗਿਆਨ ਨਾਲ ਜਾਗਤ ਹੋਇਆ ਇਹ ਅਨੁਭਵੀ ਮਨ ਹੀ ਮਨੁੱਖ ਦਾ ਆਤਮ ਸਿਰਜਦਾ ਹੈ, ਜਿਹੜਾ ਸਰੀਰ ਜਾਂ ਕਾਇਆ ਹੋਂਦ ਨੂੰ ਦਿਸ਼ਾ ਦਿੰਦਾ ਹੈ। (ਇਹੁ ਮਨੁ ਆਰਸੀ ਕੋਈ ਗੁਰਮੁਖਿ ਵੇਖੈ॥)
ਗੁਰਮਤਿ ਫਲਸਫੇ ਦਾ ਇਹ ਗਿਆਨ ਹੀ ਉਹ ਆਧਾਰਸ਼ਿਲਾ ਹੈ, ਜਿਸ ਉਤੇ ਖਾਲਸਾ ਪੰਥ ਦਾ ਮਹਿਲ ਉਸਰਿਆ ਹੈ। ਸਿੱਖ ਪੰਥ ਦੀ ਸਭ ਤੋਂ ਕਮਾਲ ਦੀ ਗੱਲ ਇਹ ਹੈ ਕਿ ਜਿਵੇਂ-ਜਿਵੇਂ ਸਿੱਖੀ ਸਿਧਾਂਤ ਦੀਆਂ ਜੜ੍ਹਾਂ ਮਜ਼ਬੂਤ ਹੁੰਦੀਆਂ ਗਈਆਂ, ਤਿਵੇਂ-ਤਿਵੇਂ ਸਿੱਖ ਸੰਸਥਾਵਾਂ ਹੋਂਦ ਵਿਚ ਆਉਂਦੀਆਂ ਗਈਆਂ। ਸਿਧਾਂਤ ਤੇ ਅਮਲ ਦਾ ਸ਼ਾਨਦਾਰ ਸੁਮੇਲ ਕਰਦਿਆਂ ਗੁਰੂ ਸਾਹਿਬਾਨ ਨੇ ਸਿੱਖ ਸੰਸਥਾਵਾਂ ਵਿਕਸਿਤ ਕੀਤੀਆਂ। ਕੋਈ ਵੀ ਸਿੱਖ ਸੰਸਥਾ ਸਿਧਾਂਤਕ ਆਧਾਰ ਦੀ ਪੁਖਤਗੀ ਤੋਂ ਬਿਨਾਂ ਨਹੀਂ ਸਿਰਜੀ ਗਈ। ਬਾਕੀ ਜੀਵਾਂ ਵਾਂਗ ਮਨੁੱਖ ਵੀ ਇਕ ਕੁਦਰਤੀ ਜੀਵ ਹੈ ਅਤੇ ਸਾਰੇ ਜੀਵ ਉਸ ਕਰਤਾ ਦੀ ਉਪਜ ਹਨ, ਇਸ ਪ੍ਰਗਟ ਹੋਏ ਆਤਮ-ਗਿਆਨ ਸਦਕਾ, ‘ਏਕ ਪਿਤਾ ਏਕਸ ਕੇ ਹਮ ਬਾਰਕ॥’ ‘ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ॥’ ਦੇ ਪ੍ਰਚਾਰ ਪ੍ਰਸਾਰ ਤੋਂ ਬਾਅਦ ਗੁਰੂ ਅੰਗਦ ਦੇਵ ਨੇ ਧਰਮਸਾਲ ਦੇ ਰੂਪ ਵਿਚ ਗੁਰਦੁਆਰਾ, ਸੰਗਤ-ਪੰਗਤ ਅਤੇ ਲੰਗਰ ਦੀ ਸੰਸਥਾ ਹੋਂਦ ਵਿਚ ਲਿਆਂਦੀ। ਅਗਲੀਆਂ ਪੀੜ੍ਹੀਆਂ ਦੇ ਬੌਧਿਕ ਤੇ ਮਾਨਸਿਕ ਵਿਕਾਸ ਵਾਸਤੇ ਵਿੱਦਿਆ ਲਈ ਪੰਜਾਬੀ ਬੋਲੀ ਨੂੰ ਅਪਨਾਇਆ ਤੇ ਗੁਰਮੁਖੀ ਲਿਪੀ ਨੂੰ ਮਾਂਜਿਆ ਸੰਵਾਰਿਆ, ਵਰਤੋਂ ਵਿਚ ਲਿਆਂਦਾ। ਪੜ੍ਹਾਈ ਦੇ ਨਾਲ ਕੁਸ਼ਤੀਆਂ ਤੇ ਖੇਡਾਂ ਦਾ ਸੁਮੇਲ ਕੀਤਾ। ਖਡੂਰ ਸਾਹਿਬ ਵਿਚ ਸਿੱਖੀ ਜੀਵਨ ਜਾਚ ਨੂੰ ਪ੍ਰਫੁੱਲਤ ਕੀਤਾ। ਆਪਣੀਆਂ ਕੁਦਰਤੀ ਲੋੜਾਂ ਦੀ ਪੂਰਤੀ ਕਰਦਿਆਂ ਸਹਿਜ ਜੀਵਨ ਜੀਉਣ ਦੀ ਜਾਚ ਦੱਸੀ।
ਗੁਰੂ ਅਮਰਦਾਸ ਨੇ ਧਰਮਸਾਲ-ਸੰਗਤ-ਪੰਗਤ-ਲੰਗਰ ਦੀ ਸੰਸਥਾ ਨੂੰ ਮਜ਼ਬੂਤ ਕਰਨ ਦੇ ਨਾਲ ਨਾਲ ਪਾਪਾਂ ਤੋਂ ਨਵਿਰਤੀ ਪਾਉਣ ਲਈ ਗੰਗਾ ਇਸ਼ਨਾਨ ਦੀ ਪ੍ਰਚਲਿਤ ਕਰਮਕਾਂਡੀ ਧਾਰਨਾ ਦਾ ਖੰਡਨ ਕਰਨ ਵਾਸਤੇ ਕਥਿਤ ਨੀਵੀਂਆਂ ਜਾਤਾਂ ਸਮੇਤ ਸਾਰਿਆਂ ਦੇ ਸਾਂਝੇ ਇਸ਼ਨਾਨ ਲਈ ਗੋਇੰਦਵਾਲ ਵਿਖੇ ਬਾਉਲੀ ਬਣਵਾਈ ਅਤੇ ਸੰਗਤ ਵਿਚ ਬੈਠਣ ਤੋਂ ਪਹਿਲਾਂ ਇਕੋ ਪੰਗਤ ਵਿਚ ਬੈਠ ਕੇ ਲੰਗਰ ਛਕਣ ਨੂੰ ਜ਼ਰੂਰੀ ਕਰਾਰ ਦਿੱਤਾ। ਇਹ ਵੇਲੇ ਦੇ ਸਮਾਜ ਵਿਚ ਪੱਸਰੀ ਜਾਤਪਾਤ ਨੂੰ ਤੋੜਨ ਲਈ ਠੋਸ ਅਮਲ ਵਿਚ ਲਿਆਂਦਾ ਗਿਆ ਇਕ ਇਨਕਲਾਬੀ ਕਦਮ ਸੀ।
ਫੈਲ ਰਹੀ ਸਿੱਖੀ ਨੂੰ ਇਕ ਧੁਰੇ ਦੁਆਲੇ ਕੇਂਦਰਿਤ ਕਰਨ ਲਈ ਗੁਰੂ ਰਾਮਦਾਸ ਨੇ ‘ਹਰਿਮੰਦਰ’ ਦੀ ਸਿਰਜਣਾ ਕੀਤੀ ਅਤੇ ਅੰਮ੍ਰਿਤਸਰ ਨੂੰ ਇਕ ਨਗਰ ਦੇ ਰੂਪ ਵਿਚ ਵਸਾਇਆ। ਗੁਰੂ ਅਰਜਨ ਦੇਵ ਨੇ ਸਾਰੇ ਸਿੱਖੀ ਸਿਧਾਂਤ ਨੂੰ ਇਕ ਥਾਂ ਇਕੱਠਾ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਤੇ ਇਸ ਨੂੰ ਹਰਿਮੰਦਰ ਸਾਹਿਬ ਵਿਚ ਸਥਾਪਤ ਕਰਕੇ ਸਿੱਖਾਂ ਦੀ ਇਸ ਰੁਹਾਨੀ ਸੰਸਥਾ ਨੂੰ ਪੂਰਨਤਾ ਬਖਸ਼ੀ। ਜਦੋਂ ਇਹ ਰੁਹਾਨੀ ਇਨਕਲਾਬ ਵੇਲੇ ਦੀ ਸਥਾਪਤੀ- ਬ੍ਰਾਹਮਣੀ ਸਮਾਜੀ ਸੰਸਥਾ ਭਾਵ ਮੂਰਤੀਪੂਜ ਸੋਚ ਅਤੇ ਰਾਜਸੀ ਸੰਸਥਾ ਭਾਵ ਮੁਗਲ ਰਾਜ-ਨਾਲ ਟਕਰਾਇਆ ਅਤੇ ਵੇਲੇ ਦੀ ਹਕੂਮਤ ਨੂੰ ਵੰਗਾਰਨ ਲੱਗਾ ਤਾਂ ਇਸ ਅਕਾਲੀ ਸੱਚ ਨੂੰ ਸਥਾਪਤ ਕਰਨ ਲਈ ਗੁਰੂ ਅਰਜਨ ਦੇਵ ਨੇ ਸ਼ਹੀਦੀ ਦਿੱਤੀ। ਮਿਥ ਕੇ ਅਕਾਲੀ ਸੱਚ ਦੀ ਰਾਖੀ ਕਰਨ ਦਾ ਇਹ ਪਹਿਲਾ ਦ੍ਰਿੜ੍ਹ ਪ੍ਰਗਟਾਵਾ ਸੀ। ਇਸ ਮਹਾਨ ਸ਼ਹੀਦੀ ਤੋਂ ਸਬਕ ਸਿੱਖ ਕੇ ਇਨ੍ਹਾਂ ਸੰਸਥਾਵਾਂ ਦੀ ਰਾਖੀ ਲਈ ਹਥਿਆਰਬੰਦ ਹੋਣ, ਸਿੱਖਾਂ ਨੂੰ ਕੂੜੀ ਰਾਜਨੀਤੀ ਦਾ ਮੁਕਾਬਲਾ ਕਰਨ ਤੇ ਧਰਮੀ ਰਾਜਨੀਤੀ ਤਹਿਤ ਜਥੇਬੰਦ ਹੋਣ ਲਈ, ਹਰਿਮੰਦਰ ਸਾਹਿਬ ਦੇ ਸਨਮੁਖ ਗੁਰੂ ਹਰਗੋਬਿੰਦ ਰਾਏ ਨੇ ਮੀਰੀ ਪੀਰੀ ਦੇ ਸੰਕਲਪ ਨੂੰ ਅਮਲੀ ਰੂਪ ਦੇਣ ਲਈ ਅਕਾਲ ਤਖਤ (ਤਖਤ ਸ੍ਰੀ ਅਕਾਲ ਬੁੰਗਾ) ਦੀ ਸਿਰਜਣਾ ਕੀਤੀ। ਅਕਾਲੀ ਪਾਤਸ਼ਾਹੀ ਦਾ ਸੰਕਲਪ ਭਾਵੇਂ ਗੁਰੂ ਨਾਨਕ ਨੇ ਹੀ ਸਪੱਸ਼ਟ ਕਰ ਦਿੱਤਾ ਸੀ ਪਰ ਇਸ ਨੂੰ ਠੋਸ ਰੂਪ ਗੁਰੂ ਹਰਿਗੋਬਿੰਦ ਰਾਏ ਨੇ ਗੁਰੂ ਅਰਜਨ ਦੇਵ ਦੀ ਸ਼ਹਾਦਤ ਤੋਂ ਬਾਅਦ ਦਿੱਤਾ। ਇਸ ਤਰ੍ਹਾਂ ਪੰਜ ਗੁਰੂ ਸਾਹਿਬਾਨ ਦੇ ਰੁਹਾਨੀ ਇਨਕਲਾਬ ਤੇ ਇਸ ਦੀ ਸਿਖਰ ‘ਤੇ ਗੁਰੂ ਅਰਜਨ ਦੇਵ ਦੀ ਸ਼ਹੀਦੀ ਦੇ ਫਲਸਰੂਪ ਅਕਾਲ ਤਖਤ ਹੋਂਦ ਵਿਚ ਆਇਆ। ਇਹ ਲਗਭਗ ਇਕ ਸਦੀ ਦੇ ਵਿਚਾਰਧਾਰਕ ਅਤੇ ਰੁਹਾਨੀ ਇਨਕਲਾਬ ਦਾ ਸਿੱਟਾ ਸੀ।
ਗੁਰੂ ਨਾਨਕ ਦਾ ਰੁਹਾਨੀ ਇਨਕਲਾਬ, ਸਿੱਖ ਇਨਕਲਾਬ ਦੇ ਰੂਪ ਵਿਚ ਵੇਲੇ ਦੀ ਕਰਮਕਾਂਡੀ ਵਿਚਾਰਧਾਰਾ ਤੇ ਹਕੂਮਤੀ ਸਥਾਪਤੀ (ਰਾਜਨੀਤੀ) ਨਾਲ ਲਗਾਤਾਰ ਟਕਰਾਉਂਦਾ ਜਦੋਂ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਤੱਕ ਪਹੁੰਚਿਆ ਤਾਂ ਅਕਾਲ ਤਖਤ ਜਾਂ ਸੱਚੀ ਪਾਤਸ਼ਾਹੀ ਦੇ ਸਿਧਾਂਤ ਦੀ ਰਾਖੀ ਲਈ ਸਿੱਖ ਇਨਕਲਾਬ ਨੂੰ ਮੁਕੰਮਲ ਕਰਨ ਵਾਸਤੇ ਅਕਾਲ ਪੁਰਖ ਦੀ ਫੌਜ ਦੇ ਰੂਪ ਵਿਚ ਇਕ ਜਥੇਬੰਦੀ ਵਜੋਂ ਖਾਲਸਾ ਪੰਥ ਦੀ ਸਿਰਜਣਾ ਕੀਤੀ ਗਈ, ਜਿਸ ਦੀ ਅਗਵਾਈ ਲਈ ਧਰਮ ਹੇਤ ਸੀਸ ਦੇਣ ਭਾਵ ਸਮੂਹਿਕ ਹਿਤਾਂ ਵਾਸਤੇ ਆਪਣੀ ਆਖਰੀ ਮਲਕੀਅਤ ਸਰੀਰ ਤੱਕ ਵਾਰ ਦੇਣ ਦੀ ਸ਼ਰਤ ‘ਤੇ ਪੰਜ ਪਿਆਰਿਆਂ ਦੀ ਪੰਚ ਪ੍ਰਧਾਨੀ ਸੰਸਥਾ ਹੋਂਦ ਵਿਚ ਆਈ, ਜਿਸ ਦੀ ਸਿਖਰ ਇਹ ਸੀ ਕਿ ਗੁਰੂ ਸਾਹਿਬ ਨੇ ਆਪਣੇ-ਆਪ ਨੂੰ ਇਨ੍ਹਾਂ ਪੰਜਾਂ ਪਿਆਰਿਆਂ ਦੇ ਸਨਮੁੱਖ ਕਰਕੇ ਤੇ ਇਨ੍ਹਾਂ ਕੋਲੋਂ ਅੰਮ੍ਰਿਤ ਛਕ ਕੇ, ਸਾਰੀ ਗੁਰੂ ਸੰਸਥਾ ਇਸ ਪੰਚ ਪ੍ਰਧਾਨੀ ਦੀ ਅਗਵਾਈ ਵਿਚ ਸੌਂਪ ਦਿੱਤੀ। ਇਸ ਤਰ੍ਹਾਂ ਖਾਲਸਾ ਪੰਥ ਦੀ ਰੁਹਾਨੀ ਅਗਵਾਈ ਗੁਰੂ ਗ੍ਰੰਥ ਸਾਹਿਬ ਅਤੇ ਰਾਜਸੀ ਅਗਵਾਈ ਪੰਚ ਪ੍ਰਧਾਨੀ ਦੇ ਰੂਪ ਵਿਚ ਪੰਜ ਪਿਆਰਿਆਂ ਦੇ ਹੱਥ ਦੇ ਕੇ, ਇਕ ਅਸਲੋਂ ਹੀ ਨਿਵੇਕਲੇ ਇਨਕਲਾਬ ਦੀ ਸਾਣ ‘ਤੇ ਲਾ ਕੇ ਨਵੇਂ ਮਨੁੱਖ ਦੀ ਸਿਰਜਣਾ ਕੀਤੀ ਗਈ, ਜਿਸ ਦਾ ਨਿਸ਼ਾਨਾ ਸੀ-ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ। ਸਦਾ ਥਿਰ ਰਹਿਣ ਵਾਲੇ ਇਕ ਅਕਾਲ-ਪੁਰਖ ਭਾਵ ਕਾਲ ਰਹਿਤ ਕਰਤਾ, ਜਿਸ ਦੀ ਸ਼ਨਾਖਤ ਕੁਦਰਤ ਵਿਚੋਂ ਹੁੰਦੀ ਹੈ, ਤੋਂ ਬਿਨਾਂ ਕਿਸੇ ਦੇਵੀ-ਦੇਵਤੇ ਜਾਂ ਵਿਅਕਤੀ ਵਿਸ਼ੇਸ਼ ਦੀ ਪੂਜਾ ਨਹੀਂ ਕਰਨੀ, ਸਦਾ ਨਵੇਂ ਹੁੰਦੇ ਰਹਿਣ ਵਾਲੇ ਅਨੁਭਵੀ ਗਿਆਨ ਰੂਪੀ ਸ਼ਬਦ ਦਾ ਪ੍ਰਚਾਰ ਕਰਨਾ ਅਤੇ ਸਮੂਹ ਦੇ ਰੂਪ ਵਿਚ ਪੰਥ ਦੇ ਸੱਦੇ ‘ਤੇ ਫੁੱਲ ਚੜ੍ਹਾਉਣ ਲਈ ਹਮੇਸ਼ਾ ਤਿਆਰ ਰਹਿਣਾ।
ਗੁਰਬਾਣੀ ਦੇ ਭਾਵਅਰਥ ਬੜੇ ਸਪੱਸ਼ਟ ਹਨ ਅਤੇ ਅੱਜ ਦੀਆਂ ਸਮਾਜੀ-ਰਾਜਸੀ ਹਾਲਤਾਂ ਉਤੇ ਪੂਰੀ ਤਰ੍ਹਾਂ ਢੁੱਕਦੇ ਹਨ। ਗੁਰਮਤਿ ਕਿਤੇ ਕੋਈ ਭੁਲੇਖਾ ਨਹੀਂ ਰਹਿਣ ਦਿੰਦੀ। ਗੁਰਮਤਿ ਗਿਆਨ ਝਰਨੇ ਵਾਂਗ ਫੁਟਣ ਲੱਗਦਾ ਹੈ। ਬਸ਼ਰਤੇ ਕਿ ਅਸੀਂ ਉਸ ਗਿਆਨ ਨੂੰ ਪਚਾਉਣ (ਭੁੰਚਣ) ਲਈ ਤਿਆਰ ਹੋਈਏ। ਇੱਥੇ ਖਾਸ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਸਿੱਖ ਧਰਮ ਬਾਕੀ ਧਰਮਾਂ ਵਾਂਗ ਇਕ ਹੋਰ ਧਰਮ ਨਹੀਂ ਹੈ। ਸਿੱਖ ਧਰਮ ਮਨੁੱਖੀ ਰੁਹਾਨੀਅਤ ਦੀ ਸਿਖਰ ਹੈ। ਰੁਹਾਨੀਅਤ ਰਹੱਸ ਜਾਂ ਨਾ ਸਮਝ ਆਉਣ ਵਾਲਾ ਕੋਈ ਗੁਪਤ ਵਰਤਾਰਾ ਨਹੀਂ, ਸਗੋਂ ਮਨੁੱਖ ਦੇ ਕੁਦਰਤ ਨਾਲ ਸਿੱਧੇ ਰਿਸ਼ਤੇ ਦਾ ਅਨੁਭਵੀ ਅਹਿਸਾਸ ਹੈ। ਭਾਵ ਹੁਕਮ ਨੂੰ ਮਨ ਵਿਚ ਵਸਾਉਣ ਦੀ ਜੁਗਤ। ਗੁਰੂ ਸਾਹਿਬਾਨ ਨੇ ਆਪਣੇ ਤੋਂ ਪਹਿਲੇ ਸਾਰੇ ਧਰਮਾਂ ਦੀ ਕੁਦਰਤ ਤੇ ਮਨੁੱਖ ਦੇ ਸਿੱਧੇ ਰਿਸ਼ਤੇ ਦੇ ਪ੍ਰਸੰਗ ਵਿਚ ਪੜਚੋਲ ਕੀਤੀ ਹੈ। ਉਨ੍ਹਾਂ ਨੇ ਬ੍ਰਾਹਮਣਵਾਦੀ ਭਰਮਜਾਲ ਅਤੇ ਕਰਮਕਾਂਡ ਨੂੰ ਛੱਡ ਕੇ ਬਾਕੀ ਦੇ ਹਿੰਦੂ ਫ਼ਲਸਫ਼ੇ ਵਿਚਲੇ ਗਿਆਨ ਨੂੰ ਹੀ ਆਤਮਸਾਤ ਨਹੀਂ ਕੀਤਾ, ਸਗੋਂ ਸਾਰੇ ਧਰਮਾਂ ਦੇ ਫ਼ਲਸਫ਼ਿਆਂ ਨੂੰ ਆਪਣੇ ਅਨੁਭਵੀ ਮਨ ਵਿਚ ਸਮੇਟਿਆ ਹੈ। ‘ਹੁਕਮ ਰਜਾਈ ਚਲਣਾ’ ਅਤੇ ‘ਮਨਿ ਜੀਤੈ ਜਗੁ ਜੀਤੁ’ ਫਲਸਫੇ ਦੇ ਮੂਲ ਸੂਤਰ ਹਨ, ਜਿਹੜੇ ਇਕ ਮੁਕੰਮਲ ਮਨੁੱਖੀ ਜੀਵਨ ਜਾਚ ਨੂੰ ਪ੍ਰਗਟ ਕਰਦੇ ਹਨ।
ਗੁਰੂ ਸਾਹਿਬ ਨੇ ਬ੍ਰਾਹਮਣੀ ਮਤਿ ਦੇ ਸਾਰੇ ਅਵਤਾਰਾਂ ਦੇ ਕਲਪਿਤ ਮਿੱਥ ਭੰਨੇ ਤੇ ਉਨ੍ਹਾਂ ਸਾਰਿਆਂ ਨੂੰ ਕੁਦਰਤ ਰੂਪੀ ਕਰਤਾ ਦੀ ਸਿਰਜਣਾ ਦੇ ਰੂਪ ਵਿਚ ਪੇਸ਼ ਕੀਤਾ ਹੈ। ਬ੍ਰਹਮਾ, ਵਿਸ਼ਨੂੰ, ਮਹੇਸ਼, ਗਣੇਸ਼, ਰਾਮ, ਕ੍ਰਿਸ਼ਨ ਨੂੰ ਉਸ ਕਰਤਾ ਦੀ ਕਿਰਤ ਵਜੋਂ ਬਿਆਨਿਆ ਹੈ। ਗੁਰੂ ਨਾਨਕ ਸਾਹਿਬ ਨੇ ਕੁਦਰਤ ਅਤੇ ਮਨੁੱਖੀ ਰਿਸ਼ਤਿਆਂ ਬਾਰੇ ਪ੍ਰਾਪਤ ਕੀਤੇ ਨਵੇਂ ਆਤਮ-ਗਿਆਨ ਦੇ ਆਧਾਰ ਉਤੇ ਮਨੁੱਖੀ ਜੀਵਨ ਨੂੰ ਨਵੇਂ ਸਿਰਿਓਂ ਵਿਉਂਤਣ ਦੀ ਜਾਚ ਦੱਸੀ ਹੈ। ਇਕ ਨਵੀਂ ਮਨੁੱਖੀ ਜੀਵਨ ਜੁਗਤ ਦਿੱਤੀ ਹੈ। ਗੁਰੂ ਗੋਬਿੰਦ ਸਿੰਘ ਨੇ ਨਵੇਂ ਯੁਗ ਦੇ ਪੂਰਨ ਮਨੁੱਖ ਵਜੋਂ ਖਾਲਸੇ ਦੀ ਸਿਰਜਣਾ ਕੀਤੀ ਹੈ। ਖਾਲਸਾ ਪੰਥ ਇਨ੍ਹਾਂ ਪੂਰਨ ਮਨੁੱਖਾਂ ਦਾ ਜਥੇਬੰਦਕ ਸਮਾਜੀ ਰੂਪ ਹੈ।
ਸੰਖੇਪ ਵਿਚ ਗੁਰਮਤਿ ਫਲਸਫੇ ਦਾ ਸੱਚ ਇਹ ਹੈ ਕਿ ਕੁਦਰਤ ਦੇ ਅਟੱਲ ਨਿਯਮ ਬੰਦੇ ਦੀ ਮਰਜ਼ੀ ਤੋਂ ਬਿਲਕੁਲ ਆਜ਼ਾਦ ਆਪਣੇ ਹੀ ਢੰਗ ਨਾਲ ਹਰਕਤ ਕਰਦੇ ਹਨ ਅਤੇ ਕੁਦਰਤ ਦੇ ਇਨ੍ਹਾਂ ਨਿਯਮਾਂ ਅਨੁਸਾਰ ਜ਼ਿੰਦਗੀ ਜਿਉਣੀ ਮਨੁੱਖ ਦਾ ਧਰਮ ਹੈ। ਗੁਰੂ ਸਾਹਿਬ ਨੇ ਆਪਣੇ ਸਮੇਂ ਤੱਕ ਮਨੁੱਖੀ ਮਨਾਂ ਵਿਚ ਰੱਬ ਬਾਰੇ ਬਣੇ ਸਾਰੇ ਕਲਪਿਤ ਸੰਕਲਪਾਂ ਨੂੰ ਰੱਦ ਕਰਕੇ ਇਸ ਬ੍ਰਹਿਮੰਡੀ ਕੁਦਰਤ ਦੇ ਕਣ-ਕਣ ਵਿਚ ਰਮੇ ਹੋਏ ‘ਰੱਬ’, ਜੋ ਸਾਰੇ ਮਨੁੱਖਾਂ ਦੇ ਮਨਾਂ ਵਿਚ ਵਸਦਾ ਹੈ, ਭਾਵ ਏਕੋ (ੴ ) ਅਕਾਲ ਪੁਰਖ ਜਾਂ ਕਰਤਾ ਪੁਰਖ-ਦਾ ਸੰਕਲਪ ਸਿਰਜਿਆ, ਜਿਸ ਦਾ ਅਨੁਭਵੀ ਅਹਿਸਾਸ ਮਨੁੱਖ ਆਪਣੇ ਅੰਦਰੋਂ ਹੀ ਆਪਣੇ ਮਨ ਵਿਚ ਕਰ ਸਕਦਾ ਹੈ। ਸਬਦੁ ਗੁਰੂ ਦੇ ਭੇਤੀ ਅਤੇ ਅਗਿਆਨ ਦੇ ਹਨੇਰੇ ਨੂੰ ਮਿਟਾ ਕੇ ਗਿਆਨ ਦੀ ਰੋਸ਼ਨੀ ਵੰਡਣ ਵਾਲੇ ਕਿਸੇ ਵੀ ਗੁਰੂ ਜਾਂ ਗੁਰਮੁਖ ਦੀ ਮਿਹਰ ਨਾਲ ਇਸ ਰੱਬ ਦਾ ਅਨੁਭਵ ਕੀਤਾ ਜਾ ਸਕਦਾ ਹੈ।
ਗੁਰੂ ਨਾਨਕ ਸਾਹਿਬ ਨੇ ਇਕ ਅਸਲੋਂ ਹੀ ਨਵੀਂ ਜੀਵਨ ਜੁਗਤ ਦਿੱਤੀ ਹੈ, ਜਿਸ ਦਾ ਆਧਾਰ ਅਨੁਭਵੀ ਤੇ ਸਦਜਾਗਤ ਮਨ ਹੈ। ਇਹ ਨਵੀਂ ਜੀਵਨ ਜੁਗਤ ਇਕ ਮੁਕੰਮਲ ਮਨੁੱਖੀ ਜੀਵਨ ਜਾਚ ਹੈ। ਖਾਲਸਾ ਨਵੇਂ ਜੁਗ ਦਾ ਪੂਰਨ ਮਨੁੱਖ ਹੈ। ਆਪਣੇ ਅਨੁਭਵਾਂ ‘ਚੋਂ ਪ੍ਰਗਟ ਕੀਤੇ ਇਸ ਫ਼ਲਸਫ਼ੇ ਅਨੁਸਾਰ ਗੁਰੂ ਸਾਹਿਬਾਨ ਕੁਦਰਤੀ ਨੇਮਾਂ ਦੇ ਉਲਟ ਭੁਗਤ ਰਹੇ ਸਾਰੇ ਰਾਜਨੀਤਕ, ਸਮਾਜਕ ਅਤੇ ਧਾਰਮਕ ਅਦਾਰਿਆਂ ਅਤੇ ਧਰਮ ਦੇ ਨਾਂ ਉਤੇ ਠੋਸੀਆਂ ਹੋਈਆਂ ਕਦਰਾਂ-ਕੀਮਤਾਂ ਦਾ ਬੜੀ ਦ੍ਰਿੜ੍ਹਤਾ ਨਾਲ ਖੰਡਨ ਕਰਦੇ ਹਨ। ਬਾਣੀ ਦੇ ਇਸ ਸੱਚ ਨੇ ਲੋਕ ਮਨਾਂ ‘ਚੋਂ ਰਾਜਸੱਤਾ ਦਾ ਡਰ ਹਮੇਸ਼ਾ ਲਈ ਚੁੱਕ ਦਿੱਤਾ ਅਤੇ ਉਹ ਬਾਣੀ ਪੜ੍ਹਦੇ ਹੋਏ ਜਾਬਰ ਹਕੂਮਤਾਂ ਦਾ ਮੁਕਾਬਲਾ ਕਰਨ ਲਈ ਆਪਾ ਵਾਰਨ ਤੱਕ ਤਿਆਰ ਹੋ ਗਏ। ਗੁਰੂ ਨਾਨਕ ਫ਼ਲਸਫ਼ਾ ਉਹ ਬੀਜ ਰੂਪ ਹੈ, ਜਿਸ ਨੇ ਸਿੱਖ ਇਨਕਲਾਬ ਨੂੰ ਜਨਮ ਦਿਤਾ, ਜਿਸ ਉਤੇ ਬੇਮਿਸਾਲ ਮਨੁੱਖੀ ਕੁਰਬਾਨੀਆਂ ਦਾ ਬੁਰਜ ਉਸਰਿਆ।
ਸਦਾਚਾਰਕ ਤੌਰ ‘ਤੇ ਸੰਕਲਪਿਆਂ ਕੋਈ ਵੀ ਨਵਾਂ ਮਨੁੱਖੀ ਸਮਾਜ ਰਾਜਸੀ ਤਾਕਤ ਤੋਂ ਬਗੈਰ ਕਾਇਮ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ ਰਾਜਸੀ ਤਾਕਤ ਬਿਨਾ ਕਾਇਮ ਰਹਿ ਸਕਦਾ ਹੈ। ਇਸੇ ਲਈ ਖਾਲਸਾ ਪੰਥ ਹੁਣ ਤੱਕ ਖਾਲਸਾ ਰਾਜ ਲਈ ਜਦੋਜਹਿਦ ਕਰਦਾ ਆਇਆ ਹੈ, ਜਿਸ ਨੂੰ ਸਿੱਖ ਪੰਥ ਆਪਣੇ ਮੁੱਢ ਤੋਂ ਲੈ ਕੇ ਹੁਣ ਤੱਕ ਆਪਣੀ ਅਰਦਾਸ ਦੇ ਅਖੀਰ ਉਤੇ ਦੋਹਿਰਾ ‘ਰਾਜ ਕਰੇਗਾ ਖਾਲਸਾ ਆਕੀ ਰਹੈ ਨਾ ਕੋਇ’ ਪੜ੍ਹ ਕੇ ਦੁਹਰਾਉਂਦਾ ਹੈ। ਇਸ ਨਵੇਂ ਸਮਾਜ ਦੀ ਸਥਾਪਤੀ ਲਈ ਖਾਲਸਾ ਰਾਜ ਦੀ ਲੋੜ ਹੈ, ਜਿਸ ਨੂੰ ਅੱਜ ਦੇ ਪ੍ਰਸੰਗ ਵਿਚ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੇ ਖ਼ਾਲਿਸਤਾਨ ਦਾ ਨਾਂ ਦਿੱਤਾ ਹੈ। ਮੂਰਤੀਪੂਜ-ਮਾਇਆਪੂਜ ਸਾਮਰਾਜੀ ਸਰਕਾਰਾਂ ਵੱਲੋਂ ਲੋਕਾਂ ਦੇ ਮਨਾਂ ਵਿਚ ਨਿਰੋਲ ਉਚ ਜਾਤੀ ਧਨਾਢ ਸਿੱਖਾਂ ਦੇ ਰਾਜ ਵਜੋਂ ‘ਖ਼ਾਲਿਸਤਾਨ’ ਸ਼ਬਦ ਦੇ ਬਣਾ ਦਿੱਤੇ ਗਏ ਹਊਏ ਨੂੰ ਖਤਮ ਕਰਨ ਲਈ, ‘ਰਾਜ ਕਰੇਗਾ ਖਾਲਸਾ ਆਕੀ ਰਹੈ ਨਾ ਕੋਇ’ ਦੇ ਸੰਕਲਪ ਨੂੰ ਲਗਾਤਾਰ ਸਪੱਸ਼ਟ ਕਰਨ ਦੀ ਲੋੜ ਹੈ। ਗੁਰੂ ਗ੍ਰੰਥ ਸਾਹਿਬ ਵਿਚ ‘ਹਲੇਮੀ ਰਾਜ’ ਅਤੇ ‘ਬੇਗਮਪੁਰਾ ਸਮਾਜ’ ਦੇ ਰੂਪ ਵਿਚ ਇਸ ਸੰਕਲਪ ਦੇ ਕੁਝ ਪੱਖ ਪਹਿਲਾਂ ਹੀ ਸਪੱਸ਼ਟ ਕੀਤੇ ਹੋਏ ਹਨ।
ਇਸ ਸਾਰੀ ਚਰਚਾ ਦਾ ਮੰਤਵ ਇਹ ਸਪੱਸ਼ਟ ਕਰਨਾ ਹੈ ਕਿ ਜਿਸ ਪੱਛਮੀ ਗਿਆਨ ਦੀ ਅਸੀਂ ਗੁਲਾਮੀ ਕਬੂਲੀ ਹੋਈ ਹੈ, ਉਹ ਗਿਆਨ ਅਧੂਰਾ ਹੈ। ਅਜੇ ਤੱਕ ਪੱਛਮ ਵਿਚ ਇਹ ਚਰਚਾ ਚੱਲ ਰਹੀ ਹੈ ਕਿ ਇਹ ਸ੍ਰਿਸ਼ਟੀ ਜਾਂ ਕੁਦਰਤ ਕਿਸੇ ਕਲਪਿਤ ਰੱਬ ਦੀ ਰਚਨਾ ਹੈ ਜਾਂ ਇਸ ਦੀ ਹੋਂਦ ਸਦਾ ਤੋਂ ਹੀ ਇਵੇਂ ਚਲੀ ਆ ਰਹੀ ਹੈ। ਅਜੇ ਤੱਕ ਪੱਛਮੀ ਮਨੁੱਖ ਇਸ ਬਾਰੇ ਦੁਬਿਧਾ ਵਿਚ ਹੈ ਅਤੇ ਇਸ ਅਧੂਰੇ ਗਿਆਨ ਕਾਰਨ ਹੀ ਪੱਛਮੀ ਮਨੁੱਖ ਆਤਮ-ਗਿਆਨ ਅਤੇ ਆਪਣੇ ਅਨੁਭਵੀ ਮਨ ਦੇ ਰਿਸ਼ਤੇ ਦੀ ਥਾਹ ਨਹੀਂ ਪਾ ਸਕਿਆ। ਇਸੇ ਕਰਕੇ ਉਹ ਮਨੁੱਖੀ ਸਮਾਜ ਨੂੰ ਨਵੇਂ ਸਿਰਿਓਂ ਜਥੇਬੰਦ ਕਰਨ ਵਿਚ ਅਸਫਲ ਰਿਹਾ ਹੈ। ਅੰਤਹੀਣ ਲਾਲਚ, ਅਤਿ ਦੀ ਭੋਗੀ ਲਾਲਸਾ, ਸਿਰਵੱਢ ਮੁਕਾਬਲੇ ਅਤੇ ਘੋਰ ਅਰਾਜਕਤਾ ਦੇ ਸ਼ਿਕਾਰ ਸਾਮਰਾਜੀ ਪੈਦਾਵਾਰੀ ਪ੍ਰਬੰਧ ਨੇ ਮਨੁੱਖ ਜਾਤੀ ਨੂੰ ਅੱਜ ਤਬਾਹੀ ਵੱਲ ਧੱਕ ਦਿੱਤਾ ਹੈ। ਸਿੱਖੀ ਦੇ ਪ੍ਰਚਾਰ-ਪ੍ਰਸਾਰ ਨੂੰ ਅੱਜ ਦੇ ਪ੍ਰਸੰਗ ਵਿਚ ਇਸੇ ਆਧਾਰ ਉਤੇ ਹੀ ਨਵੀਂ ਦਿਸ਼ਾ ਦਿੱਤੀ ਜਾ ਸਕਦੀ ਹੈ ਅਤੇ ਇਸ ਦੀਆਂ ਸੰਭਾਵਨਾਵਾਂ ਬਹੁਤ ਰੋਸ਼ਨ ਹਨ ਕਿਉਂਕਿ ਘੋਰ ਸੰਕਟਗ੍ਰਸਤ ਸਮੁੱਚਾ ਸੰਸਾਰ ਅੱਜ ਨਵੀਂ ਦਿਸ਼ਾ ਦੀ ਭਾਲ ਵਿਚ ਹੈ।
ਇੱਥੇ ਇਕ ਗੱਲ ਖਾਸ ਧਿਆਨ ਦੇਣ ਵਾਲੀ ਹੈ ਕਿ ਪੱਛਮੀ ਸਾਮਰਾਜੀਆਂ ਦਾ ਨਿਘਾਰ ਅਰਥਚਾਰੇ ਤੱਕ ਸੀਮਤ ਨਹੀਂ ਰਹਿ ਗਿਆ, ਇਹ ਇਨ੍ਹਾਂ ਦੀਆਂ ਜੜ੍ਹਾਂ ਤੱਕ ਪਹੁੰਚ ਰਿਹਾ ਹੈ। ਇਹ ਉਥੋਂ ਤੱਕ ਮਾਰ ਕਰ ਰਿਹਾ ਹੈ, ਜਿੱਥੋਂ ਪੱਛਮੀ ਸਾਮਰਾਜੀਆਂ ਦੀ ਜੜ੍ਹ ਲੱਗੀ ਸੀ। ਇਹ ਜੜ੍ਹ 18ਵੀਂ ਸਦੀ ਦੇ ਐਨ ਮੁੱਢ 1707 ਈæ ਵਿਚ ਯੂਰਪ ਦੇ ਦੋ ਲਗਾਤਾਰ ਆਪਸ ਵਿਚ ਲੜਦੇ ਰਹਿਣ ਵਾਲੇ ਗੁਆਂਢੀ ਮੁਲਕਾਂ ਸਕਾਟਲੈਂਡ ਅਤੇ ਇੰਗਲੈਂਡ ਦੇ ਇਕੱਠੇ ਹੋ ਕੇ ਇਕ ਮੁਲਕ ਬਣਨ ਵਜੋਂ ਲੱਗੀ ਸੀ। ਨਵੇਂ ਉਭਰ ਰਹੇ ਦੋ ਪੂੰਜੀਵਾਦੀ ਦੇਸਾਂ ਨੇ ਇਕ ਸੰਧੀ ਰਾਹੀਂ ਇਕੱਠੇ ਹੋ ਕੇ ਆਪਣੇ ਰਾਜਸੀ ਪ੍ਰਭਾਵ ਨੂੰ ਵਧਾਉਣ ਦਾ ਯਤਨ ਸ਼ੁਰੂ ਕੀਤਾ। ਇਸ ਇਕੱਠੇ ਹੋਏ ਮੁਲਕ ਨੂੰ ਯੂਨਾਈਟਿਡ ਕਿੰਗਡਮ ਜਾਂ ਗ੍ਰੇਟ ਬ੍ਰਿਟੇਨ ਦਾ ਨਾਂ ਦਿੱਤਾ ਗਿਆ। ਇਹੀ ਗ੍ਰੇਟ ਬ੍ਰਿਟੇਨ ਹੈ, ਜਿਸ ਬਾਰੇ ਕਦੇ ਸਮਝਿਆ ਜਾਂਦਾ ਸੀ ਕਿ ਉਸ ਦੇ ਰਾਜ ਵਿਚ ਸੂਰਜ ਨਹੀਂ ਡੁੱਬਦਾ ਭਾਵ ਉਸ ਦਾ ਸਾਮਰਾਜ ਧਰਤੀ ਦੇ ਐਨੇ ਵੱਡੇ ਹਿੱਸੇ ਉਤੇ ਫੈਲਿਆ ਹੋਇਆ ਸੀ ਕਿ ਜੇ ਕਿਸੇ ਥਾਂ ਸੂਰਜ ਡੁੱਬ ਰਿਹਾ ਹੁੰਦਾ ਸੀ ਤਾਂ ਕਿਸੇ ਦੂਜੀ ਥਾਂ ਸੂਰਜ ਚੜ੍ਹ ਰਿਹਾ ਹੁੰਦਾ ਸੀ। ਦੋ ਸੰਸਾਰ ਜੰਗਾਂ ਤੋਂ ਬਾਅਦ ਇਸ ਸਾਮਰਾਜ ਦਾ ਅੰਤ ਹੋ ਗਿਆ ਅਤੇ ਇਸ ਦੇ ਵਿਸਥਾਰ ਵਜੋਂ ਅਮਰੀਕੀ ਸਾਮਰਾਜ ਪ੍ਰਗਟ ਹੋਇਆ। ਅੱਜ ਅਮਰੀਕੀ ਸਾਮਰਾਜ ਆਪਣੀ ਸਿਖਰ ਹੰਢਾ ਕੇ ਅੰਤ ਵੱਲ ਵਧ ਰਿਹਾ ਹੈ ਅਤੇ ਮਨੁੱਖ-ਘਾਤੀ ਲੱਛਣਾਂ ਕਾਰਨ ਇਹ ਲਗਾਤਾਰ ਨਿਘਾਰ ‘ਚ ਜਾ ਰਿਹਾ ਸਾਮਰਾਜ ਅੱਜ ਪੱਛਮੀ ਸਾਮਰਾਜ ਨੂੰ ਵੀ ਆਪਣੇ ਨਾਲ ਲੈ ਕੇ ਹੀ ਡੁੱਬ ਰਿਹਾ ਹੈ।
ਇਸ ਸੰਕਟ ਦਾ ਪ੍ਰਗਟਾਵਾ 1707 ਈæ ਵਿਚ ਇਕੱਠੇ ਹੋਏ ਇਨ੍ਹਾਂ ਦੋ ਮੁਲਕਾਂ ਦੇ ਦੁਬਾਰਾ ਟੁੱਟਣ ਦੀਆਂ ਸੰਭਾਵਨਾਵਾਂ ਵਿਚ ਨਿਕਲ ਰਿਹਾ ਹੈ। ਗ੍ਰੇਟ ਬ੍ਰਿਟੇਨ ਦੇ ਇਨਾਂ ਦੋਹਾਂ ਹਿੱਸਿਆਂ ਨੇ ਫੈਸਲਾ ਕੀਤਾ ਹੈ ਕਿ 2014 ਵਿਚ ਸਕਾਟਲੈਂਡ ਦੇ ਲੋਕਾਂ ਦੀ ਇਕ ਰਾਇਸ਼ੁਮਾਰੀ ਕਰਵਾਈ ਜਾਵੇ, ਜਿਸ ਵਿਚ ਫੈਸਲਾ ਕੀਤਾ ਜਾਵੇ ਕਿ ਕੀ ਸਕਾਟਲੈਂਡ ਇਕ ਆਜ਼ਾਦ ਦੇਸ ਚਾਹੀਦਾ ਹੈ। ਸਕਾਟਲੈਂਡ ਨੈਸ਼ਨਲ ਪਾਰਟੀ, ਜਿਹੜੀ ਹੁਣ ਸਕਾਟਲੈਂਡ ‘ਤੇ ਰਾਜ ਕਰ ਰਹੀ ਹੈ, ਦੇ 57 ਸਾਲਾ ਮੁਖੀ ਦੇ ਕਥਨ ਅਨੁਸਾਰ ਇਹ ਯਕੀਨੀ ਹੈ ਕਿ 2014 ਤੋਂ ਬਾਅਦ ਸਕਾਟਲੈਂਡ ਇਕ ਆਜ਼ਾਦ ਮੁਲਕ ਹੋਵੇਗਾ। 2014 ਵਿਚ ਇਹ ਫੈਸਲਾ ਕੁਝ ਵੀ ਹੋਵੇ ਪਰ ਇਕ ਗੱਲ ਬੜੀ ਸਪੱਸ਼ਟ ਹੈ ਕਿ ਪੱਛਮੀ ਅਤਿ ਦੀ ਭੋਗੀ ਸਾਮਰਾਜੀ ਸਭਿਅਤਾ ਆਪਣੀ ਸਿਖਰ ਹੰਢਾ ਕੇ ਮਰ ਰਹੀ ਹੈ ਅਤੇ ਇਸ ਦਾ ਕਾਰਨ ਉਸ ਦੇ ਵਜੂਦ ਵਿਚ ਸਮੋਏ ਮਨੁੱਖ-ਘਾਤੀ ਲੱਛਣ ਹਨ। ਮੂਰਤੀਪੂਜ ਕਰਮਕਾਂਡੀ ਬ੍ਰਾਹਮਣਵਾਦ ਦੀ ਮਾਇਆਪੂਜ ਪੱਛਮੀ ਸਾਮਰਾਜ ਨਾਲ ਪਈ ਸਾਂਝ ਦੇ ਸਿੱਟੇ ਵਜੋਂ 1947 ਵਿਚ ਕਾਇਮ ਹੋਈ ਕੇਂਦਰ ਸਰਕਾਰ ਅੱਜ ਇਸੇ ਪੱਛਮੀ ਸਾਮਰਾਜੀ ਸਭਿਅਤਾ ਦਾ ਇਕ ਹਿੱਸਾ ਹੈ। ਪੱਛਮੀ ਸਾਮਰਾਜੀ ਸਭਿਅਤਾ ਦੇ ਅੰਗ ਵਜੋਂ ਕੇਂਦਰ ਸਰਕਾਰ ਦਾ ਪਤਨ ਲਾਜ਼ਮੀ ਹੈ, ਜਿਸ ਦੇ ਪਤਨ ਵਿਚ ਖਾਲਸਾ ਰਾਜ ਦੇ ਬੀਜ ਪਏ ਹਨ। ਲੋੜ ਇਨ੍ਹਾਂ ਬੀਜਾਂ ਦੇ ਪੁੰਗਰਣ ਲਈ ਸਹਾਈ ਹਾਲਤਾਂ ਪੈਦਾ ਕਰਨ ਅਤੇ ਕੁਦਰਤ ਨਾਲ ਇਕਸੁਰ ਪੂੰਜੀ ਰਹਿਤ ਗੁਰਮੁਖ ਸਮਾਜ ਦੇ ਨਕਸ਼ ਘੜਨ ਤੇ ਸਪੱਸ਼ਟ ਕਰਨ ਦੀ ਹੈ।

Be the first to comment

Leave a Reply

Your email address will not be published.