ਫੌਜ ਕੋਲ ਸਿੱਖ ਰੈਫਰੈਂਸ ਲਾਇਬਰੇਰੀ ਦਾ ਕੋਈ ਦਸਤਾਵੇਜ਼ ਨਾ ਹੋਣ ਦਾ ਦਾਅਵਾ

ਅੰਮ੍ਰਿਤਸਰ: ਥਲ ਸੈਨਾ ਦੇ ਸਾਬਕਾ ਮੁਖੀ ਜਨਰਲ ਜੇæਜੇæ ਸਿੰਘ ਨੇ ਸਪੱਸ਼ਟ ਕੀਤਾ ਕਿ ਜੂਨ 1984 ਵਿਚ ਵਾਪਰੇ ਸਾਕਾ ਨੀਲਾ ਤਾਰਾ ਸਮੇਂ ਸਿੱਖ ਰੈਫਰੈਂਸ ਲਾਇਬਰੇਰੀ ਦਾ ਜੋ ਸਾਮਾਨ ਭਾਰਤੀ ਫੌਜ ਕੋਲ ਸੀ, ਉਹ ਸਾਰਾ ਸਾਮਾਨ ਭਾਰਤ ਸਰਕਾਰ ਨੂੰ ਸੌਂਪ ਦਿੱਤਾ ਗਿਆ ਸੀ। ਸ੍ਰੀ ਹਰਿਮੰਦਰ ਸਾਹਿਬ ਵਿਖੇ ਆਪਣੇ ਪਰਿਵਾਰ ਸਮੇਤ ਮੱਥਾ ਟੇਕਣ ਆਏ ਸਾਬਕਾ ਥਲ ਸੈਨਾ ਮੁਖੀ ਨੇ ਆਖਿਆ ਕਿ 1984 ਵਿਚ ਸਾਕਾ ਨੀਲਾ ਤਾਰਾ ਸਮੇਂ ਫੌਜ ਨੇ ਸਿੱਖ ਰੈਫਰੈਂਸ ਲਾਇਬਰੇਰੀ ਦੇ ਜੋ ਵੀ ਦਸਤਾਵੇਜ਼ ਕਬਜ਼ੇ ਵਿਚ ਲਏ ਸਨ, ਨੂੰ ਬਕਾਇਦਾ ਕਾਗ਼ਜ਼ੀ ਕਾਰਵਾਈ ਮਗਰੋਂ ਭਾਰਤ ਸਰਕਾਰ ਦੇ ਹਵਾਲੇ ਕਰ ਦਿੱਤਾ ਸੀ।

ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਜਾਣਕਾਰੀ ਮੁਤਾਬਕ ਮਗਰੋਂ ਇਹ ਸਾਰਾ ਸਾਮਾਨ ਭਾਰਤ ਸਰਕਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪ ਦਿੱਤਾ ਸੀ। ਫੌਜ ਵੱਲੋਂ ਫੌਜੀ ਕਾਰਵਾਈ ਸਮੇਂ ਕਬਜ਼ੇ ਵਿਚ ਲਈ ਹਰੇਕ ਚੀਜ਼ ਸਰਕਾਰ ਨੂੰ ਸੌਂਪ ਦਿੱਤੀ ਜਾਂਦੀ ਹੈ। ਦੱਸਣਯੋਗ ਹੈ ਕਿ ਬੀਤੇ ਦਿਨੀਂ ਭਾਰਤੀ ਫੌਜ ਦੇ ਮੌਜੂਦਾ ਮੁਖੀ ਨੇ ਵੀ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਸਮੇਂ ਆਖਿਆ ਸੀ ਕਿ ਭਾਰਤੀ ਫੌਜ ਕੋਲ ਸਾਕਾ ਨੀਲਾ ਤਾਰਾ ਸਮੇਂ ਦਾ ਕੋਈ ਵੀ ਸਾਮਾਨ ਨਹੀਂ ਹੈ।
ਸਾਬਕਾ ਥਲ ਸੈਨਾ ਮੁਖੀ ਨੇ ਜੂਨ 1984 ਵਿਚ ਸ੍ਰੀ ਹਰਿਮੰਦਰ ਸਾਹਿਬ ਉਤੇ ਕੀਤੇ ਫੌਜੀ ਹਮਲੇ ਲਈ ਫੌਜ ਨੂੰ ਦੋਸ਼ਮੁਕਤ ਕਰਾਰ ਦਿੰਦਿਆਂ ਆਖਿਆ ਕਿ ਇਸ ਕਾਰਵਾਈ ਲਈ ਫੌਜ ਨੂੰ ਕਿਸੇ ਵੀ ਤਰ੍ਹਾਂ ਦੋਸ਼ੀ ਨਹੀਂ ਆਖਿਆ ਜਾ ਸਕਦਾ ਕਿਉਂਕਿ ਫੌਜ ਵੱਲੋਂ ਤਾਂ ਆਏ ਹੁਕਮਾਂ ਮੁਤਾਬਕ ਕਾਰਵਾਈ ਕੀਤੀ ਗਈ ਸੀ। ਫੌਜ ਸਰਕਾਰ ਤੋਂ ਆਏ ਹੁਕਮਾਂ ਨੂੰ ਮੰਨਣ ਤੋਂ ਇਨਕਾਰੀ ਨਹੀਂ ਹੋ ਸਕਦੀ। ਉਨ੍ਹਾਂ ਇਸ ਹਮਲੇ ਲਈ ਫੌਜ ਦੀ ਥਾਂ ਸਿਆਸੀ ਆਗੂਆਂ ਨੂੰ ਜ਼ਿੰਮੇਵਾਰ ਦੱਸਿਆ।
ਵਿਦੇਸ਼ ਵਿਚ ਸਿੱਖਾਂ ਉਤੇ ਹੋ ਰਹੇ ਨਸਲੀ ਹਮਲਿਆਂ ਬਾਰੇ ਉਨ੍ਹਾਂ ਆਖਿਆ ਕਿ ਇਹ ਹਮਲੇ ਮੰਦਭਾਗੇ ਹਨ। ਪਹਿਲਾਂ ਸਿੱਖਾਂ ਵੱਲੋਂ ਵੱਡੀ ਦਸਤਾਰ ਬੰਨ੍ਹੀ ਜਾਂਦੀ ਸੀ, ਪਰ ਹੁਣ ਨਵੀਂ ਪੀੜ੍ਹੀ ਵੱਲੋਂ ਛੋਟੀਆਂ ਦਸਤਾਰਾਂ ਬੰਨ੍ਹੀਆਂ ਜਾਂਦੀਆਂ ਹਨ, ਜਿਸ ਨਾਲ ਸ਼ਨਾਖਤ ਸਬੰਧੀ ਭੁਲੇਖਾ ਬਣਿਆ ਹੈ। ਇਸ ਦੌਰਾਨ ਸ੍ਰੀ ਜੇæਜੇæ ਸਿੰਘ ਦੇ ਪੁੱਤਰ ਵਿਵੇਕ ਪਾਲ ਸਿੰਘ ਜੋ ਕਿ ਫਰਾਂਸ ਦੇ ਇਕ ਸ਼ਹਿਰ ਵਿਚ ਕੌਂਸਲਰ ਹੈ, ਨੇ ਦੱਸਿਆ ਕਿ ਫਰਾਂਸ ਵਿਚ ਸਿੱਖ ਅਤੇ ਇਥੋਂ ਦੀ ਸਰਕਾਰ ਦਸਤਾਰ ਬਾਰੇ ਸਹੀ ਢੰਗ ਨਾਲ ਆਪਣਾ ਪੱਖ ਰੱਖਣ ਵਿਚ ਅਸਫਲ ਰਹੇ ਹਨ। ਫਰਾਂਸ ਵਿੱਚ ਮੌਜੂਦਾ ਵਿਦਿਅਕ ਪ੍ਰਣਾਲੀ ਦੌਰਾਨ ਕੋਈ ਵੀ ਵਿਦਿਆਰਥੀ ਸਕੂਲ ਵਿਚ ਧਾਰਮਿਕ ਚਿੰਨ੍ਹ ਦੀ ਵਰਤੋਂ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਸਿੱਖ ਸੰਸਥਾਵਾਂ ਅਤੇ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਫਰਾਂਸ ਸਰਕਾਰ ਨੂੰ ਦਸਤਾਰ ਬਾਰੇ ਸਹੀ ਢੰਗ ਨਾਲ ਦੱਸਣ।
__________________________________________________
ਸਥਿਤੀ ਸਪਸ਼ਟ ਕਰੇ ਮੋਦੀ ਸਰਕਾਰ: ਸ਼੍ਰੋਮਣੀ ਕਮੇਟੀ
ਅੰਮ੍ਰਿਤਸਰ: ਸ਼੍ਰੋਮਣੀ ਕਮੇਟੀ ਦਾ ਕਹਿਣਾ ਹੈ ਕਿ ਜੇਕਰ ਸਾਬਕਾ ਫੌਜ ਮੁਖੀ ਦੀ ਗੱਲ ਸਹੀ ਹੈ ਤਾਂ ਮੋਦੀ ਸਰਕਾਰ ਨੂੰ ਜਲਦ ਤੋਂ ਜਲਦ ਇਸ ਬਾਰੇ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ। ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਪਰੇਸ਼ਨ ਬਲੂ ਸਟਾਰ ਦੌਰਾਨ ਹਰਿਮੰਦਰ ਸਾਹਿਬ ਕੰਪਲੈਕਸ ਵਿਚ ਬਣੀ ਸਿੱਖ ਰੈਫਰੈਂਸ ਲਾਇਬ੍ਰੇਰੀ ਵਿਚੋਂ ਭਾਰਤੀ ਫੌਜ ਵੱਲੋਂ ਜ਼ਬਤ ਕੀਤੀਆਂ ਗਈਆਂ ਇਤਿਹਾਸਕ ਪੁਸਤਕਾਂ, ਦਸਤਾਵੇਜ਼ ਤੇ ਹੋਰ ਵਡਮੁੱਲਾ ਖਜ਼ਾਨਾ ਕਮੇਟੀ ਨੂੰ ਵਾਪਸ ਕੀਤਾ ਜਾਵੇ। ਦਰਅਸਲ ਬੀਤੇ ਦਿਨੀਂ ਸਾਬਕਾ ਫੌਜ ਮੁਖੀ ਜੇæਜੇæ ਸਿੰਘ ਨੇ ਇਹ ਗੱਲ ਕਹੀ ਸੀ ਕਿ ਫੌਜ ਵੱਲੋਂ ਸਿੱਖ ਰੈਫਰੈਂਸ ਲਾਇਬ੍ਰੇਰੀ ਵਿਚੋਂ ਜ਼ਬਤ ਕੀਤਾ ਗਿਆ ਸਾਮਾਨ ਉਦੋਂ ਦੀ ਕੇਂਦਰ ਸਰਕਾਰ ਨੂੰ ਸੌਂਪ ਦਿੱਤਾ ਗਿਆ ਸੀ ਪਰ ਅੱਜ ਤੱਕ ਨਾ ਤਾਂ ਫੌਜ ਨੇ ਇਹ ਗੱਲ ਕਬੂਲੀ ਹੈ ਤੇ ਨਾ ਹੀ ਕੇਂਦਰ ਸਰਕਾਰ ਨੇ।