ਖਾਲਸੇ ਦੇ ਸਾਜਨਾ ਦਿਵਸ ਮੌਕੇ ਸਿਆਸੀ ਧਿਰਾਂ ਦਾ ਚੋਣ ਬਿਗਲ

ਤਲਵੰਡੀ ਸਾਬੋ: ਦਮਦਮਾ ਸਾਹਿਬ ਦੀ ਪਾਵਨ ਧਰਤੀ ਉਤੇ ਖ਼ਾਲਸਾ ਪੰਥ ਦੀ ਸਿਰਜਣਾ ਦੇ ਪਵਿੱਤਰ ਦਿਹਾੜੇ ਵਿਸਾਖੀ ਮੌਕੇ ਸ਼੍ਰੋਮਣੀ ਅਕਾਲੀ ਦਲ, ਕਾਂਗਰਸ, ਆਮ ਆਦਮੀ ਪਾਰਟੀ (ਆਪ) ਅਤੇ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਾਲੇ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਪੂਰੀ ਵਾਹ ਲਾ ਕੇ ਕੀਤੀਆਂ ਗਈਆਂ ਭਾਰੀ ਕਾਨਫਰੰਸਾਂ ਵਿਚ ਲੋਕ ਮੁੱਦਿਆਂ ਦੀ ਥਾਂ ਸਿਆਸੀ ਦੂਸ਼ਣਬਾਜ਼ੀ ਅਤੇ ਮਿਸ਼ਨ-2017 ਸਰ ਕਰਨ ਦੀ ਸੁਰ ਭਾਰੂ ਰਹੀ।

ਕਿਸੇ ਵੀ ਪਾਰਟੀ ਦੇ ਆਗੂ ਨੇ ਇਸ ਮੌਕੇ ਖ਼ਾਲਸਾ ਪੰਥ ਦੀ ਸਿਰਜਣਾ ਦੇ ਸੰਕਲਪ ਅਤੇ ਅਣਗੌਲੇ ਵਰਗਾਂ ਨੂੰ ਕੋਈ ਰਾਹਤ ਦੇਣ ਦਾ ਪ੍ਰੋਗਰਾਮ ਪੇਸ਼ ਨਹੀਂ ਕੀਤਾ। ਸੱਤਾਧਾਰੀ ਧਿਰ ਨੇ ਵਿਸਾਖੀ ਮੌਕੇ ਸਿਆਸੀ ਕਾਨਫਰੰਸ ਕਰਨ ਉੱਤੇ ਤਾਂ ਪੂਰਾ ਜ਼ੋਰ ਲਾ ਦਿੱਤਾ ਹੈ, ਪਰ ਕਿਸਾਨਾਂ ਵੱਲੋਂ ਕਣਕ ਦੀ ਅਦਾਇਗੀ ਕਰਵਾਉਣ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ।
ਮੰਡੀਆਂ ਵਿਚ ਕੰਮ ਕਰ ਰਹੇ ਮਜ਼ਦੂਰਾਂ ਦੇ ਪਿਛਲੇ ਸਾਲ ਦੇ ਮਿਹਨਤਾਨੇ ਦੀ ਅਦਾਇਗੀ ਕਰਵਾਉਣ ਵੱਲ ਵੀ ਸਰਕਾਰ ਦਾ ਕੋਈ ਧਿਆਨ ਨਹੀਂ। ਦਰਿਆਈ ਪਾਣੀਆਂ ਦੇ ਮਾਮਲੇ ਵਿਚ ਪੰਜਾਬ ਨਾਲ ਹੋਈ ਬੇਇਨਸਾਫ਼ੀ ਲਈ ਜ਼ਿੰਮੇਵਾਰ ਪਾਰਟੀਆਂ- ਕਾਂਗਰਸ ਅਤੇ ਅਕਾਲੀ ਦਲ ਨੇ ਇਸ ਮੌਕੇ ਉਤੇ ਲੋਕਾਂ ਨੂੰ ਗੁੰਮਰਾਹ ਕਰਨ ਵਿਚ ਅੱਡੀ ਚੋਟੀ ਦਾ ਜ਼ੋਰ ਲਾਇਆ। ਆਮ ਆਦਮੀ ਪਾਰਟੀ ਦੇ ਆਗੂ ਵੀ ਕੋਈ ਲੋਕ-ਪੱਖੀ ਪ੍ਰੋਗਰਾਮ ਪੇਸ਼ ਕਰਨ ਦੀ ਬਜਾਏ ਸੱਤਾ ਵਿਰੋਧੀ ਭਾਵਨਾਵਾਂ ਨੂੰ ਭੁਨਾਉਣ ਦੀ ਕੋਸ਼ਿਸ਼ ਕਰਦੇ ਹੀ ਨਜ਼ਰ ਆਏ। ਸਿਮਰਨਜੀਤ ਸਿੰਘ ਮਾਨ ਅਤੇ ਬਾਕੀ ਪੰਥਕ ਧਿਰਾਂ ਪਿਛਲੇ ਕੁਝ ਮਹੀਨਿਆਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਾ ਕਰ ਸਕਣ ਵਿਚ ਸਰਕਾਰ ਦੀ ਅਸਫਲਤਾ ਦੇ ਜ਼ਰੀਏ ਆਪਣੀ ਜ਼ਮੀਨ ਤਲਾਸ਼ਦੀਆਂ ਨਜ਼ਰ ਆਈਆਂ। ਅਕਾਲੀਆਂ ਦੀ ਰੈਲੀ ਤੋਂ ਉਸ ਦੀ ਭਾਈਵਾਲ ਭਾਜਪਾ ਨੇ ਦੂਰੀ ਬਣਾਈ ਰੱਖੀ।
‘ਆਪ’ ਦਾ ਕਨਵੀਨਰ ਤੇ ਦਿੱਲੀ ਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਗ਼ੈਰਹਾਜ਼ਰੀ ਵਿਚ ਵੀ ਕਾਨਫਰੰਸਾਂ ਦਾ ਕੇਂਦਰ ਬਿੰਦੂ ਰਿਹਾ। ‘ਆਪ’ ਦੀ ਸਟੇਜ ਤੋਂ ਸ੍ਰੀ ਕੇਜਰੀਵਾਲ ਨੂੰ ਸਭ ਮਰਜ਼ਾਂ ਦੀ ਦਾਰੂ ਦੇ ਰੂਪ ਵਿਚ ਪੇਸ਼ ਕੀਤਾ ਗਿਆ ਜਦੋਂ ਕਿ ਅਕਾਲੀ ਦਲ ਤੇ ਕਾਂਗਰਸ ਦੀ ਰੈਲੀ ਵਿਚ ਸ੍ਰੀ ਕੇਜਰੀਵਾਲ ਨੂੰ ਸਿਖਾਂਦਰੂ ਤੇ ਹਰ ਮੁੱਦੇ ਉਤੇ ਦੋਗਲੇ ਸਟੈਂਡ ਲੈਣ ਲਈ ਦੋਸ਼ੀ ਠਹਿਰਾਇਆ ਗਿਆ। ਪੰਜਾਬ ਕਾਂਗਰਸ ਦਾ ਪੰਡਾਲ ਸਭ ਤੋਂ ਵੱਡਾ ਸੀ ਅਤੇ ਕਾਂਗਰਸ ਇਕੱਠ ਕਰਨ ਵਿਚ ਵੀ ਕਾਮਯਾਬ ਰਹੀ।
________________________________________________
‘ਆਪ’ ਵਲੋਂ ਪਰਿਵਾਰਵਾਦ ਵਾਲੇ ਰਾਜ ਦੇ ਅੰਤ ਦਾ ਸੱਦਾ
ਤਲਵੰਡੀ ਸਾਬੋ: ‘ਆਪ’ ਆਗੂਆਂ ਨੇ ਪੰਜਾਬ ਨੂੰ ਬਰਬਾਦ ਕਰਨ ਲਈ ਬਾਦਲ ਪਰਿਵਾਰ ਤੇ ਕਾਂਗਰਸ ਨੂੰ ਦੋਸ਼ੀ ਠਹਿਰਾਉਂਦਿਆਂ ਪਰਿਵਾਰਵਾਦ ਵਾਲੇ ਰਾਜ ਦੇ ਅੰਤ ਦਾ ਸੱਦਾ ਦਿੱਤਾ। ‘ਆਪ’ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੈ ਸਿੰਘ ਨੇ ਕਿਹਾ ਕਿ ਸਰਕਾਰ ਬਣਨ ‘ਤੇ ਬਿਕਰਮ ਮਜੀਠੀਆ ਨੂੰ ਜੇਲ੍ਹ ਅੰਦਰ ਬੰਦ ਕੀਤਾ ਜਾਵੇਗਾ ਅਤੇ ਪੰਜਾਬ ਦੇ ਕਿਸਾਨਾਂ ਦੇ ਕਰਜ਼ੇ, ਬੇਰੁਜ਼ਗਾਰੀ ਅਤੇ ਹੋਰ ਸਮੱਸਿਆਵਾਂ ਪਹਿਲ ਦੇ ਆਧਾਰ ‘ਤੇ ਹੱਲ ਕੀਤੀਆਂ ਜਾਣਗੀਆਂ।
_______________________________________________
ਕੈਪਟਨ ਵਲੋਂ ਅਕਾਲੀਆਂ ਤੇ ‘ਆਪ’ ਨੂੰ ਰਗੜੇ
ਕੈਪਟਨ ਅਮਰਿੰਦਰ ਸਿੰਘ ਪੁਰਾਣੇ ਰੰਗ ਵਿਚ ਨਜ਼ਰ ਆਏ। ਪ੍ਰਧਾਨ ਬਣਨ ਬਾਅਦ ਕੁਝ ਠੰਢੀ ਸੁਰ ਰੱਖਣ ਵਾਲੇ ਸ੍ਰੀ ਅਮਰਿੰਦਰ ਨੇ ਕਿਹਾ ਕਿ ਉਹ ਪੰਜਾਬ ਦੀ ਬਰਬਾਦੀ ਦੇ ਕਾਰਨ ਦੋਵੇਂ ਬਾਦਲ ਪਿਉ-ਪੁੱਤ ਨੂੰ ਜੇਲ੍ਹ ਵਿਚ ਬੰਦ ਕਰਨਗੇ। ਸ੍ਰੀ ਕੇਜਰੀਵਾਲ ਨੂੰ ਦੋਗਲਾ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਉਹ ਪਾਣੀਆਂ ਦੇ ਮੁੱਦੇ ਉੱਤੇ ਦਿੱਲੀ ਵਿਚ ਕੁਝ ਹੋਰ ਅਤੇ ਪੰਜਾਬ ਵਿਚ ਹੋਰ ਸਟੈਂਡ ਲੈ ਰਿਹਾ ਹੈ।
ਉਨ੍ਹਾਂ ਕਿਹਾ ਕਿ ਚਿੱਟੀ ਟੋਪੀ ਵਾਲੇ ਨੂੰ ਪੰਜਾਬ ਦੀਆਂ ਸਮੱਸਿਆਵਾਂ ਦੀ ਕੋਈ ਸਮਝ ਨਹੀਂ ਹੈ ਅਤੇ ਚਿੱਟਾ ਵੇਚ ਕੇ ਅਕਾਲੀਆਂ ਨੇ ਪੰਜਾਬ ਦੀ ਜਵਾਨੀ ਤਬਾਹ ਕਰ ਦਿੱਤੀ ਹੈ।
________________________________
ਕੇਂਦਰ ਸਰਕਾਰਾਂ ਨੇ ਪੰਜਾਬ ਨਾਲ ਸਦਾ ਧੱਕਾ ਕੀਤਾ: ਸੁਖਬੀਰ
ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਣੀਆਂ ‘ਤੇ ਪੰਜਾਬ ਨਾਲ ਧੱਕਾ ਕਰਨ ਲਈ ਕਾਂਗਰਸ ਨੂੰ ਦੋਸ਼ੀ ਠਹਿਰਾਇਆ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਸਥਿਤ ਗੁਰਦੁਆਰਾ ਸੀਸਗੰਜ ਸਾਹਿਬ ਸਾਹਮਣੇ ਬਣੇ ਪਿਆਓ ਨੂੰ ਤੋੜਨ ਲਈ ਦੋਸ਼ੀ ਠਹਿਰਾਉਂਦਿਆਂ ਸਿੱਖ ਵਿਰੋਧੀ ਕਰਾਰ ਦਿੱਤਾ। ਸੁਖਬੀਰ ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰਾਂ ਨੇ ਸਿੱਖਾਂ ਅਤੇ ਪੰਜਾਬ ਦੇ ਕਿਸਾਨਾਂ ਨਾਲ ਹਮੇਸ਼ਾ ਵਿਤਕਰਾ ਕੀਤਾ ਹੈ। ਅਕਾਲੀ ਦਲ ਹੀ ਕਿਸਾਨਾਂ ਦਾ ਅਸਲ ਹਮਦਰਦ ਹੈ।