ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਸਰਬੱਤ ਖਾਲਸਾ ਸੱਦਣ ਦਾ ਐਲਾਨ

ਬਠਿੰਡਾ: ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੇ ਸਰਬੱਤ ਖਾਲਸਾ ਜਥੇਬੰਦੀਆਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿਚ ਕੀਤੀ ਪੰਥਕ ਕਾਨਫਰੰਸ ਦੌਰਾਨ ਜਿਥੇ 9 ਮਤੇ ਪਾਸ ਕੀਤੇ ਗਏ, ਉਥੇ ਸਾਲ 2017 ਦੀਆਂ ਚੋਣਾਂ ਵਿਚ ਸਰਬੱਤ ਖਾਲਸੇ ਦੀ ਜਿੱਤ ਯਕੀਨੀ ਬਣਾਉਣ ਦਾ ਸੱਦਾ ਦਿੱਤਾ ਗਿਆ।

ਵਿਸਾਖੀ ਦੇ ਦਿਹਾੜੇ ਮੌਕੇ ਹੋਈ ਵਿਸ਼ਾਲ ਪੰਥਕ ਕਾਨਫਰੰਸ ਦੌਰਾਨ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰਿਆਂ ਵਿਚ ਐਲਾਨ ਕੀਤਾ ਗਿਆ ਕਿ 10 ਨਵੰਬਰ, 2016 ਨੂੰ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਸਰਬੱਤ ਖਾਲਸਾ ਸੱਦਿਆ ਜਾਵੇਗਾ, ਜਿਸ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪ੍ਰਭੂਸੱਤਾ ਕਾਇਮ ਰੱਖਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਚੋਣ, ਹਟਾਉਣ ਤੇ ਕੰਮ ਕਰਨ ਦੇ ਢੰਗਾਂ ਸਬੰਧੀ ਵਿਧਾਨ ਬਣਾਇਆ ਜਾਵੇਗਾ। ਇਹੀ ਨਹੀਂ, ਸਰਬੱਤ ਖਾਲਸਾ 2015 ਵਿਚ ਪਾਸੇ ਰਹੀਆਂ ਪੰਥਕ ਸ਼ਖਸੀਅਤਾਂ ਤੇ ਸਿੱਖ ਜਥੇਬੰਦੀਆਂ ਨੂੰ ਸਰਬੱਤ ਖਾਲਸਾ ਦਾ ਸਨਮਾਨਯੋਗ ਹਿੱਸਾ ਬਣਾਉਣ ਲਈ ਯਤਨ ਕੀਤੇ ਜਾਣਗੇ ਅਤੇ ਦੇਸ਼ ਤੇ ਵਿਦੇਸ਼ ਦੇ ਸਿੱਖਾਂ ਦੀਆਂ 150-150 ਮੈਂਬਰੀ ਕਮੇਟੀਆਂ ਬਣਾਈਆਂ ਜਾਣਗੀਆਂ। ਸਮਾਜ ਦੇ ਹਰ ਵਰਗ ਤੋਂ ਸਹਿਯੋਗ ਲੈਣ ਲਈ ‘ਪੰਥ ਬਚਾਓ-ਪੰਜਾਬ ਬਚਾਓ’ ਮਾਰਚ ਮਈ ਮਹੀਨੇ ਵਿਚ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਰੰਭ ਹੋਵੇਗਾ ਅਤੇ ਇਸ ਦੀ ਸਮਾਪਤੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਕੀਤੀ ਜਾਵੇਗੀ। ਪਾਸ ਮਤੇ ਵਿਚ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਨੂੰ ਦੋਸ਼ੀ ਐਲਾਨਿਆ ਗਿਆ ਕਿਉਂਕਿ ਜੂਨ 1984 ਵਿਚ ਸ੍ਰੀ ਦਰਬਾਰ ਸਾਹਿਬ ਵਿਚ ਫੌਜ ਵੱਲੋਂ ਚੋਰੀ ਕੀਤੀਆਂ ਵਸਤਾਂ, ਹੱਥ ਲਿਖਤਾਂ, ਕੀਮਤੀ ਖਰੜੇ, ਦਰਬਾਰ ਸਾਹਿਬ ਵਿਚ ਹੋਏ ਕਤਲੇਆਮ ਤੇ ਝੂਠੇ ਪੁਲਿਸ ਮੁਕਾਬਲਿਆਂ ਵਿਚ ਮਾਰੇ ਗਏ ਸਿੱਖਾਂ ਦੇ ਅੰਕੜੇ ਇਕੱਠੇ ਕਰਨ ਵਿਚ ਉਪਰੋਕਤ ਦੋਵੇਂ ਸੰਸਥਾਵਾਂ ਫੇਲ੍ਹ ਰਹੀਆਂ ਹਨ।
ਇਸ ਤੋਂ ਇਲਾਵਾ ਬਰਗਾੜੀ, ਬੁਰਜ ਜਵਾਹਰ ਸਿੰਘ ਵਾਲਾ ਅਤੇ ਹੋਰ ਥਾਂਵਾਂ ਉਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਅਤੇ ਬਹਿਬਲ ਕਲਾਂ ਕਾਂਡ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿਚ ਪੰਜਾਬ ਸਰਕਾਰ ਅਸਫਲ ਰਹੀ ਹੈ। ਪੰਥਕ ਆਗੂਆਂ ਨੇ ਮਤਿਆਂ ਰਾਹੀਂ ਜਥੇਦਾਰ ਜਗਤਾਰ ਸਿੰਘ ਹਵਾਰਾ, ਭਾਈ ਦਵਿੰਦਰਪਾਲ ਸਿੰਘ ਭੁੱਲਰ, ਭਾਈ ਧਿਆਨ ਸਿੰਘ ਮੰਡ ਸਮੇਤ ਜੇਲ੍ਹਾਂ ਵਿਚ ਬੰਦ ਸਮੂਹ ਸਿੱਖ ਬੰਦੀਆਂ ਦੀ ਰਿਹਾਈ ਦੀ ਮੰਗ ਕੀਤੀ ਅਤੇ ਸਿੰਘ ਸਾਹਿਬਾਨਾਂ ਤੇ ਸਰਬੱਤ ਖਾਲਸਾ ਦੇ ਪ੍ਰਬੰਧਕਾਂ ਉੱਪਰ ਪਾਏ ਝੂਠੇ ਕੇਸ ਖਾਰਜ ਕਰਨ ਲਈ ਕਿਹਾ। ਆਗੂਆਂ ਨੇ ਜਿਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾਂ ਪ੍ਰਕਾਸ਼ ਉਤਸਵ ਪਟਨਾ ਸਾਹਿਬ ਦੀ ਧਰਤੀ ‘ਤੇ ਮਨਾਉਣ ਦਾ ਐਲਾਨ ਕੀਤਾ, ਉਥੇ ਅੰਮ੍ਰਿਤ ਸੰਚਾਰ ਦੀਆਂ ਬਾਣੀਆਂ, ਪਵਿੱਤਰ ਸਰੋਵਰ ਸਾਹਿਬ, ਪਵਿੱਤਰ ਨਿਸ਼ਾਨ ਸਾਹਿਬ ਤੇ ਹੋਰ ਸੰਪਰਦਾਵਾਂ ਵਿਰੁੱਧ ਹੋ ਰਹੀਆਂ ਕੋਝੀਆਂ ਹਰਕਤਾਂ ਕਰਨ ਵਾਲਿਆਂ ਨੂੰ ਆਪਣੀਆਂ ਚਾਲਾਂ ਤੋਂ ਬਾਜ ਰਹਿਣ ਦੀ ਚਿਤਾਵਨੀ ਦਿੱਤੀ।
___________________________________
ਸ਼੍ਰੋਮਣੀ ਕਮੇਟੀ ਨੇ ਸਰਬੱਤ ਖਾਲਸਾ ਉਤੇ ਉਠਾਏ ਸਵਾਲ
ਅੰਮ੍ਰਿਤਸਰ: ਸਿੱਖ ਜਥੇਬੰਦੀਆਂ ਵੱਲੋਂ ਇਸ ਸਾਲ 10 ਨਵੰਬਰ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸੱਦੇ ਗਏ ਸਰਬੱਤ ਖਾਲਸਾ ਬਾਰੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਸਵਾਲ ਉਠਾਇਆ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀਆਂ ਭਾਵੇਂ ਇਸ ਨੂੰ ਜੋ ਮਰਜ਼ੀ ਨਾਮ ਦੇ ਦੇਣ, ਪਰ ਉਹ ਸਰਬੱਤ ਖਾਲਸਾ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਕੀਤਾ ਗਿਆ ਇਕੱਠ ਵੀ ਸਰਬੱਤ ਖਾਲਸਾ ਨਹੀਂ ਸੀ ਕਿਉਂਕਿ ਸਰਬੱਤ ਖਾਲਸਾ ਸੱਦਣ ਦੀ ਇਕ ਮਰਿਆਦਾ ਹੈ। ਸਰਬੱਤ ਖ਼ਾਲਸਾ ਸਿਰਫ ਅਕਾਲ ਤਖ਼ਤ ‘ਤੇ ਹੀ ਬੁਲਾਇਆ ਜਾ ਸਕਦਾ ਹੈ। ਪ੍ਰਧਾਨ ਨੇ ਕਿਹਾ ਕਿ ਦਮਦਮਾ ਸਾਹਿਬ ਵਿਖੇ ਵੀ ਉਨ੍ਹਾਂ ਨੂੰ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਕਿਉਂਕਿ ਇਨ੍ਹਾਂ ਜਥੇਬੰਦੀਆਂ ਵੱਲੋਂ ਬੁਲਾਇਆ ਜਾ ਰਿਹਾ ਸਰਬੱਤ ਖਾਲਸਾ ਵਿਧੀ-ਵਿਧਾਨ ਦੇ ਮੁਤਾਬਕ ਨਹੀਂ ਹੈ।