ਸ਼੍ਰੋਮਣੀ ਅਕਾਲੀ ਦਲ ਲੌਂਗੋਵਾਲ ਨੇ ਕਾਂਗਰਸ ਦਾ ਹੱਥ ਫੜਿਆ

ਨਵੀਂ ਦਿੱਲੀ: ਕਾਂਗਰਸ ਪਾਰਟੀ ਨੂੰ ਪੰਜਾਬ ਵਿਚ ਉਸ ਸਮੇਂ ਹੁਲਾਰਾ ਮਿਲਿਆ ਜਦੋਂ ਸ਼੍ਰੋਮਣੀ ਅਕਾਲੀ ਦਲ (ਲੌਂਗੋਵਾਲ) ਨੇ ਬਿਨਾਂ ਸ਼ਰਤ ਪਾਰਟੀ ਦਾ ਕਾਂਗਰਸ ਵਿਚ ਰਲੇਵਾਂ ਕਰ ਦਿੱਤਾ। ਦਲ ਦੀ ਪ੍ਰਧਾਨ ਸੁਰਜੀਤ ਕੌਰ ਬਰਨਾਲਾ ਵੱਲੋਂ 14 ਅਪਰੈਲ ਨੂੰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਦਿੱਲੀ ਵਿਚ ਮੁਲਾਕਾਤ ਤੋਂ ਬਾਅਦ ਰਲੇਵੇਂ ਨੂੰ ਅੰਤਮ ਰੂਪ ਦਿੱਤਾ ਗਿਆ ਸੀ।

ਇਸ ਦਾ ਰਸਮੀ ਐਲਾਨ ਇਥੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਸ਼ਕੀਲ ਅਹਿਮਦ, ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਪ੍ਰਚਾਰ ਕਮੇਟੀ ਦੀ ਮੁਖੀ ਅੰਬਿਕਾ ਸੋਨੀ ਦੀ ਹਾਜ਼ਰੀ ਵਿਚ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ (ਲੌਂਗੋਵਾਲ) ਦੇ ਜਨਰਲ ਸਕੱਤਰ ਗਗਨਜੀਤ ਸਿੰਘ ਬਰਨਾਲਾ, ਉਨ੍ਹਾਂ ਦੇ ਪੁੱਤਰ ਸਿਮਰ ਪ੍ਰਤਾਪ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਸਾਬਕਾ ਰਾਜਪਾਲ ਸੁਰਜੀਤ ਸਿੰਘ ਬਰਨਾਲਾ ਦੇ ਕਰੀਬ 100 ਹਮਾਇਤੀ ਹਾਜ਼ਰ ਸਨ।
ਬੀਬੀ ਸੁਰਜੀਤ ਕੌਰ ਨੇ ਇਸ ਮੌਕੇ ਕਿਹਾ ਕਿ ਉਹ ਸੋਚ ਵਿਚਾਰ ਕੇ ਪਾਰਟੀ ਦਾ ਕਾਂਗਰਸ ਵਿਚ ਰਲੇਵਾਂ ਕਰ ਰਹੇ ਹਨ। ਉਧਰ ਕੈਪਟਨ ਅਮਰਿੰਦਰ ਸਿੰਘ ਨੇ ਰਲੇਵੇਂ ਦਾ ਸਵਾਗਤ ਕਰਦਿਆਂ ਕਿਹਾ ਕਿ ਸੁਰਜੀਤ ਸਿੰਘ ਬਰਨਾਲਾ ਨੇ ਸੂਬੇ ਲਈ ਵੱਡਾ ਯੋਗਦਾਨ ਦਿੱਤਾ ਹੈ। ਜ਼ਿਕਰਯੋਗ ਹੈ ਕਿ ਕਾਂਗਰਸ ਵੱਲੋਂ ਪਹਿਲਾਂ ਮਨਪ੍ਰੀਤ ਬਾਦਲ ਦੀ ਪੀæਪੀæਪੀæ ਦਾ ਪਾਰਟੀ ਵਿਚ ਰਲੇਵਾਂ ਕੀਤਾ ਸੀ ਅਤੇ ਹੁਣ ਲੌਂਗੋਵਾਲ ਦਲ ਦੇ ਸ਼ਾਮਲ ਹੋਣ ਤੋਂ ਬਾਅਦ ਖੱਬੇ ਪੱਖੀ ਪਾਰਟੀਆਂ ਨਾਲ ਵੀ ਸਮਝੌਤਾ ਕੀਤਾ ਜਾ ਸਕਦਾ ਹੈ।
ਕੈਪਟਨ ਨੇ ਬਸਪਾ ਮੁਖੀ ਮਾਇਆਵਤੀ ਉਤੇ ਹਮਲਾ ਬੋਲਦਿਆਂ ਕਿਹਾ ਹੈ ਕਿ ਉਨ੍ਹਾਂ ਹਮੇਸ਼ਾ ਅਕਾਲੀਆਂ ਦਾ ਪੱਖ ਪੂਰਿਆ ਹੈ। ਉਨ੍ਹਾਂ ਦਾ ਕੋਈ ਉਮੀਦਵਾਰ ਚੋਣ ਨਹੀਂ ਜਿੱਤਦਾ, ਪਰ ਉਹ ਸੌਦੇ ਤਹਿਤ ਅਕਾਲੀ ਵਿਰੋਧੀਆਂ ਦੇ ਵੋਟ ਖਰਾਬ ਕਰਦੇ ਹਨ। ਪੰਜਾਬ ਵਿਚ ਅਰਵਿੰਦ ਕੇਜਰੀਵਾਲ ਦੀ ‘ਆਪ’ ਨਾਲ ਨਜਿੱਠਣ ਬਾਰੇ ਪੁੱਛੇ ਜਾਣ ‘ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਸ੍ਰੀ ਕੇਜਰੀਵਾਲ ਦੇ ਚਿਹਰਿਆਂ ਨੂੰ ਨੰਗਾ ਕਰਨ ਲਈ ਮੁਹਿੰਮ ਚਲਾਉਣਗੇ ਜੋ ਐਸ਼ਵਾਈæਐਲ਼ ਉਤੇ ਝੂਠ ਬੋਲਦੇ ਫੜੇ ਗਏ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦਿੱਲੀ ਦੇ ਲੋਕਾਂ ਦੀ ਗਾੜ੍ਹੀ ਕਮਾਈ ਨੂੰ ਪੰਜਾਬ ‘ਚ ਆਪਣਾ ਰੁਤਬਾ ਬਣਾਉਣ ਲਈ ਬਰਬਾਦ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਵਿਦੇਸ਼ ਦੌਰੇ ਤੋਂ ਆ ਕੇ ਉਹ ਨਵੀਂ ਪੰਜਾਬ ਕਾਂਗਰਸ ਕਮੇਟੀ ਦਾ ਐਲਾਨ ਕਰਨਗੇ।
__________________________________
ਆਰæਆਰæਐਸ਼ ਮੁਕਤ ਭਾਰਤ ਸੱਦੇ ਦੀ ਹਮਾਇਤ
ਨਵੀਂ ਦਿੱਲੀ: ਬਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਦੇ ਆਰæਐਸ਼ਐਸ਼ ਮੁਕਤ ਭਾਰਤ ਦੇ ਸੱਦੇ ਨੂੰ ਕਾਂਗਰਸ ਦਾ ਸਮਰਥਨ ਮਿਲਿਆ ਹੈ ਜਿਸ ਦਾ ਕਹਿਣਾ ਹੈ ਕਿ ਭਗਵਾਂ ਸੰਗਠਨ ਤੋਂ ਦੇਸ਼ ਦੀ ਏਕਤਾ ਅਤੇ ਲੋਕਤੰਤਰ ਨੂੰ ਖਤਰਾ ਹੈ ਜਦਕਿ ਭਾਜਪਾ ਨੇ ਆਪਣੇ ਗੁਰੂ ਦੇ ਪੱਖ ਵਿਚ ਨਿੱਤਰਦਿਆਂ ਕਿਹਾ ਕਿ ਇਸ ਦੇ ਅਲੋਚਕਾਂ ਨੂੰ ਆਪਣੀਆਂ ਗ਼ਲਤਫਹਿਮੀਆਂ ਦੂਰ ਕਰਨ ਲਈ ਇਸ ਦੀ ਸ਼ਾਖਾ ਵਿਚ ਇਕ ਦਿਨ ਗੁਜ਼ਾਰਨਾ ਚਾਹੀਦਾ ਹੈ। ਭਾਜਪਾ ਦਾ ਕਹਿਣਾ ਕਿ ਸ੍ਰੀ ਕੁਮਾਰ ਦੇ ਉਸ ਦਾ ਮੁਕਾਬਲਾ ਕਰਨ ਲਈ ਸੰਯੁਕਤ ਮੋਰਚਾ ਬਣਾਉਣ ਦੇ ਯਤਨਾਂ ਦੀ ਉਸ ਨੂੰ ਪ੍ਰਵਾਹ ਨਹੀਂ ਅਤੇ ਇਸ ਤਰ੍ਹਾਂ ਦੇ ਯਤਨ ਮੋਦੀ ਸਰਕਾਰ ਨੂੰ ਦੇਸ਼ ਅਤੇ ਗਰੀਬਾਂ ਦੇ ਵਿਕਾਸ ਲਈ ਕੀਤੇ ਜਾ ਰਹੇ ਕੰਮ ਨੂੰ ਰੋਕਣ ਵਿਚ ਸਫਲ ਨਹੀਂ ਹੋਣਗੀਆਂ। ਕਾਂਗਰਸ ਦੇ ਜਨਰਲ ਸਕੱਤਰ ਸ਼ਕੀਲ ਅਹਿਮਦ ਨੇ ਨਿਤਿਸ਼ ਕੁਮਾਰ ਦੇ ਸੰਘ ਮੁਕਤ ਭਾਰਤ ਦੇ ਵਿਚਾਰ ਦੀ ਹਮਾਇਤ ਕੀਤੀ ਕਿਉਂਕਿ ਇਹ ਲੋਕਤੰਤਰ ਤੇ ਏਕਤਾ ਲਈ ਖਤਰਾ ਹੈ ਪਰ ਲਗਦਾ ਹੈ ਕਿ ਭਾਜਪਾ ਦਾ ਮੁਕਾਬਲਾ ਕਰਨ ਲਈ ਧਰਮ ਨਿਰਪੱਖ ਪਾਰਟੀਆਂ ਦਾ ਵੱਡੇ ਗੱਠਜੋੜ ਵੱਲ ਝੁਕਾਅ ਨਹੀਂ ਅਤੇ ਕਿਹਾ ਕਿ 2019 ਦੀਆਂ ਚੋਣਾਂ ਤੋਂ ਪਹਿਲਾਂ ਕੌਮੀ ਪੱਧਰ ‘ਤੇ ਕਿਸੇ ਵੀ ਪਾਰਟੀ ਨਾਲ ਗੱਠਜੋੜ ਤੋਂ ਪਹਿਲਾਂ ਪਾਰਟੀ ਦੀ ਕੌਮੀ ਪੱਧਰ ‘ਤੇ ਹੋਂਦ ਹੋਣੀ ਚਾਹੀਦੀ ਹੈ।