ਡਾæ ਨਵਜੋਤ ਕੌਰ ਸਿੱਧੂ ਦੀ ਜ਼ਿਦ ਪੁਗਾਉਣ ਤੋਂ ਭਾਜਪਾ ਦੇ ਹੱਥ ਖੜ੍ਹੇ

ਅੰਮ੍ਰਿਤਸਰ: ਪੰਜਾਬ ਭਾਜਪਾ ਦੇ ਨਵੇਂ ਬਣੇ ਪ੍ਰਧਾਨ ਵਿਜੈ ਸਾਂਪਲਾ ਵੱਲੋਂ 2017 ਦੀਆਂ ਵਿਧਾਨ ਸਭਾ ਚੋਣਾਂ ਅਕਾਲੀ-ਭਾਜਪਾ ਗਠਜੋੜ ਵੱਲੋਂ ਮੁੜ ਇਕੱਠਿਆਂ ਲੜਨ ਦੇ ਕੀਤੇ ਗਏ ਐਲਾਨ ਤੋਂ ਬਾਅਦ ਭਾਜਪਾ ਆਗੂ ਤੇ ਮੁੱਖ ਸੰਸਦੀ ਸਕੱਤਰ ਡਾæ ਨਵਜੋਤ ਕੌਰ ਸਿੱਧੂ ਦਾ ਸਿਆਸੀ ਭਵਿੱਖ ਡਾਵਾਂਡੋਲ ਹੁੰਦਾ ਦਿਖਾਈ ਦੇ ਰਿਹਾ ਹੈ।

ਡਾæ ਸਿੱਧੂ ਦੀ ਹਾਕਮ ਧਿਰ ਸ਼੍ਰੋਮਣੀ ਅਕਾਲੀ ਦਲ ਨਾਲ ਚੱਲ ਰਹੀ ਖਿੱਚੋਤਾਣ ਦੌਰਾਨ ਉਨ੍ਹਾਂ ਵੱਲੋਂ ਐਲਾਨ ਕੀਤਾ ਜਾ ਚੁੱਕਿਆ ਹੈ ਕਿ ਉਹ ਭਵਿੱਖ ਵਿਚ ਚੋਣ ਤਾਂ ਹੀ ਲੜੇਗੀ ਜੇਕਰ ਭਾਜਪਾ ਵੱਲੋਂ ਅਕਾਲੀ ਦਲ ਨਾਲ ਸਾਂਝ ਖਤਮ ਕਰ ਕੇ ਇਕੱਲਿਆਂ ਚੋਣ ਲੜੀ ਜਾਵੇਗੀ। ਉਨ੍ਹਾਂ ਆਖਿਆ ਕਿ ਉਹ ਅਕਾਲੀ-ਭਾਜਪਾ ਦੇ ਗਠਜੋੜ ਉਮੀਦਵਾਰ ਵਜੋਂ ਹੁਣ ਚੋਣ ਨਹੀਂ ਲੜਨਗੇ।
ਇਸ ਬਾਰੇ ਡਾæ ਸਿੱਧੂ ਨੇ ਹਾਲ ਹੀ ਵਿਚ ਆਪਣੇ ਸੋਸ਼ਲ ਨੈੱਟਵਰਕਿੰਗ ਸਾਈਟ ‘ਤੇ ਆਪਣੇ ਪੇਜ ਉਪਰ ਇਹ ਦਰਜ ਕੀਤਾ ਹੈ ਕਿ ਉਹ ਗਠਜੋੜ ਵੱਲੋਂ ਕਦੇ ਵੀ ਚੋਣ ਨਹੀਂ ਲੜਨਗੇ, ਸਗੋਂ ਇਸ ਦੀ ਥਾਂ ਕੋਈ ਸਵੈ-ਸੇਵੀ ਸੰਸਥਾ ਚਲਾਉਣ ਨੂੰ ਤਰਜੀਹ ਦੇਣਗੇ। ਉਨ੍ਹਾਂ ਨੇ ਆਪਣੀਆਂ ਇਹ ਭਾਵਨਾਵਾਂ ਕਿਸੇ ਸਮਰਥਕ ਵੱਲੋਂ ਇਸ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਦਰਜ ਕੀਤੀਆਂ ਹਨ। ਇਸ ਤਰ੍ਹਾਂ ਉਨ੍ਹਾਂ ਆਪਣੇ ਸਿਆਸੀ ਭਵਿੱਖ ਦੀ ਰਣਨੀਤੀ ਦਾ ਖੁਲਾਸਾ ਵੀ ਕਰ ਦਿੱਤਾ ਹੈ।
ਦੱਸਣਯੋਗ ਹੈ ਕਿ ਬੀਤੀ ਇਕ ਅਪਰੈਲ ਨੂੰ ਡਾæ ਸਿੱਧੂ ਨੇ ਸੋਸ਼ਲ ਸਾਈਟ ਉਤੇ ਆਪਣੇ ਪੇਜ਼ ਉਪਰ ਲਿਖਿਆ ਸੀ ਕਿ ਉਨ੍ਹਾਂ ਭਾਜਪਾ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਹੁਣ ਦਬਾਅ ਮੁਕਤ ਹੋ ਗਏ ਹਨ। ਪਰ ਮਗਰੋਂ ਉਨ੍ਹਾਂ ਦੇ ਦਫਤਰੀ ਅਮਲੇ ਨੇ ਇਸ ਨੂੰ ਅਪਰੈਲ ਫੂਲ ਕਰਾਰ ਦਿੱਤਾ ਸੀ। ਦਫਤਰੀ ਅਮਲੇ ਨੇ ਆਖਿਆ ਸੀ ਕਿ ਡਾæ ਸਿੱਧੂ ਨੇ ਅਸਤੀਫਾ ਨਹੀਂ ਦਿੱਤਾ ਸਗੋਂ ਲੋਕਾਂ ਦੀਆਂ ਭਾਵਨਾਵਾਂ ਜਾਣਨ ਲਈ ਅਜਿਹਾ ਮਜ਼ਾਕ ਕੀਤਾ ਹੈ। ਪਰ ਕੁਝ ਦਿਨਾਂ ਬਾਅਦ ਹੀ ਜਦੋਂ ਭਾਜਪਾ ਦੇ ਪੰਜਾਬ ਮਾਮਲਿਆਂ ਬਾਰੇ ਇੰਚਾਰਜ ਤੇ ਰਾਜ ਸਭਾ ਮੈਂਬਰ ਪ੍ਰਭਾਤ ਝਾਅ ਅੰਮ੍ਰਿਤਸਰ ਦੌਰੇ ‘ਤੇ ਆਏ ਤਾਂ ਉਸ ਵੇਲੇ ਡਾæ ਸਿੱਧੂ ਨੇ ਸਪੱਸ਼ਟ ਕੀਤਾ ਸੀ ਕਿ ਉਨ੍ਹਾਂ ਨੇ ਪਹਿਲੀ ਅਪਰੈਲ ਨੂੰ ਭਾਜਪਾ ਤੋਂ ਅਸਤੀਫਾ ਦੇਣ ਦਾ ਫੈਸਲਾ ਕਰ ਲਿਆ ਸੀ। ਉਨ੍ਹਾਂ ਦੇ ਪਤੀ ਨਵਜੋਤ ਸਿੰਘ ਸਿੱਧੂ ਅਤੇ ਭਾਜਪਾ ਦੇ ਸੀਨੀਅਰ ਆਗੂ ਰਾਮ ਲਾਲ ਵੱਲੋਂ ਦਖ਼ਲ ਦੇਣ ਤੋਂ ਬਾਅਦ ਉਨ੍ਹਾਂ ਅਸਤੀਫ਼ਾ ਨਾ ਦੇਣ ਦਾ ਫੈਸਲਾ ਕੀਤਾ ਸੀ।
ਹੁਣ ਭਾਜਪਾ ਦੇ ਨਵੇਂ ਆਏ ਪ੍ਰਧਾਨ ਵੱਲੋਂ ਕੀਤੇ ਗਏ ਸਪੱਸ਼ਟ ਐਲਾਨ ਕਿ 2017 ਵਿਚ ਅਕਾਲੀ ਭਾਜਪਾ ਗਠਜੋੜ ਹੀ ਚੋਣਾਂ ਲੜੇਗਾ, ਕਾਰਨ ਡਾæ ਨਵਜੋਤ ਕੌਰ ਸਿੱਧੂ ਇਕੱਲੇ ਪੈ ਗਏ ਹਨ। ਉਹ ਪਹਿਲਾਂ ਹੀ ਗਠਜੋੜ ਵੱਲੋਂ ਚੋਣ ਨਾ ਲੜਨ ਦਾ ਐਲਾਨ ਕਰ ਚੁੱਕੇ ਹਨ, ਜਿਸ ਕਾਰਨ ਉਨ੍ਹਾਂ ਦਾ ਸਿਆਸੀ ਭਵਿੱਖ ਹੁਣ ਡਾਵਾਂਡੋਲ ਦਿਖਾਈ ਦੇ ਰਿਹਾ ਹੈ।
_______________________________________
ਪੰਜਾਬ ‘ਚ ਸੀਟਾਂ ਵਧਾਉਣ ਲਈ ਹੱਲਾ ਮਾਰੇਗੀ ਭਾਜਪਾ
ਜਲੰਧਰ: ਪੰਜਾਬ ਭਾਜਪਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਸੱਤ ਹੋਰ ਸੀਟਾਂ ਉਤੇ ਲੜਨ ਲਈ ਅਕਾਲੀ ਦਲ ਕੋਲ ਮੁੱਦਾ ਉਠਾ ਸਕਦੀ ਹੈ। ਭਾਜਪਾ ਵਿਧਾਇਕ ਦਲ ਦੇ ਆਗੂ ਦੀ ਚੰਡੀਗੜ੍ਹ ਕੋਠੀ ‘ਤੇ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਵਿਚ ਸੀਟਾਂ ਦੇ ਮਾਮਲੇ ਉਤੇ ਆਗੂਆਂ ਵੱਲੋਂ ਚਰਚਾ ਕੀਤੀ ਗਈ। ਮੀਟਿੰਗ ਵਿਚ ਭਾਜਪਾ ਆਗੂਆਂ ਦਾ ਮੰਨਣਾ ਸੀ ਕਿ ਭਾਈਵਾਲ ਪਾਰਟੀ ਕੋਲ ਇਹ ਮੁੱਦਾ ਸਾਹਮਣੇ ਰੱਖਿਆ ਜਾਏਗਾ ਕਿ ਇਸ ਵੇਲੇ ਪਾਰਟੀ ਕੋਲ ਮਾਲਵਾ ਤੇ ਮਾਝਾ ਵਿਚ ਕੋਈ ਵੀ ਸੀਟ ਨਹੀਂ ਹੈ। ਅਕਾਲੀ ਦਲ ਜੇਕਰ ਆਪਣੀਆਂ ਛੇ ਤੋਂ ਸੱਤ ਉਹ ਸੀਟਾਂ ਭਾਜਪਾ ਨੂੰ ਦੇ ਦੇਵੇ ਜਿਥੇ ਕਿ ਉਹ ਚੋਣ ਹਾਰਦੀ ਰਹੀ ਹੈ ਤਾਂ ਪਾਰਟੀ ਮਾਲਵਾ ਵਿਚ ਵੀ ਆਪਣੀ ਸਥਿਤੀ ਬਿਹਤਰ ਬਣਾ ਸਕਦੀ ਹੈ। ਪਾਰਟੀ ਚਾਹੁੰਦੀ ਹੈ ਕਿ ਪਾਰਟੀ ਦੀ ਮੈਂਬਰਸ਼ਿਪ ਤਿੰਨ ਤੋਂ ਵਧ ਕੇ 23 ਲੱਖ ਦੇ ਕਰੀਬ ਹੋ ਗਈ ਹੈ ਤੇ ਇਸ ਲਈ ਜੇਕਰ ਭਾਈਵਾਲ ਪਾਰਟੀ ਤੋਂ ਉਨ੍ਹਾਂ ਨੂੰ ਹੋਰ ਛੇ ਤੋਂ ਸੱਤ ਸੀਟਾਂ ਸਹਿਮਤੀ ਨਾਲ ਮਿਲ ਜਾਂਦੀਆਂ ਹਨ ਤਾਂ ਇਸ ਨਾਲ ਮਾਲਵਾ ਖੇਤਰ ਵਿਚ ਵੀ ਪਾਰਟੀ ਦੀ ਸਥਿਤੀ ਕਾਫੀ ਮਜ਼ਬੂਤ ਹੋ ਜਾਏਗੀ।