ਨਗਰ ਨਿਗਮਾਂ ਤੇ ਕੌਂਸਲਾਂ ਦੀ ਹਦੂਦ ਵਿਚ ਮੁੜ ਖੁੱਲ੍ਹਣਗੇ ਸ਼ਰਾਬ ਦੇ ਠੇਕੇ

ਸੰਗਰੂਰ: ਪੰਜਾਬ ਸਰਕਾਰ ਵੱਲੋਂ ਨੈਸ਼ਨਲ ਹਾਈਵੇਅ ਉਪਰ ਸ਼ਰਾਬ ਦੇ ਠੇਕੇ ਖੋਲ੍ਹਣ ਲਈ ਆਬਕਾਰੀ ਨੀਤੀ ਵਿਚ ਸੋਧ ਕੀਤੀ ਗਈ ਹੈ, ਜਿਸ ਤਹਿਤ ਹੁਣ ਪੰਜਾਬ ਭਰ ਵਿਚ ਮਿਉਂਸਪਲ ਕਾਰਪੋਰੇਸ਼ਨ, ਮਿਉਂਸਪਲ ਕੌਂਸਲ, ਮਿਉਂਸਪਲ ਕਮੇਟੀ, ਨੋਟੀਫਾਈਡ ਏਰੀਆ ਕਮੇਟੀ ਅਤੇ ਨਗਰ ਕੌਂਸਲ ਦੀ ਹਦੂਦ ਅੰਦਰ ਲੰਘਦੇ ਨੈਸ਼ਨਲ ਹਾਈਵੇਅ ਉਪਰ ਸ਼ਰਾਬ ਦੇ ਠੇਕੇ ਖੁੱਲ੍ਹਣਗੇ। ਪੰਜਾਬ ਸਰਕਾਰ ਵੱਲੋਂ ਆਬਕਾਰੀ ਨੀਤੀ ਵਿਚ ਕੀਤੀ ਸੋਧ ਬਾਰੇ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।

ਤਕਰੀਬਨ ਦੋ ਸਾਲ ਪਹਿਲਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਨੈਸ਼ਨਲ ਹਾਈਵੇ ਉਪਰੋਂ ਸ਼ਰਾਬ ਦੇ ਠੇਕੇ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਸਨ। ਪੰਜਾਬ ਸਰਕਾਰ ਨੇ ਅਦਾਲਤ ਦੇ ਹੁਕਮ ਉਤੇ ਆਬਕਾਰੀ ਨੀਤੀ ਵਿਚ ਸੋਧ ਕਰਦਿਆਂ ਪੰਜਾਬ ਵਿਚ ਨੈਸ਼ਨਲ ਹਾਈਵੇਅ ਉਪਰੋਂ ਸ਼ਰਾਬ ਦੇ ਠੇਕੇ ਬੰਦ ਕਰਵਾ ਦਿੱਤੇ ਸਨ, ਪਰ ਇਸ ਵਾਰ ਪੰਜਾਬ ਸਰਕਾਰ ਵੱਲੋਂ ਆਪਣੀ ਆਬਕਾਰੀ ਨੀਤੀ ਵਿਚ ਸੋਧ ਕਰ ਕੇ ਮਿਉਂਸਪਲ ਕਾਰਪੋਰੇਸ਼ਨਾਂ ਅਤੇ ਨਗਰ ਕੌਂਸਲਾਂ ਆਦਿ ਦੀ ਹਦੂਦ ਅੰਦਰ ਸ਼ਰਾਬ ਦੇ ਠੇਕੇ ਖੋਲ੍ਹਣ ਦੀ ਮਨਜ਼ੂਰੀ ਦੇ ਦਿੱਤੀ ਹੈ ਜਿਸ ਤੋਂ ਬਾਅਦ ਸ਼ਹਿਰਾਂ ਵਿਚੋਂ ਲੰਘਦੀਆਂ ਨੈਸ਼ਨਲ ਹਾਈਵੇਅ ਅਤੇ ਸਟੇਟ ਹਾਈਵੇਅ ਉਪਰ ਧੜਾਧੜ ਸ਼ਰਾਬ ਦੇ ਠੇਕੇ ਖੁੱਲ੍ਹ ਰਹੇ ਹਨ।
ਆਬਕਾਰੀ ਵਿਭਾਗ ਪਾਸੋਂ ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਆਦੇਸ਼ ਤੋਂ ਬਾਅਦ ਆਬਕਾਰੀ ਨੀਤੀ ਵਿਚ ਬਦਲਾਅ ਕਰ ਕੇ 2014-15 ਵਿਚ ਸੰਗਰੂਰ ਜ਼ਿਲ੍ਹੇ ਵਿਚ ਨੈਸ਼ਨਲ ਹਾਈਵੇਅ ਉਪਰ ਖੁੱਲ੍ਹੇ ਤਕਰੀਬਨ 63 ਠੇਕੇ ਬੰਦ ਹੋ ਗਏ ਹਨ, ਪਰ ਸਾਲ 2016-17 ਦੀ ਆਬਕਾਰੀ ਨੀਤੀ ਵਿਚ ਕੀਤੀ ਸੋਧ ਅਨੁਸਾਰ ਹੁਣ ਮੁੜ ਠੇਕੇ ਖੋਲ੍ਹੇ ਜਾਣ ਨੂੰ ਮਨਜ਼ੂਰੀ ਦਿੱਤੀ ਜਾ ਰਹੀ ਹੈ।
ਸਮਾਜ ਸੇਵੀ ਐਡਵੋਕੇਟ ਕਮਲ ਆਨੰਦ ਦਾ ਕਹਿਣਾ ਹੈ ਸਮਾਜ ਸੇਵੀ ਸੰਸਥਾਵਾਂ ਲੰਬੇ ਸਮੇਂ ਤੋਂ ਪੰਚਾਇਤੀ ਰਾਜ ਐਕਟ ਦੀ ਧਾਰਾ 40 ਵਿਚ ਸੋਧ ਦੀ ਮੰਗ ਕਰ ਰਹੀਆਂ ਹਨ ਤਾਂ ਜੋ ਬਿਨਾਂ ਕਿਸੇ ਇਤਰਾਜ਼ ਤੋਂ ਪੰਚਾਇਤਾਂ ਦੇ ਮਤੇ ਮਨਜ਼ੂਰ ਹੋ ਸਕਣ ਅਤੇ ਪਿੰਡਾਂ ਵਿਚੋਂ ਠੇਕੇ ਬੰਦ ਹੋ ਸਕਣ ਪਰ ਸਰਕਾਰ ਇਸ ਵਿਚ ਸੋਧ ਨਹੀਂ ਕਰ ਰਹੀ। ਹੁਣ ਸ਼ਰਾਬ ਦੇ ਠੇਕੇ ਖੋਲ੍ਹਣ ਵਾਸਤੇ ਸਰਕਾਰ ਨੇ ਆਬਕਾਰੀ ਨੀਤੀ ਵਿਚ ਤੁਰੰਤ ਸੋਧ ਕਰ ਦਿੱਤੀ ਹੈ, ਜਿਸ ਤੋਂ ਸਪਸ਼ਟ ਹੈ ਕਿ ਸਰਕਾਰ ਖੁਦ ਹੀ ਨਸ਼ਿਆਂ ਨੂੰ ਉਤਸ਼ਾਹਤ ਕਰ ਰਹੀ ਹੈ। ਆਬਕਾਰੀ ਵਿਭਾਗ ਦੇ ਸਹਾਇਕ ਕਮਿਸ਼ਨਰ ਦਰਬਾਰਾ ਸਿੰਘ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 2016-17 ਦੀ ਆਬਕਾਰੀ ਨੀਤੀ ਵਿਚ ਸੋਧ ਕਰ ਕੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ, ਜਿਸ ਤਹਿਤ ਸ਼ਹਿਰਾਂ ਦੀ ਹਦੂਦ ਅੰਦਰ ਨੈਸ਼ਨਲ ਹਾਈਵੇਅ ਉਪਰ ਬਿਜ਼ਨਸ ਪੁਆਇੰਟਾਂ ਉਤੇ ਸ਼ਰਾਬ ਦੇ ਠੇਕੇ ਖੋਲ੍ਹੇ ਜਾ ਸਕਦੇ ਹਨ।
_____________________________________________
ਵੀਅਤਨਾਮ ਦੇ ਨਸ਼ਾ ਮੁਕਤੀ ਕੇਂਦਰ ‘ਚੋਂ ਭੱਜੇ 450 ਨਸ਼ੇੜੀ
ਹੈਨੋਈ: ਇਥੇ ਇਕ ਨਸ਼ਾ ਮੁਕਤੀ ਤੇ ਮੁੜ ਵਸੇਬਾ ਕੇਂਦਰ ਵਿਚੋਂ 450 ਨਸ਼ੇੜੀ ਫਰਾਰ ਹੋ ਗਏ। ਇਨ੍ਹਾਂ ਵਿਚੋਂ ਬਹੁਤੇ ਲਾਜ਼ਮੀ ਇਲਾਜ ਲਈ ਇਥੇ ਦਾਖਲ ਸਨ। ਵੀਅਤਨਾਮ ਦੇ ਦੱਖਣੀ ਸੂਬੇ ਬਾ ਰੀਆ ਵੁੰਗ ਤਾਓ ਵਿਚ ਸਥਿਤ ਇਸ ਕੇਂਦਰ ਵਿਚ ਨਸ਼ੇੜੀਆਂ ਨੇ ਪਹਿਲਾਂ ਗਾਰਡਾਂ ‘ਤੇ ਹਮਲਾ ਕੀਤਾ ਅਤੇ ਮਗਰੋਂ ਕੰਧਾਂ ਟੱਪ ਕੇ ਮੁੱਖ ਗੇਟ ਤੋੜਨ ਤੋਂ ਬਾਅਦ ਫਰਾਰ ਹੋ ਗਏ। ਸੂਬੇ ਦੇ ਕਿਰਤ ਵਿਭਾਗ ਦੀ ਡਾਇਰੈਕਟਰ ਲੇ ਥੀ ਤ੍ਰਾਂਗ ਡਾਈ ਨੇ ਦੱਸਿਆ ਕਿ 150 ਮਰੀਜ਼ਾਂ ਨੂੰ ਮੁੜ ਫੜ ਲਿਆ ਗਿਆ, ਜਦੋਂ ਕਿ 300 ਦੀ ਭਾਲ ਚੱਲ ਰਹੀ ਹੈ। ਵੀਅਤਨਾਮ ਦੀ ਸਮਾਜਵਾਦੀ ਸਰਕਾਰ ਨੇ ਦੇਸ਼ ਦੇ 1æ40 ਲੱਖ ਨਸ਼ੇੜੀਆਂ ਲਈ ਲਾਜ਼ਮੀ ਇਲਾਜ ਪ੍ਰੋਗਰਾਮ ਲਾਗੂ ਕੀਤਾ ਹੈ। ਨਸ਼ੇੜੀ ਆਪਣੇ ਇਲਾਜ ਲਈ ਮਰਜ਼ੀ ਨਾਲ ਵੀ ਮੁੜ ਵਸੇਬਾ ਕੇਂਦਰਾਂ ਵਿਚ ਭਰਤੀ ਹੋ ਸਕਦੇ ਹਨ। ਡਾਈ ਨੇ ਕਿਹਾ ਕਿ ਫਰਾਰ ਹੋਣ ਵਾਲਿਆਂ ਵਿਚ ਲਾਜ਼ਮੀ ਤੇ ਮਨਮਰਜ਼ੀ ਨਾਲ ਕੇਂਦਰ ਵਿਚ ਆਏ ਦੋਵਾਂ ਤਰ੍ਹਾਂ ਦੇ ਮਰੀਜ਼ ਸ਼ਾਮਲ ਹਨ।