ਅਕਾਲੀਆਂ ਦੇ ਰਾਜ ਵਿਚ ਪੁਲਿਸ ਦੀ ਵੀ ਸ਼ਾਮਤ ਆਈ

ਚੰਡੀਗੜ੍ਹ: ਪੰਜਾਬ ਪੁਲਿਸ ਦੀ ਅੱਜ ਕੱਲ੍ਹ ਸ਼ਾਮਤ ਆਈ ਹੋਈ ਹੈ। ਇਕ ਪਾਸੇ ਪੁਲਿਸ ਅਧਿਕਾਰੀ ਸਿਆਸੀ ਦਬਾਅ ਕਰਕੇ ਕੋਈ ਵੀ ਕਾਰਵਾਈ ਕਰਨ ਤੋਂ ਕੰਨੀ ਕਤਰਾ ਰਹੇ ਹਨ ਤੇ ਦੂਜੇ ਪਾਸੇ ਸਰਕਾਰ ਕਿਸੇ ਵੀ ਦੋਸ਼ ਵਿਚ ਘਿਰੇ ਅਫਸਰ ਨੂੰ ਘਰ ਦਾ ਤੁਰਤ-ਫੁਰਤ ਰਾਹ ਵਿਖਾ ਰਹੀ ਹੈ। ਇਸ ਸਭ ਦੇ ਚੱਲਦਿਆਂ ਇਹ ਚਰਚਾ ਵੀ ਭਾਰੂ ਹੈ ਕਿ ਇਸ ਨਾਲ ਪੁਲਿਸ ਦਾ ਮਨੋਬਲ ਡਿੱਗ ਰਿਹਾ ਹੈ ਤੇ ਉਹ ਹੁਣ ਆਪਣੀ ਖ਼ੁਦ ਦੀ ਵੀ ਰਾਖੀ ਕਰਨ ਤੋਂ ਡਰ ਰਹੀ ਹੈ।
ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਐਵਾਰਡੀ ਤੇ ਏਸ਼ਿਆਈ ਖੇਡਾਂ ਵਿਚ ਭਾਰਤ ਦੀ ਨੁਮਾਇੰਦਗੀ ਕਰ ਚੁੱਕੇ ਐਸਪੀ ਧਰਮ ਸਿੰਘ ਉਪਲ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋਣ ਤੇ ਵਿਜੀਲੈਂਸ ਪੰਜਾਬ ਦੀ ਐਸਪੀ ਅਮਨਦੀਪ ਕੌਰ ਰਾਏ ਨੂੰ ਈਟੀਓ ਰਣਜੀਤ ਸਿੰਘ ਨੂੰ ਖੁਦਕੁਸ਼ੀ ਕਰਨ ਦੇ ਦੋਸ਼ ਤਹਿਤ ਜੇਲ੍ਹ ਵਿਚ ਬੰਦ ਕਰਨ ਦੀਆਂ ਘਟਨਾਵਾਂ ਨੇ ਪੰਜਾਬ ਪੁਲਿਸ ਵਿਚ ਨਵੀਂ ਚਰਚਾ ਛੇੜੀ ਹੈ।
ਉਂਜ ਪਤਾ ਲੱਗਾ ਹੈ ਕਿ ਪੰਜਾਬ ਕਾਂਗਰਸ ਵੱਲੋਂ ਰਾਜ ਦੀ ਅਮਨ ਤੇ ਕਾਨੂੰਨ ਦੀ ਵਿਗੜੀ ਵਿਵਸਥਾ ਦੇ ਆਧਾਰ ‘ਤੇ ਇਥੇ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਪਿਛਲੇ ਸਮੇਂ ਤੋਂ ਚਲਾਈ ਚਰਚਾ ਕਾਰਨ ਸਰਕਾਰ ਵੱਲੋਂ ਆਪਣੇ ਉਪਰ ਕਿਸੇ ਤਰ੍ਹਾਂ ਦੀ ਉਂਗਲ ਉਠਣ ਤੋਂ ਪਹਿਲਾਂ ਹੀ ਕਾਹਲ ਵਿਚ ਪੁਲਿਸ ਅਧਿਕਾਰੀਆਂ ਤੇ ਮੁਲਾਜ਼ਮਾਂ ਵਿਰੁੱਧ ਧੜਾਧੜ ਕਾਰਵਾਈ ਕਰਨ ਕਾਰਨ ਪੁਲਿਸ ਵਿਚ ਪਹਿਲੀ ਵਾਰ ਨਵੀਂ ਤਰ੍ਹਾਂ ਦੀ ਹਾਲਤ ਪੈਦਾ ਹੋਈ ਹੈ।
ਐਨਸੀਆਰਬੀ ਦੇ ਅੰਕੜਿਆਂ ਅਨੁਸਾਰ 2011 ਦੌਰਾਨ ਪੰਜਾਬ ਪੁਲਿਸ ਦੇ ਕੁੱਲ 67 ਹਜ਼ਾਰ ਦੇ ਕਰੀਬ ਮੁਲਾਜ਼ਮਾਂ ਵਿਚੋਂ 5800 ਦੇ ਕਰੀਬ ਮੁਲਾਜ਼ਮਾਂ ਖ਼ਿਲਾਫ ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ। ਪੰਜਾਬ ਪੁਲਿਸ ਉਪਰ ਜਿਥੇ ਲੋਕ ਰੋਹ ਕਾਰਨ ਐਕਸ਼ਨ ਲਏ ਗਏ ਹਨ ਉਥੇ ਸੀਬੀਆਈ ਨੇ ਵੀ ਪੰਜਾਬ ਪੁਲਿਸ ਦੇ ਏਆਈਜੀਪੀਐਸ ਬਰਾੜ ਤੇ ਡੀਐਸਪੀ ਰਾਕਾ ਗੇਰਾ ਨੂੰ ਪਿਛਲੇ ਸਮੇਂ ਰਿਸ਼ਵਤ ਲੈਂਦਿਆਂ ਫੜਨ ਕਾਰਨ ਖਾਕੀ ਵਰਦੀ ਸ਼ਰਮਸ਼ਾਰ ਹੋਈ ਹੈ।
ਇਸ ਤੋਂ ਇਲਾਵਾ ਪੰਜਾਬ ਪੁਲਿਸ ਦੇ ਮੁਖੀ ਸੁਮੇਧ ਸੈਣੀ ਸਮੇਤ ਤਕਰੀਬਨ 400 ਪੁਲਿਸ ਅਧਿਕਾਰੀਆਂ ਤੇ ਮੁਲਾਜ਼ਮਾਂ ਵਿਰੁੱਧ ਵੱਖ-ਵੱਖ ਦੋਸ਼ਾਂ ਤਹਿਤ ਅਦਾਲਤਾਂ ਵਿਚ ਕੇਸ ਵੀ ਚੱਲ ਰਹੇ ਹਨ। ਇਨ੍ਹਾਂ ਵਿਚ ਪੰਜ ਦਰਜਨ ਦੇ ਕਰੀਬ ਆਈਪੀਐਸ ਤੇ ਪੀਪੀਐਸ ਅਧਿਕਾਰੀ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਐਸਪੀ ਧਰਮ ਸਿੰਘ ਉਪਲ ਦੇ ਪੁੱਤਰ ਨੂੰ ਪਿਛਲੇ ਸਮੇਂ ਇਕ ਅਫਰੀਕੀ ਵਿਦਿਆਰਥੀ ਉਤੇ ਕਾਤਲਾਨਾ ਹਮਲਾ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰਨ ਤੋਂ ਬਾਅਦ ਸ਼ ਉਪਲ ਨੂੰ ਇਸ ਆਧਾਰ ‘ਤੇ ਮੁਅੱਤਲ ਕੀਤਾ ਸੀ ਕਿ ਉਸ ਨੇ ਆਪਣੇ ਪੁੱਤਰ ਨੂੰ ਹਿਰਾਸਤ ਦੌਰਾਨ ਵੀਆਈਪੀ ਸਹੂਲਤਾਂ ਦਿਵਾਈਆਂ ਹਨ।ਸੂਤਰਾਂ ਅਨੁਸਾਰ ਉਹ ਇਨ੍ਹਾਂ ਘਟਨਾਵਾਂ ਤੋਂ ਬਾਅਦ ਮਾਨਸਿਕ ਪ੍ਰੇਸ਼ਾਨੀ ਵਿਚੋਂ ਗੁਜਰ ਰਿਹਾ ਸੀ। ਪਟਵਾਰੀ ਮੋਹਨ ਸਿੰਘ ਭੇਡਪੁਰਾ ਉਪਰ ਝੂਠਾ ਕੇਸ ਕਰਨ ਦੇ ਦੋਸ਼ਾਂ ਤਹਿਤ ਵਿਜੀਲੈਂਸ ਦੇ ਅਧਿਕਾਰੀ ਸ਼ਿਵ ਕੁਮਾਰ ਸ਼ਰਮਾ ਸਮੇਤ ਕਈ ਸੀਨੀਅਰ ਅਧਿਕਾਰੀਆਂ ਵਿਰੁੱਧ ਹੋਈ ਕਾਰਵਾਈ ਵੀ ਇਕ ਮਿਸਾਲ ਹੈ।
ਦਰਅਸਲ ਪੁਲਿਸ ਉਤੇ ਸਾੜਸਤੀ ਦਾ ਦੌਰ ਪਿਛਲੇ ਵਰ੍ਹੇ 24 ਸਤੰਬਰ ਨੂੰ ਫਰੀਦਕੋਟ ਵਿਖੇ ਇਕ 15 ਸਾਲਾ ਲੜਕੀ ਨੂੰ ਸ਼ਰੇਆਮ ਉਸ ਦੇ ਘਰੋਂ ਅਗਵਾ ਕਰਨ ਤੋਂ ਬਾਅਦ ਸ਼ੁਰੂ ਹੋਇਆ ਸੀ। ਇਸ ਕਾਂਡ ਵਿਚ ਵੀ ਪੁਲਿਸ ਦੇ ਕਈ ਮੁਲਾਜ਼ਮਾਂ ਵਿਰੁੱਧ ਕਾਰਵਾਈ ਕੀਤੀ ਗਈ ਸੀ।
ਇਸ ਤੋਂ ਬਾਅਦ ਪਿਛਲੇ ਵਰ੍ਹੇ ਪੰਜ ਦਸੰਬਰ ਨੂੰ ਅੰਮ੍ਰਿਤਸਰ ਵਿਖੇ ਆਪਣੀ ਧੀ ਦੀ ਇੱਜ਼ਤ ਬਚਾਉਂਦੇ ਏਐਸਆਈ ਰਵਿੰਦਰਪਾਲ ਸਿੰਘ ਦਾ ਇਕ ਅਕਾਲੀ ਆਗੂ ਨੇ ਕਤਲ ਕਰ ਦਿੱਤਾ ਸੀ।
ਇਸ ਮਾਮਲੇ ਵਿਚ ਛੇਹਰਟਾ ਥਾਣੇ ਦੇ ਐਸਐਚਓ ਸਮੇਤ ਕੁਝ ਹੋਰ ਮੁਲਾਜ਼ਮਾਂ ਦੀਆਂ ਨੌਕਰੀਆਂ ਖੋਹੀਆਂ ਗਈਆਂ ਸਨ। ਇਸੇ ਦੌਰਾਨ ਪੰਜਾਬ ਸਰਕਾਰ ਨੇ ਨਾਟਕੀ ਢੰਗ ਨਾਲ ਅੰਮ੍ਰਿਤਸਰ ਦੇ ਡੀਆਈਜੀ ਪਰਮਰਾਜ ਸਿੰਘ ਉਮਰਾਨੰਗਲ ਨੂੰ ਮੁਅੱਤਲ ਕੀਤਾ ਗਿਆ ਸੀ ਪਰ ਅੱਜ ਤੱਕ ਸਰਕਾਰ ਨੇ ਸਪਸ਼ਟ ਨਹੀਂ ਕੀਤਾ ਕਿ ਇਸ ਅਧਿਕਾਰੀ ਨੂੰ ਕਿਹੜੇ ਦੋਸ਼ਾਂ ਤਹਿਤ ਮੁਅੱਤਲ ਕੀਤਾ ਗਿਆ ਹੈ।
ਇਸ ਤੋਂ ਬਾਅਦ ਪਿਛਲੇ ਵਰ੍ਹੇ ਹੀ 26 ਦਸੰਬਰ ਨੂੰ ਪਟਿਆਲਾ ਜ਼ਿਲ੍ਹੇ ਦੀ ਸਮੂਹਕ ਬਲਾਤਕਾਰ ਦੀ ਪੀੜਤ ਇਕ ਲੜਕੀ ਵੱਲੋਂ ਪੁਲਿਸ ਦੀਆਂ ਅਣਗਹਿਲੀਆਂ ਕਾਰਨ ਖੁਦਕੁਸ਼ੀ ਕਰਨ ਕਾਰਨ ਥਾਣੇਦਾਰ ਨਸੀਬ ਸਿੰਘ ਸਮੇਤ ਹੋਰਾਂ ਉਪਰ ਗਾਜ਼ ਡਿੱਗੀ ਤੇ ਇਹ ਥਾਣੇਦਾਰ ਆਪਣੇ-ਆਪ ਨੂੰ ਬੇਕਸੂਰ ਦੱਸਦਾ ਆ ਰਿਹਾ ਹੈ। ਇਸ ਤੋਂ ਬਾਅਦ ਪੰਜਾਬ ਪੁਲਿਸ ਦੇ ਖਾਲੜਾ ਥਾਣੇ ਵਿਚ ਉਤਰਾਖੰਡ ਦੇ ਦੂਹਰੇ ਕਤਲ ਦੇ ਦੋ ਮੁਲਜ਼ਮਾਂ ਨੂੰ ਬਚਾਉਣ ਲਈ ਉਸੇ ਸਮੇਂ ਉਨ੍ਹਾਂ ਵਿਰੁੱਧ ਸ਼ਰਾਬ ਦੀਆਂ ਚਾਰ ਪੇਟੀਆਂ ਫੜਨ ਦੇ ਦੋਸ਼ਾਂ ਤਹਿਤ ਦਰਜ ਕੀਤੇ ਕੇਸ ਕਾਰਨ ਇਸ ਥਾਣੇ ਦੇ ਐਸਐਚਓ ਦੀ ਨੌਕਰੀ ਖਤਮ ਕੀਤੀ ਗਈ ਸੀ।
ਹਾਲੇ ਇਹ ਮਾਮਲੇ ਗਰਮਾਏ ਹੀ ਪਏ ਸਨ ਕਿ ਲੁਧਿਆਣਾ ਵਿਖੇ ਪੰਜਾਬ ਪੁਲਿਸ ਦੇ ਇਕ ਏਆਈਜੀਐਸਐਸ ਮੰਡ ਦੀ ਇਕ ਅਕਾਲੀ ਆਗੂ ਵੱਲੋਂ ਲੱਤ ਭੰਨ੍ਹਣ ਕਾਰਨ ਇਹ ਗੱਲ ਵੀ ਫਿਰ ਉਭਰ ਕੇ ਸਾਹਮਣੇ ਆ ਗਈ ਹੈ ਕਿ ਪੰਜਾਬ ਪੁਲਿਸ ਉਤੇ ਸਿਆਸੀ ਆਗੂਆਂ ਦਾ ਗਲਬਾ ਹੈ। ਹੁਣ ਬਠਿੰਡਾ ਵਿਖੇ ਇਕ ਅਕਾਲੀ ਆਗੂ ਦੇ ਪੁੱਤਰ ਵੱਲੋਂ ਥਾਣੇਦਾਰ ਦੀ ਕੁੱਟਮਾਰ ਕਰਨ ਦੇ ਮਾਮਲੇ ਵਿਚ ਸਰਕਾਰ ਵੱਲੋਂ ਸਖ਼ਤ ਐਕਸ਼ਨ ਲੈਣ ਵਾਲੇ ਏਐਸਪੀ ਕੇਤਿਨ ਪਾਟਿਲ ਦੀ ਬਦਲੀ ਕਰਨ ਕਾਰਨ ਨਵੀਂ ਚਰਚਾ ਛਿੜ ਗਈ ਹੈ।
ਇਸ ਤੋਂ ਇਲਾਵਾ ਪਿਛਲੇ ਸਮੇਂ ਕਈ ਹੋਰ ਮੁਲਾਜ਼ਮਾਂ ਵਿਰੁੱਧ ਵੀ ਵੱਖ-ਵੱਖ ਐਕਸ਼ਨ ਲਏ ਗਏ ਹਨ। ਹਾਲੇ ਨਾਮਧਾਰੀ ਸੁਖਦੇਵ ਸਿੰਘ ਵੱਲੋਂ ਪੰਜਾਬ ਵਿਚ ਜਾਅਲੀ ਦਸਤਾਵੇਜ਼ਾਂ ਦੇ ਆਧਾਰ ‘ਤੇ ਪਾਸਪੋਰਟ ਤੇ ਅਸਲੇ ਦੇ ਲਾਈਸੈਂਸ ਬਣਾਉਣ ਤੇ ਰਾਜ ਦੇ ਥਾਣਿਆਂ ਵਿਚ ਲੱਗੇ ਗੈਰ-ਮਿਆਰੀ ਸੀਸੀਟੀਵੀ ਕੈਮਰਿਆਂ ਦੇ ਮਾਮਲਿਆਂ ਵਿਚ ਪੁਲਿਸ ਫਸੀ ਪਈ ਹੈ।

Be the first to comment

Leave a Reply

Your email address will not be published.