ਅੰਬੇਡਕਰ ਤੇ ਦਰੋਣਾਚਾਰੀਆ ਵਿਚਾਲੇ ਭਟਕ ਰਹੀ ਭਾਜਪਾ

-ਜਤਿੰਦਰ ਪਨੂੰ
ਪਿਛਲੇ ਦਿਨੀਂ ਸਮਾਜ ਸੇਵੀ ਸਵਾਮੀ ਅਗਨੀਵੇਸ਼ ਪੰਜਾਬ ਆਏ ਸਨ। ਉਨ੍ਹਾਂ ਬਾਰੇ ਅਸੀਂ ਕਦੇ ਉਲਾਰ ਹੋਣ ਦੀ ਗਲਤੀ ਨਹੀਂ ਕੀਤੀ ਤੇ ਜਦੋਂ ਕਦੀ ਉਨ੍ਹਾਂ ਨੇ ਕੋਈ ਕੁਚੱਜ ਕੀਤਾ ਹੈ, ਉਸ ਦਾ ਨੋਟਿਸ ਵੀ ਲੈਣ ਤੋਂ ਉਕਦੇ ਨਹੀਂ, ਪਰ ਜਦੋਂ ਕਦੀ ਉਹ ਕੋਈ ਚੱਜ ਦੀ ਗੱਲ ਕਹਿੰਦੇ ਹਨ, ਉਸ ਨੂੰ ਨੋਟ ਕਰਨੋਂ ਵੀ ਕੋਤਾਹੀ ਨਹੀਂ ਕੀਤੀ। ਇਸ ਵਾਰ ਪੰਜਾਬ ਦੇ ਗੇੜੇ ਲਈ ਆਏ ਹੋਏ ਸਵਾਮੀ ਅਗਨੀਵੇਸ਼ ਨੇ ਭਾਜਪਾ ਨੂੰ ਸਵਾਲ ਕੀਤਾ ਹੈ ਕਿ ਉਹ ਭਾਰਤ ਦੇ ਇਤਿਹਾਸ ਦੀਆਂ ਨੇਕ ਰਵਾਇਤਾਂ ਉਤੇ ਆਪਣਾ ਹੱਕ ਦੱਸਦੀ ਹੈ, ਸ਼ਹੀਦ ਭਗਤ ਸਿੰਘ ਨੂੰ ਵੀ ਆਪਣਾ ਬਣਾ ਤੁਰੀ ਹੈ, ਏਨੀ ਗੱਲ ਦੱਸ ਦੇਵੇ ਕਿ ਆਜ਼ਾਦੀ ਲਹਿਰ ਵੇਲੇ ਉਸ ਦਾ ਆਪਣਾ ਕਿਹੜਾ ਆਗੂ ਫਾਂਸੀ ਲੱਗਾ ਸੀ?

ਬੜੇ ਵੱਡੇ ਕਿੰਤੂ ਵਾਲਾ ਇਹੋ ਸਵਾਲ ਕੁਝ ਦਿਨ ਪਹਿਲਾਂ ਆਮ ਆਦਮੀ ਪਾਰਟੀ ਦੇ ਆਗੂ ਤੇ ਸਾਬਕਾ ਪੱਤਰਕਾਰ ਆਸ਼ੂਤੋਸ਼ ਨੇ ਇੱਕ ਅਖਬਾਰੀ ਲੇਖ ਵਿੱਚ ਉਛਾਲਿਆ ਸੀ ਕਿ ਸ਼ਹੀਦ ਭਗਤ ਸਿੰਘ ਨੂੰ ਭਾਜਪਾ ਆਪਣਾ ਬਣਾਉਣ ਤੁਰ ਪਈ ਹੈ, ਇਹ ਵੀ ਦੱਸ ਦੇਵੇ ਕਿ ਇੱਕ ਵੀ ਗੱਲ ਉਹ ਕਿਹੜੀ ਹੈ, ਜੋ ਭਾਜਪਾ ਦੀ ਭਗਤ ਸਿੰਘ ਨਾਲ ਮਿਲਦੀ ਹੈ? ਉਸ ਨੇ ਇਤਿਹਾਸ ਦੇ ਪੰਨੇ ਖੋਲ੍ਹ ਕੇ ਸਪੱਸ਼ਟ ਕੀਤਾ ਸੀ ਕਿ ਭਗਤ ਸਿੰਘ ਤਾਂ ਕਮਿਊਨਿਸਟ ਵਿਚਾਰਧਾਰਾ ਨਾਲ ਜੁੜਿਆ ਹੋਇਆ ਇਨਕਲਾਬੀ ਸੀ ਤੇ ਉਸ ਦੇ ਸੰਗਰਾਮ ਸਾਥੀ ਵੀ ਕਿਸੇ ਇੱਕ ਧਰਮ ਦੀ ਰਾਜਨੀਤੀ ਦੇ ਖਿਲਾਫ ਸਨ। ਭਾਜਪਾ ਇਸ ਤੋਂ ਉਲਟ ਜਗ੍ਹਾ ਖੜੀ ਹੈ। ਕਿਸੇ ਪੈਂਤੜੇ ਕਾਰਨ ਵੀ ਉਹ ਭਗਤ ਸਿੰਘ ਤੇ ਉਸ ਦੇ ਸਾਥੀਆਂ ਦੇ ਨਾਲ ਖੜੇ ਹੋਣ ਜੋਗੀ ਨਹੀਂ।
ਇਤਿਹਾਸ ਦੱਸਦਾ ਹੈ ਕਿ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਜਦੋਂ ਅਦਾਲਤ ਵਿੱਚ ਪੇਸ਼ ਕੀਤਾ ਜਾਂਦਾ ਸੀ ਤਾਂ ਉਹ ‘ਇਨਕਲਾਬ ਜ਼ਿੰਦਾਬਾਦ, ਪ੍ਰੋਲੇਤਾਰੀ ਜ਼ਿੰਦਾਬਾਦ’ ਦੇ ਨਾਅਰੇ ਲਾਉਂਦੇ ਸਨ। ‘ਪ੍ਰੋਲੇਤਾਰੀ’ ਦਾ ਅਰਥ ਉਹ ਕਿਰਤੀ ਹੁੰਦਾ ਹੈ, ਜਿਸ ਦੇ ਪੱਲੇ ਕ੍ਰਿਤ ਦੇ ਸੰਦ ਵੀ ਆਪਣੇ ਨਹੀਂ ਹੁੰਦੇ ਤੇ ਇਹ ਨਾਅਰਾ ਸੰਸਾਰ ਭਰ ਵਿੱਚ ਲਾਲ ਝੰਡੇ ਵਾਲੇ ਲੋਕਾਂ ਦੇ ਮੁਜ਼ਾਹਰਿਆਂ ਵਿੱਚ ਗੂੰਜਦਾ ਹੈ, ਹੋਰ ਕਿਸੇ ਥਾਂ ਨਹੀਂ ਲੱਗਦਾ। ਭਗਤ ਸਿੰਘ ਤੇ ਉਸ ਦੇ ਸਾਥੀਆਂ ਵੱਲੋਂ ਅਦਾਲਤੀ ਕਾਰਵਾਈ ਵੇਲੇ ਪੰਜ ਮੌਕਿਆਂ ਉਤੇ ਵੱਖਰੇ ਜੋਸ਼ ਦਾ ਮੁਜ਼ਾਹਰਾ ਕੀਤਾ ਗਿਆ, ਜਿਨ੍ਹਾਂ ਵਿੱਚ ਕਾਕੋਰੀ ਕਾਂਡ, ਲੈਨਿਨ ਦਾ ਜਨਮ ਦਿਨ, ਕਿਰਤੀ ਲਹਿਰ ਦਾ ‘ਮਈ ਦਿਵਸ’, ਲਾਲਾ ਲਾਜਪਤ ਰਾਏ ਦਿਵਸ ਤੇ ਪੰਜਵਾਂ ਮੌਕਾ ਜਨੇਵਾ ਵਿੱਚ ਸ਼ਿਆਮਜੀ ਕ੍ਰਿਸ਼ਨ ਵਰਮਾ ਦੀ ਸ਼ਹੀਦੀ ਦਾ ਦਿਨ ਸੀ। ਲੈਨਿਨ ਦਾ ਜਨਮ ਦਿਨ ਤੇ ਮਈ ਦਿਨ ਮਨਾਉਣ ਵਾਲਾ ਭਗਤ ਸਿੰਘ ਕਦੇ ਵੀ ਭਾਜਪਾ ਵਾਲਿਆਂ ਦਾ ਮਾਰਗ-ਦਰਸ਼ਕ ਨਹੀਂ ਮੰਨਿਆ ਜਾ ਸਕਦਾ।
ਫਿਰ ਵੀ ਭਾਜਪਾ ਲੀਡਰਸ਼ਿਪ ਨੂੰ ਭਗਤ ਸਿੰਘ ਚਾਹੀਦਾ ਹੈ ਤੇ ਉਦਾਂ ਹੀ ਚਾਹੀਦਾ ਹੈ, ਜਿਵੇਂ ਮਹਾਤਮਾ ਗਾਂਧੀ ਦੇ ਕਾਤਲ ਨਥੂ ਰਾਮ ਗੌਡਸੇ ਨੂੰ ਪੰਜਾਹ ਸਾਲ ਵਡਿਆਉਣ ਪਿੱਛੋਂ ਗਾਂਧੀ ਨੂੰ ਆਪਣਾ ਬਾਪੂ ਮੰਨਣ ਤੇ ਬਾਪੂ ਦੇ ਕਤਲ ਪਿੱਛੋਂ ਆਰ ਐਸ ਐਸ ਉਤੇ ਪਾਬੰਦੀ ਲਾਉਣ ਵਾਲੇ ਸਰਦਾਰ ਵੱਲਭ ਭਾਈ ਪਟੇਲ ਨੂੰ ਚੁੱਕ ਤੁਰੀ ਹੈ। ਇਤਿਹਾਸ ਬੜਾ ਸਪੱਸ਼ਟ ਹੈ ਕਿ ਵੱਲਭ ਭਾਈ ਪਟੇਲ ਦਾ ਭਾਜਪਾਈ ਸੋਚਣੀ ਨਾਲ ਕੋਈ ਸਬੰਧ ਨਹੀਂ ਸੀ। ਮਹਾਰਾਸ਼ਟਰ ਵਿੱਚ ਜਦੋਂ ਪਹਿਲੀ ਵਾਰ ਸ਼ਿਵ ਸੈਨਾ ਅਤੇ ਭਾਜਪਾ ਦੀ ਸਾਂਝੀ ਸਰਕਾਰ ਬਣੀ ਤਾਂ ਗਾਂਧੀ ਕਤਲ ਕੇਸ ਵਿੱਚ ਫਾਂਸੀ ਲੱਗੇ ਨਥੂ ਰਾਮ ਗੌਡਸੇ ਦੇ ਉਮਰ ਕੈਦ ਕੱਟ ਚੁੱਕੇ ਭਰਾ ਗੋਪਾਲ ਗੌਡਸੇ ਦਾ ਜਨਤਕ ਸਨਮਾਨ ਕੀਤਾ ਗਿਆ ਸੀ। ਗਾਂਧੀ ਦੀ ਲੋੜ ਉਨ੍ਹਾਂ ਨੂੰ ਉਦੋਂ ਪਈ ਸੀ, ਜਦੋਂ ਗੁਜਰਾਤ ਵਿੱਚ ਆਪਣੇ ਪਾਪਾਂ ਨਾਲ ਬਦਨਾਮ ਹੋ ਚੁੱਕੀ ਕਾਂਗਰਸ ਪਾਰਟੀ ਨੂੰ ਜੜ੍ਹਾਂ ਤੋਂ ਕੱਢਣ ਲਈ ਉਥੋਂ ਦੇ ਲੋਕਾਂ ਵਿੱਚ ਬਣੇ ਹੋਏ ਮਹਾਤਮਾ ਗਾਂਧੀ ਦੇ ਅਕਸ ਦਾ ਲਾਭ ਲੈਣਾ ਸੀ।
ਇਸ ਹਫਤੇ ਭਾਜਪਾ ਨੇ ਇਹੋ ਜਿਹੇ ਦੋ ਕਦਮ ਹੋਰ ਅੱਗੜ-ਪਿੱਛੜ ਚੁੱਕੇ ਹਨ, ਜਿਹੜੇ ਇਸ ਦੀ ਮਾਨਸਿਕਤਾ ਵੀ ਜ਼ਾਹਰ ਕਰਦੇ ਹਨ ਤੇ ਮਜਬੂਰੀ ਵੀ। ਇੱਕ ਪਾਸੇ ਡਾæ ਭੀਮ ਰਾਓ ਅੰਬੇਡਕਰ ਨੂੰ ਸਤਿਕਾਰ ਦੇਣ ਦਾ ਵਿਖਾਵਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਇਹ ਕਿਹਾ ਹੈ ਕਿ ਅੰਬੇਡਕਰ ਨੂੰ ਬਣਦਾ ਥਾਂ ਨਹੀਂ ਦਿੱਤਾ ਗਿਆ ਅਤੇ ਅਸੀਂ ਦੇਵਾਂਗੇ। ਦੂਸਰੇ ਪਾਸੇ ਇਸੇ ਹਫਤੇ ਦੌਰਾਨ ਹਰਿਆਣੇ ਦੀ ਭਾਜਪਾ ਸਰਕਾਰ, ਜਿਸ ਦੀ ਅਗਵਾਈ ਇੱਕ ਸੋਇਮ ਸੇਵਕ ਦੇ ਹੱਥ ਹੈ, ਨੇ ਇਹ ਫੈਸਲਾ ਕਰ ਦਿੱਤਾ ਹੈ ਕਿ ਗੁੜਗਾਉਂ ਸ਼ਹਿਰ ਦਾ ਨਵਾਂ ਨਾਂ ‘ਗੁਰੂ ਗ੍ਰਾਮ’ ਹੋਵੇਗਾ। ਡਾਕਟਰ ਅੰਬੇਡਕਰ ਨੂੰ ਸਤਿਕਾਰ ਦੇਣਾ ਰਾਜਨੀਤਕ ਮਜਬੂਰੀ ਹੈ ਤੇ ‘ਗੁਰੂ ਗ੍ਰਾਮ’ ਭਾਜਪਾ ਦੀ ਮਾਨਸਿਕਤਾ ਨੂੰ ਜ਼ਾਹਰ ਕਰਦਾ ਹੈ।
ਪਹਿਲੀ ਗੱਲ ਇਹ ਕਿ ਡਾæ ਅੰਬੇਡਕਰ ਉਨ੍ਹਾਂ ਦਲਿਤਾਂ ਦੇ ਮਸੀਹਾ ਕਹਾਉਂਦੇ ਸਨ, ਜਿਨ੍ਹਾਂ ਦਾ ਭਾਜਪਾ ਨੂੰ ਕੋਈ ਦਰਦ ਨਹੀਂ। ਡਾæ ਅੰਬੇਡਕਰ ਨੇ ਸੰਵਿਧਾਨ ਵਿੱਚ ਇਹ ਵੀ ਲਿਖਣਾ ਚਾਹਿਆ ਸੀ ਕਿ ਔਰਤ ਨੂੰ ਮਰਦ ਦੇ ਬਰਾਬਰੀ ਵਾਲੇ ਹੱਕ ਹੋਣਗੇ, ਪਰ ਭਾਜਪਾ ਲੀਡਰਸ਼ਿਪ ਅੱਜ ਤੱਕ ਕਈ ਥਾਂਈਂ ਮੰਦਰਾਂ ਵਿੱਚ ਔਰਤਾਂ ਦੇ ਜਾਣ ਦਾ ਵਿਰੋਧ ਕਰਦੇ ਲੋਕਾਂ ਨਾਲ ਉਦੋਂ ਤੱਕ ਖੜੀ ਰਹਿੰਦੀ ਹੈ, ਜਦੋਂ ਤੱਕ ਅਦਾਲਤਾਂ ਸਖਤੀ ਨਹੀਂ ਕਰਦੀਆਂ। ਹੈਦਰਾਬਾਦ ਯੂਨੀਵਰਸਿਟੀ ਦੇ ਰੋਹਿਤ ਵੇਮੁਲਾ ਦੇ ਦਲਿਤ ਹੋਣ ਦਾ ਰਿਜ਼ਰਵੇਸ਼ਨ ਦਾ ਹੱਕ ਤਾਂ ਕੀ ਮੰਨਣਾ ਸੀ, ਉਸ ਨੂੰ ਯੋਗਤਾ ਨਾਲ ਬਾਕੀਆਂ ਤੋਂ ਅੱਗੇ ਲੰਘਦਾ ਵੇਖ ਕੇ ਵੀ ਜਰਿਆ ਨਹੀਂ ਗਿਆ ਤੇ ਭਾਜਪਾ ਦੀ ਵਿਦਿਆਰਥੀ ਜਥੇਬੰਦੀ ਤੇ ਦੋ ਕੇਂਦਰੀ ਮੰਤਰੀਆਂ ਨੇ ਏਦਾਂ ਦੇ ਹਾਲਾਤ ਪੈਦਾ ਕੀਤੇ ਕਿ ਉਹ ਖੁਦਕੁਸ਼ੀ ਕਰ ਗਿਆ। ਹੁਣ ਉਸ ਦਾ ਭਰਾ ਅਤੇ ਮਾਂ ਹਿੰਦੂ ਧਰਮ ਛੱਡ ਕੇ ਉਦਾਂ ਹੀ ਬੁੱਧ ਧਰਮ ਵਿੱਚ ਚਲੇ ਗਏ ਹਨ, ਜਿਵੇਂ ਕਦੇ ਡਾæ ਅੰਬੇਡਕਰ ਨੇ ਕੀਤਾ ਸੀ। ਭਾਜਪਾ ਨੇ ਮਾਂ-ਪੁੱਤਰ ਦੇ ਬੁੱਧ ਧਰਮ ਵਿੱਚ ਜਾਣ ਦਾ ਵਿਰੋਧ ਕਰਨ ਦੀ ਥਾਂ ਇਹ ਕਿਹਾ ਹੈ ਕਿ ‘ਧਰਮ ਬਦਲਣਾ ਕਿਸੇ ਦਾ ਨਿੱਜੀ ਮਾਮਲਾ ਹੈ’, ਪਰ ਇਹ ਉਨ੍ਹਾਂ ਲੋਕਾਂ ਦਾ ਵੀ ਨਿੱਜੀ ਮਾਮਲਾ ਸੀ, ਜਿਹੜੇ ਪਿਛਲੇ ਸਾਲਾਂ ਵਿੱਚ ਮੁਸਲਿਮ ਬਣਦੇ ਵੇਖ ਕੇ ਭਾਜਪਾ ਦੇ ਛੋਟੇ-ਵੱਡੇ ਸਾਰੇ ਆਗੂ ਤੜਫੀ ਜਾਂਦੇ ਸਨ। ਅਸਲ ਵਿੱਚ ਨਿੱਜੀ ਮਸਲਾ ਕਹਿ ਕੇ ਭਾਜਪਾ ਦੇ ਆਗੂ ਸ਼ਰਮਿੰਦਗੀ ਲੁਕਾਉਣਾ ਚਾਹੁੰਦੇ ਹਨ, ਕਿਉਂਕਿ ਇਸ ਧਰਮ ਪਰਿਵਰਤਨ ਦੀ ਦੀਕਸ਼ਾ ਉਸੇ ਡਾæ ਅੰਬੇਡਕਰ ਦੇ ਪੋਤੇ ਪ੍ਰਕਾਸ਼ ਅੰਬੇਡਕਰ ਨੇ ਦਿੱਤੀ ਹੈ, ਜਿਸ ਅੰਬੇਡਕਰ ਨੂੰ ਉਹ ਚੁੱਕਣਾ ਚਾਹੁੰਦੇ ਹਨ। ਇਹ ਹਾਲਾਤ ਭਾਜਪਾ ਨੇ ਆਪ ਪੈਦਾ ਕੀਤੇ ਹੋਏ ਹਨ। ਦਲਿਤਾਂ ਦਾ ਅਪਮਾਨ ਕਰ ਕੇ ਭਾਜਪਾ ਜਦੋਂ ਅੰਬੇਡਕਰ ਦਾ ਸਨਮਾਨ ਕਰਦੀ ਹੈ ਤਾਂ ਇਹ ਰਾਜਨੀਤਕ ਮਜਬੂਰੀ ਹੈ।
ਅਸਲੀ ਮਾਨਸਿਕਤਾ ਉਹ ਹੈ, ਜਿਹੜੀ ਹਰਿਆਣਾ ਵਿੱਚ ਆਰ ਐਸ ਐਸ ਦੇ ਸੋਇਮ ਸੇਵਕ ਮੁੱਖ ਮੰਤਰੀ ਨੇ ਜ਼ਾਹਰ ਕੀਤੀ ਹੈ। ਉਸ ਨੇ ਪਹਿਲਾਂ ਸ਼ਹੀਦੇ-ਆਜ਼ਮ ਭਗਤ ਸਿੰਘ ਦੀ ਬਜਾਏ ਚੰਡੀਗੜ੍ਹ ਹਵਾਈ ਅੱਡੇ ਦਾ ਨਾਂ ਉਥੋਂ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਅਤੇ ਆਰ ਐਸ ਐਸ ਵਰਕਰ ਰਹਿ ਚੁੱਕੇ ਮੰਗਲ ਸੈਨ ਦੇ ਨਾਂ ਉਤੇ ਰੱਖਣ ਦੀ ਬੜੀ ਦੇਰ ਤੱਕ ਜ਼ਿੱਦ ਕਰੀ ਰਖੀ। ਪਿਛਲੀ ਸਰਕਾਰ ਵੱਲੋਂ ਪਾਸ ਕੀਤਾ ਗਿਆ ਸ਼ਹੀਦ ਭਗਤ ਸਿੰਘ ਦਾ ਨਾਂ ਇਸ ਭਾਜਪਾ ਮੁੱਖ ਮੰਤਰੀ ਨੂੰ ਪਸੰਦ ਨਾ ਆਉਣਾ ਇਸ ਮਾਨਸਿਕਤਾ ਦਾ ਪਹਿਲਾ ਪ੍ਰਗਟਾਵਾ ਸੀ। ਦੂਸਰਾ ਹੁਣ ਗੁੜਗਾਉਂ ਦਾ ਨਾਂ ਬਦਲ ਕੇ ‘ਗੁਰੂ ਗ੍ਰਾਮ’ ਕਰਨ ਨਾਲ ਪੇਸ਼ ਹੋ ਗਿਆ ਹੈ। ਭਾਜਪਾ ਦੀ ਦਲੀਲ ਹੈ ਕਿ ਗੁਰੂ ਦਰੋਣਾਚਾਰੀਆ ਦਾ ਆਸ਼ਰਮ ਏਥੇ ਹੁੰਦਾ ਸੀ, ਜਿਸ ਵਿੱਚ ਕੌਰਵਾਂ ਤੇ ਪਾਂਡਵਾਂ ਨੂੰ ਸਿੱਖਿਆ ਦਿੱਤੀ ਜਾਂਦੀ ਸੀ। ਮਹਾਂਭਾਰਤ ਤੇ ਰਾਮਾਇਣ ਦੇ ਨਾਲ ਜੁੜਦੇ ਬਹੁਤ ਸਾਰੇ ਪ੍ਰਤੀਕਾਂ ਨੂੰ ਭਾਜਪਾ ਅਤੇ ਆਰ ਐਸ ਐਸ ਵੱਲੋਂ ਚੁੱਕ ਕੇ ਵਡਿਆਇਆ ਜਾਂਦਾ ਹੈ ਤੇ ਹੁਣ ਗੁਰੂ ਦਰੋਣਾਚਾਰੀਆ ਦੀ ਮਹਿਮਾ ਗਾਉਣ ਵਾਸਤੇ ਸ਼ਹਿਰ ਦਾ ਨਾਂ ਗੁੜਗਾਉਂ ਤੋਂ ਬਦਲ ਕੇ ‘ਗੁਰੂ ਗ੍ਰਾਮ’ ਕਰਨਾ ਵੀ ਉਸੇ ਮਾਨਸਿਕਤਾ ਦਾ ਹਿੱਸਾ ਹੈ। ਇਹ ਕਦਮ ਹਿੰਦੂਤੱਵ ਦੀ ਰਾਜਨੀਤੀ ਦੇ ਚੌਖਟੇ ਵਿੱਚ ਫਿੱਟ ਬੈਠਦਾ ਹੈ।
ਹਿੰਦੂਤੱਵ ਦੀ ਰਾਜਨੀਤੀ ਦੇ ਚੌਖਟੇ ਵਿੱਚ ਫਿੱਟ ਬੈਠਦਾ ‘ਗੁਰੂ ਗ੍ਰਾਮ’ ਵਾਲਾ ਕੰਮ ਵੀ ਉਸ ਹਫਤੇ ਕੀਤਾ ਗਿਆ ਹੈ, ਜਿਸ ਹਫਤੇ ਦਲਿਤਾਂ ਦੇ ਮਸੀਹਾ ਕਹੇ ਜਾਂਦੇ ਡਾæ ਅੰਬੇਡਕਰ ਦਾ ਜਨਮ ਦਿਨ ਸੀ। ਗੁੜਗਾਉਂ ਦੇ ਲੋਕ ਇਸ ਸ਼ਹਿਰ ਨੂੰ ਜਦੋਂ ਗੁਰੂ ਦਰੋਣਾਚਾਰੀਆ ਦੇ ਨਾਂ ਉਤੇ ‘ਗੁਰੂ ਗ੍ਰਾਮ’ ਕਹਿਣਗੇ ਤਾਂ ਸਿਰਫ ਦਰੋਣਾਚਾਰੀਆ ਯਾਦ ਨਹੀਂ ਆਉਣਾ, ਉਸ ਦੇ ਨਾਲ ਏਕਲਵਿਆ ਨਾਂ ਦਾ ਦਲਿਤ ਵੀ ਯਾਦ ਆਇਆ ਕਰੇਗਾ। ਦਲਿਤ ਬੱਚਾ ਏਕਲਵਿਆ ਵੀ ਦਰੋਣਾਚਾਰੀਆ ਨੂੰ ਤਰਲਾ ਮਾਰਨ ਗਿਆ ਸੀ ਕਿ ਉਸ ਨੂੰ ਕੁਝ ਸਿੱਖਾ ਦਿੱਤਾ ਕਰੇ, ਪਰ ਦਰੋਣਾਚਾਰੀਆ ਨੇ ਦਲਿਤ ਹੋਣ ਕਾਰਨ ਭਜਾ ਦਿੱਤਾ ਸੀ। ਜਦੋਂ ਕੌਰਵਾਂ ਤੇ ਪਾਂਡਵਾਂ ਨੂੰ ਪੜ੍ਹਾ ਕੇ ਦਰੋਣਾਚਾਰੀਆ ਤੁਰ ਗਿਆ, ਏਕਲਵਿਆ ਉਸ ਦੇ ਪੈਰਾਂ ਦੇ ਨਿਸ਼ਾਨ ਵਾਲੀ ਮਿੱਟੀ ਦਾ ਦਰੋਣਾਚਾਰੀਆ ਬਣਾ ਕੇ ਉਸ ਨੂੰ ਗੁਰੂ ਮੰਨ ਕੇ ਕਿਸੇ ਲੁਕਵੇਂ ਥਾਂ ਖੜੋ ਕੇ ਉਸ ਨੂੰ ਟਰੇਨਿੰਗ ਦੇਂਦੇ ਨੂੰ ਰੋਜ਼ ਵੇਖ ਕੇ ਆਪਣੇ-ਆਪ ਸਿੱਖਦਾ ਰਿਹਾ ਸੀ। ਇੱਕ ਦਿਨ ਅਰਜਨ ਵਾਲੀ ਕਮਾਲ ਨਾਲ ਲਾਏ ਗਏ ਉਸ ਦੇ ਨਿਸ਼ਾਨੇ ਨੂੰ ਵੇਖ ਕੇ ਜਦੋਂ ਦਰੋਣਾਚਾਰੀਆ ਨੇ ਪੁੱਛਿਆ ਕਿ ਉਸ ਦਾ ਗੁਰੂ ਕੌਣ ਹੈ ਤਾਂ ਉਸ ਨੇ ਦੱਸਿਆ ਕਿ ਬਾਹਰ ਬੈਠਾ ਵੀ ਉਹ ਦਰੋਣਾਚਾਰੀਆ ਨੂੰ ਗੁਰੂ ਮੰਨ ਕੇ ਸਿੱਖਦਾ ਰਿਹਾ ਸੀ। ਦਰੋਣਾਚਾਰੀਆ ਨੇ ਉਸ ਗਰੀਬ ਨੂੰ ਗੁਰੂ-ਦਕਸ਼ਿਣਾ ਦੇਣ ਨੂੰ ਕਿਹਾ। ਗਰੀਬ ਬੱਚੇ ਨੇ ਪੁੱਛਿਆ ਕਿ ਕੀ ਦੇਵਾਂ, ਤਾਂ ਦਰੋਣਾਚਾਰੀਆ ਨੇ ਗੁਰੂ-ਦਕਸ਼ਿਣਾ ਵਿੱਚ ਉਸ ਦਾ ਅੰਗੂਠਾ ਮੰਗ ਲਿਆ ਸੀ ਅਤੇ ਉਸ ਨੇ ਵੱਢ ਕੇ ਫੜਾ ਵੀ ਦਿੱਤਾ। ਏਕਲਵਿਆ ਤਾਂ ਸੇਵਕ ਦੇ ਸਿਦਕ ਉਤੇ ਪੂਰਾ ਉਤਰਿਆ, ਪਰ ਗੁਰੂ ਦਰੋਣਾਚਾਰੀਆ ਨੇ ਗਰੀਬ ਬੱਚੇ ਨੂੰ ਤੀਰ ਚਲਾਉਣ ਤੋਂ ਵਾਂਝਾ ਕਰਨ ਦੀ ਬਦਨੀਤੀ ਨਾਲ ਉਸ ਦਾ ਅੰਗੂਠਾ ਮੰਗ ਕੇ ਗੁਰੂ-ਪਰੰਪਰਾ ਵੀ ਕਲੰਕਿਤ ਕਰ ਦਿੱਤੀ। ਡਾæ ਅੰਬੇਡਕਰ ਦੇ ਸਤਿਕਾਰ ਦਾ ਪਾਠ ਪੜ੍ਹਾਉਣ ਪਿੱਛੋਂ ਉਸੇ ਹਫਤੇ ਵਿੱਚ ਦਲਿਤਾਂ ਨਾਲ ਜ਼ਿਆਦਤੀ ਦੇ ਮੁੱਢਲੇ ਪ੍ਰਤੀਕ ਕਹੇ ਜਾ ਸਕਦੇ ਗੁਰੂ ਦਰੋਣਾਚਾਰੀਆ ਦੀ ਏਨੀ ਵਡਿਆਈ ਕਰ ਕੇ ਭਾਜਪਾ ਨੇ ਦੱਸ ਦਿੱਤਾ ਹੈ ਕਿ ਉਸ ਲਈ ਦਰੋਣਾਚਾਰੀਆ ਅਤੇ ਅਰਜਨ ਹੋਰ ਹਨ ਤੇ ਏਕਲਵਿਆ ਹੋਰ। ਏਸੇ ਕਾਰਨ ਅੱਜ ਦੀ ਭਾਜਪਾ ਲਈ ਗੌਤਮ ਅਡਾਨੀ ਹੋਰ ਹਨ ਤੇ ਦੇਸ਼ ਵਿੱਚ ਦੋ ਡੰਗ ਦੀ ਰੋਟੀ ਨੂੰ ਤਰਸਦੇ ਆਮ ਲੋਕ ਕਿਸੇ ਹੋਰ ਖਾਨੇ ਵਿੱਚ ਰੱਖਣ ਅਤੇ ਤੋਲਣ ਦੀ ਆਈਟਮ ਗਿਣੇ ਜਾ ਰਹੇ ਹਨ।
ਜਿੱਦਾਂ ਕਿਸੇ ਧਾਤੂ ਉਤੇ ਮੁਲੰਮਾ ਚੜ੍ਹਿਆ ਇੱਕ ਨਾ ਇੱਕ ਮੌਕੇ ਲੱਥ ਜਾਂਦਾ ਹੈ ਅਤੇ ਅਸਲੀਅਤ ਜ਼ਾਹਰ ਹੋ ਜਾਂਦੀ ਹੈ, ਉਵੇਂ ਹੀ ਕਈ ਪਰਦੇ ਪਾਉਣ ਦੇ ਬਾਵਜੂਦ ਭਾਜਪਾ ਦੀ ਮਾਨਸਿਕਤਾ ਲੁਕੀ ਨਹੀਂ ਰਹਿ ਸਕੀ। ਅਸਲ ਮਾਨਸਿਕਤਾ ਤੇ ਰਾਜਨੀਤਕ ਮਜਬੂਰੀਆਂ ਵਿਚਾਲੇ ਲਟਕਦੀ ਭਾਜਪਾ ਲੀਡਰਸ਼ਿਪ ਪੁਰਾਣੇ ਸਮੇਂ ਦੀ ਕਿਸੇ ਕੰਧ ਵਾਲੀ ਘੜੀ ਹੇਠਾਂ ਲਟਕਦੇ ਪੈਂਡੂਲਮ ਵਾਂਗ ਅੰਬੇਡਕਰ ਤੇ ਗੁੜਗਾਉਂ ਦੇ ਵਿਚਾਲੇ ਏਸੇ ਲਈ ਏਧਰ-ਓਧਰ ਝੂਲਦੀ ਫਿਰਦੀ ਹੈ।