ਨਸ਼ਿਆਂ ਦੀ ਤਸਕਰੀ ਨੇ ਅੱਜ ਪੰਜਾਬ ਨੂੰ ਗੋਡਿਆਂ ਪਰਨੇ ਕੀਤਾ ਹੋਇਆ ਹੈ। ਆਮ ਚਰਚਾ ਹੈ ਕਿ ਇਹ ਨਸ਼ੇ ਸਰਹੱਦ ਪਾਰੋਂ ਆਉਂਦੇ ਹਨ। ਹਰਜਿੰਦਰ ਦੁਸਾਂਝ ਨੇ ਹਿੰਦ-ਪਾਕਿ ਸਰਹੱਦ ਬਾਰੇ ਜਿਹੜੇ ਤੱਥ ਇਸ ਲੇਖ ਵਿਚ ਪੇਸ਼ ਕੀਤੇ ਹਨ, ਉਨ੍ਹਾਂ ਤੋਂ ਸਾਫ ਹੈ ਕਿ ਹਿੰਦ-ਪਾਕਿ ਸਰਹੱਦ ਉਤੇ ਆਪਸੀ ਮਿਲੀਭੁਗਤ ਅਤੇ ਸਿਆਸੀ ਸ਼ਹਿ ਤੋਂ ਬਗੈਰ ਨਸ਼ਿਆਂ ਦੀ ਤਸਕਰੀ ਸੰਭਵ ਨਹੀਂ।
ਸਰਕਾਰਾਂ ਅਤੇ ਵੱਖ-ਵੱਖ ਸਿਆਸੀ ਦਲ ਕਿਸ ਤਰ੍ਹਾਂ ਆਪਣੇ ਮੁਫਾਦ ਲਈ ਹਰ ਮਸਲੇ ਨੂੰ ਅਣਗੌਲਿਆ ਕਰਦੇ ਹਨ, ਇਸ ਲੇਖ ਵਿਚ ਇਸ ਬਾਰੇ ਬਾਖੂਬ ਚਰਚਾ ਕੀਤੀ ਗਈ ਹੈ। -ਸੰਪਾਦਕ
ਹਰਜਿੰਦਰ ਦੁਸਾਂਝ
ਯੂਬਾ ਸਿਟੀ, ਕੈਲੀਫੋਰਨੀਆ
ਹਿੰਦ-ਪਾਕਿ ਸਰਹੱਦ ਯੂæਐਨæਓæ ਫੌਜੀ ਨਿਗਰਾਨ ਗਰੁਪ ਦੀ ਨਜ਼ਰਸਾਨੀ ਦੇ ਬਾਵਜੂਦ ਦੁਨੀਆਂ ਦੀਆਂ ਖਤਰਨਾਕ ਅਤੇ ਸਖਤ ਸਰਹੱਦਾਂ ਵਿਚ ਸ਼ੁਮਾਰ ਹੈ। ਪੰਜਾਬ ਵਿਚ ਉਪਰੋਥਲੀ ਹੋਏ ਦੋ ਦਹਿਸ਼ਤਵਾਦੀ ਹਮਲਿਆਂ ਨਾਲ ਇਸ ਸਰਹੱਦ ਦੇ ਬਮਿਆਲ ਤੇ ਡੇਰਾ ਬਾਬਾ ਨਾਨਕ ਸੈਕਟਰ ਚਰਚਾ ਵਿਚ ਹਨ। ਖਿਆਲ ਕੀਤਾ ਜਾਂਦਾ ਹੈ ਕਿ ਹਮਲਾਵਰ ਇਥੋਂ ਹੀ ਸਰਹੱਦ ਟੱਪੇ ਸਨ। ਤਮਾਮ ਕੌਮਾਂਤਰੀ ਸੁਰੱਖਿਆ ਏਜੰਸੀਆਂ ਅਤੇ ਸਬੰਧਤ ਲੋਕ ਭਾਵੇਂ ਰਣ ਕੱਛ ਤੋਂ ਲੇਹ-ਲਦਾਖ ਤੱਕ ਪੂਰੀ ਸਰਹੱਦ ਨੂੰ ਹੀ ਗੜਬੜੀ ਵਾਲੀਆਂ ਸਰਹੱਦਾਂ ਤਸਲੀਮ ਕਰਦੇ ਹਨ, ਪਰ ਭਾਰਤੀ ਸੁਰੱਖਿਆ ਅਦਾਰੇ ਪੰਜਾਬ ਨੂੰ ਵੰਡਦੀ ਸਰਹੱਦ ਦੇ ਬਮਿਆਲ ਅਤੇ ਡੇਰਾ ਬਾਬਾ ਨਾਨਕ ਸੈਕਟਰਾਂ ਨੂੰ, ਇਲਾਕੇ ਦੀ ਭੂਗੋਲਿਕ ਬਣਤਰ ਅਤੇ ਇਲਾਕੇ ਵਿਚ ਵਸਦੇ ਨਰਮ ਸੁਭਾਅ ਦੇ ਸਾਦੇ ਭਾਈਚਾਰੇ ਕਰ ਕੇ ਸਭ ਤੋਂ ਘੱਟ ਨਾਜ਼ੁਕ ਸਰਹੱਦੀ ਇਲਾਕਾ ਮੰਨਦੇ ਸਨ। ਪੰਜਾਬ ਵਿਚ ਕਾਲੇ ਦਿਨਾਂ ਦੌਰਾਨ ਜਦ ਸਾੜ੍ਹਸਤੀ ਖਰਮਸਤੀ ਫਿਰਦੀ ਸੀ, ਤਾਂ ਭਾਰਤ ਸਰਕਾਰ ਨੇ ਹਿੰਦ-ਪਾਕਿ ਸਰਹੱਦ ਉਤੇ ਕੰਡਿਆਲੀ ਤਾਰ ਲਾ ਦਿੱਤੀ ਸੀ। ਉਸ ਵਕਤ ਵੀ ਵਾੜ ਲਾਉਣ ਦਾ ਕੰਮ ਸਭ ਤੋਂ ਬਾਅਦ ਇਸੇ ਇਲਾਕੇ ਵਿਚ ਹੀ ਮੁਕੰਮਲ ਹੋਇਆ ਸੀ। ਪੰਜਾਬ ਵਿਚ ਹਾਲਾਤ ਸੁਖਾਵੇਂ ਕਰਨ ਲਈ ਭਾਰਤ ਸਰਕਾਰ ਇਸ ਵਾੜ ਨੂੰ ਬਹੁਤ ਸਹਾਈ ਮੰਨਦੀ ਹੈ।
ਕਈ ਸਾਲ ਪਹਿਲਾਂ ਮੈਂ ਇਨ੍ਹਾਂ ਦੋਵਾਂ ਸੈਕਟਰਾਂ ਦੀ ਸਰਹੱਦ ਉਤੇ ਬਤੌਰ ਪੱਤਰਕਾਰ ਗਿਆ ਸਾਂ। ਉਦੋਂ ਇਸ ਇਲਾਕੇ ਨੂੰ ਭਾਈਚਾਰੇ ਦੀਆਂ ਮੁਸ਼ਕਿਲਾਂ ਅਤੇ ਸਰਹੱਦ ਦੀ ਸਖਤਾਈ ਤੇ ਸੁਰੱਖਿਆ ਬਲਾਂ ਦੀ ਕਰੜਾਈ ਨੂੰ ਬਹੁਤ ਨੇੜਿਓਂ ਦੇਖਿਆ ਸੀ। ਦੋ ਦਿਨ ਸਰਹੱਦ ਉਤੇ ਬਿਤਾਉਣ ਪਿਛੋਂ ਚਾਰ ਕਿਸ਼ਤਾਂ ਵਿਚ ਰਿਪੋਰਟ ਤਿਆਰ ਕੀਤੀ ਸੀ ਜੋ ਬਹੁਤ ਭਾਵੁਕ ਸੀ, ਪਰ ਹਕੀਕੀ ਸੀ। ਉਦੋਂ ਇਹ ਰਿਪੋਰਟ ਭਾਰਤ ਅਤੇ ਕਈ ਬਾਹਰਲੇ ਅਖਬਾਰਾਂ ਵਿਚ ਤਰਜਮਾ ਹੋ ਕੇ ਵੀ ਛਪੀ ਸੀ।
ਜਦੋਂ ਪੰਜਾਬ ਵਿਚ ਡਰੱਗ ਦਾ ਕਹਿਰ ਵਧਿਆ, ਤਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਨ੍ਹਾਂ ਦੇ ਫਰਜ਼ੰਦ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸਮੇਤ ਕਈ ਮੰਤਰੀਆਂ-ਸੰਤਰੀਆਂ ਨੇ ਪੱਲਾ ਝਾੜਦਿਆਂ ਡਰੱਗ ਸਰਹੱਦ ਪਾਰੋਂ ਆਉਂਦੀ ਦੱਸ ਕੇ ਸਾਰਾ ਭਾਂਡਾ ਕੇਂਦਰ ਦੀ (ਮਨਮੋਹਨ ਸਿੰਘ) ਸਰਕਾਰ ਉਤੇ ਭੰਨ ਦਿੱਤਾ ਸੀ। ਉਸ ਵਕਤ ਮੈਂ ਸੋਸ਼ਲ ਮੀਡੀਆ ਅਤੇ ਕੁਝ ਅਖਬਾਰਾਂ ਵਿਚ ਵੀ, ਖੁਦ ਦੇਖੀ ਸਰਹੱਦੀ ਸਖ਼ਤੀ ਦਾ ਹਵਾਲਾ ਦੇ ਕੇ ਸੁਆਲ ਖੜ੍ਹਾ ਕੀਤਾ ਸੀ ਕਿ ਜੇ ਬੀæਐਸ਼ਐਫ਼æ ਸਰਹੱਦ ਪਾਰੋਂ ਗੈਰਕਾਨੂੰਨੀ ਹਥਿਆਰਾਂ ਦੀ ਸਪਲਾਈ ਬੰਦ ਕਰ ਸਕਦੀ ਹੈ ਤਾਂ ਡਰੱਗ ਦੀ ਤਸਕਰੀ ਕਿਵੇਂ ਤੇ ਕਿਉਂ ਨਹੀਂ ਰੁਕ ਸਕਦੀ? ਉਸ ਵਕਤ ਬਾਦਲ ਪੱਖੀਆਂ ਨੇ ਮੇਰੇ ਸੁਆਲਾਂ ਦੇ ਤਰਕਹੀਣ ਜੁਆਬ ਦਿੰਦਿਆਂ ਕਿਹਾ ਸੀ ਕਿ ਕੰਡਿਆਲੀ ਤਾਰ ਕਈ ਥਾਂਵਾਂ ਤੋਂ ਟੁੱਟ ਚੁੱਕੀ ਹੈ, ਕੇਂਦਰ ਸਰਕਾਰ ਇਸ ਵੱਲ ਧਿਆਨ ਨਹੀਂ ਦੇ ਰਹੀ। ਇਹ ਦੋਸ਼ ਵੀ ਲਾਏ ਗਏ ਕਿ ਕਾਂਗਰਸ ਦੀ ਅਗਵਾਈ ਵਾਲੀ ਕੇਂਦਰ ਸਰਕਾਰ, ਪੰਜਾਬੀ ਗੱਭਰੂਆਂ ਨੂੰ ਨਸ਼ਿਆਂ ਨਾਲ ਨਿਪੁੰਸਕ ਬਣਾਉਣਾ ਚਾਹੁੰਦੀ ਹੈ, ਇਸ ਲਈ ਸਰਹੱਦ ਦੀ ਸੁਰੱਖਿਆ ਵੱਲ ਧਿਆਨ ਨਹੀਂ ਦਿੰਦੀ। ਖੈਰ! ਹੁਣ ਤਾਂ ਕੇਂਦਰ ਵਿਚ ਬਹੁਗਿਣਤੀ ਵਾਲੀ ਗੈਰ-ਕਾਂਗਰਸ ਸਰਕਾਰ ਹੈ, ਹੁਣ ਸੁਰੱਖਿਆ ਕਿਉਂ ਨਹੀਂ ਵਧੀ? ਮੰਨ ਲਿਆ ਕਿ ਕੁਝ ਥਾਂਵਾਂ ਤੋਂ ਤਾਰਾਂ ਵਾਲੀ ਵਾੜ ਟੁੱਟ ਚੁੱਕੀ ਹੈ, ਫਿਰ ਵੀ ਸਰਹੱਦ ਉਤੇ ਭਾਰਤੀ ਫੌਜ ਨੇ ਬਾਰੂਦੀ ਸੁਰੰਗਾਂ ਸਮੇਤ ਕਈ ਤਰ੍ਹਾਂ ਦੇ ਬਾਰੂਦੀ ਹਥਿਆਰ ਦੱਬੇ ਤੇ ਬੀੜੇ ਹੋਏ ਹਨ, ਬਿਜਲੀ ਦੇ ਕਰੰਟ ਵਾਲੀ ਤਾਰ ਤੇ ਕਈ ਤਰ੍ਹਾਂ ਦੇ ਹੋਰ ਬਿਜਲਈ ਯੰਤਰਾਂ ਦੇ ਹੁੰਦਿਆਂ ਸਰਹੱਦ ਪਾਰ ਕਾਰਨਾ ਕੋਈ ‘ਫੱਗੂ ਦਾ ਵਾੜਾ’ ਟੱਪਣਾ ਨਹੀਂ ਹੈ। ਇਹ ਕੰਮ ਉਚ ਅਹੁਦਿਆਂ ਉਤੇ ਬੈਠੀਆਂ ‘ਕਾਲੀਆਂ ਭੇਡਾਂ’ ਦੀ ਭਾਈਵਾਲੀ ਬਿਨਾਂ ਸੰਭਵ ਨਹੀਂ।
ਇਹ ਸਰਹੱਦ ਦੇਖਿਆਂ ਭਾਵੇਂ ਕਈ ਸਾਲ ਹੋ ਗਏ ਹਨ, ਕਈ ਬੰਦਿਆਂ ਤੇ ਥਾਂਵਾਂ ਦੇ ਨਾਂ ਵੀ ਭੁੱਲ ਗਏ ਹਨ, ਪਰ ਸਭ ਸਰਹੱਦੀ ਦ੍ਰਿਸ਼ ਚੇਤੇ ਦੀ ਸਲੇਟ ‘ਤੇ ਉਘੜ ਆਏ ਹਨæææ ਦੀਵਾਲੀ ਲੰਘ ਚੁੱਕੀ ਸੀ, ਨਵੰਬਰ ਦੇ ਮਹੀਨੇ ਦੀ ਗੋਡਣੀ ਲੱਗਣ ਕਰ ਕੇ ਪੰਜਾਬ ਵਿਚ ਠੰਢ ਨੇ ਖੰਭ ਖਿਲਾਰਨੇ ਸ਼ੁਰੂ ਕਰ ਦਿੱਤੇ ਸਨ। ਮੈਂ ਜਲੰਧਰ ਸਾਂ। ਕੁਝ ਦਿਨਾਂ ਤੱਕ ਵਾਪਸ ਅਮਰੀਕਾ ਪਰਤਣਾ ਸੀ ਅਤੇ ਮੇਰੇ ਪਰਿਵਾਰ ਦੇ ਕੁਝ ਜੀਆਂ ਤੇ ਰਿਸ਼ਤੇਦਾਰਾਂ ਨੇ ਇੰਡੀਆ ਜਾਣਾ ਸੀ, ਮੇਰੀ ਡਿਊਟੀ ਉਨ੍ਹਾਂ ਨੂੰ ਦਿੱਲੀ ਤੋਂ ਲੈਣ ਜਾਣ ਦੀ ਸੀ। ਇਨ੍ਹਾਂ ਦਿਨਾਂ ਵਿਚ ਜਲੰਧਰ ਸਥਿਤ ਭਾਰਤ ਦੇ ਸੂਚਨਾ ਤੇ ਪ੍ਰਸਾਰਨ ਮੰਤਰਾਲੇ ਦੇ ਇਕ ਅਧਿਕਾਰੀ ਦਾ ਫੋਨ ਆਇਆ ਕਿ ਉਨ੍ਹਾਂ ਸਰਹੱਦ ਦੀ ਸੁਰੱਖਿਆ, ਬੀæਐਸ਼ਐਫ਼ ਤੇ ਸਥਾਨਕ ਲੋਕਾਂ ਦੀਆਂ ਮੁਸ਼ਕਿਲਾਂ ਅਤੇ ਦੋਵਾਂ ਦੇ ਆਪਸੀ ਸਹਿਯੋਗ ਤੇ ਹੋਰ ਸਥਾਨਕ ਮਸਲੇ ਜਾਣਨ ਲਈ ਪੱਤਰਕਾਰਾਂ ਦੀ ਟੋਲੀ ਸਰਹੱਦ ਉਤੇ ਲੈ ਕੇ ਜਾਣੀ ਹੈ। ਮੈਨੂੰ ਵੀ ਸੱਦਾ ਮਿਲਿਆ। ਆਪਣੇ ਪਰਿਵਾਰਕ ਰੁਝੇਵੇਂ ਅਤੇ ਵਾਪਸ ਅਮਰੀਕਾ ਪਰਤਣ ਦੀ ਤਿਆਰੀ ਦੇ ਬਾਵਜੂਦ ਮੈਂ ਹਾਮੀ ਭਰ ਦਿੱਤੀ।
ਜਲੰਧਰੋਂ ਅਸੀਂ ਮੂੰਹ-ਨ੍ਹੇਰੇ ਹੀ ਨਿਕਲ ਪਏ। ਨਾਸ਼ਤਾ ਸਾਨੂੰ ਮਾਧੋਪੁਰ ਵਾਟਰ ਹੈਡਵਰਕਸ ਕਿਨਾਰੇ ਨਵੇਂ ਬਣੇ ਬੀæਐਸ਼ਐਫ਼ ਦੇ ਹੈਡਕੁਆਰਟਰ ਉਤੇ ਕਰਵਾਇਆ ਗਿਆ। ਇਥੇ ਸਾਡੇ ਨਾਲ ਜਾਣ ਵਾਲੇ ਪੰਜਾਬ ਪੁਲਿਸ ਅਤੇ ਬੀæਐਸ਼ਐਫ਼ ਦੇ ਅਧਿਕਾਰੀ ਪਹੁੰਚੇ ਹੋਏ ਸਨ। ਇਸ ਫੇਰੀ ਦੇ ਇੰਚਾਰਜ ਸਨ ਕੰਪਨੀ ਕਮਾਂਡਰ ਗੁਰਦੇਵ ਸਿੰਘ, ਜੋ ਗੰਗਾ ਨਗਰ ਤੋਂ ਸਨ, ਪਰ ਉਨ੍ਹਾਂ ਦਾ ਪੁਰਾਣਾ ਪਿੰਡ ਨਵਾਂ ਸ਼ਹਿਰ ਲਾਗੇ ਭੰਗਲ ਕਲਾਂ ਹੈ। ਮੇਰੀ ਉਨ੍ਹਾਂ ਨਾਲ ਵਾਕਫੀ ਨਿਕਲ ਆਈ ਤੇ ਉਨ੍ਹਾਂ ਸਾਰੀ ਫੇਰੀ ਵਿਚ ਬਹੁਤ ਸਹਿਯੋਗ ਦਿੱਤਾ। ਮਾਧੋਪੁਰ ਮੇਰੇ ਲਈ ਦਿਲਚਸਪ ਸੀ ਕਿ ਉਥੋਂ ਰਾਵੀ ਵਿਚੋਂ ਨਿਕਲਣ ਵਾਲੀ ਨਹਿਰ, ਜਿਸ ਦਾ ਪਾਣੀ ਅੰਮ੍ਰਿਤਸਰ ਦਰਬਾਰ ਸਾਹਿਬ ਨੂੰ ਵੀ ਜਾਂਦਾ ਹੈ, ਅਸਲ ਵਿਚ ਮੁਗਲ ਕਾਲ ਵੇਲੇ ਦੀ ਹੈ। ਬ੍ਰਿਟਿਸ਼ ਸਰਕਾਰ ਨੇ ਤਾਂ ਸਿਰਫ਼ ਇਸ ਨੂੰ ਪੱਕਿਆਂ ਹੀ ਕੀਤਾ ਸੀ। ਮਾਧੋਪੁਰ ਹੈਡਵਰਕਸ ‘ਤੇ ਲੱਗਾ ਪੱਥਰ ਵੀ ਇਸ ਦੀ ਸ਼ਾਹਦੀ ਭਰਦਾ ਹੈ। ਬਮਿਆਲ ਸੈਕਟਰ ਦਾ ਸਰਹੱਦੀ ਇਲਾਕਾ, ਇਸ ਦੇ ਨਰੋਟ ਜੈਮਲ ਸਿੰਘ ਬਲਾਕ (ਹੁਣ ਜਿਲ੍ਹਾ ਪਠਾਨਕੋਟ ਦੀ ਤਹਿਸੀਲ) ਵਿਚ ਪੈਂਦਾ ਸੀ।
ਕਮਾਂਡਰ ਗੁਰਦੇਵ ਸਿੰਘ ਨੇ ਅਪਣੱਤ ਦਿਖਾਉਂਦਿਆਂ ਮੈਨੂੰ, ਜਲੰਧਰ ਦੇ ਇਕ ਨਾਮੀ ਅਖਬਾਰ ਦੇ ਵਿਸ਼ੇਸ਼ ਪ੍ਰਤੀਨਿਧ, ਨਿਊਜ਼ ਏਜੰਸੀ ਪੀæਟੀæਆਈæ ਜਲੰਧਰ ਦੇ ਇੰਚਾਰਜ ਅਤੇ ਪ੍ਰੈਸ ਫੋਟੋਗ੍ਰਾਫਰ ਨੂੰ ਆਪਣੀ ਜਿਪਸੀ ਵਿਚ ਹੀ ਬਿਠਾ ਲਿਆ। ਉਨ੍ਹਾਂ ਖੁਦ ਗੱਡੀ ਚਲਾਉਂਦਿਆਂ ਇਲਾਕੇ ਬਾਰੇ ਬੇਸ਼ੁਮਾਰ ਜਾਣਕਾਰੀ ਦਿੱਤੀ। ਪਠਾਨਕੋਟ ਜਾਂ ਮਾਧੋਪੁਰ ਤੋਂ ਬਮਿਆਲ ਜਾਣ ਲਈ ਜੰਮੂ ਕਸ਼ਮੀਰ ਦੇ ਕਸਬਾ ਕਠੂਆ ਰਹੀਂ ਘੁੰਮ ਕੇ ਆਉਣਾ ਪੈਂਦਾ ਹੈ, ਕਿਉਂਕਿ ਇਥੋਂ ਬਮਿਆਲ ਦੇ ਸਿੱਧੇ ਰਸਤੇ ਵਿਚ ਰਾਵੀ ਦੀਆਂ ਸੱਤ ਸਹਾਇਕ ਨਦੀਆਂ ਪੈਂਦੀਆਂ ਹਨ ਅਤੇ ਇਹ ਸਾਰਾ ਸਾਲ ਵਹਿੰਦੀਆਂ ਹਨ। ਇਲਾਕੇ ਦੀ ਸਭ ਤੋਂ ਵੱਡੀ ਸਮੱਸਿਆ ਹੈ। ਇਲਾਕਾ ਭਾਵੇਂ ਪੈਂਦਾ ਪੰਜਾਬ ਵਿਚ ਹੈ, ਪਰ ਇਨ੍ਹਾਂ ਉਤੇ ਪੁਲ ਨਾ ਹੋਣ ਕਰਕੇ ਇਹ ਪੰਜਾਬ ਦਾ ਹਿੱਸਾ ਨਹੀਂ, ਸਗੋਂ ਟਾਪੂ ਵਾਲੀ ਹਾਲਤ ਵਿਚ ਹੈ। ਲਹਿੰਦੇ ਪਾਸੇ ਹਿੰਦ-ਪਾਕਿ ਸਰਹੱਦ ਹੈ। ਚੜ੍ਹਦੇ ਤੇ ਦੱਖਣ ਵੱਲ ਰਾਵੀ ਤੇ ਇਸ ਦੇ ਚੋਅ ਵਗਦੇ ਹਨ ਜਿਨ੍ਹਾਂ ‘ਤੇ ਕੋਈ ਪੁਲ ਨਹੀਂ। ਇਲਾਕੇ ਨਾਲ ਸੌਖਾ ਸੰਪਰਕ ਉਤਰ ਵੱਲੋਂ ਜੰਮੂ ਕਸ਼ਮੀਰ ਦੇ ਕਠੂਆ ਕਸਬੇ ਰਾਹੀਂ ਹੀ ਹੈ।
ਕਮਾਂਡਰ ਗੁਰਦੇਵ ਸਿੰਘ ਨੇ ਦੱਸਿਆ ਕਿ ਇਲਾਕੇ ਦੀ ਸਮਾਜਿਕ ਤੇ ਆਰਥਿਕ ਸਾਂਝ ਬਾਕੀ ਪੰਜਾਬ ਨਾਲੋਂ ਜੰਮੂ ਕਸ਼ਮੀਰ ਨਾਲ ਵਧੇਰੇ ਹੈ। ਇਲਾਕਾ ਹਿੰਦੂ ਬਹੁਗਿਣਤੀ ਵਾਲਾ ਹੈ। ਸਿੱਖਾਂ ਦੀ ਗਿਣਤੀ ਨਾਂਮਾਤਰ ਹੈ। ਸਰੀਰਕ ਦਿੱਖ, ਬੋਲੀ ਤੇ ਸਭਿਆਚਾਰਕ ਵਖਰੇਵਾਂ ਵੀ ਬਾਕੀ ਪੰਜਾਬ ਨਾਲੋਂ ਇਨ੍ਹਾਂ ਨੂੰ ਵੱਖ ਕਰਦਾ ਹੈ। ਇਸੇ ਕਰ ਕੇ ਇਲਾਕੇ ਦੀ ਸਾਕਾਚਾਰੀ ਵੀ ਪੰਜਾਬ ਨਾਲੋਂ ਜ਼ਿਆਦਾ ਜੰਮੂ ਕਸ਼ਮੀਰ ਨਾਲ ਹੈ। ਬੋਲੀ ਭਾਵੇਂ ਪੰਜਾਬੀ ਹੈ, ਪਰ ਇਸ ਵਿਚ ਪੋਠੋਹਾਰੀ, ਡੋਗਰੀ, ਪਹਾੜੀ ਤੇ ਕੁਝ ਕਸ਼ਮੀਰੀ ਉਪ ਬੋਲੀਆਂ ਦੀ ਮਿਸ਼ਰੀ ਜ਼ਿਆਦਾ ਘੁਲੀ ਹੋਈ ਹੈ। ਵਾੜ ਨਾ ਹੁੰਦਿਆਂ ਵੀ ਸਰਹੱਦ ਪਾਰ ਕਰਨ, ਤਸਕਰੀ ਤੇ ਅਤਿਵਾਦੀਆਂ ਵੱਲੋਂ ਘੁਸਪੈਠ ਦੀਆਂ ਸਭ ਤੋਂ ਘੱਟ ਕੋਸ਼ਿਸ਼ਾਂ ਇਥੋਂ ਹੀ ਹੋਈਆਂ। ਇਸ ਦਾ ਵੱਡਾ ਕਾਰਨ ਲੋਕਾਂ ਦੀ ਭਲਮਾਣਸੀ ਤੇ ਸਾਦਗੀ ਹੈ। ਖਾਲਿਸਤਾਨੀ ਲਹਿਰ ਦੇ ਚੜ੍ਹਾਅ ਮੌਕੇ ਵੀ ਇਥੋਂ ਸਰਹੱਦ ਪਾਰ ਕਰਨ ਦੀਆਂ ਘੱਟ ਕੋਸ਼ਿਸ਼ਾਂ ਹੋਈਆਂ ਸਨ, ਕਿਉਂਕਿ ਸਰੀਰਕ ਦਿੱਖ ਤੇ ਬੋਲੀ ਕਾਰਨ ਸਰਹੱਦ ਪਾਰ ਕਰਨ ਵਾਲੇ ਲੋਕਾਂ ਵਿਚ ਰਚ ਨਹੀਂ ਸਨ ਸਕੇ ਤੇ ਝੱਟ ਫੜੇ ਗਏ ਸਨ।
ਕਠੂਆ ਲੰਘ ਕੇ ਜਦ ਅਸੀਂ ਜੰਮੂ ਕਸ਼ਮੀਰ ਹੱਦ ਪਾਰ ਕਰ ਕੇ ਬਮਿਆਲ ਸੜਕ ਰਾਹੀਂ ਪੰਜਾਬ ਵਿਚ ਦਾਖ਼ਲ ਹੋਏ ਤਾਂ ਝੋਨੇ ਦੇ ਵੱਢਾਂ ਵਿਚ ਕਿਸਾਨ ਗਿੱਲ ਦੱਬਣ ਲਈ ਹਲ ਵਾਹ ਰਹੇ ਸਨ। ਕਿਸਾਨਾਂ ਦਾ ਲਿਬਾਸ, ਉਨ੍ਹਾਂ ਤੇ ਬਲਦਾਂ ਦੇ ਲਿੱਸੇ ਜੁੱਸੇ ਦੇਖ ਕੇ ਲਗਦਾ ਹੀ ਨਹੀਂ ਸੀ ਕਿ ਇਹ ਵੀ ਪੰਜਾਬ ਹੈ। ਬੇਆਬ ਜਿਹੇ ਰੁੱਖ ਤੇ ਪਾਣੀ ਦੀ ਮਾਰ ਵਾਲੀ ਦਲਦਲੀ ਜਿਹੀ ਮੰਡ ਧਰਾਤਲ ਵੀ ਪੰਜਾਬੀ ਇਲਾਕਾ ਹੁੰਦਿਆਂ ਹੋਇਆਂ ਬਿਗਾਨਾ ਜਿਹਾ ਲੱਗ ਰਿਹਾ ਸੀ। ਥੋੜੀ-ਬਹੁਤੀ ਖੜ੍ਹੀ ਫਸਲ ਦੇਖ ਕੇ ਵੀ ਸੋਚਦਾ ਸਾਂ ਕਿ ਇਸ ਵਿਚੋਂ ਇਹ ਕੀ ਖੱਟਦੇ-ਵੱਟਦੇ ਹੋਣਗੇ? ਅਜਿਹੇ ਸੁਆਲਾਂ ਦੇ ਜਵਾਬ ਵਿਚ ਕਮਾਂਡਰ ਗੁਰਦੇਵ ਸਿੰਘ ਨੇ ਦੱਸਿਆ ਕਿ ਇਨ੍ਹਾਂ ਸਰਹੱਦੀ ਕਿਸਾਨਾਂ ਨੂੰ ਭਾਰਤ ਸਕਰਾਰ ਹਰ ਸਾਲ ਕੁਝ ਮੁਆਵਜ਼ਾ ਦਿੰਦੀ ਹੈ। ਇਹ ਲੋਕ ਖੇਤੀ ਉਪਜ ਨਾਲੋਂ ਮੁਆਵਜ਼ੇ ‘ਤੇ ਵੱਧ ਨਿਰਭਰ ਹਨ। ਦਿਲਚਸਪ ਗੱਲ ਇਹ ਕਿ ਕਠੂਆ ਤੋਂ ਦੱਖਣ ਵੱਲ ਬਮਿਆਲ ਜਾਂਦਿਆਂ ਨਾ ਤਾਂ ਮੈਂ ਕਿਸੇ ਖੇਤ ਵਿਚ ਕੋਈ ਟਰੈਕਟਰ ਦੇਖਿਆ ਤੇ ਨਾ ਸੜਕ ‘ਤੇ ਪੰਜਾਬ ਰੋਡਵੇਜ਼ ਜਾਂ ਪੰਜਾਬੀ ਪ੍ਰਾਈਵੇਟ ਬੱਸ ਹੀ ਦੇਖੀ। ਜਿੰਨੀਆਂ ਕੁ ਬੱਸਾਂ ਦੇਖੀਆਂ, ਸਾਰੀਆਂ ਜੰਮੂ ਕਸ਼ੀਮਰ ਰਿਆਸਤ ਦੀਆਂ ਸਨ।
ਬਮਿਆਲ ਨਰੋਟ ਜੈਮਲ ਸਿੰਘ ਬਲਾਕ (ਹੁਣ ਤਹਿਸੀਲ) ਦਾ ਦੂਜਾ ਵੱਡਾ ਕਸਬਾ ਹੈ। ਕਸਬੇ ਵਿਚੋਂ ਲੰਘਦਿਆਂ ਧੁਰ ਸਰਹੱਦ ‘ਤੇ ਜਾਣ ਲਈ ਅਸੀਂ ਉਤਰ ਵੱਲ ਆਖਰੀ ਸਰਹੱਦੀ ਪਿੰਡ ਸਿੰਬਲ ਦੇ ਰਸਤੇ ਪੈ ਗਏ। ਬਮਿਆਲ ਤੇ ਸਿੰਬਲ ਵਿਚਕਾਰ ਚੰਗੀ ਖਾਸੀ ਰਾਵੀ ਦੀ ਇਕ ਸਹਾਇਕ ਨਦੀ ਵਗਦੀ ਏ। ਇਹ ਨਦੀ ਬੀæਐਸ਼ਐਫ਼æ ਦੀਆਂ ਗੱਡੀਆਂ ਨੇ ਵਗਦੇ ਪਾਣੀ ਵਿਚੋਂ ਹੀ ਪਾਰ ਕੀਤੀ। ਨਦੀ ‘ਤੇ ਪੁੱਜੇ ਤਾਂ ਬੀæਐਸ਼ਐਫ਼æ ਦੇ ਜਵਾਨ ਇਸ ਵਿਚੋਂ ਟੈਂਕਰਾਂ ਵਿਚ ਪਾਣੀ ਭਰ ਰਹੇ ਸਨ। ਕਮਾਂਡਰ ਗੁਰਦੇਵ ਸਿੰਘ ਨੇ ਦੱਸਿਆ ਕਿ ਬਾਰਡਰ ‘ਤੇ ਤਾਇਨਾਤ ਜਵਾਨ ਪੀਣ ਤੋਂ ਬਿਨਾਂ ਪਾਣੀ ਦੀਆਂ ਦੂਜੀਆਂ ਲੋੜਾਂ ਇਸ ਨਦੀ ਤੋਂ ਹੀ ਪੂਰੀਆਂ ਕਰਦੇ ਹਨ। ਝਰਨਿਆਂ ਤੋਂ ਹੁੰਦਾ ਹੋਇਆ ਪਿਘਲੀ ਬਰਫ ਦਾ ਨੀਲੀ ਭਾਅ ਮਾਰਦਾ ਏਨਾ ਨਿਸੋਤ ਪਾਣੀ ਬਾਕੀ ਪੰਜਾਬ ਵਿਚ ਮੈਂ ਕਿਧਰੇ ਨਹੀਂ ਦੇਖਿਆ। ਸਿਰ ਉਤੇ ਰੂੰ ਅਤੇ ਰਜਾਈਆਂ ਦੀਆਂ ਪੰਡਾਂ, ਗੋਡਿਆਂ ਤੱਕ ਟੰਗੀਆਂ ਸਲਵਾਰਾਂ ਨਦੀ ਪਾਰ ਕਰਦੀਆਂ ਸਿੰਬਲ ਪਿੰਡ ਦੀਆਂ ਔਰਤਾਂ ਦਾ ਦ੍ਰਿਸ਼ ਮੇਰੇ ਚੇਤੇ ‘ਚੋਂ ਕਦੇ ਵਿਸਰ ਨਹੀਂ ਸਕਿਆ। ਪੱਤਰਕਾਰਾਂ ਦੀ ਟੀਮ ਵਾਲੀ ਇਕ ਜਿਪਸੀ ਇਸ ਨਦੀ ਵਿਚ ਫਸ ਗਈ ਜਿਹੜੀ ਬੀæਐਸ਼ਐਫ਼æ ਦੇ ਵੱਡੇ ਟਰੱਕ ਨਾਲ ਖਿੱਚ ਕੇ ਬਾਹਰ ਕੱਢੀ ਗਈ।
ਸਿੰਬਲ ਪਿੰਡ ਦੇ ਬਾਹਰੋਂ ਦੋ ਕੁ ਕਿਲੋਮੀਟਰ ‘ਤੇ ਅਸੀਂ ਸਰਹੱਦ ਉਤੇ ਲੱਗੀ ਕੰਡਿਆਲੀ ਤਾਰ ਦੀ ਵਾੜ ‘ਤੇ ਪਹੁੰਚ ਗਏ ਅਤੇ ਇਸ ਦੇ ਨਾਲ-ਨਾਲ ਤੁਰਨ ਲੱਗੇ। ਸਿੰਬਲ ਪਿੰਡ ਤੋਂ ਦੋ ਕੁ ਫਰਲਾਂਗ ‘ਤੇ ਧੁਰ ਸਰਹੱਦ ਲਾਗੇ ਉਚਾ ਟਿੱਬਾ ਹੈ। ਇਥੇ ਬੀæਐਸ਼ਐਫ਼æ ਦੀਆਂ ਕੁਝ ਬੈਰਕਾਂ ‘ਤੇ ਛੋਟੀ ਜਿਹੀ ਮੈੱਸ ਹੈ। ਬਾਰਡਰ ‘ਤੇ ਤਾਇਨਾਤ ਜਵਾਨ ਇਥੇ ਅਰਾਮ ਵੀ ਕਰਦੇ ਹਨ।
ਅਸੀਂ ਵੀ ਦੁਪਹਿਰ ਦਾ ਖਾਣਾ ਇਥੇ ਹੀ ਸਰਹੱਦ ‘ਤੇ ਤਾਇਨਾਤ ਜਵਾਨਾਂ ਨਾਲ ਖਾਧਾ। ਇਸ ਗੱਲ ਦਾ ਅਹਿਸਾਸ ਫੌਜ ਵਿਚ ਜਾ ਕੇ ਹੁੰਦਾ ਹੈ ਕਿ ਨਸਲਾਂ, ਧਰਮਾਂ, ਜਾਤਾਂ, ਰੰਗਾਂ ਤੇ ਬੋਲੀਆਂ ਆਦਿ ਦੇ ਵਖਰੇਵੇਂ ਤੋਂ ਪਹਿਲਾਂ ਬੰਦਾ ਇਨਸਾਨ ਹੈ। ਇਹ ਗੱਲ ਵੱਖਰੀ ਹੈ ਕਿ ਕਿਸੇ ਦੂਜੇ ਦੇਸ਼ ਦੀ ਹਮਲਾਵਰ ਫੌਜ ਉਨ੍ਹਾਂ ਲਈ ਦੁਸ਼ਮਣ ਹੁੰਦੀ ਹੈ। ਇਥੇ ਤਾਇਨਾਤ ਜਵਾਨ ਦੇਸ਼ ਦੇ ਵੱਖ ਵੱਖ ਇਲਾਕਿਆਂ ਤੋਂ ਆਪਣੇ ਪਰਿਵਾਰਾਂ ਤੋਂ ਸੈਂਕੜੇ ਮੀਲ ਦੂਰ ਉਜਾੜ ਬੀਆਬਾਨ ਸਰਹੱਦ ਉਤੇ ਤਾਇਨਾਤ ਸਨ। ਜਵਾਨਾਂ ਨੇ ਆਪਣੀਆਂ ਮੁਸ਼ਕਿਲਾਂ ਦੇ ਨਾਲ-ਨਾਲ ਅਨੇਕਾਂ ਦਿਲਚਸਪ ਕਿੱਸੇ ਵੀ ਸੁਣਾਏ। ਜਿਸ ਟਿੱਬੇ ਅਤੇ ਬੀæਐਸ਼ਐਫ਼æ ਦੀ ਸਿੰਬਲ ਚੌਕੀ ਦਾ ਜ਼ਿਕਰ ਕਰ ਰਿਹਾ ਹਾਂ, ਉਸ ਉਤੇ ਬਹੁਤ ਉਚਾ ਟਾਵਰ ਬਣਿਆ ਹੋਇਆ ਸੀ ਜਿਸ ‘ਤੇ ਜਵਾਨਾਂ ਦੇ ਬੈਠਣ ਲਈ ਕੈਬਿਨ ਸੀ ਤੇ ਇਸ ਵਿਚ ਕਾਫੀ ਸ਼ਕਤੀਸ਼ਾਲੀ ਦੂਰਬੀਨਾਂ ਹਨ ਜਿਨ੍ਹਾਂ ਨਾਲ ਦੂਰ ਤੱਕ ਪਾਕਿਸਤਾਨ ਵੱਲ ਨਿਗਰਾਨੀ ਰੱਖੀ ਜਾ ਸਕਦੀ ਹੈ। ਸਰਹੱਦ ਉਤੇ ਅਜਿਹੇ ਅਨੇਕਾਂ ਟਾਵਰ ਹਨ। ਮੇਰੇ ਕਈ ਪੱਤਰਕਾਰ ਸਾਥੀ ਪਾਕਿਸਤਾਨ ਵਾਲੇ ਪਾਸੇ ਗਸ਼ਤ ਕਰਦੇ ਪਾਕਿਸਤਾਨੀ ਰੇਂਜਰਾਂ ਨੂੰ ਦੇਖ ਰਹੇ ਸਨ ਤੇ ਉਨ੍ਹਾਂ ਬਾਰੇ ਗੱਲਾਂ ਕਰ ਰਹੇ ਸਨ, ਪਰ ਮੈਨੂੰ ਪੱਛਮ ਵੱਲੋਂ ਚਲਦੀ ਹਵਾ ਨਾਲ ਆ ਰਹੇ ਤਾਜ਼ੇ ਗੁੜ ਦੀ ਮਹਿਕ ਮਦਹੋਸ਼ ਕਰ ਰਹੀ ਸੀ। ਇਹ ਮਹਿਕ ਨਾ ਹਿੰਦੋਸਤਾਨੀ ਸੀ, ਨਾ ਪਾਕਿਸਤਾਨੀ। ਮਹਿਕ ਨਾਲ ਚੁੱਭੇ ਵਿਚੋਂ ਨਿਕਲਦਾ ਧੂੰਆਂ ਸਰਹੱਦ ਪਾਰ ਤੋਂ ਕੰਡਿਆਲੀ ਤਾਰ ਟੱਪ, ਸਾਡੇ ਸਿਰਾਂ ਉਪਰੋਂ ਉਡ ਰਿਹਾ ਸੀ। ਬਮਿਆਲ ਸੈਕਟਰ ਵਿਚ ਹਿੰਦ-ਪਾਕਿ ਸਰਹੱਦ ਜ਼ਿਆਦਾ ਵਲ-ਵਲੇਵੇਂ ਨਹੀਂ ਪਾਉਂਦੀ। ਰਾਵੀ ਤੇ ਉਸ ਦੀਆਂ ਸਹਾਇਕ ਨਦੀਆਂ ਵੀ ਸਰਹੱਦ ਦੇ ਸਮਾਨੰਤਰ ਵਹਿੰਦੀਆਂ ਹਨ। ਇਸੇ ਕਰ ਕੇ ਕੰਡਿਆਲੀ ਤਾਰ ਕੌਮਾਂਤਰੀ ਸਰਹੱਦ ‘ਤੇ ਲੱਗੀਆਂ ਹਿੰਦ-ਪਾਕਿ ਬੁਰਜੀਆਂ ਤੋਂ ਮਹਿਜ਼ 10 ਤੋਂ 25 ਮੀਟਰ ਦੀ ਹੱਦ ‘ਤੇ ਹੀ ਹੈ। ਅਸੀਂ ਕੁਝ ਪੱਤਰਕਾਰ ਟਿੱਬੇ ਥੱਲੇ ਖੇਤਾਂ ਵਿਚ ਹੱਲ ਵਾਹੁੰਦੇ ਕਿਸਾਨ ਨਾਲ ਗੱਲਬਾਤ ਕਰਨ ਥੱਲੇ ਉਤਰ ਗਏ। ਅਧੇੜ ਉਮਰ, ਅੱਧ ਕੱਟੀ ਚਿੱਤਰੀ ਦਾੜ੍ਹੀ, ਸਿਰ ‘ਤੇ ਦੇਸੀ ਖੱਦਰ ਦਾ ਮਧੇੜ, ਤੇੜ ਧੋਤੀ ਤੇ ਗਲ ਖੱਦਰ ਦੀ ਕੁੜਤੀ। ਸਾਨੂੰ ਦੇਖਦਿਆਂ ਹੀ ਉਹ ਠਠੰਬਰ ਗਿਆ। ਡਰੀ ਤੇ ਦੱਬਵੀਂ ਆਵਾਜ਼ ਵਿਚ ਉਹ ‘ਹਾਂ ਜੀ, ਨਾ ਜੀ’ ਤੋਂ ਬਿਨਾਂ ਕੋਈ ਗੱਲ ਹੀ ਨਾ ਕਰੇ। ਖੈਰ! ਅਸੀਂ ਆਪਣੇ ਬਾਰੇ ਦੱਸਿਆ, ਤਾਂ ਉਹਨੂੰ ਕੁਝ ਤਸੱਲੀ ਹੋਈ ਤੇ ਫਿਰ ਉਹਨੇ ਬੇਝਿਜਕ ਹੋ ਕੇ ਗੱਲ ਕੀਤੀ। ਅਸਲ ਵਿਚ ਪਹਿਲਾਂ ਉਹ ਸਾਨੂੰ ਵੀ ਫੌਜੀ ਹੀ ਸਮਝਦਾ ਸੀ। ਗੱਲਾਂ ਕਰਦਿਆਂ ਗੱਲ ਵੰਡ ‘ਤੇ ਅੱਪੜ ਗਈ। ਉਹਨੇ ਦੱਸਿਆ ਕਿ ਵੰਡ ਵੇਲੇ ਵੀ ਇਸ ਇਲਾਕੇ ਵਿਚ ਵੱਢ-ਟੁੱਕ ਨਹੀਂ ਸੀ ਹੋਈ। ਵੰਡ ਤੋਂ ਪਹਿਲਾਂ ਇਹ ਇਲਾਕਾ ਨਾਰੋਵਾਲ (ਪਾਕਿਸਤਾਨ) ਜ਼ਿਲ੍ਹੇ ਵਿਚ ਪੈਂਦਾ ਸੀ।
ਅੱਜ ਕੱਲ੍ਹ ਉਹ ਸਿੰਬਲ ਵਿਚ ਰਹਿੰਦਾ ਹੈ। ਸਰਹੱਦ ਪਾਰ ਦਿਸਦੇ ਪਿੰਡ ਅਨਾਇਤਪੁਰ ਵੱਲ ਇਸ਼ਾਰਾ ਕਰਦਿਆਂ ਉਸ ਨੇ ਦੱਸਿਆ ਕਿ ਉਸ ਦੀ ਜੰਮਣ ਭੋਇੰ ਉਹ ਅਨਾਇਤਪੁਰ ਹੈ।
ਪਾਕਿਸਤਾਨੀ ਪੰਜਾਬ ਦਾ ਇਹ ਪਿੰਡ ਸਰਹੱਦ ਤੋਂ ਮਸਾਂ ਫਰਲਾਂਗ ਦੀ ਵਿੱਥ ‘ਤੇ ਹੈ। ਘਰਾਂ ਦੇ ਰੰਗ ਸਾਫ ਦਿਖਾਈ ਦਿੰਦੇ ਹਨ। ਗੱਲਾਂ ਕਰਦਿਆਂ ਬਜ਼ੁਰਗ ਕਿਸਾਨ ਦੇ ਮੱਥੇ ਤੋਂ ਡਿੱਗਦੇ ਪਸੀਨੇ ਵਿਚ ਅੱਥਰੂ ਰਲਣ ਲੱਗੇ। ਅਸੀਂ ਵੀ ਸਾਰੇ ਭਾਵੁਕ ਹੋ ਗਏ। ਉਹ ਕਹਿ ਰਿਹਾ ਸੀ ਕਿ ਜਿਹੜੇ ਲੋਕ ਵੰਡ ਵੇਲੇ ਦੂਰ-ਦੁਰਾਡੇ ਇਲਾਕਿਆਂ ਵਿਚ ਵਸ ਗਏ, ਉਨ੍ਹਾਂ ਨੂੰ ਤਾਂ ਆਪਣੇ ਪਿੰਡ ਭੁੱਲ ਗਏ, ਪਰ ਉਹਦਾ ਪਿੰਡ ਤਾਂ ਉਹਦੇ ਸਾਹਮਣੇ ਵਸਦਾ ਹੈ। ਉਸ ਨੇ ਉਚੇ ਬੋਹੜ ਕੋਲ ਛਿਪਣ ਕਿਨਾਰੇ ਜੱਦੀ-ਪੁਸ਼ਤੀ ਘਰ ਦਿਖਾਇਆ। ਉਸ ਵੇਲੇ ਨੂੰ ਯਾਦ ਕਰਦਾ, ਉਹ ਦੱਸਣ ਲੱਗਾ, “ਕਿਸੇ ਨੂੰ ਕੁਝ ਨਹੀਂ ਸੀ ਪਤਾ। ਬਸ, ਇਕ ਦਿਨ ਫੌਜੀਆਂ ਨੇ ਆ ਕੇ ਕਿਹਾ ਕਿ ਤੁਸੀਂ ਹੁਣ ਹਿੰਦੋਸਤਾਨੀ ਹੋ, ਤੇ ਇਹ ਪਿੰਡ ਹੁਣ ਪਾਕਿਸਤਾਨੀ ਹੈ। ਸਿੰਬਲ ਤੁਹਾਡਾ ਪਿੰਡ ਹੈ ਤੇ ਅਨਾਇਤਪੁਰ ਸਾਡਾæææ ਤੇ ਅਸੀਂ ਡੰਗਰ-ਵੱਛਾ ਲੈ ਕੇ ਇਥੇ ਆ ਗਏ।”
ਕਿਸਾਨ ਨੇ ਦੱਸਿਆ ਕਿ ਭਲੇ ਵੇਲਿਆਂ ਵਿਚ ਜਦ ਵਾੜ ਨਹੀਂ ਸੀ ਲੱਗੀ ਤਾਂ ਦੋਹਾਂ ਪਿੰਡਾਂ ਦੇ ਲੋਕ ਆਪਣੇ ਮਿੱਤਰਾਂ-ਸੱਜਣਾਂ ਦੀ ਗਮੀ-ਖੁਸ਼ੀ ਵਿਚ ਵੀ ਹੋ ਆਉਂਦੇ ਸਨ। ਬੀਜ ਤੇ ਡੰਗਰ ਵੀ ਵਟਾ ਲੈਂਦੇ ਸਨ, ਪਰ ਹੁਣ ਤਾਂ ਏਨੀ ਸਖ਼ਤੀ ਹੋ ਗਈ ਹੈ ਕਿ ਨਾਲ ਲਗਦੀ ਪੈਲੀ ਵਾਲੇ ਨੂੰ ਜਾਣਦਿਆਂ ਤੇ ਚਾਹੁੰਦਿਆਂ ਵੀ ਬੁਲਾ ਨਹੀਂ ਸਕਦੇ।
ਜਦ ਅਸੀਂ ਬਜ਼ੁਰਗ ਨਾਲ ਗੱਲਾਂ ਕਰ ਰਹੇ ਸਾਂ ਤਾਂ ਕੰਡਿਆਲੀ ਤਾਰ ਦੇ ਦੂਜੇ ਪਾਸੇ ਕੁਝ ਲੋਕ ਝੋਨਾ ਝਾੜ ਰਹੇ ਸਨ। ਲੋਹੇ ਦੇ ਡਰੰਮਾਂ ਉਤੇ ਵੱਜਦੀਆਂ ਝੋਨੇ ਦੀਆਂ ਪੱਛੀਆਂ ਦਾ ਸੰਗੀਤ ਅਤੇ ਉਨ੍ਹਾਂ ਵੱਲੋਂ ਗਾਈ ਜਾ ਰਹੀ ਹੀਰ ਦੇ ਬੈਂਤ, ਕਦੇ ਮਿਰਜ਼ੇ ਦੀਆਂ ਹੇਕਾਂ ਤੇ ਕਦੇ ਟੱਪੇ ਮਾਹੀਏ, ਸਪਸ਼ਟ ਸੁਣ ਰਹੇ ਸਨ।
ਜਦ ਟਿੱਬੇ (ਬੀæਐਸ਼ਐਫ਼æ ਚੌਕੀ) ਵੱਲ ਮੁੜੇ, ਤਾਂ ਅਸੀਂ ਕੰਡਿਆਲੀ ਤਾਰ ਦੇ ਨਾਲ-ਨਾਲ ਤੁਰਨ ਲੱਗੇ। ਸਾਨੂੰ ਦੇਖ ਦੂਜੇ ਪਾਸੇ ਝੋਨਾ ਝਾੜਨ ਵਾਲੇ ਹੋਰ ਉਚੀ ਹੇਕਾਂ ਲਾਉਣ ਲੱਗੇ। ਰੰਗ-ਬਰੰਗੀਆਂ ਤਿੱਤਲੀਆਂ ਤੇ ਸ਼ਹਿਦ ਦੀਆਂ ਮੱਖੀਆਂ ਬੇਖੌਫ਼ ਕੰਡਿਆਲੀ ਤਾਰ ਦੇ ਆਰ-ਪਾਰ ਆ-ਜਾ ਰਹੀਆਂ ਸਨ। ਤਿੱਤਰ ਵਰਗੇ ਪੰਛੀਆਂ ਦਾ ਜੋੜਾ ਸਾਨੂੰ ਦੇਖ ਉਡਾਰੀ ਮਾਰ ਵਾੜ ਉਪਰੋਂ ਸਰਹੱਦ ਪਾਰ ਕਰ ਗਿਆ, ਪਰ ਉਨ੍ਹਾਂ ਦੇ ਬੇਉਡਾਰ ਬੱਚੇ ਵਾੜ ਲਾਗੇ ਕੁਰਲਾਉਣ ਲੱਗੇ। ਇਹ ਦੇਖ ਬਜ਼ੁਰਗਾਂ ਤੋਂ ਸੁਣੀਆਂ ਵੰਡ ਦੀਆਂ ਕਹਾਣੀਆਂ ਚੇਤੇ ਆਉਣ ਲੱਗੀਆਂ!
ਚੌਕੀ ਅੰਦਰ ਗਏ ਤਾਂ ਬੀæਐਸ਼ਐਫ਼æ ਅਧਿਕਾਰੀ ਕੰਡਿਆਲੀ ਤਾਰ ਅਤੇ ਸਰਹੱਦ ਬਾਰੇ ਜਾਣਕਾਰੀ ਦੇਣ ਲਈ ਤਿਆਰ ਬੈਠੇ ਸਨ। ਜਿਨ੍ਹਾਂ ਨੇ ਅਟਾਰੀ-ਵਾਹਗੇ ਬਾਰਡਰ ਦੀ ਪਰੇਡ ਅਤੇ ਗੇਟ ਬੰਦ ਹੁੰਦੇ ਜਾਂ ਖੁੱਲ੍ਹਦੇ ਤਾਂ ਦੇਖੇ ਹਨ, ਪਰ ਦਿਹਾਤ ਵਿਚ ਬਾਰਡਰ ਨਹੀਂ ਦੇਖਿਆ, ਉਨ੍ਹਾਂ ਲਈ ਹਿੰਦ-ਪਾਕਿ ਬਾਰਡਰ ਖੁਸ਼ਨੁਮਾ ਤੇ ਤਮਾਸ਼ਾਈ ਘਟਨਾ ਤੋਂ ਵੱਧ ਕੁਝ ਨਹੀਂ। ਦਿਹਾਤ ਵਿਚ ਲੱਗੀ ਸਰਹੱਦੀ ਕੰਡਿਆਲੀ ਤਾਰ ਮਹਿਜ਼ ਕੰਡਿਆਲੀ ਤਾਰ ਨਹੀਂ। ਇਸ ਕੰਡਿਆਲੀ ਤਾਰ ਨਾਲ ਜਿਸ ਤਰ੍ਹਾਂ ਦੇ ਇੱਥੇ ਹੋਰ ਹਥਿਆਰ ਅਤੇ ਯੰਤਰ ਲਾਏ ਗਏ ਹਨ, ਉਨ੍ਹਾਂ ਨੂੰ ਦੇਖਦਿਆਂ/ਸੁਣਦਿਆਂ ਇਨਸਾਨ ਖੁਦ ਤੋਂ ਡਰਨ ਲੱਗਦਾ ਹੈ। ਬਮਿਆਲ ਸੈਕਟਰ ਵਿਚ ਕੰਡਿਆਲੀ ਤਾਰ ਸਰਹੱਦ ਤੋਂ ਕੁਝ ਫੁੱਟ ਜਾਂ ਮੀਟਰ ਦੀ ਵਿੱਥ ‘ਤੇ ਹੈ। ਇਸ ਇਲਾਕੇ ਵਿਚ ਵਾਹੀਯੋਗ ਜ਼ਮੀਨ ਕੰਡਿਆਲੀ ਤਾਰ ਦੇ ਦੂਜੇ ਪਾਸੇ ਨਹੀਂ; ਸੋ ਬਮਿਆਲ ਸੈਕਟਰ ਵਿਚੋਂ ਸਰਹੱਦ ਪਾਰ ਕਰਨ ਦੀ ਬਹੁਤ ਘੱਟ ਗੁੰਜਾਇਸ਼ ਹੈ। ਇਸ ਸੈਕਟਰ ਵਿਚ ਕੌਮਾਂਤਰੀ ਹੱਦ ‘ਤੇ ਬੁਰਜੀਆਂ ਲੱਗੀਆਂ ਹੋਈਆਂ ਹਨ। ਪੰਜ ਫੁੱਟ ਚੌੜੀ ਮੁਸ਼ਤਰਕਾ ਪੱਟੀ (ਨੋ ਮੈਨਜ਼ ਲੈਂਡ) ਹੈ। ਉਸ ਦੇ ਪਿਛੇ ਸਾਧਾਰਨ ਕੰਡਿਆਲੀ ਤਾਰ ਵਾਲੀ ਵਾੜ ਹੈ, ਪਰ ਜਿਹੜੀ ਕੰਡਿਆਲੀ ਤਾਰ ਪੰਜਾਬ ਦੇ ਕਾਲੇ ਦਿਨਾਂ ਵਿਚ ਲੱਗੀ, ਉਹ ਕੋਈ ਸਾਧਾਰਨ ਵਾੜ ਨਹੀਂ। ਬਮਿਆਲ ਸੈਕਟਰ ਵਿਚ ਸਰਹੱਦ ਤੋਂ ਕੁਝ ਮੀਟਰ ਪਿਛੇ ਕੰਡਿਆਲੀ ਤਾਰ ਦੀ 10 ਤੋਂ 12 ਫੁੱਟ ਉਚੀ ਕੰਧ ਉਸਾਰੀ ਗਈ ਹੈ ਜਿਸ ਉਤੇ ਢਾਈ ਫੁੱਟ ਲੰਬੀ ਬਾਹਰ ਵੱਲ ਨੂੰ ਬਾਧਰੀ ਕੱਢੀ ਗਈ ਹੈ। ਪੰਜ ਫੁੱਟ ਦੇ ਫਰਕ ਨਾਲ ਇਸ ਤਰ੍ਹਾਂ ਦੀ ਇਕ ਹੋਰ ਕੰਧ ਉਸਾਰੀ ਗਈ ਹੈ। ਦੋਹਾਂ ਵਾੜ-ਕੰਧਾਂ ਵਿਚਾਲੇ ਪੰਜ ਫੁੱਟ ਥਾਂ ਵਿਚ ਕੰਡਿਆਲੀ ਤਾਰ ਦਾ ਜਾਲ ਹੈ। ਇਸ ਤੋਂ ਬਿਨਾਂ ਇਸ ਵਾੜ ਨਾਲ ਕਈ ਕਿਸਮ ਦੇ ਬੰਬ ਫਿਟ ਕੀਤੇ ਗਏ ਹਨ। ਕਈ ਅਜਿਹੇ ਬੰਬ ਹਨ ਜਿਨ੍ਹਾਂ ਵਿਚ ਜ਼ਹਿਰੀਲੇ ਰਸਾਇਣ ਪਦਾਰਥ ਹਨ। ਜੇ ਕੋਈ ਬੰਦਾ ਵਾੜ ਕੱਟਣ ਦੀ ਕੋਸ਼ਿਸ਼ ਕਰੇ ਤਾਂ ਬੰਬ ਫਟ ਜਾਂਦੇ ਹਨ। ਤੇਜ਼ ਰੋਸ਼ਨੀ ਤੇ ਜ਼ਬਰਦਸਤ ਧਮਾਕਾ ਬੰਦੇ ਨੂੰ ਬੇਹੋਸ਼ ਕਰ ਦਿੰਦਾ ਹੈ। ਅਜਿਹਾ ਅਗਲੇ ਨੂੰ ਜ਼ਿੰਦਾ ਫੜਨ ਲਈ ਕੀਤਾ ਗਿਆ ਹੈ। ਤਾਰਾਂ ਨਾਲ ਖਾਸ ਕਿਸਮ ਦੀਆਂ ਘੰਟੀਆਂ ਲੱਗੀਆਂ ਹੋਈਆਂ ਹਨ। ਜਿਸ ਥਾਂ ‘ਤੇ ਛੇੜ-ਛਾੜ ਹੋਵੇ, ਉਥੇ ਇਹ ਘੰਟੀਆਂ ਵੱਜਣ ਲੱਗ ਪੈਂਦੀਆਂ ਹਨ।
ਵਾੜ ਦੇ ਭਾਰਤ ਵਾਲੇ ਪਾਸੇ ਹਰ ਸੌ ਮੀਟਰ ‘ਤੇ ਮੋਰਚਾ ਹੈ ਜਿਸ ਵਿਚ ਤਿੰਨ ਜਵਾਨ ਤਾਇਨਾਤ ਰਹਿੰਦੇ ਹਨ। ਇਨ੍ਹਾਂ ਦਾ ਤਬਾਦਲਾ ਹੁੰਦਾ ਰਹਿੰਦਾ ਹੈ ਤੇ ਮੁੜ ਤਿੰਨ-ਚਾਰ ਮਹੀਨੇ ਬਾਅਦ ਹੀ ਇਹ ਇਕੱਠੇ ਹੁੰਦੇ ਹਨ। ਹਰ ਡੇਢ ਸੌ ਮੀਟਰ ਉਤੇ 50 ਫੁੱਟ ਉਚੇ ਟਾਵਰ ਬਣਾ ਕੇ ਉਨ੍ਹਾਂ ‘ਤੇ ਫਲੱਡ ਲਾਈਟਾਂ ਲਾਈਆਂ ਗਈਆਂ ਹਨ ਜੋ ਰਾਤ ਭਰ ਜਗਦੀਆਂ ਰਹਿੰਦੀਆਂ ਹਨ। ਕੰਡਿਆਲੀ ਤਾਰ ਨਾਲ ਤੇਜ਼ ਕਰੰਟ ਵਾਲੀ ਤਾਰ ਵੀ ਲੱਗੀ ਹੋਈ ਹੈ ਜਿਸ ਨੂੰ ‘ਕੋਬਰਾ ਵਾਰ’ ਕਿਹਾ ਜਾਂਦਾ ਹੈ। ਇਸ ਦੀ ਸਿੱਧੀ ਬਿਜਲੀ ਸਪਲਾਈ ਭਾਖੜੇ ਤੋਂ ਹੈ। ਕੰਡਿਆਲੀ ਤਾਰ ਦੇ ਦੂਜੇ ਪਾਸੇ 10 ਤੋਂ 25 ਫੁੱਟ ਦੇ ਏਰੀਏ ਵਿਚ ਖਾਸ ਕਿਸਮ ਦਾ ਘਾਹ ਉਗਾਇਆ ਗਿਆ ਹੈ ਜਿਸ ਵਿਚ ਕੰਡਿਆਲੀ ਤਾਰ ਦਾ ਜਾਲ ਵਿਛਾਇਆ ਗਿਆ ਤੇ ਉਸ ਵਿਚ ਤਿੱਖੇ ਬਾਂਸ ਅਤੇ ਲੋਹੇ ਦੇ ਕਿੱਲੇ ਗੱਡੇ ਹੋਏ ਹਨ। ਜੇ ਦੌੜ ਕੇ ਕੋਈ ਵਾੜ ਲਾਗੇ ਆਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਇਨ੍ਹਾਂ ਵਿਚ ਫਸ ਕੇ ਡਿਗ ਪੈਂਦਾ ਹੈ ਤੇ ਤਿੱਖੇ ਕਿੱਲੇ ਉਸ ਦੇ ਸਰੀਰ ਵਿਚ ਖੁੱਭ ਜਾਂਦੇ ਹਨ। ਇਸ ਦੇ ਨਾਲ ਹੀ ਘਾਹ ਵਿਚ ਖਾਸ ਕਿਸਮ ਦੀਆਂ ਕੜਿੱਕੀਆਂ ਲੱਗੀਆਂ ਹੋਈਆਂ ਹਨ ਜੋ ਪੈਰਾਂ ਵਿਚ ਫਸ ਸਕਦੀਆਂ ਹਨ। ਇਹ ਸਭ ਕੁਝ ਭਾਵੇਂ ਸਾਧਾਰਨ ਲੱਗੇ, ਪਰ ਵਾੜ ਦੇ ਦੂਜੇ ਪਾਸੇ ਇਸ ਘਾਹ ਵਿਚ ਬਾਰੂਦੀ ਸੁਰੰਗਾਂ ਵਿਛਾਈਆਂ ਗਈਆਂ ਹਨ। ਇਸ ਤੋਂ ਬਿਨਾਂ ਜਿਸ ਥਾਂ ਤੋਂ ਵਾੜ ਕੱਟਣ ਦੀ ਕੋਸ਼ਿਸ਼ ਹੁੰਦੀ ਹੈ, ਉਸ ਲਾਗੇ ਲੱਗੇ ਯੰਤਰ ਚੰਗਿਆੜੇ, ਰੋਸ਼ਨੀ ਤੇ ਧਮਾਕੇ ਕਰਨ ਲੱਗਦੇ ਹਨ ਅਤੇ ਪੱਕੀਆਂ ਚੌਕੀਆਂ ਵਿਚ ਸਾਇਰਨ ਵੱਜਣ ਲਗਦੇ ਹਨ। ਅਜਿਹੇ ਕਈ ਹੋਰ ਯੰਤਰ ਹਨ ਜੋ ਇਥੇ ਬਿਆਨ ਨਹੀਂ ਕੀਤੇ ਜਾ ਸਕਦੇ। ਸੋ, ਕੋਈ ਬੰਦਾ ਵਾੜ ਤੱਕ ਪਹੁੰਚਣ ਬਾਰੇ ਸੋਚ ਵੀ ਨਹੀਂ ਸਕਦਾ।
ਸਾਰਾ ਦਿਨ ਬਮਿਆਲ ਸੈਕਟਰ ਦੀ ਸਰਹੱਦ ‘ਤੇ ਕੱਟਣ ਬਾਅਦ ਅਸੀਂ ਰਾਤ ਗੁਰਦਾਸਪੁਰ ਦੇ ਬੀæਐਸ਼ਐਫ਼æ ਹੈਡਕੁਆਰਟਰ ਦੇ ਰੈਸਟ ਹਾਊਸ ਵਿਚ ਰਹੇ। ਸਰਹੱਦ ਤੋਂ ਗੁਰਦਾਸਪੁਰ ਜਾਣ ਲਈ ਜਦ ਅਸੀਂ ਬਮਿਆਲ ਦੇ ਮੁੱਖ ਬਾਜ਼ਾਰ ਵਿਚੋਂ ਲੰਘ ਰਹੇ ਸਾਂ ਤਾਂ ਸਕੂਲ ਵਿਚ ਛੁੱਟੀ ਹੋ ਚੁੱਕੀ ਸੀ। ਬੱਚੇ ਸਲਵਾਰਾਂ ਤੇ ਪੈਂਟਾਂ ਟੰਗੀ ਮੁੱਖ ਬਾਜ਼ਾਰ ਦੀ ਸੜਕ ਵਿਚੋਂ ਖੜ੍ਹੇ ਚਿੱਕੜ ਵਿਚੋਂ ਲੰਘ ਰਹੇ ਸਨ। ਸਾਡੀਆਂ ਜਿਪਸੀਆਂ ਦੇ ਟਾਇਰਾਂ ਨਾਲ ਚਿੱਕੜ ਦੀ ਬੁਛਾੜ ਦੁਕਾਨਾਂ ਦੇ ਬੂਹੇ ਤੱਕ ਜਾ ਰਹੀ ਸੀ। ਨਰੋਟ ਜੈਮਲ ਸਿੰਘ ਬਲਾਕ ਵਿਚ ਕੋਈ ਸੌ ਪਿੰਡ ਪੰਜਾਬ ਅਤੇ ਕੇਂਦਰੀ ਸਰਕਾਰ ਦੇ ‘ਸਰਹੱਦੀ ਖੇਤਰ ਵਿਕਾਸ ਸਕੀਮ’ ਅਧੀਨ ਹਨ, ਪਰ ਇਥੇ ਵਿਕਾਸ ਕਿਧਰੇ ਦੇਖਣ ਨੂੰ ਨਹੀਂ ਮਿਲਦਾ।
ਗੁਰਦਾਸਪੁਰ ਦੇ ਬੀæਐਸ਼ਐਫ਼æ ਰੈਸਟ ਹਾਊਸ ਪਹੁੰਚੇ ਜਿਥੇ ਕਈ ਸੀਨੀਅਰ ਅਧਿਕਾਰੀ ਪਹਿਲਾਂ ਹੀ ਪਹੁੰਚੇ ਹੋਏ ਸਨ। ਵਿਸਕੀ, ਬਰਾਂਡੀ, ਵਾਈਨ ਤੇ ਬੀਅਰ ਦਾ ਦੌਰ ਚੱਲ ਰਿਹਾ ਸੀ। ਸੁਰੱਖਿਆ ਅਧਿਕਾਰੀਆਂ ਤੇ ਜਵਾਨਾਂ ਦੀ ਮੈਸ ਵਿਚ ਜਿੰਨਾ ਫਰਕ ਭਾਰਤ ਵਿਚ ਮੈਂ ਦੇਖਿਆ, ਸ਼ਾਇਦ ਹੀ ਕਿਸੇ ਹੋਰ ਦੇਸ਼ ਵਿਚ ਦੇਖਿਆ ਹੋਵੇ। ਖਾਣੇ ਤੋਂ ਪਹਿਲਾਂ ਨਸ਼ੇ ਦੀ ਲੋਰ ਵਿਚ ਬੀæਐਸ਼ਐਫ਼æ ਦੇ ਕਈ ਅਧਿਕਾਰੀ ਆਪਣੀਆਂ ਕਾਨੂੰਨੀ ਇਖਲਾਕੀ ਹੱਦਾਂ ਪਾਰ ਕਰ ਗਏ, ਪਰ ਦਾਦ ਦਿੰਦਾ ਹਾਂ ਕਿ ਬਹੁਤ ਸਾਰੇ ਸੀਨੀਅਰ ਅਧਿਕਾਰੀਆਂ ਨੇ ਨਸ਼ੇ ਨੂੰ ਹੱਥ ਤੱਕ ਨਹੀਂ ਲਾਇਆ।
ਅਗਲੇ ਦਿਨ ਤਿਆਰ ਹੋ ਕੇ ਸਭ ਲਾਅਨ ਵਿਚ ਆਣ ਬੈਠੇ। ਨਾਸ਼ਤਾ ਕਰਦਿਆਂ ਪੰਜਾਬ ਤੇ ਭਾਰਤ ਬਾਰੇ ਗੰਭੀਰ ਗੱਲਾਂ ਹੋਈਆਂ। ਰਾਤ ਦੇ ਸ਼ਰਾਬੀ ਅਧਿਕਾਰੀ ਖਿਮਾ ਮੰਗ ਰਹੇ ਸਨ ਤੇ ਦੱਸ ਰਹੇ ਸਨ, ਅਜਿਹਾ ਰੋਜ਼ ਨਹੀਂ ਹੁੰਦਾ। ਉਹ ਪਰਿਵਾਰਾਂ ਤੋਂ ਕੋਹਾਂ ਦੂਰ ਸਰਹੱਦ ‘ਤੇ ਰਹਿ ਰਹੇ ਸਨ। ਗੱਲਾਂ ਖਾੜਕੂਵਾਦ/ਅਤਿਵਾਦ ਤੋਂ ਪਹਿਲਾਂ ਤੇ ਬਾਅਦ ਤੱਕ ਦੀਆਂ ਹੋਈਆਂ। ਨਾਸ਼ਤੇ ਦੌਰਾਨ ਹੋਈਆਂ ਵਿਚਾਰਾਂ ਦੌਰਾਨ ਮੇਰੀ ਇਹੋ ਧਾਰਨਾ ਬਣੀ ਕਿ ਕੇਂਦਰੀ ਸੁਰੱਖਿਆ ਏਜੰਸੀਆਂ ਸਮੇਤ ਬੀæਐਸ਼ਐਫ਼æ ਦੇ ਉਚ ਅਧਿਕਾਰੀਆਂ ਨੂੰ ਪੰਜਾਬੀ ਮਾਨਸਿਕਤਾ ਅਤੇ ਪੰਜਾਬ ਦੀਆਂ ਸਮੱਸਿਆਵਾਂ ਬਾਰੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੇ ਮੁਕਾਬਲੇ ਜ਼ਿਆਦਾ ਸਮਝ ਹੈ।
ਫਿਰ ਅਸੀਂ ਗੁਰਦਾਸਪੁਰ ਤੋਂ ਛੋਟੇ-ਛੋਟੇ ਪਿੰਡਾਂ ਵਿਚੋਂ ਹੁੰਦੇ ਹੋਏ ਸਰਹੱਦ ਵੱਲ ਰਵਾਨਾ ਹੋਏ। ਗੁਰਦਾਸਪੁਰ ਬੀæਐਸ਼ਐਫ਼ ਵਿਚ ਭਾਰਤ ਸਰਕਾਰ ਦੇ ਸੂਚਨਾ ਤੇ ਪ੍ਰਸਾਰਨ ਮੰਤਰਾਲੇ ਦੀਆਂ ਗੱਡੀਆਂ ਆ ਚੁੱਕੀਆਂ ਸਨ। ਅਸੀਂ ਬਾਰਡਰ (ਕੰਡਿਆਲੀ ਵਾੜ) ਤੱਕ ਇਨ੍ਹਾਂ ਵਿਚ ਹੀ ਗਏ। ਧਰਾਤਲੀ ਤੇ ਭੂਗੋਲਿਕ ਪੱਖੋਂ ਡੇਰਾ ਬਾਬਾ ਨਾਨਕ ਸੈਕਟਰ ਦਾ ਸਰਹੱਦੀ ਇਲਾਕਾ ਬਮਿਆਲ ਸੈਕਟਰ ਦੇ ਮੁਕਾਬਲੇ ਕਾਫ਼ੀ ਸੁਖਾਵਾਂ ਹੈ, ਪਰ ਸੈਕਟਰ ਡੇਰਾ ਬਾਬਾ ਨਾਨਕ ਇਲਾਕੇ ਵਿਚ ਸਰਹੱਦ ਕਾਫੀ ਵਲ-ਵਲੇਵੇ ਖਾਂਦੀ ਹੈ। ਦੂਜਾ, ਇਸ ਇਲਾਕੇ ਵਿਚ ਰਾਵੀ ਸਰਹੱਦ ਉਤੇ ਵਗਦੀ ਹੈ। ਬੀæਐਸ਼ਐਫ਼æ ਦੇ ਅਧਿਕਾਰੀ ਦੱਸ ਰਹੇ ਸਨ ਕਿ ਰਾਵੀ ਦਾ ਵਹਾਅ ਕਈ ਵਾਰ ਪਿਛੇ ਭਾਰਤ ਵੱਲ ਹਟ ਜਾਂਦਾ ਹੈ ਤੇ ਭਾਰਤੀ ਇਲਾਕਾ ਰਾਵੀ ਪਾਰ ਰਹਿ ਜਾਂਦਾ ਹੈ। ਕਈ ਵਾਰ ਪਾਕਿਸਤਾਨੀ ਇਲਾਕਾ ਰਾਵੀ ਪਾਰ ਸਾਡੇ ਵੱਲ ਆ ਜਾਂਦਾ ਹੈ ਤੇ ਕਈ ਵਾਰ ਸਾਡਾ ਇਲਾਕਾ ਰਾਵੀ ਪਾਰ ਚਲੇ ਜਾਂਦਾ ਹੈ। ਦੱਸਿਆ ਗਿਆ ਕਿ ਸਰਹੱਦ ਉਤੇ ਕੋਈ ਖਾਸ ਪ੍ਰੋਗਰਾਮ ਹੋਵੇ, ਜਿਵੇਂ ਪੱਤਰਕਾਰਾਂ ਜਾਂ ਹੋਰ ਸਰਕਾਰੀ ਅਧਿਕਾਰੀਆਂ ਦੀ ਆਮਦ, ਤਾਂ ਪਾਕਿਸਤਾਨੀ ਰੇਂਜਰ ਤੇ ਬੀæਐਸ਼ਐਫ਼æ ਵਾਲੇ ਇਕ ਦੂਜੇ ਨੂੰ ਅਗਾਊਂ ਸੂਚਨਾ ਦਿੰਦੇ ਹਨ ਤਾਂ ਕਿ ਦੋਵਾਂ ਧਿਰਾਂ ਵਿਚ ਕੋਈ ਭੜਕਾਹਟ ਜਾਂ ਗਲਤਫਹਿਮੀ ਪੈਦਾ ਨਾ ਹੋਵੇ। ਇਸ ਲਈ ਬੀæਐਸ਼ਐਫ਼æ ਤੇ ਪਾਕਿਸਤਾਨੀ ਰੇਂਜਰ ਸਮੇਂ-ਸਮੇਂ ਫਲੈਗ ਮੀਟਿੰਗਾਂ ਕਰਦੇ ਰਹਿੰਦੇ ਹਨ। ਅਜਿਹੀਆਂ ਮੀਟਿੰਗਾਂ ਇਕ ਵਾਰ ਭਾਰਤ ਅਤੇ ਅਗਲੀ ਵਾਰ ਪਾਕਿਸਤਾਨ ਵਿਚ ਹੁੰਦੀਆਂ ਹਨ ਜਿਨ੍ਹਾਂ ਵਿਚ ਸਰਹੱਦੀ ਮਸਲੇ ਵਿਚਾਰੇ ਜਾਂਦੇ ਹਨ। ਸਰਹੱਦ ਪਾਰ ਕੀਤੇ ਡੰਗਰ-ਵੱਛੇ ਸਮੇਤ ਜੇ ਕੋਈ ਇਨਸਾਨ ਭੁਲੇਖੇ ਨਾਲ ਸਰਹੱਦ ਪਾਰ ਕਰ ਜਾਵੇ, ਉਸ ਨੂੰ ਵੀ ਜਾਂਚ-ਪੜਤਾਲ ਪਿਛੋਂ ਪਰਤਾਉਣ ਬਾਰੇ ਵਿਚਾਰ ਹੁੰਦੀ ਹੈ ਤੇ ਤਬਾਦਲੇ ਵੀ ਹੁੰਦੇ ਹਨ। ਡੇਰਾ ਬਾਬਾ ਨਾਨਕ ਜਿਥੇ ਕਦੇ ਬਾਬੇ ਨਾਨਕ ਨੇ ਹਲ ਵਾਹਿਆ ਸੀ, ਸਰਹੱਦੋਂ ਪਾਰ ਮਸਾਂ ਦੋ-ਢਾਈ ਕਿਲੋਮੀਟਰ ਦੂਰ ਹੈ। ਮਨੁੱਖੀ ਸਰਹੱਦਾਂ ਨੂੰ ਨਕਾਰਦੀ ਅੱਧੀ ਰਾਵੀ ਹੱਦ ਦੇ ਉਸ ਪਾਰ ਤੇ ਅੱਧੀ ਇਸ ਪਾਰ ਵਗਦੀ ਹੈ।
ਸਰਹੱਦ ਦੀ ਸੁਰੱਖਿਆ ਤੇ ਮੁਸ਼ਕਿਲਾਂ ਬਾਰੇ ਜਾਣਦਿਆਂ ਅਸੀਂ ਦੁਪਹਿਰ ਦਾ ਖਾਣਾ ਨਰੋਟ ਜੈਮਲ ਸਿੰਘ ਚੌਕੀ ‘ਤੇ ਖਾਧਾ। ਇਸ ਇਲਾਕੇ ਵਿਚ ਭਾਰਤ ਦਾ ਸਭ ਤੋਂ ਵੱਡਾ ਕਸਬਾ ਨਰੋਟ ਜੈਮਲ ਸਿੰਘ ਹੈ ਜੋ ਹੁਣ ਪਠਾਨਕੋਟ ਦੀ ਤਹਿਸੀਲ ਹੈ। ਪਾਕਿਸਤਾਨ ਵੱਲ ਵੱਡਾ ਸਰਹੱਦੀ ਕਸਬਾ ਚੱਕ ਕਾਜ਼ੀਆਂ ਹੈ। ਬੀæਐਸ਼ਐਫ਼æ ਅਧਿਕਾਰੀਆਂ ਨੇ ਦੱਸਿਆ ਕਿ ਚੱਕ ਕਾਜ਼ੀਆਂ ਦੇ ਆਸ-ਪਾਸ ਦੇ ਅਨੇਕਾਂ ਪਾਕਿਸਤਾਨੀ ਪਿੰਡਾਂ ਵਿਚ ਉਨ੍ਹਾਂ ਦੇ ਸੂਤਰ ਹਨ ਜੋ ਉਨ੍ਹਾਂ ਨੂੰ ਅਹਿਮ ਜਾਣਕਾਰੀ ਦਿੰਦੇ ਰਹਿੰਦੇ ਹਨ। ਜਦ ਪੱਤਰਕਾਰਾਂ ਨੇ ਪੁੱਛਿਆ ਕਿ ਹੋ ਸਕਦਾ ਹੈ, ਪਾਕਿਸਤਾਨੀ ਰੇਂਜਰਾਂ ਦੇ ਸੂਤਰ ਵੀ ਭਾਰਤੀ ਪਿੰਡਾਂ ਵਿਚ ਹੋਣ, ਤਾਂ ਬੀæਐਸ਼ਐਫ਼æ ਦੇ ਅਧਿਕਾਰੀ ਨੇ ‘ਹੋ ਸਕਦਾ’ ਤੋਂ ਵੱਧ ਕੋਈ ਜਵਾਬ ਨਾ ਦਿੱਤਾ।
ਇਲਾਕੇ ਵਿਚ ਕਾਫੀ ਵਾਹੀਯੋਗ ਜ਼ਮੀਨ ਵਾੜ ਦੇ ਪਾਰ ਵੀ ਹੈ। ਉਥੇ ਜਾਣ ਲਈ ਵਾੜ ਉਤੇ ਵਿਸ਼ੇਸ਼ ਗੇਟ ਬਣੇ ਹੋਏ ਹਨ। ਇਨ੍ਹਾਂ ਗੇਟਾਂ ਦਾ ਸਵੇਰੇ ਸ਼ਾਮ ਖੁੱਲ੍ਹਣ ਅਤੇ ਬੰਦ ਹੋਣ ਦਾ ਸਮਾਂ ਹੈ। ਵਾੜ ਪਾਰ ਕੰਮ ਕਰਨ ਵਾਲਿਆਂ ਨੂੰ ਵਿਸ਼ੇਸ਼ ਸ਼ਨਾਖਤੀ ਕਾਰਡ ਦਿੱਤੇ ਹੋਏ ਹਨ। ਇਨ੍ਹਾਂ ਗੇਟਾਂ ਉਤੇ ਤਾਇਨਾਤ ਬੀæਐਸ਼ਐਫ਼ ਦੇ ਅਧਿਕਾਰੀ ਸ਼ਨਾਖਤੀ ਕਾਰਡ ਚੈਕ ਕਰਨ ਪਿਛੋਂ ਪੂਰੀ ਤਲਾਸ਼ੀ ਲੈਂਦੇ ਹਨ। ਅਜਿਹੇ ਇਕ ਗੇਟ ਰਾਹੀਂ ਲੰਘ ਕੇ ਅਸੀਂ ਡੇਢ-ਦੋ ਫਰਲਾਂਗ ‘ਤੇ ਵਗਦੀ ਰਾਵੀ ਤੱਕ ਗਏ। ਇਥੇ ਬੁਰਜੀਆਂ ਰਾਵੀ ਦੇ ਵਿਚਕਾਰ ਲੱਗੀਆਂ ਹੋਈਆਂ ਹਨ। ਬੀæਐਸ਼ਐਫ਼æ ਜਵਾਨ ਸਾਨੂੰ ਕਿਸ਼ਤੀ ਵਿਚ ਬਿਠਾ ਕੇ ਬੁਰਜੀਆਂ ਦੇ ਨੇੜੇ ਤੱਕ ਲੈ ਕੇ ਗਏ। ਦੱਸਿਆ ਗਿਆ ਕਿ ਉਹ ਇਸ ਇਲਾਕੇ ਦੀ ਕਿਵੇਂ ਨਿਗਰਾਨੀ ਕਰਦੇ ਹਨ। ਮਹਿਸੂਸ ਹੋਇਆ ਕਿ ਜਵਾਨਾਂ ਕੋਲ ਚੰਗੀਆਂ ਕਿਸ਼ਤੀਆਂ ਤੇ ਆਧੁਨਿਕ ਯੰਤਰ ਸਨ।
ਦੋ ਦਿਨ ਸਰਹੱਦ ਉਤੇ ਬਿਤਾਉਣ ਪਿਛੋਂ ਲੌਢੇ ਵੇਲੇ ਅਸੀਂ ਜਲੰਧਰ ਵੱਲ ਰਵਾਨਾ ਹੋਏ। ਰਸਤੇ ਵਿਚ ਪੈਂਦੇ ਸਰਹੱਦੀ ਪਿੰਡਾਂ ਦੇ ਲੋਕਾਂ ਨਾਲ ਗੱਲਾਂ-ਬਾਤਾਂ ਵੀ ਹੋਈਆਂ। ਹੈਰਾਨੀ ਹੋਈ ਕਿ ਤਮਾਮ ਲੋਕਾਂ ਨੂੰ ਆਪਣੇ ਇਲਾਕੇ ਦੇ ਐਮæਐਲ਼ਏæ ਜਾਂ ਐਮæਪੀæ ਦੇ ਨਾਂ ਤੱਕ ਨਹੀਂ ਸੀ ਪਤਾ। ਉਹ ਤਾਂ ਬੱਸ ਇਲਾਕੇ ਦੇ ਚੌਧਰੀਆਂ ਦੇ ਆਖੇ ਵੋਟਾਂ ਪਾ ਆਉਂਦੇ ਹਨ। ਇਲਾਕੇ ਦੇ ਲੋਕਾਂ ਦੀ ਵੱਡੀ ਸ਼ਿਕਾਇਤ ਸੀ ਕਿ ਵਾੜ ਤੋਂ ਪਾਰ ਜਾ ਕੇ ਖੇਤੀ ਕਰਨ ਦੇ ਬੱਝਵੇਂ ਸਮੇਂ ਕਰ ਕੇ ਉਹ ਸਮੇਂ ਸਿਰ ਫਸਲਾਂ ਦੀ ਸਾਂਭ-ਸੰਭਾਲ ਨਹੀਂ ਕਰ ਸਕਦੇ।
ਪਿਛਲੇ ਦਿਨੀਂ ਪੰਜਾਬ ਦੀਆਂ ਅਖਬਾਰਾਂ ਵਿਚ ਕੁਝ ਰਿਪੋਰਟਾਂ ਛਪੀਆਂ ਕਿ ਭਾਰਤ ਦੇ ਰੱਖਿਆ ਮੰਤਰਾਲੇ ਵੱਲੋਂ ਕਿਸਾਨਾਂ ਨੂੰ ਦਿੱਤਾ ਜਾਂਦਾ ਮੁਆਵਜ਼ਾ ਕਈ ਸਾਲਾਂ ਤੋਂ ਉਨ੍ਹਾਂ ਤੱਕ ਪਹੁੰਚਿਆ ਹੀ ਨਹੀਂ! ਇਹ ਰਿਪੋਰਟਾਂ ਵੀ ਛਪੀਆਂ ਹਨ ਕਿ 1971 ਦੀ ਹਿੰਦ-ਪਾਕਿ ਜੰਗ ਤੋਂ ਬਾਅਦ ਭਾਰਤੀ ਰੱਖਿਆ ਮੰਤਰਾਲੇ ਨੇ ਕੁਝ ਥਾਂਵਾਂ ‘ਤੇ ਸੁਰੱਖਿਆ ਬੰਨ੍ਹ, ਪੱਕੀਆਂ ਚੌਕੀਆਂ (ਮੋਰਚੇ) ਬਣਾਉਣ ਲਈ ਕੁਝ ਜ਼ਮੀਨ ਪੱਕੇ ਤੌਰ ‘ਤੇ ਹਾਸਿਲ ਕੀਤੀ ਹੋਈ ਹੈ। ਇਹ ਜ਼ਮੀਨ ਕੁਝ ਸੌ ਰੁਪਏ ਤੋਂ 800 ਰੁਪਏ ਗਜ ਦੇ ਹਿਸਾਬ ਕਿਰਾਏ ‘ਤੇ ਲਈ ਹੋਈ ਹੈ, ਪਰ ਇਹ ਪੈਸਾ ਵੀ ਕਿਸਾਨਾਂ ਤਕ ਨਹੀਂ ਪੁੱਜਦਾ। ਇਸ ਸਬੰਧੀ ਕਿਸਾਨਾਂ ਵੱਲੋਂ ਅਦਾਲਤਾਂ ਵਿਚ ਪੰਜਾਬ ਤੇ ਭਾਰਤ ਸਰਕਾਰ ਖਿਲਾਫ ਕੇਸ ਕੀਤੇ ਹੋਏ ਹਨ ਜਿਨ੍ਹਾਂ ਦਾ ਛੇਤੀ ਨਿਬੇੜਾ ਕੀਤੇ ਜਾਣ ਦੀ ਬਜਾਏ ਲੰਬੀਆਂ ਤਰੀਕਾਂ ਪਾਈਆਂ ਜਾ ਰਹੀਆਂ ਹਨ। ਕਿਸਾਨ ਕੁਝ ਥਾਂਵਾਂ ਉਤੇ ਚਾਲੀ ਹਜ਼ਾਰ ਪ੍ਰਤੀ ਏਕੜ ਦੀ ਮੰਗ ਕਰ ਰਹੇ ਹਨ।
ਜਨਵਰੀ ਮਹੀਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਐਲਾਨ ਕੀਤਾ ਸੀ ਕਿ ਕੰਡਿਆਲੀ ਵਾੜ ਤੋਂ ਪਾਰ ਦੀ ਜ਼ਮੀਨ ਸਰਕਾਰ ਖਰੀਦ ਲਵੇਗੀ। ਸੁਆਲ ਹੈ ਕਿ ਪੰਜਾਬ ਸਰਕਾਰ ਇਸ ਜ਼ਮੀਨ ਦਾ ਕੀ ਕਰੇਗੀ? ਦੂਜਾ, ਜਦੋਂ ਪੰਜਾਬ ਸਰਕਾਰ ਦੇ ਮਾੜੇ ਵਿੱਤੀ ਹਾਲਾਤ ਦੀਆਂ ਖਬਰਾਂ ਆ ਰਹੀਆਂ ਹਨ ਤਾਂ ਕੀ ਸਰਕਾਰ ਸੱਚਮੁੱਚ ਵਾੜ ਪਾਰ ਵਾਲੀ ਇਹ ਜ਼ਮੀਨ ਖਰੀਦਣ ਦੇ ਸਮਰੱਥ ਹੈ?
ਪਿਛਲੇ ਮਹੀਨੇ ਕੇਂਦਰ ਸਰਕਾਰ ਨੇ ਸਰਹੱਦ ‘ਤੇ ਘੁਸਪੈਠ, ਨਸ਼ਿਆਂ ਅਤੇ ਕਿਸਾਨਾਂ ਦੇ ਮਸਲਿਆਂ ਬਾਰੇ ਜਾਂਚ-ਪੜਤਾਲ ਲਈ ਕੇਂਦਰੀ ਕਮੇਟੀ ਪੰਜਾਬ ਦੇ ਸਰਹੱਦੀ ਇਲਾਕੇ ਵਿਚ ਭੇਜੀ ਸੀ। ਇਸ ਕਮੇਟੀ ਵਿਚ ਪੰਜਾਬ ਦੇ ਅਕਾਲੀ ਐਮæਪੀæ ਪ੍ਰੇਮ ਸਿੰਘ ਚੰਦੂਮਾਜਰਾ ਵੀ ਸ਼ਾਮਲ ਸਨ। ਇਸ ਸੁਰੱਖਿਆ ਕਮੇਟੀ ਨੇ ਆਪਣੀ ਰਿਪੋਰਟ ਪਾਰਲੀਮੈਂਟ ਵਿਚ ਪੇਸ਼ ਕਰਨੀ ਸੀ ਜੋ ਅਜੇ ਪੇਸ਼ ਨਹੀਂ ਕੀਤੀ ਗਈ, ਪਰ ਇਸ ਕਮੇਟੀ ਨੇ ਆਪਣਾ ਦੌਰਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਖਤਮ ਕਰਦਿਆਂ ਪੱਤਰਕਾਰਾਂ ਨੂੰ ਦੱਸਿਆ ਸੀ ਕਿ ਕਿਸਾਨਾਂ ਦੇ ਮਸਲੇ ਪਹਿਲਾਂ ਹੀ ਵਿਚਾਰ ਅਧੀਨ ਹਨ, ਘੁਸਪੈਠ ਅਤੇ ਡਰੱਗ ਤਸਕਰੀ ਸਬੰਧੀ ਅਜੇ ਕੋਈ ਪੁਖਤਾ ਜਾਣਕਾਰੀ ਹਾਸਲ ਨਹੀਂ ਹੋਈ। ਸਪਸ਼ਟ ਹੈ ਕਿ ਸਰਹੱਦੀ ਦੌਰਾ ਲੀਡਰਾਂ ਦੀ ਸਰਕਾਰੀ ਪਿਕਨਿਕ ਤੋਂ ਵੱਧ ਕੁਝ ਨਹੀਂ।
ਸਰਹੱਦੀ ਸੁਰੱਖਿਆ ਲੋਹੜੇ ਦੀ ਹੈ, ਪਰ ਪਿਛਲੇ ਦਿਨਾਂ ਦੀਆਂ ਘਟਨਾਵਾਂ ਨੇ ਕਈ ਸੁਆਲ ਖੜ੍ਹੇ ਕਰ ਦਿੱਤੇ ਹਨ। ਇਨ੍ਹਾਂ ਸਵਾਲਾਂ ਦੇ ਜਵਾਬ ਲੱਭਣ ਲਈ ਮੈਂ ਕੁਝ ਜਾਣੂ ਅਧਿਕਾਰੀਆਂ ਨਾਲ ਸੰਪਰਕ ਕੀਤਾ। ਉਨ੍ਹਾਂ ਦਾ ਸਪਸ਼ਟ ਇਸ਼ਾਰਾ ਸੀ ਕਿ ਕਾਲੀਆਂ ਭੇਡਾਂ ਹਰ ਥਾਂ ਹਨ। ਉਚ ਅਧਿਕਾਰੀਆਂ ਦੀ ਮਿਲੀਭੁਗਤ ਬਗੈਰ ਨਾ ਡਰੱਗ, ਨਾ ਹਥਿਆਰ ਤੇ ਨਾ ਹੀ ਮਨੁੱਖੀ ਤਸਕਰੀ ਤੇ ਘੁਸਪੈਠ ਹੋ ਸਕਦੀ ਹੈ। ਉਨ੍ਹਾਂ ਦਾ ਇਸ਼ਾਰਾ ਸੀ ਕਿ ਪੰਜਾਬ ਪੁਲਿਸ ਅਤੇ ਬੀæਐਸ਼ਐਫ਼ ਦੇ ਕੁਝ ਅਧਿਕਾਰੀ ਮਿਲੇ ਹੋਏ ਹੋ ਸਕਦੇ ਹਨ, ਜਿਨ੍ਹਾਂ ਨੂੰ ਸਿਆਸੀ ਸ਼ਹਿ ਵੀ ਹੋ ਸਕਦੀ ਹੈ। ਇਕ ਸੇਵਾ ਮੁਕਤ ਅਧਿਕਾਰੀ ਨੇ ਦਿਲਚਸਪ ਹਵਾਲਾ ਦਿੱਤਾ ਕਿ ਕੋਈ ਕੌਮਾਂਤਰੀ ਅਥਲੀਟ ਲੰਬੇ ਸਮੇਂ ਤੋਂ ਅਟਾਰੀ ਬਾਰਡਰ ‘ਤੇ ਤਾਇਨਾਤ ਰਿਹਾ, ਇਥੇ ਹੀ ਉਹ ਕਸਟਮ ਦੇ ਡਰੱਗ ਰੋਕੂ ਸੈਲ ਦਾ ਹੈਡ ਬਣਿਆ ਤੇ ਫਿਰ ਅਚਾਨਕ ਪੰਜਾਬ ਪੁਲਿਸ ਨੇ ਜਲੰਧਰ ਲਾਗੇ ਸਰਕਾਰੀ ਜਿਪਸੀ ਵਿਚ ਡਰੱਗ ਲਿਜਾਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕਰ ਲਿਆ। ਵਿਭਾਗ ਦੇ ਬਹੁਤੇ ਲੋਕ ਇਸ ਨੂੰ ਵੰਡ ਦਾ ਮਾਮਲਾ ਦੱਸ ਰਹੇ ਹਨ। ਅਜਿਹਾ ਸਵਾਲ ਮੈਂ ਅਮਰੀਕਾ ਰਹਿੰਦੇ ਸੇਵਾ ਮੁਕਤ ਪਾਕਿਸਤਾਨੀ ਰੇਂਜਰ ਨੂੰ ਪੁੱਛਿਆ, ਤਾਂ ਉਸ ਦਾ ਕਹਿਣਾ ਸੀ ਕਿ ਉਹ ਕਦੇ ਬਾਰਡਰ ‘ਤੇ ਤਾਂ ਨਹੀਂ ਰਿਹਾ, ਪਰ ਸੁਣਿਆ ਹੈ, ਸਮਗਲਿੰਗ ਦਾ ਜ਼ਿਆਦਾ ਕੰਮ ਦੋਵਾਂ ਪਾਸਿਆਂ ਦੀ ਮਿਲੀਭੁਗਤ ਨਾਲ ਹੁੰਦਾ ਹੈ। ਫਲੈਗ ਮਾਰਚ ਮੀਟਿੰਗ ਵੇਲੇ ਅਟੈਚੀ ਬਦਲਾਉਣ ਦੇ ਚਰਚੇ ਵੀ ਸੁਣੇ ਹਨ। ਦੋਵਾਂ ਧਿਰਾਂ ਦੇ ਬਾਰਡਰ ਅਧਿਕਾਰੀ ਜਿਨ੍ਹਾਂ ਲੋਕਾਂ ਨੂੰ ਆਪਣੇ ਸੂਚਨਾ ਸਰੋਤ ਦੱਸਦੇ ਹਨ, ਉਨ੍ਹਾਂ ਨੂੰ ਭਲੇਮਾਣਸ ਜਾਂ ਸੂਚਨਾ ਸਰੋਤ ਹੀ ਨਹੀਂ ਸਮਝਣਾ ਚਾਹੀਦਾ।