ਪਿਆਰੇ ਸ੍ਰੀਮਾਨ ਭਗਤ,
ਮੈਂ ਤੁਹਾਨੂੰ ਉਦੋਂ ਲਿਖ ਰਿਹਾਂ ਜਦੋਂ ਕਸ਼ਮੀਰ ਦੇ ਜ਼ਿਆਦਾਤਰ ਹਿੱਸਿਆਂ ਵਿਚ ਕਰਫਿਊ ਵਰਗੀਆਂ ਪਾਬੰਦੀਆਂ ਹਨ, ਮੋਬਾਈਲ ਇੰਟਰਨੈੱਟ ਬਿਲਕੁਲ ਠੱਪ ਹੈ ਅਤੇ ਹਿੰਦੁਸਤਾਨੀ ਰਾਜ ਮਸ਼ੀਨਰੀ ਵਲੋਂ ਇਕ ਬੇਮਿਸਾਲ ਡਰ ਦੀ ਭਾਵਨਾ ਪੈਦਾ ਕੀਤੀ ਜਾ ਰਹੀ ਹੈ। ਤੁਹਾਡਾ ਖ਼ਤ ਐੱਨæਆਈæਟੀæ (ਨੈਸ਼ਨਲ ਇੰਸਟੀਚਿਊਟ ਆਫ ਟੈਕਨਾਲੋਜੀ) ਸ੍ਰੀਨਗਰ ਦੀ ਘਟਨਾ ਤੋਂ ਸ਼ੁਰੂ ਹੁੰਦਾ ਹੈ। ਨਿਸ਼ਚੇ ਹੀ ਇਸ ਨੇ ਬੇਮਿਸਾਲ ਕੌਮੀ ਧਿਆਨ ਖਿੱਚਿਆ ਕਿਉਂਕਿ ਇਹ ਤੁਹਾਡੇ ਕੌਮੀ ਹਿੱਤ ਨੂੰ ਰਾਸ ਆਉਂਦਾ ਸੀ, ਪਰ ਆਮ ਕਸ਼ਮੀਰੀ ਨੌਜਵਾਨਾਂ ਲਈ ਜਿਨ੍ਹਾਂ ਨੂੰ ਤੁਹਾਡਾ ਖ਼ਤ ਮੁਖ਼ਾਤਬ ਹੈ,
ਇਹ ਤੁੱਛ ਮੁੱਦਾ ਕੋਈ ਅਹਿਮੀਅਤ ਨਹੀਂ ਰੱਖਦਾ। ਉਨ੍ਹਾਂ ਦੇ ਫ਼ਿਕਰ ਕਰਨ ਵਾਲਾ ਹੋਰ ਬਥੇਰਾ ਕੁਝ ਹੈ, ਜਿਸ ਵਿਚੋਂ ਸਭ ਤੋਂ ਅਹਿਮ ਹੈ- ਕੀ ਉਹ ਘਰ ਜਿਉਂਦਾ ਮੁੜਦੇ ਹਨ ਜਾਂ ਕਫ਼ਨ ਵਿਚ ਲਪੇਟੇ। ਤੁਸੀਂ ਜ਼ਿਕਰ ਕੀਤਾ ਕਿ ਹਿੰਦੁਸਤਾਨੀ ਕੌਮੀ ਝੰਡਾ ਲਹਿਰਾਉਣ ਕਰ ਕੇ ਬਾਹਰਲੇ ਵਿਦਿਆਰਥੀਆਂ ਦੀ ਕੁੱਟਮਾਰ ਕੀਤੀ ਗਈ, ਪਰ ਤੁਸੀਂ ਪੰਜ ਕਸ਼ਮੀਰੀਆਂ ਦੀ ਹਿੰਦੁਸਤਾਨੀ ਲਸ਼ਕਰਾਂ ਵਲੋਂ ਬੇਰਹਿਮੀ ਨਾਲ ਕੀਤੀ ਹੱਤਿਆ ਨੂੰ ਭੁੱਲ ਗਏ।
ਹਮੇਸ਼ਾ ਵਾਂਗ ਅਸੀਂ ਤਾਂ ਤੁਹਾਡੇ ਹਿੰਦੁਸਤਾਨ ਲਈ ਮਹਿਜ਼ ਅੰਕੜਾ ਹਾਂ।
ਜਦੋਂ ਤੁਸੀਂ ਦੋ ਘਟਨਾਵਾਂ ਨੂੰ ਜੋੜਿਆ, ਤੁਹਾਨੂੰ ਉਥੇ ਹੀ ਖ਼ਤ ਮੁਕਾ ਦੇਣਾ ਚਾਹੀਦਾ ਸੀ। ਇਸ ਤੋਂ ਕਸ਼ਮੀਰ ਦੀ ਹਾਲਤ ਬਾਰੇ ਤੁਹਾਡੀ ਮੁਕੰਮਲ ਅਗਿਆਨਤਾ ਦਾ ਪਤਾ ਚਲਦਾ ਹੈ। ਸਾਡੇ ਲਈ ਐੱਨæਆਈæਟੀæ ਸ੍ਰੀਨਗਰ ਉੱਕਾ ਹੀ ਮੁੱਦਾ ਨਹੀਂ ਸੀ ਅਤੇ ਤੁਹਾਡੇ ਲਈ ਇਸ ਤੋਂ ਐਨ ਉਲਟ ਇਹ “ਹਿੱਕ ਥਾਪੜਵੀਂ ਦੇਸ਼ਭਗਤੀ”, “ਅਸੀਂ ਕਸ਼ਮੀਰ ਵਿਚ ਇਹ ਕੀਤਾ” ਅਤੇ “ਮੀਡੀਆਈ ਤੋਪਾਂ ਦੀ ਗਰਜ਼” ਤਰਜ ਦਾ ਏਜੰਡਾ ਸੀ, ਜੋ ਕਸ਼ਮੀਰ ਬਾਬਤ ਤੁਹਾਡੀ ਬੇਯਕੀਨੀ ਦੀ ਹੀ ਦੱਸ ਪਾਉਂਦਾ ਹੈ। ਦੂਜੇ ਪਾਸੇ, ਸਾਡੀ ਫ਼ਿਕਰਮੰਦੀ ਪੰਜ ਨਿਹੱਥੇ ਕਸ਼ਮੀਰੀਆਂ ਦੀਆਂ ਮੌਤਾਂ ਨੂੰ ਲੈ ਕੇ ਸੀ, ਚਾਰ ਨੌਜਵਾਨ ਅਤੇ 70 ਸਾਲ ਦੀ ਔਰਤ ਜਿਨ੍ਹਾਂ ਨੂੰ ਹਿੰਦੁਸਤਾਨੀ ਲਸ਼ਕਰਾਂ ਨੇ ਬੇਰਹਿਮੀ ਨਾਲ ਕਤਲ ਕੀਤਾ, ਪਰ ਤੁਸੀਂ ਅਤੇ ਤੁਹਾਡੇ ਵਰਗੇ ਤਾਂ ਆਪਣੀ “ਬਹੁਤ ਹੀ ਪਵਿੱਤਰ” ਫ਼ੌਜ ਦੀਆਂ ਸਫ਼ਾਈਆਂ ਦੇਣ ਵਿਚ ਮਸਰੂਫ਼ ਹੋ। ਇਸ ਤੋਂ ਇਹੀ ਪਤਾ ਲਗਦਾ ਹੈ ਕਿ ਹਿੰਦੁਸਤਾਨੀ ਅਤੇ ਕਸ਼ਮੀਰੀ ਦਰਮਿਆਨ ਬਹੁਤ ਉੱਘੜਵਾਂ ਫ਼ਰਕ ਹੈ। ਸਾਡੀਆਂ ਤਰਜੀਹਾਂ ਅਤੇ ਵਫ਼ਾਦਾਰੀਆਂ ਵੱਖ-ਵੱਖ ਹਨ। ਤੁਸੀਂ ਕਤਲਾਂ ਲਈ ਜ਼ਿੰਮੇਦਾਰ ਫ਼ੌਜ ਦਾ ਸਾਥ ਦਿੰਦੇ ਹੋ, ਜਦਕਿ ਅਸੀਂ ਦੱਬੇ-ਕੁਚਲਿਆਂ ਦਾ।
ਸਾਨੂੰ ਸਭ ਤੋਂ ਵੱਧ ਚਿੜ ਇਸ ਗੱਲ ਤੋਂ ਹੈ ਕਿ ਤੁਹਾਡੇ ਵਰਗੇ ਦਿੱਲੀ ਜਾਂ ਮੁੰਬਈ ਦੇ ਅਰਾਮਦਾਇਕ ਘਰਾਂ ਵਿਚ ਬੈਠੇ ਲੋਕ ਮੌਜ ਨਾਲ ਹੀ ਕਸ਼ਮੀਰ ਮਸਲੇ ਦੇ ਮਾਹਰ ਬਣ ਬੈਠਦੇ ਹਨ। ਕੌਫ਼ੀ ਦੀਆਂ ਚੁਸਕੀਆਂ ਲੈਣ ਵਾਲੇ ਤੁਸੀਂ ਲੋਕ ਉਸੇ ਉਪਰ ਯਕੀਨ ਕਰ ਲੈਂਦੇ ਹੋ ਜੋ ਸਟੇਟ ਦੀ ਪੁਸ਼ਤ-ਪਨਾਹੀ ਵਾਲਾ ਮੀਡੀਆ ਚਾਹੁੰਦਾ ਹਾਂ ਕਿ ਤੁਸੀਂ ਕਰੋ; ਅਤੇ ਫਿਰ ਸਾਡੇ “ਹਮਦਰਦ” ਅਤੇ ਖ਼ੈਰਖਵਾਹ ਬਣ ਕੇ ਸਾਨੂੰ ਮੁਖ਼ਾਤਬ ਹੋਣ ਦੀ ਹਿਮਾਕਤ ਕਰਦੇ ਹੋ।
ਵਿਅੰਗ ਇਥੇ ਖ਼ਤਮ ਹੁੰਦਾ ਹੈ।
ਤੁਸੀਂ ਕਸ਼ਮੀਰ ਮਸਲੇ ਬਾਰੇ ਆਪਣੇ ਖ਼ਿਆਲ ਪੇਸ਼ ਕੀਤੇ ਹਨ, ਮੈਂ ਤੁਹਾਨੂੰ ਸੱਚੀ ਤਸਵੀਰ ਦਿਖਾਉਣੀ ਚਾਹਾਂਗਾ। ਜੰਮੂ ਕਸ਼ਮੀਰ ਹਿੰਦੁਸਤਾਨ ਯੂਨੀਅਨ ਦਾ ਹਿੱਸਾ ਨਹੀਂ ਬਣਿਆ। ਇਹ ਤਾਂ ਉਸ ਰਾਏਸ਼ੁਮਾਰੀ ਤਹਿਤ ਵਕਤੀ ਇਲਹਾਕ ਸੀ ਜਿਸ ਦਾ ਇਕਰਾਰ ਤੁਹਾਡੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਕੀਤਾ ਸੀ। ਫਿਰ ਖ਼ੁਦਮੁਖਤਾਰੀ, ਸਵੈਰਾਜ ਵਗੈਰਾ ਦੀਆਂ ਕੂਟਨੀਤੀਆਂ ਸ਼ੁਰੂ ਹੋ ਗਈਆਂ; ਇਨ੍ਹਾਂ ਵਿਚੋਂ ਕਸ਼ਮੀਰ ਦੇ ਲੋਕਾਂ ਨੂੰ ਕੁਝ ਵੀ ਮਨਜ਼ੂਰ ਨਹੀਂ ਸੀ। ਹਕੀਕਤ ਇਹ ਹੈ ਕਿ ਅਸੀਂ ਕਦੇ ਵੀ ਹਿੰਦੁਸਤਾਨ ਦਾ ਹਿੱਸਾ ਬਣਨਾ ਨਹੀਂ ਚਾਹਿਆ। ਇਹ 1947 ਤੋਂ ਹੀ ਕੰਧ ‘ਤੇ ਲਿਖਿਆ ਸਾਫ਼ ਨਜ਼ਰ ਆ ਰਿਹਾ ਹੈ, ਪਰ ਤੁਹਾਡੇ ਵਰਗੇ ਝੂਠੀ ਦੇਸ਼ ਭਗਤ ਬੁੱਧੀ ਨਾਲ ਅੰਨ੍ਹੇ ਹੋਏ ਲੋਕ ਜ਼ਮੀਨੀ ਹਕੀਕਤਾਂ ਨੂੰ ਨਜ਼ਰਅੰਦਾਜ਼ ਕਰਦੇ ਹਨ। ਮੈਨੂੰ ਸਮਝ ਨਹੀਂ ਆਉਂਦੀ, ਤੁਸੀਂ ਲੋਕ ਮੂੜ੍ਹ-ਮੱਤ ਹੋਣ ਦੇ ਖੇਖਣ ਕਰਦੇ ਹੋ ਜਾਂ ਸੱਚਮੁੱਚ ਮੂੜ੍ਹ-ਮੱਤ ਹੋ। ਕਸ਼ਮੀਰ ਦਾ ਹੱਲ ਪੇਸ਼ ਕਰਨ ਵਾਲੇ ਹਰ ਆਪੇ ਬਣੇ ਮਾਹਰ ਵਾਂਗ ਤੁਸੀਂ ਵੀ ਤਲਖ਼ ਹਕੀਕਤਾਂ ਦੀ ਸਿੱਧੀ ਜਾਣਕਾਰੀ ਤੋਂ ਬਗ਼ੈਰ ਹੀ ਜਾਂ ਉਨ੍ਹਾਂ ਨੂੰ ਜਾਣ-ਬੁੱਝ ਕੇ ਨਜ਼ਰਅੰਦਾਜ਼ ਕਰ ਕੇ ਸਾਨੂੰ ਮੱਤਾਂ ਦੇ ਰਹੇ ਹੋ।
ਤੁਸੀਂ ਇੱਥੋਂ ਸ਼ੁਰੂ ਕਰਦੇ ਹੋ ਕਿ ਕਸ਼ਮੀਰ ਮਸਲਾ ਪਾਕਿਸਤਾਨ ਦਾ ਪੈਦਾ ਕੀਤਾ ਹੋਇਆ ਹੈ; ਤੇ ਫਿਰ ਸੱਜੇਪੱਖੀ ਲੇਖਕ ਹੋਣ ਦੇ ਨਾਤੇ, ਇਸ ਨੂੰ ਇਸਲਾਮ ਨਾਲ ਜੋੜਦੇ ਹੋ। ਤੁਹਾਡੀ ਬੁੱਧੀ ਦੇ ਬਲਿਹਾਰੇ ਜਾਣ ਨੂੰ ਜੀਅ ਕਰਦਾ ਹੈ। ਕਸ਼ਮੀਰ ਦੀ ਆਜ਼ਾਦੀ ਦੀ ਤਹਿਰੀਕ ਆਪਣੀ ਜ਼ਮੀਨ ਤੋਂ ਉੱਠੀ ਅਤੇ ਇਹ ਇਉਂ ਹੀ ਰਹੇਗੀ, ਪਰ ਸੂਝ ਵਿਹੂਣੇ ਲੋਕ ਇਸ ਨੂੰ ਪਾਕਿਸਤਾਨੀ ਐਨਕ ਰਾਹੀਂ ਦੇਖਦੇ ਰਹਿਣਗੇ। ਮੈਂ ਤੁਹਾਡੇ ਸਿੱਧੜਪੁਣੇ ਨੂੰ ਦੋਸ਼ ਨਹੀਂ ਦਿੰਦਾ; ਇਕ ਅਰਬ ਦੀ ਆਬਾਦੀ ਵਿਚ ਐਸੇ ਬੇਵਕੂਫ਼ ਦਾ ਹੋਣਾ ਹੈਰਤਅੰਗੇਜ਼ ਨਹੀਂ। ਬੁਰਾ ਨਾ ਮਨਾਇਓ, ਤੁਸੀਂ ਇਕੱਲੇ ਨਹੀਂ ਹੋ; ਹਿੰਦੁਸਤਾਨ ਵਿਚ ਦਹਿ-ਲੱਖਾਂ ਲੋਕ ਵੀ ਇਹੀ ਮੰਨਦੇ ਹਨ ਕਿ ਕਸ਼ਮੀਰ ਮਸਲਾ ਪਾਕਿਸਤਾਨ ਦਾ ਪੈਦਾ ਕੀਤਾ ਹੋਇਆ ਹੈ। ਤੁਸੀਂ ਉਹੀ ਮੰਨਦੇ ਹੋ ਜੋ ਸਟੇਟ ਚਾਹੁੰਦਾ ਹੈ।
ਤੁਸੀਂ ਇਹ ਕਹਿ ਕੇ ਹਿੰਦੁਸਤਾਨੀ ਫ਼ੌਜ ਨੂੰ ਮੁਜਰਮਾਨਾ ਕੁਤਾਹੀਆਂ ਤੋਂ ਬਰੀ ਕਰ ਦਿੰਦੇ ਹੋ ਕਿ ਉਨ੍ਹਾਂ ਨੇ ਹਾਲਾਤ ‘ਤੇ ਕਾਬੂ ਪਾਉਣ ਦੇ ਯਤਨ ਕੀਤੇ, ਪਰ ਆਮ ਲੋਕਾਂ ਨੂੰ ਖਾੜਕੂਆਂ ਤੋਂ ਅਲੱਗ ਕਰਨਾ ਮੁਸ਼ਕਿਲ ਸੀ। ਘੱਟੋ-ਘੱਟ 90,000 ਕਸ਼ਮੀਰ ਲੜਾਈ ਵਿਚ ਮਾਰੇ ਜਾ ਚੁੱਕੇ ਹਨ। ਹਿੰਦੁਸਤਾਨੀ ਫ਼ੌਜ ਸੱਚੀ ਹੀ ਆਮ ਨਾਗਰਿਕ ਅਤੇ ਖਾੜਕੂ ਵਿਚ ਫ਼ਰਕ ਨਹੀਂ ਕਰਦੀ। ਉਹ ਕਸ਼ਮੀਰੀਆਂ ਨੂੰ ਲਗਾਤਾਰ ਬੇਰਹਿਮੀ ਨਾਲ ਮਾਰਦੀ ਆ ਰਹੀ ਹੈ, ਬਿਨਾ ਲਾਸ਼ਾਂ ਦਾ ਹਿਸਾਬ ਰੱਖੇ। ਜੇ ਮੈਂ ਹਿੰਦੁਸਤਾਨ ਫ਼ੌਜ ਦੀਆਂ ਅੰਧਾ-ਧੁੰਦ ਗੋਲੀਆਂ ਨਾਲ ਮਰੇ ਆਮ ਨਾਗਰਿਕਾਂ ਦੀਆਂ ਮਿਸਾਲਾਂ ਦੇਣੀਆਂ ਸ਼ੁਰੂ ਕਰ ਦਿਆਂ ਤਾਂ ਕਾਗਜ਼ ਮੁੱਕ ਜਾਣਗੇ। ਪੋਲ ਖੋਲ੍ਹਣ ਲਈ ਮੁਆਫ਼ ਕਰਨਾ, ਪਰ ਹਿੰਦੁਸਤਾਨੀ ਫ਼ੌਜ ਇਥੇ ਸਾਡੀ ਰੱਖਿਆ ਕਰਨ ਲਈ ਤਾਇਨਾਤ ਨਹੀਂ।
-੦-
ਤੁਸੀਂ ਆਜ਼ਾਦੀ ਤੋਂ ਪਿੱਛੋਂ ਦਾ ਅਰਥ ਸ਼ਾਸਤਰ ਬਿਆਨ ਕੀਤਾ ਹੈ!
ਯਕੀਨ ਕਰਿਓ, ਅਸੀਂ ਖ਼ੁਦ ਹੀ ਹਿੰਦੁਸਤਾਨ ਤੋਂ ਬਿਹਤਰ ਆਰਥਿਕ ਤਰੱਕੀ ਕਰ ਸਕਦੇ ਹਾਂ। ਅਸੀਂ ਇਤਿਹਾਸਕ ਸਿਲਕ ਰੂਟ ਦਾ ਹਿੱਸਾ ਰਹੇ ਹਾਂ। ਸਾਡੇ ਇਥੇ ਪਣ-ਬਿਜਲੀ ਆਰਥਿਕਤਾ, ਸੈਰ-ਸਪਾਟੇ ਅਤੇ ਖ਼ਤਰਨਾਕ ਖੇਡਾਂ ਦੇ ਖੇਤਰਾਂ ਵਿਚ ਬੇਥਾਹ ਸੰਭਾਵਨਾਵਾਂ ਹਨ, ਪਰ ਹਿੰਦੁਸਤਾਨੀ ਕਬਜ਼ੇ ਨੇ ਹਰ ਮੁਹਾਜ਼ ‘ਤੇ ਸਾਡੇ ਹੱਥ ਬੰਨ੍ਹੇ ਹੋਏ ਹਨ। ਹਿੰਦੁਸਤਾਨੀ ਸਟੇਟ ਵਲੋਂ ਸਾਡੇ ਵਸੀਲੇ ਲੁੱਟੇ ਅਤੇ ਉਜਾੜੇ ਜਾ ਰਹੇ ਹਨ। ਫਿਰ ਵੀ, ਹਿੰਦੁਸਤਾਨੀ ਆਰਥਿਕਤਾ ਵਧ-ਫੁੱਲ ਨਹੀਂ ਰਹੀ। ਹਿੰਦੁਸਤਾਨ ਦਾ ਸਿਰਫ਼ ਧਨਾਢ, ਉੱਪਰਲਾ ਹਿੱਸਾ ਹੀ ਵਿਕਾਸ ਕਰ ਰਿਹਾ ਹੈ ਜਦਕਿ ਬਹੁਗਿਣਤੀ ਆਬਾਦੀ ਗ਼ਰੀਬੀ ਰੇਖਾ ਤੋਂ ਹੇਠਾਂ ਜੀਵਨ ਬਸਰ ਕਰ ਰਹੀ ਹੈ; ਤੇ ਤੁਹਾਡਾ ਮੁਲਕ ਹੁਣ 68 ਸਾਲ ਦਾ ਹੋ ਗਿਆ ਹੈ।
ਤੁਸੀਂ ਇਸਲਾਮਿਕ ਮੂਲਵਾਦ ਦੀ ਗੱਲ ਵੀ ਕਰਦੇ ਹੋ!
ਮੈਂ ਗੰਭੀਰਤਾ ਨਾਲ ਪੁੱਛਦਾ ਹਾਂ, ਤੁਸੀਂ ਕਿਸ ਦੁਨੀਆ ਵਿਚ ਰਹਿੰਦੇ ਹੋ ਜਨਾਬ? ਮੈਂ ਤੁਹਾਡੀ ਹਿੰਦੂਤਵੀ ਵਿਚਾਰਧਾਰਾ ਬਾਰੇ ਕੁਝ ਦੱਸਾਂ? ਧਾਰਮਿਕ ਮੂਲਵਾਦ ਦਾ ਮਸਲਾ ਹਿੰਦੁਸਤਾਨ ਵਿਚ ਹੈ, ਕਸ਼ਮੀਰ ਵਿਚ ਨਹੀਂ। ਕਸ਼ਮੀਰ ਵਿਚ ਧਰਮਾਂ ਦਰਮਿਆਨ ਨਿੱਘੇ ਰਿਸ਼ਤੇ ਹਨ। ਅਸੀਂ ਲੋਕਾਂ ਨੂੰ ਇਸ ਲਈ ਕਤਲ ਨਹੀਂ ਕਰਦੇ ਕਿ ਉਹ ਗਊ ਮਾਸ ਖਾਂਦੇ ਹਨ ਜਾਂ ਨਹੀਂ। ਅਸੀਂ ਪਸ਼ੂਆਂ ਦੇ ਵਪਾਰੀਆਂ ਨੂੰ ਫਾਹੇ ਨਹੀਂ ਲਾਉਂਦੇ। ਸਾਡੇ ਇਥੇ ਜਾਤ-ਪਾਤ ਦੀ ਵਿਵਸਥਾ ਨਹੀਂ ਹੈ। ਮੁਸਲਿਮ, ਸਿੱਖ ਅਤੇ ਪੰਡਤ ਪੂਰੀ ਸਦਭਾਵਨਾ ਨਾਲ ਰਹਿੰਦੇ ਹਨ। ਖਾੜਕੂ ਸਰਗਰਮੀਆਂ ਦੇ ਅੱਡੇ ਤਰਾਲ ਵਿਚ ਵੱਡੀ ਤਾਦਾਦ ਵਿਚ ਸਿੱਖ ਵਸੋਂ ਹੈ ਅਤੇ ਉਹ ਅਮਨਪੂਰਵਕ ਰਹਿ ਰਹੇ ਹਨ।
ਮੂਲਵਾਦ ਦਾ ਨਾਸੂਰ ਤੁਹਾਡੇ ਰਾਸ਼ਟਰ ਵਿਚ ਹੈ, ਲਿਹਾਜ਼ਾ ਉਸ ਨੂੰ ਲੈ ਕੇ ਖ਼ਦਸ਼ੇ ਜ਼ਾਹਿਰ ਨਾ ਕਰੋ ਜੋ ਅਜੇ ਪੈਦਾ ਨਹੀਂ ਹੋਇਆ। ਕਸ਼ਮੀਰੀ ਪੰਡਤਾਂ ਦੀ ਹਿਜਰਤ ਗੌਕਦਾਲ ਵਿਚ ਮੁਸਲਮਾਨਾਂ ਦੇ ਕਤਲੇਆਮ (20 ਜਨਵਰੀ 1990 ਨੂੰ ਗੌਕਦਾਲ ਪੁਲ ਉਪਰ ਸੀæਆਰæਪੀæਐੱਫ਼ ਵਲੋਂ 50 ਕਸ਼ਮੀਰੀ ਵਿਖਾਵਾਕਾਰੀਆਂ ਦੇ ਕਤਲ) ਤੋਂ ਬਾਅਦ ਗਵਰਨਰ ਜਗਮੋਹਣ ਨੇ ਕਰਵਾਈ ਸੀ; ਤੇ ਕਸ਼ਮੀਰ ਦੇ ਆਜ਼ਾਦੀ ਪੱਖੀ ਆਗੂ, ਪੰਡਤਾਂ ਦੇ ਵਾਪਸ ਮੁੜਨ ਦੇ ਹੱਕ ਦੀ ਅੱਜ ਵੀ ਹਮਾਇਤ ਕਰਦੇ ਹਨ।
ਔਰਤਾਂ ਦੇ ਹੱਕਾਂ ਬਾਰੇ ਤੁਹਾਡੀ ਚਰਚਾ ਅਜੀਬ ਹੈ। ਮੈਨੂੰ ਸਮਝ ਨਹੀਂ ਆਉਂਦੀ ਔਰਤਾਂ ਦੇ ਹੱਕਾਂ ਬਾਰੇ ਕਿੱਥੋਂ ਸ਼ੁਰੂ ਕਰਾਂ? ਕੁਨਨ-ਪੌਸ਼ਪੁਰਾ ਤੋਂ ਸ਼ੁਰੂ ਕਰਾਂ ਜਿਥੇ ਹਿੰਦੁਸਤਾਨੀ ਫ਼ੌਜ ਨੇ ਪੂਰੇ ਪਿੰਡ ਦੀਆਂ ਔਰਤਾਂ ਨਾਲ ਜਬਰ-ਜਨਾਹ ਕੀਤਾ ਸੀ, ਜਾਂ ਕਸ਼ਮੀਰੀ ਮੁਸਲਿਮ ਦੁਲਹਨ ਮੁਬੀਨਾ ਗਨੀ ਤੋਂ ਸ਼ੁਰੂ ਕਰਾਂ ਜਿਸ ਨਾਲ ਉਸ ਦੀ ਗਰਭਵਤੀ ਰਿਸ਼ਤੇਦਾਰ ਸਮੇਤ ਤੁਹਾਡੇ ਫ਼ੌਜੀਆਂ ਨੇ ਜਬਰ-ਜਨਾਹ ਕੀਤਾ ਸੀ? ਆਸਿਆ ਅਤੇ ਨੀਲੋਫਰ ਦੇ ਵੀ ਔਰਤ ਹੱਕ ਸਨ, ਪਰ ਤੁਹਾਡੀ ਫ਼ੌਜ ਨੇ ਉਨ੍ਹਾਂ ਨਾਲ ਜਬਰ-ਜਨਾਹ ਕੀਤਾ ਅਤੇ ਫਿਰ ਉਹ ਮਾਰ ਦਿੱਤੀਆਂ ਗਈਆਂ।
ਹੁਣ ਹੰਦਵਾੜਾ ਮਾਮਲੇ ਵੱਲ ਆਉਂਦੇ ਹਾਂ ਜਿਥੇ ਤੁਹਾਡੇ ਫ਼ੌਜੀਆਂ ਨੇ 16 ਸਾਲ ਦੀ ਵਿਦਿਆਰਥਣ ਉਪਰ ਕਾਮੁਕ ਹਮਲਾ ਕੀਤਾ, ਦਬਾਅ ਹੇਠ ਉਸ ਦੇ ਇਕਬਾਲੀਆ ਬਿਆਨ ਦੀ ਵੀਡੀਓ ਬਣਾਈ ਅਤੇ ਉਸ ਨੂੰ ਲਗਾਤਾਰ “ਇਹਤਿਹਾਤੀ ਹਿਰਾਸਤ” ਵਿਚ ਬੰਦ ਰੱਖਿਆ ਗਿਆ। ਕੀ ਤੁਸੀਂ ਉਸ ਦੀ ਮਾਤਾ ਦੀ ਪ੍ਰੈੱਸ ਕਾਨਫਰੰਸ ਦੇਖੀ ਹੈ? ਔਰਤਾਂ ਦੇ ਹੱਕæææ ਕਿਆ ਬਾਤ ਹੈ! ਹਾਂ, ਅਸੀਂ ਉਨ੍ਹਾਂ ਵੱਲ ਤਵੱਜੋ ਦਿੰਦੇ ਹਾਂ। ਇਹੀ ਵਜ੍ਹਾ ਹੈ ਕਿ ਕਸ਼ਮੀਰੀ ਨੌਜਵਾਨ, ਔਰਤ ਦੇ ਹੱਕ ਅਤੇ ਉਸ ਦਾ ਅਪਮਾਨ ਬਰਦਾਸ਼ਤ ਨਹੀਂ ਕਰ ਸਕੇ। ਅਸੀਂ ਨਿਹੱਥਿਆਂ ਨੇ ਵਿਰੋਧ ਕੀਤਾ ਅਤੇ ਤੁਸੀਂ ਸਾਨੂੰ ਕਤਲ ਕੀਤਾ। ਇਕ ਵਾਰ ਫਿਰ ਸਾਡੇ ਵਿਚੋਂ ਪੰਜ ਜਣੇ ਤੁਹਾਡੀਆਂ ਗੋਲੀਆਂ ਨੇ ਲਾਸ਼ਾਂ ਬਣਾ ਦਿੱਤੇ, ਪਰ ਹਮੇਸ਼ਾ ਵਾਂਗ ਅਸੀਂ ਤਾਂ ਮਹਿਜ਼ ਤੁਹਾਡੇ ਲਈ ਅੰਕੜਾ ਹਾਂ। ਮੈਂ ਦਾਅਵੇ ਨਾਲ ਕਹਿ ਰਿਹਾ ਹਾਂ- “ਦਹਿਸ਼ਤਗਰਦ” ਲਫ਼ਜ਼ ਦੀਆਂ ਸਾਡੀਆਂ ਪ੍ਰੀਭਾਸ਼ਾਵਾਂ ਵੱਖ-ਵੱਖ ਹਨ। ਇਕ ਲਈ ਜੋ ਦਹਿਸ਼ਤਗਰਦ ਹੈ, ਉਹ ਦੂਜੇ ਲਈ ਨਾਇਕ ਹੈ। ਤੁਸੀਂ ਮੌਜ ਨਾਲ ਹੀ ਕਹਿ ਦਿੰਦੇ ਹੋ: “ਹਿੰਦੁਸਤਾਨ ਦਾ ਹਿੱਸਾ ਰਹੋ”। ਤੁਸੀਂ ਬਰਤਾਨਵੀ ਸਲਤਨਤ ਦਾ ਹਿੱਸਾ ਕਿਉਂ ਨਹੀਂ ਰਹੇ? ਆਖ਼ਿਰਕਾਰ ਉਨ੍ਹਾਂ ਨੇ ਤੁਹਾਨੂੰ ਰੇਲਵੇ, ਆਧੁਨਿਕ ਤਾਲੀਮ ਅਤੇ ਹੋਰ ਨਿਆਮਤਾਂ ਦਿੱਤੀਆਂ। ਸਪਾਟ ਜਵਾਬ ਹੈ: ਤੁਸੀਂ ਗ਼ੁਲਾਮੀ ਦੀ ਚੋਣ ਨਹੀਂ ਕੀਤੀ?
ਲਿਹਾਜ਼ਾ ਤੁਸੀਂ ਜਿਸ ਦੇ ਖ਼ਿਲਾਫ਼ ਜ਼ਬਰਦਸਤ ਜੱਦੋਜਹਿਦ ਕੀਤੀ, ਉਸ ਦੀ ਸਾਥੋਂ ਕਿਵੇਂ ਉਮੀਦ ਕਰਦੇ ਹੋ?
ਸ੍ਰੀਮਾਨ ਭਗਤ, ਜੇ ਤੁਸੀਂ ਕਸ਼ਮੀਰ ਦੀਆਂ ਤਲਖ਼ ਹਕੀਕਤਾਂ ਬਾਰੇ ਨਹੀਂ ਜਾਣਦੇ, ਫਿਰ ਉਸ ਬਾਰੇ ਲਿਖਣਾ ਬੰਦ ਕਰ ਦਿਓ। ਤੁਸੀਂ ਕਸ਼ਮੀਰੀ ਨੌਜਵਾਨਾਂ ਦੇ ਸੰਘਰਸ਼ਾਂ ਬਾਰੇ ਨਹੀਂ ਜਾਣਦੇ। ਨਾ ਹੀ ਇਸ ਬਾਰੇ ਕਿ ਤੁਹਾਡੇ ਕਾਬਜ਼ ਲਸ਼ਕਰਾਂ ਹੱਥੋਂ ਸਾਨੂੰ ਆਪਣੀ ਹੀ ਸਰਜ਼ਮੀਨ ਉਪਰ ਕਿੰਨਾ ਅਪਮਾਨ ਝੱਲਣਾ ਪੈ ਰਿਹਾ ਹੈ। ਸਾਡੇ ਮਾਪੇ ਨਿੱਤ ਕਿੰਨਾ ਦਬਾਓ ਝੱਲਦੇ ਹਨ, ਕਿ ਉਨ੍ਹਾਂ ਦੇ ਬੱਚੇ ਸਹੀ-ਸਲਾਮਤ ਘਰ ਮੁੜਨਗੇ ਜਾਂ ਕਫ਼ਨ ਵਿਚ ਲਪੇਟੇ, ਜਾਂ ਤੁਹਾਡੇ ਲਸ਼ਕਰਾਂ ਦੀਆਂ ਗੁਲੇਲਾਂ ਦੇ ਅੰਨ੍ਹੇ ਕੀਤੇ ਜੋ ਸਾਡੇ ਕਸ਼ਮੀਰੀਆਂ ਨੂੰ ਚਾਈਂ-ਚਾਈਂ ਨਿਸ਼ਾਨਾ ਬਣਾਉਂਦੇ ਹਨ। ਅਸੀਂ ਉਸ ਰਾਸ਼ਟਰ ਦਾ ਹਿੱਸਾ ਨਹੀਂ ਹੋ ਸਕਦੇ ਜਿਸ ਨੇ ਉਨ੍ਹਾਂ ਹੀ ਨੌਜਵਾਨਾਂ ਨੂੰ ਮਾਰਿਆ ਤੇ ਉਨ੍ਹਾਂ ਦਾ ਖ਼ੂਨ ਵਹਾਇਆ ਹੈ ਜਿਨ੍ਹਾਂ ਨੂੰ ਤੁਸੀਂ ਮੁਖ਼ਾਤਬ ਹੋ ਰਹੇ ਹੋ, ਜੋ ਉਨ੍ਹਾਂ ਔਰਤਾਂ ਨਾਲ ਜਬਰ-ਜਨਾਹ ਕਰਵਾਉਂਦਾ ਹੈ ਜਿਨ੍ਹਾਂ ਦੇ ਹੱਕਾਂ ਦੀ ਗੱਲ ਤੁਸੀਂ ਕਰ ਰਹੇ ਹੋ, ਜਿਸ ਨੇ ਘੱਟਗਿਣਤੀਆਂ ਦੀ ਹੱਤਿਆ ਕੀਤੀ (ਚਿੱਟੀਸਿੰਘਪੁਰਾ ਵਿਚ ਸਿੱਖਾਂ ਦੀ ਹੱਤਿਆ) ਜਿਨ੍ਹਾਂ ਦੇ ਹੱਕਾਂ ਲਈ ਤੁਸੀਂ ਫ਼ਿਕਰਮੰਦ ਹੋ।
ਨਹੀਂ, ਅਸਲ ਮਸਲਾ ਪਾਕਿਸਤਾਨੀ ਫ਼ੌਜ ਨਹੀਂ। ਇਹ ਹਿੰਦੁਸਤਾਨੀ ਸਟੇਟ ਹੈ ਜੋ ਸਾਨੂੰ ਆਪਣੇ ਅਧੀਨ ਰੱਖਣ ਲਈ ਹਰ ਹਰਬਾ ਇਸਤੇਮਾਲ ਕਰ ਰਿਹਾ ਹੈ, ਸਾਨੂੰ ਦਬਾਉਂਦਾ ਹੈ, ਕਤਲ ਕਰਦਾ ਹੈ ਅਤੇ ਸਾਨੂੰ ਅਪਾਹਜ ਬਣਾਉਂਦਾ ਹੈ। ਸਾਡੀ ਹਿੰਦੁਸਤਾਨੀਆਂ ਨਾਲ ਕੋਈ ਦੁਸ਼ਮਣੀ ਨਹੀਂ, ਪਰ ਮੈਂ ਇਹ ਨਹੀਂ ਕਹਿ ਸਕਦਾ ਕਿ ਤੁਸੀਂ ਇਹੀ ਕਸ਼ਮੀਰੀਆਂ ਲਈ ਕਹਿਣ ਦੇ ਕਾਬਲ ਹੋਵੋਗੇ। ਮੈਂ ਹਿੰਦੁਸਤਾਨੀਆਂ ਨੂੰ ਕਸ਼ਮੀਰ ਵਿਚ ਆਮ ਨਾਗਰਿਕਾਂ ਦੀਆਂ ਮੌਤਾਂ ਦੇ ਜਸ਼ਨ ਮਨਾਉਂਦੇ ਤੱਕਿਆ ਹੈ ਅਤੇ ਤੁਹਾਨੂੰ ਹਿੰਦੁਸਤਾਨ ਦੇ ਇਕ ਕ੍ਰਿਕਟ ਮੈਚ ਹਾਰ ਜਾਣ ‘ਤੇ ਸਾਡੇ ਜਸ਼ਨ ਮਨਾਏ ਜਾਣ ਦਾ ਫ਼ਿਕਰ ਹੈ। ਜ਼ਾਹਿਰ ਹੈ ਤੁਹਾਡੇ ਲਈ ਮਨੁੱਖੀ ਜ਼ਿੰਦਗੀ ਨਾਲੋਂ ਕ੍ਰਿਕਟ ਦਾ ਮੈਚ ਅਹਿਮ ਹੈ!
2008 ਤੋਂ ਲੈ ਕੇ, ਹਿੰਦੁਸਤਾਨੀ ਸਟੇਟ ਨੇ ਸੈਂਕੜੇ ਨੌਜਵਾਨਾਂ ਨੂੰ ਮਾਰਿਆ ਹੈ ਅਤੇ ਜੇ ਤੁਹਾਡੇ ਘੋੜੇ ਨੱਪਣ ਦੇ ਸ਼ੌਕੀਨ ਲਸ਼ਕਰਾਂ ਨੇ ਇਹ ਸਿਲਸਿਲਾ ਜਾਰੀ ਰੱਖਿਆ ਤਾਂ ਕਸ਼ਮੀਰ ਵਿਚ ਕੋਈ ਨੌਜਵਾਨ ਨਹੀਂ ਬਚੇਗਾ ਜਿਸ ਨੂੰ ਤੁਸੀਂ ਮੁਖ਼ਾਤਬ ਹੋ ਸਕੋ।
ਜਦੋਂ ਤਕ ਆਜ਼ਾਦੀ ਨਹੀਂ ਆਉਂਦੀæææ
-ਇਕ ਦੱਬਿਆ-ਕੁਚਲਿਆ ਕਸ਼ਮੀਰੀ ਨੌਜਵਾਨ।
(16 ਅਪਰੈਲ 2016)