ਜ਼ਿੰਦਗੀ ਨੂੰ ਪੜ੍ਹਦਿਆਂ…

‘ਜ਼ਿੰਦਗੀ ਨੂੰ ਪੜ੍ਹਦਿਆਂæææ’ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਪਰਤਾਂ ਉਤੇ ਨਿੱਕੀ ਜਿਹੀ ਝਾਤੀ ਹੈ, ਪਰ ਇਸ ਝਾਤੀ ਵਿਚੋਂ ਰੁਮਕਦੀ-ਲਹਿਰਦੀ ਜ਼ਿੰਦਗੀ ਦੇ ਦਰਸ਼ਨ-ਦੀਦਾਰੇ ਹੁੰਦੇ ਹਨ। ਇਹ ਨਸਰ ਨਹੀਂ, ਮਾਨੋ ਨਿਰੀ ਨਜ਼ਮ ਹੈ। ਸ਼ਬਦਾਂ ਦੀ ਜੜਤ-ਜੁਗਤ ਨਾਲ ਇਹ ਨਜ਼ਮ ਹੋਰ ਵੀ ਰਵਾਂ ਹੋ ਗਈ ਭਾਸਦੀ ਹੈ। ਲੇਖਕ ਦੀ ਸ਼ੈਲੀ ਧਿਆਨ ਖਿੱਚਦੀ ਹੈ

ਅਤੇ ਤਰੱਦਦ ਨਾਲ ਬੀੜੇ ਸ਼ਬਦ ਜ਼ਿਹਨ ਵਿਚ ਮਰਦੰਗ ਵਾਲੀਆਂ ਥਾਪਾਂ ਵਾਂਗ ਵਜਦ ਪੈਦਾ ਕਰਦੇ ਹਨ। -ਸੰਪਾਦਕ

ਡਾæ ਗੁਰਬਖ਼ਸ਼ ਸਿੰਘ ਭੰਡਾਲ
ਫੋਨ: 216-556-2080

ਜ਼ਿੰਦਗੀ ਇਕ ਰਹੱਸ, ਸੱਚ-ਛਲਾਵਾ, ਕਦਮ-ਚਾਲ, ਸਾਹਾਂ ਦੀ ਗਿਣਤੀ, ਰੁਝੇਵਿਆਂ ਦੀ ਗੰਢੜੀ, ਆਪੇ ਤੋਂ ਬੇਪ੍ਰਵਾਹੀ, ਝਮੇਲਿਆਂ ਦਾ ਚੰਦੋਆ, ਦਿਨ-ਰਾਤ ਦਾ ਗੇੜ ਅਤੇ ਪੌਣ-ਸਾਜ਼ ਦੀ ਧੜਕਣ।
ਜ਼ਿੰਦਗੀ, ਹਰਫ਼-ਦਾਸਤਾਨ, ਅੱਖਰਾਂ ‘ਚ ਤਦਬੀਰਾਂ, ਤਕਦੀਰਾਂ, ਤਸ਼ਬੀਹਾਂ, ਤਰਜੀਹਾਂ, ਤਮੰਨਾਵਾਂ, ਭਾਵਨਾਵਾਂ, ਆਸਾਂ, ਉਮੀਦਾਂ, ਆਸ-ਨਿਰਾਸ਼, ਉਦਾਸੀ-ਖੇੜੇ, ਸੰਜੀਦਗੀ, ਲਾਪ੍ਰਵਾਹੀ, ਸੰਵੇਦਨਾ, ਚੇਤਨਾ-ਅਵਚੇਤਨਾ ਆਦਿ ਦਾ ਮਿਸ਼ਰਨ। ਜ਼ਿੰਦਗੀ ਤੁਹਾਨੂੰ ਕਿਹੜੇ ਰੂਪ ਅਤੇ ਵਾਕ ਨਾਲ ਮੁਖਾਤਬ ਹੁੰਦੀ, ਇਹ ਸਮਾਜਿਕ-ਚੌਗਿਰਦੇ ਅਤੇ ਆਲੇ-ਦੁਆਲੇ ‘ਤੇ ਨਿਰਭਰ ਕਰਦਾ।
ਜ਼ਿੰਦਗੀ ਦੇ ਕੁਝ ਸਫ਼ਿਆਂ ਦੀ ਸੰਦਲੀ ਭਾਅ, ਕਈਆਂ ‘ਚ ਪਲਿੱਤਣਾਂ ਹਾਵੀ, ਕੁਝ ਸੁਰਖ਼, ਕੁਝ ਹਰਿਆਵਲ ‘ਚ ਰੰਗੇ, ਕੁਝ ਕਾਲੇ ਅਤੇ ਕੁਝ ਕੋਰੇ ਵਰਕੇ ਇਸ ਦੀ ਆਭਾ ਬਣਦੇ।
ਜਿੰæਦਗੀ ਦੇ ਹਰ ਸਫ਼ੇ ਨੂੰ ਪੜ੍ਹਨਾ ਅਸੰਭਵ, ਇਬਾਦਤ ਵਿਚੋਂ ਗੁਜ਼ਰਨਾ ਅਸਹਿ, ਸੰਵੇਦਨਾ ਨੂੰ ਰੂਹ ਤੀਕ ਉਤਾਰਨਾ ਬਹੁਤ ਕਠਿਨ ਅਤੇ ਬਹੁ-ਪਰਤੀ ਰੰਗਤ ਨੂੰ ਨਿਹਾਰਨਾ ਤੇ ਚਿਤਾਰਨਾ, ਮਨੁੱਖੀ ਸੋਚ ਦਾ ਹਾਣ-ਹਾਸਲ।
ਜ਼ਿੰਦਗੀ ਦਾ ਇਕ ਹੀ ਵਰਕਾ ਪੜ੍ਹਦਿਆਂ ਜ਼ਿੰਦਗੀ ਦੀ ਸ਼ਾਮ ਹੋ ਜਾਂਦੀ, ਤ੍ਰਿਕਾਲਾਂ ਜੀਵਨ ਬਨੇਰੇ ‘ਤੇ ਉਤਰਦੀਆਂ, ਕਾਲੀ ਰਾਤ ਜੀਵਨ-ਦਰ ‘ਤੇ ਦਸਤਕ ਦਿੰਦੀ ਅਤੇ ਦਿਨ-ਗਿਣਤੀ ਨੂੰ ਅਲਵਿਦਾ ਕਹਿੰਦੀ।
ਬੜਾ ਔਖਾ ਹੁੰਦਾ ਜ਼ਿੰਦਗੀ ਦੇ ਹਰ ਹਰਫ਼ ਨੂੰ ਪੜ੍ਹਨਾ ਅਤੇ ਇਸ ਦੀ ਸਮੁੱਚੀ ਸੰਭਾਵਨਾ ਤੇ ਸਮਰੱਥਾ, ਸਾਰਥਿਕਤਾ ਤੇ ਸੰਵੇਦਨਾ ਅਤੇ ਸੂਝ ਤੇ ਸਹਿਜ ਨੂੰ ਆਪਣੇ ਅੰਤਰੀਵ ਵਿਚ ਉਤਰਨਾ।
ਜੀਵਨ ਦੇ ਸਫ਼ੇ ਦੀਆਂ ਬਹੁ-ਪਰਤਾਂ। ਇਸ ਦੀਆਂ ਪਰਤਾਂ ਫਰੋਲਦਿਆਂ ਹੀ ਜੀਵਨ ਲੰਘਾਉਣ ਦੀ ਨੌਬਤ ਆ ਜਾਵੇ ਜਾਂ ਦਰ-ਦਰਵਾਜੇ ਦੀ ਦਸਤਕ ਬਣ ਜਾਵੇ ਤਾਂ ਪਰਤਾਂ ਦੇ ਬਹੁ ਭਾਂਤੀ ਰੰਗ ਦ੍ਰਿਸ਼ਮਾਨ ਹੋ ਜਾਂਦੇ। ਕਈ ਵਾਰ ਤਾਂ ਸਾਡੇ ਮਨ ‘ਤੇ ਅਕਾਰਥਾ ਦਾ ਬੋਝ ਹਾਵੀ ਹੋ ਜਾਂਦਾ।
ਜੀਵਨ-ਸਫ਼ੇ ਦੇ ਹਰਫ਼ਾਂ ‘ਚੋਂ ਜਦ ਆਦਰਾਂ ਦੀ ਭੁੱਖ ਚੀਕਦੀ, ਤਨ ਦੇ ਲੰਗਾਰ ਝਾਤੀਆਂ ਮਾਰਦੇ, ਅੱਖਾਂ ਵਿਚ ਬੇਵਸੀ ਲਿਸ਼ਕਦੀ, ਮੁੱਖੜੇ ‘ਤੇ ਉਦਾਸੀ ਸ਼ਾਮ ਰਹਿੰਦੀ ਤਾਂ ਸਫ਼ੇ ‘ਤੇ ਉਕਰੀ ਅੱਥਰੂ-ਵਰਣਮਾਲਾ ਪੜ੍ਹਨ ਵਾਲੇ ਦੇ ਦੀਦਿਆਂ ਵਿਚ ਪ੍ਰਸ਼ਨ-ਧਰਾਤਲ ਸਿਰਜ ਜਾਂਦੀ ਜਿਸ ਤੋਂ ਕਿਸੇ ਉਤਰ-ਆਸ ਦਾ ਭਰਮ ਪੈਦਾ ਹੁੰਦਾ ਜੋ ਬਹੁਤੀ ਵਾਰ ਭਰਮ ਹੀ ਰਹਿ ਜਾਂਦਾ।
ਜ਼ਿੰਦਗੀ ਦੇ ਕਿਸੇ ਸਫ਼ੇ ‘ਤੇ ਜਦ ਉਡੀਕ ਸਿਸਕਦੀ ਤਲੀਆਂ ਦੀ ਮਹਿੰਦੀ ਦਾ ਰੰਗ ਫਿੱਕਾ ਪੈ ਜਾਂਦਾ ਅਤੇ ਤਾਂਘ ਦਾ ਦੀਵਾ ਵੀ ਹਉਕਾ ਬਣ ਜਾਂਦਾ ਤਾਂ ਸਫ਼ੇ ‘ਤੇ ਸਮਾਜਿਕ ਬੇਕਿਰਕੀ ਦੀ ਰਾਖ਼ ਫੈਲ ਜਾਂਦੀ ਜੋ ਜੀਵਨ-ਸੁਆਦ ਨੂੰ ਕਿਰਕਿਰਾ ਕਰ ਜਾਂਦੀ।
ਜ਼ਿੰਦਗੀ ਦੇ ਸਫ਼ੇ ‘ਤੇ ਜਦ ਬੋਟ-ਉਡਾਣ ਵਿਚ ਸਹਿਮ ਉਗਦਾ, ਖਿੱਲਰੀ ਚੋਗ ਪਿੰਜਰੇ ਦਾ ਰੂਪ ਧਾਰਦੀ ਜਾਂ ਕਿਸੇ ਮਲੂਕ ਪੈਰਾਂ ਵਿਚ ਬੇੜੀਆਂ ਪੈ ਜਾਂਦੀਆਂ ਤਾਂ ਜ਼ਿੰਦਗੀ ਕੁਲਹਿਣੇ ਵਕਤ ਦਾ ਹਰਫ਼ਨਾਮਾ ਬਣ ਕੇ ਰਹਿ ਜਾਂਦੀ।
ਜ਼ਿੰਦਗੀ ਦੇ ਵਰਕੇ ਨੂੰ ਜਦ ਸਿਸਕੀ-ਸਰਾਪ ਮਿਲਦਾ, ਹਰਫ਼ ਅਬੋਲ ਹੋ ਜਾਂਦੇ ਅਤੇ ਅਰਥਾਂ ਦੇ ਮੂੰਹ ਵਿਚ ਘੁੰਗਣੀਆਂ ਪੈ ਜਾਦੀਆਂ ਤਾਂ ਜ਼ਿੰਦਗੀ ਆਪਣੇ ਸਰੂਪ ਤੋਂ ਮੁਨਕਰੀ ਵਲ ਨੂੰ ਅਹੁਲਦੀ। ਅਜਿਹੇ ਵਕਤਾਂ ਵਿਚ ਜ਼ਿੰਦਗੀ ਦਾ ਮੁਹਾਂਦਰਾ ਕਿਸੇ ਉਗਮਦੇ ਸੂਰਜ ਦੀ ਆਸ ਨੂੰ ਆਪਣੇ ਕੁੱਖ ਵਿਚ ਚਿਤਵ ਕੇ, ਕਾਲਖਾਂ ਨੂੰ ਸਮੇਟ ਸਕਦਾ ਏ; ਅਤੇ ਕਈ ਵਾਰ ਅਜਿਹਾ ਜ਼ਰੂਰ ਹੁੰਦਾ ਏ।
ਕਈ ਵਾਰ ਜ਼ਿੰਦਗੀ ਦੇ ਵਰਕੇ ‘ਤੇ ਗ਼ਹਿਰ ਜ਼ਿਆਦਾ ਚੜ੍ਹਦੀ ਏ। ਕਾਲੇ ਪਹਿਰ ਵਿਚ ਉਗਣ ਵਾਲੇ ਕਾਲੇ ਲੋਕ ਹੀ ਚਾਨਣ ਦਾ ਸੁਆਗਤ ਕਰਨ ਵਾਲਿਆਂ ਵਿਚ ਮੋਹਰੀ ਹੁੰਦੇ ਨੇ, ਕਿਉਂਕਿ ਉਨ੍ਹਾਂ ਦੇ ਅੰਤਰੀਵ ‘ਚ ਸਦੀਵੀ ਲੋਅ ਹੁੰਦੀ ਏ।
ਜ਼ਿੰਦਗੀ ਦੇ ਉਲਝਾਏ ਵਰਕਿਆਂ ਦੀ ਇਬਾਰਤ ਨੂੰ ਪੜ੍ਹਨਾ ਅਤੇ ਇਸ ਦੀ ਤਹਿ ਤੱਕ ਜਾਣ ਨੂੰ ਉਮਰਾਂ ਵੀ ਘੱਟ ਹੁੰਦੀਆਂ। ਅਜਿਹੀ ਹਰਫ਼-ਬੰਦਨਾ ਮਨੁੱਖ ਦਾ ਸੁਭਾਗ ਹੁੰਦਾ ਏ, ਕਿਉਂਕਿ ਅਜਿਹੀ ਇਬਾਰਤ ਵਿਚੋਂ ਹੀ ਗਵਾਚੀ ਹੋਂਦ ਨੂੰ ਨਵਾਂ ਸਿਰਲੇਖ ਮਿਲਦਾ ਏ।
ਕਈ ਵਾਰ ਜ਼ਿੰਦਗੀ ਦੇ ਸਫ਼ੇ ‘ਤੇ ਬਹੁਤ ਹੀ ਵਿਕੋਲਤਰੀ ਤੇ ਵਿਰਲੀ ਇਬਾਰਤ ਹੁੰਦੀ ਏ ਜਿਸ ਦੀ ਇਬਾਦਤ ਕਰਨ ਨੂੰ ਜੀ ਕਰਦਾ ਏ ਕਿਉਂਕਿ ਥੋੜੇ ਲਫ਼ਜ਼ਾਂ ਵਿਚ ਵੱਡੀ ਗੱਲ ਕਹਿਣਾ ਹੀ ਅਸਲ ਵਿਚ ਜ਼ਿੰਦਗੀ ਦਾ ਸੁਚੱਜ ਹੁੰਦਾ ਏ; ਪਰ ਸਭ ਤੋਂ ਸੌਖਾ, ਅਦਿੱਖ ਇਬਾਰਤ ਦੇ ਰੂ-ਬ-ਰੂ ਹੋਣਾ ਹੁੰਦਾ ਏ। ਜਦ ਜ਼ਿੰਦਗੀ ਸਾਡੀ ਝੋਲੀ ਵਿਚ ਅਜਿਹੀ ਵਰਣਮਾਲਾ ਪਾਉਂਦੀ ਏ ਤਾਂ ਉਹ ਸਾਡਾ ਇਮਤਿਹਾਨ ਲੈਣ ਦੇ ਨਾਲ ਨਾਲ ਸਾਡੀਆਂ ਸਮਰੱਥਾਵਾਂ ਅਤੇ ਸੋਝੀ ਲਈ ਵੀ ਪੈਮਾਨਾ ਨਿਰਧਾਰਤ ਕਰਦੀ ਏ। ਅਸੀਂ ਅਜਿਹੀ ਇਬਾਰਤ ਵਿਚੋਂ ਕਿਹੜੇ ਰੰਗਾਂ ਨੂੰ ਮਾਣਨਾ ਏ, ਕਿਹੜੀਆਂ ਬੰਦਸ਼ਾਂ, ਬੰਦਗੀ, ਬੇਗਾਨਗੀ, ਬੰਦਿਆਈ, ਬੈਰਾਗਪੁਣਾ ਜਾਂ ਬੇਗਮਪੁਰੇ ਨੂੰ ਆਪਣੇ ਜੀਵਨ ਵਿਚ ਰਮਾਉਣਾ ਏ, ਇਹ ਸਾਡੇ ‘ਤੇ ਨਿਰਭਰ ਕਰਦਾ ਏ।
ਜ਼ਿੰਦਗੀ ਦੇ ਬਹੁਤ ਸਾਰੇ ਵਰਕੇ ਅਕਸਰ ਕੋਰੇ ਹੀ ਹੁੰਦੇ ਨੇ ਅਤੇ ਤੁਸੀਂ ਆਪਣੀ ਮਰਜ਼ੀ ਦੀ ਇਬਾਰਤ ਇਸ ‘ਤੇ ਖੁਣ ਸਕਦੇ ਹੋ। ਜ਼ਿੰਦਗੀ ਦੇ ਮੁਖੜੇ ‘ਤੇ ਖੁਦ-ਬ-ਖੁਦ ਹਰਫ਼-ਅਕ੍ਰਿਤੀ ਖੁਣਨ ਵਾਲੇ ਲੋਕ ਹੀ ਅਸਲ ਵਿਚ ਇਨਸਾਨੀਅਤ ਦੇ ਮਾਰਗ-ਦਰਸ਼ਕ ਹੁੰਦੇ ਹਨ। ਜੀਵਨ ਅਜਿਹੇ ਲੋਕਾਂ ਦੀ ਉਡੀਕ ਕਰਦਾ ਏ। ਅਜਿਹੀ ਉਡੀਕ ਹੀ ਦਾਨਸ਼ਵਰਾਂ, ਕਰਮਯੋਗੀਆਂ ਅਤੇ ਮਹਾਂਪੁਰਖਾਂ ਦੀ ਵਸੀਹ ਧਰਾਤਲ ਬਣ ਕੇ ਸਮਾਜਿਕ ਮੁਹਾਂਦਰੇ ਨੂੰ ਨਵੀਆਂ ਸੇਧਾਂ ਅਤੇ ਸੁਪਨਿਆਂ ਦੇ ਸਨਮੁਖ ਕਰਦੀ ਏ ਅਤੇ ਇਨ੍ਹਾਂ ਵਿਚੋਂ ਕਿੰਨੀਆਂ ਨੂੰ ਅਸੀਂ ਹਕੀਕਤ ਦਾ ਜਾਮਾ ਪਹਿਨਾਉਂਦੇ ਹਾਂ, ਇਹ ਖੁਦ ‘ਤੇ ਨਿਰਭਰ ਕਰਦਾ ਏ।
ਜ਼ਿੰਦਗੀ ਦੀ ਹਰ ਇਬਾਰਤ ਨੂੰ ਮਨ ‘ਚ ਵਸਾਓ, ਕਿਉਂਕਿ ਇਹ ਇਬਾਦਤ ਸਿਰਫ਼ ਤੁਹਾਡੇ ਲਈ ਹੀ ਹੈ। ਕੁਝ ਵੀ ਅਛੋਪਲੇ ਅਤੇ ਅਚਨਚੇਤੀ ਨਹੀਂ ਵਰਤਦਾ। ਜੋ ਬੀਜ ਪਾਵਾਂਗੇ, ਉਸ ਦੀ ਵਿਰਾਸਤ ਹੀ ਖੁਦ ਆਪਣੇ ਨਾਮ ਕਰਾਂਗੇ।
ਕਈ ਵਾਰ ਜ਼ਿੰਦਗੀ ਦਾ ਅਜਿਹਾ ਸਫ਼ਾ ਤੁਹਾਡੇ ਨੈਣਾਂ ‘ਚ ਪਸਰਦਾ ਏ ਜੋ ਤੁਹਾਡੀ ਰੂਹ ਨੂੰ ਛਿੱਲ ਜਾਂਦਾ ਹੈ ਅਤੇ ਤੁਸੀਂ ਧੁਰ ਤੀਕ ਜ਼ਖਮੀ ਹੋਏ ਕੁਰਲਾਉਣ ਤੋਂ ਵੀ ਨਾਬਰ ਹੋ ਜਾਂਦੇ ਹੋ। ਅਜਿਹੇ ਵਕਤਾਂ ‘ਚ ਗੂੰਜੀ ਕੋਈ ਚੀਕ ਸਾਡੀ ਸੋਚ ਦੇ ਨਾਮ ਹੁੰਦੀ ਜੋ ਜੱਗ ਦੇ ਰੌਲੇ-ਰੱਪੇ ਤੋਂ ਵੀ ਵੱਧ ਅੰਤਰੀਵੀ ਸ਼ੋਰ ਬਣ ਜਾਂਦੀ। ਅਜਿਹਾ ਸ਼ੋਰ ਬਹੁਤ ਵਿਰਲਿਆਂ ਦੀ ਆਤਮਾ ਵਿਚ ਗੂੰਜਦੈ।
ਕਦੇ ਕਦਾਈਂ ਜੀਵਨ ਦਾ ਅਜਿਹਾ ਸਫ਼ਾ ਵੀ ਤੁਹਾਡੇ ਸਾਹਮਣੇ ਪਰਤ ਜਾਂਦਾ ਜਿਸ ਤੋਂ ਤੁਸੀਂ ਤ੍ਰਹਿੰਦੇ। ਇਸ ਨਾਲ ਅੱਖ ਮਿਲਾਉਣ ਤੋਂ ਕੰਨੀਂ ਕਤਰਾਉਂਦੇ ਅਤੇ ਜਦ ਇਹ ਤੁਹਾਡੇ ਰੂ-ਬ-ਰੂ ਹੁੰਦਾ ਤਾਂ ਇਹ ਤੁਹਾਡੀ ਵੱਖੀ ਵਿਚ ਅਜਿਹੀ ਕਰੁਣਾ ਧਰ ਜਾਂਦਾ ਜੋ ਅਖੀਰ ਨੂੰ ਸਮਾਜ ਦੀ ਦੁਖਦੀ ਰਗ ਬਣ ਜਾਣਾ ਹੁੰਦੈ।
ਜ਼ਿੰਦਗੀ ਦਾ ਜਦ ਕੋਈ ਸੁਪਨਈ ਵਰਕਾ ਤੁਹਾਡੀ ਨੈਣ-ਜੂਹ ਵਿਚ ਪਰਤਦਾ, ਜਿਸ ਨੂੰ ਤੁਸੀਂ ਜੀਵਨ ਦਾ ਸੱਚ ਸਮਝਦੇ ਹੋ ਤਾਂ ਇਸ ਦੀ ਅਸਲੀਅਤ ਤੁਹਾਨੂੰ ਸੁਪਨੇ ਦੇ ਸੱਚ ਦੇ ਅਰਥ ਸਮਝਾ ਜਾਂਦੀ। ਅਜਿਹਾ ਅਕਸਰ ਹੀ ਸੰਵੇਦਨਸ਼ੀਲ ਮਨ ਨਾਲ ਵਾਪਰਦੈ।
ਜ਼ਿੰਦਗੀ ਦਾ ਕੁਹਜਾ ਵਰਕਾ ਜਦ ਤੁਹਾਡੇ ਮਨ-ਦਰ ਵਿਚ ਖੁਲਦਾ ਤਾਂ ਰੋਣਹਾਕਾ ਆਪਾ ਤੁਹਾਡੇ ਗਲ਼ ਲੱਗ ਕੇ, ਹਾਵਿਆਂ ਅਤੇ ਹਉਕਿਆਂ ਦਾ ਭਾਰ ਵੰਡਾਉਣ ਜੋਗਾ ਹੀ ਰਹਿ ਜਾਂਦੈ। ਕੁਹਜ ਨੂੰ ਸੁਹਜ ਵਿਚ ਤਬਦੀਲ ਕਰਨ ਦੀਆਂ ਤਮਾਮ ਜੁਗਤਾਂ ਜਦ ਵਿਅਰਥ ਹੋ ਜਾਣ ਤਾਂ ਜੀਵਨ ਦੀ ਨਿਕਰਮੀ ਰੇਖਾ ਹੀ ਤੁਹਾਡੇ ਮੱਥੇ ‘ਤੇ ਲਿਖੀ ਰਹਿ ਜਾਂਦੀ।
ਜ਼ਿੰਦਗੀ ਦੇ ਅਸੀਮ ਵਰਕੇ। ਅਸੀਮਤ ਏ ਇਨ੍ਹਾਂ ‘ਤੇ ਉਕਰੀ ਹੋਈ ਇਬਾਦਤ ਅਤੇ ਇਸ ਅਸੀਮਤਾ ਨੂੰ ਸਮਝ ਦੇ ਕਲਾਵੇ ਵਿਚ ਲੈਣਾ, ਅਸੰਭਵ। ਆਖਰ ਨੂੰ ਜ਼ਿੰਦਗੀ ਸਮਝੌਤੇ ਦਾ ਨਾਮਕਰਨ ਹੋ ਕੇ ਰਹਿ ਜਾਂਦੀ।
ਜ਼ਿੰਦਗੀ ਦੇ ਵਰਕਿਆਂ ‘ਤੇ ਲਿਖੀ ਹੋਈ ਇਸ ਇਬਾਦਤ ਨੂੰ ਸਮਝਣ-ਸਮਝਾਉਣ ਦੀ ਕੋਸ਼ਿਸ਼ ਵਿਚ ਦਾਨਸ਼ਵਰ, ਸਿਆਣੇ, ਕਰਮਯੋਗੀ ਅਤੇ ਅੱਖਰ-ਗਿਆਨੀ ਉਮਰ ਵਿਹਾਜ ਗਏ, ਪਰ ਜੀਵਨ-ਸਮਝ ਦੀ ਸੰਪੂਰਨਤਾ ਕਿਸੇ ਦੀ ਨਾ ਹੋ ਸਕੀ।
ਜ਼ਿੰਦਗੀ ਦੀ ਕਿਤਾਬ ਨੂੰ ਪੜ੍ਹਨ ਦੀ ਗੱਲ ਛੱਡੋ, ਇਕ ਹੀ ਵਰਕਾ ਪੜ੍ਹਦਿਆਂ ਉਮਰ ਵਿਹਾਜ ਜਾਂਦੀ। ਕਈ ਵਾਰ ਤਾਂ ਬੰਦਾ ਇਕ ਹੀ ਵਾਕ ਵਿਚ ਉਲਝ ਕੇ ਜੀਵਨ ਦਾ ਸਫ਼ਰ ਸਫ਼ਲ ਕਰ ਜਾਂਦੈ।
ਜ਼ਿੰਦਗੀ ਦੇ ਸਫ਼ੇ ਨੂੰ ਨਿਰੰਤਰ ਪੜ੍ਹਨਾ ਹੀ ਮਨੁੱਖੀ ਫਿਤਰਤ ਦਾ ਸੁਹੱਪਣ, ਸਮਰਪਣ, ਸੋਝੀ, ਸੁਪਨਈ-ਦ੍ਰਿਸ਼ਟੀ, ਸੁਹਜ-ਸੰਵੇਦਨਾ, ਸੰਤੁਲਤਾ ਅਤੇ ਸੰਤੁਸ਼ਟਤਾ ਦਾ ਸੁਮੇਲ। ਅਗਰ ਇਕ ਹੀ ਵਾਕ ਦੀ ਸਮਝ ਪੱਲੇ ਪੈ ਗਈ ਤਾਂ ਜੀਵਨ-ਤੋਰ ਦੀਆਂ ਕੜੀਆਂ ਜੁੜਦੀਆਂ ਜਾਂਦੀਆਂ ਅਤੇ ਜ਼ਿੰਦਗੀ ਆਪਣੇ ਸਮੁੱਚ ਵਿਚ ਦ੍ਰਿਸ਼ਟਮਾਨ ਹੁੰਦੀ।
ਜ਼ਿੰਦਗੀ ਨੂੰ ਪੜ੍ਹਨ ਦੀ ਤਲਬ ਮਨ ਵਿਚ ਪੈਦਾ ਕਰੋ, ਇਸ ਦੀ ਇਬਾਦਤ ਵਿਚ ਸਮੋਏ ਸੱਚ, ਸੰਵੇਦਨਾ, ਸਦਭਾਵਨਾ ਅਤੇ ਸਮਦਰਸ਼ਟਤਾ ਨੂੰ ਆਪਣੀ ਸੋਚ ਦੇ ਨਾਵੇਂ ਕਰੋ ਅਤੇ ਇਸ ਦੇ ਹਰਫ਼-ਅਰਥ ਨੂੰ ਜੀਵਨ ਦੀ ਤਰਕਸੰਗਤਾ ਸੰਗ ਨਾਪੋ, ਤੁਹਾਨੂੰ ਜ਼ਿੰਦਗੀ ਦੀ ਹਰਫ਼-ਸੰਵੇਦਨਾ ਜ਼ਰੂਰ ਸਮਝ ਆ ਜਾਵੇਗੀ।
ਜ਼ਿੰਦਗੀ ਨੂੰ ਜੀਵਨ-ਜਾਚ, ਜੀਵਨ-ਬੰਦਗੀ, ਜੀਵਨ-ਸਾਦਗੀ ਅਤੇ ਜੀਵਨ-ਅਰਾਧਨਾ ਦਾ ਨਾਮਕਰਨ ਦਿੱਤਿਆਂ, ਅਰਥ-ਸਪਸ਼ਟਤਾ ਹੋ ਜਾਂਦੀ, ਪਰ ਜ਼ਿੰਦਗੀ ਦਾ ਭਰ ਵਗਦਾ ਦਰਿਆ ਤਾਂ ਕਤਰਿਆਂ ਤੋਂ ਬਣਦਾ ਏ ਅਤੇ ਕਤਰੇ ਦੀ ਸਮਝ ਤੋਂ ਬਗੈਰ ਦਰਿਆ ਨੂੰ ਸਮਝਣਾ ਸੌਖਾ ਨਹੀਂ ਹੁੰਦਾ। ਜਲ-ਕਣਾਂ ਦੀ ਮਹੀਨਤਾ ਨੂੰ ਆਪਣੇ ਮਸਤਕ ਵਿਚ ਉਜਾਗਰ ਕਰ ਕੇ ਜ਼ਿੰਦਗੀ ਦੇ ਅਰਥਾਂ ਤੀਕ ਦੀ ਪਹੁੰਚ ਨੂੰ ਸੁਖਾਵਾਂ ਬਣਾਈਏ ਅਤੇ ਇਸ ਦੀ ਉਚੇਚਤਾ ਨੂੰ ਜੀਵਨ ਦੀ ਸਭ ਤੋਂ ਵੱਡੀ ਪਹਿਲ ਬਣਾਈਏ। ਅਜਿਹਾ ਤਾਂ ਮਨੁੱਖ ਦੇ ਵੱਸ ਹੁੰਦਾ ਏ ਅਤੇ ਤੁਹਾਥੋਂ ਅਜਿਹੀ ਕਾਮਨਾ ਤਾਂ ਕਰ ਹੀ ਸਕਦਾ ਹਾਂ।
ਜ਼ਿੰਦਗੀ ਖੁਸ਼-ਆਮਦੀਦæææ।