ਬਲਜੀਤ ਬਾਸੀ
‘ਪੰਜਾਬ ਟਾਈਮਜ਼’ ਦੇ ਕਿਸੇ ਅੰਕ ਵਿਚ ਜਸਵੀਰ ਸਿੰਘ ਲੰਗੜੋਆ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਅਜਿਹੀਆਂ ਧੁਨੀਆਂ ਦੀ ਖੋਜ ਕੀਤੀ ਹੈ ਜਿਨ੍ਹਾਂ ਤੋਂ ਉਹ ਸਿੱਧ ਕਰਕੇ ਦਿਖਾਵੇਗਾ ਕਿ “ਇੱਕ ਧੁਨੀ ਨਾਲ ਬਣੇ ਸਾਰੇ ਸ਼ਬਦਾਂ ਵਿਚ ਉਸ ਧੁਨੀ ਦੇ ਉਹੋ ਹੀ ਅਰਥ ਹਨ ਜੋ ਮੇਰੇ ਵੱਲੋਂ ਪਹਿਲਾਂ ਹੀ ਨਿਰਧਾਰਿਤ ਕੀਤੇ ਗਏ ਹੋਣਗੇ।” ਬੜਾ ਸ਼ੇਖ ਚਿਲੀ ਦਮਗਜਾ ਹੈ, ਜਿਵੇਂ ਸ਼ਬਦ ਉਸ ਦੇ ਕਹੇ ਲੱਗ ਕੇ ਅਰਥ ਦੇਣ ਲੱਗ ਪੈਣਗੇ।
ਸ਼ਾਇਦ ਹੀ ਦੁਨੀਆਂ ਦੇ ਕਿਸੇ ਨਿਰੁਕਤਕਾਰ ਨੇ ਏਡੀ ਫੜ ਮਾਰੀ ਹੋਵੇ। ਅਖਬਾਰ ਦੇ ਪਿਛਲੇ ਅੰਕ ਵਿਚ “ਮਅ ਅਗੇਤਰ (ਉਰਦੂ/ਫਾਰਸੀ) ਨਾਲ ਬਣੇ ਕੁਝ ਸ਼ਬਦ” ਸਿਰਲੇਖ ਵਾਲੇ ਲੇਖ ਵਿਚ ਪਹਿਲੀ ਵਾਰ ਅਜਿਹੀ ਇਕ ਧੁਨੀ ਦੀ ਸੋਅ ਪਈ ਤਾਂ ਇਸ ਤੋਂ ਕੱਢੇ ਨਤੀਜਿਆਂ ਤੋਂ ਘੋਰ ਨਿਰਾਸ਼ਾ ਹੋਈ। ਲੇਖ ਦੇ ਸਿਰਲੇਖ ਤੋਂ ਹੀ ਇਕ ਗਲਤ ਧਾਰਨਾ ਦੀ ਪ੍ਰਤੀਤੀ ਹੁੰਦੀ ਹੈ ਜਿਸ ਦੀ ਇਬਾਰਤ ਵਿਚ ਕਥਿਤ ‘ਮਅ’ ਧੁਨੀ ਨੂੰ ਉਰਦੂ/ਫਾਰਸੀ ਦੀ ਗਰਦਾਨਿਆ ਗਿਆ ਹੈ।
ਇਸ ਤਰ੍ਹਾਂ ਗਲਤ-ਬਿਆਨੀ ਜਾਂ ਬੇਸਮਝੀ ਦਾ ਆਗਾਜ਼ ਤਾਂ ਸਿਰਲੇਖ ਤੋਂ ਹੀ ਹੋ ਜਾਂਦਾ ਹੈ ਪਰ ਪਹਿਲੇ ਫਿਕਰੇ ਵਿਚ ਇਸ ਦਾ ਹੋਰ ਨਮੂਨਾ ਦਿਸਦਾ ਹੈ ਜਿਸ ਵਿਚ ‘ਪੰਜਾਬੀ, ਹਿੰਦੀ, ਸੰਸਕ੍ਰਿਤ, ਫਾਰਸੀ, ਅੰਗਰੇਜ਼ੀ ਆਦਿ ਭਾਸ਼ਾਵਾਂ’ ਨੂੰ ਭਾਰੋਪੀ (ਭਾਰਤ-ਯੂਰਪੀ) ਭਾਸ਼ਾ ਪਰਿਵਾਰ ਦੀ ਹਿੰਦ-ਇਰਾਨੀ ਸ਼ਾਖਾ ਨਾਲ ਸਬੰਧਤ ਦੱਸਿਆ ਹੈ। ਅਗਿਆਨ ਦੀ ਹੱਦ ਹੈ ਕਿ ਹਿੰਦ-ਇਰਾਨੀ ਕੋਟੀ ਵਿਚ ਅੰਗਰੇਜ਼ੀ ਨੂੰ ਸ਼ਾਮਿਲ ਕਰ ਲਿਆ ਹੈ। ਹਿੰਦ-ਇਰਾਨੀ ਭਾਸ਼ਾਵਾਂ ਤਾਂ ਇਰਾਨ ਤੋਂ ਸ਼ੁਰੂ ਹੋ ਕੇ ਭਾਰਤ ਤੇ ਦੱਖਣ ਪੂਰਬੀ ਏਸ਼ੀਆ ਤੱਕ ਦੀਆਂ ਆਰਿਆਈ ਭਾਸ਼ਾਵਾਂ ਹਨ ਜਦ ਕਿ ਅੰਗਰੇਜ਼ੀ ਦਾ ਸਬੰਧ ਭਾਰੋਪੀ ਪਰਿਵਾਰ ਦੀ ਜਰਮੈਨਿਕ ਸ਼ਾਖਾ ਨਾਲ ਹੈ ਜਿਸ ਵਿਚ ਹੋਰ ਅਪ੍ਰਚਲਿਤ ਭਾਸ਼ਾਵਾਂ ਤੋਂ ਬਿਨਾ ਅਜੋਕੀ ਜਰਮਨ, ਅੰਗਰੇਜ਼ੀ, ਡੱਚ, ਡੈਨਿਸ਼, ਸਵੀਡਿਸ਼, ਆਈਸਲੈਂਡਿਕ, ਨਾਰਵੇਜੀਅਨ ਆਦਿ ਸ਼ਾਮਿਲ ਹਨ। ਮੈਂ ਇਸ ਗਲਤ-ਬਿਆਨੀ ਨੂੰ ਲੇਖਕ ਦੀ ਭੁੱਲ ਵੀ ਮੰਨ ਲੈਂਦਾ ਜੇ ਅੱਗੇ ਜਾ ਕੇ ਅਰਬੀ ਭਾਸ਼ਾ ਪ੍ਰਤੀ ਅਜਿਹਾ ਅਗਿਆਨ ਸਾਹਮਣੇ ਨਾ ਆਉਂਦਾ। ਇਸੇ ਕਾਰਨ ਪੂਰਾ ਲੇਖ ਬੇਥ੍ਹਵਾ ਬਣ ਗਿਆ ਹੈ।
ਇਹ ਕਹਿਣ ਪਿਛੋਂ ਕਿ ਹਿੰਦ-ਇਰਾਨੀ ਭਾਸ਼ਾਵਾਂ ਇਕੋ ਪਰਿਵਾਰ ਦੀਆਂ ਹੋਣ ਕਾਰਨ ਇਨ੍ਹਾਂ ਦੀਆਂ ਧੁਨੀਆਂ ਦੀ ਆਪਸ ਵਿਚ ਕਾਫੀ ਸਾਂਝ ਹੈ, ਲੇਖ ਦੇ ਦੂਸਰੇ ਫਿਕਰੇ ਵਿਚ ਬਿਆਨ ਕੀਤਾ ਹੈ, “ਇਸੇ ਕਰਕੇ ਜਿਹੜਾ ਅਰਥ ਉਰਦੂ/ਫਾਰਸੀ ਭਾਸ਼ਾਵਾਂ ਦੇ ਅਗੇਤਰ ‘ਮਅ’ ਦਾ ਹੈ, ਲਗਭਗ ਉਹੀ ਹਿੰਦੀ/ਸੰਸਕ੍ਰਿਤ ਭਾਸ਼ਾਵਾਂ ਦੇ ਪਿਛੇਤਰ ‘ਮਯ’ ਦਾ ਵੀ ਹੈ, ਫਰਕ ਸਿਰਫ ਇੰਨਾ ਹੈ ਕਿ ਇਕ ਭਾਸ਼ਾ ਵਿਚ ਉਹੀ ਸ਼ਬਦ ਵਧੇਰੇ ਕਰਕੇ ਅਗੇਤਰ ਦਾ ਕੰਮ ਕਰਦਾ ਹੈ ਤੇ ਦੂਜੀਆਂ ਭਾਸ਼ਾਵਾਂ ਵਿਚ ਪਿਛੇਤਰ ਦਾ।” ਅੱਗੇ ਜਾ ਕੇ ਹਿੰਦ-ਆਰਿਆਈ ਭਾਸ਼ਾਵਾਂ ਵਿਚੋਂ ਕੁਝ ਸ਼ਬਦਾਂ ਜਿਵੇਂ ਮੰਗਲਮਯ, ਅਨੰਦਮਈ, ਸੰਕਟਮਈ ਆਦਿ ਦੀਆਂ ਮਿਸਾਲਾਂ ਦਿੱਤੀਆਂ ਹਨ। ਇਸ ਨੂੰ ਕਹਿੰਦੇ ਹਨ, ਚੁਬਾਰੇ ਦੀ ਇੱਟ ਮੋਰੀ ਨੂੰ ਲਾਉਣਾ। ਲੇਖਕ ਨੂੰ ਇਹ ਨਹੀਂ ਪਤਾ ਕਿ ਤਥਾਕਥਿਤ ‘ਮਅ’ ਅਗੇਤਰ ਮੁਢਲੇ ਤੌਰ ‘ਤੇ ਉਰਦੂ/ਫਾਰਸੀ ਜਿਹੀ ਆਰਿਆਈ ਭਾਸ਼ਾ ਦਾ ਨਹੀਂ ਸਗੋਂ ਅਫਰੀਕੀ-ਏਸ਼ਿਆਈ ਭਾਸ਼ਾ ਪਰਿਵਾਰ ਦੀ ਸਾਮੀ (ੰeਮਟਿਚਿ) ਨਾਮ ਨਾਲ ਜਾਣੀ ਜਾਂਦੀ ਸ਼ਾਖਾ ਨਾਲ ਸਬੰਧਤ ਹੈ। ਇਹ ਭਾਰੋਪੀ ਤੋਂ ਬਿਲਕੁਲ ਅਲੱਗ ਹੈ ਤੇ ਇਸ ਵਿਚ ਅਰਬੀ ਤੋਂ ਬਿਨਾਂ ਹਿਬਰੂ, ਅਮਹਾਰਿਕ, ਤਿਗ੍ਰਨਿਆ, ਅਰਮਾਇਕ ਆਦਿ ਭਾਸ਼ਾਵਾਂ ਸ਼ਾਮਿਲ ਹਨ। ਇਥੇ ਇਹ ਦੱਸਣਾ ਜ਼ਰੂਰੀ ਹੈ ਕਿ ਆਮ ਤੌਰ ‘ਤੇ ਵਿਭਿੰਨ ਭਾਸ਼ਾ ਪਰਿਵਾਰਾਂ ਦੀ ਵੱਡੀ ਖਾਸੀਅਤ ਹੀ ਇਹ ਹੈ ਕਿ ਇਨ੍ਹਾਂ ਦੀ ਮੁਢਲੀ ਸ਼ਬਦਾਵਲੀ ਇਨ੍ਹਾਂ ਦੀ ਆਪਣੀ ਵਿਸ਼ੇਸ਼ ਹੁੰਦੀ ਹੈ, ਇਕ ਪਰਿਵਾਰ ਦੇ ਮੂਲ ਸ਼ਬਦ ਦੂਜੇ ਪਰਿਵਾਰ ਵਿਚ ਨਹੀਂ ਮਿਲਦੇ। ਸੋ ‘ਮਅ’ (ਧੁਨੀ ਬਣਾਉਣ ਦੇ ਚਾਅ ਨਾਲ ਇਸ ਨੂੰ ‘ਮ’ ਤੋਂ ਮਅ ਬਣਾ ਦਿੱਤਾ ਗਿਆ ਹੈ) ਅਗੇਤਰ ਭਾਰੋਪੀ ਨਹੀਂ ਬਲਕਿ ਅਰਬੀ ਸ਼ਾਇਦ ਸਾਮੀ ਪਸਾਰ ਵਾਲਾ ਹੀ ਹੈ। ਇਹ ਗੱਲ ਵੱਖਰੀ ਹੈ ਕਿ ਇਸ ਅਗੇਤਰ ਵਾਲੇ ਢੇਰ ਸਾਰੇ ਸ਼ਬਦ ਫਾਰਸੀ, ਉਰਦੂ ਤੇ ਫਿਰ ਅੱਗੇ ਪੰਜਾਬੀ ਹਿੰਦੀ ਆਦਿ ਵਿਚ ਵੀ ਦਾਖਲ ਹੋ ਗਏ ਹਨ। ਦਰਅਸਲ ਸੱਤਵੀਂ ਸਦੀ ਵਿਚ ਇਰਾਨ ‘ਤੇ ਇਸਲਾਮ ਦੀ ਚੜ੍ਹਤ ਕਾਰਨ ਇਰਾਨ ਦੀ ਫਾਰਸੀ ਭਾਸ਼ਾ ਅਰਬੀ ਸ਼ਬਦਾਂ ਨਾਲ ਲੱਦੀ ਗਈ। ਫਾਰਸੀ, ਉਰਦੂ ਭਾਸ਼ਾਵਾਂ ਵਿਚ ਚਰਚਿਤ ‘ਮ’ ਅਗੇਤਰ ਵਾਲੇ ਸਾਰੇ ਸ਼ਬਦ ਅਰਬੀ ਦੇ ਹਨ ਕਿਉਂਕਿ ਇਹ ਇਕਾਈ ਅਰਬੀ ਦੀ ਹੀ ਦੇਣ ਹੈ। ਕੀ ਲੇਖਕ ਮੁਢਲੇ ਤੌਰ ‘ਤੇ ਅਜਿਹਾ ਕੋਈ ਫਾਰਸੀ ਸ਼ਬਦ ਦੱਸ ਸਕਦਾ ਹੈ ਜੋ ‘ਮਅ’ ਅਗੇਤਰ ਨਾਲ ਬਣਿਆ ਹੋਵੇ? ਲੇਖਕ ਵਲੋਂ ਇਸ ਅਗੇਤਰ ਵਾਲੇ ਗਿਣਾਏ ਕੋਈ ਤਿੰਨ ਦਰਜਨ ਸ਼ਬਦ ਮੁਢਲੇ ਤੌਰ ‘ਤੇ ਅਰਬੀ ਹੀ ਹਨ ਜਿਨ੍ਹਾਂ ਨੂੰ ਅਗਿਆਨ ਵੱਸ ਫਾਰਸੀ/ਉਰਦੂ ਕਹਿ ਕੇ ਭਾਰੋਪੀ ਬਣਾ ਦਿੱਤਾ ਗਿਆ ਹੈ।
ਸ਼ਾਇਦ ਲੇਖਕ ਦਾ ਇਹ ਮਤ ਹੋਵੇ ਕਿ ਕਿਉਂਕਿ ਚਰਚਿਤ ਸ਼ਬਦ ਫਾਰਸੀ/ਉਰਦੂ ਵਿਚ ਸਮਾ ਗਏ ਹਨ, ਇਸ ਲਈ ਇਸ ਧੁਨੀ ਜਾਂ ਇਸ ਧੁਨੀ ਵਾਲੇ ਸ਼ਬਦਾਂ ਨੂੰ ਉਰਦੂ/ਫਾਰਸੀ ਦੇ ਕਹਿਣਾ ਹੀ ਯੋਗ ਹੈ ਪਰ ਇਸ ਦਲੀਲ ਨਾਲ ਤਾਂ ਇਹ ਹੱਕ ਪੰਜਾਬੀ ਦਾ ਵੀ ਹੈ ਕਿਉਂਕਿ ਪੰਜਾਬੀ ਵਿਚ ਵੀ ਇਹ ਸ਼ਬਦ ਸਦੀਆਂ ਤੋਂ ਰਚਮਿਚ ਚੁੱਕੇ ਹਨ। ਜਦ ਭਾਸ਼ਾਵਾਂ ਦੀ ਚਰਚਾ ਸ਼ਬਦਾਵਲੀ ਦੇ ਆਧਾਰ ‘ਤੇ ਕਰਨੀ ਹੋਵੇ ਤਾਂ ਮੁਢਲੀ ਸ਼ਬਦਾਵਲੀ ਦਾ ਸਪੱਸ਼ਟ ਨਿਖੇੜਾ ਹੋਣਾ ਚਾਹੀਦਾ ਹੈ। ਪ੍ਰਸ਼ਨ ਇਹ ਹੈ ਕਿ ਖੋਜਿਆ ਗਿਆ ਮਅ/ਮਯ ਅਗੇਤਰ ਉਰਫ ਪਿਛੇਤਰ ਉਰਫ ਧੁਨੀ ਦੀ ਜਨਮ ਭਾਸ਼ਾ ਕਿਹੜੀ ਹੈ? ਜੇ ਇਹ ਅਰਬੀ ਪਰਿਵੇਸ਼ ਵਿਚ ਪੈਦਾ ਹੋਇਆ ਤਾਂ ਇਹ ਏਨੀ ਦੁਰਾਡੀ ਤੇ ਭਿੰਨ ਪਰਿਵਾਰ ਦੀ ਭਾਸ਼ਾ ਸੰਸਕ੍ਰਿਤ ਵਿਚ ਕਿਵੇਂ ਆ ਵੜਿਆ? ਨਿਸਚੇ ਹੀ ‘ਮ’ ਅਰਬੀ ਦਾ ਕਦੀਮੀ ਅਗੇਤਰ ਹੈ ਤੇ ਕਦੀਮ ਵਿਚ ਅਰਬੀ ਸੰਸਕ੍ਰਿਤ ਨਾਲ ਸੰਪਰਕ ਵਿਚ ਕਿਵੇਂ ਆਈ? ਇਹ ਸਹੀ ਹੈ ਕਿ ਕਦੀਮ ਵਿਚ ਵੀ ਦੁਰਾਡੀਆਂ ਭਾਸ਼ਾਵਾਂ ਦੇ ਸ਼ਬਦ ਦੂਰ ਦੇ ਸਫਰ ਕਰਦੇ ਰਹੇ ਹਨ ਪਰ ਇਥੇ ਇਕ ਅਗੇਤਰ ਦੀ ਗੱਲ ਹੋ ਰਹੀ ਹੈ, ਦੋ ਭਿੰਨ ਭਾਸ਼ਾਵਾਂ ਵਿਚਕਾਰ ਆਮ ਤੌਰ ‘ਤੇ ਸ਼ਬਦਾਂ ਦਾ ਵਟਾਂਦਰਾ ਹੁੰਦਾ ਹੈ, ਵਧੇਤਰਾਂ ਜਾਂ ਵਿਆਕਰਣਕ ਇਕਾਈਆਂ ਦਾ ਨਹੀਂ। ਸੰਸਕ੍ਰਿਤ ਨੂੰ ਕੀ ਲੋੜ ਪਈ ਸੀ ਇਕ ਦੁਰਾਡੀ ਭਾਸ਼ਾ ਤੋਂ ਅਗੇਤਰ ਲੈ ਕੇ ਤੇ ਫਿਰ ਇਸ ਨੂੰ ਪਿਛੇਤਰ ਬਣਾ ਕੇ ਆਪਣਾ ਸ਼ਬਦ-ਭੰਡਾਰ ਵਧਾਵੇ।
ਐਨ ਏਹੀ ਗੱਲ ਸੰਸਕ੍ਰਿਤ ਵਲੋਂ ਵੀ ਕਹੀ ਜਾ ਸਕਦੀ ਹੈ। ‘ਮਯ’ ਸੰਸਕ੍ਰਿਤ ਦਾ ਇਕ ਕਦੀਮੀ ਪਿਛੇਤਰ ਹੈ। ਕੀ ਇਹ ਪ੍ਰਾਚੀਨ ਵਿਚ ਅਰਬੀ ਵੱਲ ਸਫਰ ਕਰਕੇ ਉਸ ਦੇ ਇਕ ਅਗੇਤਰ ਵਜੋਂ ਪ੍ਰਗਟ ਹੋਇਆ? ਇਹ ਵਰਤਾਰਾ ਕਿਹੜੇ ਕਾਲ ਵਿਚ ਹੋਇਆ? ਵਿਭਿੰਨ ਭਾਸ਼ਾਵਾਂ ਦੀ ਸ਼ਾਬਦਿਕ ਸਾਂਝ ਉਘਾੜਨ ਲਈ ਕਾਲ-ਕ੍ਰਮ ਇਕ ਬਹੁਤ ਅਹਿਮ ਪੱਖ ਹੁੰਦਾ ਹੈ। ਅਰਬੀ ਤੇ ਹਿੰਦ-ਆਰਿਆਈ ਲੋਕ ਕਦੋਂ ਸੰਪਰਕ ਵਿਚ ਆਏ? ਜਿਵੇਂ ਜ਼ਿੰਦਗੀ ਦੇ ਕਈ ਵਰਤਾਰਿਆਂ ਵਿਚ ਮੌਕਾ-ਮੇਲ ਹੁੰਦਾ ਹੈ, ਇਸੇ ਤਰ੍ਹਾਂ ਦੋ ਭਾਸ਼ਾਵਾਂ ਵਿਚਾਲੇ ਕਈ ਵਾਰੀ ਅਰਥ ਤੇ ਧੁਨੀ ਦੀ ਪ੍ਰਤੀਤ ਹੁੰਦੀ ਸਾਂਝ ਸਬੱਬੀ ਹੁੰਦੀ ਹੈ। ਇਸ ਲਈ ਇਹ ਨਹੀਂ ਮੰਨਿਆ ਜਾਂਦਾ ਕਿ ਦੋਨਾਂ ਦਾ ਸ੍ਰੋਤ ਇਕੋ ਹੈ। ਇਨ੍ਹਾਂ ਦਾ ਸੁਜਾਤੀਪੁਣਾ ਸਾਬਤ ਕਰਨ ਲਈ ਬਹੁਤ ਸਬੂਤ ਚਾਹੀਦੇ ਹਨ। ਸ਼ਾਇਦ ਲੇਖਕ ਦਾ ਵਿਚਾਰ ਹੋਵੇ ਕਿ ਮਅ/ਮਯ ਧੁਨੀ ਸਰਬਵਿਆਪਕ ਹੈ ਤੇ ਸਭ ਭਾਸ਼ਾਵਾਂ ਵਿਚ ਪੈਦਾ ਹੋਈ। ਤਦ ਤਾਂ ਫਿਰ ਇਹ ਹੋਰ ਭਾਸ਼ਾ ਪਰਿਵਾਰਾਂ ਵਿਚ ਵੀ ਇਨ੍ਹਾਂ ਹੀ ਅਰਥਾਂ ਵਿਚ ਵਿਦਮਾਨ ਹੋਣੀ ਚਾਹੀਦੀ ਹੈ, ਮਿਸਾਲ ਵਜੋਂ ਚੀਨੀ ਵਿਚ।
ਲੇਖਕ ਵਲੋਂ ਚਰਚਾ ਵਿਚ ਲਿਆਂਦੇ ਸ਼ਬਦ ‘ਬਮੈ’ ਉਤੇ ਵੀ ਵਿਚਾਰ ਕਰ ਲਈਏ। ਸਮੇਤ, ਸਹਿਤ, ਨਾਲ ਆਦਿ ਦੇ ਅਰਥਾਂ ਵਾਲਾ ਇਹ ਸ਼ਬਦ ਉਰਦੂ ਪਰਿਵੇਸ਼ ਵਿਚ ਬਣਿਆ ਲਗਦਾ ਹੈ ਕਿਉਂਕਿ ਮੇਰੇ ਪਾਸ ਥੋੜੇ ਜਿਹੇ ਫਾਰਸੀ ਸ੍ਰੋਤਾਂ ਵਿਚ ਮੈਨੂੰ ਇਹ ਸ਼ਬਦ ਨਹੀਂ ਮਿਲਿਆ। ਇਹ ਸ਼ਬਦ ਫਾਰਸੀ ‘ਬਾ’ ਦੇ ਨਾਲ ਅਰਬੀ ‘ਮਅ’ ਲੱਗ ਕੇ ਬਣਿਆ ਹੈ। ਦੋਨਾਂ ਵਿਚ ਨਾਲ, ਸਹਿਤ, ਸਮੇਤ ਦੇ ਅਰਥ ਹਨ। ਸ਼ ਲੰਗੜੋਆ ਅਨੁਸਾਰ ਇਥੇ ਅਗੇਤਰ ਵਜੋਂ ਵਰਤੀ ਗਈ ਫਾਰਸੀ ਦੀ ‘ਬ’ (ਫਾਰਸੀ ‘ਚ ਬਹੁਤਾ ‘ਬਾ’ ਹੀ ਹੈ) ਧੁਨੀ ਦਾ ਭਾਵ ਵੀ ਸਾਥ, ਨਾਲ, ਸਮੇਤ ਹੈ। ਇਸ ਅਗੇਤਰ ਨਾਲ ਹੀ ‘ਮਅ’ ਸ਼ਬਦ ਜਿਸ ਦਾ ਅਰਥ ਵੀ ‘ਬਾ’ ਅਗੇਤਰ ਵਾਲਾ ਹੀ ਹੈ ਅਰਥਾਤ ਨਾਲ, ਸਾਥ, ਸਮੇਤ, ਨੂੰ ਪਿਛੇਤਰ ਵਜੋਂ ਵਰਤ ਕੇ ਇਹ ਸ਼ਬਦ ਬਣਾਇਆ ਗਿਆ ਜਿਸ ਨਾਲ ‘ਗੱਲ ਵਧੇਰੇ ਵਜ਼ਨਦਾਰ’ ਬਣ ਗਈ। ਸਮਝ ਨਹੀਂ ਆਉਂਦੀ ਕਿ ਗਲਤੀ ਨੂੰ ਕਿਸ ਕਿਸ ਪਾਸਿਓਂ ਫੜਿਆ ਜਾਵੇ। ਦਰਅਸਲ ਤਥਾਕਥਿਤ ‘ਮਅ’ ਧੁਨੀ ਤੋਂ ਅਲੱਗ, ‘ਮਅ’ ਵੀ ਮੁਢਲੇ ਤੌਰ ‘ਤੇ ਇਕ ਅਰਬੀ ਸ਼ਬਦ ਹੈ ਜਿਸ ਦੇ ਉਪਰੋਕਤ ਅਰਥ ਹਨ ਪਰ ਲੇਖਕ ਨੂੰ ਸ਼ਾਇਦ ਇਹ ਪਤਾ ਹੀ ਨਹੀਂ ਕਿਉਂਕਿ ਇਸ ਦਾ ਜ਼ਿਕਰ ਹੀ ਨਹੀਂ ਕੀਤਾ ਗਿਆ। ਦੂਜੀ ਗੱਲ, ਭਾਸ਼ਾਵਾਂ ਵਿਚ ਅਗੇਤਰ ਦੇ ਨਾਲ ਅਗੇਤਰ ਲੱਗ ਕੇ ਜਾਂ ਅਗੇਤਰ ਨਾਲ ਪਿਛੇਤਰ ਲੱਗ ਕੇ ਜਾਂ ਪਿਛੇਤਰ ਨਾਲ ਪਿਛੇਤਰ ਲੱਗ ਕੇ ਘਟ ਹੀ ਕਦੇ ਕੋਈ ਸ਼ਬਦ ਬਣਿਆ ਹੈ। ਆਮ ਤੌਰ ‘ਤੇ ਦੋ ਜਾਂ ਵਧੇਰੇ ਘਟਕਾਂ ਵਿਚੋਂ ਇਕ ਜ਼ਰੂਰ ਸੰਪੂਰਨ ਸੁਤੰਤਰ ਸ਼ਬਦ ਹੋਣਾ ਚਾਹੀਦਾ ਹੈ। ਸ਼ਾਇਦ ਕੋਈ ਅਪਵਾਦ ਹੋਵੇ, ਪਤਾ ਨਹੀਂ। ਮੇਰੀ ਜਾਚੇ ਤਾਂ ਇਥੇ ਉਰਦੂ ‘ਬ’ (ਫਾਰਸੀ ‘ਬਾ’ ਦਾ ਰੁਪਾਂਤਰ) ਵੀ ਅਗੇਤਰ ਦੇ ਤੌਰ ‘ਤੇ ਨਹੀਂ ਬਲਕਿ ਸੁਤੰਤਰ ਸ਼ਬਦ ਦੇ ਤੌਰ ‘ਤੇ ਹੀ ਵਰਤਿਆ ਗਿਆ ਹੈ। ਗੌਰਤਲਬ ਹੈ ਕਿ ਫਾਰਸੀ ਨਾਲ, ਸਾਥ ਦੇ ਅਰਥਾਂ ਵਾਲੇ ‘ਬਾ’ ਨੂੰ ਬਹੁਤ ਸਾਰੇ ਫਾਰਸੀ ਮਾਹਿਰ ਪੰਜਾਬੀ ਨਾਲ, ਸਾਥ, ਸਮੇਤ ਦੀ ਤਰ੍ਹਾਂ ਸਬੰਧਕ (ਫਰeਪੋਸਟਿਨ) ਮੰਨਦੇ ਹਨ, ਭਾਵੇਂ ਕੁਝ ਹੋਰ ਇਸ ਨੂੰ ਅਗੇਤਰ ਤੇ ਸਬੰਧਕ- ਦੋਨੋਂ ਮੰਨਦੇ ਹਨ। ਇਸ ਤਰ੍ਹਾਂ ‘ਬ’ ਅਤੇ ‘ਮੈਅ’ ਦੋਨੋਂ ਸ਼ਬਦ ਮਿਲ ਕੇ ਇਕ ਇਕ ਅਜਿਹਾ ਸ਼ਬਦ ਜੁੱਟ ਬਣਾਉਂਦੇ ਹਨ ਜਿਸ ਦੇ ਦੋਵੇਂ ਘਟਕਾਂ ਦੇ ਅਰਥ ਇਕੋ ਹਨ। ‘ਬਗੈਰ’ ਵੀ ਅਜਿਹਾ ਸ਼ਬਦ ਹੀ ਹੈ।
ਅਰਬੀ ‘ਮ’ ਅਗੇਤਰ ਦੇ ਕੋਈ ਤਿੰਨ ਰੁਪਾਂਤਰ ਹਨ ‘ਮ’, ‘ਮੁ’ ਅਤੇ ‘ਮਿ’ ਜੋ ਕਿਸੇ ਅਰਬੀ ਸ਼ਬਦ ਦੇ ਪਿਛੇ ਲੱਗ ਕੇ ਇਸ ਦੇ ਅਰਥਾਂ ਵਿਚ ਕਈ ਤਰ੍ਹਾਂ ਦੀ ਦਿਸ਼ਾ ਪ੍ਰਦਾਨ ਕਰਦੇ ਹਨ। ਮਸਲਨ ਕੁਬਜ਼ (ਰੋਟੀ) ਤੋਂ ਮਕਬਜ਼ (ਰੋਟੀ ਦੀ ਦੁਕਾਨ); ਦਰਸ (ਪੜ੍ਹਨਾ) ਤੋਂ ਮਦਰਸਾ (ਪਾਠਸ਼ਾਲਾ); ਨਹੂਸ (ਬਦਸ਼ਗਨੀ) ਤੋਂ ਮਨਹੂਸ (ਬਦਸ਼ਗਨ), ਵਫਕ (ਮੇਲ ਹੋਣਾ) ਤੋਂ ਮੁਆਫਕ (ਅਨੁਕੂਲ); ਸ਼ੱਕ (ਫਟਣਾ) ਤੋਂ ਮੁਸ਼ੱਕਤ (ਸਖਤ ਮਿਹਨਤ); ਵਜ਼ਨ (ਭਾਰ ਜੋਖਣਾ) ਤੋਂ ਮਿਜ਼ਾਨ (ਤੱਕੜੀ); ਨਾਰ (ਅਗਨੀ) ਤੋਂ ਮਿਨਾਰ (ਮੁਨਾਰਾ); ਮੱਨ (ਉਪਕਾਰ ਕਰਨਾ) ਤੋਂ ਮਿੰਨਤ (ਬੇਨਤੀ ਆਦਿ)। ਕਿਸੇ ਵੀ ਪੰਜਾਬੀ ਕੋਸ਼ ਦੇ ‘ਮ’ ਅੱਖਰ ਨਾਲ ਸ਼ੁਰੂ ਹੋਣ ਵਾਲੇ ਇੰਦਰਾਜ ਦੇਖ ਲਵੋ, ਲੱਗਭਗ ਅੱਧੀ ਗਿਣਤੀ ਦੇ ਸ਼ਬਦ ਇਸੇ ਤਰ੍ਹਾਂ ਦੇ ਅਰਬੀ ਸ੍ਰੋਤ ਵਾਲੇ ਹੋਣਗੇ। ਕਈ ਲੇਖਾਂ ਵਿਚ ਮੈਂ ਅਜਿਹੇ ਅਗੇਤਰਾਂ ਵਾਲੇ ਅਰਬੀ ਪਿਛੋਕੜ ਵਾਲੇ ਸ਼ਬਦਾਂ ਦੀ ਵਿਆਖਿਆ ਕੀਤੀ ਹੈ। ਇਹ ਸਾਰੇ ਸ਼ਬਦ ਆਮ ਤੌਰ ‘ਤੇ ਇਕ ਤਿੰਨ ਅੱਖਰੀ ਧਾਤੂ ਤੋਂ ਬਣੇ ਹੁੰਦੇ ਹਨ ਜਿਨ੍ਹਾਂ ਨਾਲ ‘ਮ’ ਤੋਂ ਬਿਨਾਂ ਹੋਰ ਵੀ ਵਧੇਤਰ ਲੱਗ ਕੇ ਅਰਬੀ ਸ਼ਬਦਾਂ ਦਾ ਵਾਧਾ ਹੁੰਦਾ ਹੈ। ਅਸੀਂ ‘ਕ-ਤ-ਬ (ਕਾਫ-ਤੋਇ-ਬੇ)’ ਧਾਤੂ ਤੋਂ ਬਣੇ ਸ਼ਬਦ ਦਰਸਾਉਂਦੇ ਹਾਂ: ਕਾਤਿਬ (ਲੇਖਕ), ਕਿਤਾਬਾ (ਲੇਖਣ), ਕਿਤਾਬ (ਪੁਸਤਕ), ਕੁਤੁਬ (ਕਿਤਾਬਾਂ), ਕਤੂਬੀ (ਪੁਸਤਕ-ਵਿਕਰੇਤਾ), ਕੁਤਾਇਬ (ਕਿਤਾਬਚਾ), ਮਕਤੁਬ (ਲਿਖਤੀ ਸੰਦੇਸ਼, ਚਿੱਠੀ), ਮਕਤਬ (ਪਾਠਸ਼ਾਲਾ), ਮਕਤਬਾ (ਸਾਹਿਤ, ਸਾਹਿਤਸ਼ਾਲਾ), ਮਕਤਬੀ (ਦਫਤਰ), ਮਿਕਤਾਬ (ਟਾਈਪ ਰਾਈਟਰ), ਮੁਕਾਤਬਾ (ਚਿੱਠੀ-ਪੱਤਰ), ਇੰਤਕਾਬ (ਰਜਿਸਟਰੀ), ਇਸਤਿਕਤਾਬ (ਲਿਖਵਾਈ)। ਸ਼ ਲੰਗੜੋਆ ਨੇ ਕਈ ਅਰਬੀ ਸ਼ਬਦ ਗਿਣਾਏ ਹਨ ਪਰ ਉਨ੍ਹਾਂ ਨੂੰ ਇਨ੍ਹਾਂ ਦੇ ਧਾਤੂਆਂ ਦਾ ਗਿਆਨ ਨਹੀਂ, ਕਿਉਂਕਿ ਅਸਲ ਵਿਚ ਉਨ੍ਹਾਂ ਅਨੁਸਾਰ ਇਹ ਫਾਰਸੀ/Aਰਦੂ ਲਫਜ਼ ਹਨ।