ਡਾæ ਗੁਰਨਾਮ ਕੌਰ ਕੈਨੇਡਾ
ਪਿਛਲੇ ਲੇਖ ਵਿਚ ਅਸੀਂ ਭਾਈ ਗੁਰਦਾਸ ਦੇ ਕਥਨ ਅਨੁਸਾਰ ਮੀਮਾਂਸਾ ਦਰਸ਼ਨ ਅਤੇ ਯਜੁਰ ਵੇਦ ਸਬੰਧੀ ਗੱਲ ਕੀਤੀ ਸੀ। ਗਿਆਰਵੀਂ ਪਉੜੀ ਵਿਚ ਭਾਈ ਗੁਰਦਾਸ ਵੇਦਾਂਤ ਦਰਸ਼ਨ ਦਾ ਸਾਮ ਵੇਦ ਨਾਲ ਸਬੰਧ ਦੱਸਦੇ ਹਨ ਅਤੇ ਆਖਰੀ ਪੰਕਤੀ ਵਿਚ ਗੁਰਮਤਿ ਦੀ ਰੌਸ਼ਨੀ ਵਿਚ ਆਪਣਾ ਸਿੱਟਾ ਪੇਸ਼ ਕਰਦੇ ਹਨ। ਸਾਮ ਵੇਦ ਵਿਚ ਦੱਸਿਆ ਗਿਆ ਹੈ ਕਿ ਵੱਖ ਵੱਖ ਮੰਤਰਾਂ ਦਾ ਗਾਇਣ ਕਿਸ ਤਰ੍ਹਾਂ ਹੋਣਾ ਚਾਹੀਦਾ ਹੈ। ਦਰਅਸਲ ਸਾਮ ਵੇਦ ਦਾ ਵਿਸ਼ਾ ਉਪਾਸਨਾ ਹੈ ਅਤੇ ਇਸ ਦਾ ਸ਼ਾਬਦਿਕ ਅਰਥ ਗਾਇਣ ਵਿੱਦਿਆ Ḕਤੇ ਆਧਾਰਿਤ ਗਿਆਨ ਹੈ। ਕਈ ਵਾਰ ਵੇਦ-ਤ੍ਰਈ ਵੀ ਕਿਹਾ ਜਾਂਦਾ ਹੈ
ਜਿਸ ਦਾ ਭਾਵ-ਅਰਥ ਹੈ- ਪਦ, ਗਦ ਅਤੇ ਗਾਇਣ। ਪਦ-ਭਾਗ ਰਿਗ ਵੇਦ, ਗਦ-ਭਾਗ ਯਜੁਰ ਵੇਦ ਅਤੇ ਛੰਦ-ਬਧ ਮੰਤਰਾਂ ਦਾ ਗਾਇਣ ਸਾਮ ਵੇਦ ਹੈ। ਅਥਰਵ ਵੇਦ ਦੇ ਮੰਤਰਾਂ ਦੇ ਛੰਦ-ਬਧ ਹੋਣ ਕਰਕੇ ਉਨ੍ਹਾਂ ਦਾ ਅੰਤਰ-ਭਾਵ ਰਿਗ ਵੇਦ ਵਿਚ ਹੀ ਹੋ ਜਾਂਦਾ ਹੈ। ਇਸ ਤਰ੍ਹਾਂ ਵੇਦ-ਗ੍ਰੰਥ ਚਾਰ ਹੋਣ Ḕਤੇ ਵੀ ਉਨ੍ਹਾਂ ਦਾ ਸਮਾਵੇਸ਼ (1) ਪਦ, (2) ਗਦ ਅਤੇ (3) ਗਾਇਣ ਇਨ੍ਹਾਂ ਤਿੰਨ ਭਾਗਾਂ ਵਿਚ ਹੋ ਸਕਦਾ ਹੈ। ਇਸ ਲਈ Ḕਵੇਦ ਤ੍ਰਈḔ ਅਤੇ Ḕਵੇਦ ਚਤੁਸ਼ਟਈḔ ਦੇ ਮੰਤਰਾਂ ਦੀ ਸੰਖਿਆ ਵਿਚ ਕੋਈ ਫਰਕ ਨਹੀਂ ਹੈ। ਪਦ, ਗਦ ਅਤੇ ਗਾਇਣ ਵਿਚੋਂ ਗਾਇਣ ਦਾ ਅਸਰ ਹਮੇਸ਼ਾ ਜ਼ਿਆਦਾ ਪੈਂਦਾ ਹੈ। ਇਹੀ ਸਾਮ ਵੇਦ ਦੀ ਵਿਸ਼ੇਸ਼ਤਾ ਹੈ। ਇਸ ਤਰ੍ਹਾਂ ਚੰਚਲ ਮਨ ਨੂੰ ਸ਼ਾਂਤ ਕਰਨ ਦਾ ਕੰਮ ਸਾਮ ਵੇਦ ਕਰਦਾ ਮੰਨਿਆ ਗਿਆ ਹੈ।
ਛਾਂਦੋਗ ਉਪਨਿਸ਼ਦ ਵਿਚ ਕਿਹਾ ਗਿਆ ਹੈ ਕਿ ਜਿਸ ਤਰ੍ਹਾਂ ਬ੍ਰਿਛ ਦੇ ਪੱਤੇ ਅਤੇ ਫੁੱਲਾਂ ਵਿਚ ਫੁੱਲ ਵਿਸ਼ੇਸ਼ ਸ਼ੋਭਾਦਾਇਕ ਹੁੰਦੇ ਹਨ, ਉਸੇ ਤਰ੍ਹਾਂ ਗਾਇਣ-ਰੂਪ ਹੋਣ ਕਰਕੇ ਸਾਮ ਵੇਦ ਵੇਦ-ਬ੍ਰਿਛ ਦਾ ਫੁੱਲ ਹੈ। ਪਹਿਲਾਂ ਵੀ ਕਿਹਾ ਗਿਆ ਹੈ ਕਿ ਹਰ ਵੇਦ ਦੇ ਆਪਣੇ ਉਪਨਿਸ਼ਦ ਹਨ ਅਤੇ ਉਪਨਿਸ਼ਦ ਵੇਦ ਸਿਧਾਂਤਾਂ ਦੀ ਵਿਆਖਿਆ ਅਰਥਾਤ ਵੇਦਾਂ ਦਾ ਦਰਸ਼ਨ ਭਾਗ ਹਨ। ਇਸ ਲਈ ਕਿਸੇ ਵੇਦ ਦੇ ਸਿਧਾਂਤ ਨੂੰ ਸਪੱਸ਼ਟ ਰੂਪ ਵਿਚ ਜਾਣਨ ਲਈ ਉਸ ਦੇ ਉਪਨਿਸ਼ਦਾਂ ਨੂੰ ਵੇਖਣਾ ਪੈਂਦਾ ਹੈ। ਸਾਮ ਵੇਦ ਦੇ ਉਪਨਿਸ਼ਦ ਛਾਂਦੋਗ ਅਤੇ ਕੇਨ ਉਪਨਿਸ਼ਦ ਹਨ।
ਕੇਨ ਉਪਨਿਸ਼ਦ ਵਿਚ ਗਿਆਨ ਨੂੰ ਮਹੱਤਵ ਦਿੱਤਾ ਗਿਆ ਹੈ ਕਿਉਂਕਿ ਇਸ ਵਿਚ ਸ਼ੁਰੂ ਤੋਂ ਅਖੀਰ ਤੱਕ Ḕਬ੍ਰਹਮḔ ਬਾਰੇ ਖੋਜ ਪ੍ਰਧਾਨ ਹੈ। ḔਕੇਨḔ ਉਪਨਿਸ਼ਦ ਦਾ ਨਾਂ ਇਸ ਦੇ ਪਹਿਲੇ ਸੂਕਤ ḔਕੇਨḔ ਤੋਂ ਹੋਇਆ ਹੈ ਜਿਸ ਦਾ ਅਰਥ ਹੈ, Ḕਕਿਸ ਰਾਹੀਂ।Ḕ ਇਹ ਛੋਟੀ ਜਿਹੀ ਪੁਸਤਕ ਹੈ ਜੋ ਚਾਰ ਹਿੱਸਿਆਂ ਵਿਚ ਵੰਡੀ ਹੋਈ ਹੈ। ਉਪਨਿਸ਼ਦ ਦੇ ਪਹਿਲੇ ਤੇ ਦੂਜੇ ਭਾਗ ਵਿਚ ਦੱਸਿਆ ਗਿਆ ਹੈ ਕਿ ਗਿਆਨ-ਇੰਦਰੀਆਂ ਮਨੁੱਖੀ ਮਨ ਨੂੰ ਇਸ ਅਦਭੁੱਤ ਦੁਨੀਆਂ ਦਾ ਗਿਆਨ ਦੇਣ ਲਈ ਆਪਣੀ ਸ਼ਕਤੀ ਬ੍ਰਹਮ ਤੋਂ ਲੈਂਦੀਆਂ ਹਨ ਪਰ ਆਪ ਉਸ ਨੂੰ ਵਰਣਨ ਨਹੀਂ ਕਰ ਸਕਦੀਆਂ, ਨਾ ਹੀ ਬ੍ਰਹਮ ਦਾ ਗਿਆਨ ਗਿਆਨ-ਇੰਦਰੀਆਂ ਰਾਹੀਂ ਪ੍ਰਾਪਤ ਕੀਤਾ ਜਾ ਸਕਦਾ ਹੈ। ਕੇਨ ਉਪਨਿਸ਼ਦ ਅਨੁਸਾਰ ਜੀਵ ਦੇ ਮਨ, ਇੰਦਰੀਆਂ ਆਦਿ ਦੇ ਪਿੱਛੇ ਜੋ ਸ਼ਕਤੀ ਕੰਮ ਕਰ ਰਹੀ ਹੈ, ਉਹ ਬ੍ਰਹਮ ਹੈ ਅਤੇ ਇਹੀ ਸ਼ਕਤੀ ਸਾਰੇ ਵਿਸ਼ਵ ਦੀ ਹੋਂਦ ਦੇ ਪਿੱਛੇ ਹੈ। ਜੋ ਕੁਝ ਵੀ ਹੋਂਦ ਵਿਚ ਹੈ, ਜਾਂ ਜੋ ਕੁਝ ਵੀ ਹੋ ਰਿਹਾ ਹੈ, ਉਸ ਦਾ ਕਾਰਨ ਬ੍ਰਹਮ ਹੈ। ਜੋ ਵੀ ਸਾਧਨਾ ਰਾਹੀਂ, ਗਿਆਨ, ਧਿਆਨ ਅਤੇ ਮਨਨ ਰਾਹੀਂ ਇਸ ਨੂੰ ਜਾਣ ਲੈਂਦਾ ਹੈ, ਉਹ ਅਮਰ ਹੋ ਜਾਂਦਾ ਹੈ। ਛਾਂਦੋਗ ਉਪਨਿਸ਼ਦ ਵੀ ਸਾਮਵੇਦ ਦਾ ਉਪਨਿਸ਼ਦ ਹੈ।
ਛਾਂਦੋਗ ਉਪਨਿਸ਼ਦ ਵਿਚ ਬ੍ਰਹਮ ਅਤੇ ਆਤਮਾ ਵਿਚ ਅਭੇਦਤਾ ਦੱਸਦੇ ਹੋਏ ਕਿਹਾ ਗਿਆ ਹੈ ਕਿ ਉਹ ਹੋਂਦ ਜੋ ਸਾਰੇ ਕਰਮ ਕਰਦਾ ਹੈ, ਜੋ ਸਾਰੀਆਂ ਚੀਜ਼ਾਂ ਦੀ ਇੱਛਾ ਕਰਦਾ ਹੈ, ਜੋ ਸਾਰੀਆਂ ਖੁਸ਼ਬੋਆਂ ਨੂੰ ਜਾਣਦਾ ਹੈ, ਜਿਸ ਨੂੰ ਸਾਰੇ ਸੁਆਦਾਂ ਦਾ ਪਤਾ ਹੈ, ਜੋ ਸਾਰੇ ਪਦਾਰਥਾਂ ਵਿਚ ਵਿਆਪਕ ਹੈ, ਜੋ ਭਾਸ਼ਾ ਦੀ ਪਹੁੰਚ ਤੋਂ ਉਤੇ ਹੈ ਅਤੇ ਜੋ ਇੰਦਰੀਆਂ ਲਈ ਕੋਈ ਸਤਿਕਾਰ ਨਹੀਂ ਰੱਖਦਾ, ਉਹ ਮੇਰੀ ਆਤਮਾ ਹੈ ਜੋ ਹਿਰਦੇ-ਕੰਵਲ ਦੇ ਮੱਧ ਵਿਚ ਸਥਿਤ ਹੈ। ਇਹੀ ਬ੍ਰਹਮ ਹੈ। ਇਸ ਸਰੀਰ ਤੋਂ ਵਿਛੜ ਕੇ ਮੈਂ ਇਸੇ ਨੂੰ ਪ੍ਰਾਪਤ ਹੋਵਾਂਗਾ। ਛਾਂਦੋਗ ਉਪਨਿਸ਼ਦ ਦਾ ਸਾਰਾ ਸੱਤਵਾਂ ਅਧਿਆਇ ਸਨਤ ਕੁਮਾਰ ਅਤੇ ਨਾਰਦ ਵਿਚ ਵਾਰਤਾਲਾਪ ਹੈ ਜਿਸ ਵਿਚ ਨਾਰਦ ਸਨਤ ਕੁਮਾਰ ਤੋਂ ਦੁੱਖਾਂ ਤੋਂ ਪਾਰ ਜਾਣ ਦਾ ਰਸਤਾ ਪੁੱਛਦਾ ਹੈ। ਜਿਸ ਤਰ੍ਹਾਂ ਸਾਮ ਵੇਦ ਵਿਚ ਕਿਹਾ ਗਿਆ ਹੈ ਕਿ ਉਹ ਪ੍ਰਕਾਸ਼ ਜੋ ਉਪਰ ਪਰਲੋਕ ਵਿਚ ਹੈ, ਉਸੇ ਨੂੰ ਦਿਨ ਭਰ ਲੋਕ ਦੇਖਦੇ ਹਨ ਭਾਵ ਸੂਰਜ ਵਿਚ ਵੀ ਉਹੀ ਪ੍ਰਕਾਸ਼ ਹੈ ਯਾਨਿ ਸਾਰੇ ਉਹ ਬ੍ਰਹਮ ਹੀ ਹੈ (ਸਾਮ ਵੇਦ 1æ1æ2, 10); ਇਸੇ ਤਰ੍ਹਾਂ ਛਾਂਦੋਗ ਉਪਨਿਸ਼ਦ ਵਿਚ ਵੀ ਕਿਹਾ ਗਿਆ ਹੈ ਕਿ ਉਹ ਪ੍ਰਕਾਸ਼ ਜੋ ਦੂਸਰੇ ਲੋਕ ਵਿਚ ਚਮਕਦਾ ਹੈ, ਜੋ ਸਭ ਤੋਂ ਉਤੇ ਹੈ। ਇਹ ਉਹੀ ਪ੍ਰਕਾਸ਼ ਹੈ ਜੋ ਮਨੁੱਖ ਦੇ ਅੰਦਰ ਹੈ। ਇਸ ਦਾ ਵੀ ਇਹੀ ਭਾਵ ਹੈ ਕਿ ਬ੍ਰਹਮ ਅਤੇ ਆਤਮਾ ਇੱਕ ਰੂਪ ਹੈ।
ਵਿਆਸ ਰਿਸ਼ੀ ਜਾਂ ਬਾਦਰਾਇਣ-ਕ੍ਰਿਤ ਵੇਦਾਂਤ ਸੂਤਰ ਨੂੰ ਬ੍ਰਹਮ ਸੂਤਰ ਵੀ ਕਿਹਾ ਜਾਂਦਾ ਹੈ। ਵੇਦਾਂਤ ਸ਼ਬਦ ਦਾ ਯੋਗਿਕ ਅਰਥ ਹੈ, ਵੇਦ ਦਾ ਅੰਤ ਅਰਥਾਤ ਉਹ ਸਿਧਾਂਤ ਜੋ ਵੇਦਾਂ ਦੇ ਅੰਤ ਵਿਚ ਪਾਏ ਜਾਂਦੇ ਹਨ ਅਤੇ ਇਹੀ ਉਪਨਿਸ਼ਦ ਹਨ। ਬਾਦਰਾਇਣ ਰਚਿਤ ਉਤਰ ਮੀਮਾਂਸਾ ਦਰਸ਼ਨ ਜਾਂ ਵੇਦਾਂਤ ਉਪਨਿਸ਼ਦਾਂ ਦੇ ਦਾਰਸ਼ਨਿਕ ਅਤੇ ਬ੍ਰਹਮ-ਗਿਆਨ ਸਬੰਧੀ ਵਿਚਾਰਾਂ ਦਾ ਵਰਣਨ ਕਰਦਾ ਹੈ। ਬਾਦਰਾਇਣ ਨੇ ਇਸ ਸਾਰੇ ਦਰਸ਼ਨ ਨੂੰ ਸੂਤਰਬਧ ਕੀਤਾ ਹੈ। ਵੇਦਾਂਤ ਸੂਤਰ ਦਾ ਪਹਿਲਾ ਹੀ ਸੂਤਰ ਹੈ, “ਅਥਾਤੋ ਬ੍ਰਹਮ ਜਗਿਆਸਾ।” ਭਾਵ ਹੁਣ ਬ੍ਰਹਮ ਨੂੰ ਜਾਣਨ ਦੀ ਇੱਛਾ ਹੁੰਦੀ ਹੈ।
ਵੇਦਾਂਤ ਸੂਤਰ ਦੇ ਚਾਰ ਅਧਿਆਇ ਹਨ। ਪਹਿਲੇ ਅਧਿਆਇ ਵਿਚ ਬ੍ਰਹਮ ਦੇ ਸਰੂਪ ਅਤੇ ਇਸ ਦ੍ਰਿਸ਼ਟਮਾਨ ਸੰਸਾਰ ਤੇ ਜੀਵ-ਆਤਮਾ ਨਾਲ ਉਸ ਦੇ ਸਬੰਧ ਦਾ ਵਰਣਨ ਮਿਲਦਾ ਹੈ। ਦੂਸਰੇ ਅਧਿਆਇ ਵਿਚ ਬ੍ਰਹਮ ਦਾ ਸਰੂਪ, ਇਸ ਦ੍ਰਿਸ਼ਟਮਾਨ ਸੰਸਾਰ ਅਤੇ ਜੀਵ-ਆਤਮਾ ਨਾਲ ਉਸ ਦੇ ਸਬੰਧ ਬਾਰੇ ਜੋ ਵਿਚਾਰ ਦਿੱਤੇ ਹਨ, ਉਨ੍ਹਾਂ ਉਤੇ ਜੋ ਇਤਰਾਜ਼ ਉਠਾਏ ਗਏ ਹਨ, ਉਨ੍ਹਾਂ ਦਾ ਹੱਲ ਕੀਤਾ ਹੈ ਅਤੇ ਵਿਰੋਧੀ ਸਿਧਾਂਤਾਂ ਦੀ ਸਮਾਲੋਚਨਾ ਕੀਤੀ ਗਈ ਹੈ। ਆਖਰੀ ਭਾਗ ਵਿਚ ਆਤਮਾ ਦਾ ਸਰੂਪ, ਉਸ ਦੇ ਗੁਣ, ਬ੍ਰਹਮ, ਸਰੀਰ ਅਤੇ ਆਪਣੇ ਕਰਮਾਂ ਨਾਲ ਸਬੰਧਤ ਵਿਸ਼ੇ ਵਿਚ ਮਨੋਵਿਗਿਆਨਕ ਵਿਵੇਚਨ ਵੀ ਦਿੱਤਾ ਗਿਆ ਹੈ। ਤੀਸਰੇ ਅਧਿਆਇ ਵਿਚ ਬ੍ਰਹਮ ਗਿਆਨ ਦੀ ਪ੍ਰਾਪਤੀ ਦੇ ਸਾਧਨਾਂ ਅਤੇ ਉਪਰਾਲਿਆਂ ਉਤੇ ਵਿਚਾਰ ਮਿਲਦਾ ਹੈ। ਇਸ ਵਿਚ ਪੁਨਰ-ਜਨਮ ਅਤੇ ਸਧਾਰਨ ਮਨੋਵਿਗਿਆਨਕ ਅਤੇ ਬ੍ਰਹਮ ਗਿਆਨ ਸਬੰਧੀ ਵਿਸ਼ਿਆਂ ‘ਤੇ ਜਾਣਕਾਰੀ ਵੀ ਮਿਲਦੀ ਹੈ। ਚੌਥੇ ਅਧਿਆਇ ਵਿਚ ਬ੍ਰਹਮ-ਵਿੱਦਿਆ ਦੇ ਪੁਰਸਕਾਰਾਂ ਬਾਰੇ ਦੱਸਿਆ ਹੋਇਆ ਹੈ। ਇਸ ਵਿਚ ਮੌਤ ਪਿੱਛੋਂ ਆਤਮਾ ਦੀ ਸੁਤੰਤਰਤਾ ਅਤੇ ਦੋਹਾਂ ਮਾਰਗਾਂ ਦੇ ਵਯਾਨ ਅਤੇ ਪਿਤਰਯਾਨ ਦੁਆਰਾ ਸੰਸਾਰ ਅਤੇ ਮੁਕਤੀ ਦੇ ਸਰੂਪ ਦਾ ਵਰਣਨ ਹੈ। ਵੇਦਾਂਤ ਦਰਸ਼ਨ ਦੇ ਸਿਧਾਂਤਾਂ ਦੇ ਵਿਸਥਾਰ ਵਿਚ ਨਾ ਜਾਂਦਿਆਂ ਇਸ ਸੰਖੇਪ ਜਾਣਕਾਰੀ ਤੋਂ ਬਾਅਦ ਅਸੀਂ ਦੇਖਾਂਗੇ ਕਿ ਭਾਈ ਗੁਰਦਾਸ ਨੇ ਇਸ ਸਬੰਧੀ ਕੀ ਕਿਹਾ ਹੈ? ਸਾਡਾ ਮੁੱਖ ਮਕਸਦ ਭਾਈ ਗੁਰਦਾਸ ਦੇ ਵਿਚਾਰਾਂ ਦਾ ਅਧਿਐਨ ਕਰਨਾ ਹੈ।
ਭਾਈ ਗੁਰਦਾਸ ਪਹਿਲੀ ਵਾਰ ਦੀ ਗਿਆਰਵੀਂ ਪਉੜੀ ਵਿਚ ਬਿਆਨ ਕਰਦੇ ਹਨ:
ਸਿਆਮ ਵੇਦ ਕਉ ਸੋਧਿ ਕਰਿ ਮਥਿ ਵੇਦਾਂਤੁ ਬਿਆਸਿ ਸੁਣਾਇਆ।
ਕਥਨੀ ਬਦਨੀ ਬਾਹਰਾ ਆਪੇ ਆਪਣਾ ਬ੍ਰਹਮੁ ਜਣਾਇਆ।
ਨਦਰੀ ਕਿਸੈ ਨ ਲਿਆਵਈ ਹਉਮੈ ਅੰਦਰਿ ਭਰਮਿ ਭੁਲਾਇਆ।
ਆਪੁ ਪੁਜਾਇ ਜਗਤ ਵਿਚਿ ਭਾਉ ਭਗਤਿ ਦਾ ਮਰਮੁ ਨ ਪਾਇਆ।
ਤ੍ਰਿਪਤਿ ਨ ਆਵੀ ਵੇਦਿ ਮਥਿ ਅਗਨੀ ਅੰਦਰਿ ਤਪਤਿ ਤਪਾਇਆ।
ਮਾਇਆ ਡੰਡ ਨ ਉਤਰੇ ਜਮ ਡੰਡੈ ਬਹੁ ਦੁਖਿ ਰੂਆਇਆ।
ਨਾਰਦਿ ਮੁਨਿ ਉਪਦੇਸਿਆ ਮਥਿ ਭਾਗਵਤ ਗੁਨਿ ਗੀਤ ਕਰਾਇਆ।
ਬਿਨੁ ਸਰਨੀ ਨਹਿਂ ਕੋਇ ਤਰਾਇਆ॥11॥
ਭਾਈ ਗੁਰਦਾਸ ਦਾ ਕਥਨ ਹੈ ਕਿ ਸਾਮਵੇਦ ਦਾ ਵਿਚਾਰ ਕਰਕੇ ਵਿਆਸ ਰਿਸ਼ੀ ਜਾਂ ਬਾਦਰਾਇਣ ਨੇ ਵੇਦਾਂਤ ਸੂਤਰ ਤਿਆਰ ਕੀਤਾ ਜਿਸ ਨੂੰ ਬ੍ਰਹਮ ਸੂਤਰ ਵੀ ਆਖਦੇ ਹਨ। ਭਾਈ ਗੁਰਦਾਸ ਅਨੁਸਾਰ ਬਾਦਰਾਇਣ ਦੇ ਬ੍ਰਹਮ ਸੂਤਰ ਦਾ ਸਿਧਾਂਤ ਹੈ ਕਿ ਪਰਮ-ਸਤਿ ਜਾਂ ਅੰਤਮ ਸਤਿ ਸਰਬੋਪਰੀ ਬ੍ਰਹਮ ਹੈ। ਇਹ ਦ੍ਰਿਸ਼ਟਮਾਨ ਜਗਤ, ਜੀਵ-ਆਤਮਾ ਆਦਿ ਸਭ ਕੁਝ ਬ੍ਰਹਮ ਹੀ ਹੈ ਅਰਥਾਤ ਬ੍ਰਹਮ ਨੇ ਇਸ ਸੰਸਾਰ ਦੀ ਰਚਨਾ ਕਰਕੇ ਆਪਣੇ ਆਪ ਨੂੰ ਇਸ ਵਿਚ ਪਾ ਦਿੱਤਾ। ਬ੍ਰਹਮ ਇਸ ਸਾਰੀ ਰਚਨਾ ਦਾ ਕਾਰਨ ਹੈ ਪਰ ਉਹ ਵਿਚਾਰ ਅਤੇ ਕਥਨ ਤੋਂ ਬਾਹਰ ਹੈ। ਗਿਆਨ-ਇੰਦਰੀਆਂ ਰਾਹੀਂ ਉਸ ਦਾ ਗਿਆਨ ਪ੍ਰਾਪਤ ਕਰਨਾ ਸੰਭਵ ਨਹੀਂ ਹੈ। ਬ੍ਰਹਮ ਕਿਸੇ ਨੂੰ ਦ੍ਰਿਸ਼ਟੀਗੋਚਰ ਨਹੀਂ, ਉਹ ਸਰਬ-ਅਧਿਕਾਰੀ ਹੈ ਅਤੇ ਜਿਹੜੇ ਲੋਕ ਇਹ ਸਮਝ ਲੈਂਦੇ ਹਨ ਕਿ ਅਸੀਂ ਉਸ ਨੂੰ ਪਾ ਲਿਆ ਹੈ, ਉਹ ਹਉਮੈ ਦੇ ਭਰਮ ਅੰਦਰ ਫਸੇ ਹੋਏ ਹਨ।
ਭਾਈ ਗੁਰਦਾਸ ਦੇ ਵਿਚਾਰਾਂ ਦਾ ਕੇਂਦਰੀ ਭਾਵ “ਆਪੁ ਪੁਜਾਇ ਜਗਤ ਵਿਚੁ ਭਾਉ ਭਗਤਿ ਦਾ ਮਰਮੁ ਨ ਪਾਇਆ” ਵਿਚ ਲੁਕਿਆ ਹੋਇਆ ਹੈ। ਪੂਰਬ ਭਗਤੀ ਕਾਲ ਦਾ ਸਰਸਰੀ ਅਧਿਐਨ ਇਸ ਸਿੱਟੇ ‘ਤੇ ਪਹੁੰਚਾ ਦਿੰਦਾ ਹੈ ਕਿ ਪ੍ਰਭੂ-ਸੰਦੇਸ਼ ਦਾ ਪ੍ਰਸਾਰ ਕਰਨ ਵਾਸਤੇ ਸੰਸਾਰ ‘ਤੇ ਆਈਆਂ ਸ਼ਖਸੀਅਤਾਂ ਪ੍ਰੇਮਾ-ਭਗਤੀ ਦਾ ਭੇਦ ਲੋਕਾਂ ਦੇ ਮਨਾਂ ਵਿਚ ਨਾ ਵਸਾ ਸਕੀਆਂ। ਭਾਵ ਰੱਬ ਦੀ ਭਗਤੀ ਦੀ ਥਾਂ ਉਨ੍ਹਾਂ ਸ਼ਖਸੀਅਤਾਂ ਨੇ ਲੋਕਾਂ ਨੂੰ ਆਪਣੀ ਪੂਜਾ ਵਿਚ ਲਾ ਲਿਆ। ਇਸ ਦਾ ਕਾਰਨ ਕੁਝ ਵੀ ਹੋਵੇ ਪਰ ਇਸ ਦੀ ਯਥਾਰਥਕ ਸਥਿਤੀ ਤੋਂ ਮੁਕਰਿਆ ਨਹੀਂ ਜਾਂ ਸਕਦਾ। ਲੋਕਾਂ ਦਾ ਮਾਨਸਿਕ ਵਿਕਾਸ ਇਸ ਪੱਧਰ ਤੱਕ ਨਹੀਂ ਸੀ ਹੋਇਆ ਕਿ ਉਹ ਬ੍ਰਹਮ-ਪ੍ਰਸਾਰ ਨੂੰ ਸਮਝ ਸਕਣ; ਇਸ ਲਈ ਵਿਚਾਰ ਦੀ ਪੱਧਰ ‘ਤੇ ਜਿਉਂ ਸਕਣ ਦੇ ਸਮਰਥ ਨਹੀਂ ਸੀ ਹੋ ਸਕੇ। ਜਿਸ ਦਾ ਨਤੀਜਾ ਇਹ ਹੋਇਆ ਕਿ ਵਿਚਾਰ ਦੀ ਥਾਂ ‘ਤੇ ਵਿਚਾਰ ਦੇਣ ਵਾਲੇ ਦੀ ਸ਼ਖਸੀਅਤ ਦੀ ਪੂਜਾ ਵਿਚ ਉਨ੍ਹਾਂ ਆਪਣੇ ਆਪ ਨੂੰ ਸਰਚਾ ਲਿਆ। (ਅਜੋਕੇ ਸਮੇਂ ਵਿਚ ਵੀ ਡੇਰੇਦਾਰ ਸਾਧਾਂ ਰਾਹੀਂ ਕੀਤੇ ਪ੍ਰਚਾਰ ਵਿਚ ਬਿਲਕੁਲ ਏਵੇਂ ਹੀ ਵਾਪਰ ਰਿਹਾ ਹੈ। ਲੋਕ ਇੱਕ ਅਕਾਲ ਪੁਰਖ ਦੇ ਭਗਤ ਹੋਣ ਦੀ ਥਾਂ ਇਨ੍ਹਾਂ ਸਾਧਾਂ-ਸੰਤਾਂ ਦੇ ਭਗਤ ਜਾਂ ਚੇਲੇ ਹਨ। ਸਾਧਾਂ ਨੇ ਤਾਂ ਆਪਣਾ ਮੰਤਰ ਚਲਾ ਕੇ ਧਨ ਇਕੱਠਾ ਕਰਨਾ ਹੈ ਪਰ ਇਸ ਵਿਚ ਲੋਕਾਂ ਦੀ ਅਗਿਆਨਤਾ ਵੀ ਜਿੰਮੇਵਾਰ ਹੈ)। ਪ੍ਰੇਮਾ-ਭਗਤੀ ਆਤਮਕ ਸਮਰਪਣ ਹੈ। ਸਿਰਫ਼ ਸ਼ਾਬਦਿਕ ਗਿਆਨ ਰਾਹੀਂ ਮੁਕਤੀ ਜਾਂ ਰੱਬ ਦੀ ਪ੍ਰਾਪਤੀ ਸੰਭਵ ਨਹੀਂ ਹੈ।
ਵੇਦਾਂਤ ਅਨੁਸਾਰ ਪਠਨ ਪਾਠਨ ਜਾਂ ਗਿਆਨ ਦਾ ਦਿੱਤਾ ਸਿਧਾਂਤ ਹੀ ਪਰਮਾਤਮਾ ਨੂੰ ਪਾਉਣ ਵਿਚ ਸਹਾਈ ਨਹੀਂ ਹੁੰਦਾ, ਜੀਵਨ-ਮੁਕਤ ਹੋਣ ਲਈ ਪ੍ਰੇਮਾ ਭਗਤੀ ਦੀ ਲੋੜ ਹੈ। ਭਗਤੀ ਤੋਂ ਬਿਨਾ ਗਿਆਨੀ ਪੁਰਸ਼ ਆਪਣੀ ਹਉਮੈ ਦੀ ਅੱਗ ਵਿਚ ਸੜਦਾ ਰਹਿੰਦਾ ਹੈ। ਅਜਿਹੇ ਮਨੁੱਖ ਦੇ ਸਿਰੋਂ ਮਾਇਆ ਦਾ ਦੰਡ ਨਹੀਂ ਉਤਰਦਾ ਭਾਵ ਇਕੱਲੇ ਗਿਆਨ ਰਾਹੀਂ ਮਨੁੱਖ ਆਪਣੇ ਆਪ ਨੂੰ ਮਾਇਆਵੀ ਅਸਰਾਂ ਤੋਂ ਨਿਰਲੇਪ ਨਹੀਂ ਕਰ ਸਕਦਾ। ਬਾਦਰਾਇਣ ਰਿਸ਼ੀ ਨੂੰ ਵੀ ਬ੍ਰਹਮ-ਸੂਤਰ ਦੀ ਰਚਨਾ, ਜਿਸ ਵਿਚ ਆਤਮਾ ਅਤੇ ਬ੍ਰਹਮ ਬਾਰੇ ਗਿਆਨ ਹੈ, ਕਰਕੇ ਵੀ ਆਤਮਕ ਸ਼ਾਂਤੀ ਪ੍ਰਾਪਤ ਨਹੀਂ ਹੋਈ। ਇਸ ‘ਤੇ ਨਾਰਦ ਮੁਨੀ ਨੇ ਉਸ ਨੂੰ ਉਪਦੇਸ਼ ਦਿੱਤਾ ਤਾਂ ਉਸ ਨੇ ਭਾਗਵਤ ਦੀ ਰਚਨਾ ਕੀਤੀ ਜਿਸ ਵਿਚ ਭਗਤੀ-ਭਾਵਨਾ ‘ਤੇ ਜ਼ੋਰ ਦਿੱਤਾ ਗਿਆ ਹੈ। ਭਾਈ ਗੁਰਦਾਸ ਨੇ ਗੁਰਮਤਿ ਮਾਰਗ ਦੀ ਉਤਮਤਾ ਦੱਸਦਿਆਂ ਕਿਹਾ ਹੈ ਕਿ ਗੁਰੂ ਦੀ ਸ਼ਰਨ ਆਏ ਬਿਨਾ ਮੁਕਤੀ ਪ੍ਰਾਪਤ ਨਹੀਂ ਹੁੰਦੀ ਅਰਥਾਤ ਜੋ ਮਨੁੱਖ ਆਪਾ-ਭਾਵ ਨੂੰ ਤਿਆਗ ਕੇ ਆਪਣੇ ਆਪ ਨੂੰ ਉਸ ਅਕਾਲ ਪੁਰਖ ਦੇ ਸਪੁਰਦ ਕਰ ਦਿੰਦਾ ਹੈ, ਉਹੀ ਜੀਵਨ-ਮੁਕਤੀ ਪ੍ਰਾਪਤ ਕਰ ਸਕਦਾ ਹੈ। ਗੁਰਮਤਿ ਅਨੁਸਾਰ ਅਕਾਲ ਪੁਰਖ ਨੂੰ ਹੀ ਗੁਰੂ ਦਾ ਦਰਜਾ ਦਿੱਤਾ ਹੈ ਅਤੇ ਇਹ ਗੁਰੂ ਗੁਰਬਾਣੀ ਹੈ ਜੋ ਧੁਰੋਂ ਆਈ ਹੈ।
ਇਸ ਪ੍ਰਸੰਗ ਵਿਚ ਭਾਈ ਗੁਰਦਾਸ ਦੇ ਕੱਢੇ ਹੋਏ ਸਿੱਟੇ ਗੁਰੂ ਦੇ ਮਹੱਤਵ ‘ਤੇ ਜ਼ੋਰ ਦਿੰਦੇ ਹਨ। ਗੁਰੂ ਦੇ ਓਟ ਆਸਰੇ ਤੋਂ ਬਿਨਾਂ ਮਨੁੱਖ ਮੁਕਤੀ ਪ੍ਰਾਪਤ ਨਹੀਂ ਕਰ ਸਕਦਾ। ਓਟ-ਆਸਰਾ ਇੱਕ ਅਜਿਹੀ ਭਾਵਨਾ ਹੈ ਜਿਸ ਨਾਲ ਮਨੁੱਖ ਦੇ ਅੰਦਰੋਂ ਹਉਮੈ ਖਤਮ ਹੋ ਜਾਂਦੀ ਹੈ ਕਿਉਂਕਿ ਗੁਰਬਾਣੀ ਅਨੁਸਾਰ ਸਚਿਆਰ ਪਦ ਦੀ ਪ੍ਰਾਪਤੀ ਦੇ ਰਸਤੇ ਵਿਚ ਸਭ ਤੋਂ ਵੱਡਾ ਰੋੜਾ ਹਉਮੈ ਹੀ ਹੈ। ਇਸ ਤੋਂ ਇਲਾਵਾ ਗੁਰੂ ਉਹ ਗਿਆਨ ਬਖਸ਼ਦਾ ਹੈ ਜਿਸ ਨਾਲ ਪਰਮਾਤਮ-ਪ੍ਰਾਪਤੀ ਦੇ ਰਸਤੇ ਦੀ ਸੋਝੀ ਹੋ ਜਾਂਦੀ ਹੈ। ਕਿਸੇ ਕਿਸਮ ਦੇ ਭੁਲੇਖੇ ਤੋਂ ਦੂਰ ਰੱਖਣ ਵਾਸਤੇ ਭਾਈ ਗੁਰਦਾਸ ਨੇ ਬਾਣੀ ਨੂੰ ਹੀ ਗੁਰੂ ਮੰਨਿਆ ਹੈ ਅਤੇ ਸ਼ਬਦ-ਗੁਰੂ ਦਾ ਇਹ ਸੰਕਲਪ ਸਮੁੱਚੀ ਭਗਤੀ ਪਰੰਪਰਾ ਦੇ ਪ੍ਰਸੰਗ ਵਿਚ ਸਦੀਵੀ ਅਤੇ ਉਤਮ ਸੰਕਲਪ ਹੈ। ਭਾਵੇਂ ਛਾਂਦੋਗ ਉਪਨਿਸ਼ਦ ਵਿਚ ਜੋ ਕਿ ਸਾਮ ਵੇਦ ਦਾ ਉਪਨਿਸ਼ਦ ਹੈ, ਅਚਾਰੀਆ-ਗੁਰੂ ਦਾ ਸੰਕਲਪ ਮਿਲਦਾ ਹੈ ਕਿ ਉਹ ਗਿਆਨ ਸਹੀ ਹੁੰਦਾ ਹੈ ਜੋ ਅਚਾਰੀਆ ਗੁਰੂ ਰਾਹੀਂ ਪ੍ਰਾਪਤ ਹੁੰਦਾ ਹੈ (ਛਹਅਨਦੋਗੇਅ ੂਪ। ੀੜ 4æ9æ10) ਪ੍ਰੰਤੂ ਛਾਂਦੋਗ ਉਪਨਿਸ਼ਦ ਦਾ ਗੁਰੂ ਦਾ ਸੰਕਲਪ ਭਾਈ ਗੁਰਦਾਸ ਦੇ ਗੁਰੂ ਦੇ ਸੰਕਲਪ ਨਾਲੋਂ ਵੱਖਰਾ ਹੈ। ਉਪਨਿਸ਼ਦਾਂ ਅਤੇ ਸ਼ਾਸਤਰਾਂ ਵਿਚ ਗੁਰੂ ਦੇਹਧਾਰੀ, ਪੁਜਿਆ ਹੋਇਆ ਰਿਸ਼ੀ ਹੁੰਦਾ ਹੈ ਜੋ ਕਿ ਵੇਦਾਂ-ਉਪਨਿਸ਼ਦਾਂ, ਸ਼ਾਸਤਰਾਂ ਅਤੇ ਬ੍ਰਹਮ-ਗਿਆਨ ਦਾ ਗਿਆਤਾ ਹੈ (ਅੱਜ ਕੱਲ ਦੇ ਸੰਤਾਂ ਦੇ ਇਸ਼ਤਿਹਾਰਾਂ ਵਿਚ ਵੀ ਬ੍ਰਹਮ ਗਿਆਨੀ ਮਹਾਂ ਪੁਰਸ਼ ਫਲਾਣਾ, ਫਲਾਣਾ ਦਿੱਤਾ ਹੁੰਦਾ ਹੈ) ਪਰ ਭਾਈ ਗੁਰਦਾਸ ਅਨੁਸਾਰ ਗੁਰਮਤਿ ਵਿਚ ਗੁਰੂ ਦਾ ਦਰਜਾ ਬਾਣੀ ਨੂੰ, ਸ਼ਬਦ ਨੂੰ ਪ੍ਰਾਪਤ ਹੈ। ਗੁਰਬਾਣੀ ਵਿਚ ਪਹਿਲੀ ਵਾਰ ਇਹ ਦਰਜਾ ਅਕਾਲ ਪੁਰਖ ਨੂੰ ਦਿੱਤਾ ਗਿਆ ਹੈ ਅਤੇ ਉਸ ਨੂੰ ਵਾਹਿਗੁਰੁ ਕਿਹਾ ਹੈ। ਗੁਰਮਤਿ ਅਨੁਸਾਰ ਕੋਈ ਦੇਹਧਾਰੀ ਮਨੁੱਖ ਪੂਰਨ ਗੁਰੂ ਨਹੀਂ ਹੋ ਸਕਦਾ ਕਿਉਂਕਿ ਮਨੁੱਖੀ ਸਰੀਰ ਬਿਨਸਣਹਾਰ ਹੈ। ਵਾਹਿਗੁਰੁ ਆਪ ਹੀ ਗੁਰੂ ਹੈ।
ਭਾਈ ਗੁਰਦਾਸ ਇਸ ਕਥਨ ਨੂੰ ਦ੍ਰਿੜ ਕਰਵਾਉਂਦੇ ਹਨ ਕਿ ਗੁਰਬਾਣੀ ਸਾਰੇ ਅਧਿਆਤਮਕ ਸ਼ਾਸਤਰਾਂ ਦਾ ਸਿਖਰ ਹੈ ਕਿਉਂਕਿ ਇਹ ਮਨੁੱਖ ਨੂੰ ਅਧਿਆਤਮਕ ਪ੍ਰਾਪਤੀ ਦਾ ਸਹਿਜ ਵਾਲਾ ਮਾਰਗ ਦੱਸਦੀ ਹੈ। ਗੁਰਮਤਿ ਨੇ ਮਨੁੱਖ ਨੂੰ ਵਿਚਾਰ ਦੇ ਪੱਧਰ ‘ਤੇ ਜੀਵਨ ਬਤੀਤ ਕਰਨ ਵਾਸਤੇ ਪ੍ਰੇਮਾ-ਭਗਤੀ ਦਾ ਭੇਦ ਉਸ ਦੇ ਸਾਹਮਣੇ ਖੋਲ੍ਹ ਕੇ ਰੱਖ ਦਿੱਤਾ। ਬਾਣੀ ਦਾ ਜਗਿਆਸੂ ਜਦੋਂ ਆਪਣੀ ਹਉਮੈ ਤੋਂ ਉਪਰ ਉਠ ਕੇ ਸ਼ਬਦ ਸਾਗਰ ਵਿਚ ਗੋਤਾ ਲਾਵੇਗਾ ਤਾਂ ਉਸ ਦਾ ਨਿਮਰਤਾ, ਸ਼ਰਧਾ, ਸਮਰਪਣ ਵਾਲਾ ਸੁਭਾਅ ਉਸ ਨੂੰ ਮੁਕਤੀ ਪੱਥ ‘ਤੇ ਤੁਰਨ ਦਾ ਬਲ ਬਖਸ਼ੇਗਾ।
ਅਸਲ ਵਿਚ ਬਾਦਰਾਇਣ ਦੇ ਵੇਦਾਂਤ ਸਬੰਧੀ ਲਿਖਦਿਆਂ ਭਾਈ ਸਾਹਿਬ ਨੇ ਬਾਦਰਾਇਣ ਦੇ ਸਾਰੇ ਦਰਸ਼ਨ-ਸ਼ਾਸਤਰ ਨੂੰ ਸਾਹਮਣੇ ਰੱਖਿਆ ਹੈ ਜਿਸ ਵਿਚ ਭਾਗਵਤ ਪੁਰਾਣ ਵੀ ਸ਼ਾਮਲ ਹੈ। ਭਾਗਵਤ ਪੁਰਾਣ ਵਿਚ ਵੇਦਾਂਤ ਦੇ ਨਾਲ ਨਾਲ ਬਾਦਰਾਇਣ ਨੇ ਭਾਉ-ਭਗਤੀ ‘ਤੇ ਜ਼ੋਰ ਦਿੱਤਾ ਹੈ। ਜੇ ਬਾਦਰਾਇਣ ਨੂੰ ਅਸੀਂ ਮਹਾਂਭਾਰਤ ਅਤੇ ਭਾਗਵਤ ਪੁਰਾਣ ਦਾ ਰਚੈਤਾ ਮੰਨਦੇ ਹਾਂ ਤਾਂ ਸਾਨੂੰ ਇਹ ਵੀ ਮੰਨਣਾ ਪਵੇਗਾ ਕਿ ਬਾਦਰਾਇਣ ਵੇਦਾਂਤ ਸੂਤਰ ਦੀ ਰਚਨਾ ਕਰਨ ਲਈ ਸਾਮ ਵੇਦ ਤੋਂ ਅਤਿਅਧਿਕ ਪ੍ਰਭਾਵਿਤ ਹੋਇਆ; ਕਿਉਂਕਿ ਮਹਾਂਭਾਰਤ, ਗੀਤਾ ਅਤੇ ਭਾਗਵਤ ਪੁਰਾਣ ਵਿਚ ਸਾਮ ਵੇਦ ਦੀ ਬਹੁਤ ਪ੍ਰਸ਼ੰਸਾ ਕੀਤੀ ਮਿਲਦੀ ਹੈ, ਇਹ ਭਗਤੀ ਭਾਵ ਬਾਰੇ ਦਸਦਾ ਹੈ। ਭਾਈ ਗੁਰਦਾਸ ਦਾ ਕਥਨ ਬਿਲਕੁਲ ਠੀਕ ਹੈ, ਬ੍ਰਹਮ ਸੂਤਰ ਦੇ ਬਹੁਤ ਸਾਰੇ ਸੂਤਰ ਛਾਂਦੋਗ ਉਪਨਿਸ਼ਦ ਦੇ ਸੂਤਰਾਂ ਨਾਲ ਸਬੰਧਤ ਹਨ ਜੋ ਕਿ ਸਮਾ ਵੇਦ ਦਾ ਉਪਨਿਸ਼ਦ ਹੈ। ਭਾਈ ਗੁਰਦਾਸ ਬਹੁਤ ਵੱਡੇ ਵਿਦਵਾਨ ਅਤੇ ਸ਼ਾਸਤਰ ਗਿਆਤਾ ਸਨ। ਉਨ੍ਹਾਂ ਨੇ ਜੋ ਕੁਝ ਵੀ ਕਿਹਾ ਹੈ, ਪੂਰੀ ਜਾਣਕਾਰੀ ਨਾਲ ਕਿਹਾ ਹੈ।