ਵਿਦਿਅਕ ਯਾਤਰਾ

ਅਵਤਾਰ ਸਿੰਘ (ਪ੍ਰੋ)
ਫੋਨ:91-94175-18384
ਕਾਲਜ ਦੇ ਵਿਦਿਆਰਥੀਆਂ ਨੇ ਅਚਾਨਕ ਅਨੰਦਪੁਰ ਸਾਹਿਬ ਦੀ ਵਿਦਿਅਕ ਯਾਤਰਾ ਦਾ ਮਨ ਬਣਾਇਆ ਤੇ ਮੈਨੂੰ ਅਧਿਆਪਕ ਵਜੋਂ ਨਾਲ ਜਾਣ ਲਈ ਆਖਿਆ। ਮੈਂ ਖੁਦ ਨੂੰ ਰੋਕ ਨਾ ਸਕਿਆ। ਤੈਅ ਹੋਏ ਦਿਨ, ਅਸੀਂ ਦੋ ਅਧਿਆਪਕ ਅਤੇ ਦਰਜਨ ਕੁ ਵਿਦਿਆਰਥੀ ਟੈਂਪੂ ਟ੍ਰੈਵਲਰ ਵਿਚ ਸਵਾਰ ਹੋ ਕੇ ਅਨੰਦਪੁਰ ਸਾਹਿਬ ਲਈ ਰਵਾਨਾ ਹੋ ਗਏ। ਗੱਡੀ ਦੇ ਸਟਾਰਟ ਹੁੰਦਿਆਂ ਹੀ ਵਿਦਿਆਰਥੀਆਂ ਨੇ ਉਚੀ ਦੇਣੀ “ਬੋਲੇ ਸੋ ਨਿਹਾਲ” ਦਾ ਜੈਕਾਰਾ ਗਜਾਇਆ। ਅਨੰਦਪੁਰ ਸਾਹਿਬ ਨੂੰ ਜਾਣ ਸਮੇਂ ਜੈਕਾਰਾ ਹੀ ਗਜਾਇਆ ਜਾ ਸਕਦਾ ਹੈ।

ਸੋਚ ਹੀ ਰਿਹਾ ਸੀ ਕਿ ਅਚਾਨਕ ਕੰਨਾਂ ਵਿਚ ਠੁੱਲਲ ਠੁੱਲਲ ਦਾ ਸ਼ੋਰ ਪੈਣਾ ਸ਼ੁਰੂ ਹੋ ਗਿਆ। ਚੌਂਕ ਕੇ ਦੇਖਿਆ ਤਾਂ ਡਰਾਈਵਰ ਦੇ ਬਰਾਬਰ ਦੀ ਸੀਟ ‘ਤੇ ਬੈਠੇ ਵਿਦਿਆਰਥੀ ਨੇ ਟ੍ਰੈਵਲਰ ‘ਚ ਫਿੱਟ ਕੀਤੇ ਡੈਕ ਵਿਚ ਪੈਨ ਡਰਾਈਵ ਤੁੰਨ੍ਹ ਦਿਤੀ ਸੀ। ਗਾਣਾ ਸੀ Ḕਮਿੱਤਰਾਂ ਨੂੰ ਸ਼ੌਕ ਹਥਿਆਰਾਂ ਦਾ।Ḕ ਮੈਂ ਚੁੱਪ ਰਿਹਾ। ਅਗਲਾ ਗਾਣਾ ਸ਼ੁਰੂ ਹੋਇਆ ਤਾਂ ਬੋਲ ਕੰਨੀ ਪਏ: Ḕਜਿਥੇ ਹੁੰਦੀ ਆ ਪਾਬੰਦੀ ਹਥਿਆਰ ਦੀ, ਨੀਂ ਉਥੇ ਜੱਟ ਫੈਰ ਕਰਦਾ।Ḕ ਮੈਥੋਂ ਰਿਹਾ ਨਾ ਗਿਆ। ਸਖਤੀ ਨਾਲ ਡਰਾਈਵਰ ਨੂੰ ਡੈਕ ਬੰਦ ਕਰਨ ਲਈ ਆਖ ਦਿਤਾ। ਗੱਡੀ ਵਿਚ ਇਕ ਦਮ ਚੁੱਪ ਪਸਰ ਗਈ।
ਕੁਝ ਦੂਰ ਗਏ ਤਾਂ ਇਕ ਢਾਬੇ ‘ਤੇ ਚਾਹ-ਪੀਣ ਲਈ ਰੁਕੇ। ਵਾਪਸ ਗੱਡੀ ਵਿਚ ਪੈਰ ਰੱਖਿਆ ਤਾਂ ਡਰਾਈਵਰ ਨੇ ਫਿਰ ਡੈਕ ਲਾ ਦਿਤਾ। ਇਸ ਵਾਰ ਗਾਣਾ ḔਠਾਹæææਠਾਹḔ ਦੀ ਆਵਾਜ਼ ਨਾਲ ਸ਼ੁਰੂ ਹੋਇਆ। ਬੋਲ ਸਨ: Ḕਮੁੱਕ ਗਈ ਪੇਟੀ ਰੌਂਦਾ ਵਾਲੀ, ਗੱਡੀ ਵਿਚ ਪਈ ਏ ਕੇ ਸੰਤਾਲੀ, ਜੇ ਲੋੜ ਪਈ ਤਾਂ ਵਰਤਾਂਗੇ।Ḕ ਮੈਂ ਫਿਰ ਉਠਿਆ ਤੇ ਇਸ ਵਾਰ ਡੈਕ ਵਿਚੋਂ ਝਟਕੇ ਨਾਲ ਪੈਨ ਡਰਾਈਵ ਹੀ ਕੱਢ ਲਈ।
ਗੱਡੀ ਤੁਰੀ ਤਾਂ ਵਿਦਿਆਰਥੀ ਬਹੁਤ ਹੀ ਹਲੀਮੀ ਨਾਲ ਪੈਨ ਡਰਾਈਵ ਦੀ ਮੰਗ ਕਰਨ ਲੱਗੇ। ਮੈਂ ਘੱਟ ਆਵਾਜ਼ ਵਿਚ ਚੰਗੇ ਗਾਣੇ ਲਗਾਉਣ ਦੀ ਤਾਕੀਦ ਕਰਕੇ ਪੈਨ ਡਰਾਈਵ ਵਾਪਸ ਕਰ ਦਿਤੀ। ਮੈਂ ਹੈਰਾਨ ਹੋਇਆ ਕਿ ਇਸ ਵਾਰ ਗਾਣੇ ਦੇ ਬੋਲ ਸੰਨ: Ḕਤੇਰੇ ਕਰਕੇ ਲੈ ਲਈ ਦੇਸੀ ਗੰਨ, ਮੈਂ ਕਰਾ ਦਊਂਗਾ ਧੰਨ ਧੰਨ, ਫੂਕ ਦਊਂਗਾ ਸਾਲਾ ਆਇਆ ਜੋ ਪਿਆਰ ਵਿਚ।Ḕ ਗੁੱਸੇ ਵਿਚ ਮੈਂ ਯਕਲਖ਼ਤ ਗਾਣਾ ਸਕਿੱਪ ਕਰਨ ਲਈ ਆਖਿਆ ਤਾਂ ਵਿਦਿਆਰਥੀ ਨੇ ਅਗਲਾ ਗਾਣਾ ਲਗਾਇਆ। ਇਸ ਦੇ ਬੋਲ ਸਨ: Ḕਦੇਸੀ ਗੰਨ ਜਿਹਾ ਲਲਕਾਰਾ ਜੱਟ ਦਾ।Ḕ ਮੈਂ ਆਪਣੀ ਜ਼ਿੰਮੇਦਾਰੀ ਦਾ ਵਾਸਤਾ ਪਾਇਆ ਅਤੇ ਗਾਣੇ ਬੰਦ ਕਰਨ ਲਈ ਆਖਿਆ ਤਾਂ ਵਿਦਿਆਰਥੀ ਮੇਰੀ ਗੱਲ ਮੰਨ ਗਏ। ਪਰ, ਮਾਯੂਸ ਜਿਹੇ ਹੋ ਕੇ ਚੁੱਪ ਚਾਪ ਬੈਠ ਗਏ, ਜਿਵੇਂ ਉਨ੍ਹਾਂ ਦੇ ਦਿਲ ਬੁਝ ਗਏ ਹੋਣ ਜਾਂ ਬਹੁਤ ਅੱਕੇ ਅਤੇ ਥੱਕੇ ਹੋਏ ਹੋਣ। ਇੱਕ ਵਾਰ ਫਿਰ ਗੱਡੀ ਵਿਚ ਚੁੱਪ ਫੈਲ ਗਈ।
ਗੱਡੀ ਤੇਜ ਰਫਤਾਰ ਜਾ ਰਹੀ ਸੀ। ਅਸੀਂ ਸਾਰੇ ਖਿੜਕੀਆਂ ‘ਚੋਂ ਬਾਹਰ ਝਾਕਣ ਲੱਗੇ। ਨਿਕੀਆਂ ਨਿਕੀਆਂ ਪਹਾੜੀਆਂ ‘ਤੇ ਉਗੇ ਵੰਨ-ਸੁਵੰਨੇ ਰੁੱਖਾਂ ਦੀ ਹਰਿਆਲੀ ਦੇ ਸੁੰਦਰ ਦ੍ਰਿਸ਼ ਆਕਰਸ਼ਿਤ ਕਰ ਰਹੇ ਸਨ। ਪਹਾੜੀਆਂ ‘ਤੇ ਚੜ੍ਹੀਆਂ ਵੇਲਾਂ, ਚਰਦੀਆਂ ਬੱਕਰੀਆਂ, ਚਰਵਾਹੇ ਤੇ ਨਿਕੀਆਂ ਨਿਕੀਆਂ ਝੌਂਪੜੀਆਂ ਵਿਚੋਂ ਪਿਆਰ ਭਰੇ ਸੱਦੇ ਆਉਂਦੇ ਪ੍ਰਤੀਤ ਹੋ ਰਹੇ ਸਨ। ਵਲ-ਵਲੇਵੇਂ ਖਾਂਦੀ ਸੜਕ ਦੇ ਆਸ-ਪਾਸ ਉਗੀ ਵਣ ਬੂਟੀ ਅਜੀਬ ਜਿਹੇ ਢੰਗ ਨਾਲ ਸਭ ਦੇ ਮਨ ਮੋਹ ਰਹੀ ਸੀ। ਅਚਾਨਕ ਇੱਕ ਲੜਕੀ ਨੇ ਚੀਕ ਕੇ ਕਿਹਾ, “ਬਾਂਦਰ।” ਲੱਗਿਆ ਜਿਵੇਂ ਬਾਂਦਰ ਗੱਡੀ ‘ਚ ਆ ਵੜਿਆ ਹੋਵੇ। ਪਰ ਕੀ ਦੇਖਿਆ ਕਿ ਟ੍ਰੈਵਲਰ ਦੇ ਸਾਹਮਣੇ ਬਾਂਦਰਾਂ ਦੀ ਭੀੜ ਇਵੇਂ ਹੁੜਦੰਗ ਮਚਾ ਰਹੀ ਸੀ, ਜਿਵੇਂ ਕਿਤੇ ਪੰਜਾਬੀਆਂ ਦੀ ਬਰਾਤ ਉਤਰੀ ਹੋਵੇ। ਦਰਅਸਲ ਲੜਕੀਆਂ ਨੇ ਇਤਨੇ ਬਾਂਦਰ ਇਕੱਠੇ ਪਹਿਲੀ ਵਾਰ ਦੇਖੇ ਸਨ। ਡਰਾਈਵਰ ਨੇ ਬੜੀ ਭਿਆਨਕ ਕਿਸਮ ਦੇ ਹੌਰਨ ਵਜਾਏ ਤੇ ਬਾਂਦਰ ਤਿਤਰ ਬਿਤਰ ਹੋ ਗਏ। ਮੈਂ ਡਰਾਈਵਰ ਨੂੰ ਪੁੱਛਿਆ ਕਿ ਉਸ ਨੇ ਇਤਨਾ ਭਿਆਨਕ ਹੌਰਨ ਕਿਉਂ ਲਵਾਇਆ ਹੈ। ਉਸ ਨੇ ਦੱਸਿਆ, ਇਸ ਤੋਂ ਘੱਟ ਹੌਰਨ ਦੀ ਬਾਂਦਰ ਪਰਵਾਹ ਹੀ ਨਹੀਂ ਕਰਦੇ। ਮੈਂ ਜਵਾਬ ਸੁਣ ਕੇ ਹੱਕਾ ਬੱਕਾ ਰਹਿ ਗਿਆ ਤੇ ਸੋਚਣ ਲਈ ਮਜਬੂਰ ਹੋ ਗਿਆ ਕਿ ਸੜਕਾਂ ‘ਤੇ ਸਿਰਫ ਬਾਂਦਰ ਹੀ ਚੜ੍ਹਦੇ ਹਨ?
ਸੋਚਦੇ ਸੋਚਦੇ, ਅਧਿਆਪਕ ਸਾਥੀ ਅਤੇ ਮੈਂ ਗੱਲਾਂ ਵਿਚ ਰੁਝ ਗਏ। ਅਚਾਨਕ ਮੈਂ ਦੇਖਿਆ ਕਿ ਵਿਦਿਆਰਥੀ ਵੀ ਗੱਲਾਂ ਵਿਚ ਮਸਤ ਸਨ। ਕੁਝ ਦੇਰ ਚੁੱਪ ਕਰਕੇ ਧਿਆਨ ਨਾਲ ਸੁਣਿਆਂ ਤਾਂ ਉਹ ਬੜੀ ਉਤਸੁਕਤਾ ਨਾਲ ਇਕ-ਦੂਜੇ ਦੇ ਨੇੜੇ ਹੁੰਦਿਆਂ ਆਪੋ ਵਿਚ ਜਗਿਆਸਾ ਵਧਾ ਰਹੇ ਸਨ। ਕੋਈ ਆਪਣੇ ਘਰ ਦੇ ਮੈਂਬਰਾਂ ਦੇ ਸੁਭਾਅ ਬਾਬਤ ਗੱਲਾਂ ਕਰ ਰਿਹਾ ਸੀ। ਕੋਈ ਚੁਟਕਲੇ ਸੁਣਾ ਰਿਹਾ ਸੀ। ਕੋਈ ਆਪਣੀਆਂ ਪੁਰਾਣੀਆਂ ਯਾਦਾਂ ਸਾਂਝੀਆਂ ਕਰ ਰਿਹਾ ਸੀ। ਕੋਈ ਵੈਸੇ ਹੀ ਮਨੋਰੰਜਕ ਕਹਾਣੀਆਂ ਬਣਾ ਰਿਹਾ ਸੀ। ਕੋਈ ਕਿਸੇ ਦੀਆਂ ਨਕਲਾਂ ਲਾ ਰਿਹਾ ਸੀ। ਕੋਈ ਭਵਿਖ ਦੀਆਂ ਸਕੀਮਾਂ ਸਾਂਝੀਆਂ ਕਰ ਰਿਹਾ ਸੀ। ਗੱਲ ਕੀ ਸਾਰੇ ਵਿਦਿਆਰਥੀ ਆਪਸ ਵਿਚ ਮਸ਼ਰੂਫ ਸਨ ਅਤੇ ਇਕ ਦੂਜੇ ਦੀ ਨੇੜਤਾ ਦੇ ਅਹਿਸਾਸ ਦਾ ਖੂਬ ਲੁਤਫ ਲੈ ਰਹੇ ਸਨ। ਇਸ ਲੁਤਫ ਵਿਚ ਕਿਤੇ ਕਿਤੇ ਸੂਖਮ ਜਿਹੇ ਮੁਹੱਬਤੀ ਡੋਰੇ ਵੀ ਸੁੱਟੇ, ਬੋਚੇ ਅਤੇ ਲੋਚੇ ਜਾ ਰਹੇ ਸਨ। ਕਿਸੇ ਦੇ ਚਿਤ-ਚੇਤੇ ਵੀ ਨਹੀਂ ਸੀ ਕਿ ਡੈਕ ਨਹੀਂ ਲੱਗਾ ਹੋਇਆ।
ਗੱਲਾਂ ਗੱਲਾਂ ਵਿਚ ਹੀ ਅਨੰਦਪੁਰ ਸਾਹਿਬ ਪਹੁੰਚ ਗਏ। ਹੇਠਾਂ ਉਤਰੇ। ਜੋੜੇ ਜਮ੍ਹਾਂ ਕਰਵਾਏ। ਹੱਥ ਸੁੱਚੇ ਕੀਤੇ। ਯਥਾਸ਼ਕਤ ਦੇਗ ਦੀ ਪਰਚੀ ਕਟਾਈ। ਦੇਗ ਲਈ ਤੇ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ। ਕੁਝ ਪਲ ਮਨੋਹਰ ਕੀਰਤਨ ਦਾ ਅਨੰਦ ਮਾਣਿਆ। ਸੰਗਤ ਦਾ ਠਾਠ ਦੇਖਿਆ। ਗੁਰੂ ਸਾਹਿਬ ਦੇ ਸ਼ਸਤਰਾਂ ਦੇ ਦਰਸ਼ਨ ਕੀਤੇ। ਬਾਹਰ ਆਏ ਅਤੇ ਅਨੰਦਪੁਰ ਸਾਹਿਬ ਦੇ ਪਹਾੜੀ ਅਤੇ ਮੈਦਾਨੀ ਚੌਗਿਰਦੇ ਦੇ ਰਮਣੀਕ ਦੀਦਾਰ ਕਰਦਿਆਂ ਮਨ ਖਿੜ ਗਿਆ।
ਰੁਹਾਨੀ ਫਿਜ਼ਾ ਨਾਲ ਲਬਰੇਜ਼, ਅਸੀਂ ਬਾਜ਼ਾਰ ਚਲੇ ਗਏ। ਇੱਕ ਵੱਡੀ ਦੁਕਾਨ ਵਿਚੋਂ ਕੜੇ ਦੀ ਮੰਗ ਕੀਤੀ ਤਾਂ ਦੁਕਾਨਦਾਰ ਨੇ ਗਰਾਰੀਦਾਰ ਕੜਾ ਦਿਖਾਇਆ। ਮੈਂ ਆਖਿਆ ਕਿ ਮੈਂ ਕੜਾ ਮੰਗਿਆ ਹੈ, ਸਾਈਕਲ ਦਾ ਫਲਾਇਵ੍ਹੀਲ ਨਹੀਂ। ਫਿਰ ਉਸ ਨੇ ਅਜਿਹਾ ਕੜਾ ਦਿਖਾਇਆ, ਜਿਸ ਨੂੰ ਕੇਵਲ ਭਲਵਾਨ ਹੀ ਪਹਿਨ ਸਕਦੇ ਹਨ ਜਾਂ ਫਿਰ ਸਕੂਲਾਂ ਕਾਲਜਾਂ ਦੇ ਉਹ ਦੰਗਈ ਮੁੰਡੇ, ਜਿਨ੍ਹਾਂ ਨੇ ਝਗੜੇ ਦੇ ਬਹਾਨੇ ਕਿਸੇ ਦਾ ਸਿਰ ਪਾੜਨਾ ਹੋਵੇ। ਮੇਰੀ ਚਾਹਤ ਵਾਲੇ ਕੜੇ ਬਾਬਤ ਉਸ ਨੇ ਆਖਿਆ ਕਿ ਹੁਣ ਬਣਨੇ ਹੀ ਬੰਦ ਹੋ ਗਏ ਹਨ। ਮੇਰੀ ਪਸੰਦ ਦਾ ਕੰਘਾ ਵੀ ਮੈਨੂੰ ਕਿਤੋਂ ਨਾ ਮਿਲਿਆ।
ਅਚਾਨਕ ਮੇਰਾ ਧਿਆਨ ਗਿਆ ਕਿ ਹਰ ਦੁਕਾਨ ਵਿਚ ਰਿਵਾਲਵਰਾਂ ਤੇ ਗੰਨਾਂ ਦੀ ਭਰਮਾਰ ਹੈ। ਪੁੱਛਣ ‘ਤੇ ਪਤਾ ਲੱਗਾ ਕਿ ਅੱਜ ਕਲ ਬੱਚੇ ਨਿਸ਼ਾਨੇਬਾਜ਼ੀ ਸਿਖਣ ਦੇ ਬਹੁਤ ਸ਼ੌਕੀਨ ਹਨ। ਦੁਕਾਨਾਂ ‘ਚ ਪਏ ਧਾਤ ਦੇ ਨਿਕੇ ਨਿਕੇ ਪਤਲੇ ਜਿਹੇ ਡੰਡੇ ਪਏ ਦੇਖੇ ਤਾਂ ਦੱਸਿਆ ਗਿਆ ਕਿ ਉਹ ਡੰਡੇ ਨਹੀਂ, ਬਲਕਿ ਡੰਡਿਆਂ ਦੇ ਭੇਸ ਵਿਚ ਤਿੱਖੀਆਂ ਤੇਜ ਕਿਰਚਾਂ ਹਨ। ਇਹ ਤਾਂ ਕੋਈ ਨਿਸ਼ਾਨਾ ਸਾਧਣ ਦੇ ਕੰਮ ਵੀ ਨਹੀਂ ਆਉਂਦੀਆਂ। ਮੈਂ ਦੇਖਿਆ ਕਿ ਗਾਤਰੇ ਵਾਲੀਆਂ ਨਿੱਕੀਆਂ ਕਿਰਪਾਨਾਂ ਨਾਂਮਾਤਰ ਹੀ ਸਨ। ਇਕ ਦੁਕਾਨ ਦੇਖ, ਦੂਜੀ ਦੇਖ। ਸਭ ਦੁਕਾਨਾਂ “ਪੰਜਾਬੀ ਮਿੱਤਰਾਂ” ਨੂੰ ਪਏ ਹਥਿਆਰਾਂ ਦੇ ਗੁੰਡਈ ਸ਼ੌਂਕ ਦੀ ਗਵਾਹੀ ਭਰਦੀਆਂ ਸਨ।
ਮੈਨੂੰ ਟ੍ਰੈਵਲਰ ‘ਚ ਸੁਣੇ ਗਾਣਿਆਂ ਦੀ ਸਮਝ ਪਈ ਤੇ ਨਾਲ ਹੀ ਕੁਝ ਦਿਨ ਪਹਿਲਾਂ ਅਖ਼ਬਾਰ ‘ਚ ਪੜ੍ਹੀ ਖ਼ਬਰ ਚੇਤੇ ਆਈ ਕਿ ਕਿਵੇਂ ਬਟਾਲੇ ਦੇ ਮੈਰਿਜ ਪੈਲਸ ਵਿਚ ਇਕ ਸਕੂਲ ਅਧਿਆਪਕਾ ਨੂੰ ਉਸ ਦੇ ਪੁੱਤ ਅਤੇ ਪਤੀ ਦੀਆਂ ਨਜ਼ਰਾਂ ਦੇ ਸਾਹਮਣੇ, ਬਰਾਤ ਜਾਂ ਮੇਲ ਵਿਚ ਆਏ ਦੋ ਮੁੰਡਿਆਂ ਜਾਂ ਗੁੰਡਿਆਂ ਨੇ ਰਿਵਾਲਵਰ ਨਾਲ ਚਿੱਤ ਕਰ ਦਿਤਾ ਸੀ, ਕਿਉਂਕਿ ਉਹ ਅਧਿਆਪਕਾ ਉਨ੍ਹਾਂ “ਮਿੱਤਰਾਂ” ਨਾਲ ਡੀæਜੇæ ‘ਤੇ ਲੱਗੇ “ਹਥਿਆਰਾਂ ਦੇ ਸ਼ੌਂਕ” ਵਿਚ (ਟ੍ਰੈਵਲਰ ਸਾਹਮਣੇ ਅਚਾਨਕ ਆਏ ਬਾਂਦਰਾਂ ਜਿਹਾ) ਹੁੜਦੰਗ ਮਚਾਉਣ ਵਿਚ ਸ਼ਰੀਕ ਨਹੀਂ ਸੀ ਹੋਈ। ਸ਼ਾਇਦ ਉਸ ਨੂੰ ਆਪਣੇ ਪੁੱਤ, ਪਤੀ ਅਤੇ ਪੱਤ ਦੀ ਸ਼ਰਮ ਲਿਹਾਜ਼ ਪਾਲਣ ਦੀ ਸਜ਼ਾ ਦੇ ਦਿਤੀ ਗਈ।
ਵਾਪਸੀ ‘ਤੇ ਉਹੀ ਇੱਕ ਵਿਦਿਆਰਥੀ ਮੇਰੇ ਕੋਲ ਆਇਆ ਤੇ ਆਜਜ਼ੀ ਵਿਚ ਡੈਕ ਵਜਾਉਣ ਦੀ ਆਗਿਆ ਮੰਗਣ ਲੱਗਾ। ਮੈਂ ਆਖਿਆ ਕਿ ਉਹ ਮੈਨੂੰ ਇਜਾਜ਼ਤ ਦੇ ਦੇਵੇ ਤੇ ਮੈਂ ਉਸ ਨੂੰ ਆਗਿਆ ਦੇ ਦੇਵਾਂਗਾ। ਉਸ ਨੇ ਪੁਛਿਆ ਕਿ ਕਾਹਦੀ ਇਜਾਜ਼ਤ ਸਰ? ਮੈਂ ਆਖਿਆ ਕਿ ਮੈਂ ਬੱਸ ਵਿਚ ਵਾਪਸ ਚਲਿਆ ਜਾਂਦਾ ਹਾਂ, ਤੁਸੀਂ ਮਨਮਰਜ਼ੀ ਕਰਦੇ ਆਇਓ। ਪਰ ਉਹ ਵਿਦਿਆਰਥੀ ਇਤਨਾ ਬੇਲੱਜ ਨਹੀਂ ਸੀ, ਜੋ ਮੈਨੂੰ ਬੱਸ ਵਿਚ ਵਾਪਸ ਜਾ ਲੈਣ ਦੇਣ ਲਈ ਰਾਜ਼ੀ ਹੋ ਜਾਂਦਾ। ਅਸੀਂ ਟ੍ਰੈਵਲਰ ਵਿਚ ਸਵਾਰ ਹੋਏ। ਸਾਰੇ ਵਿਦਿਆਰਥੀ ਆਪੋ ਵਿਚ ਘੁਲਣ-ਮਿਲਣ ਦਾ ਲੁਤਫ ਲੈਂਦੇ ਵਾਪਸ ਪਰਤੇ। ਅਗਲੇ ਦਿਨ ਕਲਾਸ ਵਿਚ ਗੱਲਾਂ ਕਰਦਿਆਂ ਵਿਦਿਆਰਥੀਆਂ ਨੇ ਖਿਮਾ ਮੰਗੀ ਤੇ ਆਖਿਆ ਕਿ ਜੇ ਉਹ ਡੈਕ ਸੁਣਦੇ ਰਹਿੰਦੇ ਤਾਂ ਸ਼ਾਇਦ ਇੱਕ ਦੂਜੇ ਨਾਲ ਇਤਨਾ ਭਿੱਜ ਨਾ ਸਕਦੇ।