ਡਾæ ਗੁਰਨਾਮ ਕੌਰ, ਕੈਨੇਡਾ
ਸਿੱਖ ਧਰਮ ਦਰਸ਼ਨ ਅਨੁਸਾਰ ਪਰਮ ਸਤਿ ਨਿਰਭੈ ਅਤੇ ਨਿਰਵੈਰ ਹੈ। ਇਸ ਦਾ ਅਰਥ ਹੈ ਕਿ ਪਰਮ ਹਸਤੀ ਨੂੰ ਕਿਸੇ ਦਾ ਭੈ ਨਹੀਂ ਹੈ ਅਤੇ ਨਾ ਹੀ ਉਸ ਨੂੰ ਕਿਸੇ ਨਾਲ ਵੈਰ ਹੈ। ਭੈ ਅਤੇ ਵੈਰ ਉਸ ਪਰਮ ਹਸਤੀ ਦੇ ਸੁਭਾਉ ਦਾ ਹਿੱਸਾ ਨਹੀਂ ਹਨ। ਗੁਰਮਤਿ ਅਨੁਸਾਰ ਜਿਸ ਕਿਸਮ ਦੇ ਇਸ਼ਟ ਦੀ ਮਨੁੱਖ ਸੇਵਾ ਕਰਦਾ ਹੈ, ਜਿਸ ਕਿਸਮ ਦੇ ਇਸ਼ਟ ਨੂੰ ਮਨੁੱਖ ਧਿਆਉਂਦਾ ਹੈ, ਉਹੋ ਜਿਹਾ ਹੀ ਉਸ ਦਾ ਵਿਅਕਤਿਤਵ ਘੜਿਆ ਜਾਂਦਾ ਹੈ।
ਗੁਰਮਤਿ ਵਿਚ ਜਗਿਆਸੂ ਨੂੰ ਆਪਣੇ ਇਸ਼ਟ ਵਰਗੇ ਗੁਣ ਉਸ ਦੇ ਨਾਮ ਸਿਮਰਨ ਅਤੇ ਗੁਰੂ ਦੀ ਸਿੱਖਿਆ ਰਾਹੀਂ ਆਪਣੇ ਅੰਦਰ ਪੈਦਾ ਕਰਨ ਦਾ ਆਦੇਸ਼ ਹੈ। ਪੰਚਮ ਪਾਤਸ਼ਾਹ ਹਜ਼ੂਰ ਕਹਿੰਦੇ ਹਨ ਕਿ ਉਹ ਸਮਾਂ ਅਤੇ ਮੌਸਮ ਸਭ ਤੋਂ ਸੁਹਣਾ ਹੈ ਜਿਸ ਵਿਚ ਉਸ ਪਰਵਰਦਗਾਰ ਨੂੰ ਯਾਦ ਕੀਤਾ ਜਾਂਦਾ ਹੈ, ਉਸ ਦਾ ਨਾਮ ਸਿਮਰਿਆ ਜਾਂਦਾ ਹੈ। ਉਹ ਕੰਮ ਜਾਂ ਕਾਰਜ ਸਭ ਤੋਂ ਵਧੀਆ ਹੈ ਜੋ ਪਰਮਾਤਮਾ ਦੀ ਸੇਵਾ ਵਿਚ ਕੀਤਾ ਜਾਂਦਾ ਹੈ। ਉਹ ਦਿਲ ਸਭ ਤੋਂ ਸੁਖਦਾਈ ਹੈ ਜਿਸ ਵਿਚ ਸਿਰਜਣਹਾਰ ਅਕਾਲ ਪੁਰਖ ਦਾ ਨਿਵਾਸ ਹੈ। ਅਕਾਲ ਪੁਰਖ ਸਭ ਦਾ ਦਾਤਾ ਹੈ, ਸਭ ਦੀਆਂ ਲੋੜਾਂ ਪੂਰੀਆਂ ਕਰਨ ਵਾਲਾ ਹੈ, ਸਭ ਦਾ ਸਾਂਝਾ ਪਿਤਾ ਹੈ ਕਿਉਂਕਿ ਸਭ ਨੂੰ ਜੀਵਨਦਾਨ ਦੇਣ ਵਾਲਾ ਉਹੀ ਹੈ। ਉਹ ਬੇਅੰਤ ਦਾਤਾਂ ਦਾ ਭੰਡਾਰ ਹੈ, ਜਿਨ੍ਹਾਂ ਨੂੰ ਉਹ ਆਪਣੇ ਨਾਮ ਦਾ ਖਜ਼ਾਨਾ ਬਖਸ਼ਿਸ਼ ਕਰਦਾ ਹੈ, ਉਨ੍ਹਾਂ ਦੀ ਭੁੱਖ ਅਤੇ ਪਿਆਸ ਸਦਾ ਸਦਾ ਲਈ ਤ੍ਰਿਪਤ ਹੋ ਜਾਂਦੀ ਹੈ ਅਤੇ ਉਹ ਪਰਮਾਤਮਾ ਦੇ ਸੱਚੇ ਭਗਤ ਬਣ ਜਾਂਦੇ ਹਨ। ਅਜਿਹੇ ਭਗਤ ਆਪਣੀਆਂ ਸਾਰੀਆਂ ਆਸਾਂ ਅਤੇ ਉਮੀਦਾਂ ਦੀ ਟੇਕ ਉਸ ਇੱਕ ਅਕਾਲ ਪੁਰਖ ‘ਤੇ ਟਿਕਾ ਦਿੰਦੇ ਹਨ ਕਿਉਂਕਿ ਉਹ ਸਾਰਿਆਂ ਵਿਚ ਵੱਸ ਰਿਹਾ ਹੈ। ਸਭ ਉਸ ਇੱਕ ਅਕਾਲ ਪੁਰਖ ਦਾ ਹਿੱਸਾ ਹਨ, ਉਹ ਸਭ ਅੰਦਰ ਵਿਆਪਕ ਹੈ, ਇਸ ਲਈ ਉਹ ਕਿਸੇ ਲਈ ਵੀ ‘ਦੂਸਰਾ’ ਨਹੀਂ ਹੈ। ਜਿਹੜੇ ਜੀਵ ਗੁਰੂ ਦੀ ਸਿੱਖਿਆ ਅਨੁਸਾਰ ਚੱਲਦੇ ਹਨ, ਉਹ ਉਨ੍ਹਾਂ ਸਾਰਿਆਂ ਨੂੰ ਮੁਕਤ ਕਰ ਦਿੰਦਾ ਹੈ। ਇਹ ਸਾਰਾ ਦਿਸਦਾ ਸੰਸਾਰ ਉਸੇ ਦਾ ਖੇਲ੍ਹ ਹੈ,
ਸਾ ਰੁਤਿ ਸੁਹਾਵੀ ਜਿਤੁ ਤੁਧੁ ਸਮਾਲੀ॥
ਸੋ ਕੰਮ ਸੁਹੇਲਾ ਜੋ ਤੇਰੀ ਘਾਲੀ॥
ਸੋ ਰਿਦਾ ਸੁਹੇਲਾ ਜਿਤੁ ਰਿਦੈ
ਤੂੰ ਵੁਠਾ ਸਭਨਾ ਕੇ ਦਾਤਾਰਾ ਜੀਉ॥
ਤੂੰ ਸਾਂਝਾ ਸਾਹਿਬੁ ਬਾਪੁ ਹਮਾਰਾ॥
ਨਉ ਨਿਧਿ ਤੇਰੈ ਅਖੁਟ ਭੰਡਾਰਾ॥
ਜਿਸੁ ਤੂੰ ਦੇਹਿ ਸੁ ਤ੍ਰਿਪਤਿ ਅਘਾਵੈ
ਸੋਈ ਭਗਤੁ ਤੁਮਾਰਾ ਜੀਉ॥2॥
(ਪੰਨਾ 97)
ਗੁਰੂ ਅਰਜਨ ਦੇਵ ਅੱਗੇ ਫਰਮਾਉਂਦੇ ਹਨ ਕਿ ਉਸ ਦੇ ਭਗਤ, ਉਸ ਦੇ ਹੁਕਮ ਵਿਚ ਵਿਚਰਦੇ ਹਨ ਅਤੇ ਜੋ ਦਾਤਾਂ ਉਹ ਦਿੰਦਾ ਹੈ ਉਹੀ ਪਾ ਲੈਂਦੇ ਹਨ। ਉਹ ਗ਼ਰੀਬਾਂ, ਅਨਾਥਾਂ ਦੀ ਸਹਾਇਤਾ ਕਰਦਾ ਹੈ ਅਤੇ ਉਨ੍ਹਾਂ ਨੂੰ ਆਸਰਾ ਦਿੰਦਾ ਹੈ ਅਰਥਾਤ ਨਿਥਾਵਿਆਂ ਦਾ ਥਾਂਵ ਅਤੇ ਨਿਮਾਣਿਆਂ ਦਾ ਮਾਣ ਹੈ। ਸਭ ਕੁੱਝ ਉਹ ਪਰਮਾਤਮਾ ਆਪ ਹੀ ਆਪ ਹੈ, ਉਸ ਤੋਂ ਬਿਨਾਂ ਕੋਈ ਹੋਰ ਦੂਸਰਾ ਨਹੀਂ ਹੈ। ਗੁਰੂ ਅਰਜਨ ਦੇਵ ਅਨੁਸਾਰ ਜਿਹੜੇ ਉਸ ਪਰਮਾਤਮਾ ਨਾਲ ਜੁੜੇ ਹੋਏ ਹਨ, ਉਹ ਹੀ ਦੂਸਰਿਆਂ ਨੁੰ ਪ੍ਰੇਮ ਕਰਦੇ ਹਨ ਅਤੇ ਸਭ ਨੂੰ ਆਪਣਾ ਮਿੱਤਰ ਸਮਝਦੇ ਹਨ। ਕਹਿਣ ਤੋਂ ਭਾਵ ਹੈ ਕਿ ਅਜਿਹੇ ਗੁਰਮੁਖਾਂ ਅੰਦਰ ਕੋਈ ਦੂਈ ਜਾਂ ਦਵੈਤ ਨਹੀਂ ਹੈ, ਉਨ੍ਹਾਂ ਲਈ ਸਭ ਆਪਣੇ ਹਨ। ਅਜਿਹੀ ਦਸ਼ਾ ਵਿਚ ਉਨ੍ਹਾਂ ਦਾ ਮਨ ਸਹਿਜ ਅਵਸਥਾ ਵਿਚ ਟਿਕਿਆ ਰਹਿੰਦਾ ਹੈ ਅਤੇ ਉਨ੍ਹਾਂ ਦੀ ਹਰ ਤਰ੍ਹਾਂ ਦੀ ਚਿੰਤਾ ਮਿਟ ਜਾਂਦੀ ਹੈ। ਪਰਮਾਤਮਾ ਵਿਚ ਲੀਨ ਹੋ ਕੇ ਉਹ ਮੁਕਤ ਹੋ ਜਾਂਦੇ ਹਨ,
ਹਰਿ ਸਿਉ ਜੁਰੈ ਤ ਸਭੁ ਕੋ ਮੀਤੁ॥
ਹਰਿ ਸਿਉ ਜੁਰੈ ਤ ਨਿਹਚਲ ਚੀਤੁ॥
ਹਰਿ ਸਿਉ ਜੁਰੈ ਨ ਵਿਆਪੈ ਕਾੜ੍ਹਾ॥
ਹਰਿ ਸਿਉ ਜੁਰੈ ਤਾ ਹੋਇ ਨਿਸਤਾਰਾ॥1॥
(ਪੰਨਾ 238)
ਗੁਰਮਤਿ ਅਨੁਸਾਰ ਹਉਮੈ, ਮੋਹ ਅਤੇ ਮਨ ਦੀਆਂ ਇਛਾਵਾਂ ਮਨੁੱਖ ਅੰਦਰ ਦਵੈਤ ਪੈਦਾ ਕਰਦੀਆਂ ਹਨ ਅਤੇ ਉਸ ਦੇ ਬੰਧਨ ਦਾ ਕਾਰਨ ਬਣਦੀਆਂ ਹਨ। ਗੁਰੂ ਅਰਜਨ ਦੇਵ ਆਦੇਸ਼ ਕਰਦੇ ਹਨ ਕਿ ਸਤਿ ਸੰਗਤਿ ਅਰਥਾਤ ਰੱਬ ਦੇ ਭਗਤਾਂ ਦੀ ਸੰਗਤਿ ਅਜਿਹੀ ਥਾਂ ਹੈ ਜਿਥੇ ਜਾ ਕੇ ਮਨੁੱਖ ਆਪਣੀ ਅਹੰਕਾਰੀ ਸੋਚ, ਮੋਹ ਅਤੇ ਇਛਾਵਾਂ ਦਾ ਤਿਆਗ ਕਰਨਾ ਸਿੱਖਦਾ ਹੈ। ਅਜਿਹੀ ਸੰਗਤ ਵਿਚ ਮਨੁੱਖ ਦੂਸਰਿਆਂ ਦੇ ਨੁਕਸ ਲੱਭਣ ਦੀ ਆਦਤ, ਨਿੰਦਾ-ਚੁਗਲੀ ਦਾ ਤਿਆਗ ਕਰਨਾ ਸਿੱਖਦਾ ਹੈ (ਇਹ ਸਰਬ-ਵਿਆਪਕ ਭਾਈਚਾਰਕ ਸਾਂਝ ਵੱਲ ਕਦਮ ਪੁੱਟਣਾ ਹੈ)। ਸਾਧ ਸੰਗਤਿ ਵਿਚ ਜਾ ਕੇ ਅਕਾਲ ਪੁਰਖ ਦੀ ਮਿਹਰ ਸਦਕਾ ਜਗਿਆਸੂ ਸੱਚੇ ਨਾਮ ਦੀ ਸੁਗਾਤ ਪ੍ਰਾਪਤ ਕਰਦਾ ਹੈ, ਦੁਨਿਆਵੀ ਬੰਧਨਾਂ ਤੋਂ ਉਤੇ ਉਠਣਾ ਸਿੱਖਦਾ ਹੈ ਅਤੇ ਕਾਮ, ਕ੍ਰੋਧ, ਲੋਭ, ਮੋਹ ਆਦਿ ਉਸ ਦੇ ਮਨ ਵਿਚੋਂ ਦੂਰ ਹੋ ਜਾਂਦੇ ਹਨ। ਇਥੇ ਆ ਕੇ ਮਨੁੱਖ ਉਸ ਪਰਮ ਹਸਤੀ ਦੇ ਵਿਸ਼ਾਲ ਪਾਸਾਰੇ ਨੂੰ ਅਨੁਭਵ ਕਰਦਾ ਹੈ ਅਤੇ ਉਸ ਦੇ ਅੰਦਰ ਇਹ ਚੇਤਨਾ ਪੈਦਾ ਹੁੰਦੀ ਹੈ ਕਿ ਨਾ ਕੋਈ ਉਸ ਦਾ ਦੁਸ਼ਮਣ ਹੈ ਅਤੇ ਨਾ ਹੀ ਉਸ ਲਈ ਦੂਸਰਾ ਜਾਂ ਅਜਨਬੀ ਹੈ, ਉਸ ਦੀ ਸਾਰਿਆਂ ਨਾਲ ਆਤਮਕ ਸਾਂਝ ਬਣ ਜਾਂਦੀ ਹੈ।
ਗੁਰੂ ਸਾਹਿਬ ਫਰਮਾਉਂਦੇ ਹਨ ਕਿ ਹੁਣ ਸਭ ਉਨ੍ਹਾਂ ਦੇ ਮਿੱਤਰ-ਪਿਆਰੇ ਬਣ ਗਏ ਹਨ ਅਤੇ ਉਹ ਸਭ ਦੇ ਮਿੱਤਰ ਬਣ ਗਏ ਹਨ। ਇਥੇ ਇਹ ਸਪਸ਼ਟ ਕੀਤਾ ਹੈ ਕਿ ਸਾਧ ਸੰਗਤਿ ਵਿਚ ਕਿਉਂ ਕਿ ਗੁਰੂ ਦੀ ਸਿੱਖਿਆ ‘ਤੇ ਚੱਲਣ ਦਾ ਵੱਲ ਆਉਂਦਾ ਹੈ, ਮਨੁੱਖ ਅੰਦਰੋਂ ਦਵੈਤ ਅਤੇ ਵੈਰ, ਬੇਗਾਨਗੀ ਦੀ ਭਾਵਨਾ ਆਦਿ ਸਭ ਖ਼ਤਮ ਹੋ ਜਾਂਦੇ ਹਨ, ਇਸ ਲਈ ਸਭ ਉਨ੍ਹਾਂ ਨੂੰ ਆਪਣੇ ਨਜ਼ਰ ਆਉਂਦੇ ਹਨ, ਕੋਈ ਮੇਰ-ਤੇਰ ਨਹੀਂ ਰਹਿੰਦੀ। ਇਹ ਹੀ ਸਰਬ-ਵਿਆਪਕ ਭਾਈਚਾਰੇ ਦੀ ਭਾਵਨਾ ਦਾ ਜਾਗਣਾ ਹੈ। ਇਹ ਚੇਤਨਾ ਸਤਿਗੁਰੂ ਦੀ ਸਿੱਖਿਆ ਤੇ ਚੱਲਿਆਂ ਪੈਦਾ ਹੁੰਦੀ ਹੈ। ਮਨੁੱਖ ਦੀ ਸੁਰਤਿ ਪਰਮਾਤਮ-ਸੁਰਤਿ ਵਿਚ ਅਭੇਦ ਹੋ ਜਾਂਦੀ ਹੈ ਅਤੇ ਮਨ ਪਰਮਾਤਮਾ ਵਿਚ ਪੂਰੀ ਤਰ੍ਹਾਂ ਲੀਨ ਹੋ ਜਾਂਦਾ ਹੈ। ਮਨ ਵਿਚੋਂ ਹਰ ਤਰ੍ਹਾਂ ਦੀ ਮੰਦੀ ਭਾਵਨਾ ਖ਼ਤਮ ਹੋ ਜਾਂਦੀ ਹੈ ਅਤੇ ਮਨ ਨਾਮ-ਅੰਮ੍ਰਿਤ ਪੀ ਕੇ ਸਰਸ਼ਾਰ ਹੋ ਜਾਂਦਾ ਹੈ। ਗੁਰੂ ਦੀ ਸਿੱਖਿਆ ਮਨ ਨੂੰ ਚੰਗੀ ਲੱਗਣ ਲੱਗ ਜਾਂਦੀ ਹੈ। ਅਜਿਹਾ ਅਨੁਭਵ ਉਦੋਂ ਹੀ ਹੁੰਦਾ ਹੈ ਜਦੋਂ ਮਨੁੱਖ ਨੂੰ ਪਰਮਾਤਮ-ਜੋਤਿ ਦੀ ਸਾਰੇ ਪਾਸੇ ਜਲ, ਥਲ ਅਤੇ ਸਾਰੀ ਰਚਨਾ ਵਿਚ ਵਿਆਪਕਤਾ ਦ੍ਰਿਸ਼ਟੀਗੋਚਰ ਹੁੰਦੀ ਹੈ,
ਕਰਿ ਕਿਰਪਾ ਦੀਓ ਮੋਹਿ ਨਾਮਾ
ਬੰਧਨ ਤੇ ਛੁਟਕਾਏ॥
ਮਨ ਤੇ ਬਿਸਰਿਓ ਸਗਲੋ ਧੰਧਾ
ਗੁਰ ਕੀ ਚਰਣੀ ਲਾਏ॥1॥
ਸਾਧਸੰਗਿ ਚਿੰਤ ਬਿਰਾਨੀ ਛਾਡੀ॥
ਅਹੰਬੁਧਿ ਮੋਹਿ ਮਨ ਬਾਸਨ ਦੇ
ਕਰਿ ਗਡਹਾ ਗਾਡੀ॥1॥ਰਹਾਉ॥
ਨਾ ਕੋ ਮੇਰਾ ਦੁਸਮਨੁ ਰਹਿਆ
ਨਾ ਹਮ ਕਿਸ ਕੇ ਬੈਰਾਈ॥
ਬ੍ਰਹਮੁ ਪਸਾਰੁ ਪਸਾਰਿਓ ਭੀਤਰਿ
ਸਤਿਗੁਰ ਤੇ ਸੋਝੀ ਪਾਈ॥2॥
ਸਭੁ ਕੋ ਮੀਤ ਹਮ ਆਪਨ ਕੀਨਾ
ਹਮ ਸਭਨਾ ਕੇ ਸਾਜਨ॥
ਦੂਰਿ ਪਰਾਇਓ ਮਨ ਕਾ ਬਿਰਹਾ
ਤਾ ਮੇਲੁ ਕੀਓ ਮੇਰੈ ਰਾਜਨ॥3॥
ਬਿਨਸਿਓ ਢੀਠਾ ਅੰਮ੍ਰਿਤੁ ਵੂਠਾ
ਸਬਦੁ ਲਗੋ ਗੁਰ ਮੀਠਾ॥
ਜਲਿ ਥਲਿ ਮਹੀਅਲਿ ਸਰਬ ਨਿਵਾਸੀ
ਨਾਨਕ ਰਮਈਆ ਡੀਠਾ॥4॥3॥ (ਪੰਨਾ 671)
ਇਸੇ ਸਿਧਾਂਤ ਨੂੰ ਗੁਰੂ ਅਰਜਨ ਦੇਵ ਵਾਰ ਵਾਰ ਦ੍ਰਿੜ ਕਰਾਉਂਦੇ ਹੋਏ ਰਾਗ ਕਾਨੜਾ ਵਿਚ (ਪੰਨਾ 1299) ਫਰਮਾਉਂਦੇ ਹਨ ਕਿ ਗੁਰੂ ਦੀ ਸੰਗਤਿ ਪ੍ਰਾਪਤ ਕਰਨ ਨਾਲ ਮਨੁੱਖ ਦੇ ਮਨ ਵਿਚੋਂ ਦੂਸਰਿਆਂ ਪ੍ਰਤੀ ਈਰਖਾ ਭਾਵਨਾ, ਦੂਸਰਿਆਂ ਨੂੰ ਸੁਖੀ ਦੇਖ ਕੇ ਮਨ ਅੰਦਰੋਂ ਸੜਨ ਦੀ ਭਾਵਨਾ ਖਤਮ ਹੋ ਜਾਂਦੀ ਹੈ। ਇਹ ਮਾੜੀ ਆਦਤ ਗੁਰੂ ਦੀ ਸੰਗਤਿ ਵਿਚ ਛੁੱਟ ਜਾਂਦੀ ਹੈ, ਭੁੱਲ ਜਾਂਦੀ ਹੈ (ਜਦੋਂ ਮਨੁੱਖ ਦੇ ਮਨ ਵਿਚੋਂ ਅਜਿਹੀ ਭਾਵਨਾ ਖਤਮ ਹੋ ਜਾਂਦੀ ਹੈ ਤਾਂ ਕੁਦਰਤੀ ਹੈ ਕਿ ਮਨ ਦੂਸਰਿਆਂ ਪ੍ਰਤੀ ਸਾਫ ਹੋ ਜਾਂਦਾ ਹੈ)। ਜਦੋਂ ਮਨ ਸਾਫ ਹੋ ਜਾਂਦਾ ਹੈ ਤਾਂ ਮਨ ਵਿਚੋਂ ਹਰ ਤਰ੍ਹਾਂ ਦਾ ਵੈਰ-ਵਿਰੋਧ ਖ਼ਤਮ ਹੋ ਜਾਂਦਾ ਹੈ। ਫਿਰ ਨਾ ਇਨਸਾਨ ਨੂੰ ਆਪਣਾ ਕੋਈ ਵੈਰੀ ਲਗਦਾ ਹੈ ਅਤੇ ਨਾ ਹੀ ਓਪਰਾ ਲਗਦਾ ਹੈ ਅਰਥਾਤ ਸਾਰਿਆਂ ਨਾਲ ਆਪਣੇਪਨ ਦੀ ਭਾਵਨਾ ਪੈਦਾ ਹੋ ਜਾਂਦੀ ਹੈ, ਅਪਣੱਤ ਜਾਗ ਪੈਂਦੀ ਹੈ। ਜਦੋਂ ਕਿਸੇ ਨਾਲ ਵੈਰ ਹੀ ਨਾ ਰਿਹਾ ਫਿਰ ਸਭਨਾਂ ਨਾਲ ਪਿਆਰ ਬਣ ਆਉਂਦਾ ਹੈ। ਇਸ ਤਰ੍ਹਾਂ ਦੀ ਚੇਤਨਾ ਪੈਦਾ ਹੋਣ ਨਾਲ ਪਰਮਾਤਮਾ ਦੇ ਭਾਣੇ ਵਿਚ ਚੱਲਣ ਦੀ ਜਾਚ ਆ ਜਾਂਦੀ ਹੈ ਅਤੇ ਪਰਮਾਤਮਾ ਜੋ ਕੁੱਝ ਕਰਦਾ ਹੈ, ਉਸ ਵਿਚ ਜੀਵਾਂ ਦਾ ਭਲਾ ਹੀ ਨਜ਼ਰ ਆਉਂਦਾ ਹੈ। ਇਸ ਕਿਸਮ ਦੀ ਚੰਗੀ ਅਕਲ (ਦੂਸਰਿਆਂ ਪ੍ਰਤੀ ਈਰਖਾ, ਦਵੈਸ਼, ਵੈਰ-ਵਿਰੋਧ ਤੋਂ ਮੁਕਤ ਹੋਣਾ) ਗੁਰੂ ਦੀ ਸਿੱਖਿਆ ਵਿਚੋਂ ਪ੍ਰਾਪਤ ਹੁੰਦੀ ਹੈ। ਸਾਧ ਸੰਗਤਿ ਨਾਲ ਮਿਲਿਆਂ ਇਹ ਸੋਝੀ ਪੈਦਾ ਹੁੰਦੀ ਹੈ ਕਿ ਹਰ ਇੱਕ ਵਿਚ ਉਹ ਪਰਮਾਤਮ-ਜੋਤਿ ਜਗ ਰਹੀ ਹੈ, ਉਹ ਹਰ ਇੱਕ ਵਿਚ ਵੱਸ ਰਿਹਾ ਹੈ। ਇਹ ਸੋਚ ਜਦੋਂ ਪੈਦਾ ਹੋ ਜਾਂਦੀ ਤਾਂ ਮਨ ਅਨੰਦਿਤ ਹੋ ਜਾਂਦਾ ਹੈ।
ਸਿੱਖ ਧਰਮ ਚਿੰਤਨ ਇੱਕ ਜੀਵਨ-ਜਾਚ ਹੈ ਜੋ ਮਨੁੱਖ ਨੂੰ ਦੱਸਦਾ ਹੈ ਕਿ ਬਾਣੀ ਵਿਚ ਦੱਸੇ ਸਿਧਾਂਤਾਂ ਨੁੰ ਦੁਨੀਆਂ ਵਿਚ ਰਹਿੰਦਿਆਂ ਅਮਲੀ ਰੂਪ ਕਿਸ ਤਰ੍ਹਾਂ ਦੇਣਾ ਹੈ, ਕਿਵੇਂ ਉਨ੍ਹਾਂ ਦਾ ਅਨੁਭਵ ਕਰਨਾ ਹੈ। ਇਸ ਆਦਰਸ਼ ਦੀ ਪ੍ਰਾਪਤੀ ਲਈ ਗੁਰੂ ਨਾਨਕ ਪਾਤਸ਼ਾਹ ਨੇ ਕਿਰਤ ਕਰਨ, ਵੰਡ ਛਕਣ ਅਤੇ ਨਾਮ ਜਪਣ ਦਾ ਅਮਲੀ ਰਸਤਾ ਦੱਸਿਆ। ਜਦੋਂ ਮਨੁੱਖ ਆਪਣੇ ਹੱਥੀਂ ਸੁੱਚੀ, ਈਮਾਨਦਾਰੀ ਦੀ ਕਿਰਤ ਕਰ ਕੇ ਆਪਣਾ ਜੀਵਨ ਨਿਰਬਾਹ ਕਰਦਾ ਹੈ ਤਾਂ ਦੂਸਰਿਆਂ ਦੇ ਸੋਸ਼ਣ ਦੀ ਸੰਭਾਵਨਾ ਖਤਮ ਹੋ ਜਾਂਦੀ ਹੈ। ਵੰਡ ਛਕਣ ਦਾ ਅਰਥ ਹੈ ਕਿ ਆਪਣੀ ਕਿਰਤ ਕਮਾਈ ਵਿਚੋਂ ਲੋੜਵੰਦਾਂ ਦੀ ਮੱਦਦ ਕਰਨਾ। ਇਸ ਨਾਲ ਦੂਸਰਿਆਂ ਪ੍ਰਤੀ ਹਮਦਰਦੀ ਅਤੇ ਪ੍ਰੇਮ ਦੀ ਭਾਵਨਾ ਪੈਦਾ ਹੁੰਦੀ ਹੈ ਅਤੇ ਵੈਰ-ਵਿਰੋਧ, ਦਵੈਤ ਦੀ ਭਾਵਨਾ ਮਨ ਵਿਚੋਂ ਦੂਰ ਹੁੰਦੀ ਹੈ। ਤੀਸਰਾ ਹੈ, ਨਾਮ ਜਪਣਾ। ਨਾਮ ਜਪਣਾ ਕੋਈ ਤੋਤੇ-ਰਟਣੀ ਨਹੀਂ (ਜਿਵੇਂ ਅੱਜ ਕਲ੍ਹ ਸੰਤ-ਬਾਬੇ ਜਪਣ ਲਈ ਗੁਰਮੰਤਰ ਦਿੰਦੇ ਹਨ)। ਨਾਮ ਜਪਣ ਦਾ ਅਰਥ ਹੈ ਉਸ ਅਕਾਲ ਪੁਰਖ ਦੇ ਗੁਣਾਂ ਦਾ ਵਾਰ ਵਾਰ ਸਿਮਰਨ ਕਰਨਾ ਅਤੇ ਮਨ ਵਿਚ ਵਸਾਉਣਾ। ਜਦੋਂ ਮਨੁੱਖ ਕਿਸੇ ਗੁਣ ਨੁੰ ਵਾਰ ਵਾਰ ਯਾਦ ਕਰਦਾ ਹੈ ਤਾਂ ਉਹ ਉਸ ਦੇ ਮਨ ਵਿਚ ਵੱਸ ਜਾਂਦਾ ਹੈ ਅਤੇ ਉਸ ਦੇ ਵਿਅਕਤਿਤਵ ਦਾ ਹਿੱਸਾ ਬਣ ਜਾਂਦਾ ਹੈ। ਇਹ ਸਿਧਾਂਤ ਜੀਵਾਂ ਨੂੰ ਆਪਸ ਵਿਚ ਜੋੜਦਾ ਹੈ, ਉਨ੍ਹਾਂ ਦੇ ਅੰਦਰੋਂ ਵੈਰ-ਵਿਰੋਧ ਨੂੰ ਖ਼ਤਮ ਕਰਦਾ ਹੈ।
ਗੁਰੂ ਸਾਹਿਬ ਨੇ ਇਸ ਸਿਧਾਂਤ ਦਾ ਉਦੋਂ ਅਮਲੀ ਪ੍ਰਕਾਸ਼ਨ ਕੀਤਾ ਜਦੋਂ ਚਾਰੇ ਦਿਸ਼ਾਵਾਂ ਵਿਚ ਚਾਰ ਉਦਾਸੀਆਂ ਕਰਨ ਤੋਂ ਬਾਅਦ ਉਨ੍ਹਾਂ ਨੇ ਕਰਤਾਰਪੁਰ ਵਿਖੇ ਟਿਕਾਣਾ ਕੀਤਾ। ਗੁਰੂ ਨਾਨਕ ਸਾਹਿਬ ਆਪ ਖੇਤਾਂ ਵਿਚ ਕੰਮ ਕਰਦੇ, ਸਭ ਲਈ ਸਾਂਝਾ ਲੰਗਰ ਤਿਆਰ ਹੁੰਦਾ ਅਤੇ ਸਵੇਰੇ ਸ਼ਾਮ ਨਾਮ-ਬਾਣੀ ਦਾ ਪਰਵਾਹ ਚੱਲਦਾ, ਕੀਰਤਨ ਹੁੰਦਾ। ਇਸ ਸਿਧਾਂਤ ਨੁੰ ਦ੍ਰਿੜ ਕਰਾਉਣ ਲਈ ਸੰਗਤਿ ਅਤੇ ਪੰਗਤਿ ਦੀ ਸੰਸਥਾ ਕਾਇਮ ਕੀਤੀ ਗਈ। ਸੰਗਤਿ ਦਾ ਅਰਥ ਹੈ, ਹਰ ਤਰ੍ਹਾਂ ਦੀ ਊਚ-ਨੀਚ, ਛੋਟੇ-ਬੜੇ, ਇਸਤਰੀ-ਪੁਰਸ਼, ਨਸਲ, ਸਥਾਨ, ਜਾਤਿ-ਪਾਤਿ ਦੇ ਵਿਤਕਰਿਆਂ ਨੂੰ ਮਨ ਵਿਚੋਂ ਕੱਢ ਕੇ, ਇਕੱਠੇ ਹੋ ਕੇ ਨਾਮ ਬਾਣੀ ਦਾ ਸਿਮਰਨ ਕਰਨਾ, ਕੀਰਤਨ ਕਰਨਾ, ਗੁਰੂ ਦੀ ਸਿੱਖਿਆ ਨੂੰ ਗ੍ਰਹਿਣ ਕਰਨਾ। ਪੰਗਤਿ ਦਾ ਅਰਥ ਹੈ ਸਾਰੇ ਵਿਤਕਰੇ ਮਿਟਾ ਕੇ ਸਾਂਝੇ ਤੌਰ ‘ਤੇ ਲੰਗਰ ਵਿਚ ਸੇਵਾ ਕਰਨੀ ਅਤੇ ਇਕੱਠੇ ਪੰਗਤਿ ਵਿਚ ਬੈਠ ਕੇ ਪਰਸ਼ਾਦਾ ਛਕਣਾ। ਗੁਰੂ ਅਮਰਦਾਸ ਨੇ ਇਸ ਸੰਸਥਾ ਨੂੰ ਏਨਾ ਮਜ਼ਬੂਤ ਕੀਤਾ ਕਿ ਉਨ੍ਹਾਂ ਨੇ ਆਦੇਸ਼ ਕਰ ਦਿੱਤਾ ਕਿ ਜੋ ਕੋਈ ਵੀ ਗੁਰੂ ਦੇ ਦਰਸ਼ਨ ਕਰਨ ਆਵੇ, ਸੰਗਤਿ ਕਰਨ ਆਵੇ ਉਹ ਪਹਿਲਾਂ ਪੰਗਤਿ ਵਿਚ ਬੈਠ ਕੇ ਲੰਗਰ ਛਕੇ। ਹਿੰਦੁਸਤਾਨੀ ਸਮਾਜ ਵਿਚ ਜਾਤਿ-ਪਾਤਿ ਰਾਹੀਂ ਪੈਦਾ ਹੋਏ ਊਚ-ਨੀਚ ਦੇ ਕਠੋਰ ਸਿਲਸਿਲੇ ਨੂੰ ਖ਼ਤਮ ਕਰਨ ਦਾ ਇਹ ਇੱਕ ਅਮਲੀ ਅਤੇ ਸਮਰੱਥ ਸਾਧਨ ਹੈ।
ਗੁਰਮਤਿ ਦੇ ਇਸ ਪ੍ਰਚਾਰ ਲਈ ਗੁਰੂ ਅਮਰਦਾਸ ਨੇ ਮੁਲਕ ਦੇ ਵੱਖ ਵੱਖ ਹਿੱਸਿਆਂ ਵਿਚ ਕੇਂਦਰ ਸਥਾਪਤ ਕੀਤੇ ਜਿਨ੍ਹਾਂ ਨੂੰ ਮੰਜੀਆਂ ਕਿਹਾ ਜਾਂਦਾ ਸੀ। ਗੁਰੂ ਘਰ ਵਿਚ ਹਰ ਕਿਸੇ ਨੂੰ ਬਿਨਾ ਕਿਸੇ ਧਾਰਮਕ, ਜਾਤ-ਪਾਤ, ਨਸਲ ਆਦਿ ਦੇ ਵਖਰੇਵੇਂ ਦੇ ਆਉਣ ਦੀ ਖੁਲ੍ਹ ਦਿੱਤੀ। ਗੁਰੂ ਸਾਹਿਬ ਨੇ ਸੰਗਤੀ ਮਾਡਲ ਸੰਸਾਰਕ ਭਾਈਚਾਰਕ ਸਾਂਝ ਅਤੇ ਆਪਸੀ ਪਿਆਰ ਨੁੰ ਵਧਾਉਣ ਵਾਸਤੇ ਦਿੱਤਾ। ਇਕੱਠਿਆਂ ਹੋ ਕੇ ਅਰਦਾਸ ਕਰਨੀ, ਨਾਮ ਜਪਣਾ, ਸੇਵਾ ਕਰਨੀ, ਲੋੜਵੰਦਾਂ ਦੀ ਸਹਾਇਤਾ ਬਿਨਾਂ ਕਿਸੇ ਵਿਤਕਰੇ ਦੇ ਕਰਨੀ, ਇਹ ਸਭ ਮਨੁੱਖੀ ਸਾਂਝ ਨੂੰ ਮਜ਼ਬੂਤ ਕਰਨ ਦੇ ਵਸੀਲੇ ਹਨ। ਪਰ ਅੱਜ ਗੁਰੂ ਦੀ ਸਿੱਖਿਆ ਨੂੰ ਭੁਲਾ ਕੇ ਕੁਰਾਹੇ ਪਿਆ ਮਨੁੱਖ ਪ੍ਰਬੰਧ ਦੇ ਨਾਂ ਹੇਠ ਲੜ ਰਿਹਾ ਹੈ। ਸਿੱਖ ਗੁਰੂ ਦੀ ਹਾਜ਼ਰੀ ਵਿਚ ਪੱਗੋ-ਲੱਥੀ ਹੋਣ ਤੋਂ ਵੀ ਗੁਰੇਜ਼ ਨਹੀਂ ਕਰਦਾ। ਦੂਸਰਿਆਂ ਨਾਲ ਤਾਂ ਦਵੈਤ-ਭਾਵ ਕੀ ਖ਼ਤਮ ਕਰਨਾ ਹੈ, ਆਪਸ ਵਿਚ ਹੀ ਵੈਰ-ਵਿਰੋਧ ਸਾਰੇ ਹੱਦਾਂ ਬੰਨੇ ਟੱਪ ਗਿਆ ਹੈ। ਇਹ ਸਭ ਮਾਇਆ ਕਾਰਨ ਹੈ ਜਿਸ ਤੋਂ ਗੁਰੂ ਸਾਹਿਬ ਨੇ ਵਾਰ ਵਾਰ ਸੁਚੇਤ ਕੀਤਾ ਹੈ। ਕਾਮ, ਕ੍ਰੋਧ, ਲੋਭ, ਮੋਹ ਅਤੇ ਹਉਮੈ ਆਦਿ ਵਿਕਾਰਾਂ ਨੇ ਮਨ ਨੂੰ ਗੁਮਰਾਹ ਕਰ ਦਿੱਤਾ ਹੈ ਜਿਸ ਕਰਕੇ ਆਪਣੇ ਸਵਾਰਥ ਤੋਂ ਬਿਨਾਂ ਮਨੁੱਖ ਨੂੰ ਹੋਰ ਕੁਝ ਨਜ਼ਰ ਨਹੀਂ ਆਉਂਦਾ। ਇਸ ਦਾ ਵੱਡਾ ਕਾਰਨ ਧਰਮ ਉਤੇ ਰਾਜਨੀਤੀ ਦਾ ਕਾਬਜ ਹੋ ਜਾਣਾ ਹੈ। ਇਹ ਮੀਰੀ ਪੀਰੀ ਦੇ ਸਿਧਾਂਤ ਦੀ ਉਲਟ ਦਿਸ਼ਾ ਵਿਚ ਵਰਤੋਂ ਹੈ ਅਰਥਾਤ ਬਜਾਇ ਇਸ ਦੇ ਕਿ ਮੀਰੀ ਅਰਥਾਤ ਰਾਜਨੀਤੀ ਪੀਰੀ ਅਰਥਾਤ ਧਰਮ ਤੋਂ ਅਗਵਾਈ ਲਵੇ, ਰਾਜਨੀਤੀ ਧਰਮ ‘ਤੇ ਭਾਰੂ ਹੋ ਗਈ ਹੈ। ਧਰਮ ਦੀ ਰਾਜਨੀਤੀ ਦੁਰਵਰਤੋਂ ਕਰ ਰਹੀ ਹੈ। ਲੋਕਾਂ ਦੇ ਧਾਰਮਕ ਜਜ਼ਬਾਤਾਂ ਦੀ ਗਲਤ ਵਰਤੋਂ ਕਰਕੇ ਆਪਣੇ ਸਵਾਰਥ ਲਈ ਸੋæਸ਼ਣ ਕਰ ਰਹੀ ਹੈ। ਧਾਰਮਕ ਪੈਸਾ ਗ਼ਰੀਬ ਦੀ ਭਲਾਈ ਹਿਤ ਖਰਚਣ ਦੀ ਥਾਂ ਰਾਜਨੀਤਕ ਹਿਤਾਂ ਦੀ ਪੂਰਤੀ ਲਈ ਖਰਚ ਕੀਤਾ ਜਾ ਰਿਹਾ ਹੈ। ਗੁਰੂ ਘਰ ਨੇ ਤਾਂ ਸਿੱਖ ਨੂੰ ਜੋੜਨਾ ਹੈ ਪਰ ਸਿੱਖ ਨੇ ਗੁਰੂ ਦੇ ਸਿਧਾਂਤਾਂ ਵੱਲ ਪਿੱਠ ਕਰਦਿਆਂ ਹੋਇਆਂ ਗੁਰੂ ਘਰ ਦੀ ਹੀ ਵੰਡ ਪਾ ਲਈ ਹੈ। ਅੱਜ ਹਰ ਭਾਈਚਾਰੇ ਦੇ ਨਾਂ ‘ਤੇ ਅਲੱਗ ਅਲੱਗ ਗੁਰਦੁਆਰਾ ਬਣ ਗਿਆ ਹੈ। ਇਸ ਰੁਝਾਨ ਨੇ ਸੰਸਾਰਕ ਭਾਈਚਾਰਾ ਸਥਾਪਤ ਕਰਨ ਦੀ ਥਾਂ ਸਿੱਖ ਨੂੰ ਹੀ ਸਿੱਖ ਨਾਲੋਂ ਨਿਖੇੜ ਦਿੱਤਾ ਹੈ।
Leave a Reply