ਉਰਦੂ ਕਹਾਣੀ ‘ਸੁੱਕਿਆ ਪੱਤਾ’ ਅਸਲ ਵਿਚ ਵਹਿਮਾਂ ਦੀ ਵੇਲ ਦੀ ਭੇਟ ਚੜ੍ਹੇ ਸੋਹਣੇ ਤੇ ਮਲੂਕ ਫੁੱਲਾਂ ਦੀ ਗਾਥਾ ਹੈ। ਕਹਾਣੀ ਦੇ ਪਾਤਰਾਂ ਦੀ ਬੇਵਸੀ ਇੰਨੀ ਜ਼ਿਆਦਾ ਹੈ ਕਿ ਪੱਥਰ ਵੀ ਪਾਟ ਜਾਵਣ। ਲੇਖਕਾ ਕਮਲੇਸ਼ ਬਖ਼ਸ਼ੀ ਨੇ ਇਸ ਬੇਵਸੀ ਵਿਚੋਂ ਆਖਰਕਾਰ ਉਗ ਰਹੀ ਜ਼ਿੰਦਗੀ ਦੀ ਕਰੂੰਬਲ ਦੇ ਦੀਦਾਰ ਕਰਵਾਏ ਹਨ। ਇਸ ਕਹਾਣੀ ਦਾ ਤਰਜਮਾ ਸੁਰਜੀਤ ਸਿੰਘ ਪੰਛੀ ਨੇ ਕੀਤਾ ਹੈ।
-ਸੰਪਾਦਕ
ਕਮਲੇਸ਼ ਬਖ਼ਸ਼ੀ
ਤਰਜਮਾ: ਸੁਰਜੀਤ ਸਿੰਘ ਪੰਛੀ
ਨੀਰਜਾ ਦੀ ਗੱਲ ਕਿਤੇ ਚੱਲ ਰਹੀ ਸੀ। ਮਾਂ ਚਾਹੁੰਦੀ ਸੀ, “ਹੁਣ ਏਥੇ ਲੜਕੀ ਨਹੀਂ ਦਿਖਾਵਾਂਗੇ। ਕਿਤੇ ਹੋਰ ਜਾ ਕੇ ਦਿਖਾ ਦਿਆਂਗੇ।”
“ਇਹ ਕਿਵੇਂ ਹੋਊਗਾ ਮਾਂ, ਆਖਰ ਘਰ ਦਾ ਪਤਾ, ਪਿਤਾ ਦਾ ਨਾਂ, ਸਭ ਕੁਝ ਤਾਂ ਦੱਸਣਾ ਪੈਂਦਾ ਹੈ, ਕਿਤੇ ਕੁਝ ਛੁਪ ਸਕਦਾ ਹੈ। ਸਾਨੂੰ ਡਰ ਕੀ ਐ। ਆਪਾਂ ਨੇ ਚੋਰੀ ਤਾਂ ਨਹੀਂ ਕੀਤੀ, ਖੂਨ ਤਾਂ ਨਹੀਂ ਕੀਤਾ।” ਮਾਂ ਨੂੰ ਸਮਝਾਉਂਦਿਆਂ ਪੁੱਤਰ ਕਹਿ ਰਿਹਾ ਸੀ, “ਮਾਂ ਅੱਜ ਕੱਲ੍ਹ ਪੜ੍ਹਾਈ ਲਿਖਾਈ ਐਨੀ ਵਧ ਗਈ ਐ, ਬੰਬਈ ਵਰਗੇ ਸ਼ਹਿਰ ਵਿਚ ਤੂੰ ਕੀ ਸੋਚਦੀ ਐਂ ਸਾਰੇ ਆਪਾ-ਪੂਜਕ ਨੇ। ਕੀ ਲੋਕਾਂ ਦਾ ਨੁਕਸਾਨ ਨਹੀਂ ਹੁੰਦਾ, ਰਾਤ ਦਾ ਰਾਜਾ ਸਵੇਰੇ ਗਰੀਬ ਹੋ ਜਾਂਦਾ ਹੈ। ਫਰਕ ਐਨਾ ਹੈ, ਕੁਝ ਸਹਿ ਲੈਂਦੇ ਨੇ, ਕੁਝ ਨਹੀਂ। ਪਾਪਾ ਦਿਲ ਨਾਲ ਧੱਕਾ ਨਾ ਸਹਿ ਸਕੇ। ਲੜਕੀ ਦੇ ਜਨਮ ਨਾਲ ਨੁਕਸਾਨ ਜੋੜਨਾ! ਨੁਕਸਾਨ ਤਾਂ ਹੋਣਾ ਹੀ ਸੀ, ਨੀਰੂ ਪੈਦਾ ਹੁੰਦੀ ਜਾਂ ਨਾ ਹੁੰਦੀ।”
“ਪੁੱਤਰਾ, ਦੁਨੀਆਂ ਬੁਰੀ ਐ, ਕਿਸੇ ਦਾ ਭਲਾ ਨਹੀਂ ਦੇਖ ਸਕਦੀ। ਲੜਕਾ ਜੋ ਵੀ ਆਉਂਦੈ? ਨੀਰੂ ਦੀ ਸੁੰਦਰਤਾ ‘ਤੇ ਮਰ ਜਾਂਦੈ। ਜਦੋਂ ਗੁਆਂਢੀ ਤੋਂ ਲੜਕੀ ਬਾਰੇ ਪੁੱਛਗਿੱਛ ਕਰਦੇ ਨੇ, ਤਾਂ ਪਿੱਛੇ ਮੁੜ ਕੇ ਨਹੀਂ ਦੇਖਦੇ। ਪੈਦਾ ਹੋਈ ਤਾਂ ਲੱਖਾਂ ਦਾ ਨੁਕਸਾਨ ਹੋਇਆ। ਪਿਤਾ ਨੇ ਜ਼ਹਿਰ ਖਾ ਲਿਆ। ਪੰਜ ਸਾਲ ਦੀ ਸੀ, ਤਾਂ ਮਾਂ ਅਪਾਹਜ ਹੋ ਗਈ। ਘਰ ਹੀ ਉਜਾੜ ਦਿੱਤਾ। ਸਹੁਰੇ ਜਾਊਗੀ ਤਾਂ ਏਹੀ ਹੋਊ। ਇਸ ਦੀ ਜਨਮ ਪੱਤਰੀ ਵਿਚ ਵੀ ਲਿਖਿਐ।”
“ਲੋਕ ਦੋ ਗੱਲਾਂ ਹੋਰ ਜੋੜ ਦਿੰਦੇ ਨੇ ਮਾਂæææ।”
ਨੀਰੂ ਸੋਚਦੀ ਰਹਿੰਦੀ, “ਅਜਿਹੇ ਕਿਹੜੇ ਪਾਪ ਕੀਤੇ ਸੀ, ਜਿਹੜੇ ਇਸ ਜਨਮ ਵਿਚ ਭੋਗ ਰਹੀ ਹਾਂ। ਕਿਸ ਦੀ ਦੁਰਅਸੀਸ ਐ।” ਜਨਮ ਹੁੰਦਿਆਂ ਹੀ ਕਿਹੜੇ ਸਿਤਾਰੇ ਦਾ ਪਰਛਾਵਾਂ ਇਸ ‘ਤੇ ਪੈ ਗਿਆ ਸੀ। ਇਸ ਨੇ ਬਾਪ ਦੀ ਸੂਰਤ ਵੀ ਨਹੀਂ ਦੇਖੀ। ਇਸ ਦੇ ਜਨਮ ਦਾ, ਨੁਕਸਾਨ ਤੇ ਆਤਮ-ਹੱਤਿਆ ਨਾਲ ਕੀ ਸਬੰਧ ਹੈ। ਉਦੋਂ ਤਾਂ ਉਹ ਪੰਜ ਮਹੀਨਿਆਂ ਦੀ ਹੋ ਗਈ ਸੀ। ਨੁਕਸਾਨ ਵੀ ਮਿੱਤਰ ਦੇ ਧੋਖੇ ਨਾਲ ਹੋਇਆ ਸੀ। ਏਨੇ ਵੱਡੇ ਨੁਕਸਾਨ ਤੋਂ ਘਬਰਾ ਕੇ ਪਿਤਾ ਨੇ ਆਤਮ-ਹੱਤਿਆ ਕਰ ਲਈ ਸੀ। ਉਹ ਏਨੇ ਨਿਤਾਣੇ ਕਿਉਂ ਬਣ ਗਏ? ਇਹ ਤਾਂ ਨਹੀਂ ਸੀ ਕਿ ਕੁਝ ਵੀ ਨਹੀਂ ਬਚਿਆ ਸੀ। ਇਸ ਤੋਂ ਪਿਛੋਂ ਵੀ ਤਾਂ ਪੱਚੀ ਸਾਲ ਘਰ ਦਾ ਖਰਚ ਚੱਲ ਰਿਹਾ ਹੈ। ਭਰਾ ਤਾਂ ਹੁਣੇ-ਹੁਣੇ ਨੌਕਰੀ ‘ਤੇ ਲੱਗਿਆ ਹੈ। ਘਰ ਹੈ, ਲੂਣ ਮਿਰਚ ਹੈ। ਪੈਸਾ ਤਾਂ ਆਉਂਦਾ ਹੀ ਰਿਹਾ ਹੈ। ਉਸ ਨੂੰ ਯਾਦ ਹੈ, ਉਸ ਦੀ ਮਾਂ ਸਦਾ ਚੁੱਪ ਹੈ, ਗੁਆਚੀ-ਗੁਆਚੀ। ਹੱਥ ਤਾਂ ਵਧਦੇ ਸੀ, ਪਰ ਮਾਂ ਨੇ ਕਲੇਜੇ ਨਾਲ ਕਦੇ ਨਹੀਂ ਲਾਇਆ। ਅੱਖਾਂ ਸਿੱਲ੍ਹੀਆਂ ਰਹਿੰਦੀਆਂ। ਗੁਆਂਢ ਨਾਲ ਕੋਈ ਸਬੰਧ ਨਹੀਂ ਸੀ। ਇਕੱਲੀ ਘਰ ਦੀਆਂ ਕੰਧਾਂ ਨਾਲ ਟੱਕਰਾਂ ਮਾਰਦੀ ਰਹਿੰਦੀ। ਵੱਡੀ ਹੁੰਦਿਆਂ, ਇਸ ਨੂੰ ਕਈ ਵਾਰ ਮਾਂ ਦੀਆਂ ਅੱਖਾਂ ਵਿਚ ਲੱਗਦਾ, “ਇਹ ਬਦਕਿਸਮਤ ਪੈਦਾ ਹੋਈ ਨ੍ਹੀਂ, ਸੁਹਾਗ ਉਜੜ ਗਿਆ।” ਇਹ ਉਸ ਦਾ ਵਹਿਮ ਸੀ ਜਾਂ ਮਾਂ ਦੇ ਦਿਲ ਦੀ ਹਾਲਤ ਅੱਖਾਂ ਵਿਚ ਆ ਜਾਂਦੀ ਸੀ। ਉਸ ਨੂੰ ਯਾਦ ਹੈ ਕਿ ਇਕ ਵਾਰ, ਰੰਜਨ ਵੀਰ ਨਾਲ ਝਗੜਾ ਹੋ ਗਿਆ ਸੀ। ਉਹਨੇ ਥੱਪੜ ਮਾਰਦਿਆਂ ਕਿਹਾ ਸੀ, “ਕਲਮੂੰਹੀਂ!”
ਇਹ ਸੁਣਦਿਆਂ ਹੀ ਮਾਂ ਨੇ ਰੰਜਨ ਨੂੰ ਬਹੁਤ ਮਾਰਿਆ ਸੀ। ਉਸ ਨੂੰ ਸੀਨੇ ਨਾਲ ਲਾ ਲਿਆ ਸੀ, “ਕਦੇ ਵੀ ਕੁਝ ਨਹੀਂ ਕਹਿਣਾ, ਰੰਜਨ ਕਦੇ ਵੀ ਨਹੀਂ।”
“ਬਾਹਰ ਸਾਰੇ ਕਹਿੰਦੇ ਨੇ।” ਰੰਜਨ ਨੇ ਕਿਹਾ ਸੀ।
“ਤੂੰ ਤਾਂ ਨਾ ਕਹਿ, ਹੋਣੀ ਨੂੰ ਕੌਣ ਟਾਲ ਸਕਿਆ। ਫਿਰ ਇਸ ਦਾ ਕੀ ਕਸੂਰ?”
ਮਾਂ ਰੋਣ ਲੱਗੀ ਸੀ, ਉਹ ਵੀ, ਰੰਜਨ ਵੀ; ਤਿੰਨੇ ਰੋਂਦੇ ਰਹੇ। ਇਕ ਦੂਜੇ ਨਾਲ ਚਿੰਮੜੇ ਹੋਏ।
ਇਸ ਪਿਛੋਂ ਕਦੇ ਵੀ ਦੋਵਾਂ ਵਿਚ ਲੜਾਈ ਨਾ ਹੋਈ। ਯਾਦ ਹੀ ਨਹੀਂ, ਕਦੇ ਉੱਚਾ-ਨੀਵਾਂ ਬੋਲੇ ਹੋਈਏ।
ਫਿਰ ਵੀ ਮਾਂ ਦੀਆਂ ਅੱਖਾਂ ਤੋਂ ਅਜਿਹਾ ਕਿਉਂ ਲੱਗਦਾ ਹੈ, ਜਿਵੇਂ ਉਨ੍ਹਾਂ ਵਿਚ ਘ੍ਰਿਣਾ ਹੋਵੇ। ਬਾਹਰ ਉਹ ਵੀ ਘੱਟ ਹੀ ਜਾਂਦੀ ਸੀ। ਘਰ ਤੇ ਮਾਤਮੀ ਵਾਤਾਵਰਣ ਵਿਚ ਉਸ ਦੀ ਵਿੱਦਿਆ ਵੱਲ ਵੀ ਕੋਈ ਧਿਆਨ ਨਹੀਂ ਦਿੱਤਾ ਗਿਆ। ਉਹ ਪਤਲੀ ਪਤੰਗ ਕੁੜੀ ਵਾਂਗ ਪਲਦੀ ਰਹੀ। ਗੁਆਂਢ ਵਿਚ ਮੀਨਾ ਕਾਕੀ ਸੀ ਜਿਹੜੀ ਉਸ ਨਾਲ ਪਿਆਰ ਨਾਲ ਗੱਲਾਂ ਕਰਦੀ ਸੀ। ਉਸ ਨੂੰ ਦੂਜੀ ਥਾਂ ਜਾਣ ਤੋਂ ਡਰ ਲੱਗਾ ਰਹਿੰਦਾ ਸੀ। ਕਿਤੇ ਬੁਰਾ ਹੋ ਗਿਆ ਤਾਂ ਕਹਿਣਗੇ, “ਉਹ ਆਈ ਸੀ, ਉਸ ਦੇ ਪੈਰ ਹੀ ਅਜਿਹੇ ਹਨ।” ਸੱਚ ਤਾਂ ਇਹ ਸੀ ਕਿ ਇਸ ਨੂੰ ਕੋਈ ਬੁਲਾਉਂਦਾ ਹੀ ਨਹੀਂ ਸੀ। ਕੇਵਲ ਮੀਨਾ ਕਾਕੀ ਹੀ ਇਸ ਦੀ ਬਾਹਰ ਦੀ ਦੁਨੀਆਂ ਸੀ। ਉਸ ਨੇ ਇਸ ਨੂੰ ਅੱਖਰਾਂ ਦੀ ਪਛਾਣ ਕਰਵਾਈ। ਹੌਲੀ-ਹੌਲੀ ਉਹ ਕਿਤਾਬਾਂ ਪੜ੍ਹਨ ਲੱਗੀ। ਸਿਲਾਈ-ਕਢਾਈ ਕਰਨ ਲੱਗੀ। ਦਿਮਾਗ ਹੋਣ ਕਾਰਨ ਉਹ ਛੇਤੀ ਹੀ ਸਭ ਕੰਮਾਂ ਵਿਚ ਨਿਪੁੰਨ ਹੁੰਦੀ ਗਈ।
ਘਰ ਵਿਚ ਚੁੱਪ-ਚਾਨ ਰਹਿੰਦੀ। ਰੰਜਨ ਘਰ ਹੁੰਦਾ ਤਾਂ ਚੁੱਪ ਵਧਦੀ ਰਹਿੰਦੀ, ਮਾਂ ਕੇਵਲ ਲੋੜ ਵੇਲੇ ਗੱਲ ਕਰਦੀ। ਫਿਰ ਘਰ ਦੇ ਕੰਮ ਲੱਗ ਜਾਂਦੀ। ਇਕੱਲੀ ਬੈਠੀ ਰੋਣ ਲੱਗਦੀ। ਜਦੋਂ ਮਾਂ ਰੋ ਰਹੀ ਹੁੰਦੀ, ਉਹ ਉਸ ਦੇ ਕੋਲ ਨਾ ਜਾਂਦੀ। ਦੂਰ ਖੂੰਜੇ ਵਿਚ ਦੜ ਕੇ ਬੈਠ ਜਾਂਦੀ। ਆਪਣੇ ਆਪ ਨੂੰ ਕੋਸਦੀ ਰਹਿੰਦੀ। ਸੱਚ ਹੀ ਕਿਤੇ ਉਸ ਦੇ ਜਨਮ ਅਤੇ ਪਿਤਾ ਦੀ ਮੌਤ ਵਿਚ ਸਾਂਝ ਤਾਂ ਨਹੀਂ?
ਉਹ ਸੁਣ ਰਹੀ ਸੀ ਭਰਾ ਅਤੇ ਮਾਂ ਵਿਚਕਾਰ ਹੋ ਰਹੀ ਗੱਲਬਾਤ ਨੂੰ। ਉਹ ਥੱਕ ਚੁੱਕੀ ਸੀ। ਗੁੱਡੀ ਵਾਂਗ ਬਣ ਸੰਵਰ ਕੇ ਅੱਖਾਂ ਵਿਚ ਇਛਾਵਾਂ ਦੇ ਸੁਪਨੇ ਸਮੋ ਕੇ। ਕਾਸ਼! ਕੋਈ ਲੈ ਜਾਵੇ ਏਥੋਂ। ਸੁੰਨੇਪਣ ਵਿਚ ਉਹ ਘਬਰਾ ਗਈ ਸੀ। ਵੀਰਾਨੀ ਅਜਿਹੀ ਸੀ ਕਿ ਬਾਰਾਂ ਮਹੀਨੇ ਪੱਤਝੜ ਦਾ ਮੌਸਮ ਹੀ ਰਹਿੰਦਾ।
ਪੱਤਝੜ ਕਾਰਨ ਬਾਗ ਦੇ ਸੁੱਕੇ ਪੱਤੇ, ਘਰ ਦੇ ਮੁਰਝਾਏ ਤਿੰਨ ਤਣੇ, ਹਰਿਆਲੀ ਕਦੋਂ ਆਵੇਗੀ। ਇਹ ਸੋਚ ਵੀ ਨਹੀਂ ਸੀ ਸਕਦੇ।
ਹੁਣ ਉਹ ਪੱਚੀਆਂ ਦੀ ਅਤੇ ਭਰਾ ਸਤਾਈਆਂ ਦਾ ਸੀ। ਮਾਂ ਦੀ ਜ਼ਿੱਦ ਸੀ, ਪਹਿਲਾਂ ਇਸ ਦੇ ਵਿਆਹ ਦੀ, ਪਰ ਇਕ ਲੜਕੀ ਦਾ ਰਿਸ਼ਤਾ ਆਇਆ ਤਾਂ ਇਸ ਨੇ ਜ਼ੋਰ ਦੇ ਕੇ ਭਰਾ ਅਤੇ ਮਾਂ ਨੂੰ ਰਾਜ਼ੀ ਕਰ ਲਿਆ। ਲੜਕੀ ਗਰੀਬ ਘਰ ਦੀ ਹੈ, ਤਾਂ ਕੀ ਹੋਇਆ। ਮਾਂ ਹੁਣ ਸੁੰਨੇ ਘਰ ਵਿਚ ਜੀਵਿਆ ਨਹੀਂ ਜਾਂਦਾ। ਜੋ ਪਰਮਾਤਮਾ ਦੀ ਇੱਛਾ, ਮਾਂ ਨੇ ਪਿੱਠ ਪੂਰੀ।
ਭਰਾ ਦਾ ਵਿਆਹ ਹੋ ਗਿਆ, ਪਰ ਮਾਂ ਦੀਆਂ ਅੱਖਾਂ ਵਿਚ ਰਤਾ ਵੀ ਚਮਕ ਨਾ ਆਈ। ਉਹ ਸਦਾ ਸੋਚਦੀ ਰਹਿੰਦੀ। ਲੱਕ ‘ਤੇ ਹੱਥ ਰੱਖ ਕੇ ਤੁਰੀ ਫਿਰੀ ਰਹਿੰਦੀ। ਉਹ ਜਦੋਂ ਪੰਜ ਸਾਲ ਦੀ ਸੀ, ਉਦੋਂ ਹੀ ਮਾਂ ਦੇ ਲੱਕ ਵਿਚ ਬੇਹੱਦ ਦਰਦ ਰਹਿੰਦਾ ਸੀ। ਇਸ ਦਾ ਕਾਰਨ ਪਤੀ ਦੀ ਜੁਦਾਈ ਜਾਂ ਇਲਾਜ ਵੱਲੋਂ ਬੇਪਰਵਾਹੀ ਹੋਵੇਗੀ। ਅਰੰਭ ਵਿਚ ਦਰਦ ਦਾ ਇਲਾਜ ਨਹੀਂ ਕੀਤਾ। ਇਹ ਵੀ ਉਸ ਦੀ ਕਿਸਮਤ ਨਾਲ ਜੁੜ ਗਿਆ ਕਿ ਪੰਜ ਸਾਲ ਦੀ ਹੋਈ, ਤਾਂ ਮਾਂ ਅਪਾਹਜ ਹੋ ਗਈ।
ਭਰਾ ਦੇ ਦੋ ਬੱਚੇ ਵੀ ਹੋ ਗਏ। ਬੱਚਿਆਂ ਦੇ ਸਮੇਂ ਭਾਬੀ ਪੇਕੇ ਹੀ ਰਹੀ। ਉਸ ਦੇ ਕੰਨ ਵਿਚ ਭਿਣਕ ਪਈ ਸੀ, “ਨੀਰਾਂ ਦਾ ਪਰਛਾਵਾਂ ਪੈਦਾ ਹੋਣ ਵਾਲੇ ਬੱਚੇ ‘ਤੇ ਨਾ ਪਵੇ।” ਉਹ ਹੋਰ ਬੁਝ ਗਈ। ਮਾਂ, ਰਿਸ਼ਤੇ ਵੀ ਟੁੱਟਣ ਲੱਗੇ। ਭਾਬੀ ਕਦੇ ਵੀ ਕੋਲ ਬੈਠ ਕੇ ਗੱਲ ਨਾ ਕਰਦੀ। ਰੰਜਨ ਦਫ਼ਤਰੋਂ ਆਉਂਦਾ, ਸਿੱਧਾ ਆਪਣੇ ਕਮਰੇ ਵਿਚ ਚਲਾ ਜਾਂਦਾ। ਨਾਸ਼ਤਾ ਕਰ ਕੇ ਬੱਚਿਆਂ ਨਾਲ ਟਹਿਲਣ ਲਈ ਨਿਕਲ ਜਾਂਦਾ। ਉਸ ਨੂੰ ਕਦੇ ਨਾ ਕਿਹਾ, “ਚੱਲ ਨੀਰੂ, ਘੁੰਮ ਆਈਏ।” ਮਾਂ ਉਸ ਦੇ ਹੋਰ ਨੇੜੇ ਹੋਣ ਲੱਗੀ। ਜਦੋਂ ਉਹ ਸੌਂਦੀ, ਮਾਂ ਦੁਲਹਨ ਲੱਗਦੀ। ਵਹਿੰਦੇ ਹੰਝੂਆਂ ਨੇ ਪੱਲੂ ਨਾਲ ਪੂੰਝ ਦਿੰਦੀ। ਬੱਚਿਆਂ ਨਾਲ ਖੇਡ ਕੇ ਇਕੱਲ ਦੂਰ ਕਰਨ ਦੀ ਸੱਚਾਈ ਸੁਪਨਾ ਬਣ ਕੇ ਰਹਿ ਜਾਂਦੀ। ਉਹ ਬੱਚਿਆਂ ਨੂੰ ਦੂਰੋਂ ਹੀ ਦੇਖ ਲੈਂਦੀ। ਬੱਚਿਆਂ ਨੂੰ ਹੱਥ ਲਾਉਣ ਦੀ ਉਹ ਹਿੰਮਤ ਨਾ ਕਰ ਸਕਦੀ ਸੀ।
ਕਦੇ-ਕਦੇ ਮਾਂ ਮੁਸਕਰਾਉਂਦੀ। ਦੋ ਬੱਚਿਆਂ ਨਾਲ ਖੇਡਦੇ ਟੱਪ ਕੇ ਉਸ ਦਾ ਦਿਲ ਲੱਗਿਆ ਰਹਿੰਦਾ। ਇਸ ਸਮੇਂ ਉਹ ਮਾਂ ਨੂੰ ਲੁਕ ਕੇ ਦੇਖਦੀ। ਜਿੰਨੀ ਦੇਰ ਖੁਸ਼ ਰਹੇ, ਚੰਗਾ ਹੈ। ਉਸ ਨੂੰ ਦੇਖਦਿਆਂ ਫਿਰ ਫਿਕਰਾਂ ਦੇ ਬੱਦਲ ਮਾਂ ਦੇ ਚਿਹਰੇ ‘ਤੇ ਮੰਡਰਾਉਣ ਲੱਗਦੇ।
“ਮਾਂ ਪੜ੍ਹਾਇਆ ਹੀ ਹੁੰਦਾ ਤਾਂ ਕਿਤੇ ਨੌਕਰੀ ਕਰ ਲੈਂਦੀ। ਸਮਾਂ ਤਾਂ ਲੰਘ ਜਾਂਦਾ।” ਇਕ ਵਾਰੀ ਉਸ ਨੇ ਕਿਹਾ। ਮਾਂ ਦੀਆਂ ਵੀਰਾਨ, ਚੁੱਪ ਅੱਖਾਂ। ਗੱਲ ਬਸ ਮੁੱਕ ਜਾਂਦੀ। ਉਤਰ ਹੀ ਨਾ ਮਿਲਦਾ ਤਾਂ ਗੱਲ ਅਗਾਂਹ ਕਿਵੇਂ ਤੁਰਦੀ।
ਜ਼ਿੰਦਗੀ ਦੇ ਤੀਹ ਸਾਲ ਇਸੇ ਤਰ੍ਹਾਂ ਲੰਘ ਗਏ। ਕਾਲੇ ਵਾਲਾਂ ਵਿਚ ਕੋਈ-ਕੋਈ ਧੌਲਾ ਵੀ ਦਿਸਣ ਲੱਗਾ। ਭਰਾ ਆਪਣੀ ਪਤਨੀ ਤੇ ਬੱਚਿਆਂ ਵਿਚ ਰੁੱਝਿਆ ਰਹਿੰਦਾ। ਸਾਰਿਆਂ ਨੂੰ ਖੁਸ਼ ਦੇਖ ਉਹ ਖੁਸ਼ ਹੁੰਦੀ, “ਘਰ ਵਿਚ ਕੋਈ ਦੁਖੀ ਨਾ ਰਹੇ।” ਉਹ ਪਰਮਾਤਮਾ ਅੱਗੇ ਪ੍ਰਾਰਥਨਾ ਕਰਦੀ ਰਹਿੰਦੀ। ਭਤੀਜਿਆਂ ਨੂੰ ਵੱਡੇ ਹੁੰਦਿਆਂ ਦੇਖ ਕੇ ਸੁਖ ਅਨੁਭਵ ਕਰਦੀ। ਉਹ ਆਪ ਅੰਦਰ ਖੋਖਲੀ ਹੁੰਦੀ ਜਾਂਦੀ, ਘੁਣ ਖਾਧੀ ਲੜਕੀ ਵਾਂਗ।
ਬਹੁਤ ਸਮਾਂ ਮੀਨਾ ਕਾਕੀ ਕੋਲ ਕੱਟਦੀ। ਹੁਣ ਉਹ ਵੱਡੀਆਂ-ਵੱਡੀਆਂ ਪੁਸਤਕਾਂ, ਕਹਾਣੀਆਂ, ਨਾਵਲ ਪੜ੍ਹਨ ਲੱਗ ਪਈ ਸੀ। ਹਰ ਕਹਾਣੀ ਵਿਚ ਉਹ ਆਪਣੇ ਵਰਗਾ ਭੈੜੀ ਤਕਦੀਰ ਵਾਲਾ ਪਾਤਰ ਲੱਭਦੀ। ਐਨੀ ਵੱਡੀ ਹੋ ਕੇ ਉਹ ਬਗੀਚੇ ਵਿਚ ਮਿੱਟੀ ਦੇ ਘਰ ਬਣਾਉਂਦੀ। ਭਰਾ ਨੇ ਮਾਲੀ ਰੱਖਿਆ ਹੋਇਆ ਸੀ। ਹੁਣ ਫੁੱਲ ਖਿੜਦੇ ਸਨ। ਸੁੱਕਿਆ ਤਣਾ ਉਹੀ ਸੀ। ਪੋਤਰਿਆਂ ਨੂੰ ਦੇਖ ਕੇ ਮਾਂ ਦੀਆਂ ਬੇਨੂਰ ਅੱਖਾਂ ਚਮਕਣ ਲੱਗਦੀਆਂ।
ਘਰ ਉਹ ਬਣਾਉਂਦੀ, ਮਾਲੀ ਹੱਸਦਾ। ਬਗੀਚੇ ਦੇ ਸੁੱਕੇ ਪੱਤੇ ਇਕੱਠੇ ਕਰ ਕੇ ਜਦੋਂ ਮਾਲੀ ਅੱਗ ਲਾਉਂਦਾ, ਤਾਂ ਉਹ ਹੱਸਦੀ। ਕਿਉਂ? ਪਤਾ ਨਹੀਂ। ਉਹਨੂੰ ਲੱਗਦਾ, ਸੁੱਕੇ ਪੱਤੇ ਜਲਾ ਸੁੱਟਣ ਲਈ ਹੀ ਹਨ। ਉਹ ਆਪ ਵੀ ਸੁੱਕਿਆ ਪੱਤਾ ਹੀ ਤਾਂ ਹੈ। ਸੋਚਦੀ, ਉਹ ਕਹਿ ਦੇਵੇ, ਸਾਰੇ ਸੁੱਕੇ ਪੱਤੇ ਇਸ ਵੱਡੇ ਸੁੱਕੇ ਪੱਤੇ ਦੁਆਲੇ ਇਕੱਠੇ ਕਰ ਕੇ ਅੱਗ ਲਾ ਦੇਵੇæææ ਜਲਾ ਦੇਵੇ ਇਸ ਨੂੰ।
ਇਕ ਦਿਨ ਮੀਨਾ ਕਾਕੀ ਆਈ। ਮਾਂ ਨਾਲ ਇਕ ਪਾਸੇ ਬੈਠੀ ਦੇਖ ਕੇ ਗੱਲ ਕਰਦੀ ਰਹੀ। ਉਹਨੂੰ ਨਾ ਕਿਸੇ ਬੁਲਾਇਆ ਅਤੇ ਨਾ ਉਹਨੂੰ ਕਿਸੇ ਦੀ ਗੱਲ ਸੁਣਨ ਦੀ ਇੱਛਾ ਸੀ। ਉਹ ਆਪਣੇ ਕਮਰੇ ਵਿਚ ਬੈਠੀ ਰਹੀ।
ਦੂਜੇ ਦਿਨ ਮਾਂ ਨੇ ਕਿਹਾ, “ਕੱਪੜੇ ਬਦਲ ਲੈ, ਕੋਈ ਆ ਰਿਹਾ ਹੈ, ਸ਼ਾਇਦ ਕੁਝ ਹੋ ਜਾਵੇ।”
“ਮਾਂ ਹੁਣ ਵਿਆਹ ਦੀ ਉਮਰ ਹੈ! ਮੈਂ ਫਿਰ ਪੁਰਾਣੀਆਂ ਗੱਲਾਂ ਨਹੀਂ ਸੁਣਨਾ ਚਾਹੁੰਦੀ। ਐਨੇ ਸਾਲਾਂ ਪਿਛੋਂ ਤੈਨੂੰ ਫਿਕਰ ਕਿਉਂ ਹੋ ਗਿਆ? ਤੂੰ ਕਿਹਾ ਸੀ, ਹੁਣ ਕਿਸੇ ਨੂੰ ਪੱਤਰੀ ਨਹੀਂ ਦਿਖਾਉਂਗੀ।”
“ਧੀਏ ਅੱਜ ਤਾਂ ਮੈਂ ਜਿਉਂਦੀ ਹਾਂ, ਕੱਲ੍ਹ ਨੂੰ ਭਰਾ ਭਰਜਾਈæææ।”
ਉਹਨੂੰ ਸੁੱਕੇ ਪੱਤੇ ਇਕੱਠਾ ਕਰਦਾ ਮਾਲੀ ਯਾਦ ਆ ਗਿਆ।
“ਕੌਣ ਹੋਵੇਗਾ ਜਿਹੜਾ ਤੀਹ ਸਾਲ ਤੋਂ ਵੱਧ ਅੱਧਖੜ ਉਮਰ ਦੀ ਕੁੜੀ ਨੂੰ ਦੇਖਣ ਆ ਰਿਹਾ ਹੈ। ਇਸ ਸੁੱਕੇ ਪੱਤੇ ਦਾ ਹੁਣ ਤਾਂ ਜਲਣਾ ਹੀ ਬਾਕੀ ਹੈ। ਇਸ ਨੂੰ ਹਰਾ ਕੌਣ ਕਰ ਸਕਦਾ ਹੈ। ਪੱਤਾ ਤਾਂ ਜਲ ਹੀ ਜਾਵੇਗਾ। ਹਰ ਆਉਣ ਵਾਲਾ ਮੁੜ ਜਾਂਦਾ ਹੈ। ਜਾਂ ਪਤਨੀ ਮਰ ਗਈ ਹੋਵੇਗੀ, ਬੱਚਿਆਂ ਵਾਲਾ ਹੋਵੇਗਾ। ਕੰਵਾਰਾ ਤਾਂ ਹੋਣਾ ਹੀ ਨਹੀਂ।” ਉਹਨੇ ਮਾਂ ਦੀ ਕਿਸੇ ਗੱਲ ਦਾ ਕੋਈ ਉਤਰ ਨਾ ਦਿੱਤਾ। ਕੇਵਲ ਸੋਚਦੀ ਰਹੀ।
ਮੈਂ ਵੀ ਚੁੱਪ-ਚਾਪ ਉਸ ਦਾ ਮੂੰਹ ਵੇਖਦੀ। ਉਸ ਦੇ ਚਿਹਰੇ ਦਾ ਉਤਰਾਅ-ਚੜ੍ਹਾਅ ਪੜ੍ਹਦੀ ਰਹੀ। ਮਾਂ ਨੇ ਫਿਰ ਕਿਹਾ, “ਲੜਕਾ ਕੰਵਾਰਾ ਹੈ। ਦਾਲ ਰੋਟੀ ਦਾ ਗੁਜ਼ਾਰਾ ਚਲਾਈ ਜਾਂਦਾ ਹੈ। ਪੈਸੇ ਵਾਲਾ ਨਹੀਂ, ਫਿਰ ਮੈਂ ਹਾਂ ਨਾ ਤੇਰੇ ਲਈ। ਜਾਇਦਾਦ ਵਿਚੋਂ ਹਿੱਸਾ ਲਵਾ ਦੇਵਾਂਗੀ। ਇਸ ਦੀ ਆਮਦਨ ਨਾਲ ਗੁਜ਼ਾਰਾ ਚੰਗਾ ਹੋਈ ਜਾਵੇਗਾ।”
ਤੀਹ ਸਾਲਾਂ ਵਿਚ ਐਨਾ ਬੋਲਦਿਆਂ ਮਾਂ ਨੂੰ ਪਹਿਲੀ ਵਾਰ ਸੁਣਿਆ।
ਲੜਕਾ ਚਾਲੀ ਸਾਲ ਦਾ ਅੱਧਖੜ੍ਹ, ਪਰ ਨਰਮ ਸੁਭਾਅ, ਘੱਟ ਬੋਲਣ ਵਾਲਾ, ਠੀਕ-ਠਾਕ ਦਿਖਾਈ ਦਿੰਦਾ। ਕੁਝ ਦੇਰ ਗੱਲਾਂ ਕਰ ਕੇ ‘ਹਾਂ’ ਕਹਿ ਦਿੱਤੀ। ਰੰਜਨ ਭਰਾ ਨੇ ਉਸ ਨੂੰ ਸਭ ਕੁਝ ਦੱਸ ਦਿੱਤਾ, ਜੋ ਕੁਝ ਦੁਨੀਆਂ ਕਹਿੰਦੀ ਹੈ, ਕੁਝ ਵੀ ਨਹੀਂ ਲੁਕਾਇਆ। ਫਿਰ ਕਿਹਾ, “ਹੁਣ ਆਪ ਸੋਚ ਲਵੋ। ਏਥੇ ‘ਹਾਂ’ ਕਰ ਕੇ ਬਾਹਰ ਪੁੱਛਣ ਵਾਲਾ ਕਦੇ ਮੁੜ ਕੇ ਨਹੀਂ ਆਇਆ।”
“ਮੈਂ ਕਿਸੇ ਤੋਂ ਨਹੀਂ ਪੁੱਛਣਾ। ਤੁਸੀਂ ਵਿਆਹ ਦੀ ਮਿਤੀ ਨਿਯਤ ਕਰੋ।”
ਮਾਂ ਪੱਤੇ ਵਾਂਗ ਕੰਬ ਰਹੀ ਸੀ। ਰੰਗ ਪੀਲਾ ਜਿਹਾ ਹੋ ਗਿਆ ਸੀ। ਉਹ ਭੱਜ ਜਾਣਾ ਚਾਹੁੰਦੀ ਸੀ, ਪਰ ਹਿੱਲ ਵੀ ਨਾ ਸਕੀ। ਮਾਂ ਦੀ ਕੰਬਣੀ ਨਾਲ ਉਸ ਨੂੰ ਸੋਫਾ ਹਿੱਲਦਾ ਲੱਗਿਆ। ‘ਹਾਂ’ ਹੋਣ ‘ਤੇ ਵੀ ਦਿਲ ਵਿਚ ਸ਼ੱਕ ਘਰ ਕਰ ਗਿਆ ਸੀ।
ਵਿਆਹ ਹੋ ਗਿਆ। ਉਹ ਬੰਗਲਾ, ਬਗੀਚਾ ਛੱਡ ਕੇ ਇਕ ਕਮਰੇ ਵਾਲੇ ਸਹੁਰੇ ਘਰ ਆ ਗਈ। ਏਥੇ ਕੇਵਲ ਸੱਸ ਸੀ। ਸੱਸ ਨੇ ਪਿਆਰ ਨਾਲ ਕਲੇਜੇ ਨਾਲ ਲਾਈ ਅਤੇ ਜਦੋਂ ਨੀਰੂ ਨੇ ਉਸ ਦੀਆਂ ਅੱਖਾਂ ਵਿਚ ਦੇਖਿਆ ਤਾਂ ਉਸ ਨੂੰ ਆਪਣੀ ਮਾਂ ਦੀਆਂ ਅੱਖਾਂ ਵਰਗੀਆਂ ਸ਼ੱਕੀ ਲੱਗੀਆਂ। ਪਿਆਰ ਵੀ, ਸ਼ੱਕ ਵੀ। ਉਸ ਨੇ ਆਪਣੇ ਆਪ ਨੂੰ ਦਿਲਾਸਾ ਦਿੱਤਾ, ਇਹਨੂੰ ਸ਼ਾਇਦ ਵਹਿਮ ਹੋ ਗਿਆ ਹੈ।
ਵਿਆਹ ਪਿਛੋਂ ਨੀਰੂ ਦੇ ਦਿਲ ਵਿਚ ਬੱਚੇ ਦੀ ਇੱਛਾ ਜਾਗੀ ਜਿਸ ਨਾਲ ਉਸ ਦੀ ਪੱਤਝੜ ਵਾਲੀ ਜ਼ਿੰਦਗੀ ਵੀ ਬਹਾਰ ਦੇਖੇ, ਪਰ ਸ੍ਰੀਧਰ ਕਹਿੰਦਾ ਹੈ, “ਇਸ ਉਮਰ ਵਿਚ ਬੱਚਾ ਪੈਦਾ ਕਰਨਾ ਠੀਕ ਨਹੀਂ।” ਉਹ ਚੁੱਪ ਰਹੀ। ਇਹ ਉਸ ਦੀ ਖਾਦਮ ਬਣ ਗਈ ਸੀ। ਸਮਾਂ ਲੰਘਦਾ ਗਿਆ।
ਉਹ ਗਰਭਵਤੀ ਹੋ ਗਈ, ਪਰ ਕੁਝ ਦਿਨਾਂ ਤੱਕ ਉਸ ਨੇ ਆਪਣੀ ਸੱਸ ਅਤੇ ਪਤੀ ਨੂੰ ਨਹੀਂ ਦੱਸਿਆ। ਆਖਰ ਪਤਾ ਲੱਗਣਾ ਸੀ। ਸੱਸ ਨੇ ਖੁਸ਼ ਹੋਣ ਦੀ ਥਾਂ ਅੱਖਾਂ ਭਰ ਲਈਆਂ।
ਸ੍ਰੀਧਰ ਦਾ ਹੱਥ ਫੜ ਕੇ ਮਾਂ ਬੈਠ ਗਈ, “ਤੂੰ ਵਿਆਹ ਤੋਂ ਪਹਿਲਾਂ ਕੀ ਕਿਹਾ ਸੀ ਪੁੱਤਰਾ?” ਮਾਂ ਦੀਆਂ ਸਿਸਕੀਆਂ ਸ਼ੁਰੂ ਹੋ ਗਈਆਂ। ਨੀਰੂ ਹੈਰਾਨ ਸੀ। ਬੱਚੇ ਦੀ ਗੱਲ ਸੁਣ ਕੇ ਐਨੀ ਦੁਖੀ ਕਿਉਂ ਹੋ ਗਈ? ਉਸ ਨੇ ਉਹਦੇ ਪੈਰ ਫੜ ਲਏ, “ਮਾਂ ਕੀ ਗੱਲ ਐ?”
ਮਾਂ ਨੇ ਕੁਝ ਨਹੀਂ ਕਿਹਾ। ਮੰਦਰ ਚਲੀ ਗਈ। ਸ੍ਰੀਧਰ ਨੇ ਨੀਰੂ ਨੂੰ ਦੱਸਿਆ, “ਏਥੇ ਸਾਡੇ ਪੀੜ੍ਹੀਆਂ ਤੋਂ ਚਲਿਆ ਆਉਂਦਾ ਹੈ, ਪਹਿਲਾ ਲੜਕਾ ਪੈਦਾ ਹੋਣ ‘ਤੇ ਪਿਤਾ ਮਰ ਜਾਂਦਾ ਹੈ।” ਇਸ ਲਈ ਮਾਂ ਬੇਚੈਨ ਹੋ ਗਈ। ਇਹੀ ਕਾਰਨ ਸੀ, ਮਾਂ ਮੇਰੇ ਵਿਆਹ ਲਈ ਸਹਿਮਤ ਨਹੀਂ ਹੁੰਦੀ ਸੀ। ਲੋਕ ਵੀ ਲੜਕੀ ਨਹੀਂ ਦਿੰਦੇ ਸੀ। ਨੀਰੂ ਤੇਰੀ ਕਹਾਣੀ ਮੀਨਾ ਕਾਕੀ ਨੇ ਪਹਿਲਾਂ ਹੀ ਦੱਸ ਦਿੱਤੀ ਸੀ। ਮੈਨੂੰ ਇਨ੍ਹਾਂ ਗੱਲਾਂ ‘ਤੇ ਵਿਸ਼ਵਾਸ ਨਹੀਂ। ਇਸੇ ਲਈ ਤੈਨੂੰ ਪ੍ਰਵਾਨ ਕਰ ਲਿਆ।”
ਨੀਰੂ ਸੁੰਨ ਹੋ ਗਈ। ਉਸ ਨੇ ਸਾਰੀ ਜ਼ਿੰਦਗੀ ਦੁਖੀ ਮਾਹੌਲ ਵਿਚ ਗੁਜ਼ਾਰੀ ਸੀ। ਹੁਣ ਕੀ ਕਰੇ, ਬੱਚਾ ਜਾਂ ਪਤੀ। ਮਾਂ ਦਾ ਵਿਯੋਗ ਉਸ ਦੀਆਂ ਅੱਖਾਂ ਵਿਚ ਭਰ ਗਿਆ। ਸੱਸ ਦੀ ਲੰਘੀ ਜ਼ਿੰਦਗੀ ਦਾ ਖ਼ਿਆਲ ਵੀ ਉਹ ਕਰ ਰਹੀ ਸੀ। ਸੱਸ ਪੁੱਤਰ ਦੀ ਮੌਤ ਦਾ ਸੁਨੇਹਾ ਕਿਵੇਂ ਸਹੇਗੀ।
ਸਾਰਾ ਦਿਨ ਘਰ ਵਿਚ ਮਾਤਮ ਪਸਰਿਆ ਰਿਹਾ। ਨਾ ਰੋਟੀ ਬਣੀ, ਨਾ ਕਿਸੇ ਕੁਝ ਖਾਧਾ। ਸ਼ਾਮ ਨੂੰ ਸ੍ਰੀਧਰ ਮੁੜਿਆ। ਸੁੱਕਾ ਚਿਹਰਾ, ਥੱਕਿਆ ਹਾਰਿਆ, ਕੁਰਸੀ ‘ਤੇ ਘੰਟਿਆਂ ਤੱਕ ਪਿਆ ਰਿਹਾ। ਮਾਂ ਸਵੇਰ ਦੀ ਮੰਦਰੋਂ ਹੀ ਨਾ ਮੁੜੀ। ਉਹ ਪੁੱਤਰ ਲਈ ਪ੍ਰਾਰਥਨਾ ਕਰ ਰਹੀ ਸੀ। ਉਸ ਨੂੰ ਪੋਤਾ ਜ਼ਹਿਰ ਦਾ ਪਿਆਲਾ ਲੱਗ ਰਿਹਾ ਸੀ। ਹਨੇਰਾ ਹੋਏ ਤੋਂ ਮਾਂ ਆਈ। ਕਿਸੇ ਨੇ ਕਿਸੇ ਨਾਲ ਕੋਈ ਗੱਲ ਨਾ ਕੀਤੀ। ਚੁੱਪ-ਚਾਪ ਸੌਂ ਗਏ। ਛੋਟੀ ਜਿਹੀ ਰਸੋਈ ਸੀ। ਮਾਂ ਉਥੇ ਹੀ ਸੌਂਦੀ ਸੀ। ਆਉਂਦਿਆਂ ਹੀ ਦਰਵਾਜ਼ਾ ਬੰਦ ਕਰ ਲਿਆ।
ਸ੍ਰੀਧਰ ਨੇ ਨੀਰੂ ਨੂੰ ਕਿਹਾ, “ਤੂੰ ਜਨਮ ਲਿਆ, ਤੇਰੇ ਪਿਤਾ ਮਰ ਗਏ। ਇਸ ਵਿਚ ਭਲਾ ਤੇਰਾ ਕੀ ਦੋਸ਼? ਨੁਕਸਾਨ ਉਨ੍ਹਾਂ ਤੋਂ ਝੱਲਿਆ ਨਹੀਂ ਗਿਆ, ਆਤਮ-ਹੱਤਿਆ ਕਰ ਲਈ। ਮੈਂ ਜਨਮ ਲਿਆ, ਮੇਰੇ ਪਿਤਾ ਚਲੇ ਗਏ। ਉਨ੍ਹਾਂ ਦਾ ਜਿਗਰ ਖਰਾਬ ਸੀ। ਉਹ ਕਈ ਸਾਲਾਂ ਤੋਂ ਬਿਮਾਰ ਸੀ। ਮੈਂ ਜਨਮ ਨਾ ਵੀ ਲੈਂਦਾ, ਤਾਂ ਵੀ ਉਸ ਦੀ ਮੌਤ ਪੱਕੀ ਸੀ। ਮੈਂ ਮਾਂ ਨੂੰ ਬਹੁਤ ਸਮਝਾਇਆ, ਪਰ ਉਹ ਮੰਨਦੀ ਹੀ ਨਹੀਂ।”
“ਦਾਦੇ, ਪੜਦਾਦੇ ਕਿਵੇਂ ਗਏ?” ਨੀਰੂ ਨੇ ਪੁੱਛਿਆ।
“ਏਹੋ ਜਿਹੀ ਹੀ ਕੋਈ ਗੱਲ ਹੋਵੇਗੀ। ਨੀਰੂ, ਮੈਨੂੰ ਇਨ੍ਹਾਂ ਗੱਲਾਂ ਵਿਚ ਭੋਰਾ ਵੀ ਵਿਸ਼ਵਾਸ ਨਹੀਂ।”
“ਮੈਂ ਦੁੱਖ ਝੱਲਿਆ ਹੈ, ਤੁਸੀਂ ਵੀ। ਹੁਣ ਇਸ ਨੂੰ ਸਹਿਆ ਨਹੀਂ ਜਾ ਸਕਦਾ। ਮੈਨੂੰ ਬੱਚਾ ਨਹੀਂ ਚਾਹੀਦਾ।”
“ਤੂੰ ਦੱਸ ਨੀਰੂ, ਤੈਨੂੰ ਇਸ ਤਰ੍ਹਾਂ ਲੱਗਦਾ ਹੈ। ਬੱਚਾ ਕਿਸੇ ਲਈ ਦੁੱਖ ਦਾ ਕਾਰਨ ਹੋ ਸਕਦਾ ਹੈ?”
“ਨਹੀਂæææ।”
“ਮੈਨੂੰ ਵੀ ਨਹੀਂ ਲਗਦਾ, ਸਾਡੇ ਬੱਚਾ ਜ਼ਰੂਰ ਹੋਵੇਗਾ।”
ਸਵੇਰੇ ਉਠ ਕੇ ਸ੍ਰੀਧਰ ਖੁੱਲ੍ਹੇ ਥਾਂ ਜਾ ਬੈਠਾ। ਲਹਿਰਾਂ ਨੂੰ ਦੇਖਦਾ ਰਿਹਾ। ਮੰਦਰ ਵਿਚ ਚੜ੍ਹਾਏ ਫੁੱਲਾਂ ਨੂੰ ਪੁਜਾਰੀ ਸਮੁੰਦਰ ਵਿਚ ਸੁੱਟ ਗਿਆ। ਉਹ ਆਪਣੀਆਂ ਉਲਝਣਾਂ ਵਿਚ ਖੋਇਆ ਰਿਹਾ। ਚਿੰਤਾ ਚਿਤਾ ਬਰਾਬਰ।
“ਮਾਂ, ਨੀਰੂ ਦੋਵੇਂ ਹੀ ਭੁੱਲ ਜਾਣਗੀਆਂ। ਮਾਂ ਨੂੰ ਕੁਝ ਹੋ ਗਿਆ ਤਾਂ ਲੋਕ ਕਹਿਣਗੇ- ਮਾਂ ਨੇ ਪੁੱਤਰ ਨੂੰ ਜ਼ਿੰਦਗੀ ਦੀ ਖੈਰ ਦੇ ਦਿੱਤੀ। ਜੇ ਨੀਰੂ ਨੂੰ ਕੁਝ ਹੋ ਗਿਆ ਤਾਂ ਕਹਿਣਗੇ, ਬਲਾ ਬਾਪ ‘ਤੇ ਨਾ ਪਈ, ਮਾਂ ‘ਤੇ ਪੈ ਗਈ। ਉਸ ਨੂੰ ਆਪਣੀ ਸਿਹਤ ‘ਤੇ ਪੂਰਾ ਭਰੋਸਾ ਹੈ। ਉਂਜ ਕੱਲ੍ਹ ਕੀ ਹੋਵੇ, ਕਹਿ ਨਹੀਂ ਸਕਦਾ।
ਸ੍ਰੀਧਰ ਨੇ ਫੁੱਲ ਚੁਗ ਲਏ। ਘਰ ਲੈ ਆਇਆ। ਇਹ ਮੁਰਝਾਏ ਫੁੱਲ ਅੱਧੇ ਮਾਂ ਦੀ ਗੋਦ ਵਿਚ, ਅੱਧੇ ਨੀਰੂ ਦੀ ਗੋਦ ਵਿਚ ਪਾ ਦਿੱਤੇ। ਹੁਣ ਕੁਝ ਨਹੀਂ ਹੋਵੇਗਾ। ਇਹ ਵੀ ਸਾਡੇ ਵਰਗੇ ਮਹਿਮਾਨ ਇਨਸਾਨ ਨੇ ਦਿੱਤੇ ਹਨ।
ਨੀਰੂ ਸ੍ਰੀਧਰ ਨੂੰ ਲਿਪਟ ਗਈ। ਇਸ ਦੇ ਸੁੱਕੇ ਤਣੇ ਵਿਚ ਕੋਂਪਲਾਂ ਨਿਕਲ ਆਉਣਗੀਆਂ। ਉਮੀਦ ਹੋ ਚੱਲੀ ਸੀ, ਪਰ ਫਿਰ ਕੰਬ ਗਈ। ਸੱਚ ਹੋ ਗਿਆ ਤਾਂ?
ਮਾਂ ਨੇ ਬਹੂ ਤੇ ਪੁੱਤਰ ਦੇ ਮੁਰਝਾਏ ਚਿਹਰਿਆਂ ‘ਤੇ ਖੁਸ਼ੀ ਦੀਆਂ ਲਕੀਰਾਂ ਦੇਖੀਆਂ। ਉਸ ਦੇ ਸਰੀਰ ਵਿਚ ਪੋਤੇ ਦੀ ਇੱਛਾ ਪੈਦਾ ਹੋਈ। ਫੁੱਲ ਬੰਨ੍ਹ ਕੇ ਸੱਸ, ਬਹੂ ਨੇ ਸ਼ਰਧਾ ਨਾਲ ਆਪਣੇ ਕੋਲ ਰੱਖ ਲਏ।
ਅੱਜ ਸੱਸ ਪੋਤੇ ਦੀ ਉਂਗਲੀ ਫੜੀ ਮੰਦਰ ਜਾਂਦੀ ਹੈ, ਨੀਰੂ ਦੇ ਤਣੇ ਵਿਚ ਪੱਤਿਆਂ ਦੇ ਨਾਲ ਫੁੱਲ ਵੀ ਲੱਗਿਆ। ਉਹ ਨੇ ਬੰਗਲਾ, ਬਗੀਚਾ ਤੇ ਸੁੱਕੇ ਪੱਤਿਆਂ ਸਭਨਾਂ ਨੂੰ ਭੁਲਾ ਦਿੱਤਾ। ਉਸ ਨੂੰ ਮਿੱਟੀ ਦੇ ਘਰ ਵੀ ਯਾਦ ਨਹੀਂ ਰਹੇ। ਉਹ ਹੁਣ ਸਦਾ ਰਹਿਣ ਵਾਲੀ ਬਲਾ ਤੋਂ ਸੁਤੰਤਰ ਸੀ।