ਮੇਜਰ ਕੁਲਾਰ ਬੋਪਾਰਾਏਕਲਾਂ
ਫੋਨ:916-273-2856
“ਜਗੀਰ ਸਿਆਂ! ਕਿਵੇਂ ਸਿਰ ਸੁੱਟੀ ਪਿਐਂ, ਜਿਵੇਂ ਗਊਆਂ ਦਾ ਵੱਗ ਹਿੱਕ ਲਤਾੜ ਗਿਆ ਹੋਵੇ।” ਕੈਨੇਡੇ ਵਾਲੇ ਭਾਗ ਸਿੰਘ ਨੇ ਆਉਂਦਿਆਂ ਹੀ ਪੁੱਛਿਆ।
“ਆ ਜਾ ਬਹਿ ਜਾ ਛੋਟੇ ਵੀਰ! ਦੱਸਦਾਂ ਤੈਨੂੰ ਕਿਵੇਂ ਪੱਕੀ ਫਸਲ ਦੇ ਪੈਰੀਂ ਦਾਤੀ ਪੈਂਦੀ ਹੈ।” ਜਗੀਰ ਸਿਹੁੰ ਨੇ ਉਤਰ ਦਿੱਤਾ।
“ਲੈ ਪਹਿਲਾਂ ਤਾਂ ਆਹ ਪ੍ਰਸ਼ਾਦ ਛਕ, ਤੇਰੇ ਲਈ ਲੈ ਕੇ ਆਇਆਂ।” ਭਾਗ ਸਿੰਘ ਪ੍ਰਸ਼ਾਦ ਦਿੰਦਿਆਂ ਕਿਹਾ।
“ਕੱਲ੍ਹ ਮੇਰੀ ਪੋਤ-ਨੂੰਹ ਆਪਣੀ ਸੱਸ ਨਾਲ ਗੱਲਾਂ ਕਰਦੀ ਸੀ, ਯਾਨਿ ਮੇਰੀ ਵੱਡੀ ਨੂੰਹ ਨਾਲ਼ææ ਕਹਿੰਦੀ ਸੀ, ‘ਬੀਜੀ! ਦਾਦਾ ਜੀ ਕਦੋਂ ਸਵਰਗਵਾਸ ਹੋਊਗਾ?’ ਉਹ ਕਹਿੰਦੀ, ਕਮਲੀਏ ਇੰਜ ਨਹੀਂ ਕਹੀਦਾ, ਬਜ਼ੁਰਗ ਤਾਂ ਘਰ ਦੀ ਰੌਣਕ ਹੁੰਦੇ ਹਨ, ਪਰ ਤੂੰ ਕਿਉਂ ਪੁੱਛਦੀ ਹੈਂ?”
“ਬੀਜੀ! ਜਦੋਂ ਦਾਦਾ ਜੀ ਦਾ ਭੋਗ ਪਊ ਤਾਂ ਮੇਰੇ ਪੇਕੇ ਸੂਟ ਲੈ ਕੇ ਆਉਣਗੇ, ਨਾਲੇ ਤੁਹਾਡੇ ਪੁੱਤ ਨੂੰ ਛਾਪ ਤੇ ਤੁਹਾਨੂੰ ਵੀ ਸੂਟ ਮਿਲਣਗੇ। ਕਿੰਨਾ ਚਿਰ ਹੋ ਗਿਆ ਆਪਣੇ ਘਰੇ ਕੋਈ ਸਮਾਗਮ ਨਹੀਂ ਹੋਇਆ। ਨਾਲੇ ਬਹਾਨੇ ਨਾਲ ਘਰੇ ਬਾਣੀ ਪੜ੍ਹੀ ਜਾਊਗੀ। ਹੁਣ ਕਿਹੜਾ ਦਾਦਾ ਜੀ ਦੇ ਬੰਦ ਵਧਣੇ ਨੇ।” ਪੋਤ-ਨੂੰਹ ਮੇਰੀਆਂ ਆਖਰੀ ਰਸਮਾਂ ਦੀ ਵਿਉਂਤ ਬਣਾਉਂਦੀ ਬੋਲੀ ਸੀ।
“ਪੁੱਤ ਇੰਜ ਨਾ ਬੋਲ, ਜੇ ਤੇਰੇ ਦਾਦੇ ਨੇ ਸੁਣ ਲਿਆ ਤਾਂ ਆਪਣੀ ਗੁੱਤ ਪੱਟ ਦਊ। ਜਵਾਨੀ ਵਿਚ ਕਹਿੰਦਾ-ਕਹਾਉਂਦਾ ਗੱਭਰੂ ਸੀ। ਪਿੰਡ ਵਿਚੋਂ ਕੋਈ ਬਗਾਨਾ ਬੰਦਾ ਉਚੀ ਖੰਘ ਕੇ ਵੀ ਨਹੀਂ ਸੀ ਲੰਘਦਾ। ਤੇਰਾ ਦਾਦਾ ਜਾ ਕੇ ਸੰਘੀ ਨੱਪ ਲੈਂਦਾ ਸੀ ਜਿਹੜਾ ਪਿੰਡ ਦੀ ਧੀ-ਨੂੰਹ ਨੂੰ ਮੈਲੀ ਅੱਖ ਨਾਲ ਤੱਕਦਾ ਸੀ। ਇਸ ਦੇ ਚਿਹਰੇ ‘ਤੇ ਬੇਸ਼ੱਕ ਸੂਰਜ ਡੁੱਬਦਾ ਨਜ਼ਰ ਆਉਂਦਾ ਹੈ, ਪਰ ਇਸ ਦੀਆਂ ਚੜ੍ਹਦੀਆਂ ਕਿਰਨਾਂ ਅੱਗੇ ਕਿਸੇ ਨੇ ਅੱਖ ਨਹੀਂ ਪੁੱਟੀ।” ਮੇਰੀ ਨੂੰਹ ਨੇ ਆਪਣੀ ਨੂੰਹ ਨੂੰ ਕਈ ਉਦਾਹਰਣਾਂ ਦੇ ਕੇ ਸਮਝਾਇਆ ਸੀ।
“ਬੀਜੀ! ਪੱਕੀ ਫਸਲ ਨੂੰ ਤਾਂ ਦਾਤੀ ਪੈਣੀ ਹੀ ਹੁੰਦੀ ਹੈ। ਨਾਲੇ ਹੁਣ ਜ਼ਮਾਨਾ ਬਦਲ ਗਿਐ। ਆਹ, ਆਪਣੇ ਪਿੰਡ ਵਾਲਾ ਗੇਂਦੂ ਪਿੰਡ ਦੀ ਕੁੜੀ ਹੀ ਕੱਢ ਕੇ ਲੈ ਗਿਆ; ਤੇ ਕੁੜੀ ਨੇ ਵੀ ਸਭ ਦੇ ਸਾਹਮਣੇ ਕਹਿ ਦਿੱਤਾ ਕਿ ਮੈਂ ਇਹਨੂੰ ਪਿਆਰ ਕਰਦੀ ਆਂ ਤੇ ਵਿਆਹ ਕਰਵਾ ਲਿਆ ਹੈ।” ਪੋਤ-ਨੂੰਹ ਨੇ ਨਵੇਂ ਜ਼ਮਾਨੇ ਦੀ ਕਹਾਣੀ ਸੁਣਾਈ ਸੀ।
“ਤੇ ਕੁੜੀ ਦਾ ਪਿਉ ਬੇਇੱਜਤੀ ਨਾ ਸਹਾਰਦਾ ਸਲਫਾਸ ਖਾ ਗਿਆ। ਬਹਾਨਾ ਘੜ’ਤਾ ਕਰਜ਼ੇ ਦੀ ਪੰਡ ਭਾਰੀ ਹੋਣ ਕਰ ਕੇ ਖੁਦਕੁਸ਼ੀ ਕਰ ਗਿਆ।” ਮੇਰੀ ਨੂੰਹ ਨੇ ਕਿਹਾ ਸੀ।
“ਬੀਜੀ! ਦਾਦਾ ਅਜੇ ਨਾ ਮਰੇ, ਨਹੀਂ ਤਾਂ ਅੰਦਰਲੇ ਘਰ ਵਾਲਿਆਂ ਨੇ ਦਾਦੇ ਹਿੱਸੇ ਆਉਂਦੀ ਜ਼ਮੀਨ ਵੰਡ ਲੈਣੀ ਹੈ, ਜਿਹੜੀ ਆਪਾਂ ਦਾਦੇ ਦੀ ਸਾਂਭ-ਸੰਭਾਲ ਲਈ ਵਾਹੁੰਦੇ ਹਾਂ।” ਪੋਤ-ਨੂੰਹ ਨੇ ਥੋੜ੍ਹੀ ਸਿਆਣਪ ਦਿਖਾਉਂਦਿਆਂ ਕਿਹਾ ਸੀ।
“ਭਾਈ ਬੀਬਾ! ਜੇ ਮੇਰੀ ਫਾਂਸੀ ਦੀ ਸਜ਼ਾ ਮਾਫ ਹੋ ਗਈ, ਤਾਂ ਮੈਨੂੰ ਘੁੱਟ ਚਾਹ ਬਣਾ ਦਿਉ, ਮੈਂ ਸੁਸਾਇਟੀ ਵਿਚੋਂ ਖੰਡ ਲਿਆ ਦੇਵਾਂ।” ਜਗੀਰ ਸਿੰਘ ਬੋਲਿਆ ਸੀ।
“ਫਿਰ ਕੀ ਕਹਿੰਦੀਆਂ ਜਗੀਰ ਸਿਆਂ।” ਭਾਗ ਸਿੰਘ ਨੇ ਪੁੱਛਿਆ।
“ਦੋਵਾਂ ਦੇ ਸਿਰ ਸੌ ਘੜਾ ਪਾਣੀ ਦਾ ਪੈ ਗਿਆ। ਦਾਦਾ ਜਿਵੇਂ ਚਿਖਾ ਵਿਚੋਂ ਉਠ ਕੇ ਬੋਲ ਪਿਆ ਹੋਵੇ। ਝੱਟ ਹੱਥਾਂ-ਪੈਰਾਂ ਦੀ ਪੈ ਗਈ।”
“ਦੇਖ ਲੈ ਜਗੀਰ ਸਿਆਂ! ਬੰਦੇ ਦਾ ਮਗਰਲਾ ਸਮਾਂ ਕਿਵੇਂ ਗੁਜ਼ਰਦੈ। ਜਿਨ੍ਹਾਂ ਲਈ ਰਾਤ-ਦਿਨ ਖਪਦੇ ਰਹੇ, ਉਹ ਅੱਜ ਦੋ ਰਾਤਾਂ ਵੀ ਨਹੀਂ ਕਟਾ ਸਕਦੇ। ਜਿੰਨੀ ਤੂੰ ਮਿਹਨਤ ਕੀਤੀ ਹੈ, ਸਾਰਾ ਪਿੰਡ ਜਾਣਦਾ, ਪਰ ਇਨ੍ਹਾਂ ਮਾਡਰਨ ਨੂੰਹਾਂ ਨੂੰ ਕੋਈ ਕਿਵੇਂ ਸਮਝਾਏ ਕਿ ਕੱਲ੍ਹ ਨੂੰ ਤੁਹਾਡੇ ਨਾਲ ਵੀ ਇੰਜ ਹੋਣੀ ਹੈ!” ਭਾਗ ਸਿੰਘ ਨੇ ਕਿਹਾ।
ਜਗੀਰ ਸਿੰਘ ਨੇ ਅੱਖਾਂ ਦੇ ਹੰਝੂ ਪੂੰਝਦਿਆਂ ਗਲਾ ਸਾਫ ਕੀਤਾ।
“ਤਾਇਆ! ਕਿਵੇਂ ਸਾਝਰੇ ਚੌਕੜੀਆਂ ਮੱਲ ਲਈਆਂ।” ਦਰਸ਼ਨ ਮਧਰਾ ਆ ਗਿਆ ਸੀ।
“ਦਰਸ਼ਨਾ! ਆ ਜਾ ਬਹਿ ਜਾ। ਦੱਸ ਭਲਾ ਮੁੰਡੇ ਦਾ ਪਤਾ ਲੱਗਾ ਕੁਝ।” ਭਾਗ ਸਿੰਘ ਨੇ ਪਿੰਡੋਂ ਗੁਆਚੇ ਨਸ਼ੇੜੀ ਮੁੰਡੇ ਬਾਰੇ ਪੁੱਛਿਆ।
“ਤਾਇਆ! ਹਿੱਸੋਵਾਲੀ ਸੇਮ ‘ਤੇ ਮਰਿਆ ਪਿਆ ਦੇਖਿਆ ਕੱਲ੍ਹ। ਲਾਸ਼ ਲੈ ਗਈ ਪੁਲਿਸ ਜਗਰਾਵਾਂ ਨੂੰ, ਮੁੜੇ ਤੋਂ ਸਸਕਾਰ ਹੋਊ।” ਦਰਸ਼ਨ ਦੇ ਬਹਿੰਦਿਆਂ ਕਿਹਾ।
“ਵਾਹਿਗੁਰੂ! ਆਹ ਚੜ੍ਹਦੇ ਸਾਲ ਵਿਚ ਹੀ ਪੰਜ ਮੁੱਕ ਗਏ ਗੱਭਰੂæææ ਕੀ ਹੋ ਗਿਆ ਮੁੰਡਿਆਂ ਨੂੰ? ਕਿੱਧਰ ਨੂੰ ਤੁਰ ਪਈ ਜਵਾਨੀ?” ਭਾਗ ਸਿੰਘ ਨੇ ਫਿਕਰ ਨਾਲ ਕਿਹਾ।
“ਤਾਇਆ! ਕੱਲ੍ਹ ਤੇਰਾ ਕੀ ਰੌਲਾ ਪੈ ਗਿਆ ਕੈਨੇਡੇ ਆਲੇ ਤਾਰੀ ਨਾਲ।” ਦਰਸ਼ਨ ਨੇ ਜਗੀਰ ਸਿੰਘ ਨੂੰ ਪੁੱਛਿਆ।
“ਦਰਸ਼ਨਾ! ਕਈਆਂ ਦਾ ਹਾਲ ਤਾਂ ਇੰਜ ਹੈ ਕਿ ਭੁੱਖੇ ਦੀ ਧੀ ਰੱਜੀ ਤੇ ਪਿੰਡ ਉੱਜੜਨ ਲੱਗੀ। ਤਾਰੀ ਜਿੱਦਣ ਦਾ ਕੈਨੇਡਾ ਤੋਂ ਆਇਆ ਹੈ, ਵੱਡੇ ਮੋਟਰਸਾਈਕਲ ‘ਤੇ ਪਿੰਡ ਵਿਚ ਤੇਜ਼ੀ ਨਾਲ ਗੇੜੀਆਂ ਲਾਉਂਦੈ। ਕੱਲ੍ਹ ਮੈਂ ਖੂੰਡੀ ਦਿਖਾ ਕੇ ਰੋਕ ਲਿਆ ਤੇ ਕਿਹਾ, ਤਾਰੀ! ਭਾਈ ਮੋਟਰਸਾਈਕਲ ਪਿੰਡ ‘ਚ ਹੌਲੀ ਚਲਾਇਆ ਕਰ। ਕੋਈ ਨਿਆਣਾ ਥੱਲੇ ਆ ਜਾਊ, ਅਗਲੇ ਤੈਨੂੰ ਥਾਣੇ ਘੜੀਸਣਗੇ।”
ਅੱਗਿਉਂ ਬੋਲਿਆ, “ਬਾਬਾ! ਮੈਂ ਤਾਂ ਪਿੰਡ ਅੱਗ ਲਾ ਕੇ ਫੂਕ ਦਊਂ, ਜਿਹੜਾ ਮੇਰੇ ਅੱਗੇ ਬੋਲੇ। ਮੈਨੂੰ ਤਾਂ ਕੈਨੇਡਾ ਵਿਚ ਕੋਈ ਹੱਥ ਨਹੀਂ ਪਾਉਂਦਾ।”
“ਤਾਰੀ! ਤੂੰ ਪਿੰਡ ਫੂਕਣ ਦੀ ਗੱਲ ਕਰਦੈਂ? ਦਸ ਸਾਲ ਪਹਿਲਾਂ ਤੇਰਾ ਪਿਉ ਮਰੇ ‘ਤੇ ਬਾਲਣ ਪਿੰਡ ਵਾਲਿਆਂ ਨੇ ਪਾਇਆ ਸੀ। ਤੁਹਾਡੇ ਘਰੋਂ ਇਕ ਲੱਕੜ ਨਹੀਂ ਸੀ ਨਿਕਲੀ। ਪਿੰਡ ਵਾਲਿਆਂ ਨੇ ਹੀ ਤੈਨੂੰ ਕੈਨੇਡਾ ਦਿਖਾਈ ਹੈ। ਜੇ ਮਾੜੀ-ਮੋਟੀ ਸ਼ਰਮ ਹੈ ਤਾਂ ਚੱਪਣੀ ਵਿਚ ਨੱਕ ਡਬੋ ਲੈ। ਮੈਂ ਤਾਂ ਫਿਰ ਤਹਿ ਲਾ’ਤੀ।” ਜਗੀਰ ਸਿੰਘ ਨੇ ਕਿਹਾ।
“ਫਿਰ ਕੀ ਕਹਿੰਦਾ ਤਾਰੀ?” ਦਰਸ਼ਨ ਮਧਰੇ ਨੇ ਪੁੱਛਿਆ।
“ਝੱਗ ਵਾਂਗ ਬੈਠ ਗਿਆ, ਤੇ ਪੈਰੀਂ ਡਿੱਗ ਪਿਆ, ਬਾਬਾ ਜੀ! ਮੈਨੂੰ ਮਾਫ ਕਰ ਦਿਓ, ਗਲਤੀ ਹੋ ਗਈ। ਅੱਜ ਤੋਂ ਬਾਅਦ ਨਹੀਂ ਤੇਜ਼ ਚਲਾਉਂਦਾ।”
“ਬੱਲੇ ਤਾਇਆ! ਜੜ’ਤੀ ਫਿਰ ਮੌਰਾਂ ‘ਤੇ ਡਾਂਗ।” ਦਰਸ਼ਨ ਮਧਰਾ ਹੱਸਿਆ।
“ਦਰਸ਼ਨਾ! ਜਿੱਦਣ ਦਾ ਕੈਨੇਡਾ ਤੋਂ ਆਇਆ, ਆਪਣੇ ਤਿੰਨ ਬੰਦੇ ਖੁਦਕੁਸ਼ੀ ਕਰ ਗਏ। ਕੀ ਕਾਰਨ ਹੈ ਯਾਰ?” ਭਾਗ ਸਿੰਘ ਨੇ ਪੁੱਛਿਆ।
“ਤਾਇਆ! ਜੱਟਾਂ ਨੇ ਆਪ ਹੀ ਗਲ ਫਾਹੇ ਪਾਉਣ ਵਾਲੇ ਕੰਮ ਕੀਤੇ ਆ। ਲੰਡੇ ਕਾ ਪਿਆਰਾ ਮਰਿਆ। ਦੋ ਕਿੱਲੇ ਜ਼ਮੀਨ ਸੀ, ਕਰਜ਼ਾ ਚੁੱਕ ਕੇ ਟਰੈਕਟਰ ਲੈ ਲਿਆ। ਅੱਗਿਉਂ ਪੁੱਤæææ ਟਰੈਕਟਰ ਨਾਲ ਆਹ ਜਿਹੜੀ ਨਵੀਂ ਖੇਡ ਕੱਢੀ ਮੁੰਡਿਆਂ ਨੇ, ਟਰੈਕਟਰ ਟੋਚਨ ਵਾਲੀ, ਇਹ ਖੇਡਣ ਲੱਗ ਗਿਆ। ਪਿੰਡਾਂ ਵਿਚ ਟੂਰਨਾਮੈਂਟ ‘ਤੇ ਜਾਂਦਾ। ਜੇ ਜਿੱਤ ਜਾਂਦਾ ਤਾਂ ਇਨਾਮ ਦੀ ਰਾਸ਼ੀ ਨਾਲ ਸ਼ਰਾਬ ਪੀ ਲੈਂਦਾ। ਜੇ ਪਿਆਰਾ ਅੱਗਿਉਂ ਕੁਝ ਕਹਿੰਦਾ ਤਾਂ ਮੁੰਡਾ ਆਖਦਾ, ‘ਦੇਖੀਂ ਬਾਪੂ ਇਕ ਦਿਨ ਸਾਡੇ ਟਰੈਕਟਰ ਦਾ ਅਖਬਾਰਾਂ ਵਿਚ ਨਾਂ ਬੋਲੂ।’ ਟਰੈਕਟਰ ਦਾ ਨਾਂ ਤਾਂ ਅਖਬਾਰ ਵਿਚ ਆਇਆ ਨਹੀਂ, ਪਰ ਪਿਆਰੇ ਦਾ ਨਾਂ ਅਖਬਾਰ ਵਿਚ ਆ ਗਿਆ। ਹੁਣ ਟਰੈਕਟਰ ਵੀ ਗਿਆ ਤੇ ਜ਼ਮੀਨ ਵੀ। ਮੁੰਡਾ ਕਿਸੇ ਦੀ ਡਰਾਈਵਰੀ ਕਰਦੈ।” ਦਰਸ਼ਨ ਮਧਰੇ ਨੇ ਆਪਣੇ ਕੱਦ ਤੋਂ ਉਚੀ ਗੱਲ ਸੁਣਾ ਦਿੱਤੀ।
“ਦਰਸ਼ਨਾ! ਇਕ ਗੱਲ ਹੋਰæææ ਆ ਮਰਦੇ ਖੁਦਕੁਸ਼ੀ ਕਰ ਕੇ ਜੱਟ ਹੀ ਨੇ, ਪਿੰਡ ਵਿਚ ਦੂਜੀਆਂ ਜਾਤਾਂ ਦੇ ਲੋਕ ਕਿਉਂ ਨਹੀਂ ਮਰਦੇ?” ਭਾਗ ਸਿੰਘ ਨੇ ਫਿਰ ਪੁੱਛਿਆ।
“ਤਾਇਆ! ਪਰਜਾਪਤ ਸਾਰੇ ਰੇੜ੍ਹੇ-ਖੱਚਰਾਂ ਉਤੇ ਪਿੰਡਾਂ ਵਿਚ ਸੌਦਾ ਵੇਚਦੇ ਆ, ਕੁਝ ਰੇੜ੍ਹੇ-ਖੱਚਰਾਂ ਨਾਲ ਭਾੜਾ ਢੋਂਦੇ ਨੇ; ਤੇ ਜਿੰਨੇ ਆਪਣੇ ਛੀਂਬਿਆਂ ਦੇ ਘਰ ਨੇ, ਸਾਰਿਆਂ ਦੇ ਪੁੱਤ-ਨੂੰਹਾਂ ਦਰਜੀ ਹਨ। ਕਈਆਂ ਨੇ ਕੱਪੜੇ ਦੇ ਸਟੋਰ ਖੋਲ੍ਹੇ ਹੋਏ ਆ। ਕਿਸੇ ਨੇ ਕਰਿਆਨੇ ਦੀ ਹੱਟੀ ਕੀਤੀ ਹੋਈ ਆ। ਕੋਈ ਵੀ ਮੁੰਡਾ ਨਸ਼ੇੜੀ ਨਹੀਂ ਤੇ ਸਿੱਖੀ ਸਰੂਪ ਵਿਚ ਰਹਿੰਦੇ ਆ। ਫਿਰ ਵਿਹੜੇ ਗੇੜਾ ਕੱਢ, ਕਿੰਨੇ ਮੁੰਡੇ ਫੌਜ ਵਿਚ ਭਰਤੀ ਹੋ ਗਏ। ਕੋਈ ਸਬਜ਼ੀ ਵੇਚਦਾ, ਕੋਈ ਫਲਾਂ ਦੀ ਦੁਕਾਨ ਖੋਲ੍ਹੀ ਬੈਠਾ ਤੇ ਕਈ ਚਾਹ ਦੀ ਰੇੜ੍ਹੀ ਲਾ ਕੇ ਰੋਟੀ ਕਮਾਈ ਜਾਂਦੈ। ਜਿਹੜਾ ਕੰਮ ਮਿਲਦਾ, ਉਹੀ ਕਰ ਲੈਂਦੇ। ਇਹ ਵੀ ਕਰਜ਼ਾ ਲੈਂਦੇ ਆ, ਪਰ ਜਿਹੜੇ ਕੰਮ ਵਾਸਤੇ ਲੈਂਦੇ ਆ, ਉਸ ‘ਤੇ ਹੀ ਲਾਉਂਦੇ ਆ। ਸਾਡੇ ਜੱਟਾਂ ਵਾਂਗ ਕਰਜ਼ਾ ਖੇਤੀ ਵਾਸਤੇ ਚੁੱਕਿਆ, ਤੇ ਪਾਉਣ ਲੱਗ ਪਏ ਕੋਠੀ! ਬਾਕੀ ਜਿਹੜਾ ਇਸ ਦੇ ਨਾਲ ‘ਜੱਟ’ ਲੱਗ ਗਿਆ, ਇਹ ਇਹਨੂੰ ਨਿੱਕਾ-ਮੋਟਾ ਕੰਮ ਕਰਨ ਨਹੀਂ ਦਿੰਦਾ।” ਦਰਸ਼ਨ ਸਿੰਘ ਨੇ ਸਭ ਦੀ ਸੁਣਾ ਦਿੱਤੀ।
“ਦਰਸ਼ਨਾ! ਨਾਈਆਂ ਦੇ ਪੁੱਤਾਂ ਬਾਰੇ ਤਾਂ ਦੱਸਿਆ ਨਹੀਂ।” ਭਾਗ ਸਿੰਘ ਨੇ ਕਿਹਾ।
“ਤਾਇਆ! ਦੇਖ ਲੈ ਆਪਣੇ ਪਿੰਡ ਤਿੰਨ ਦੁਕਾਨਾਂ ਇਨ੍ਹਾਂ ਦੀਆਂ। ਅੱਠ ਨਹੀਂ ਵੱਜਦੇ ਜਦੋਂ ਸਾਰੀ ਮੁੰਡੀਰ ਉਥੇ ਲਾਈਨ ਵਿਚ ਬੈਠ ਜਾਂਦੀ ਹੈ। ਨਾਲੇ ਕਹਿੰਦੇ ਨੇ, ਜੇ ਵੱਡੇ ਦਿਨ ਜਾਈਏ ਤਾਂ ਵਾਰੀ ਨਹੀਂ ਆਉਂਦੀ। ਨਾਲੇ ਸੱਚ, ਪਿਛਲੇ ਦਿਨੀਂ ਨਿੱਕੂ ਨਾਈ ਨੇ ਕੋਠੀ ਦਾ ਮਹੂਰਤ ਕੀਤਾ। ਮੈਂ ਗਿਆ ਤੇ ਹਾਸੇ ਵਿਚ ਕਿਹਾ, ਨਿੱਕਿਆ! ਤੂੰ ਤਾਂ ਪਿੰਡ ਮੁੰਨ ਕੇ ਕੋਠੀ ਪਾ ਗਿਆ।”
“ਚਾਚੂ! ਯਾਰ ਸਾਡੇ ਕਿਹੜਾ ਸੋਨਾਲੀਕਾ ਚੱਲਦੇ ਨੇ, ਕੈਂਚੀ ਤੇ ਉਸਤਰਾ ਹੀ ਐ ਸਾਡੇ ਕੋਲ ਤਾਂ।” ਨਿੱਕੂ ਦਾ ਜਵਾਬ ਸੀ।
“ਮੈਂ ਸੋਚਣ ਲੱਗਾ, ਜੱਟਾਂ ਨੇ ਸੰਦਾਂ ਨਾਲ ਘਰ ਭਰੇ ਪਏ ਨੇ, ਤੇ ਕਰਜ਼ੇ ਦੀ ਪੰਡ ਭਾਰੀ ਹੋਈ ਜਾਂਦੀ, ਤੇ ਨਿੱਕੂ ਪਾਈਆ ਲੋਹੇ ਨਾਲ ਹੀ ਮਹਿਲ ਖੜ੍ਹਾ ਕਰ ਗਿਆ।” ਦਰਸ਼ਨ ਮਧਰਾ ਫਿਕਰ ਨਾਲ ਬੋਲਿਆ।
“ਦਰਸ਼ਨਾ! ਸਰਕਾਰ ਨੇ ਤਾਂ ਨੌਜਵਾਨਾਂ ਨੂੰ ਖੱਸੀ ਕਰ ਦਿੱਤਾ। ਨਸ਼ੇ ਦੀ ਐਸੀ ਹਨੇਰੀ ਝੁਲਾਈ ਕਿ ਕੋਈ ਵੀ ਮੁੰਡਾ ਨਹੀਂ ਬਚਿਆ।” ਜਗੀਰ ਸਿੰਘ ਨੇ ਲੰਬੀ ਚੁੱਪ ਤੋੜੀ।
“ਤਾਇਆ! ਨਸ਼ੇ ਵੇਚਣ ਵਾਲਿਆਂ ਦਾ ਕਸੂਰ ਘੱਟ, ਸਾਡਾ ਵੱਧ ਹੈ। ਪਿੰਡ ਦਾ ਏਕਾ ਹੋਵੇ ਤਾਂ ਚਿੜੀ ਨਾ ਫਟਕਣ ਦੇਈਏ। ਹਰ ਸਾਂਝੇ ਕੰਮ ‘ਤੇ ਸਿਆਸਤ ਹੁੰਦੀ ਹੈ। ਨਿਹੰਗਾ ਦਾ ਝੋਟਾ ਚੋਰੀ ਹੋ ਗਿਆ, ਸਵੇਰੇ ਮੁੰਡੀਰ ਕਹੀ ਜਾਵੇ, ਅਕਾਲੀਆਂ ਦੇ ਬੰਦੇ ਦਾ ਕੰਮ ਹੈ। ਭੂਰੇ ਨੇ ਆਪਣੀ ਤੀਵੀਂ ਕੁੱਟੀ ਤਾਂ ਕਹਿਣ, ਕਾਂਗਰਸ ਦੇ ਬੰਦੇ ਦੀ ਸ਼ਹਿ ‘ਤੇ ਤੀਵੀਂ ਕੁੱਟਦਾ ਹੈ। ਮਤਾ ਪਾਸ ਹੋਇਆ ਕਿ ਪਿੰਡ ਦੇ ਸਿਵੇ ਸਾਂਝੇ ਕੀਤੇ ਜਾਣ ਤੇ ਗੁਰਦੁਆਰਾ ਵੀ ਇਕ ਹੋਵੇ। ਜਦੋਂ ਮੰਤਰੀ ਨੂੰ ਪਤਾ ਲੱਗਾ ਤਾਂ ਝੱਟ ਸਿਆਸਤ ਖੜ੍ਹੀ ਹੋ ਗਈ। ਇਕ ਨਸ਼ੇ ਵੇਚਣ ਵਾਲੇ ਨੂੰ ਫੜਦਾ ਹੈ ਤੇ ਦੂਜਾ ਛੁਡਾ ਲਿਆਉਂਦਾ ਹੈ। ਅਸੀਂ ਖੁਦ ਜੁੱਤੀਆਂ ਖਾਣ ਲਈ ਸਿਰ ਅੱਗੇ ਕਰੀ ਬੈਠੇ ਹਾਂ। ਨਾਲੇ ਤੇਰੇ ਵਰਗੇ ਬਜ਼ੁਰਗਾਂ ਨੂੰ ਘਰ ਦੀ ਮੁਖ਼ਤਿਆਰੀ ਨਹੀਂ ਦਿੰਦੇ।” ਦਰਸ਼ਨ ਮਧਰਾ ਜਗੀਰ ਸਿੰਘ ਵੱਲ ਵੀ ਤੋੜਾ ਝਾੜ ਗਿਆ।
“ਦਰਸ਼ਨਾ! ਆਹ ਰੋਣ ਦੀ ਆਵਾਜ਼ ਉਚੀ ਹੋ ਗਈ। ਲੱਗਦਾ, ਮੁੰਡੇ ਨੂੰ ਜਗਰਾਵਾਂ ਤੋਂ ਲੈ ਆਏ। ਚੱਲ ਸਸਕਾਰ ਕਰਾ ਆਈਏ।” ਭਾਗ ਸਿੰਘ ਨੇ ਕਿਹਾ।
“ਹੇ ਰੱਬ ਸੱਚਿਆ! ਮੇਰੀ ਪੋਤ-ਨੂੰਹ ਦੀ ਗੱਲ ਪੂਰੀ ਕਰ ਦੇ! ਮੈਨੂੰ ਹੋਰ ਜਵਾਨ ਪੁੱਤਾਂ ਦੇ ਸਿਵੇ ਨਾ ਦੇਖਣੇ ਪੈਣ!! ਪੁੱਤ ਦੇ ਮੋਢਿਆਂ ‘ਤੇ ਪਿਉ ਦੀ ਅਰਥੀ ਚੁੱਕੀ ਜਾਵੇ। ਕਿਸੇ ਦਾ ਪਿਉ, ਪੁੱਤ ਦੀ ਅਰਥੀ ਨੂੰ ਮੋਢਾ ਨਾ ਦੇਵੇ।” ਜਗੀਰ ਸਿੰਘ ਨੇ ਗਿੱਲੀਆਂ ਅੱਖਾਂ ਨਾਲ ਕਿਹਾ।