ਜਗਜੀਤ ਸਿੰਘ ਸੇਖੋਂ
ਆਪਣੇ ਸਮਿਆਂ ਦੀ ਸੰਗੀਤ ਹਸਤੀ ਗੌਹਰ ਜਾਨ (26 ਜੂਨ 1873-17 ਜਨਵਰੀ 1930) ਦੀ ਕਹਾਣੀ ਵੀ ਬੜੀ ਗਹਿਰੀ ਅਤੇ ਗੁਣਵੰਤੀ ਹੈ। ਉਸ ਦੌਰ ਵਿਚ ਵੀ ਉਸ ਨੇ ਔਰਤ ਵਜੋਂ ਸੰਗੀਤ ਦੀ ਦੁਨੀਆ ਵਿਚ ਵੱਡੀ ਮੱਲ ਮਾਰੀ। ਗੌਹਰ ਜਾਨ ਪਹਿਲੀ ਕਲਾਕਾਰ ਸੀ ਜਿਸ ਦਾ ਰਿਕਾਰਡ ਭਾਰਤ ਵਿਚ ਪਹਿਲੀ ਵਾਰ ਦੋ ਨਵੰਬਰ 1902 ਨੂੰ ਰਿਕਾਰਡ ਹੋਇਆ ਸੀ।
ਇਹ ਰਿਕਾਰਡਿੰਗ ਗਰਾਮੋਫੋਨ ਕੰਪਨੀ ਨੇ ਕਰਵਾਈ ਸੀ ਅਤੇ ਇਸ ਦਾ ਸਮਾਂ ਤਿੰਨ ਮਿੰਟ ਸੀ। ਉਦੋਂ ਉਸ ਨੇ ਇਸ ਰਿਕਾਰਡਿੰਗ ਲਈ 3 ਹਜ਼ਾਰ ਰੁਪਏ ਵਸੂਲ ਕੀਤੇ ਸਨ। ਅਗਲੇ ਹੀ ਸਾਲ ਜੂਨ 1903 ਵਿਚ ਉਸ ਦੇ ਰਿਕਾਰਡ ਭਾਰਤੀ ਬਾਜ਼ਾਰ ਵਿਚ ਪਹੁੰਚ ਗਏ ਜਿਨ੍ਹਾਂ ਦੀ ਮੰਗ ਵਾਹਵਾ ਵਧ ਗਈ।
ਨੌਜਵਾਨ ਲੇਖਕ ਵਿਕਰਮ ਸੰਪਤ ਨੇ ਗੌਹਰ ਜਾਨ ਬਾਰੇ ਖੋਜ ਭਰਪੂਰ ਕਿਤਾਬ ਲਿਖੀ- ਮਾਈ ਨੇਮ ਇਜ਼ ਗੌਹਰ ਜਾਨ। ਇਸ ਵਿਚ ਵਿਕਰਮ ਨੇ ਗੌਹਰ ਜਾਨ ਦੇ ਸੰਗੀਤ ਸਫ਼ਰ ਦੇ ਨਾਲ-ਨਾਲ ਉਸ ਦੌਰ ਦੇ ਸੰਗੀਤ ਅਤੇ ਹੋਰ ਹਾਲਾਤ ਬਾਰੇ ਚਾਨਣਾ ਪਾਇਆ ਹੈ। ਹੁਣ ਇਸੇ ਕਿਤਾਬ ਨੂੰ ਆਧਾਰ ਬਣਾ ਕੇ ਮਹੇਸ਼ ਦੱਤਾਨੀ ਨੇ Ḕਗੌਹਰ ਜਾਨḔ ਨਾਂ ਹੇਠ ਨਾਟਕ ਲਿਖਿਆ ਹੈ। ਇਹ ਨਾਟਕ ਲਿਲੀ ਦੂਬੇ ਦੀ ਨਿਰਦੇਸ਼ਨਾ ਹੇਠ ਮੁਲਕ ਭਰ ਵਿਚ ਵੱਖ-ਵੱਖ ਥਾਈਂ ਖੇਡਿਆ ਜਾ ਰਿਹਾ ਹੈ। ਇਸ ਨਾਟਕ ਵਿਚ ਮੁਟਿਆਰ ਗੌਹਰ ਜਾਨ ਵਾਲਾ ਕਿਰਦਾਰ ਰਾਜੇਸ਼ਵਰੀ ਸਚਦੇਵਾ ਨੇ ਨਿਭਾਇਆ ਹੈ ਅਤੇ ਪੱਕੀ ਉਮਰ ਵਾਲੀ ਗੌਹਰ ਜਾਨ ਦੀ ਭੂਮਿਕਾ ਮਸ਼ਹੂਰ ਸੂਫ਼ੀ ਗਾਇਕਾ ਜ਼ਿਲਾ ਖਾਨ ਦੇ ਹਿੱਸੇ ਆਈ ਹੈ।
ਗੌਹਰ ਜਾਨ ਦਾ ਬਚਪਨ ਦਾ ਨਾਂ ਇਲੀਨ ਐਂਜਲਾ ਯਿਓਵਾਰਡ ਸੀ। ਉਸ ਦੀ ਦਾਦੀ ਹਿੰਦੂ ਸੀ ਜਿਸ ਨੇ ਅੰਗਰੇਜ਼ ਨੌਜਵਾਨ ਨਾਲ ਵਿਆਹ ਕਰਵਾ ਲਿਆ ਸੀ। ਉਸ ਦਾ ਪਿਤਾ ਵਿਲੀਅਮ ਰੌਬਰਟ ਯਿਓਵਾਰਡ ਇੰਜੀਨੀਅਰ ਸੀ ਅਤੇ ਮਾਂ ਦਾ ਨਾਂ ਵਿਕਟੋਰੀਆ ਹੈਮਿੰਗਸ ਸੀ। 1872 ਵਿਚ ਹੋਇਆ ਇਹ ਵਿਆਹ ਸਿਰਫ ਪੰਜ ਸਾਲ ਹੀ ਚੱਲ ਸਕਿਆ ਅਤੇ 1879 ਵਿਚ ਦੋਵੇਂ ਵੱਖ ਹੋ ਗਏ। ਮਾਂ-ਧੀ ਲਈ ਇਹ ਸਮਾਂ ਬੜਾ ਸੰਕਟ ਭਰਿਆ ਸੀ। ਦੋਵੇਂ ਜਣੀਆਂ 1881 ਵਿਚ ਆਜ਼ਮਗੜ੍ਹ ਤੋਂ ਬਨਾਰਸ ਜਾ ਪੁੱਜੀਆਂ। ਉਦੋਂ ਖੁਰਸ਼ੀਦ ਨਾਂ ਦੇ ਸ਼ਖਸ ਨੇ ਉਨ੍ਹਾਂ ਦੀ ਬੜੀ ਇਮਦਾਦ ਕੀਤੀ। ਇਸੇ ਦੌਰਾਨ ਵਿਕਟੋਰੀਆ ਨੇ ਇਸਲਾਮ ਧਾਰਨ ਕਰ ਲਿਆ ਅਤੇ ਆਪਣਾ ਨਾਂ ਮਲਿਕਾ ਜਾਨ ਅਤੇ ਧੀ ਦਾ ਨਾਂ ਗੌਹਰ ਜਾਨ ਰੱਖ ਲਿਆ। ਗੌਹਰ ਜਾਨ ਦੇ ਸੰਗੀਤ ਵਿਚ ਕ੍ਰਿਸ਼ਨ ਭਗਤੀ ਵਾਲਾ ਰਸ ਪਹਿਲਾਂ ਵਾਂਗ ਹੀ ਕਾਇਮ ਰਿਹਾ। ਬਨਾਰਸ (ਹੁਣ ਵਾਰਾਨਸੀ) ਵਿਚ ਆਪਣੀ ਪ੍ਰਤਿਭਾ ਦਾ ਜਲੌਅ ਦਿਖਾਉਣ ਤੋਂ ਬਾਅਦ ਗੌਹਰ ਕਲਕੱਤੇ (ਹੁਣ ਕੋਲਕਾਤਾ) ਚਲੀ ਗਈ ਅਤੇ ਨਵਾਬ ਵਾਜਦ ਅਲੀ ਖਾਨ ਦੇ ਦਰਬਾਰ ਵਿਚ ਗਾਉਣ ਲੱਗੀ।
ਗੌਹਰ ਜਾਨ ਨੇ ਤਕਰੀਬਨ ਤਿੰਨ ਦਹਾਕਿਆਂ ਦੌਰਾਨ ਦਸ ਭਾਸ਼ਾਵਾਂ ਵਿਚ ਤਕਰੀਬਨ 600 ਰਿਕਾਰਡ ਦਰਜ ਕਰਵਾਏ। ਇਨ੍ਹਾਂ ਭਾਸ਼ਾਵਾਂ ਵਿਚ ਬੰਗਾਲੀ, ਹਿੰਦੁਤਸਾਨੀ, ਗੁਜਰਾਤੀ, ਤਾਮਿਲ, ਮਰਾਠੀ, ਅਰਬੀ, ਫਾਰਸੀ, ਪਸ਼ਤੋ, ਫਰਾਂਸੀਸੀ ਅਤੇ ਅੰਗੇਰਜ਼ੀ ਸ਼ਾਮਲ ਹਨ। ਉਹਨੇ 1900 ਤੋਂ ਲੈ ਕੇ 1930 ਤੱਕ ਰੱਜ ਕੇ ਗਾਇਆ ਅਤੇ 56 ਸਾਲ ਦੀ ਉਮਰ ਵਿਚ 17 ਜਨਵਰੀ 1930 ਨੂੰ ਉਸ ਦੀ ਮੌਤ ਹੋ ਗਈ।
____________________________________
ਜ਼ਿਲਾ ਖਾਨ: ਸੂਫੀ ਕਲਾਮ ਤੋਂ ਸਟੇਜ ਤੱਕ
ਮਸ਼ਹੂਰ ਸੂਫ਼ੀ ਗਾਇਕਾ ਜ਼ਿਲਾ ਖਾਨ ਨੇ ਪਹਿਲੀ ਵਾਰ Ḕਗੌਹਰ ਜਾਨḔ ਨਾਟਕ ਵਿਚ ਹੀ ਅਦਾਕਾਰੀ ਕੀਤੀ ਹੈ। ਜਦੋਂ ਉਹਨੂੰ ਗੌਹਰ ਜਾਨ ਵਾਲਾ ਕਿਰਦਾਰ ਨਿਭਾਉਣ ਦੀ ਪੇਸ਼ਕਸ਼ ਹੋਈ ਤਾਂ ਪਹਿਲਾਂ ਉਹ ਜੱਕੋ-ਤੱਕੀ ਵਿਚ ਸੀ। ਫਿਰ ਉਸ ਨੇ ਜੋਖਮ ਉਠਾਉਣਾ ਹੀ ਠੀਕ ਸਮਝਿਆ ਅਤੇ ਹਾਂ ਕਰ ਦਿੱਤੀ। ਜ਼ਿਲਾ ਖਾਨ ਦੱਸਦੀ ਹੈ ਕਿ ਉਸ ਨੂੰ ਇਸ ਨਾਟਕ ਵਿਚ ਅਦਾਕਾਰੀ ਦੇ ਨਾਲ-ਨਾਲ ਨੱਚਣਾ ਵੀ ਪਿਆ। ਅਦਾਕਾਰੀ ਉਸ ਨੂੰ ਕੁਝ ਕੁ ਔਖੀ ਜ਼ਰੂਰ ਲੱਗੀ, ਪਰ ਰਿਹਰਸਲਾਂ ਅਤੇ ਸਾਥੀ ਕਲਾਕਾਰਾਂ ਦੇ ਭਰਪੂਰ ਸਹਿਯੋਗ ਨਾਲ ਉਹ ਇਹ ਕਲਾ ਨਿਭਾਉਣ ਵਿਚ ਵੀ ਸਫ਼ਲ ਰਹੀ। ਜ਼ਿਲਾ ਖਾਨ ਉਸਤਾਦ ਵਲਾਇਤ ਖਾਨ ਦੀ ਧੀ ਹੈ ਅਤੇ ਸੂਫ਼ੀ ਗਾਇਨ ਵਿਚ ਉਸ ਦਾ ਖਾਸ ਰੁਤਬਾ ਹੈ।