ਪਾਰਸੀ ਟੱਬਰ ਵਿਚ ਜੰਮੀ-ਪਲੀ ਅਮਾਇਰਾ ਦਸਤੂਰ ਦਾ ਨਾਂ ਹੀ ਖਿੱਚ ਪਾਉਣ ਵਾਲਾ ਹੈ। ਤਕਰੀਬਨ ਤਿੰਨ ਸਾਲ 2013 ਵਿਚ ਫਿਲਮ Ḕਇਸ਼ਕḔ ਨਾਲ ਉਸ ਨੇ ਹਿੰਦੀ ਫਿਲਮ ਜਗਤ ਵਿਚ ਪੈਰ ਧਰਿਆ ਸੀ। ਇਸ ਫਿਲਮ ਵਿਚ ਉਸ ਦਾ ਹੀਰੋ ਅਦਾਕਾਰਾ ਸਮਿਤਾ ਪਾਟਿਲ ਤੇ ਰਾਜ ਬੱਬਰ ਦਾ ਪੁੱਤਰ ਪ੍ਰਤੀਕ ਬੱਬਰ ਸੀ।
ਇਹ ਫਿਲਮ ਚੱਲ ਨਾ ਸਕੀ ਅਤੇ ਨਾ ਹੀ ਅਮਾਇਰਾ ਦੀ ਅਦਾਕਾਰੀ ਬਾਰੇ ਕੋਈ ਖਾਸ ਚਰਚਾ ਹੋਈ, ਬਲਕਿ ਇਸ ਫਿਲਮ ਦੇ ਬੜੇ ਮਾੜੇ ਰਿਵੀਊ ਸਾਹਮਣੇ ਆਏ। ਦੋ ਸਾਲ ਬਾਅਦ ਉਸ ਦੀਆਂ ਦੋ ਹੋਰ ਫਿਲਮਾਂ ਆਈਆਂ। ਪਹਿਲੀ ਤਮਿਲ ਫਿਲਮ ḔਅਨੇਗਨḔ ਸੀ ਅਤੇ ਦੂਜੀ ਹਿੰਦੀ ਫਿਲਮ ਸੀ Ḕਮਿਸਟਰ ਐਕਸḔ। ḔਅਨੇਗਨḔ ਵਿਚ ਉਸ ਤੋਂ ਇਲਾਵਾ ਧਨੁਸ਼ ਅਤੇ ਅਸ਼ੀਸ਼ ਵਿਦਿਆਰਥੀ ਵਰਗੇ ਹੰਢੇ-ਵਰਤੇ ਕਲਾਕਾਰ ਵੀ ਸਨ। ਬਾਕਸ ਆਫ਼ਿਸ ਉਤੇ ਇਹ ਫਿਲਮ ਕਾਫ਼ੀ ਸਫ਼ਲ ਰਹੀ। Ḕਮਿਸਟਰ ਐਕਸḔ ਫਿਲਮ ਮੁਕੇਸ਼ ਭੱਟ ਨੇ ਬਣਾਈ ਸੀ ਅਤੇ ਇਸ ਵਿਚ ਇਮਰਾਨ ਹਾਸ਼ਮੀ ਦਾ ਲੀਡ ਰੋਲ ਸੀ। ਫਿਲਮ ਨਿਰਮਾਤਾਵਾਂ ਦਾ ਦਾਅਵਾ ਸੀ ਕਿ ਇਹ ਫਿਲਮ ਵੱਖਰੀ ਕਿਸਮ ਦੀ ਹੈ, ਪਰ ਇਸ ਫਿਲਮ ਨੇ ਤਾਂ ਬਾਕਸ ਆਫਿਸ ਉਤੇ ਪਾਣੀ ਵੀ ਨਾ ਮੰਗਿਆ ਅਤੇ ਫਲਾਪ ਹੋ ਗਈ। ਇਸ ਫਿਲਮ ਦੇ ਵੀ ਬਹੁਤ ਮਾੜੇ ਰਿਵੀਊ ਨਸ਼ਰ ਹੋਏ। ਅਮਾਇਰਾ ਦਸਤੂਰ ਦੀ ਗੱਡੀ ਇਕ ਵਾਰ ਫਿਰ ਉਸੇ ਥਾਂ ਆਣ ਕੇ ਰੁਕ ਗਈ, ਉਂਜ ਉਸ ਨੇ ਹਿਮਤ ਨਹੀਂ ਹਾਰੀ। ਦਰਅਸਲ ਉਸ ਨੇ ਬਤੌਰ ਮਾਡਲ 13 ਸਾਲ ਦੀ ਉਮਰ ਵਿਚ ਹੀ 2006 ਵਿਚ ਆਪਣੀ ਗੱਡੀ ਰੋੜ੍ਹੇ ਪਾ ਲਈ ਸੀ। ਹੁਣ ਉਸ ਨੂੰ ਜੈਕੀ ਚਾਨ ਦੀ ਫਿਲਮ Ḕਕੁੰਗ ਫੂ ਯੋਗਾḔ ਮਿਲ ਗਈ ਹੈ। ਇਹ ਫਿਲਮ ਚੀਨੀ-ਭਾਰਤੀ ਸਹਿਯੋਗ ਨਾਲ ਬਣ ਰਹੀ ਹੈ ਅਤੇ ਇਸ ਵਿਚ ਜੈਕੀ ਚਾਨ ਤੇ ਅਮਾਇਰਾ ਦਸਤੂਰ ਤੋਂ ਇਲਾਵਾ ਸੋਨੂੰ ਸੂਦ, ਦਿਸ਼ਾ ਪਟਾਨੀ ਅਤੇ ਆਰਿਫ਼ ਰਹਿਮਾਨ ਵਰਗੇ ਕਲਾਕਾਰ ਵੱਖ-ਵੱਖ ਕਿਰਦਾਰ ਨਿਭਾਅ ਰਹੇ ਹਨ। ਅਮਾਇਰਾ ਅੱਜ ਕੱਲ੍ਹ ਇਸੇ ਫਿਲਮ ਦੀਆਂ ਗੱਲਾਂ ਕਰਦੀ ਹੈ। ਆਪਣੇ ਪਿਛੋਕੜ ਦੇ ਹਵਾਲੇ ਬਾਰੇ ਉਹ ਦੱਸਦੀ ਹੈ- “ਬਾਲੀਵੁੱਡ ਵਿਚ ਹਿੱਟ ਫਿਲਮ ਖਾਲਾ ਜੀ ਦਾ ਵਾੜਾ ਨਹੀਂ, ਸਾਰਾ ਕੁਝ ਦਰਸ਼ਕਾਂ ਉਤੇ ਨਿਰਭਰ ਹੁੰਦਾ ਹੈ। ਦੋ ਵਾਰ ਦਰਸ਼ਕਾਂ ਨੇ ਮੈਨੂੰ ਨਕਾਰ ਸੁੱਟਿਆ। ਫਿਲਮਾਂ ਦੀ ਇਸ ਅਸਫ਼ਲਤਾ ਨੇ ਮੇਰਾ ਦਿਲ ਤਾਂ ਤੋੜਿਆ, ਪਰ ਮੇਰਾ ਲਗਨ ਅਤੇ ਮਿਹਨਤ ਵਿਚ ਪੱਕਾ ਯਕੀਨ ਹੈ। ਮੈਂ ਸਫ਼ਲਤਾ ਹਾਸਲ ਕਰ ਕੇ ਹੀ ਸਾਹ ਲਵਾਂਗੀ।” ਉਹ ਦੱਸਦੀ ਹੈ ਕਿ ਜੈਕੀ ਚਾਨ ਨਾਲ ਪਲੇਠੀ ਮੀਟਿੰਗ ਤੋਂ ਬਾਅਦ ਉਹ ਬੱਸ ਦੰਗ ਹੀ ਰਹਿ ਗਈ ਸੀ। ਦੋਵਾਂ ਦੀ ਮੁਲਾਕਾਤ ਚੀਨ ਦੀ ਰਾਜਧਾਨੀ ਬੀਜਿੰਗ ਵਿਚ ਹੋਈ ਸੀ। ਇੰਨੇ ਵੱਡੇ ਸੁਪਰ-ਸਟਾਰ ਨੂੰ ਮਿਲਣਾ ਅਮਾਇਰਾ ਲਈ ਵੱਡੀ ਗੱਲ ਸੀ। ਫਿਲਮ ਦੇ ਪਹਿਲੇ ਕੁਝ ਸੀਨ ਉਸ ਨੇ ਬੜੀ ਝਿਜਕ ਨਾਲ ਮੁਕੰਮਲ ਕੀਤੇ, ਪਰ ਜੈਕੀ ਚਾਨ ਦੇ ਸਹਿਯੋਗ ਨੇ ਸਭ ਰਵਾਂ ਕਰ ਦਿੱਤਾ। ਹੁਣ ਅਮਾਇਰਾ ਦੀ ਨਿਗ੍ਹਾ ਸਿੱਧੀ ਆਪਣੇ ਭਵਿੱਖ ਉਤੇ ਟਿਕੀ ਹੋਈ ਹੈ।
-ਆਮਨਾ ਕੌਰ