ਕੰਗਨਾ ਰਣੌਤ ਅਤੇ ਰਿਤਿਕ ਰੌਸ਼ਨ ਵਿਚਕਾਰ ਦੋਸਤੀ ਫਿਲਮ ḔਕਾਈਟਸḔ ਦੀ ਸ਼ੂਟਿੰਗ ਕਰਦਿਆਂ ਪਈ ਸੀ, ਪਰ 2013 ਵਿਚ ਫਿਲਮ Ḕਕ੍ਰਿਸ਼-3Ḕ ਦੌਰਾਨ ਇਹ ਦੋਸਤੀ ਆਪਸੀ ਸਬੰਧਾਂ ਵਿਚ ਬਦਲ ਗਈ! ਭਾਵੇਂ ਦੋਵਾਂ ਵੱਲੋਂ ਇਸ ਬਾਰੇ ਕਦੀ ਕੋਈ ਇਜ਼ਹਾਰ ਨਹੀਂ ਕੀਤਾ ਗਿਆ। ਇਸ ਤੋਂ ਬਾਅਦ ਭਾਣਾ ਇਸ ਸਾਲ ਜਨਵਰੀ ਮਹੀਨੇ ਵਰਤਿਆ।
ਕਿਸੇ ਨੇ ਕੰਗਨਾ ਨੂੰ ਸਵਾਲ ਕਰ ਦਿੱਤਾ ਕਿ ਫਿਲਮ Ḕਆਸ਼ਕੀ-3Ḕ ਵਿਚੋਂ ਉਸ ਨੂੰ ਕਢਵਾਉਣ ਵਿਚ ਕਿਤੇ ਰਿਤਿਕ ਰੌਸ਼ਨ ਦਾ ਹੱਥ ਤਾਂ ਨਹੀਂ? ਇਸ ਦਾ ਜਵਾਬ ਕੰਗਨਾ ਨੇ ਦਿੱਤਾ ਤਾਂ ਬਹੁਤ ਸੰਖੇਪ ਜਿਹਾ ਸੀ, ਪਰ ਇਸ ਨੇ ਮੁਸੀਬਤਾਂ ਦਾ ਟੋਕਰਾ ਦੋਵਾਂ ਉਤੇ ਉਲੱਦ ਦਿੱਤਾ। ਉਸ ਨੇ ਸਿਰਫ਼ ਇੰਨਾ ਹੀ ਕਿਹਾ ਸੀ- “ਕਈ ਵਾਰ Ḕਸਾਬਕਾ’ (ਭਾਵ, ਪ੍ਰੇਮੀ) ਧਿਆਨ ਖਿੱਚਣ ਲਈ ਬੜੇ ਊਟ-ਪਟਾਂਗ ਵੀ ਮਾਰ ਜਾਂਦੇ ਹਨ।
ਇਸ ਤੋਂ ਬਾਅਦ ਰਿਤਿਕ ਰੌਸ਼ਨ ਦੀ ਵਾਰੀ ਆਈ। ਉਸ ਨੇ ਕਿਹਾ ਕਿ ਉਹ ਕੰਗਨਾ ਨਾਲ ਡੇਟ ਉਤੇ ਜਾਣ ਦੀ ਥਾਂ ਪੋਪ ਨਾਲ ਡੇਟ ਉਤੇ ਜਾਣਾ ਜ਼ਿਆਦਾ ਪਸੰਦ ਕਰੇਗਾ। ਇਸ ਤੋਂ ਬਾਅਦ ਦੋਵਾਂ ਵਿਚਕਾਰ ਪਹਿਲਾਂ ਤੂੰ-ਤੂੰ, ਮੈਂ-ਮੈਂ ਸ਼ੁਰੂ ਹੋ ਗਈ ਅਤੇ ਫਿਰ ਕਾਨੂੰਨੀ ਲੜਾਈ ਚੱਲ ਪਈ। ਹੁਣ ਹਾਲ ਇਹ ਹੈ ਕਿ ਲੜਾਈ ਰੁਕਣ ਦਾ ਨਾਂ ਹੀ ਨਹੀਂ ਲੈ ਰਹੀ। ਇਸ ਦੌਰਾਨ ਕੰਗਨਾ ਨੇ ਤਾਂ ਮੁੰਬਈ ਪੁਲਿਸ ਨੂੰ ਚਿੱਠੀ ਲਿਖ ਕੇ ਰਿਤਿਕ ਨੂੰ ਗ੍ਰਿਫਤਾਰ ਕਰਨ ਦੀ ਮੰਗ ਵੀ ਕਰ ਦਿੱਤੀ ਹੈ। ਇਹ ਮਸਲਾ ਹੁਣ ਕਿਥੇ ਜਾ ਕੇ ਰੁਕੇਗਾ, ਫਿਲਹਾਲ ਤਾਂ ਕੋਈ ਅੰਦਾਜ਼ਾ ਨਹੀਂ ਹੈ, ਪਰ ਇਹ ਫਿਲਮ ਜਗਤ ਲਈ ਮਸਾਲਾ ਬਣਿਆ ਹੋਇਆ ਹੈ। ਉਂਜ, ਸੰਜੀਦਗੀ ਦੇ ਪੱਖ ਤੋਂ ਕੰਗਨਾ ਰਣੌਤ ਦਾ ਪਲੜਾ ਕੁਝ ਭਾਰੀ ਹੈ।
ਕੁਝ ਲੋਕਾਂ ਦਾ ਆਖਣਾ ਹੈ ਕਿ ਜਿਸ ਤਰ੍ਹਾਂ ਰਿਤਿਕ ਨੇ ਆਪਣੀ ਪਤਨੀ ਸੂਜ਼ੇਨ ਖਾਨ ਤੋਂ ਤਲਾਕ ਲੈਣ ਸਮੇਂ ਸਪੀਡ ਫੜੀ ਸੀ, ਉਸ ਹਿਸਾਬ ਨਾਲ ਇਸ ਮਸਲੇ ਨੂੰ ਨਜਿੱਠਣ ਦਾ ਯਤਨ ਨਹੀਂ ਕੀਤਾ। ਦੂਜੇ ਬੰਨੇ, ਇਸ ਮਸਲੇ ਦੀ ਚਰਚਾ ਦੌਰਾਨ ਰਿਤਿਕ ਦੀ ਨਿੱਜੀ ਜ਼ਿੰਦਗੀ ਵੀ ਫਰੋਲੀ ਜਾਣ ਲੱਗੀ ਹੈ। ਸੂਜ਼ੇਨ ਨਾਲ ਬਚਪਨ ਦੀ ਦੋਸਤੀ, ਫਿਰ ਪਿਆਰ, ਵਿਆਹ ਤੇ ਫਿਰ ਤਲਾਕ; ਉਸ ਤੋਂ ਬਾਅਦ ਕਰੀਨਾ ਕਪੂਰ ਨਾਲ ਨੇੜਤਾ ਅਤੇ ਮੈਕਸੀਕੋ ਦੀ ਅਦਾਕਾਰਾ ਬਾਰਬਰਾ ਮੋਰੀ ਨਾਲ ਨਜ਼ਦੀਕੀਆਂ ਦੇ ਕਿੱਸੇ ਅਖਬਾਰਾਂ ਰਸਾਲਿਆਂ ਵਿਚ ਖੂਬ ਛਪ ਰਹੇ ਹਨ। ਕਰੀਨਾ ਨਾਲ ਉਸ ਨੇ ḔਯਾਦੇਂḔ 2001 ਵਿਚ ਬਣਾਈ ਸੀ ਅਤੇ ਫਿਰ 2003 ਵਿਚ ਆਈ ਫਿਲਮ Ḕਮੈਂ ਪ੍ਰੇਮ ਦੀ ਦੀਵਾਨੀ ਹੂੰḔ ਨਾਲ ਦੋਵਾਂ ਦਾ ਰਿਸ਼ਤਾ ਹੋਰ ਪੀਡਾ ਹੋ ਗਿਆ। ਬਾਰਬਰਾ ਮੋਰੀ ਨਾਲ ਨੇੜਤਾ ਉਸ ਵੇਲੇ ਹੋਈ ਜਦੋਂ ḔਕਾਈਟਸḔ ਦੀ ਸ਼ੂਟਿੰਗ ਚਲ ਰਹੀ ਸੀ। ਯਾਦ ਰਹੇ ਕਿ ਕੰਗਨਾ ਨਾਲ ਨੇੜਤਾ ਵੀ ਇਸੇ ਫਿਲਮ ਤੋਂ ਹੀ ਸ਼ੁਰੂ ਹੋਈ ਸੀ।
-ਗੁਰਜੰਟ ਸਿੰਘ