ਅੰਮ੍ਰਿਤਸਰ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕਾਮਾਗਾਟਾਮਾਰੂ ਦੁਖਾਂਤ ਬਾਰੇ ਹਾਊਸ ਆਫ ਕਾਮਨਜ਼ ਵਿਚ ਮੁਆਫੀ ਮੰਗਣ ਦੇ ਐਲਾਨ ਤੋਂ ਪੰਜਾਬੀ, ਖਾਸ ਕਰ ਕੇ ਸਿੱਖ ਖੁਸ਼ ਹਨ। ਟਰੂਡੋ ਨੇ ਕੈਨੇਡੀਅਨ ਸੰਸਦ ਦੇ ਸੈਂਟਰ ਬਲਾਕ ਵਿਚ ਖਾਲਸੇ ਦਾ ਸਿਰਜਣਾ ਦਿਹਾੜਾ (ਵਿਸਾਖੀ) ਮਨਾਉਣ ਸਮੇਂ ਇਹ ਐਲਾਨ ਕੀਤਾ।
ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਵੀ ਪਿਛਲੇ ਸਾਲ ਵੈਨਕੂਵਰ ਦੇ ਇਕ ਜਨਤਕ ਇਕੱਠ ‘ਚ ਇਸ ਘਟਨਾ ਲਈ ਮੁਆਫੀ ਤਾਂ ਮੰਗੀ ਸੀ, ਪਰ ਸੰਸਦ ਵਿਚ ਦਸਤਾਵੇਜ਼ੀ ਮੁਆਫੀਨਾਮਾ ਨਾ ਹੋਣ ਕਾਰਨ ਸਿੱਖਾਂ ਨੇ ਇਹ ਪ੍ਰਵਾਨ ਨਹੀਂ ਕੀਤੀ। ਜਸਟਿਨ ਟਰੂਡੋ ਦੀ ਅਗਵਾਈ ਵਾਲੀ ਲਿਬਰਲ ਪਾਰਟੀ ਦੀ ਸਰਕਾਰ ਨੇ ਦੁਖਾਂਤ ਸਬੰਧੀ ਕੈਨੇਡਾ ਦੀ ਪਾਰਲੀਮੈਂਟ ਵਿਚ 18 ਮਈ ਨੂੰ ਮੁਆਫੀ ਮੰਗਣ ਦਾ ਐਲਾਨ ਕੀਤਾ ਹੈ। ਪਿਛਲੇ ਲੰਬੇ ਸਮੇਂ ਤੋਂ ਕੈਨੇਡਾ ਵਿਚ ਵਸਦਾ ਪੰਜਾਬੀ ਭਾਈਚਾਰਾ ਇਹ ਮੰਗ ਕਰਦਾ ਆ ਰਿਹਾ ਸੀ ਕਿ 1914 ਵਿਚ ਵਾਪਰੇ ਕਾਮਾਗਾਟਾਮਾਰੂ ਦੇ ਘਟਨਾਕ੍ਰਮ ਬਾਰੇ ਕੈਨੇਡਾ ਸਰਕਾਰ ਪਾਰਲੀਮੈਂਟ ਵਿਚ ਸਪਸ਼ਟ ਤੌਰ ‘ਤੇ ਮੁਆਫੀ ਮੰਗੇ।
ਮੌਜੂਦਾ ਸਮੇਂ ਕੈਨੇਡਾ ਵਿਚ ਪੰਜਾਬੀ ਭਾਈਚਾਰੇ ਦਾ ਚੋਖਾ ਬੋਲਬਾਲਾ ਹੈ। ਜਸਟਿਨ ਟਰੂਡੋ ਦੀ ਅਗਵਾਈ ਵਾਲੀ ਕੇਂਦਰੀ ਸਰਕਾਰ ਵਿਚ ਚਾਰ ਸਿੱਖ ਮੰਤਰੀ ਹਨ। ਦੇਸ਼ ਦੇ ਰੱਖਿਆ ਮੰਤਰੀ ਦਾ ਅਹੁਦਾ ਵੀ ਇਕ ਸਿੱਖ ਜਨਰਲ ਹਰਜੀਤ ਸਿੰਘ ਸੱਜਣ ਕੋਲ ਹੈ। ਇਨ੍ਹਾਂ ਮੰਤਰੀਆਂ ਸਮੇਤ ਕੈਨੇਡਾ ਦੀ ਸੰਸਦ ਵਿਚ ਇਸ ਸਮੇਂ 17 ਪੰਜਾਬੀ ਸੰਸਦ ਮੈਂਬਰ ਹਨ।
ਜ਼ਿਕਰਯੋਗ ਹੈ ਕਿ 1914 ਵਿਚ ਕੈਨੇਡਾ ਸਰਕਾਰ ਨੇ ਨਵਾਂ ਕਾਨੂੰਨ ਪਾਸ ਕਰਦਿਆਂ ਫੈਸਲਾ ਕੀਤਾ ਸੀ ਕਿ ਸਿਰਫ ਸਿੱਧੇ ਕੈਨੇਡਾ ਪੁੱਜਣ ਵਾਲੇ ਮੁਸਾਫ਼ਰਾਂ ਨੂੰ ਹੀ ਦੇਸ਼ ਵਿਚ ਉਤਰਨ ਤੇ ਰਹਿਣ ਦੀ ਇਜਾਜ਼ਤ ਦਿੱਤੀ ਜਾਵੇਗੀ। ਇਸ ਮਸਲੇ ਦੇ ਹੱਲ ਲਈ ਭਾਈ ਗੁਰਦਿੱਤ ਸਿੰਘ ਨੇ ਜਾਪਾਨੀ ਕੰਪਨੀ ਤੋਂ ਕਾਮਾਗਾਟਾਮਾਰੂ ਨਾਮਕ ਜਹਾਜ਼ ਕਿਰਾਏ ‘ਤੇ ਲਿਆ ਜਿਸ ਵਿਚ ਕੁੱਲ 376 ਮੁਸਾਫ਼ਰ ਸਵਾਰ ਸਨ। ਇਨ੍ਹਾਂ ਵਿਚੋਂ 340 ਦੇ ਕਰੀਬ ਸਿੱਖ, 24 ਮੁਸਲਮਾਨ ਤੇ 12 ਹਿੰਦੂ ਸਨ। ਇਸ ਜਹਾਜ਼ ਰਾਹੀਂ ਇਨ੍ਹਾਂ ਮੁਸਾਫ਼ਰਾਂ ਨੂੰ ਵੈਨਕੂਵਰ ਤੇ ਬ੍ਰਿਟਸ਼ ਕੋਲੰਬੀਆ ਦੇ ਰਸਤੇ ਕੈਨੇਡਾ ਲੈ ਜਾਇਆ ਜਾਣਾ ਸੀ, ਪਰ ਸਮੇਂ ਦੀ ਸਰਕਾਰ ਨੇ ਅਜਿਹਾ ਨਾ ਹੋਣ ਦਿੱਤਾ। ਸਰਕਾਰੀ ਕਾਰਵਾਈ ਵਿਚ 15 ਮੁਸਾਫ਼ਰਾਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ ਤੇ ਕਈਆਂ ਦੀਆਂ ਗ੍ਰਿਫਤਾਰੀਆਂ ਹੋਈਆਂ ਤੇ ਜਹਾਜ਼ ਨੂੰ ਵੀ ਵਾਪਸ ਕਲਕੱਤੇ ਮੁੜਨਾ ਪਿਆ।