ਅੰਮ੍ਰਿਤਸਰ: ਗੁਰਦਾਸਪੁਰ ਨਾਲ ਸਬੰਧਤ ਭਾਰਤੀ ਕੈਦੀ ਕਿਰਪਾਲ ਸਿੰਘ ਦੀ ਕੋਟ ਲਖਪਤ ਜੇਲ੍ਹ, ਲਾਹੌਰ ਵਿਚ ਭੇਤਭਰੀ ਮੌਤ ਨੇ ਪਾਕਿਸਤਾਨੀ ਜੇਲ੍ਹਾਂ ਵਿਚ ਭਾਰਤੀ ਕੈਦੀਆਂ ਨਾਲ ਵਧੀਕੀਆਂ ਦਾ ਮੁੱਦਾ ਮੁੜ ਉਭਾਰ ਦਿੱਤਾ ਹੈ। 50 ਸਾਲਾ ਕਿਰਪਾਲ ਸਿੰਘ ਭਾਰਤ ਲਈ ਜਾਸੂਸੀ ਕਰਨ ਦੇ ਦੋਸ਼ਾਂ ਹੇਠ ਪਿਛਲੇ 20 ਸਾਲਾਂ ਤੋਂ ਇਸ ਜੇਲ੍ਹ ਵਿਚ ਕੈਦ ਸੀ।
ਉਸ ਨੂੰ ਪਾਕਿਸਤਾਨੀ ਪੰਜਾਬ ਵਿਚ ਬੰਬ ਧਮਾਕੇ ਨਾਲ ਸਬੰਧਤ ਕੇਸ ਵਿਚ ਮੌਤ ਦੀ ਸਜ਼ਾ ਸੁਣਾਈ ਗਈ ਸੀ ਜੋ ਲਾਹੌਰ ਹਾਈ ਕੋਰਟ ਨੇ ਰੱਦ ਕਰ ਦਿੱਤੀ, ਪਰ ਜਾਸੂਸੀ ਦੇ ਕੇਸ ਵਿਚ ਉਸ ਦੀ ਮੌਤ ਦੀ ਸਜ਼ਾ ਉੱਚ ਅਦਾਲਤ ਨੇ ਬਹਾਲ ਰੱਖੀ। ਪਿਛਲੇ ਤਿੰਨ ਸਾਲਾਂ ਦੌਰਾਨ ਕੋਟ ਲਖਪਤ ਜੇਲ੍ਹ ਵਿਚ ਮੌਤ ਦੇ ਮੂੰਹ ਵਿਚ ਪੁੱਜਣ ਵਾਲਾ ਉਹ ਦੂਜਾ ਅਜਿਹਾ ਭਾਰਤੀ ਕੈਦੀ ਹੈ ਜੋ ਕਿ ਜਾਸੂਸੀ ਦੇ ਦੋਸ਼ਾਂ ਹੇਠ ਬੰਦੀ ਸੀ। ਉਂਜ, ਇਸੇ ਜੇਲ੍ਹ ਵਿਚ ਪਿਛਲੇ ਤਿੰਨ ਸਾਲਾਂ ਦੌਰਾਨ ਮਰਨ ਵਾਲੇ ਭਾਰਤੀ ਕੈਦੀਆਂ ਦੀ ਗਿਣਤੀ ਸੱਤ ਦੱਸੀ ਗਈ ਹੈ।
ਤਿੰਨ ਸਾਲ ਪਹਿਲਾਂ ਅਪਰੈਲ ਮਹੀਨੇ ਦੇ ਆਖਰੀ ਹਫਤੇ ਭਾਰਤੀ ਕੈਦੀ ਸਰਬਜੀਤ ਸਿੰਘ ਨੇ ਕੋਟ ਲਖਪਤ ਜੇਲ੍ਹ ਵਿਚ ਸਾਥੀ ਕੈਦੀਆਂ ਵੱਲੋਂ ਕੀਤੇ ਵਹਿਸ਼ੀਆਨਾ ਹਮਲੇ ਕਾਰਨ ਦਮ ਤੋੜਿਆ ਸੀ। ਸਰਬਜੀਤ ਵੀ ਕਿਰਪਾਲ ਵਾਂਗ ਬੰਬ ਧਮਾਕਿਆਂ ਦਾ ਦੋਸ਼ੀ ਕਰਾਰ ਦਿੱਤਾ ਗਿਆ ਸੀ ਅਤੇ ਫਾਂਸੀ ਤੋਂ ਮਸਾਂ ਬਚਿਆ ਸੀ। ਉਸ ਉੱਪਰ ਹਮਲਾ ਉਸ ਦੀ ਸੰਭਾਵੀ ਰਿਹਾਈ ਤੋਂ ਕੁਝ ਦਿਨ ਪਹਿਲਾਂ ਹੋਇਆ ਸੀ।
ਪਹਿਲਾਂ ਸਰਬਜੀਤ ਤੇ ਹੁਣ ਕਿਰਪਾਲ ਸਿੰਘ ਦੀਆਂ ਮੌਤਾਂ ਤੋਂ ਸਪਸ਼ਟ ਹੈ ਕਿ ਪਾਕਿਸਤਾਨੀ ਜੇਲ੍ਹਾਂ ਵਿਚ ਭਾਰਤੀ ਕੈਦੀ ਬਹੁਤੇ ਸੁਰੱਖਿਅਤ ਨਹੀਂ। ਪਰਿਵਾਰ ਦਾ ਦਾਅਵਾ ਹੈ ਕਿ ਕਿਰਪਾਲ ਦੇ ਲਾਹੌਰ ਜੇਲ੍ਹ ਵਿਚ ਬੰਦ ਹੋਣ ਦਾ ਉਨ੍ਹਾਂ ਨੂੰ ਪਤਾ ਸਾਲ 2006 ਵਿਚ ਉਸ ਵੱਲੋਂ ਆਪਣੇ ਇਕ ਮਿੱਤਰ ਨੂੰ ਲਿਖੇ ਪੱਤਰ ਤੋਂ ਲੱਗਾ। ਕਿਰਪਾਲ ਸਿੰਘ 1992 ਵਿਚ ਅਟਾਰੀ-ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਗਿਆ ਸੀ। ਬਾਅਦ ਵਿਚ ਉਸ ਨੂੰ ਉਥੇ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਪਾਕਿਸਤਾਨ ਦਾ ਦਾਅਵਾ ਸੀ ਕਿ ਭਾਰਤ ਲਈ ਜਾਸੂਸੀ ਕਰਨ ਅਤੇ ਹੋਰ ਦਹਿਸ਼ਤੀ ਕਾਰਵਾਈਆਂ ਲਈ ਪਾਕਿਸਤਾਨ ਵਿਚ ਭੇਜਿਆ ਗਿਆ ਸੀ। ਦੂਜੇ ਪਾਸੇ ਭਾਰਤੀ ਗ੍ਰਹਿ ਮੰਤਰਾਲੇ ਦਾ ਇਹ ਪੱਖ ਰਿਹਾ ਹੈ ਕਿ ਕਿਰਪਾਲ ਸਿੰਘ ਜਾਸੂਸ ਨਹੀਂ ਸੀ।