ਚੰਡੀਗੜ੍ਹ (ਗੁਰਵਿੰਦਰ ਸਿੰਘ ਵਿਰਕ): ਪੰਜਾਬ ਦੀਆਂ ਸਿਆਸੀ ਧਿਰਾਂ ਅਗਲੇ ਸਾਲ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪਰਵਾਸੀ ਭਾਰਤੀਆਂ ਨੂੰ ਆਪਣੇ ਹੱਕ ਵਿਚ ਕਰਨ ਲਈ ਪੱਬਾਂ ਭਾਰ ਹਨ। ਪਿਛਲੀਆਂ ਕੁਝ ਚੋਣਾਂ ਤੋਂ ਪਰਵਾਸੀ ਪੰਜਾਬੀਆਂ ਦੀ ਦਿਲਚਸਪੀ ਕਾਫੀ ਵਧੀ ਹੈ। ਖਾਸ ਕਰ, ਲੋਕ ਸਭਾ ਚੋਣਾਂ ਵਿਚ ਪਰਵਾਸੀਆਂ ਨੇ ਸਿਆਸੀ ਧਿਰਾਂ ਨੂੰ ਆਪਣੀ ਵੋਟ ਤਾਕਤ ਦਾ ਅਹਿਸਾਸ ਕਰਵਾ ਦਿੱਤਾ ਹੈ। ਪੰਜਾਬ ਦੀਆਂ ਰਵਾਇਤੀ ਸਿਆਸੀ ਧਿਰਾਂ ਮੰਨਦਿਆਂ ਹਨ ਕਿ ਆਮ ਆਦਮੀ ਪਾਰਟੀ (ਆਪ) ਨੂੰ ਪੰਜਾਬ ਵਿਚ ਚਾਰ ਸੰਸਦ ਮੈਂਬਰ ਦੇਣ ਵਿਚ ਪਰਵਾਸੀ ਵੋਟ ਦਾ ਵੱਡਾ ਹੱਥ ਹਨ।
ਦਰਅਸਲ, ਪਰਵਾਸੀ ਪੰਜਾਬੀਆਂ ਦਾ ਵੱਡਾ ਹਿੱਸਾ ਸੂਬੇ ਵਿਚ ਹਾਕਮ ਧਿਰ ਸ਼੍ਰੋਮਣੀ ਅਕਾਲੀ ਦਲ ਨਾਲ ਨਾਰਾਜ਼ ਹੈ। ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਹੀ ਹਾਕਮ ਧਿਰ ਨੇ ਪਿਛਲੇ ਵਰ੍ਹੇ ਪਰਵਾਸੀਆਂ ਦੇ ਰੋਸੇ ਦੂਰ ਕਰਨ ਲਈ ਵੱਡੇ ਐਲਾਨ ਵੀ ਕੀਤੇ ਤੇ ਅਕਾਲੀ ਮੰਤਰੀਆਂ ਤੇ ਵਿਧਾਇਕਾਂ ਨੇ ਅਮਰੀਕਾ ਤੇ ਕੈਨੇਡਾ ਦੇ ਪਰਵਾਸੀਆਂ ਤੱਕ ਪਹੁੰਚ ਵੀ ਕੀਤੀ, ਪਰ ਦੋਵਾਂ ਦੇਸ਼ਾਂ ਵਿਚ ਉਨ੍ਹਾਂ ਨੂੰ ਭਾਰੀ ਰੋਹ ਦਾ ਸਾਹਮਣਾ ਕਰਨਾ ਪਿਆ। ਇਸ ਪਿਛੋਂ ਪੰਜਾਬ ਵਿਚ ਹਾਕਮ ਵਿਰੋਧੀ ਧਿਰਾਂ ਇਸ ਦਾ ਲਾਹਾ ਲੈਣ ਵਿਚ ਜੁਟ ਗਈਆਂ।
ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ 19 ਅਪਰੈਲ ਨੂੰ ਕੈਨੇਡਾ ਤੇ ਅਮਰੀਕਾ ਦੇ ਦੌਰੇ ਉਤੇ ਜਾ ਰਹੇ ਹਨ ਅਤੇ ਉਨ੍ਹਾਂ ਦੀ ਪਤਨੀ ਤੇ ਵਿਧਾਇਕ ਪ੍ਰਨੀਤ ਕੌਰ ਪਰਵਾਸੀ ਪੰਜਾਬੀਆਂ ਨੂੰ ਕਾਂਗਰਸ ਦੇ ਹੱਕ ਵਿਚ ਪ੍ਰੇਰਨ ਲਈ ਪਹਿਲਾਂ ਹੀ ਵਿਦੇਸ਼ ਦੌਰੇ ‘ਤੇ ਹਨ। ਸੰਸਦ ਮੈਂਬਰ ਭਗਵੰਤ ਮਾਨ ਪਰਵਾਸੀਆਂ ਨੂੰ ‘ਆਪ’ ਦੇ ਹੱਕ ਵਿਚ ਤੋਰਨ ਤੇ ਪਾਰਟੀ ਦੀ ਮਾਲੀ ਮਦਦ ਲਈ ਕੁਝ ਦੇਸ਼ਾਂ ਦੇ ਗੇੜੇ ਲਾ ਚੁੱਕੇ ਹਨ। ਇਸ ਵੇਲੇ ‘ਆਪ’ ਆਗੂ ਐਚæਐਸ਼ ਫੂਲਕਾ ਵਿਦੇਸ਼ ਫੇਰੀ ‘ਤੇ ਹਨ। ਯਾਦ ਰਹੇ ਕਿ ਪਰਵਾਸੀ ਪੰਜਾਬੀਆਂ ਦਾ ਵੱਡਾ ਹਿੱਸਾ ਸੂਬੇ ਦੀ ਸੱਤਾ ਵਿਚ ਤਬਦੀਲੀ ਦੇ ਹੱਕ ਵਿਚ ਹੈ। ਇਸ ਧੜੇ ਨੂੰ ਆਪਣੇ ਵੱਲ ਖਿੱਚਣ ਲਈ ‘ਆਪ’ ਅਤੇ ਕਾਂਗਰਸ ਵੱਲੋਂ ਯਤਨ ਕੀਤੇ ਜਾ ਰਹੇ ਹਨ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਵੀ ਆਪਣੇ ਦਲ ਦੇ ਪਰਵਾਸੀ ਵਿੰਗ ਨੂੰ ਸਰਗਰਮ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਨਵੇਂ ਸਿਰਿਉਂ ਵਿੰਗ ਬਣਾਉਣ ਲੱਗ ਪਏ ਹਨ। ਇਸੇ ਕੜੀ ਤਹਿਤ ਕੈਨੇਡਾ ਦੇ ਵਿੰਗ ਦਾ ਐਲਾਨ ਕੀਤਾ ਗਿਆ ਹੈ।
ਕੈਨੇਡਾ ਵਿਚ ਵਸੇ ਪੰਜਾਬੀਆਂ ਨੇ ਇਸ ਦੇਸ਼ ਦੀ ਸਿਆਸਤ ‘ਤੇ ਵਿਸ਼ੇਸ਼ ਛਾਪ ਛੱਡੀ ਹੈ ਅਤੇ ਕੇਂਦਰੀ ਵਜ਼ਾਰਤ ਵਿਚ ਚਾਰ ਪੰਜਾਬੀ ਸ਼ਾਮਲ ਹਨ। ਅਗਲੇ ਦਿਨਾਂ ਵਿਚ ਤਿੰਨੇ ਮੁੱਖ ਪਾਰਟੀਆਂ ਦੀ ਟੇਕ ਪਰਵਾਸੀਆਂ ‘ਤੇ ਹੋਵੇਗੀ। ਪਰਵਾਸੀ ਪੰਜਾਬੀਆਂ ਦੀਆਂ ਸੂਬੇ ਵਿਚ ਵੋਟਾਂ ਭਾਵੇਂ ਘੱਟ ਹਨ, ਪਰ ਪ੍ਰਭਾਵ ਤੇ ਦਿਲਚਸਪੀ ਵੱਧ ਹੈ ਜਿਸ ਦਾ ਰਾਜਸੀ ਦਲਾਂ ਵੱਲੋਂ ਲਾਹਾ ਲੈਣ ਦੇ ਯਤਨ ਕੀਤੇ ਜਾਣਗੇ। ਅਮਰੀਕਾ ਤੇ ਕੈਨੇਡਾ ਪਿਛੋਂ ਆਸਟਰੇਲੀਆ ਵਿਚ ਪਰਵਾਸੀ ਵੋਟ ਬਾਰੇ ਵੀ ਸਿਆਸੀ ਧਿਰਾਂ ਸਰਗਰਮ ਹਨ। ਪਿਛਲੇ ਦਿਨੀਂ ਜਿਥੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਰਵਿੰਦਰ ਸਿੰਘ ਫੂਲਕਾ ਨੇ ਇਥੇ ਵੱਖ-ਵੱਖ ਸ਼ਹਿਰਾਂ ਵਿਚ ਪਰਵਾਸੀਆਂ ਨਾਲ ਰਾਬਤਾ ਬਣਾਇਆ, ਉਥੇ ਹੀ ਜਾਗੋ ਪੰਜਾਬ ਲਹਿਰ ਮੁਹਿੰਮ ਤਹਿਤ ਸਾਬਕਾ ਵਿਦੇਸ਼ ਰਾਜ ਮੰਤਰੀ ਤੇ ਮੌਜੂਦਾ ਵਿਧਾਇਕ ਪ੍ਰਨੀਤ ਕੌਰ ਤੇ ਸ੍ਰੀ ਮੁਕਤਸਰ ਸਾਹਿਬ ਤੋਂ ਵਿਧਾਇਕ ਕਰਨ ਕੌਰ ਬਰਾੜ ਨੇ ਆਸਟਰੇਲੀਆ ਦੇ ਵੱਖ-ਵੱਖ ਸ਼ਹਿਰਾਂ ਵਿਚ ਪੰਜਾਬੀਆਂ ਨੂੰ ਕਾਂਗਰਸ ਦੀ ਹਮਾਇਤ ਕਰਨ ਦਾ ਸੱਦਾ ਦਿੱਤਾ। ਇਨ੍ਹਾਂ ਫੇਰੀਆਂ ਦੀ ਖਾਸ ਗੱਲ ਇਹ ਹੈ ਕਿ ਪੰਜਾਬ ਦੇ ਵੱਖ-ਵੱਖ ਭਖਦੇ ਮਸਲਿਆਂ ਨੂੰ ਲੈ ਕੇ ਭਾਈਚਾਰਾ ਇਨ੍ਹਾਂ ਆਗੂਆਂ ਨੂੰ ਤਿੱਖੇ ਸਵਾਲ ਕਰ ਰਿਹਾ ਹੈ ਜਦਕਿ ਪਹਿਲਾਂ ਸਿਰਫ ਪਾਰਟੀ ਹਮਾਇਤੀਆਂ ਦੇ ਇਕੱਠਾਂ ਵਿਚ ਗੱਲ ਸਨਮਾਨਾਂ ਤੱਕ ਹੀ ਸੀਮਤ ਰਹਿ ਜਾਂਦੀ ਸੀ, ਪਰ ਇਸ ਵਾਰ ਖਾਸ ਕਰ ਕੇ ਨੌਜਵਾਨ ਤਬਕਾ ਪੰਜਾਬ ਦੀ ਆਰਥਿਕਤਾ, ਕਰਜ਼ੇ ਵਿਚ ਦੱਬੀ ਕਿਸਾਨੀ, ਨਸ਼ਾ ਤਸਕਰੀ, ਬੇਰੁਜ਼ਗਾਰੀ ਸਮੇਤ ਪਾਣੀਆਂ ਦੀ ਪਹਿਰੇਦਾਰੀ ਜਿਹੇ ਮਸਲਿਆਂ ਉਤੇ ਲੀਡਰਾਂ ਨੂੰ ਜੁਆਬਦੇਹ ਕਰਨ ਲਈ ਸਰਗਰਮ ਹੈ।
ਉਧਰ, ਸ਼੍ਰੋਮਣੀ ਅਕਾਲੀ ਦਲ ਬਾਦਲ ਵੀ ਆਪਣੀ ਆਸਟਰੇਲੀਆ ਯੂਨਿਟ ਵਿਚ ਨਵੇਂ ਪੁਰਾਣੇ ਚਿਹਰਿਆਂ ਨੂੰ ਸ਼ਾਮਲ ਕਰਨ ਮਗਰੋਂ ਰਸਮੀ ਐਲਾਨ ਤਹਿਤ ਪਰਵਾਸੀ ਪੰਜਾਬੀਆਂ ਵਿਚ ਅਕਾਲੀ ਦਲ ਦੀ ਗੱਲ ਰੱਖਣ ਲਈ ਸਰਗਰਮੀ ਵਿਖਾ ਰਿਹਾ ਹੈ। ਪੰਜਾਬ ਦੀ ਸੱਤਾਧਾਰੀ ਧਿਰ ਜਿਥੇ ਫੇਸਬੁੱਕ ਰਾਹੀਂ ਪਰਵਾਸੀ ਪੰਜਾਬੀਆਂ ਨੂੰ ਦਸ ਸਾਲਾਂ ਦੇ ਵਿਕਾਸ ਦੇ ਦਾਅਵਿਆਂ ਨਾਲ ਭਰਮਾਉਣ ਵਿਚ ਲੱਗੀ ਹੈ, ਉਥੇ ਸੱਤਾ ਤਬਦੀਲੀ ਦੇ ਹਮਾਇਤੀ ਉਨ੍ਹਾਂ ਨੂੰ ਕਈ ਅਜਿਹੇ ਸਵਾਲ ਦਾਗ ਰਹੇ ਹਨ, ਜਿਨ੍ਹਾਂ ਦਾ ਅਕਾਲੀ ਦਲ ਅਤੇ ਕਾਂਗਰਸ ਦੋਵਾਂ ਕੋਲ ਕੋਈ ਜਵਾਬ ਨਹੀਂ ਹੈ।
_____________
ਸਿਆਸੀ ਧਿਰਾਂ ਨੂੰ ਮਹਿੰਗੀ ਪਵੇਗੀ ਕੈਨੇਡਾ ਦੀ ਸਖਤੀ
ਵੈਨਕੂਵਰ: ਸਿਆਸੀ ਧਿਰਾਂ ਭਾਵੇਂ ਪਰਵਾਸੀ ਵੋਟ ਆਪਣੇ ਹੱਕ ਵਿਚ ਭੁਗਤਾਉਣ ਲਈ ਸਰਗਰਮ ਹਨ, ਪਰ ਕੈਨੇਡਾ ਸਰਕਾਰ ਦੇ ਫੈਸਲੇ ਨੇ ਉਨ੍ਹਾਂ ਦੀਆਂ ਆਸਾਂ ‘ਤੇ ਪਾਣੀ ਫੇਰ ਦਿੱਤਾ ਹੈ। ਕੈਨੇਡਾ ਸਰਕਾਰ ਆਪਣੀ ਧਰਤੀ ਉਤੇ ਦੂਜੇ ਦੇਸ਼ਾਂ ਦੇ ਆਗੂਆਂ ਨੂੰ ਸਿਆਸਤ ਕਰਨ ਵਿਰੁਧ ਸਖਤੀ ਵਿਖ ਰਹੀ ਹੈ। ਇਸ ਬਾਰੇ ਸਰਕਾਰ ਕਾਨੂੰਨ ਵੀ ਬਣਾਉਣ ਜਾ ਰਹੀ ਹੈ। ਕੈਨੇਡੀਅਨ ਸਰਕਾਰ ਨੇ ਹੁਣ ਕਾਨੂੰਨ ਦੀਆਂ ਕਿਤਾਬਾਂ ਵਿਚੋਂ ਉਹ ਨਿਯਮ ਲੱਭ ਲਏ ਹਨ ਜਿਸ ਦੇ ਆਧਾਰ ‘ਤੇ ਵਿਦੇਸ਼ੀ ਪਾਰਟੀਆਂ ਦੇ ਹੱਕ ਜਾਂ ਵਿਰੋਧ ‘ਚ ਰੈਲੀਆਂ ਕਰਨ ਦੀ ਆਗਿਆ ਨਹੀਂ ਦਿੱਤੀ ਜਾਏਗੀ। ਕੈਨੇਡੀਅਨ ਮੀਡੀਆ ਅਨੁਸਾਰ ਸਰਕਾਰ ਵੱਲੋਂ ਅਜਿਹੇ ਪ੍ਰਬੰਧ ਕੀਤੇ ਜਾ ਰਹੇ ਹਨ ਕਿ ਵਿਦੇਸ਼ ਤੋਂ ਆਏ ਕਿਸੇ ਵੀ ਆਗੂ ਨੂੰ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਮਿਲਣ ਦੀ ਆਗਿਆ ਤਾਂ ਹੋਏਗੀ, ਪਰ ਉਹ ਇਕੱਠ ਕਰ ਕੇ ਸਿਆਸੀ ਗੱਲ ਨਹੀਂ ਕਰ ਸਕਣਗੇ। ਜੇਕਰ ਕੋਈ ਆਗੂ ਕੈਨੇਡਾ ਦੀ ਧਰਤੀ ਉਤੇ ਆ ਕੇ ਸਿਆਸੀ ਗੱਲ ਕਰੇਗਾ ਤਾਂ ਉਸ ਦਾ ਵੀਜ਼ਾ ਰੱਦ ਕਰ ਕੇ ਤੁਰਤ ਕੈਨੇਡਾ ਤੋਂ ਬਾਹਰ ਕਰ ਦਿੱਤਾ ਜਾਵੇਗਾ।