ਮਾਰੀ ਵੀਰਾਂ ਨੇ ਖਿੱਚ ਕਟਾਰ ਇੱਦਾਂ…

ਮੇਜਰ ਕੁਲਾਰ ਬੋਪਾਰਾਏ ਕਲਾਂ
ਫੋਨ: 916-273-2856
ਜਿਹੜੇ ਦਰਦਾਂ ਵਾਲੀ ਪੰਡ ਦੀ ਗੰਢ ਮੇਰੀ ਕਲਮ ਖੋਲ੍ਹਣ ਲੱਗੀ ਹੈ, ਇਸ ਦਰਦ ਤੋਂ ਸ਼ਾਇਦ ਹੀ ਕੋਈ ਪਰਦੇਸੀ ਵੀਰ ਬਚਿਆ ਹੋਵੇਗਾ। ਬਚਿਆ ਵੀ ਉਹੀ ਹੋਵੇਗਾ ਜਿਸ ਨੇ ਪਿੰਡ ਰਹਿੰਦੇ ਭਰਾ ਅਤੇ ਭਤੀਜਿਆਂ ਨਾਲ ਅਜੇ ਵੰਡ ਵੰਡਾਈ ਦੀ ਗੱਲ ਨਹੀਂ ਤੋਰੀ ਹੋਵੇਗੀ। ਜਿਸ ਦਿਨ ਇਹ ਸਭ ਕੁਝ ਕਹਿ ਦਿੱਤਾ, ਉਸ ਦਿਨ ਸਮਝੋ ਸਭ ਕੁਝ ਗੁਆ ਲਿਆ! ਜਿੱਦਾਂ ਦੇ ਹਾਲਾਤ ਪੰਜਾਬ ਦੇ ਹੋ ਰਹੇ ਨੇ, ਲੱਗਦੈ, ਸਾਨੂੰ ‘ਮੁੜ ਮੁੜ ਯਾਦ ਸਤਾਵੇ ਪਿੰਡ ਦੀਆਂ ਗਲੀਆਂ ਦੀ’ ਗੀਤ ਸੁਣ ਕੇ ਹੀ ਸਬਰ ਕਰਨਾ ਪਿਆ ਕਰੇਗਾ। ਜਿਸ ਬਾਈ ਜੀ ਦੇ ਦਰਦਾਂ ਦੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਨ ਲੱਗਿਆਂ, ਉਹ ਉਸ ਦੇ ਹੱਡੀਂ ਹੰਢਾਏ ਦਰਦਾਂ ਦੀ ਜ਼ੁਬਾਨੀ ਹੈ।
ਜੂਨ ਮਹੀਨੇ ਦਾ ਅੱਧ ਸੀ, ਗਰਮੀ ਪੂਰੀ ਜਵਾਨੀ ਵਿਚ। ਝੋਨੇ ਦੀ ਲੁਆਈ ਜ਼ੋਰਾਂ ‘ਤੇ ਸੀ। ਮੈਂ ਬਿਹਾਰੀ ਭਈਆਂ ਨਾਲ ਝੋਨੇ ਦੀ ਪਨੀਰੀ ਟਰਾਲੀ ਵਿਚ ਰਖਵਾ ਰਿਹਾ ਸੀ, ਕਿ ਪਹੀ ਵੱਲ ਦੇਖਿਆ, ਕੋਈ ਕਾਰ ਸਾਡੇ ਖੂਹ ਵੱਲ ਆ ਰਹੀ ਸੀ। ਸੰਨ ਨੱਬੇ ਦੀ ਗੱਲ ਹੈ ਜਦੋਂ ਸਿੰਘਾਂ ਅਤੇ ਪੁਲਿਸ ਦਾ ਬਰਾਬਰ ਦਾ ਹੀ ਡਰ ਹੁੰਦਾ ਸੀ। ਕਾਰ ਖੂਹ ‘ਤੇ ਪਹੁੰਚੀ ਤਾਂ ਵਿਚੋਂ ਸਾਡੇ ਗੁਆਂਢੀਆਂ ਦਾ ਮੁੰਡਾ ਬਾਹਰ ਆਉਂਦਿਆਂ ਬੋਲਿਆ, “ਚਾਚਾ ਤੈਨੂੰ ਬੰਦੇ ਮਿਲਣ ਆਏ ਨੇ।” ਮੈਂ ਕੁਝ ਸਵਾਲ ਜਵਾਬ ਕਰਦਾ, ਇੰਨੇ ਨੂੰ ਸਾਹਮਣੇ ਖਮਾਣੋਂ ਵਾਲਾ ਬਾਈ ਕਾਰ ਵਿਚੋਂ ਬਾਹਰ ਆ ਗਿਆ-ਜਿੰਦਰਾ, ਕੀ ਘਾਣੀ ਨਾਲ ਲੱਤਾਂ ਲਬੇੜੀ ਫਿਰਦਾ ਏਂ। ਚੱਲ, ਲੱਤਾਂ ਧੋ ਤੇ ਕਾਰ ਵਿਚ ਬੈਠ; ਰਾਤ ਦੀ ਫਲੈਟ ਐ ਦਿੱਲੀਉਂ ਫਰਾਂਸ ਦੀ।” ਬਾਈ ਨੇ ਕਿਹਾ।
“ਬਾਈ! ਕੱਦੂ ਕੀਤਾ ਪਿਐ, ਭਈਆਂ ਨੇ ਝੋਨਾ ਲਾ ਦੇਣੈ। ਮੈਂ ਆਹ ਪਨੀਰੀ ਦੂਜੇ ਖੇਤ ਛੱਡਣੀ ਐ।” ਮੈਨੂੰ ਸਮਝ ਨਹੀਂ ਸੀ ਆ ਰਿਹਾ ਕਿ ਕੀ ਕਰਾਂ? ਗੁਆਂਢੀ ਖੇਤ ਵਾਲੇ ਨਾਜ਼ਰ ਚਾਚੇ ਨੂੰ ਪਿੱਛੇ ਖਿਆਲ ਰੱਖਣ ਲਈ ਕਹਿੰਦਾ ਮੈਂ ਕਾਰ ਵਿਚ ਬੈਠ ਗਿਆ। ਖਮਾਣੋਂ ਵਾਲੇ ਬਾਈ ਰਾਹੀਂ ਦੋ ਵਾਰ ਸ਼ਿੱਪ ‘ਤੇ ਤਿੰਨ ਸਾਲ ਲਾ ਆਇਆ ਸੀ। ਹੁਣ ਵੀ ਮੈਂ ਇਕ ਦਿਨ ਚੰਡੀਗੜ੍ਹ ਜਾਂਦਾ ਆਪਣਾ ਪਾਸਪੋਰਟ ਖਮਾਣੋਂ ਫੜਾ ਆਇਆ ਸੀ ਤੇ ਕਹਿ ਦਿੱਤਾ ਸੀ, “ਜਦੋਂ ਮਰਜ਼ੀ ਚਾੜ੍ਹ ਦਿਉ।” ਘਰ ਆ ਕੇ ਕੱਪੜੇ ਬਦਲੇ, ਰਾਏਕੋਟ ਤੋਂ ਮੂੰਹ ਸਿਰ ਬਣਵਾਇਆ ਤੇ ਲੋੜੀਂਦਾ ਸਾਮਾਨ ਲੈ ਲਿਆ। ਰਾਤ ਨੂੰ ਦਿੱਲੀਉਂ ਫਲੈਟ ਫੜੀ ਤੇ ਦੂਜੇ ਦਿਨ ਸ਼ਾਮ ਨੂੰ ਸ਼ਿੱਪ ਚੜ੍ਹ ਗਏ। ਇਹ ਸ਼ਿੱਪ ਪੱਕਾ ਹੀ ਫਰਾਂਸ ਤੋਂ ਅਮਰੀਕਾ ਆਉਂਦਾ ਸੀ। ਦੋ ਮਹੀਨੇ ਸ਼ਿੱਪ ਵਿਚ ਚਾਰ ਦੇਸ਼ਾਂ ਦੀਆਂ ਬੰਦਰਗਾਹਾਂ ‘ਤੇ ਠਹਿਰਦੇ ਅਸੀਂ ਨਿਊ ਯਾਰਕ ਆ ਪਹੁੰਚੇ। ਇਥੇ ਆ ਕੇ ਸਾਡੇ ਨਾਲ ਦਾ ਬਾਈ ਜੋ ਮੋਗੇ ਤੋਂ ਸੀ, ਬਿਮਾਰ ਹੋ ਗਿਆ। ਉਸ ਨੂੰ ਹਸਪਤਾਲ ਦਾਖ਼ਲ ਕਰਵਾ ਦਿੱਤਾ। ਮੈਨੂੰ ਉਸ ਦੀ ਦੇਖ ਭਾਲ ਲਈ ਉਸ ਕੋਲ ਛੱਡ ਦਿੱਤਾ। ਮੈਂ ਖਮਾਣੋਂ ਵਾਲੇ ਬਾਈ ਨੂੰ ਫੋਨ ਕੀਤਾ ਕਿ ਕਿਵੇਂ ਆ, ਸ਼ਿੱਪ ਵਿਚ ਮੁੜ ਜਾਈਏ ਕਿ ਅਮਰੀਕਾ ਰਹਿ ਜਾਈਏ।
ਬਾਈ ਕਹਿੰਦਾ, “ਰੱਬ ਨੇ ਤੁਹਾਡੀ ਨੇੜੇ ਹੋ ਕੇ ਸੁਣ ਲਈ ਹੈ। ਚੁੱਪ ਕਰ ਕੇ ਨੀਵੇਂ ਨੀਵੇਂ ਹੋ ਕੇ ਨਿਕਲ ਜਾਉ।” ਸਾਨੂੰ ਹਰੀ ਝੰਡੀ ਮਿਲੀ ਤੇ ਅਸੀਂ ਪੀਲੀ ਟੈਕਸੀ ਵਿਚ ਬੈਠ ਕੇ ਬਹੁਤ ਦੂਰ ਨਿਕਲ ਆਏ। ਮੈਂ ਆਪਣੇ ਗਰਾਈਂ ਨੂੰ ਫੋਨ ਕੀਤਾ। ਉਹ ਸ਼ਾਮ ਨੂੰ ਘਰ ਲੈ ਗਿਆ। ਮੋਗੇ ਵਾਲੇ ਬਾਈ ਨੂੰ ਉਸ ਦਾ ਗਰਾਈਂ ਆਪਣੇ ਕੋਲ ਲੈ ਗਿਆ। ਮੈਂ ਦਸ ਦਿਨ ਆਪਣੇ ਗਰਾਈਂ ਕੋਲ ਰਿਹਾ, ਫਿਰ ਉਸ ਨੇ ਅਗਾਂਹ ਮੈਨੂੰ ਕੈਲੀਫੋਰਨੀਆ ਆਪਣੇ ਮਿੱਤਰ ਕੋਲ ਭੇਜ ਦਿੱਤਾ ਤੇ ਕਿਹਾ, “ਜਿੰਦਰ ਦਾ ਰਿਫਿਊਜੀ ਕੇਸ ਕਰ ਦੇਵੇ, ਖਰਚਾ ਮੈਂ ਭੇਜ ਦੇਵਾਂਗਾ।” ਮੇਰੇ ਗਰਾਈਂ ਦੀ ਕ੍ਰਿਪਾ ਨਾਲ ਮੇਰਾ ਕੇਸ ਲਾ ਦਿੱਤਾ ਗਿਆ। ਵਾਹਿਗੁਰੂ ਨੇ ਫਿਰ ਨੇੜੇ ਹੋ ਕੇ ਸੁਣ ਲਈ; ਤਿੰਨ ਮਹੀਨਿਆਂ ਵਿਚ ਕੇਸ ਪਾਸ ਹੋ ਗਿਆ ਤੇ ਨੌ ਮਹੀਨਿਆਂ ਵਿਚ ਮੇਰੀ ਘਰਵਾਲੀ ਤੇ ਦੋਵੇਂ ਪੁੱਤ ਆ ਗਏ। ਮਸਾਂ ਫੌਜੀ ਜਿੰਨੀ ਜੁਦਾਈ ਝੱਲੀ ਤੇ ਪਰਿਵਾਰ ਮਿਲ ਗਿਆ।
ਸੰਘਰਸ਼ਮਈ ਜ਼ਿੰਦਗੀ ਦੀ ਸ਼ੁਰੂਆਤ ਦੇ ਨਾਲ ਹੀ ਆਪਣੇ ਤੋਂ ਵੱਡੇ ਭਰਾ ਨਿੰਦਰ ਨੂੰ ਏਜੰਟਾਂ ਰਾਹੀਂ ਸੱਦ ਲਿਆ। ਉਹ ਭਾਵੇਂ ਮੈਥੋਂ ਵੱਡਾ ਸੀ, ਪਰ ਵਿਆਹਿਆ ਮੇਰੇ ਨਾਲੋਂ ਬਾਅਦ ਵਿਚ ਸੀ। ਮੈਂ ਉਸ ਦਾ ਕੇਸ ਵੀ ਲਵਾ ਦਿੱਤਾ, ਪਰ ਕੇਸ ਲਟਕ ਗਿਆ। ਨਿੰਦਰ ਸ਼ਰਾਬ ਪੀ ਕੇ ਘਰਵਾਲੀ ਨੂੰ ਯਾਦ ਕਰ ਕੇ ਰੋਂਦਾ ਰਹਿੰਦਾ। ਔਖੇ ਸੌਖੇ ਨੇ ਮਸਾਂ ਚਾਰ ਸਾਲ ਕੱਢੇ। ਆਖਰ ਨੂੰ ਪਿੰਡ ਮੁੜ ਗਿਆ। ਮੈਂ ਖੇਤਾਂ ਵਿਚ ਮੋਟਰਾਂ ਲਵਾ ਦਿੱਤੀਆਂ, ਟਰੈਕਟਰ ਟਰਾਲੀ ਸਭ ਨਵਾਂ ਬਣਵਾ ਦਿੱਤਾ। ਇਥੋਂ ਤੱਕ ਕਿ ਨਿੰਦਰ ਪਿੰਡ ਜੋ ਵੀ ਜ਼ਮੀਨ ਮਾਮਲੇ ‘ਤੇ ਲੈਂਦਾ, ਉਸ ਦਾ ਮਾਮਲਾ ਵੀ ਮੈਂ ਆਪਣੇ ਗਰਾਈਂ ਨੂੰ ਇੱਥੇ ਹੀ ਦੇ ਦਿੰਦਾ।æææਨਿੰਦਰ ਦੀ ਫਸਲ ਕਾਹਨੂੰ ਸੋਕੇ ਵਿਚ ਮੱਚਦੀ ਜਾਂ ਡੋਬੇ ਵਿਚ ਰੁੜ੍ਹਦੀ ਸੀ, ਉਹ ਤਾਂ ਸਮਝੋ ਜਿੰਦਰ ਹੀ ਸੋਕੇ-ਡੋਬੇ ਦੀ ਮਾਰ ਝੱਲਦਾ ਸੀ! ਬੇਬੇ-ਬਾਪੂ ਪੂਰੇ ਹੋਏ ਤਾਂ ਮੈਂ ਜਾ ਕੇ ਨਿੰਦਰ ਦੇ ਬਰਾਬਰ ਖੜ੍ਹਦਾ ਰਿਹਾ। ਦਸਾਂ ਨਹੁੰਆਂ ਦੀ ਖੂਨ ਪਸੀਨੇ ਦੀ ਕਮਾਈ ਕਰ ਕੇ ਤਿੰਨ ਕਿੱਲੇ ਬੈਅ ਲਏ। ਨਿੰਦਰ ਨੂੰ ਬਰਾਬਰ ਰੱਖਿਆ। ਲੋਹੜੀਆਂ, ਦੀਵਾਲੀਆਂ ‘ਤੇ ਡਾਲਰ ਭੇਜਦਾ ਰਿਹਾ। ਹੁਣ ਪੁੱਤ ਗੱਭਰੂ ਹੋਏ ਤਾਂ ਸੋਚਿਆ, ‘ਪਿੰਡ ਜਾ ਕੇ ਕਾਰਜ ਕਰ ਆਵਾਂ।’ ਗਿਆ ਤਾਂ ਪੁੱਤ ਵਿਆਹੁਣ ਸੀ ਪਰ ਨਿੰਦਰ ਨੇ ਪੁਰਾਣਾ ਘਰ ਢਾਹ ਲਿਆ। ਅਖੇ, ਪਹਿਲਾਂ ਕੋਠੀ ਪਾਉਣੀ ਹੈ। ਸਾਡਾ ਮਾਮਾ ਬੜਾ ਸਿਆਣਾ ਸੀ। ਉਹ ਕਹਿੰਦਾ, ‘ਵੱਡੀ ਕੋਠੀ ਨਾਲੋਂ ਦੋ ਛੋਟੀਆਂ ਕੋਠੀਆਂ ਬਣਾ ਲਉ। ਇਕ ਜਿੰਦਰ ਦੀ, ਤੇ ਦੂਜੀ ਨਿੰਦਰ ਦੀ ਹੋ ਜਾਊ।’
ਮੇਰੇ ਪੁੱਤਰ ਦੋਵੇਂ ਟਰੱਕ ‘ਤੇ ਵਧੀਆ ਡਾਲਰ ਕਮਾਉਂਦੇ ਤੇ ਬਚਾਉਂਦੇ ਸੀ। ਤਿੰਨਾਂ ਸਾਲਾਂ ਵਿਚ ਦੋ ਕੋਠੀਆਂ ਤਿਆਰ ਹੋ ਗਈਆਂ। ਬੜੇ ਚਾਅ ਅਤੇ ਸ਼ਰਧਾ ਨਾਲ ਅਖੰਡ ਪਾਠ ਕਰਵਾ ਕੇ ਕੋਠੀਆਂ ਦੀ ਚੱਠ ਕੀਤੀ। ਫਿਰ ਅਗਲੇ ਗੇੜੇ ਗਿਆ ਤਾਂ ਨਿੰਦਰ ਕਹਿੰਦਾ, “ਜਿੰਦਰਾ, ਮੁੰਡੇ ਦਾ ਰਿਸ਼ਤਾ ਕਰਨ ਲੱਗਿਆਂ ਇਹ ਸ਼ਰਤ ਰੱਖ ਦੇ ਕਿ ਰਿਸ਼ਤਾ ਉਥੇ ਕਰਨਾ ਹੈ, ਜਿਥੇ ਮੇਰੇ ਭਤੀਜੇ ਵਾਸਤੇ ਅਮਰੀਕਾ ਦੀ ਸਿਟੀਜ਼ਨ ਪੰਜਾਬੀ ਕੁੜੀ ਹੋਵੇਗੀ; ਯਾਨੀ ਵੱਟਾ-ਸੱਟਾ। ਮੇਰੇ ਮੁੰਡੇ ਨੂੰ ਪੰਜਾਬ ਦੀ ਕੁੜੀ ਅਤੇ ਨਿੰਦਰ ਦੇ ਮੁੰਡੇ ਨੂੰ ਅਮਰੀਕਾ ਦੀ ਕੁੜੀ। ਅਸੀਂ ਤਿੰਨਾਂ ਮਹੀਨਿਆਂ ਵਿਚ ਵੀਹ ਕੁੜੀਆਂ ਦੇਖੀਆਂ। ਜਿਥੇ ਮੇਰੇ ਮੁੰਡੇ ਨੂੰ ਕੁੜੀ ਪਸੰਦ ਹੁੰਦੀ, ਉਥੇ ਨਿੰਦਰ ਦਾ ਮੁੰਡਾ ਕੁੜੀ ਨੂੰ ਨਾ-ਪਸੰਦ ਕਰ ਦਿੰਦਾ। ਅਖੀਰ ਖਾਲੀ ਹੱਥ ਵਾਪਸ ਆ ਗਏ। ਮੈਂ ਆਪਣੇ ਮੁੰਡੇ ਦਾ ਵਿਆਹ ਇਥੇ ਕਰ ਦਿੱਤਾ ਤੇ ਪਿੰਡ ਨਿੰਦਰ ਨੇ ਘਰ ਚੁੱਕਣਾ ਲੈ ਲਿਆ। ਮੈਂ ਬਹੁਤ ਸਮਝਾਇਆ ਕਿ ਵੀਰ ਤੇਰਾ ਮੁੰਡਾ ਹੋਰ ਢੰਗ-ਤਰੀਕੇ ਨਾਲ ਇਥੇ ਮੰਗਵਾ ਲਵਾਂਗੇ, ਪਰ ਨਿੰਦਰ ਨੇ ਜ਼ਿੱਦ ਵਿਚ ਮੁੰਡੇ ਦਾ ਵਿਆਹ ਪਿੰਡ ਹੀ ਕਰ ਲਿਆ ਤੇ ਇਸ ਨਿੱਕੀ ਜਿਹੀ ਗੱਲ ਤੋਂ ਨਿੰਦਰ, ਭਰਾ ਤੋਂ ਮੇਰਾ ਵੈਰੀ ਬਣ ਗਿਆ।
ਬਾਈ ਸਾਲਾਂ ਦਾ ਖੇਤੀਬਾੜੀ ਦਾ ਮੈਂ ਕੋਈ ਹਿਸਾਬ-ਕਿਤਾਬ ਨਹੀਂ ਸੀ ਲਿਆ। ਪੰਜਾਬ ਵਿਚ ਹੋ ਰਹੇ ਜਾਇਦਾਦਾਂ ‘ਤੇ ਨਾਜਾਇਜ਼ ਕਬਜ਼ਿਆਂ ਦੀਆਂ ਖ਼ਬਰਾਂ ਨੇ ਮੈਨੂੰ ਵੀ ਡਰਾ ਦਿੱਤਾ। ਮੈਂ ਸੋਚਿਆ, ਭਰਾ ਨਾਲ ਵੰਡ-ਵੰਡਾਈ ਕਰ ਆਵਾਂ। ਮੈਂ ਪਿੰਡ ਗਿਆ। ਨਿੰਦਰ ਨਾਲ ਗੱਲ ਕਰਨੀ ਚਾਹੀ, ਪਰ ਉਹ ਭਰਾ ਨਹੀਂ ਦੁਸ਼ਮਣ ਬਣ ਕੇ ਸਾਹਮਣੇ ਆਇਆ। ਉਸ ਨੇ ਰੱਜ ਕੇ ਪੀਤੀ ਤੇ ਰੱਜ ਕੇ ਹੀ ਮੇਰੇ ਨਾਲ ਲੜਾਈ ਕੀਤੀ। ਅਗਲੇ ਦਿਨ ਰਿਸ਼ਤੇਦਾਰ ਇਕੱਠੇ ਕੀਤੇ ਤੇ ਵੰਡ-ਵੰਡਾਈ ਦੀ ਗੱਲ ਤੋਰੀ। ਮੇਰੇ ਹਿੱਸੇ ਰੇਤਲੀ ਜ਼ਮੀਨ ਆ ਗਈ। ਹੋਰ ਕਿਸੇ ਚੀਜ਼ ਵਿਚੋਂ ਉਸ ਨੇ ਮੈਨੂੰ ਹਿੱਸਾ ਨਾ ਦਿੱਤਾ। ਰਿਸ਼ਤੇਦਾਰਾਂ ਦੇ ਕਹਿਣ ‘ਤੇ ਮੈਂ ਵੀ ਸਬਰ ਕਰ ਲਿਆ, ‘ਚਲੋ, ਫਿਰ ਵੀ ਮੇਰਾ ਭਰਾ ਹੈ।’ ਮੇਰਾ ਮਾਮਾ ਕਹਿੰਦਾ, “ਦੇਖ ਬਈ ਨਿੰਦਰਾ, ਤੈਨੂੰ ਛੇ ਕਿੱਲਿਆਂ ਦਾ ਮਾਮਲਾ ਵਿਸਾਖੀ ਨੂੰ ਜਿੰਦਰ ਦੇ ਖਾਤੇ ਜਮ੍ਹਾਂ ਕਰਵਾਉਣਾ ਪਿਆ ਕਰਨਾ ਹੈ। ਕੋਠੀ ਦੀ ਦੇਖਭਾਲ ਵੀ ਕਰਨੀ ਪੈਣੀ ਹੈ।” ਨਿੰਦਰ ਨੇ ਸਿਰ ਹਿਲਾ ਕੇ ‘ਹਾਂ’ ਕਰ ਦਿੱਤੀ ਪਰ ਮਨ ਵਿਚ ਪਤਾ ਨਹੀਂ ਉਹ ਕੀ ਕੀ ਵਿਉਂਤਾਂ ਘੜਨ ਲੱਗ ਗਿਆ!
ਮੈਂ ਫਿਰ ਦੋ ਸਾਲਾਂ ਬਾਅਦ ਪਿੰਡ ਗਿਆ। ਨਿੰਦਰ ਨੇ ਸਿੱਧੇ ਮੂੰਹ ਨਾ ਬੁਲਾਇਆ। ਆਪਣੀ ਕੋਠੀ ਦੀਆਂ ਚਾਬੀਆਂ ਮੰਗੀਆਂ ਤਾਂ ਜਵਾਬ ਮਿਲ ਗਿਆ ਕਿ ਤੂੰ ਇਸ ਕੋਠੀ ਦਾ ਲੱਗਦਾ ਕੌਣ ਐਂ? ਆਪਣੇ ਖਾਤੇ ਵਿਚ ਦੇਖਿਆ, ਮੇਰੇ ਨਾਂ ਕੋਈ ਪੈਸਾ ਜਮ੍ਹਾਂ ਨਹੀਂ ਸੀ ਹੋਇਆ। ਮੈਂ ਸਮਝ ਗਿਆ ਕਿ ਜਿੰਦਰਾ, ਤੂੰ ਵੀ ਉਨ੍ਹਾਂ ਐਨæਆਰæਆਈæ ਵੀਰਾਂ ਦੀ ਕਤਾਰ ਵਿਚ ਖੜ੍ਹ ਗਿਆਂ ਜਿਹੜੇ ਆਪਣੀਆਂ ਜਾਇਦਾਦਾਂ ਦੀ ਨਾਜਾਇਜ਼ ਕਬਜ਼ੇ ਵਾਲੀ ਬਿਮਾਰੀ ਦੇ ਮਰੀਜ਼ ਹਨ। ਫਿਰ ਪੰਚਾਇਤਾਂ, ਥਾਣੇ, ਤਹਿਸੀਲਾਂ ਦੇ ਚੱਕਰਾਂ ਵਿਚ ਘੁੰਮਦਾ ਰਿਹਾ। ਦਫ਼ਤਰਾਂ ਵਿਚ ਬੈਠੇ ਸੋਹਣੀਆਂ ਪੱਗਾਂ ਤੇ ਦਾੜ੍ਹੀਆਂ ਵਾਲੇ ਸਿੱਖ ਭਾਈ ਝੱਟ ਕਹਿ ਦਿੰਦੇ ਕਿ ਬੋਤਲ ਜੋਗੇ ਤਾਂ ਦੇ ਜਾਉ! ਮੈਂ ਸੋਚਦਾ ਕਿ ਜਦੋਂ ਅਸੀਂ ਪੰਜਾਬ ਵਿਚ ਰਹਿੰਦੇ ਸੀ, ਉਦੋਂ ਵੀ ਸਰਕਾਰੀ ਕੰਮਾਂ ਦਾ ਇਸ ਤਰ੍ਹਾਂ ਦਾ ਹੀ ਹਾਲ ਸੀ, ਪਰ ਇਧਰਲੇ ਇਮਾਨਦਾਰ ਦੇਸ਼ ਵਿਚੋਂ ਜਾ ਕੇ ਉਨ੍ਹਾਂ ਦਫਤਰਾਂ ਵਿਚ ਵਿਚਰਨਾ ਬੜਾ ਘਟੀਆ ਕਿਸਮ ਦਾ ਨਿਰਾਦਰ ਲੱਗਦਾ। ਅਖੇ, ਇਥੇ ਮੋਹਰ ਨਹੀਂ ਲੱਗੀ, ਇਥੇ ਦਸਖ਼ਤ ਨਹੀਂ। ਰੋਜ਼ ਦੇ ਗੇੜੇ ਕਮਲਾ ਕਰ ਦਿੰਦੇ। ਕੋਈ ਵੀ ਐਸਾ ਆਦਮੀ ਨਹੀਂ ਮਿਲਿਆ ਜਿਸ ਨੇ ਦਿਲੋਂ ਮੱਦਦ ਕਰਨੀ ਚਾਹੀ ਹੋਵੇ।
ਪਿੰਡੋਂ ਮੇਰੇ ਇਕ ਨੇੜੇ ਦਾ ਸੱਜਣ ਮੇਰੇ ਨਾਲ ਜਾਂਦਾ-ਆਉਂਦਾ ਰਿਹਾ। ਮੈਨੂੰ ਨਾ ਕੋਠੀ ਦਾ ਕਬਜ਼ਾ ਮਿਲਿਆ, ਨਾ ਛੇ ਕਿੱਲਿਆਂ ਦਾ। ਇਕ ਦਿਨ ਮੇਰਾ ਇਹ ਸੱਜਣ ਕਹਿੰਦਾ, “ਜਿੰਦਰ ਬਾਈ! ਪੰਜਾਬ ਦੇ ਹਾਲਾਤ ਬਹੁਤ ਮਾੜੇ ਹੋ ਚੁੱਕੇ ਆ। ਧਰਮ ਦੇ ਵਿਚ ਸਿਆਸਤ ਆ ਗਈ, ਸਿਆਸਤ ਵਿਚ ਗੁੰਡਾਗਰਦੀ। ਤੇਰੇ ਭਰਾ ਤੇ ਭਤੀਜੇ ਦਾ ਲਿੰਕ ਉਪਰ ਤੱਕ ਬਣਿਆ ਹੋਇਐ। ਤੇਰਾ ਲਿੰਕ ਪਿੰਡ ਤੇ ਪੰਜਾਬ ਨਾਲੋਂ ਪੰਝੀ ਸਾਲ ਪਹਿਲਾਂ ਦਾ ਟੁੱਟ ਚੁੱਕਾ। ਨਵੇਂ ਮੁੰਡੇ ਤੈਨੂੰ ਜਾਣਦੇ ਨਹੀਂ, ਪੁਰਾਣੇ ਸਾਰੇ ਖਿੰਡ-ਪੁੰਡ ਗਏ। ਤੇਰੇ ਦੁੱਖਾਂ ਦਾ ਦਰਦੀ ਕੋਈ ਨਹੀਂ ਬਣਨਾ। ਤੇਰਾ ਪਰਿਵਾਰ ਅਮਰੀਕਾ ਵਿਚ ਸੈਟ ਹੈ, ਆਪਣੇ ਪਰਿਵਾਰ ਨਾਲ ਰਹਿ ਕੇ ਜ਼ਿੰਦਗੀ ਦੇ ਬਾਕੀ ਦਿਨ ਗੁਜ਼ਾਰ।” ਸੱਜਣ ਨੇ ਸਾਰੇ ਪੰਜਾਬੀ ਅਖ਼ਬਾਰ ਮੈਨੂੰ ਦਿਖਾਉਂਦਿਆਂ ਕਿਹਾ, “ਦੇਖ ਲੈ, ਹੈ ਕਿਤੇ ਸੁੱਖ-ਸਾਂਦ? ਚੋਰੀ, ਬਲਾਤਕਾਰ, ਐਕਸੀਡੈਂਟ, ਕਤਲ, ਐਨੇ ਮਰੇ, ਇੰਨੇ ਮਾਰੇ। ਜਿੰਦਰਾ ਬਾਈ, ਤੇਰੇ ਭਰਾ ਤੇ ਭਤੀਜੇ ਨੇ ਤਿੰਨ ਕਰੋੜ ਦੀ ਜਾਇਦਾਦ ਬਦਲੇ ਤੈਨੂੰ ਸੁੱਕਾ ਨਹੀਂ ਜਾਣ ਦੇਣਾ। ਦੇਖੀਂ ਮੇਰਾ ਵੀਰ, ਕਿਤੇ ਬੋਰੀ ਵਿਚ ਨਾ ਪੈ ਜਾਈਂ। ਅੱਜ-ਕੱਲ੍ਹ ਦੁੱਖ ਬਿਗਾਨਾ ਨਹੀਂ, ਆਪਣਾ ਹੀ ਦਿੰਦਾ ਹੈ।” ਆਪਣੇ ਇਸ ਸੱਜਣ ਦੀਆਂ ਗੱਲਾਂ ਸੁਣ ਕੇ ਮੇਰੇ ਅੰਦਰ ਬੜਾ ਕੁਝ ਟੁੱਟ-ਭੁਰ ਗਿਆ। ਉਹ ਅੜਬਾਈ ਅਤੇ ਹੇਂਅ ਵੀ ਜਾਂਦੀ ਲੱਗੀ ਜਿਸ ਨਾਲ ਵੱਟ ਪਿੱਛੇ ਪੂਰਾ ਕਿੱਲਾ ਵੇਚ ਕੇ ਕੇਸ ‘ਤੇ ਲਾ ਦੇਈਦਾ ਹੈ। ਬੱਸ, ਅੱਖਾਂ ਹੀ ਖੁੱਲ੍ਹ ਗਈਆਂ ਕਿ ਹੱਥੀਂ ਬਣਾ ਕੇ ਦਿੱਤੇ ਮੁਖਤਿਆਰਨਾਮੇ ਨੇ ਮੇਰਾ ਪਿੰਡ ਵਿਚੋਂ ਨਾਮ ਹੀ ਮਿਟਾ ਦਿੱਤਾ ਹੈ। ਭਰਾ ਤੇ ਭਤੀਜੇ ਨੇ ਤਾਂ ਹਥਿਆਰ ਤਿੱਖੇ ਕਰ ਲਏ ਸਨ ਪਰ ਮੈਂ ਪਹਿਲਾਂ ਹੀ ਜਹਾਜ਼ ਚੜ੍ਹ ਆਇਆ। ਸਬਰ ਕਰ ਲਿਆ, ‘ਜਿਧਰ ਗਿਆ ਬਾਣੀਆ, ਉਧਰ ਗਿਆ ਬਾਜ਼ਾਰ’।

Be the first to comment

Leave a Reply

Your email address will not be published.