ਚੰਡੀਗੜ੍ਹ: ਪੰਜਾਬ ਵਿਚ ਸਿਆਸੀ ਧਿਰਾਂ ਨੇ ਪਾਰਟੀ ਦੀਆਂ ਨੀਤੀਆਂ ਤੇ ਸੂਬਾਈ ਲੀਡਰਸ਼ਿਪ ਉਤੇ ਸਵਾਲ ਚੁੱਕਣ ਵਾਲੇ ਆਗੂਆਂ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਮੁਢਲੀ ਕਾਰਵਾਈ ਵਿਚ ਕਾਂਗਰਸ ਨੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਅਤੇ ਸੀਨੀਅਰ ਕਾਂਗਰਸ ਆਗੂ ਬੀਰਦਵਿੰਦਰ ਸਿੰਘ ਤੇ ਆਮ ਆਦਮੀ ਪਾਰਟੀ ਨੇ ਗਾਇਕ ਜੱਸੀ ਜਸਰਾਜ ਨੂੰ ਬਰਖ਼ਾਸਤ ਕਰ ਦਿੱਤਾ ਹੈ।
ਦੱਸਣਯੋਗ ਹੈ ਕਿ ਜੱਸੀ ਜਸਰਾਜ ਨੇ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਬਠਿੰਡਾ ਹਲਕੇ ਤੋਂ ‘ਆਪ’ ਦੀ ਟਿਕਟ ‘ਤੇ ਚੋਣ ਲੜੀ ਸੀ ਅਤੇ ਉਹ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਕੋਲੋਂ ਹਾਰ ਗਏ ਸਨ।
ਉਹ ਕਾਂਗਰਸ ਦੀ ਟਿਕਟ ‘ਤੇ ਉਸ ਵੇਲੇ ਦੇ ਪੀਪਲਜ਼ ਪਾਰਟੀ ਆਫ ਪੰਜਾਬ (ਪੀæਪੀæਪੀæ) ਦੇ ਮੁਖੀ ਮਨਪ੍ਰੀਤ ਸਿੰਘ ਬਾਦਲ ਤੋਂ ਵੀ ਕਾਫੀ ਪੱਛੜ ਗਿਆ ਸੀ। ਪਾਰਟੀ ਨੇ ਦੋਸ਼ ਲਾਇਆ ਹੈ ਕਿ ਇਹ ਆਗੂ ਲੰਬੇ ਸਮੇਂ ਤੋਂ ਪਾਰਟੀ ਵਿਰੋਧੀ ਗਤੀਵਿਧੀਆਂ ਕਰਕੇ ਅਨੁਸ਼ਾਸਨ ਨੂੰ ਭੰਗ ਕਰਦਾ ਆ ਰਿਹਾ ਸੀ। ਉਹ ਪਾਰਟੀ ਦੇ ਵਲੰਟੀਅਰਾਂ ਤੇ ਆਗੂਆਂ ਨਾਲ ਵਿਚਾਰ ਕੀਤੇ ਬਿਨਾਂ ਆਪਣੇ ਪੱਧਰ ‘ਤੇ ਹੀ ਨਿਯੁਕਤੀਆਂ ਕਰਦਾ ਆ ਰਿਹਾ ਸੀ ਅਤੇ ਪਾਰਟੀ ਦੇ ਬਰਾਬਰ ਪ੍ਰੋਗਰਾਮ ਚਲਾ ਰਿਹਾ ਸੀ। ਜੱਸੀ ਸੋਸ਼ਲ ਮੀਡੀਆ ਉਪਰ ਪਾਰਟੀ ਲੀਡਰਸ਼ਿਪ ਵਿਰੁੱਧ ਅਪਮਾਨਜਨਕ ਬਿਆਨਬਾਜ਼ੀ ਕਰਦਾ ਆ ਰਿਹਾ ਸੀ।
ਦੱਸਣਯੋਗ ਹੈ ਕਿ ਪਿਛਲੇ ਸਮੇਂ ਜਦੋਂ ਪੀæਪੀæਪੀæ ਦੇ ਮੁਖੀ ਮਨਪ੍ਰੀਤ ਬਾਦਲ ਨੂੰ ‘ਆਪ’ ਵਿਚ ਸ਼ਾਮਲ ਕਰਨ ਦੀ ਚਰਚਾ ਚੱਲ ਰਹੀ ਸੀ ਤਾਂ ਉਸ ਵੇਲੇ ਜੱਸੀ ਜਸਰਾਜ ਨੇ ਸੋਸ਼ਲ ਮੀਡੀਆ ‘ਤੇ ਵੀਡੀਓ ਚਲਾ ਕੇ ਸੰਸਦ ਮੈਂਬਰ ਤੇ ਪੰਜਾਬ ਇਕਾਈ ਦੀ ਪ੍ਰਚਾਰ ਕਮੇਟੀ ਦੇ ਕਨਵੀਨਰ ਭਗਵੰਤ ਸਿੰਘ ਮਾਨ ਖਿਲਾਫ਼ ਦੋਸ਼ ਲਾਇਆ ਸੀ ਕਿ ਉਹ ਆਪਣੀ ਯਾਰੀ ਪੁਗਾਉਣ ਲਈ ਮਨਪ੍ਰੀਤ ਬਾਦਲ ਨੂੰ ਪਾਰਟੀ ਵਿਚ ਸ਼ਾਮਲ ਕਰਨ ਲਈ ਯਤਨਸ਼ੀਲ ਹੈ। ਦੱਸਣਯੋਗ ਹੈ ਕਿ ‘ਆਪ’ ਨੇ ਇਸ ਤੋਂ ਪਹਿਲਾਂ ਦੋ ਸੰਸਦ ਮੈਂਬਰਾਂ ਡਾਕਟਰ ਧਰਮਵੀਰ ਗਾਂਧੀ ਤੇ ਹਰਿੰਦਰ ਸਿੰਘ ਖਾਲਸਾ ਸਮੇਤ ਪੰਜਾਬ ਦੀ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਤੇ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਪਾਰਟੀ ਦੀ ਟਿਕਟ ਤੋਂ ਚੋਣ ਲੜਨ ਵਾਲੇ ਡਾਕਟਰ ਦਲਜੀਤ ਸਿੰਘ ਨੂੰ ਅਜਿਹੇ ਦੋਸ਼ ਲਾ ਕੇ ਮੁਅੱਤਲ ਕਰ ਦਿੱਤਾ ਸੀ।
ਸੂਤਰਾਂ ਅਨੁਸਾਰ ਜਦੋਂ ਵੀ ਕਿਸੇ ਸਿਆਸੀ ਪਾਰਟੀ ਦੇ ਲੀਡਰ ਨੂੰ ‘ਆਪ’ ਵਿਚ ਸ਼ਾਮਲ ਕਰਨ ਦੀ ਗੱਲ ਆਉਂਦੀ ਹੈ ਤਾਂ ਪਾਰਟੀ ਆਗੂਆਂ ਵਿਚਕਾਰ ਕਾਟੋ ਕਲੇਸ਼ ਛਿੜ ਜਾਂਦਾ ਹੈ। ‘ਆਪ’ ਵੱਲੋਂ ਭਾਜਪਾ ਆਗੂ ਨਵਜੋਤ ਸਿੰਘ ਸਿੱਧੂ ਤੇ ਉਨ੍ਹਾਂ ਦੀ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ, ਟੀਮ ਇਨਸਾਫ਼ ਦੇ ਮੁਖੀਆਂ ਬੈਂਸ ਭਰਾਵਾਂ ਨਾਲ ਸਾਂਝ ਪਾਉਣ ਦੇ ਮੁੱਦਿਆਂ ਉਪਰ ਪੰਜਾਬ ਲੀਡਰਸ਼ਿਪ ਵੱਲੋਂ ਕੌਮੀ ਲੀਡਰਸ਼ਿਪ ਨਾਲ ਟਕਰਾਅ ਹੋਣ ਦੇ ਵੀ ਚਰਚੇ ਹਨ।
ਉਧਰ, ਕਾਂਗਰਸ ਨੇ ਵੀ ਬੀਰਦਵਿੰਦਰ ਸਿੰਘ ‘ਤੇ ਅਜਿਹੀ ਹੀ ਕਾਰਵਾਈ ਕੀਤੀ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਇਹ ਫੈਸਲਾ ਕਰ ਕੇ ਸੰਕੇਤ ਦੇਣ ਦਾ ਯਤਨ ਕੀਤਾ ਹੈ ਕਿ ਪਾਰਟੀ ਵਿਚ ਉਨ੍ਹਾਂ ਦੀ ਚੱਲਦੀ ਹੈ ਅਤੇ ਕੋਈ ਵੀ ਭੁਲੇਖੇ ਵਿਚ ਨਾ ਰਹੇ।
ਕੈਪਟਨ ਨੇ ਸਾਬਕਾ ਡਿਪਟੀ ਸਪੀਕਰ ਨੂੰ ਭੇਜੇ ਪੱਤਰ ਵਿਚ ਕਿਹਾ ਹੈ ਕਿ ਉਹ ਸੀਨੀਅਰ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਦੀ ਅਗਵਾਈ ਹੇਠ ਬਣਾਈ ਗਈ ਤਿੰਨ ਮੈਂਬਰੀ ਕਮੇਟੀ ਦੀ ਸਿਫ਼ਾਰਸ਼ ਨਾਲ ਸਹਿਮਤ ਹਨ। ਇਸ ਬਾਰੇ ਸ੍ਰੀ ਰੰਧਾਵਾ ਨੇ ਕਿਹਾ ਕਿ ਬੀਰਦਵਿੰਦਰ ਸਿੰਘ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਮੈਂਬਰ ਸਨ ਅਤੇ ਉਨ੍ਹਾਂ ਨੂੰ ਕਮੇਟੀ ਵੀ ਪਾਰਟੀ ‘ਚੋਂ ਕੱਢ ਸਕਦੀ ਸੀ। ਉਨ੍ਹਾਂ ਦੋਸ਼ ਲਾਇਆ ਕਿ ਜਿਸ ਮੰਤਵ ਨਾਲ ਬੀਰਦਵਿੰਦਰ ਸਿੰਘ ਨੂੰ ਇਲੈਕਟ੍ਰਾਨਿਕ ਮੀਡੀਆ ਦਾ ਮੁਖੀ ਬਣਾਇਆ ਸੀ, ਉਨ੍ਹਾਂ ਉਹ ਜ਼ਿੰਮੇਵਾਰੀ ਨਹੀਂ ਨਿਭਾਈ ਤੇ ਹਲਕੀ ਸਿਆਸਤ ਵਿਚ ਪੈ ਗਏ।
____________________________________________________
ਉਮੀਦਵਾਰਾਂ ਦੇ ਐਲਾਨ ਵਿਚ ‘ਆਪ’ ਮਾਰੇਗੀ ਬਾਜ਼ੀ
ਫ਼ਿਰੋਜ਼ਪੁਰ: ਪੰਜਾਬ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰਾਂ ਦੀ ਪਹਿਲੀ ਲਿਸਟ ਜੂਨ-ਜੁਲਾਈ ਮਹੀਨੇ ਵਿਚ ਜਾਰੀ ਹੋ ਜਾਵੇਗੀ। ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੇ ਸਿੰਘ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਲੋਕ ਬਦਲਾਅ ਚਾਹੁੰਦੇ ਹਨ ਤੇ ਇਸ ਵਾਰ ਸੂਬੇ ਵਿਚ ਸਰਕਾਰ ਆਮ ਆਦਮੀ ਪਾਰਟੀ ਦੀ ਬਣੇਗੀ।