ਚਾਂਦਨੀ ਚੌਕ ਦਾ ‘ਪਿਆਓ’ ਤੋੜਨ ਦੀ ਘਟਨਾ ਉਤੇ ਸਿਆਸਤ ਹਾਵੀ

ਨਵੀਂ ਦਿੱਲੀ: ਦਿੱਲੀ ਨਗਰ ਨਿਗਮ ਨੇ ਚਾਂਦਨੀ ਚੌਕ ਵਿਖੇ ਸਥਿਤ ਇਤਿਹਾਸਕ ਗੁਰਦੁਆਰਾ ਸੀਸ ਗੰਜ ਸਾਹਿਬ ਦੇ ਪਿਆਓ ਤੋੜਨ ਦੇ ਮਾਮਲੇ ਵਿਚ ਰਾਜਨੀਤੀ ਹਾਵੀ ਹੋਣੀ ਸ਼ੁਰੂ ਹੋ ਗਈ ਹੈ। ਇਕ ਪਾਸੇ ਜਿਥੇ ਦਿੱਲੀ ਸਿੱਖ ਕਮੇਟੀ ਦੇ ਅਹੁਦੇਦਾਰਾਂ ਵੱਲੋਂ ਇਸ ਪਿੱਛੇ ਕੇਜਰੀਵਾਲ ਸਰਕਾਰ ਦਾ ਹੱਥ ਹੋਣ ਦਾ ਦੋਸ਼ ਲਗਾਇਆ ਜਾ ਰਿਹਾ ਹੈ, ਉਥੇ ਹੀ ਦਿੱਲੀ ਦੀ ਸਿੱਖ ਸੰਗਤ ਅਤੇ ਵਿਰੋਧੀ ਧਿਰਾਂ ਨੇ ਦਿੱਲੀ ਕਮੇਟੀ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ।

ਉਧਰ, ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕਰ ਕੇ ਅਦਾਲਤੀ ਹੁਕਮਾਂ ‘ਤੇ ਪਿਆਓ ਤੋੜਨ ਦਾ ਮੁੱਦਾ ਉਠਾਇਆ ਹੈ। ਪਿਆਓ ਤੋੜੇ ਜਾਣ ਤੋਂ ਬਾਅਦ ਗੁਰਦੁਆਰਾ ਸ੍ਰੀ ਸੀਸ ਗੰਜ ਸਾਹਿਬ ਪਹੁੰਚੇ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀæਕੇæ ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੂੰ ਸੰਗਤਾਂ ਦੇ ਰੋਹ ਦਾ ਵੀ ਸਾਹਮਣਾ ਕਰਨਾ ਪਿਆ। ਦਿੱਲੀ ਦੀਆਂ ਸੰਗਤਾਂ ਨੇ ਮੌਜੂਦਾ ਕਮੇਟੀ ਨੂੰ ਸਵਾਲ ਕੀਤਾ ਹੈ ਕਿ ਜਦੋਂ ਨਗਰ ਨਿਗਮ ਇਹ ਕਾਰਵਾਈ ਕਰ ਰਹੀ ਸੀ ਤਾਂ ਉਹ ਕਿਥੇ ਸਨ।
ਉਨ੍ਹਾਂ ਆਖਿਆ ਕਿ ਪਿਆਓ ਨੂੰ ਤੋੜਨ ਤੋਂ ਪਹਿਲਾਂ ਨਗਰ ਨਿਗਮ ਨੂੰ ਰੋਕਿਆ ਕਿਉਂ ਨਹੀਂ ਗਿਆ। ਦੂਜੇ ਪਾਸੇ ਦਿੱਲੀ ਦੀ ਸਿੱਖ ਸੰਗਤ ਦਾ ਇਹ ਵੀ ਕਹਿਣਾ ਹੈ ਕਿ ਨਗਰ ਨਿਗਮ ਉਤੇ ਭਾਜਪਾ ਦਾ ਕਬਜ਼ਾ ਹੈ।
ਅਜਿਹੇ ਵਿਚ ਭਾਜਪਾ ਨੂੰ ਬਚਾਉਣ ਲਈ ਅਕਾਲੀ ਦਲ ਕੇਜਰੀਵਾਲ ਸਰਕਾਰ ਦਾ ਨਾਮ ਲਗਾ ਰਿਹਾ ਹੈ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਅਤੇ ਜਨਰਲ ਸਕੱਤਰ ਹਰਵਿੰਦਰ ਸਿੰਘ ਸਰਨਾ ਨੇ ਪਿਆਓ ਤੋੜਨ ਲਈ ਭਾਜਪਾ ਨੂੰ ਜ਼ਿੰਮੇਵਾਰ ਦੱਸਿਆ ਹੈ। ਦਿੱਲੀ ਕਮੇਟੀ ਦੇ ਅਹੁਦੇਦਾਰਾਂ ਨੂੰ ਨੈਤਿਕ ਆਧਾਰ ਉਤੇ ਅਸਤੀਫ਼ਾ ਦੇਣ ਲਈ ਵੀ ਆਖਿਆ ਹੈ।
____________________________________
ਸਰਨਾ ਵੱਲੋਂ ਦਿੱਲੀ ਕਮੇਟੀ ‘ਤੇ ਸਵਾਲ
ਨਵੀਂ ਦਿੱਲੀ: ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਸਵਾਲ ਕੀਤਾ ਹੈ ਕਿ ਇਹ ਪਿਆਓ 1925 ਤੋਂ ਇਥੇ ਚੱਲ ਰਿਹਾ ਸੀ। ਦਿੱਲੀ ਵਿਚ ਅਜਿਹੇ ਤਕਰੀਬਨ 1000 ਪਿਆਓ ਹਨ, ਪਰ ਦਿੱਲੀ ਨਗਰ ਨਿਗਮ ਵੱਲੋਂ ਸਿਰਫ ਇਕ ਪਿਆਓ ਨੂੰ ਤੋੜਨ ਪਿੱਛੇ ਸਿਰਫ ਤੇ ਸਿਰਫ ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਕਮਿਸ਼ਨਰ ਵੱਲੋਂ ਵੀ ਕੁਝ ਦਿਨ ਪਹਿਲਾਂ ਕਮੇਟੀ ਨੂੰ ਸੂਚਿਤ ਕੀਤਾ ਗਿਆ ਸੀ ਕਿ ਇਸ ਪਿਆਓ ਨੂੰ ਹਟਾਇਆ ਜਾ ਰਿਹਾ ਹੈ, ਪਰ ਕਮੇਟੀ ਨੇ ਨਾ ਤਾਂ ਸਰਕਾਰ ਤੱਕ ਪਹੁੰਚ ਕੀਤੀ ਤੇ ਨਾ ਹੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ।
_________________________________
ਜੀæਕੇæ ਅਤੇ ਮਨਜਿੰਦਰ ਸਿੰਘ ਸਿਰਸਾ ਨੂੰ ਨੋਟਿਸ ਜਾਰੀ
ਨਵੀਂ ਦਿੱਲੀ: ਇਤਿਹਾਸਕ ਗੁਰਦੁਆਰਾ ਸੀਸਗੰਜ ਸਾਹਿਬ ਦੀ ਛਬੀਲ ਦੇ ਤੋੜੇ ਥੜ੍ਹੇ ਦੀ ਮੁੜ ਉਸਾਰੀ ਕਰਨ ਦੇ ਮਾਮਲੇ ਵਿਚ ਦਿੱਲੀ ਹਾਈ ਕੋਰਟ ਨੇ ਇਕ ਪਟੀਸ਼ਨ ਦੀ ਸੁਣਵਾਈ ਕਰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀæਕੇæ ਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਖਿਲਾਫ ਅਦਾਲਤ ਦੀ ਹੁਕਮ-ਅਦੂਲੀ ਦੇ ਦੋਸ਼ ਤਹਿਤ ਨੋਟਿਸ ਜਾਰੀ ਕੀਤਾ ਹੈ। ਇਥੋਂ ਦੇ ‘ਮਾਨੁਸ਼ੀ ਸੰਗਠਨ’ ਅਤੇ ‘ਚਾਂਦਨੀ ਚੌਕ ਵਪਾਰ ਮੰਡਲ’ ਦੀ ਉਕਤ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਬੈਂਚ ਨੇ ਕਿਹਾ ਕਿ ਦਿੱਲੀ ਪੁਲਿਸ ਵੱਲੋਂ ਜੋ ਪਿਆਓ ਢਾਹਿਆ ਗਿਆ ਸੀ, ਉਸ ਦੀ ਰਾਤੋ-ਰਾਤ ਮੁੜ ਉਸਾਰੀ ਕਰ ਦਿੱਤੀ ਗਈ।