ਚੰਡੀਗੜ੍ਹ: ਲੁਧਿਆਣਾ: ਨਾਮਧਾਰੀ ਸੰਸਥਾ ਦੀ ਗੁਰੂ ਮਾਤਾ ਚੰਦ ਕੌਰ ਦੇ ਕਤਲ ਤੋਂ ਬਾਅਦ ਠਾਕੁਰ ਉਦੈ ਸਿੰਘ ਅਤੇ ਠਾਕੁਰ ਦਲੀਪ ਸਿੰਘ ਦੇ ਸਮਰਥਕਾਂ ਵਿਚ ਦੋਸ਼ ਲਾਉਣ ਦਾ ਸਿਲਸਿਲਾ ਤੇਜ਼ ਹੋ ਗਿਆ ਹੈ। ਠਾਕੁਰ ਦਲੀਪ ਸਿੰਘ ਦੇ ਸਮਰਥਕਾਂ ਨੇ ਇਸ ਮਾਮਲੇ ਸਬੰਧੀ ਠਾਕੁਰ ਉਦੈ ਸਿੰਘ ਵੱਲ ਉਂਗਲੀ ਚੁੱਕੀ ਹੈ।
ਸੰਗਤ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਇਸ ਕਤਲ ਪਿੱਛੇ ਦਾ ਸੱਚ ਸਭ ਦੇ ਸਾਹਮਣੇ ਲਿਆਂਦਾ ਜਾਵੇ। ਨਾਮਧਾਰੀ ਸੰਗਤ ਦੇ ਚੇਅਰਮੈਨ ਜਸਵਿੰਦਰ ਸਿੰਘ ਅਤੇ ਜਨਰਲ ਸਕੱਤਰ ਨਵਤੇਜ ਸਿੰਘ ਨੇ ਕਿਹਾ ਕਿ ਠਾਕੁਰ ਦਲੀਪ ਸਿੰਘ ਅਤੇ ਉਨ੍ਹਾਂ ਦੇ ਸਮਰਥਕ ਜਗਜੀਤ ਸਿੰਘ ਦੇ ਦੇਹਾਂਤ ਹੋਣ ਤੋਂ ਬਾਅਦ ਮਾਤਾ ਚੰਦ ਕੌਰ ਨੂੰ ਸਤਿਗੁਰੂ ਮੰਨਦੇ ਰਹੇ।
ਠਾਕੁਰ ਦਲੀਪ ਸਿੰਘ ਵੀ ਉਨ੍ਹਾਂ ਨੂੰ ਆਪਣੀ ਮਾਂ ਅਤੇ ਸਤਿਗੁਰੂ ਮੰਨਦੇ ਹਨ। ਅਜਿਹੇ ‘ਚ ਠਾਕੁਰ ਦਲੀਪ ਸਿੰਘ ਉਤੇ ਲਾਏ ਜਾ ਰਹੇ ਸਾਰੇ ਦੋਸ਼ ਬੇਬੁਨਿਆਦ ਹਨ। ਉਨ੍ਹਾਂ ਕਿਹਾ ਕਿ ਠਾਕੁਰ ਉਦੈ ਸਿੰਘ ਅਤੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਠਾਕੁਰ ਦਲੀਪ ਸਿੰਘ ਉਤੇ ਲਾਏ ਜਾ ਰਹੇ ਦੋਸ਼ ਰਾਜਨੀਤੀ ਤੋਂ ਪ੍ਰੇਰਿਤ ਹਨ।
ਚੇਅਰਮੈਨ ਜਸਵਿੰਦਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਮਾਤਾ ਚੰਦ ਕੌਰ ਦਾ ਕਾਤਲ ਪਹਿਲਾਂ ਅਕੈਡਮੀ ਵਿਚ ਹੋ ਰਹੇ ਵਰਨੀ ਪਾਠ ‘ਚ ਮੌਜੂਦ ਸੀ। ਉਨ੍ਹਾਂ ਸਵਾਲ ਕੀਤਾ ਕਿ ਅਕੈਡਮੀ ਵਾਲੀ ਸੜਕ ‘ਤੇ ਸੀæਸੀæਟੀæਵੀæ ਕੈਮਰਾ ਕਿਉਂ ਨਹੀਂ ਲਗਾਇਆ ਗਿਆ ਤੇ ਮਾਤਾ ਦਾ ਨਿੱਜੀ ਸੇਵਕ ਉਸ ਦਿਨ ਛੁੱਟੀ ਲੈ ਕੇ ਕਿਉਂ ਗਿਆ। ਜਾਂਚ ‘ਚ ਪਤਾ ਲੱਗਿਆ ਹੈ ਕਿ ਦੋਵੇਂ ਗੋਲੀਆਂ ਮਾਤਾ ਦੇ ਸਰੀਰ ‘ਚੋਂ ਆਰ-ਪਾਰ ਹੋ ਗਈਆਂ, ਜਦਕਿ ਚਾਲਕ ਕਰਤਾਰ ਸਿੰਘ ਉਨ੍ਹਾਂ ਦੇ ਬਿਲਕੁਲ ਨਾਲ ਬੈਠਿਆ ਸੀ, ਪਰ ਆਰ-ਪਾਰ ਹੋਣ ਤੋਂ ਬਾਅਦ ਵੀ ਗੋਲੀ ਉਸ ਨੂੰ ਕਿਉਂ ਨਹੀਂ ਲੱਗੀ।
ਜਸਵਿੰਦਰ ਸਿੰਘ ਅਤੇ ਇੰਟਰਨੈਸ਼ਨਲ ਨਾਮਧਾਰੀ ਸੰਗਤ ਦੇ ਜਨਰਲ ਸਕੱਤਰ ਨਵਤੇਜ ਸਿੰਘ ਨੇ ਕਿਹਾ ਕਿ ਸਾਬਕਾ ਕਾਂਗਰਸ ਪ੍ਰਧਾਨ ਹੰਸਪਾਲ ਨੂੰ ਯਾਦ ਹੋਣਾ ਚਾਹੀਦਾ ਹੈ ਕਿ ਸਾਲ 2003 ਵਿਚ ਜਦੋਂ ਠਾਕੁਰ ਦਲੀਪ ਸਿੰਘ, ਜਗਜੀਤ ਸਿੰਘ ਦੇ ਦਰਸ਼ਨ ਕਰਨ ਭੈਣੀ ਸਾਹਿਬ ਗਏ ਤਾਂ ਗੇਟ ‘ਤੇ ਹੀ ਉਨ੍ਹਾਂ ਦੀ ਕਾਰ ਭੰਨਣ ਦੀ ਕੋਸ਼ਿਸ਼ ਕੀਤੀ ਗਈ। ਕਟਾਣੀ ਕਲਾਂ ਚੌਕ ਵਿਚ ਕਾਰ ਰੋਕ ਕੇ ਠਾਕੁਰ ਦਲੀਪ ਸਿੰਘ ਅਤੇ ਉਨ੍ਹਾਂ ਦੇ ਸਮਰਥਕਾਂ ਨਾਲ ਕੁੱਟਮਾਰ ਕੀਤੀ ਗਈ।
___________________________________________
ਕਾਤਲਾਂ ਦੀ ਸੂਹ ਦੇਣ ਵਾਲੇ ਲਈ 30 ਲੱਖ ਇਨਾਮ
ਲੁਧਿਆਣਾ: ਮਾਤਾ ਚੰਦ ਕੌਰ ਦੇ ਕਾਤਲਾਂ ਬਾਰੇ ਕੋਈ ਵੀ ਜਾਣਕਾਰੀ ਦੇਣ ਵਾਲੇ ਨੂੰ 30 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਨਾਮਧਾਰੀ ਦਰਬਾਰ ਦੇ ਪ੍ਰਧਾਨ ਐਚæਐਸ਼ ਹੰਸਪਾਲ ਨੇ ਕਿਹਾ ਹੈ ਕਿ ਕਤਲ ਬਾਰੇ ਸੂਹ ਦੇਣ ਵਾਲੇ ਨੂੰ 20 ਲੱਖ ਰੁਪਏ ਦਿੱਤੇ ਜਾਣਗੇ। ਇਸੇ ਦੌਰਾਨ ਪੁਲਿਸ ਨੇ ਇਸ ਕਤਲ ਕਾਂਡ ਦੀ ਤਫਤੀਸ਼ ਲਈ ਵਿਸ਼ੇਸ਼ ਜਾਂਚ ਟੀਮ ਬਣਾ ਦਿੱਤੀ ਹੈ। ਪੁਲਿਸ ਨੇ ਚਸ਼ਮਦੀਦਾਂ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਸ਼ੱਕੀ ਹਮਲਾਵਰਾਂ ਦੇ ਸਕੈੱਚ ਵੀ ਜਾਰੀ ਕੀਤੇ ਹੋਏ ਹਨ, ਪਰ ਫਿਲਹਾਲ ਪੁਲਿਸ ਖਾਲੀ ਹੱਥ ਹੈ। ਪੰਜਾਬ ਪੁਲਿਸ ਨੇ ਕਾਤਲਾਂ ਬਾਰੇ ਕੋਈ ਵੀ ਜਾਣਕਾਰੀ ਦੇਣ ਵਾਲੇ ਨੂੰ 10 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਪੁਲਿਸ ਨੇ ਸੂਚਨਾ ਦੇਣ ਵਾਲੇ ਦੀ ਪਛਾਣ ਗੁਪਤ ਰੱਖਣ ਦਾ ਵੀ ਭਰੋਸਾ ਦਿੱਤਾ ਹੈ।
____________________________________________
ਅਪਰਾਧੀ ਸਾਜ਼ਿਸ਼ਕਾਰਾਂ ਦੇ ਨਿਸ਼ਾਨੇ ‘ਤੇ ਰਿਹੈ ਭੈਣੀ ਸਾਹਿਬ
ਚੰਡੀਗੜ੍ਹ: ਨਾਮਧਾਰੀ ਸੰਪਰਦਾ ਦੇ ਮੁੱਖ ਕੇਂਦਰ ਸ੍ਰੀ ਭੈਣੀ ਸਾਹਿਬ ਵਿਖੇ ਹੋਏ ਮਾਤਾ ਚੰਦ ਕੌਰ ਦੇ ਕਤਲ ਤੋਂ ਬਾਅਦ ਇਕ ਗੱਲ ਉੱਭਰ ਕੇ ਸਾਹਮਣੇ ਆਈ ਹੈ ਕਿ ਸ੍ਰੀ ਭੈਣੀ ਸਾਹਿਬ ਪਿਛਲੇ ਲੰਬੇ ਸਮੇਂ ਤੋਂ ਅਪਰਾਧੀ ਸਾਜਿਸ਼ਕਾਰਾਂ ਦੇ ਨਿਸ਼ਾਨੇ ਉਤੇ ਸੀ। ਮਾਤਾ ਚੰਦ ਕੌਰ ਨੂੰ ਕਤਲ ਕਰਨ ਵਾਲੇ ਦੋ ਨੌਜਵਾਨ ਜੋ ਕਿ ਇਕ ਪਲਸਰ ਮੋਟਰਸਾਈਕਲ ‘ਤੇ ਸਵਾਰ ਸਨ, ਵੱਲੋਂ 32 ਬੋਰ ਦੇ ਪਿਸਤੌਲ ਨਾਲ ਮਾਤਾ ਚੰਦ ਕੌਰ ਉਪਰ ਗੋਲੀਆਂ ਦਾਗੀਆਂ ਗਈਆਂ, ਜੋ ਮਾਤਾ ਚੰਦ ਕੌਰ ਦੀ ਮੌਤ ਦਾ ਕਾਰਨ ਬਣੀਆਂ। ਇਸ ਤੋਂ ਪਹਿਲਾਂ 12 ਅਪਰੈਲ 2011 ਵਾਲੇ ਦਿਨ ਉਸ ਮੌਕੇ ਦੇ ਗੱਦੀਨਸ਼ੀਨ ਜਗਜੀਤ ਸਿੰਘ ਦੇ ਅਤਿਅੰਤ ਨਜ਼ਦੀਕੀ ਸ਼ਰਧਾਲੂ ਮੰਨੇ ਜਾਂਦੇ ਅਵਤਾਰ ਸਿੰਘ ਤਾਰੀ (57) ਵਾਸੀ ਮੋਹਾਲੀ ਦਾ ਕਤਲ ਵੀ ਭੈਣੀ ਸਾਹਿਬ ਦੇ ਬਿਲਕੁਲ ਨਜ਼ਦੀਕ ਹੋਇਆ ਸੀ। ਇਸ ਤੋਂ ਬਾਅਦ 11 ਅਗਸਤ 2013 ਨੂੰ ਇੰਗਲੈਂਡ ਦੌਰੇ ਦੌਰਾਨ ਉਦੈ ਸਿੰਘ ‘ਤੇ ਇਕ ਵਿਅਕਤੀ ਵੱਲੋਂ ਹਮਲਾ ਕੀਤਾ ਗਿਆ। ਉਸ ਤੋਂ ਬਾਅਦ ਚਾਰ ਦਸੰਬਰ 2015 ਨੂੰ ਜਲੰਧਰ ਨਜ਼ਦੀਕ ਇਕ ਕਾਰ ਵਿਚ ਹੋਏ ਧਮਾਕੇ ਦੌਰਾਨ ਦੋ ਵਿਅਕਤੀ ਜ਼ਖਮੀ ਹੋ ਗਏ ਤੇ ਇਕ ਦੀ ਮੌਤ ਹੋ ਗਈ। ਛਾਣਬੀਣ ਤੋਂ ਬਾਅਦ ਜ਼ਖਮੀਆਂ ਨੇ ਖੁਲਾਸਾ ਕੀਤਾ ਕਿ ਉਹ ਜਲੰਧਰ ਵਿਖੇ ਹਰੀਵੱਲਭ ਸੰਮੇਲਨ ਵਿਚ ਨਾਮਧਾਰੀ ਦਰਬਾਰ ਦੇ ਮੌਜੂਦਾ ਮੁਖੀ ਸਤਿਗੁਰੂ ਉਦੈ ਸਿੰਘ ਨੂੰ ਮਨੁੱਖੀ ਬੰਬ ਨਾਲ ਹਮਲਾ ਕਰ ਕੇ ਮਾਰਨ ਦੀ ਸਾਜ਼ਿਸ਼ ਤਿਆਰ ਕਰ ਚੁੱਕੇ ਸਨ।