ਭਾਜਪਾ ਨੇ ਦਲਿਤ ਵੋਟ ਉਤੇ ਡੋਰੇ ਪਾਉਣ ਦੀ ਖਿੱਚੀ ਤਿਆਰੀ

ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਦੀ ਪ੍ਰਧਾਨਗੀ ਦਾ ਰੇੜਕਾ ਖਤਮ ਕਰਦਿਆਂ ਹਾਈ ਕਮਾਨ ਨੇ ਦੋਆਬੇ ਦੇ ਦਲਿਤ ਆਗੂ ਤੇ ਕੇਂਦਰੀ ਰਾਜ ਮੰਤਰੀ ਵਿਜੈ ਕੁਮਾਰ ਸਾਂਪਲਾ ਨੂੰ ਪ੍ਰਧਾਨ ਨਿਯੁਕਤ ਕਰ ਦਿੱਤਾ ਹੈ। ਪਾਰਟੀ ਨੇ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਦਲਿਤ ਨੇਤਾ ਦੀ ਇਸ ਅਹੁਦੇ ਲਈ ਚੋਣ ਕੀਤੀ ਹੈ। ਭਾਜਪਾ ਦੇ ਨਵੇਂ ਸੂਬਾਈ ਪ੍ਰਧਾਨ ਨੂੰ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਅੰਦਰੂਨੀ ਖਹਿਬਾਜ਼ੀ ਕਾਰਨ ਭਗਵਾ ਪਾਰਟੀ ਫੁੱਟ ਦਾ ਸ਼ਿਕਾਰ ਹੈ ਅਤੇ ਹੇਠਲੇ ਪੱਧਰ ਉਤੇ ਵਰਕਰਾਂ ਵਿਚ ਬਹੁਤ ਜ਼ਿਆਦਾ ਨਿਰਾਸ਼ਾ ਹੈ। ਭਾਜਪਾ ਕੇਡਰ ਦੇ ਹੇਠਲੇ ਪੱਧਰ ਉਤੇ ਅਕਾਲੀਆਂ ਨਾਲ ਵੀ ਸਿੰਗ ਫਸੇ ਹਨ।

ਸੂਬੇ ਦੀਆਂ ਵਿਧਾਨ ਸਭਾ ਚੋਣਾਂ ਵੀ ਸਿਰ ਉਤੇ ਹਨ। ਪਿਛਲੇ 9 ਸਾਲਾਂ ਤੋਂ ਸੱਤਾ ਵਿਚ ਹੋਣ ਦੇ ਬਾਵਜੂਦ ਸਿਆਸੀ ਫਰੰਟ ਉਤੇ ਇਸ ਪਾਰਟੀ ਦੀ ਕਾਰਗੁਜ਼ਾਰੀ ਬਿਹਤਰ ਨਹੀਂ ਮੰਨੀ ਜਾਂਦੀ। ਇਸ ਕਰ ਕੇ ਵਿਧਾਨ ਸਭਾ ਚੋਣਾਂ ਵਿਚ ਵਕਾਰ ਬਹਾਲੀ ਲਈ ਨਵੇਂ ਪ੍ਰਧਾਨ ਨੂੰ ਬਹੁਤ ਮਿਹਨਤ ਕਰਨੀ ਪਵੇਗੀ। ਸ੍ਰੀ ਸਾਂਪਲਾ ਨੂੰ ਪ੍ਰਧਾਨ ਨਿਯੁਕਤ ਕਰ ਦਿੱਤਾ ਗਿਆ ਹੈ, ਪਰ ਉਹ ਕੇਂਦਰੀ ਰਾਜ ਮੰਤਰੀ ਦੇ ਅਹੁਦੇ ‘ਤੇ ਵੀ ਕਾਇਮ ਰਹਿਣਗੇ ਹਾਲਾਂਕਿ ਭਾਜਪਾ ਅੰਦਰ ਇਕ ਵਿਅਕਤੀ ਇਕ ਅਹੁਦੇ ਦਾ ਸਿਧਾਂਤ ਹੈ, ਪਰ ਪਾਰਟੀ ਆਗੂਆਂ ਦਾ ਕਹਿਣਾ ਹੈ ਕਿ ਵਿਸ਼ੇਸ਼ ਹਾਲਾਤ ਵਿਚ ਛੋਟ ਵੀ ਦਿੱਤੀ ਜਾ ਸਕਦੀ ਹੈ।
ਸ੍ਰੀ ਸਾਂਪਲਾ ਸਾਲ 2014 ਦੀਆਂ ਲੋਕ ਸਭਾ ਚੋਣਾਂ ਵਿਚ ਹੁਸ਼ਿਆਰਪੁਰ ਹਲਕੇ ਤੋਂ ਪਹਿਲੀ ਵਾਰੀ ਸੰਸਦ ਮੈਂਬਰ ਬਣੇ ਸਨ। ਉਨ੍ਹਾਂ ਨੇ ਆਪਣਾ ਰਾਜਸੀ ਸਫ਼ਰ ਜਲੰਧਰ ਜ਼ਿਲ੍ਹੇ ਦੇ ਸੋਫ਼ੀ ਪਿੰਡ ਦੀ ਸਰਪੰਚੀ ਤੋਂ ਸ਼ੁਰੂ ਕੀਤਾ ਸੀ। ਉਸ ਬਾਅਦ ਉਹ ਭਾਜਪਾ ਦੇ ਦਲਿਤ ਵਿੰਗ ਦੇ ਪ੍ਰਧਾਨ ਤੇ ਹੋਰ ਕਈ ਅਹੁਦਿਆਂ ਉਤੇ ਰਹੇ। ਭਾਜਪਾ ਵਿਚ ਉਹ ਇਕ ਅਜਿਹੇ ਆਗੂ ਵਜੋਂ ਸਥਾਪਤ ਹੋਏ, ਜਿਨ੍ਹਾਂ ਨੇ ਮਿਹਨਤ ਮਜ਼ਦੂਰੀ ਤੋਂ ਆਪਣਾ ਜੀਵਨ ਸ਼ੁਰੂ ਕੀਤਾ ਅਤੇ ਵੱਡੇ ਅਹੁਦੇ ਹਾਸਲ ਕੀਤੇ।
ਕਮਲ ਸ਼ਰਮਾ ਨੂੰ ਪਾਰਟੀ ਅੰਦਰਲੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਸੂਬਾਈ ਪ੍ਰਧਾਨ ਦੇ ਹੋ ਰਹੇ ਵਿਰੋਧ ਕਾਰਨ ਪਾਰਟੀ ਦੀਆਂ ਸਿਆਸੀ ਗਤੀਵਿਧੀਆਂ ਮੱਠੀਆਂ ਪਈਆਂ ਹੋਈਆਂ ਸਨ। ਸ੍ਰੀ ਸਾਂਪਲਾ ਦੀ ਪ੍ਰਧਾਨ ਵਜੋਂ ਨਿਯੁਕਤੀ ਨੂੰ ਕਮਲ ਸ਼ਰਮਾ ਵਿਰੋਧੀ ਧੜੇ, ਜਿਸ ਵਿਚ ਅਵਿਨਾਸ਼ ਰਾਏ ਖੰਨਾ ਤੇ ਮਨੋਰੰਜਨ ਕਾਲੀਆ ਮੰਨੇ ਜਾਂਦੇ ਹਨ, ਦੀ ਜਿੱਤ ਸਮਝਿਆ ਜਾ ਰਿਹਾ ਹੈ। ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ‘ਚ ਮਹਿਜ਼ 10 ਕੁ ਮਹੀਨੇ ਰਹਿ ਗਏ ਹਨ। ਇਸ ਸਰਹੱਦੀ ਸੂਬੇ ‘ਚ ਸਾਰੀਆਂ ਰਾਜਸੀ ਧਿਰਾਂ ਵੱਲੋਂ ਦਲਿਤਾਂ ਨੂੰ ਰਿਝਾਉਣ ਦੇ ਯਤਨ ਕੀਤੇ ਜਾ ਰਹੇ ਹਨ। ਭਾਜਪਾ ਨੇ ਵੀ ਇਸ ਨਿਯੁਕਤ ਨਾਲ ਦਲਿਤ ਪੱਤਾ ਖੇਡਿਆ ਹੈ। ਭਾਜਪਾ ਨੇ ਪੰਜਾਬ ਪ੍ਰਧਾਨ ਦੀ ਨਿਯੁਕਤੀ ਨਵੰਬਰ, 2015 ਵਿਚ ਕਰਨ ਦਾ ਐਲਾਨ ਕੀਤਾ ਸੀ। ਪਾਰਟੀ ਅੰਦਰਲੀ ਧੜੇਬੰਦੀ ਕਾਰਨ ਇਹ ਨਿਯੁਕਤੀ ਲਗਾਤਾਰ ਲਟਕਦੀ ਆ ਰਹੀ ਸੀ।
ਦੱਸਣਯੋਗ ਹੈ ਕਿ ਪੰਜਾਬ ਭਾਜਪਾ ਦੇ ਪਹਿਲੇ ਪ੍ਰਧਾਨ ਕਮਲ ਸ਼ਰਮਾ ਦਾ ਕਾਰਜਕਾਲ ਵਿਵਾਦਮਈ ਤੇ ਖਾਨਾਜੰਗੀ ਵਾਲਾ ਰਿਹਾ। ਨਵੇਂ ਪ੍ਰਧਾਨ ਦੀ ਨਿਯੁਕਤੀ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਦੀ ਸਹਿਮਤੀ ਨਾਲ ਕੀਤੀ ਗਈ ਹੈ ਪਰ ਇਹ ਵੀ ਸੱਚਾਈ ਹੈ ਕਿ ਸ੍ਰੀ ਸ਼ਰਮਾ ਨੇ ਵਿੱਤ ਮੰਤਰੀ ਦੇ ਆਸ਼ੀਰਵਾਦ ਸਦਕਾ ਹੀ ਪ੍ਰਧਾਨਗੀ ਦਾ ਆਨੰਦ ਮਾਣਿਆ। ਉਨ੍ਹਾਂ ਨੂੰ ਪਾਰਟੀ ਵਿਚੋਂ ਨਿੱਤ ਨਵੀਂ ਚੁਣੌਤੀ ਮਿਲਦੀ ਰਹੀ ਹੈ। ਕੁਝ ਮਹੀਨੇ ਪਹਿਲਾਂ ਫਿਰੋਜ਼ਪੁਰ ਦੇ ਕੁਝ ਭਾਜਪਾ ਆਗੂਆਂ ਦੀ ਭ੍ਰਿਸ਼ਟਾਚਾਰ ਤੇ ਨਸ਼ਿਆਂ ਦੀ ਤਸਕਰੀ ਵਿਚ ਗ੍ਰਿਫ਼ਤਾਰੀ ਨਾਲ ਵੀ ਕਮਲ ਸ਼ਰਮਾ ਦੇ ਅਕਸ ਨੂੰ ਢਾਅ ਲੱਗੀ। ਲੋਕ ਸਭਾ ਚੋਣਾਂ ਬਾਅਦ ਪਾਰਟੀ ਦੀ ਪੰਜਾਬ ਇਕਾਈ ਦੇ ਤਤਕਾਲੀ ਇੰਚਾਰਜ ਸ਼ਾਂਤਾ ਕੁਮਾਰ ਨੇ ਸ੍ਰੀ ਸ਼ਰਮਾ ਤੇ ਕੁੱਝ ਮੰਤਰੀਆਂ ਨੂੰ ਤਬਦੀਲ ਕਰਨ ਦਾ ਸੁਝਾਅ ਵੀ ਦਿੱਤਾ ਸੀ, ਪਰ ਉਨ੍ਹਾਂ ਦੀ ਕੁਰਸੀ ਫਿਰ ਵੀ ਬਚੀ ਰਹੀ। ਹੁਣ ਜਦੋਂ ਚੋਣਾਂ ਸਿਰ ਉਤੇ ਆ ਗਈਆਂ ਹਨ ਤੇ ਦਬਾਅ ਵੀ ਵਧ ਗਿਆ ਤਾਂ ਪਾਰਟੀ ਨੇ ਉਨ੍ਹਾਂ ਦੀ ਥਾਂ ਵਿਜੈ ਸਾਂਪਲਾ ਨੂੰ ਪ੍ਰਧਾਨ ਨਿਯੁਕਤ ਕਰਨ ਵਿਚ ਹੀ ਭਲਾਈ ਸਮਝੀ।
________________________________________________
ਨਵਜੋਤ ਕੌਰ ਸਿੱਧੂ ਵੱਲੋਂ ਅਸਤੀਫੇ ਦੀ ਮੁੜ ਧਮਕੀ
ਅੰਮ੍ਰਿਤਸਰ: ਭਾਜਪਾ ਆਗੂ ਅਤੇ ਮੁੱਖ ਸੰਸਦੀ ਸਕੱਤਰ ਡਾæ ਨਵਜੋਤ ਕੌਰ ਸਿੱਧੂ ਨੇ ਆਖਿਆ ਕਿ ਪਹਿਲੀ ਅਪਰੈਲ ਨੂੰ ਉਨ੍ਹਾਂ ਵੱਲੋਂ ਅਸਤੀਫਾ ਦੇਣਾ ਦਾ ਕੀਤਾ ਐਲਾਨ ਮਜ਼ਾਕ ਨਹੀਂ, ਹਕੀਕਤ ਸੀ। ਉਨ੍ਹਾਂ ਕਿਹਾ ਕਿ ਜੇਕਰ ਮੁੜ ਉਨ੍ਹਾਂ ਦੇ ਕੰਮਾਂ ਵਿਚ ਅੜਿੱਕੇ ਖੜ੍ਹੇ ਕੀਤੇ ਗਏ ਤਾਂ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ। ਇਸੇ ਦੌਰਾਨ ਪੰਜਾਬ ਭਾਜਪਾ ਮਾਮਲਿਆਂ ਦੇ ਇੰਚਾਰਜ ਪ੍ਰਭਾਤ ਝਾਅ ਨੇ ਵੋਟਰਾਂ ਨੂੰ ਆਖਿਆ ਕਿ ਭਾਜਪਾ ਸਿੱਧੂ ਜੋੜੇ ਨੂੰ ਕਿਸੇ ਵੀ ਹੋਰ ਸਿਆਸੀ ਪਾਰਟੀ ਵਿਚ ਨਹੀਂ ਜਾਣ ਦੇਵੇਗੀ।
ਡਾæ ਨਵਜੋਤ ਕੌਰ ਸਿੱਧੂ ਨੇ ਪਹਿਲੀ ਅਪਰੈਲ ਨੂੰ ਸੋਸ਼ਲ ਮੀਡੀਆ ਜ਼ਰੀਏ ਕਿਹਾ ਸੀ ਕਿ ਉਨ੍ਹਾਂ ਨੇ ਭਾਜਪਾ ਤੋਂ ਅਸਤੀਫ਼ਾ ਦੇ ਦਿੱਤਾ ਹੈ ਅਤੇ ਉਹ ਤਣਾਅ ਮੁਕਤ ਹੋ ਗਏ ਹਨ। ਉਨ੍ਹਾਂ ਨੇ ਦਫਤਰੀ ਕਰਮਚਾਰੀਆਂ ਨੇ ਇਸ ਟਿੱਪਣੀ ਨੂੰ ‘ਐਪਰਲ ਫੂਲ’ ਦੱਸ ਕੇ ਮਾਮਲਾ ਰਫਾ-ਦਫਾ ਕਰ ਦਿੱਤਾ ਸੀ। ਉਸ ਤੋਂ ਦੋ-ਤਿਨ ਦਿਨ ਬਾਅਦ ਉਨ੍ਹਾਂ ਨੇ ਖੁਲਾਸਾ ਕੀਤਾ ਸੀ ਕਿ ਦਿੱਲੀ ਵਿਚ ਭਾਜਪਾ ਦੇ ਸੀਨੀਅਰ ਆਗੂਆਂ ਨਾਲ ਹੋਈ ਮੁਲਾਕਾਤ ਤੋਂ ਬਾਅਦ ਉਹ ਵਾਪਸ ਲੋਕਾਂ ਦੀ ਸੇਵਾ ਵਿਚ ਪਰਤ ਆਏ ਹਨ। ਉਸ ਦਿਨ ਦਿੱਲੀ ਵਿਚ ਉਹ ਭਾਜਪਾ ਦੇ ਸੀਨੀਅਰ ਆਗੂ ਰਾਮ ਲਾਲ ਨੂੰ ਮਿਲੇ ਸਨ ਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਉਨ੍ਹਾਂ ਦੇ ਕੰਮਾਂ ਵਿਚ ਕੋਈ ਵੀ ਅੜਿੱਕਾ ਨਹੀਂ ਲੱਗੇਗਾ।
ਡਾæ ਸਿੱਧੂ ਨੇ ਆਖਿਆ ਕਿ ਉਨ੍ਹਾਂ ਨੇ ਅਸਤੀਫਾ ਦੇਣ ਦਾ ਮਨ ਬਣਾਇਆ ਸੀ, ਪਰ ਸੋਸ਼ਲ ਮੀਡੀਆ ਦੇ ਟਿੱਪਣੀ ਨੂੰ ਦੇਖ ਕੇ ਉਨ੍ਹਾਂ ਨੂੰ ਦਿੱਲੀ ਸੱਦ ਲਿਆ ਗਿਆ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਮੁੜ ਉਨ੍ਹਾਂ ਦੇ ਕੰਮਾਂ ਵਿਚ ਅੜਿੱਕਾ ਲਾਉਣ ਦਾ ਯਤਨ ਕੀਤਾ ਗਿਆ ਤਾਂ ਉਹ ਅਸਤੀਫ਼ਾ ਦੇ ਦੇਣਗੇ। ਉਨ੍ਹਾਂ ਆਖਿਆ ਕਿ ਉਹ ਅਕਾਲੀ ਦਲ-ਭਾਜਪਾ ਗਠਜੋੜ ਦੇ ਉਮੀਦਵਾਰ ਵਜੋਂ ਚੋਣ ਨਹੀਂ ਲੜਨਗੇ। ਜੇਕਰ ਭਾਜਪਾ ਇਕੱਲੀ ਚੋਣ ਲੜੇਗੀ ਤਾਂ ਹੀ ਉਹ ਚੋਣ ਲੜਨਗੇ। ਉਨ੍ਹਾਂ ਸਪਸ਼ਟ ਕੀਤਾ ਕਿ ਉਨ੍ਹਾਂ ਦੇ ਹਲਕੇ ਦੇ ਵਿਕਾਸ ਲਈ 79 ਕਰੋੜ ਰੁਪਏ ਦੇ ਵਿਕਾਸ ਕਾਰਜ ਪ੍ਰਵਾਨ ਹੋਏ ਸਨ, ਜਿਸ ਵਿਚੋਂ 49 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੇ ਟੈਂਡਰ ਲਾਏ ਗਏ ਹਨ। ਇਸ ਸਬੰਧੀ ਗਰਾਂਟ ਮਿਲਣੀ ਚਾਹੀਦੀ ਹੈ, ਜੋ ਫਿਲਹਾਲ ਭਰੋਸਾ ਹੀ ਹੈ।