ਪੀਲੀਭੀਤ ਮੁਕਾਬਲਾ: ਪੀੜਤਾਂ ਵੱਲੋਂ ਕਾਹਲੋਂ ਦੇ ਦਾਅਵੇ ਝੂਠੇ ਕਰਾਰ

ਕਾਹਨੂੰਵਾਨ: ਪੀਲੀਭੀਤ ਮਾਮਲੇ ਬਾਰੇ ਸੀæਬੀæਆਈæ ਕੋਰਟ ਦੇ ਫੈਸਲੇ ਮਗਰੋਂ ਹਰਜਿੰਦਰ ਕਾਹਲੋਂ ਵੱਲੋਂ ਕੀਤੇ ਗਏ ਦਾਅਵਿਆਂ ਨੂੰ ਪੀੜਤ ਪਰਿਵਾਰਾਂ ਨੇ ਝੂਠ ਦਾ ਪੁਲੰਦਾ ਦੱਸਿਆ ਹੈ। ਪੀੜਤ ਪਰਿਵਾਰਾਂ ਨੇ ਤਿੱਖਾ ਪ੍ਰਤੀਕਰਮ ਦਿੰਦਿਆਂ ਹਰਜਿੰਦਰ ਕਾਹਲੋਂ ਦੇ ਇਸ ਮਾਮਲੇ ਬਾਰੇ ਕੀਤੇ ਗਏ ਦਾਅਵਿਆਂ ਨੂੰ ਤੱਥਾਂ ਤੋਂ ਰਹਿਤ ਅਤੇ ਸਿੱਖ ਜਗਤ ਦੀ ਵਾਹ-ਵਾਹ ਖੱਟਣ ਵਾਲੇ ਕਰਾਰ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਸੀæਬੀæਆਈæ ਕੋਰਟ ਲਖਨਊ ਵੱਲੋਂ 1991 ਵਿਚ ਤਿੰਨ ਝੂਠੇ ਪੁਲਿਸ ਮੁਕਾਬਲਿਆਂ ਵਿਚ ਮਾਰੇ ਗਏ 11 ਸਿੱਖ ਨੌਜਵਾਨ ਯਾਤਰੂਆਂ ਦੇ ਮਾਮਲੇ ਵਿਚ ਉੱਤਰ ਪ੍ਰਦੇਸ਼ ਦੇ 47 ਪੁਲਿਸ ਕਰਮਚਾਰੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਮਗਰੋਂ ਉੱਤਰ ਪ੍ਰਦੇਸ਼ ਦੇ ਇਕ ਸਿੱਖ ਹਰਜਿੰਦਰ ਸਿੰਘ ਕਾਹਲੋਂ ਨੇ ਪੰਜਾਬ ਆ ਕੇ ਪ੍ਰੈੱਸ ਕਾਨਫਰੰਸ ਕਰ ਕੇ ਦਾਅਵਾ ਕੀਤਾ ਹੈ ਕਿ ਫੈਸਲੇ ਤੋਂ ਬਾਅਦ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਜਾਨੀ ਅਤੇ ਮਾਲੀ ਨੁਕਸਾਨ ਦਾ ਖਤਰਾ ਹੈ ਕਿਉਂਕਿ ਉਸ ਵੱਲੋਂ ਯੂæਪੀæ ਦੇ ਤਤਕਾਲੀ ਪੁਲਿਸ ਅਫਸਰਾਂ ਅਤੇ ਕਰਮਚਾਰੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਗੰਭੀਰ ਯਤਨ ਕੀਤੇ ਗਏ ਸਨ।
ਹਰਜਿੰਦਰ ਕਾਹਲੋਂ ਦੇ ਮੀਡੀਆ ਵਿਚ ਆਏ ਬਿਆਨਾਂ ਨੂੰ ਸੁਣਨ ਪੜ੍ਹਨ ਤੋਂ ਬਾਅਦ ਪੁਲਿਸ ਮੁਕਾਬਲੇ ਵਿਚ ਮਾਰੇ ਗਏ ਨੌਜਵਾਨਾਂ ਦੇ ਪਰਿਵਾਰਾਂ ਨੇ ਤਿੱਖਾ ਪ੍ਰਤੀਕਰਮ ਦਿੱਤਾ ਹੈ। ਮਾਰੇ ਗਏ ਸਿੱਖ ਨੌਜਵਾਨ ਬਲਜੀਤ ਸਿੰਘ ਪੱਪੂ, ਅਰਜਨ ਪੁਰ ਦੀ ਪਤਨੀ ਬਲਵਿੰਦਰਜੀਤ ਕੌਰ ਅਤੇ ਉੱਤਰ ਪ੍ਰਦੇਸ਼ ਦੇ ਨੌਜਵਾਨ ਤਲਵਿੰਦਰ ਸਿੰਘ ਦੇ ਪਿਤਾ ਮਲਕੀਤ ਸਿੰਘ ਨੇ ਦੱਸਿਆ ਕਿ ਹਰਜਿੰਦਰ ਕਾਹਲੋਂ ਦੇ ਇਸ ਮਾਮਲੇ ਬਾਰੇ ਕੀਤੇ ਗਏ ਦਾਅਵੇ ਗਲਤ ਹਨ। ਬਲਜੀਤ ਸਿੰਘ ਦੀ ਪਤਨੀ ਅਤੇ ਪਰਿਵਾਰ ਨੇ ਕਿਹਾ ਕਿ ਇਸ ਮਾਮਲੇ ਦੀ ਪੈਰਵੀ ਸਾਬਕਾ ਜੱਜ ਆਰæਐਸ਼ ਸੋਢੀ ਅਤੇ ਸਿੱਖ ਪ੍ਰਤੀਨਿਧ ਬੋਰਡ ਉੱਤਰ ਪ੍ਰਦੇਸ਼ ਦੇ ਡਾæ ਗੁਰਮੀਤ ਸਿੰਘ ਤੋਂ ਇਲਾਵਾ ਸ਼ਹੀਦ ਸਤਵਿੰਦਰ ਸਿੰਘ ਮਿੰਟੂ ਸਤਕੋਹਾ ਦੇ ਪਿਤਾ ਅਜੀਤ ਸਿੰਘ ਅਤੇ ਸ਼ਹੀਦ ਮੁਖਵਿੰਦਰ ਸਿੰਘ ਦੇ ਪਿਤਾ ਸੰਤੋਖ ਸਿੰਘ ਨੇ ਕੀਤੀ ਹੈ।
ਮਾਰੇ ਗਏ ਨੌਜਵਾਨ ਤਲਵਿੰਦਰ ਸਿੰਘ ਦੇ ਪਿਤਾ ਮਲਕੀਤ ਸਿੰਘ ਦਾ ਕਹਿਣਾ ਹੈ ਕਿ 1991 ਵਿਚ ਇਸ ਮੁਕਾਬਲੇ ਤੋਂ ਬਾਅਦ ਪੁਲਿਸ ਵੱਲੋਂ ਉੁਸ ਦੇ ਪਰਿਵਾਰ ਨੂੰ ਜ਼ਲੀਲ ਕੀਤਾ ਗਿਆ। ਉਸ ਨੂੰ ਉੱਤਰ ਪ੍ਰਦੇਸ਼ ਦੀ ਪੁਲਿਸ ਨੇ ਬੇਘਰ ਕਰ ਦਿੱਤਾ। 1995 ਵਿਚ ਉਹ ਪਰਿਵਾਰ ਸਮੇਤ ਪੰਜਾਬ ਆ ਗਿਆ। ਉਹ ਡਰਦਾ ਯੂæਪੀæ ਵੀ ਨਹੀਂ ਸੀ ਜਾ ਸਕਦਾ, ਜਿਸ ਕਾਰਨ ਉੁਸ ਦੀ ਖੇਤੀ ਅਤੇ ਹੋਰ ਕਾਰੋਬਾਰ ਤਹਿਸ-ਨਹਿਸ ਹੋ ਗਿਆ। ਮਲਕੀਤ ਸਿੰਘ ਨੇ ਖੁਲਾਸਾ ਕੀਤਾ ਕਿ ਹਰਜਿੰਦਰ ਕਾਹਲੋਂ ਦੇ ਭਰਾ ਨਿੰਦਰ ਦੀ ਇਸ ਮਾਮਲੇ ਵਿਚ ਸੀæਬੀæਆਈæ ਕੋਰਟ ‘ਚ ਗਵਾਹੀ ਸੀ, ਪਰ ਹਰਜਿੰਦਰ ਨੇ ਯੂæਪੀæ ਦੀ ਪੁਲਿਸ ਨਾਲ ਮਿਲੀਭੁਗਤ ਕਰ ਕੇ ਆਪਣੇ ਭਰਾ ਦੀ ਗਵਾਹੀ ਵੀ ਨਹੀਂ ਹੋਣ ਦਿੱਤੀ ਅਤੇ ਯੁæਪੀæ ਦੀ ਪੁਲਿਸ ਨਾਲ ਮਿਲ ਕੇ ਇਕ ਹੋਰ ਅਹਿਮ ਗਵਾਹ ਮਹਿੰਦਰ ਸਿੰਘ ਅਤੇ ਰਾਮ ਕੁਮਾਰ ਤੋਂ ਇਲਾਵਾ ਮੇਜਰ ਚੱਬਾ ਨੂੰ ਵੀ ਪ੍ਰੇਸ਼ਾਨ ਕੀਤਾ। ਇਨ੍ਹਾਂ ਪਰਿਵਾਰਾਂ ਨੇ ਸਿੱਖ ਸੰਗਤ ਅਤੇ ਪੰਥਕ ਦਲਾਂ ਨੂੰ ਅਪੀਲ ਕੀਤੀ ਕਿ ਹਰਜਿੰਦਰ ਕਾਹਲੋਂ ਦੇ ਕਿਸੇ ਵੀ ਬਿਆਨ ਅਤੇ ਕਹਾਣੀ ਉਤੇ ਵਿਸ਼ਵਾਸ ਨਾ ਕੀਤਾ ਜਾਵੇ। ਕੇਵਲ ਪੀੜਤ ਪਰਿਵਾਰਾਂ ਅਤੇ ਦਿੱਲੀ ਸਿੱਖ ਪ੍ਰਤੀਨਿਧ ਬੋਰਡ ਤੋਂ ਇਲਾਵਾ ਸਾਬਕਾ ਜੱਜ ਆਰæਐਸ਼ ਸੋਢੀ ਦੇ ਯਤਨਾਂ ਅਤੇ ਕੋਰਟ ਦੇ ਫੈਸਲਿਆਂ ਅਨੁਸਾਰ ਹੀ ਅਗਲੀ ਕਾਰਵਾਈ ਲਈ ਯਤਨ ਕੀਤੇ ਜਾਣ।
___________________________________
ਵਾਦੀ ‘ਚ ਸਾਰੇ ਸ਼ੱਕੀ ਪੁਲਿਸ ਮੁਕਾਬਲਿਆਂ ਦੀ ਜਾਂਚ ਮੰਗੀ
ਸ੍ਰੀਨਗਰ: ਪਿਛਲੇ ਸਾਲਾਂ ਦੌਰਾਨ ਜੰਮੂ ਕਸ਼ਮੀਰ ਤੇ ਬਾਹਰ ਹੋਏ ਸਾਰੇ ਸ਼ੱਕੀ ਪੁਲਿਸ ਮੁਕਾਬਲਿਆਂ ਦੀ ਡੂੰਘਾਈ ਨਾਲ ਜਾਂਚ ਦੀ ਮੰਗ ਕਰਦਿਆਂ ਆਲ ਪਾਰਟੀ ਸਿੱਖ ਤਾਲਮੇਲ ਕਮੇਟੀ (ਏæਪੀæਐਸ਼ਸੀæਸੀæ) ਨੇ ਕਿਹਾ ਕਿ ਇਸ ਨਾਲ ਸੱਚ ਸਾਹਮਣੇ ਲਿਆਉਣ ਅਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਵਿੱਚ ਮਦਦ ਮਿਲੇਗੀ। ਪੀਲੀਭੀਤ (ਉੱਤਰ ਪ੍ਰਦੇਸ਼) ਫ਼ਰਜ਼ੀ ਪੁਲਿਸ ਮੁਕਾਬਲੇ ਬਾਰੇ ਕੇਂਦਰੀ ਜਾਂਚ ਬਿਊਰੋ (ਸੀæਬੀæਆਈæ) ਦੀ ਹਾਲੀਆ ਰਿਪੋਰਟ ਦਾ ਹਵਾਲਾ ਦਿੰਦਿਆਂ ਕਮੇਟੀ ਚੇਅਰਮੈਨ ਜਗਮੋਹਨ ਸਿੰਘ ਰੈਣਾ ਨੇ ਕਿਹਾ ਕਿ ਜੰਮੂ ਕਸ਼ਮੀਰ, ਪੰਜਾਬ ਤੇ ਦੇਸ਼ ਦੇ ਹੋਰ ਹਿੱਸਿਆਂ ਵਿਚ ਪਿਛਲੇ ਕਈ ਦਹਾਕਿਆਂ ਵਿਚ ਹੋਏ ਮੁਕਾਬਲਿਆਂ ਉਤੇ ਸ਼ੱਕ ਦੀ ਉਂਗਲ ਉਠੀ ਹੈ ਅਤੇ ਇਨ੍ਹਾਂ ਦੀ ਸਹੀ ਤਰੀਕੇ ਨਾਲ ਜਾਂਚ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਸਭ ਤੋਂ ਵੱਡੀ ਕਾਨੂੰਨਸਾਜ਼ ਸੰਸਥਾ ਸੰਸਦ ਦਾ ਸੈਸ਼ਨ ਸੱਦ ਕੇ ਅਜਿਹੇ ਮਸਲਿਆਂ ‘ਤੇ ਵਿਚਾਰ-ਵਟਾਂਦਰਾ ਹੋਣਾ ਚਾਹੀਦਾ ਹੈ। ਦੱਖਣੀ ਕਸ਼ਮੀਰ ਦੇ ਛੱਤੀਸਿੰਘਪੁਰਾ ਵਿਚ 20 ਮਾਰਚ 2000 ਵਿਚ 35 ਸਿੱਖਾਂ ਦਾ ਕਤਲ ਕਰਨ ਦੇ ਮਾਮਲੇ ਦੀ ਕਦੇ ਜਾਂਚ ਨਹੀਂ ਹੋਈ। ਹੁਣ ਸਮਾਂ ਆ ਗਿਆ ਹੈ ਕਿ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ ਇਨਸਾਫ਼ ਦਿੱਤਾ ਜਾਵੇ।