ਭਾਰਤੀਆਂ ਨੇ ਅਮਰੀਕਾ ਵਿਚ ਵਿਛਾਇਆ ਜਾਅਲੀ ਵੀਜ਼ੇ ਦਾ ਜਾਲ

ਵਾਸ਼ਿੰਗਟਨ: ਅਮਰੀਕਾ ਦੀ ਪੁਲਿਸ ਨੇ ਦੇਸ਼ ਵਿਚ ਚੱਲ ਰਹੇ ਵੀਜ਼ਾ ਧੋਖਾਧੜੀ ਦੇ ਮਾਮਲੇ ਵਿਚ ਭਾਰਤੀ ਮੂਲ ਦੇ 10 ਅਮਰੀਕੀ ਨਾਗਰਿਕਾਂ ਸਮੇਤ 21 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਬਾਰੇ ਬਕਾਇਦਾ ਸਟਿੰਗ ਅਪ੍ਰੇਸ਼ਨ ਵੀ ਕੀਤਾ ਗਿਆ ਜਿਸ ਵਿਚ ਇਹ ਸਾਰੇ ਲੋਕ ਫਸ ਗਏ। ਅਮਰੀਕੀ ਪੁਲਿਸ ਅਨੁਸਾਰ ਜਾਅਲੀ ਯੂਨੀਵਰਸਿਟੀ ਬਣਾ ਕੇ ਇਹ ਲੋਕ ਵਿਦਿਆਰਥੀ ਤੇ ਵਰਕ ਵੀਜ਼ਾ ਵੇਚਦੇ ਸਨ।

ਹੁਣ ਤੱਕ ਇਨ੍ਹਾਂ ਨੇ 1000 ਵਿਦੇਸ਼ੀਆਂ ਨੂੰ ਵੀਜ਼ਾ ਜਾਰੀ ਕਰ ਕੇ ਅਮਰੀਕਾ ਬੁਲਾਇਆ ਵੀ ਹੈ। ਨਿਊਜਰਸੀ ਦੇ ਆਟਰਨੀ ਪਾਲ ਜੇ ਫਿਸਮੈਨ ਨੇ ਦੱਸਿਆ ਕਿ ਇਸ ਲਈ ਦੇਸ਼ ਵਿਆਪੀ ਮੁਹਿੰਮ ਸ਼ੁਰੂ ਕੀਤੀ ਗਈ ਸੀ। ਖਾਸ ਤੌਰ ਉਤੇ ਨਿਊ ਯਾਰਕ, ਨਿਊਜਰਸੀ, ਵਾਸ਼ਿੰਗਟਨ ਤੇ ਵਰਜੀਨੀਆਂ ਵਿਚ ਪੁਲਿਸ ਨੇ ਸਬੂਤ ਇਕੱਠੇ ਕਰਨ ਤੋਂ ਬਾਅਦ 21 ਵਿਅਕਤੀਆਂ ਨੂੰ ਇਨ੍ਹਾਂ ਥਾਂਵਾਂ ਤੋਂ ਗ੍ਰਿਫਤਾਰ ਕਰ ਲਿਆ। ਅਮਰੀਕੀ ਪੁਲਿਸ ਨੇ ਜਾਅਲੀ ਵੀਜ਼ੇ ਦੇ ਇਸ ਘੁਟਾਲੇ ਤੋਂ ਪਰਦਾ ਚੁੱਕਣ ਲਈ ਬਕਾਇਦਾ ਇਨ੍ਹਾਂ ਲੋਕਾਂ ਦਾ ਸਟਿੰਗ ਅਪ੍ਰੇਸ਼ਨ ਵੀ ਕੀਤਾ।
ਗ੍ਰਿਫ਼ਤਾਰ ਕੀਤੇ ਗਏ ਭਾਰਤੀਆਂ ਦੇ ਨਾਂਅ ਤੇਜਸ ਕੋਠਾਲੀ, ਜਯੋਤੀ ਪਟੇਲ, ਸਹਿਜਦੀ ਪ੍ਰਵੀਨ, ਨਰਿੰਦਰ ਸਿੰਘ, ਸੰਜੀਵ ਸੁਖੀਜਾ, ਹਰਪ੍ਰੀਤ ਸਚਦੇਵਾ, ਅਵਿਨਾਸ਼ ਸ਼ੰਕਰ, ਕਾਰਤਿਕ ਨਿਮਾਲਾ, ਗੋਵਰਧਨ ਦੇਵਾਸਰਾਥੀ ਤੇ ਸਈਦ ਕਾਸਿਮ ਅੱਬਾਸ ਹਨ। ਇਹ ਲੋਕ ਵਿਦੇਸ਼ੀ ਜਿਨ੍ਹਾਂ ਵਿਚ ਬਹੁਗਿਣਤੀ ਭਾਰਤੀ ਵਿਦਿਆਰਥੀ ਸਨ, ਤੋਂ ਲੱਖਾਂ ਰੁਪਏ ਲੈ ਕੇ ਵੀਜ਼ਾ ਦਿੰਦੇ ਸਨ। ਇਸ ਗਰੋਹ ਦੇ ਫੜੇ ਜਾਣ ਤੋਂ ਬਾਅਦ ਉਨ੍ਹਾਂ ਵਿਦਿਆਰਥੀਆਂ ਦੇ ਭਵਿੱਖ ਉਤੇ ਸਵਾਲੀਆਂ ਨਿਸ਼ਾਨ ਲੱਗ ਗਿਆ ਜੋ ਲੱਖਾਂ ਰੁਪਏ ਲਾ ਕੇ ਅਮਰੀਕਾ ਆਏ ਸਨ।
_____________________________________
ਐਚ-1ਬੀ ਵੀਜ਼ੇ ਲਈ ਭਾਰਤੀਆਂ ਨੇ ਤੋੜੇ ਰਿਕਾਰਡ
ਵਾਸ਼ਿੰਗਟਨ: ਐਚ-1ਬੀ ਵੀਜ਼ਾ ਲੈਣ ਲਈ ਸਭ ਤੋਂ ਵੱਧ ਭਾਰਤੀ ਕੰਪਨੀਆਂ ਨੇ ਅਪਲਾਈ ਕੀਤਾ ਹੈ। ਅਮਰੀਕਾ ਦੇ ਸਿਟੀਜ਼ਨ ਤੇ ਇਮੀਗ੍ਰੇਸ਼ਨ ਸਰਵਿਸ ਵੱਲੋਂ ਜਾਰੀ ਜਾਣਕਾਰੀ ਮੁਤਾਬਕ ਐਚ-1ਬੀ ਵੀਜ਼ਾ ਅਪਲਾਈ ਕਰਨ ਵਾਲੀਆਂ ਕੰਪਨੀਆਂ ਭਾਰਤ ਦੀਆਂ ਹਨ ਜਾਂ ਭਾਰਤ ਨਾਲ ਜੁੜੀਆਂ ਹੋਈਆਂ ਹਨ। ਸਿਟੀਜ਼ਨ ਵਿਭਾਗ ਮੁਤਾਬਕ ਐਚ-1ਬੀ ਵੀਜ਼ੇ ਦੀ ਜਨਰਲ ਕੈਟਾਗਰੀ ਤਹਿਤ ਉਸ ਨੂੰ ਢਾਈ ਲੱਖ ਅਰਜ਼ੀਆਂ ਮਿਲੀਆਂ ਹਨ। ਇਸ ਤੋਂ ਇਲਾਵਾ 20 ਹਜ਼ਾਰ ਅਰਜ਼ੀਆਂ ਉਨ੍ਹਾਂ ਕੌਮਾਂਤਰੀ ਵਿਦਿਆਰਥੀਆਂ ਦੀਆਂ ਹਨ, ਜਿਨ੍ਹਾਂ ਨੇ ਆਪਣੀ ਪੜ੍ਹਾਈ ਅਮਰੀਕਾ ਵਿਚ ਪੂਰੀ ਕੀਤੀ ਹੈ। ਇਕ ਅਪਰੈਲ ਤੋਂ ਸ਼ੁਰੂ ਹੋਏ ਐਚ-1ਬੀ ਵੀਜ਼ਾ ਕੈਟਾਗਰੀ ਲਈ ਹੁਣ ਤੱਕ ਕਿੰਨੇ ਲੋਕਾਂ ਨੇ ਅਪਲਾਈ ਕੀਤਾ ਹੈ, ਇਸ ਦਾ ਵੇਰਵਾ ਵਿਭਾਗ ਵੱਲੋਂ ਜਾਰੀ ਨਹੀਂ ਕੀਤਾ ਗਿਆ, ਪਰ ਇਨ੍ਹਾਂ ਵਿਚੋਂ ਜ਼ਿਆਦਾਤਰ ਵੀਜ਼ਾ ਅਰਜ਼ੀਆਂ 2017 ਲਈ ਹਨ। ਅਰਜ਼ੀਆਂ ਦੇਣ ਵਾਲੇ ਲੋਕਾਂ ਦਾ ਡਰਾਅ ਕੰਪਿਊਟਰ ਰਾਹੀਂ ਕੱਢਿਆ ਜਾਵੇਗਾ। ਅਮਰੀਕਨ ਇਮੀਗ੍ਰੇਸ਼ਨ ਸੰਗਠਨ ਦੇ ਪ੍ਰਧਾਨ ਬਿੱਲ ਸਟਾਕ ਮੁਤਾਬਕ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਲੋਕਾਂ ਵੱਲੋਂ ਇਸ ਕੈਟਾਗਰੀ ਤਹਿਤ ਵੀਜ਼ਾ ਅਪਲਾਈ ਕਰਨ ਦੀ ਉਮੀਦ ਹੈ। ਐਚ-1ਬੀ ਵੀਜ਼ੇ ਭਾਰਤੀ ਨੌਜਵਾਨਾਂ ਵਿਚ ਕਾਫੀ ਪ੍ਰਚਲਿਤ ਹੈ ਕਿਉਂਕਿ ਵੀਜ਼ੇ ਦੀ ਇਸ ਸ਼੍ਰੇਣੀ ਰਾਹੀਂ ਉਨ੍ਹਾਂ ਨੂੰ ਅਮਰੀਕਾ ਵਿਚ ਕੰਮ ਕਰਨ ਤੇ ਰਹਿਣ ਦੀ ਆਗਿਆ ਮਿਲਦੀ ਹੈ। ਪਿਛਲੇ ਦਿਨੀਂ ਵੀਜ਼ੇ ਦੀ ਇਸ ਸ਼੍ਰੇਣੀ ਨੂੰ ਲੈ ਕੇ ਕਾਫੀ ਵਿਵਾਦ ਵੀ ਹੋਇਆ ਸੀ। ਰਾਸ਼ਟਰਪਤੀ ਅਹੁਦੇ ਦੀ ਚੋਣ ਵਿਚ ਅੱਗੇ ਚੱਲ ਰਹੇ ਡੋਨਲਡ ਟ੍ਰੰਪ ਨੇ ਇਸ ਨੂੰ ਬੰਦ ਕਰਨ ਦਾ ਬਿਆਨ ਵੀ ਦਿੱਤਾ ਸੀ।