ਹਿੰਦੁਸਤਾਨ ਦੀ ਆਜ਼ਾਦੀ ਦੇ ਪ੍ਰਸੰਗ ਵਿਚ ਜੱਲਿਆਂਵਾਲੇ ਬਾਗ ਦਾ ਸਾਕਾ ਬੜਾ ਅਹਿਮ ਹੈ। ਇਸ ਸਾਕੇ ਤੋਂ ਬਾਅਦ ਅੰਗਰੇਜ਼ ਹਾਕਮਾਂ ਖਿਲਾਫ ਰੋਹ ਅਤੇ ਰੋਸ ਦੀ ਭਾਵਨਾ ਵੱਡੇ ਪੱਧਰ ਉਤੇ ਫੈਲਣ ਲੱਗ ਪਈ। ਡਾæ ਬਲਜਿੰਦਰ ਸਿੰਘ ਸੇਖੋਂ ਨੇ ਆਪਣੇ ਲੇਖ ‘ਜੱਲਿਆਂਵਾਲੇ ਬਾਗ ਦਾ ਸਾਕਾ’ ਵਿਚ ਇਸ ਸਾਕੇ ਬਾਰੇ ਬਹੁਤ ਬਾਰੀਕੀ ਨਾਲ ਵੇਰਵੇ ਦਰਜ ਕੀਤੇ ਹਨ। ਅਸੀਂ ਇਹ ਲੇਖ ਆਪਣੇ ਪਾਠਕਾਂ ਨਾਲ ਸਾਂਝਾ ਕਰਨ ਦੀ ਖੁਸ਼ੀ ਲੈ ਰਹੇ ਹਾਂ।
-ਸੰਪਾਦਕ
ਡਾæ ਬਲਜਿੰਦਰ ਸਿੰਘ ਸੇਖੋਂ
ਫੋਨ: 905-781-1197
ਜੱਲਿਆਂਵਾਲੇ ਬਾਗ ਵਿਚ ਜਨਰਲ ਡਾਇਰ ਵਲੋਂ ਨਿਹੱਥੇ, ਪੁਰਅਮਨ ਇਕੱਠ ‘ਤੇ ਗੋਲੀ ਚਲਾ ਕੇ ਵੱਡੀ ਗਿਣਤੀ ਵਿਚ ਆਮ ਲੋਕਾਂ ਦੇ ਮਾਰੇ ਜਾਣ ਦੀ ਘਟਨਾ, ਭਾਰਤ ਦੀ ਆਜ਼ਾਦੀ ਦੀ ਲੜਾਈ ਦੀ ਅਹਿਮ ਘਟਨਾ ਹੈ ਜਿਸ ਨੇ ਭਾਰਤੀਆਂ, ਖਾਸ ਕਰ ਪੰਜਾਬੀਆਂ ਵਿਚ ਅੰਗਰੇਜ਼ਾਂ ਖਿਲਾਫ਼, ਘਿਰਣਾ ਤੇ ਰੋਹ ਦੀ ਲਹਿਰ ਪੈਦਾ ਕੀਤੀ; ਜਿਸ ਨੇ ਸ਼ਹੀਦ ਭਗਤ ਸਿੰਘ ਤੇ ਊਧਮ ਸਿੰਘ ਜਿਹੇ ਯੋਧਿਆਂ ਨੂੰ ਪ੍ਰਭਾਵਿਤ ਕੀਤਾ ਅਤੇ ਆਖਿਰ ਅੰਗਰੇਜ਼ਾਂ ਨੂੰ ਭਾਰਤ ਛੱਡਣਾ ਪਿਆ। ਅੰਗਰੇਜ਼ ਪਹਿਲੀ ਵੱਡੀ ਜੰਗ ਜਿੱਤ ਚੁੱਕੇ ਸਨ। ਉਦੋਂ ਇੱਕ ਪਾਸੇ ਕਾਂਗਰਸ ਭਾਰਤੀਆਂ ਲਈ ਸਰਕਾਰ ਵਿਚ ਕੁਝ ਹਿੱਸਾ ਲੈਣ ਦੀ ਉਮੀਦ ਲਈ ਬੈਠੀ ਸੀ, ਦੂਜੇ ਪਾਸੇ ਭਾਰਤ ਵਿਚ ਅੰਗਰੇਜ਼ ਅਧਿਕਾਰੀ, ਆਪਣਾ ਰਾਜ ਹੋਰ ਪੱਕਾ ਕਰਨ ਦੀ ਕੋਸ਼ਿਸ਼ ਵਿਚ ਸਨ। ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਉਨ੍ਹਾਂ ਦੇ ਸਾਥੀਆਂ ਦੀ 1915 ਵਿਚ ਗਦਰ ਦੀ ਕੋਸ਼ਿਸ਼ ਨੂੰ ਅੰਗ੍ਰੇਜ਼ਾਂ ਨੇ ਬੜੀ ਮਸ਼ਕਿਲ ਨਾਲ ਫੇਲ੍ਹ ਕੀਤਾ ਸੀ ਅਤੇ ਰੂਸੀ ਇਨਕਲਾਬ ਨੇ ਵੀ ਨੌਜਵਾਨਾਂ ਦਾ ਧਿਆਨ ਖਿੱਚਿਆ ਸੀ। ਪੰਜਾਬ ਦਾ ਲੈਫਟੀਨੈਂਟ ਗਵਰਨਰ ਮਾਇਕਲ ਓਡਵਾਇਰ ਆਪਣੇ ਸਾਥੀਆਂ ਸਮੇਤ ਪੰਜਾਬ ਵਿਚ ਇੱਕ ਹੋਰ ਗਦਰ ਦੀ ਸੰਭਾਵਨਾ ਅਤੇ ਬਹੁਤ ਥਾਂਈਂ ਮੁਸਲਿਮ ਅਤੇ ਹਿੰਦੂ-ਸਿੱਖਾਂ ਵਿਚ ਵਧ ਰਹੀ ਨੇੜਤਾ ਤੋਂ ਫਿਕਰਮੰਦ ਸੀ।
ਲੋਕਾਂ ਅੰਦਰ ਸੁਲਘ ਰਹੀ ਆਜ਼ਾਦੀ ਦੀ ਚੰਗਿਆੜੀ ਦਬਾ ਕੇ ਰੱਖਣ ਦੀ ਮਨਸ਼ਾ ਨਾਲ ਅੰਗਰੇਜ਼ ਸਰਕਾਰ ਨੇ ਪਹਿਲੀ ਵੱਡੀ ਜੰਗ ਵੇਲੇ ਅਪਨਾਏ ਸਖਤ ਕਾਨੂੰਨ, ਅਰਾਜਕਤਾ ਅਤੇ ਇਨਕਲਾਬੀ ਜੁਰਮ ਐਕਟ ਬਣਾ ਕੇ 21 ਮਾਰਚ 1919 ਤੋਂ ਲਾਗੂ ਕਰ ਦਿੱਤਾ। ਇਸ ਐਕਟ ਨੂੰ ਇਸ ਕਾਨੂੰਨ ਦੇ ਘਾੜੇ ਰੋਲਟ ਦੇ ਨਾਂ ‘ਤੇ ਰੋਲਟ ਐਕਟ ਕਿਹਾ ਗਿਆ। ਇਸ ਕਾਨੂੰਨ ਅਧੀਨ ਕਿਸੇ ਨੂੰ ਵੀ ਅਤਿਵਾਦੀ ਕਾਰਵਾਈ ਕਰਨ ਦੇ ਸ਼ੱਕ ਵਿਚ ਬਿਨਾਂ ਮੁਕੱਦਮਾ ਚਲਾਏ ਦੋ ਸਾਲ ਜੇਲ੍ਹ ਵਿਚ ਰੱਖਿਆ ਜਾ ਸਕਦਾ ਸੀ, ਪ੍ਰੈਸ ‘ਤੇ ਸਖਤ ਕੰਟਰੋਲ ਦਾ ਹੱਕ ਸਰਕਾਰ ਨੂੰ ਸੀ ਅਤੇ ਸਿਆਸੀ ਕਾਰਵਾਈ ਕਰਨ ਵਾਲਿਆਂ ਨੂੰ ਬਿਨਾ ਵਾਰੰਟ ਗ੍ਰਿਫਤਾਰ ਕਰ ਕੇ ਬੰਦ ਅਦਾਲਤਾਂ ਵਿਚ ਸੁਣਵਾਈ ਕੀਤੀ ਜਾ ਸਕਦੀ ਸੀ। ਇਨ੍ਹਾਂ ਅਦਾਲਤਾਂ ਵਿਚ ਗਵਾਹਾਂ ਨੂੰ ਦੋਸ਼ੀਆਂ ਸਾਹਮਣੇ ਲਿਆਏ ਬਿਨਾ ਹੀ ਉਨ੍ਹਾਂ ਦੀਆਂ ਗਵਾਹੀਆਂ ਦਰਜ ਕੀਤੀਆਂ ਅਤੇ ਸਹੀ ਮੰਨੀਆਂ ਜਾ ਸਕਦੀਆਂ ਸਨ। ਇਹ ਵੱਡੀ ਜੰਗ ਖਤਮ ਹੋਣ ਦੇ ਬਾਵਜੂਦ ਆਮ ਹਾਲਾਤ ਵਿਚ ਲੋਕਾਂ ਦੀ ਆਜ਼ਾਦੀ ‘ਤੇ ਸਿੱਧਾ ਡਾਕਾ ਸੀ।
ਰੋਲਟ ਐਕਟ ਖਿਲਾਫ਼ ਰੋਸ ਪ੍ਰਗਟਾਉਣ ਲਈ ਕਾਂਗਰਸ ਵਿਚ ਨਵੇਂ ਲੀਡਰ ਦੇ ਤੌਰ ‘ਤੇ ਉਭਰ ਰਹੇ ਮਹਾਤਮਾ ਗਾਂਧੀ ਨੇ 30 ਮਾਰਚ 1919 ਨੂੰ ਸ਼ਾਂਤੀਪੂਰਵਕ ਬੰਦ ਦਾ ਸੱਦਾ ਦਿੱਤਾ। ਇਸ ਨੂੰ ਅੰਮ੍ਰਿਤਸਰ ਵਿਚ ਚੰਗਾ ਹੁੰਗਾਰਾ ਮਿਲਿਆ ਅਤੇ ਅੰਗਰੇਜ਼ ਅਧਿਕਾਰੀਆਂ ਨੂੰ ਬਹੁਤਾ ਖਤਰਾ ਇਸ ਲਈ ਲੱਗਣ ਲੱਗਾ ਕਿ ਸ਼ਹਿਰ ਵਿਚ ਇੱਕ ਹਿੰਦੂ, ਡਾæ ਸਤਪਾਲ ਅਤੇ ਇੱਕ ਮੁਸਲਮਾਨ ਵਕੀਲ ਸੈਫ-ਉਦ-ਦੀਨ ਕਿਚਲੂ ਰਲ ਕੇ ਇਸ ਕਾਨੂੰਨ ਖਿਲਾਫ਼ ਲੋਕਾਂ ਦੀ ਅਗਵਾਈ ਕਰ ਰਹੇ ਸਨ। ਦੋਵੇਂ ਹਿੰਦੂ-ਮੁਸਲਿਮ ਏਕਤਾ ਦੀ ਗੱਲ ਕਰਦੇ ਸਨ; ਜਦੋਂਕਿ ਪਹਿਲਾਂ ਇਹ ਦੋਵੇਂ ਫਿਰਕੇ ਇਕ-ਦੂਜੇ ਨਾਲ ਰਲ ਕੇ ਘੱਟ ਹੀ ਚਲਦੇ ਸਨ। ਦੋਵੇਂ ਚੰਗੇ ਬੁਲਾਰੇ ਸਨ ਅਤੇ ਇਨ੍ਹਾਂ ਨੂੰ ਸੁਣਨ ਲਈ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਮੁਜ਼ਾਹਰਿਆਂ ਵਿਚ ਆ ਜਾਂਦੇ। ਓਡਵਾਇਰ ਨੂੰ ਲੱਗਾ ਕਿ ਇਹ ਦੋਵੇਂ ਪੰਜਾਬ ਦੇ ਹਾਲਾਤ ਵਿਗਾੜਨ ਲਈ ਜ਼ਿੰਮੇਵਾਰ ਹਨ। ਪਰ ਡੂੰਘਾਈ ਨਾਲ ਵੇਖਿਆ ਜਾਵੇ ਤਾਂ ਕਈ ਕ੍ਰਾਂਤੀਕਾਰੀ ਸੰਗਠਨ ਵੀ ਪੰਜਾਬ ਵਿਚ ਸਰਗਰਮ ਸਨ। ਉਹ ਅੰਗਰੇਜ਼ਾਂ ਖਿਲਾਫ਼ ਲੋਕਾਂ ਵਿਚ ਜਾਗਰਤੀ ਪੈਦਾ ਕਰਨ ਲਈ ਥਾਂ ਥਾਂ ਪੋਸਟਰ ਲਾ ਰਹੇ ਸਨ। ਸਰਕਾਰ ਆਪਣੇ ਖਿਲਾਫ਼ ਲੱਗ ਰਹੇ ਪੋਸਟਰਾਂ ਤੋਂ ਤ੍ਰਭਕ ਰਹੀ ਸੀ। ਲਾਹੌਰ ਵਿਚ ਲੱਗੇ ਪੋਸਟਰਾਂ ਵਿਚ ਅੰਗਰੇਜ਼ਾਂ ਨੂੰ ਬਾਂਦਰ ਦਿਖਾ ਕੇ ਭਾਰਤੀਆਂ ਨੂੰ ‘ਮਰੋ ਜਾਂ ਮਾਰੋ’ ਦੀ ਨੀਤੀ ਅਪਨਾ ਕੇ ਉਨ੍ਹਾਂ ਨੂੰ ਦੇਸ਼ ਵਿਚੋਂ ਭਜਾਉਣ ਲਈ ਕਿਹਾ ਗਿਆ ਸੀ।
ਸਰਕਾਰ ਨੇ ਭਾਰਤ ਸੁਰੱਖਿਆ ਕਾਨੂੰਨ ਅਧੀਨ ਡਾæ ਸਤਪਾਲ ਅਤੇ ਫਿਰ ਸੈਫ-ਉਦ-ਦੀਨ ਕਿਚਲੂ ਦੇ ਭਾਸ਼ਣ ਦੇਣ ਅਤੇ ਅਖਬਾਰਾਂ ਵਿਚ ਲਿਖਣ ‘ਤੇ ਪਾਬੰਦੀ ਲਾ ਦਿਤੀ। ਇਸ ਦੇ ਬਾਵਜੂਦ ਦੇਸ਼ ਭਰ ਵਿਚ 6 ਅਪਰੈਲ ਨੂੰ ਹੋਈ ਹੜਤਾਲ ਵਿਚ ਪੰਜਾਬ ਦੇ 45 ਹੋਰ ਸ਼ਹਿਰਾਂ ਦੇ ਨਾਲ ਨਾਲ ਅੰਮ੍ਰਿਤਸਰ ਵਿਚ ਭਾਰੀ ਇਕੱਠ ਹੋਇਆ। ਸਰਕਾਰ ਘਬਰਾ ਗਈ ਅਤੇ ਹਾਲਾਤ ਹੋਰ ਵਿਗੜਨ ਦੇ ਡਰੋਂ, ਓਡਵਾਇਰ ਨੇ 9 ਅਪਰੈਲ ਨੂੰ ਦੋਹਾਂ ਨੂੰ ਪੰਜਾਬ ਤੋਂ ਬਾਹਰ ਭੇਜਣ ਦਾ ਹੁਕਮ ਚਾੜ੍ਹ ਦਿੱਤਾ। ਦੋਹਾਂ ਨੂੰ 10 ਅਪਰੈਲ ਨੂੰ ਸਵੇਰੇ ਡਿਪਟੀ ਕਮਿਸ਼ਨਰ ਦੀ ਕੋਠੀ ਬੁਲਾਇਆ ਗਿਆ। ਉਨ੍ਹਾਂ ਨਾਲ ਉਨ੍ਹਾਂ ਦੇ ਦੋ ਨੌਕਰ ਹੰਸ ਰਾਜ ਤੇ ਜੈ ਰਾਮ ਸਿੰਘ ਵੀ ਗਏ। ਜਾਂਦਿਆਂ ਹੀ ਉਨ੍ਹਾਂ ਨੂੰ ਵਾਰੰਟ ਫੜਾ ਕੇ ਕਿਹਾ ਗਿਆ ਕਿ ਉਨ੍ਹਾਂ ਨੂੰ ਹੁਣੇ ਗ੍ਰਿਫਤਾਰ ਕੀਤਾ ਜਾ ਰਿਹਾ ਹੈ। ਦੋਹਾਂ ਦੇ ਵਿਰੋਧ ਦੇ ਬਾਵਜੂਦ ਉਨ੍ਹਾਂ ਨੂੰ ਦੋ ਸਰਕਾਰੀ ਕਾਰਾਂ ਵਿਚ ਚਾੜ੍ਹ ਕੇ ਪੂਰੀ ਸਪੀਡ ਨਾਲ ਧਰਮਸ਼ਾਲਾ ਤੋਰ ਦਿੱਤਾ ਗਿਆ।
ਹੰਸ ਰਾਜ ਅਤੇ ਜੈ ਰਾਮ ਤੋਂ ਲੀਡਰਾਂ ਦੀ ਗ੍ਰਿਫਤਾਰੀ ਦੀ ਚੱਲੀ ਗੱਲ, ਸ਼ਹਿਰ ਵਿਚ ਅੱਗ ਵਾਂਗ ਫੈਲ ਗਈ ਅਤੇ 11:30 ਵਜੇ ਤੱਕ ਲੋਕ ਹਾਲ ਬਾਜ਼ਾਰ ਵਿਚ ਇਕੱਠੇ ਹੋਣ ਲਗੇ। ਲੋਕ ਆਪਣੇ ਲੀਡਰਾਂ ਦੀ ਰਿਹਾਈ ਲਈ ਇਕੱਠੇ ਹੋ ਜਲੂਸ ਦੀ ਸ਼ਕਲ ਵਿਚ ਡੀæਸੀæ ਦੀ ਕੋਠੀ ਵੱਲ ਚੱਲ ਪਏ। ਕਿਸੇ ਸੰਭਾਵੀ ਜਲੂਸ ਜਾਂ ਇਕੱਠ ਨੂੰ ਰੋਕਣ ਲਈ ਸਰਕਾਰ ਨੇ ਸ਼ਹਿਰ ਤੇ ਸਿਵਲ ਲਾਈਨ, ਜਿਥੇ ਅੰਗਰੇਜ਼ ਅਫਸਰਾਂ ਦੀਆਂ ਕੋਠੀਆਂ ਸਨ, ਨੂੰ ਜੋੜਨ ਵਾਲੇ ਰੇਲਵੇ ਪੁਲ ਅਤੇ ਰੇਲਵੇ ਲਾਈਨ ਤੋਂ ਲੰਘਦੀ ਸੜਕ ‘ਤੇ ਫੌਜੀਆਂ ਦੀਆਂ ਘੋੜਸਵਾਰ ਟੁਕੜੀਆਂ ਲਾਈਆਂ ਹੋਈਆਂ ਸਨ। ਡੀæਸੀæ ਕੋਠੀ ਵੱਲ ਜਾਂਦੇ ਲੋਕਾਂ ਨੂੰ 12 ਘੋੜਸਵਾਰਾਂ ਦੀ ਫੌਜੀ ਟੁਕੜੀ ਨੇ ਹਾਲ ਗੇਟ ਦੇ ਪੁਲ ‘ਤੇ ਰੋਕ ਲਿਆ।
ਘੰਟਾ ਕੁ ਜਲੂਸ ਅਤੇ ਘੋੜਸਵਾਰ ਆਹਮੋ-ਸਾਹਮਣੇ ਖੜ੍ਹੇ ਰਹੇ। ਲੋਕਾਂ ਦਾ ਹਜ਼ੂਮ ਪਲ ਪਲ ਵਧ ਰਿਹਾ ਸੀ। ਪੁਲਿਸ ਦਾ ਸਹਾਇਕ ਕਮਿਸ਼ਨਰ ਬੈਕਟ ਹਾਲ ਬ੍ਰਿਜ ‘ਤੇ ਇਕ ਵਜੇ ਆਇਆ ਅਤੇ ਇਕੱਠ ਨੂੰ ਵੇਖ ਕੇ ਸਹਿਮ ਗਿਆ। ਉਸ ਮੁਤਾਬਿਕ ਜਿਥੇ ਤੱਕ ਨਿਗ੍ਹਾ ਜਾਂਦੀ ਸੀ, ਲੋਕ ਹੀ ਲੋਕ ਸਨ ਤੇ ਮੁੱਠੀ ਭਰ ਫੌਜੀ ਉਨ੍ਹਾਂ ਨੂੰ ਰੋਕ ਰਹੇ ਸਨ। ਬੈਕਟ ਨੇ ਰੌਲਾ ਪਾ ਕੇ ਇਕੱਠ ਨੂੰ ਖਿਲਾਰਨ ਦੀ ਕੋਸ਼ਿਸ਼ ਕੀਤੀ, ਪਰ ਉਸ ਦੀ ਆਵਾਜ਼ ਕਿਸੇ ਨਾ ਸੁਣੀ। ਹੌਲੀ ਹੌਲੀ ਫੌਜੀ ਪੁਲ ‘ਤੇ ਅੱਗੇ ਵਧਣ ਲੱਗੇ ਅਤੇ ਲੋਕ ਪਿਛਾਂਹ ਨੂੰ ਜਾਣ ਲੱਗੇ। ਲੋਕਾਂ ਨੇ ਘੋੜਿਆਂ ਦੇ ਵੱਟੇ ਮਾਰਨੇ ਸ਼ੁਰੂ ਕਰ ਦਿੱਤੇ। ਜਦ ਲੋਕ ਪੁਲ ਦੇ ਹੇਠਾਂ ਆਏ ਤਾਂ ਉਥੇ ਇੱਟਾਂ ਪਈਆਂ ਸਨ, ਚੁੱਕ ਕੇ ਉਨ੍ਹਾਂ ਫੌਜੀਆਂ ਦੇ ਮਾਰਨਾ ਸ਼ੁਰੂ ਕਰ ਦਿੱਤਾ। ਇਸ ਵੇਲੇ ਅੰਗਰੇਜ਼ ਅਫਸਰ ਮਾਈਲਸ ਇਰਵਿਨ ਆ ਗਿਆ ਅਤੇ ਹਾਲਾਤ ਵੇਖ ਕੇ ਉਸ ਨੇ ਫੌਜੀਆਂ ਨੂੰ 100 ਗਜ਼ ਪਿਛੇ ਲੈ ਆਂਦਾ। ਉਸ ਨੇ ਬੈਕਟ ਨੂੰ ਹੋਰ ਫੌਜੀ ਲਿਆਉਣ ਲਈ ਕਿਹਾ ਜੋ ਲੈਫਟੀਨੈਂਟ ਡਿਕੀ ਦੀ ਕਮਾਨ ਹੇਠ 6-7 ਹੋਰ ਘੋੜਸਵਾਰ ਲੈ ਆਇਆ, ਪਰ ਲੋਕਾਂ ਦੇ ਵੱਟਿਆਂ ਸਾਹਮਣੇ ਉਹ ਵੀ ਨਾ ਟਿਕ ਸਕਿਆ ਅਤੇ ਫੌਜੀ ਹੌਲੀ ਹੌਲੀ ਪਿਛੇ ਧੱਕੇ ਜਾਣ ਲੱਗੇ। ਉਸ ਵੇਲੇ ਵਾਧੂ ਸਹਾਇਕ ਕਮਿਸ਼ਨਰ ਕੋਨੋਰ ਪਹੁੰਚ ਗਿਆ ਅਤੇ ਉਸ ਨੇ ਵੇਖਿਆ ਕਿ ਫੌਜੀ ਟੁਕੜੀਆਂ ਤਾਂ ਸਿਵਲ ਲਾਈਨ ਤੱਕ ਪਿਛੇ ਹਟ ਗਈਆਂ ਹਨ। ਉਸ ਨੇ ਡਿਕੀ ਨੂੰ ਪਿਛੇ ਹਟਣ ਤੋਂ ਰੁਕਣ ਲਈ ਕਿਹਾ ਅਤੇ ਹੁਕਮ ਦਿੱਤਾ ਕਿ ਕਿਸੇ ਵੀ ਹਾਲਤ ਵਿਚ ਭੀੜ ਸਿਵਲ ਲਾਈਨ ਵਿਚ ਨਹੀਂ ਜਾਣੀ ਚਾਹੀਦੀ। ਕੁਝ ਫੌਜੀ ਘੋੜਿਆਂ ਤੋਂ ਉਤਰੇ ਅਤੇ ਉਨ੍ਹਾਂ ਭੀੜ ਵੱਲ ਕੁਝ ਫਾਇਰ ਕੀਤੇ। ਲੋਕ ਠਠੰਬਰ ਗਏ। ਇੰਨੇ ਨੂੰ ਡੀæਐਸ਼ਪੀæ ਪਲੋਮਰ 24 ਪੁਲਿਸੀਏ ਅਤੇ 7 ਭਾਰਤੀ ਫੌਜੀ ਲੈ ਕੇ ਆ ਗਿਆ। ਕੁਝ ਲੋਕ ਲੱਕੜ ਦੇ ਪੁਲ ਤੋਂ ਤੁਰ ਕੇ ਇਸ ਪਾਸੇ ਆ ਰਹੇ ਸਨ। ਪਲੋਮਰ ਨੂੰ ਆਪਣੇ ਘੇਰੇ ਜਾਣ ਦਾ ਖਤਰਾ ਹੋ ਗਿਆ। ਉਸ ਦੇ ਹੁਕਮ ‘ਤੇ ਫੌਜੀਆਂ ਨੇ ਉਨ੍ਹਾਂ ਨੂੰ ਵਾਪਿਸ ਰੇਲਵੇ ਲਾਈਨ ਦੇ ਦੂਜੇ ਪਾਸੇ ਤੋਰ ਦਿੱਤਾ। ਦੋ ਵੱਜ ਚੁੱਕੇ ਸਨ, ਇੱਕ ਹੋਰ ਵੱਡੀ ਭੀੜ ਪਿਛੋਂ ਆਣ ਜੁੜੀ। ਪਲੋਮਰ ਨੇ ਟੁਕੜੀ ਦੇ ਸੂਬੇਦਾਰ ਨੂੰ ਗੋਲੀ ਚਲਾਉਣ ਦਾ ਹੁਕਮ ਦੇ ਦਿੱਤਾ। ਲੋਕਾਂ ‘ਤੇ ਸਿੱਧਾ ਫਾਇਰ ਕੀਤਾ ਜਾਣ ਲੱਗਾ। ਭੀੜ ਖਿੰਡ ਗਈ। ਇਸ ਥਾਂ ਚਾਰ ਲੋਕ ਸਵੇਰੇ ਅਤੇ 22 ਦੁਪਿਹਰੇ ਸ਼ਹਾਦਤ ਦਾ ਜਾਮ ਪੀ ਗਏ।
ਭੜਕੇ ਲੋਕਾਂ ਦੀ ਭੀੜ ਸ਼ਹਿਰ ਵਿਚ ਖਿੰਡ ਗਈ। ਲੀਡਰਾਂ ਦੀ ਰਿਹਾਈ ਦੀ ਮੰਗ ਕਰਨ ਗਏ ਲੋਕਾਂ ਨੂੰ ਉਨ੍ਹਾਂ ਦੇ ਸਾਹਮਣੇ ਗੋਲੀਆਂ ਨਾਲ ਭੁੰਨ ਦਿਤਾ ਗਿਆ। ਹੁਣ ਉਹ ਹਰ ਦਿਸਦੇ ਅੰਗਰੇਜ਼ ਤੋਂ ਬਦਲਾ ਲੈਣ ਦੀ ਕੋਸ਼ਿਸ਼ ਵਿਚ ਸਨ। ਸਰਕਾਰ ਅਜਿਹੇ ਖਤਰੇ ਤੋਂ ਪਹਿਲਾਂ ਹੀ ਸੁਚੇਤ ਸੀ ਅਤੇ ਬਹੁਤੇ ਅੰਗਰੇਜ਼ਾਂ ਨੂੰ ਸਿਵਲ ਲਾਈਨ ਵਿਚ ਲਿਆਂਦਾ ਜਾ ਚੁੱਕਾ ਸੀ, ਪਰ ਅਜੇ ਵੀ ਕੁਝ ਅੰਗਰੇਜ਼ ਸ਼ਹਿਰ ਵਿਚ ਰਹਿ ਗਏ ਸਨ ਜਿਨ੍ਹਾਂ ਵਿਚੋਂ ਕੁਝ ਇਨ੍ਹਾਂ ਲੋਕਾਂ ਦੀ ਮਾਰ ਹੇਠ ਆਏ।
ਨੈਸ਼ਨਲ ਬੈਂਕ ਦੇ ਮੈਨੇਜਰ ਸਟੀਵਾਰਟ ਅਤੇ ਸਹਾਇਕ ਮੈਨੇਜਰ ਸਕਾਟ ਨੂੰ ਲੋਕਾਂ ਮਾਰ ਦਿੱਤਾ ਅਤੇ ਬੈਂਕ ਲੁੱਟ ਕੇ ਅੱਗ ਲਾ ਦਿੱਤੀ। ਅਲਾਇੰਸ ਬੈਂਕ ਦੇ ਮੈਨੇਜਰ ਥੌਮਸਨ ਨੂੰ ਵੀ ਲੋਕਾਂ ਮਾਰ ਦਿੱਤਾ। ਚਾਰਟਰ ਬੈਂਕ ਦੇ ਮੈਨੇਜਰ ਥੌਮਸਨ ਅਤੇ ਉਸ ਦੇ ਸਹਾਇਕ ਰੌਸ ਨੇ ਵੀ ਸੜ ਕੇ ਮਰ ਜਾਣਾ ਸੀ, ਜੇ ਪਤਾ ਲੱਗਣ ‘ਤੇ ਥਾਣੇਦਾਰ ਅਹਿਮਦ ਜਾਨ ਨਾ ਆਉਂਦਾ। ਉਸ ਨੇ ਤਕਰੀਬਨ 2000 ਲੋਕਾਂ ਨੂੰ ਖਿਲਾਰ ਦਿੱਤਾ ਅਤੇ ਦੋਹਾਂ ਨੂੰ ਬੈਂਕ ਦੀ ਉਪਰਲੀ ਮੰਜ਼ਿਲ ਵਿਚੋਂ ਸੁਰੱਖਿਅਤ ਕੱਢ ਲਿਆ। ਰੇਲਵੇ ਸਟੇਸ਼ਨ ‘ਤੇ ਰੋਬਿਨਸਨ ਅਤੇ ਸਾਰਜੈਂਟ ਰੋਲੈਂਡ ਮਾਰੇ ਗਏ। ਇੱਕ ਅੰਗਰੇਜ਼ ਔਰਤ, ਸਕੂਲ ਸੁਪਰਡੈਂਟ ਮਾਰਸ਼ੀਆ ਸ਼ੇਰਵੁੱਡ ਸਾਇਕਲ ‘ਤੇ ਸਕੂਲ ਬੰਦ ਕਰਵਾਉਣ ਜਾ ਰਹੀ ਸੀ। ਉਸ ਨੂੰ ਇੱਕ ਗਰੁੱਪ ਨੇ ਘੇਰ ਲਿਆ। ਇੱਕ ਵਾਰ ਤਾਂ ਉਹ ਬਚ ਕੇ ਨਿਕਲ ਗਈ, ਪਰ ਗੁਆਚੀ ਫਿਰਦੀ ਗਲੀ ਕੂਚਾ ਕੁੜੀਛਾਂ ਵਿਚ ਉਸੇ ਭੀੜ ਦੇ ਸਾਹਮਣੇ ਆ ਗਈ ਜਿਨ੍ਹਾਂ ਉਸ ਨੂੰ ਕੁੱਟ ਕੇ ਮਰਿਆ ਸਮਝ ਛੱਡ ਦਿੱਤਾ ਸੀ। ਉਨ੍ਹਾਂ ਦੇ ਚਲੇ ਜਾਣ ‘ਤੇ ਇੱਕ ਪਰਿਵਾਰ ਨੇ ਉਸ ਨੂੰ ਸਾਂਭ ਕੇ ਬਚਾ ਲਿਆ। ਬਾਅਦ ਵਿਚ ਜਨਰਲ ਡਾਇਰ ਨੇ ਇਸ ਗਲੀ ਨੂੰ ਪਵਿੱਤਰ ਕਹਿੰਦਿਆਂ ਕਰਫਿਊ ਦੇ ਕਈ ਦਿਨ ਇਸ ਵਿਚੋਂ ਲੰਘਣ ਵਾਲਿਆਂ ਨੂੰ ਰੀਂਘ ਕੇ ਜਾਣ ਦਾ ਹੁਕਮ ਲਾਗੂ ਰੱਖਿਆ। ਟਾਊਨ ਹਾਲ ‘ਤੇ ਸਬ ਪੋਸਟ-ਆਫਿਸ ਨੂੰ ਅੱਗ ਲਗਾ ਦਿੱਤੀ ਗਈ। ਤਾਰ ਘਰ ਤਹਿਸ-ਨਹਿਸ ਕਰ ਦਿੱਤਾ ਗਿਆ। ਰੇਲਵੇ ਸਟੇਸ਼ਨ ‘ਤੇ ਪਿਆ ਮਾਲ ਲੁੱਟ ਲਿਆ ਗਿਆ।
ਸ਼ਹਿਰ ਦੇ ਹਾਲਾਤ ਬਹੁਤ ਵਿਗੜ ਚੁੱਕੇ ਸਨ। ਇਨ੍ਹਾਂ ‘ਤੇ ਕਾਬੂ ਪਾਉਣ ਲਈ ਫੌਜ ਬੁਲਾਈ ਗਈ। ਬ੍ਰਿਗੇਡੀਅਰ ਜਨਰਲ ਹੈਰੀ ਡਾਇਰ ਜੋ ਜਲੰਧਰ ਬ੍ਰਿਗੇਡ ਦਾ ਕਮਾਂਡਰ ਸੀ, ਨੇ ਲਾਹੌਰ ਤੋਂ ਤਾਰ ਮਿਲਣ ‘ਤੇ ਦੋ ਸੌ ਗੋਰੇ ਅਤੇ ਦੋ ਸੌ ਭਾਰਤੀ ਫੌਜੀ ਅੰਮ੍ਰਿਤਸਰ ਭੇਜ ਦਿੱਤੇ ਜੋ 11 ਅਪਰੈਲ ਸਵੇਰੇ ਪਹੁੰਚ ਗਏ। ਦੁਪਿਹਰ ਵੇਲੇ ਫੌਜ ਵਲੋਂ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ। ਥਾਂ ਥਾਂ ਖੜ੍ਹ ਕੇ ਮੁਨਾਦੀ ਕਰਵਾ ਕੇ ਚਾਰ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ‘ਤੇ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਗਿਆ। 11 ਅਪਰੈਲ ਦੀ ਰਾਤ ਨੂੰ ਡਾਇਰ ਵੀ ਸ਼ਹਿਰ ਵਿਚ ਪਹੁੰਚ ਗਿਆ ਅਤੇ ਮਾਰਸ਼ਲ ਲਾਅ ਦੇ ਐਲਾਨ ਤੋਂ ਬਿਨਾਂ ਹੀ ਸ਼ਹਿਰ ਦੇ ਅਮਨ ਕਾਨੂੰਨ ਨਾਲ ਸਬੰਧਤ ਫੈਸਲੇ ਆਪ ਕਰਨ ਲੱਗਾ। 12 ਅਪਰੈਲ ਸਵੇਰੇ ਦਸ ਵਜੇ ਉਹ ਫੌਜੀ ਗੱਡੀਆਂ ਨਾਲ ਕੋਤਵਾਲੀ ਗਿਆ। ਸ਼ਹਿਰ ਬੰਦ ਸੀ। ਕਿਤੇ ਕਿਤੇ ਲੋਕ ਟੋਲੀਆਂ ਵਿਚ ਖੜ੍ਹੇ ਸਨ। ਸੁਲਤਾਨਵਿੰਡ ਗੇਟ ਮੂਹਰੇ ਕਾਫੀ ਵੱਡਾ ਇਕੱਠ ਸੀ। ਪਹਿਲਾਂ ਤਾਂ ਉਸ ਨੇ ਗੋਲੀ ਚਲਾਉਣ ਦੀ ਸੋਚੀ, ਪਰ ਫਿਰ ਝਕ ਗਿਆ। ਵਾਪਿਸ ਆ ਕੇ ਉਸ ਨੇ ਇੱਕ ਹੋਰ ਹੁਕਮ ਕਢਵਾਇਆ ਜਿਸ ਵਿਚ ਕੋਈ ਜਲਸਾ ਜਲੂਸ ਕੱਢਣ ‘ਤੇ ਪਾਬੰਦੀ ਦਾ ਐਲਾਨ ਸੀ। ਸ਼ਹਿਰ ਵਿਚੋਂ ਦੀਨਾ ਨਾਥ ਅਤੇ ਬੱਗੇ ਸਮੇਤ 12 ਲੀਡਰ ਫੜ ਲਏ ਗਏ। ਉਨ੍ਹਾਂ ਦੀ ਰਿਹਾਈ ਲਈ ਹਿੰਦੂ ਸਭਾ ਹਾਈ ਸਕੂਲ ਵਿਚ ਇਕੱਠ ਹੋਇਆ।
13 ਅਪਰੈਲ ਵਿਸਾਖੀ ਦਾ ਦਿਨ ਸੀ। ਸ਼ਹਿਰ ਬੇਸ਼ੱਕ ਬੰਦ ਸੀ, ਪਰ ਪਿੰਡਾਂ ਵਿਚ ਸਰਕਾਰ ਦੇ ਐਲਾਨਾਂ ਬਾਰੇ ਕੋਈ ਖਾਸ ਪਤਾ ਨਹੀਂ ਸੀ। ਲੋਕ ਹਰ ਸਾਲ ਵਾਂਗ ਵਿਸਾਖੀ ਦੇ ਤਿਉਹਾਰ ‘ਤੇ ਵੱਡੀ ਗਿਣਤੀ ਵਿਚ ਅੰਮ੍ਰਿਤਸਰ ਪਹੁੰਚ ਰਹੇ ਸਨ। ਸਰਕਾਰੀ ਇਮਾਰਤਾਂ ਦੀ ਰਾਖੀ ਫੌਜੀ ਟੁਕੜੀਆਂ ਕਰ ਰਹੀਆਂ ਸਨ। ਇਸ ਦਿਨ ਵੀ ਸਵੇਰੇ ਵੇਲੇ ਫੌਜ ਵਲੋਂ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ। ਇਸ ਵਿਚ ਸਭ ਤੋਂ ਮੂਹਰੇ ਚਿੱਟੇ ਘੋੜੇ ਉਤੇ ਅਸ਼ਰਫ ਖਾਨ ਤੇ ਠਾਣੇਦਾਰ ਉਬੇਦ-ਉਲਾ, ਪਿਛੇ ਨਾਇਬ ਤਸੀਲਦਾਰ ਮਲਿਕ ਫਤਿਹ ਖਾਨ, ਨਾਲ ਟਾਂਗੇ ਤੇ ਢੋਲ ਵਾਲਾ, ਫਿਰ ਪੈਦਲ ਗੋਰੇ ਫੌਜੀ, ਮਗਰ ਦੋ ਕਾਰਾਂ, ਇੱਕ ਵਿਚ ਜਨਰਲ ਡਾਇਰ ਤੇ ਡੀæਸੀæ ਅਤੇ ਦੂਜੀ ਵਿਚ ਐਸ਼ਪੀæ ਰੀਹਲ ਤੇ ਡੀæਐਸ਼ਪੀæ ਪਲੋਮਰ, ਫਿਰ ਬਾਕੀ ਫੌਜੀ ਸਨ। ਇਹ ਜਲੂਸ 19 ਥਾਂਵਾਂ ‘ਤੇ ਰੁਕਿਆ ਅਤੇ ਹਰ ਥਾਂ ਢੋਲ ਦੇ ਡੱਗੇ ‘ਤੇ ਕਿਸੇ ਵੀ ਜਲਸੇ ਜਲੂਸ ‘ਤੇ ਪਾਬੰਦੀ ਅਤੇ ਨਾਲ ਹੀ ਰਾਤ ਦੇ ਅੱਠ ਵਜੇ ਤੋਂ ਬਾਅਦ ਕਰਫਿਊ ਲਾਉਣ ਅਤੇ ਕਿਸੇ ਦੇ ਇਸ ਸਮੇਂ ਤੋਂ ਬਾਅਦ ਬਾਹਰ ਨਿਕਲਣ ‘ਤੇ ਗੋਲੀ ਮਾਰਨ ਦਾ ਹੁਕਮ ਵੀ ਸੁਣਾਇਆ ਜਾ ਰਿਹਾ ਸੀ। ਇਸੇ ਸਮੇਂ ਕੁਝ ਨੌਜਵਾਨ ਜੱਲਿਆਂਵਾਲੇ ਬਾਗ ਵਿਚ ਹੋਣ ਵਾਲੇ ਇਕੱਠ ਦੀ ਮੁਨਾਦੀ ਕਰ ਰਹੇ ਸਨ।
ਜਨਰਲ ਡਾਇਰ ਨੂੰ ਬਾਗ ਵਿਚ ਹੋਣ ਵਾਲੀ ਮੀਟਿੰਗ ਬਾਰੇ ਇੱਕ ਵਜੇ ਤੋਂ ਥੋੜ੍ਹਾ ਪਹਿਲਾਂ ਪਤਾ ਲੱਗ ਚੁੱਕਾ ਸੀ, ਪਰ ਉਸ ਨੇ ਇਕੱਠ ਨੂੰ ਰੋਕਣ ਲਈ ਕੋਈ ਕਾਰਵਾਈ ਨਾ ਕੀਤੀ, ਸਗੋਂ ਲੋਕਾਂ ਨੂੰ ਇਕੱਠੇ ਹੋਣ ਦਿੱਤਾ। ਉਹ ਇਸ ਨੂੰ ਭਾਰਤੀਆਂ ਨੂੰ ਸਬਕ ਸਿਖਾਉਣ ਦਾ ਮੌਕਾ ਸਮਝ ਰਿਹਾ ਸੀ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਮਾਰ ਕੇ ਅੰਗਰੇਜ਼ ਸਰਕਾਰ ਦੀ ਦਹਿਸ਼ਤ ਲੋਕਾਂ ਵਿਚ ਫੈਲਾਉਣੀ ਚਾਹੁੰਦਾ ਸੀ। ਚਾਰ ਵਜੇ ਜਦ ਉਸ ਨੂੰ ਚੱਲ ਰਹੀ ਮੀਟਿੰਗ ਬਾਰੇ ਪੱਕਾ ਪਤਾ ਲੱਗਾ ਤਾਂ ਉਸ ਨੇ ਆਪਣੇ ਨਾਲ ਦੋ ਕਾਰਾਂ, ਕੁਝ ਘੋੜਸਵਾਰ ਪੁਲਸੀਏ, 90 ਹਥਿਆਰਬੰਦ ਸਿਪਾਹੀ ਅਤੇ ਦੋ ਬਖਤਰਬੰਦ ਗੱਡੀਆਂ ਲੈ ਕੇ ਬਾਗ ਵੱਲ ਕੂਚ ਕਰ ਦਿੱਤਾ। ਉਸ ਨੇ ਆਪਣੇ ਨਾਲ ਹੋਰ ਅਫਸਰ ਨਾ ਲਏ ਤੇ ਨਾ ਹੀ ਡੀæਸੀæ ਨੂੰ ਉਡੀਕਿਆ ਅਤੇ ਸਵਾ ਪੰਜ ਵਜੇ ਬਾਗ ਵਿਚ ਪਹੁੰਚ ਗਿਆ। ਬਾਗ ਨੂੰ ਜਾਂਦੀ ਗਲੀ ਭੀੜੀ ਹੋਣ ਕਾਰਨ, ਮਸ਼ੀਨਗੰਨਾਂ ਵਾਲੀਆਂ ਬਖਤਰਬੰਦ ਗੱਡੀਆਂ ਅੰਦਰ ਨਾ ਜਾ ਸਕੀਆਂ। ਅੰਦਰ ਉਸ ਨੇ ਸ਼ਾਂਤੀਪੂਰਵਕ ਜਲਸਾ ਸੁਣ ਰਹੇ ਲੋਕਾਂ ਦਾ ਇਕੱਠ ਵੇਖਿਆ ਜਿਸ ਵਿਚ ਲੋਕਾਂ ਦੀ ਗਿਣਤੀ, ਡਾਇਰ ਦੇ ਦੱਸਣ ਮੁਤਾਬਿਕ 5000 ਸੀ, ਪਰ ਕੁਝ ਅੰਦਾਜ਼ਿਆਂ ਮੁਤਾਬਿਕ ਵੀਹ ਹਜ਼ਾਰ ਸੀ। ਸਟੇਜ ਡਾਇਰ ਦੇ ਫੌਜੀਆਂ ਤੋਂ ਕੋਈ ਸੱਠ ਗਜ਼ ਅਤੇ ਨੇੜਲੇ ਲੋਕ ਸਿਰਫ ਅੱਠ ਗਜ਼ ਸਨ। ਉਸ ਨੇ ਗੋਰਖੇ ਫੌਜੀਆਂ ਨੂੰ ਦੋ ਲਾਈਨਾਂ ਵਿਚ ਵੰਡ ਦਿੱਤਾ, ਫਿਰ ਬਿਨਾਂ ਕੋਈ ਚਿਤਾਵਨੀ ਦਿੱਤਿਆਂ ਅਗਲੀ ਲਾਈਨ ਨੂੰ ਬੈਠ ਕੇ, ਅਤੇ ਪਿਛਲੀ ਲਾਈਨ ਨੂੰ ਖੜ੍ਹੋ ਕੇ ਸਿੱਧਾ ਲੋਕਾਂ ‘ਤੇ ਫਾਇਰ ਕਰਨ ਦਾ ਹੁਕਮ ਦਿੱਤਾ। ਹਾਹਾਕਾਰ ਮੱਚ ਗਈ। ਲੋਕ ਇਧਰ ਉਧਰ ਭੱਜਣ ਲੱਗੇ। ਬਾਗ ਵਿਚੋਂ ਨਿਕਲਣ ਦੇ ਭੀੜੇ ਰਸਤੇ ਸਨ, ਲੋਕ ਉਨ੍ਹਾਂ ਵਿਚੋਂ ਬਾਹਰ ਜਾਣ ਲੱਗੇ। ਉਨ੍ਹਾਂ ਨੂੰ ਜਾਣ ਦੇਣ ਦੀ ਥਾਂ ਡਾਇਰ ਫੌਜੀਆਂ ਨੂੰ ਉਨ੍ਹਾਂ ਭੀੜ ਵਾਲੇ ਥਾਂਵਾਂ ਵੱਲ ਫਾਇਰ ਸੇਧਣ ਦਾ ਹੁਕਮ ਦਿੰਦਾ ਰਿਹਾ। ਗੋਲੀ 10 ਮਿੰਟ ਚੱਲਦੀ ਰਹੀ ਅਤੇ ਉਦੋਂ ਹੀ ਰੋਕੀ ਗਈ ਜਦ ਫੌਜੀਆਂ ਕੋਲ ਰੌਂਦ ਤਕਰੀਬਨ ਖਤਮ ਹੋ ਗਏ। ਕੁਲ 1650 ਗੋਲੀਆਂ ਚੱਲੀਆਂ। ਸਰਕਾਰੀ ਗਿਣਤੀ ਮੁਤਾਬਿਕ 379 ਵਿਅਕਤੀ, ਪਰ ਹੋਰ ਅੰਦਾਜ਼ਿਆਂ ਮੁਤਾਬਿਕ 1000 ਤੋਂ ਵੱਧ ਮਰੇ ਅਤੇ ਹਜ਼ਾਰਾਂ ਜ਼ਖਮੀ ਹੋਏ। ਮਰਨ ਵਾਲਿਆਂ ਵਿਚ ਦੋ ਔਰਤਾਂ ਅਤੇ 41 ਬੱਚੇ ਸ਼ਾਮਿਲ ਸਨ। ਇਸ ਖੂਨੀ ਕਾਰੇ ਦਾ ਬਦਲਾ ਸ਼ਹੀਦ ਊਧਮ ਸਿੰਘ ਨੇ ਪੰਜਾਬ ਵਿਚ ਉਸ ਵੇਲੇ ਦੇ ਲੈਫਟੀਨੈਂਟ ਗਵਰਨਰ ਮਾਇਕਲ ਓਡਵਾਇਰ ਨੂੰ ਇੰਗਲੈਂਡ ਵਿਚ ਮਾਰ ਕੇ ਲਿਆ।