ਅਜੋਕੇ ਸੰਦਰਭ ਵਿਚ ਖਾਲਸਾ-ਸਿਰਜਣਾ ਦਿਵਸ ਦੀ ਅਹਿਮੀਅਤ

13 ਅਪਰੈਲ ਨੂੰ ਖਾਲਸਾ ਸਿਰਜਣਾ ਦਿਵਸ ਦੁਨੀਆਂ ਭਰ ਵਿਚ ਵਸਦੇ ਸਿੱਖਾਂ ਵਲੋਂ ਮਨਾਇਆ ਜਾ ਰਿਹਾ ਹੈ। ਇਸ ਦਿਹਾੜੇ ਨੂੰ ਸਮਰਪਿਤ ਦੀਵਾਨ ਸਜਣਗੇ ਅਤੇ ਕਈ ਥਾਂਈਂ ਨਗਰ ਕੀਰਤਨ ਵੀ ਕੀਤੇ ਜਾਣਗੇ। ਇਨ੍ਹਾਂ ਸਮਾਗਮਾਂ ਦੌਰਾਨ ਰਾਗੀ-ਢਾਡੀ ਤੇ ਪ੍ਰਚਾਰਕ ਖਾਲਸਾ ਸਾਜੇ ਜਾਣ ਦੇ ਮਨੋਰਥ ਦੀ ਵਿਆਖਿਆ ਵੀ ਕਰਨਗੇ। ਪਰ ਕੀ ਸਿੱਖ ਇਸ ਮਨੋਰਥ ਦੀ ਪੈਰਵੀ ਕਰਦੇ ਹਨ? ਅੱਜ ਦਾ ਸਿੱਖ ਗੁਰੂ ਤੋਂ ਮੁਨਕਰ ਕਿਉਂ ਹੈ? ਇਹੀ ਸਵਾਲ ਹਨ ਜੋ ਡਾæ ਗੁਰਬਖਸ਼ ਸਿੰਘ ਭੰਡਾਲ ਨੇ ਆਪਣੇ ਇਸ ਲੇਖ ਵਿਚ ਉਠਾਏ ਹਨ।

-ਸੰਪਾਦਕ

ਡਾæ ਗੁਰਬਖ਼ਸ਼ ਸਿੰਘ ਭੰਡਾਲ
ਫੋਨ: 216-556-2080
ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਵਲੋਂ 1699 ਦੀ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਿਰਜਣਾ, ਉਸ ਸੋਚ ਦਾ ਸਿਖਰ ਸੀ ਜਿਸ ਦਾ ਜਾਗ ਗੁਰੂ ਨਾਨਕ ਦੇਵ ਨੇ ਲਾਇਆ ਸੀ।
ਖਾਲਸਾ ਪੰਥ ਦੀ ਸਿਰਜਣਾ ਦਰਅਸਲ ਲੋਕਾਈ ‘ਤੇ ਹੋ ਰਹੀ ਸਮਾਜਿਕ ਬੇਇਨਸਾਫੀ ਅਤੇ ਰਾਜਸੀ ਜੁਲਮ ਵਿਰੁਧ ਉਭਰਿਆ ਇਕ ਵਰਤਾਰਾ ਸੀ ਜਿਸ ਨੇ ਜੁਲਮ ਦਾ ਟਾਕਰਾ ਕਰਨ ਲਈ ਤਲਵਾਰ ਉਠਾਉਣ ਨੂੰ ਜ਼ਾਇਜ ਕਿਹਾ। ਇਹ ਜੁਲਮ ਦਾ ਟਾਕਰਾ ਕਰਨ ਲਈ ਇਕ ਅਜਿਹੀ ਕੌਮ ਦੀ ਸਿਰਜਣਾ ਸੀ ਜਿਸ ਨੇ ਸਮਾਜ ਵਿਚਲੀ ਜਾਤ-ਪਾਤ, ਵਰਣ-ਵੰਡ, ਅਮੀਰ-ਗਰੀਬ, ਹੱਦਾਂ-ਸਰਹੱਦਾਂ ਅਤੇ ਖੇਤਰੀ ਦੀਵਾਰਾਂ ਨੂੰ ਢਹਿ ਢੇਰੀ ਕੀਤਾ।
ਖਾਲਸਾ ਸਿਰਜਣਾ ਨਾਲ ਇਕ ਅਜੇਹੀ ਲਹਿਰ ਪੈਦਾ ਹੋਈ ਜਿਸ ਨੇ ਮੁਗਲ ਸਲਤਨਤ ਸਾਹਮਣੇ ਇਕ ਚੁਣੌਤੀ ਖੜ੍ਹੀ ਕਰ ਦਿਤੀ। ਜੁਲਮ ਖਿਲਾਫ ਅਤੇ ਮੁਲਗਈ ਅਤਿਆਚਾਰ ਵਿਰੁਧ ਲੜਦਿਆਂ, ਸਿੱਖਾਂ ਨੇ ਕੁਰਬਾਨੀਆਂ ਦਾ ਇਕ ਅਜਿਹਾ ਇਤਿਹਾਸ ਸਿਰਜਿਆ ਜਿਸ ਨੂੰ ਪੜ੍ਹ-ਸੁਣ ਕੇ ਮਨੁੱਖੀ ਮਨ ਇਸ ਅਣ ਕਹੇ ਅਤੇ ਸੂਰਬੀਰਤਾ ਨਾਲ ਭਰੇ ਵਰਕਿਆਂ ‘ਤੇ ਮਾਣ ਕਰਦਾ ਹੈ। ਇਹ ਭਾਵੇਂ ਅਨੰਦਪੁਰ ਦੇ ਕਿਲੇ ਵਿਚੋਂ ਨਿਕਲੇ ਭੁੱਖਣਭਾਣੇ ਸਿੱਖਾਂ ਵਲੋਂ ਸਿਰ ‘ਤੇ ਚੜ੍ਹੀ ਆ ਰਹੀ ਪਹਾੜੀ ਰਾਜਿਆਂ ਅਤੇ ਮੁਗਲਾਂ ਦੀ ਫੌਜ ਦਾ ਮੂੰਹ ਤੋੜਵਾਂ ਜੁਵਾਬ ਹੋਵੇ, ਸਿਰਸਾ ਨਦੀ ਦੀ ਭੇਟਾ ਚੜ੍ਹੀਆਂ ਸਿੱਖਾਂ ਦੀਆਂ ਅਜਾਈਂ ਗਈਆਂ ਜਾਨਾਂ ਦਾ ਹਿਸਾਬ ਹੋਵੇ, ਗੁਰੂ ਜੀ ਦੇ ਪਰਿਵਾਰ ਦਾ ਵਿਛੋੜਾ ਹੋਵੇ, ਚਮਕੌਰ ਦੀ ਕੱਚੀ ਗੜ੍ਹੀ ਵਿਚ ਮੁੱਠੀ ਭਰ ਸਿੰਘਾਂ ਨਾਲ ਹਜ਼ਾਰਾਂ ਦੀ ਗਿਣਤੀ ਵਿਚ ਮੁਲਗਈ ਫੌਜ ਨਾਲ ਲਿਆ ਗਿਆ ਆਢਾ ਹੋਵੇ, ਸਾਹਿਬਜ਼ਾਦਾ ਅਜੀਤ ਸਿੰਘ ਤੇ ਜੁਝਾਰ ਸਿੰਘ ਦੀ ਸ਼ਹਾਦਤ ਹੋਵੇ, ਨੰਗੇ ਪੈਰੀਂ ਮਾਛੀਵਾੜੇ ਦੇ ਜੰਗਲਾਂ ਵਿਚ ਮਿੱਤਰ-ਪਿਆਰੇ ਨੂੰ ਦਰਦ-ਭਿੰਨੀ ਵੇਦਨਾ ਸੁਣਾਉਣਾ ਹੋਵੇ ਜਾਂ ਸਰਹਿੰਦ ਵਿਚ ਛੋਟੇ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਹੋਵੇ। ਗੁਰੂ ਜੀ ਦੀਆਂ ਪੈੜਾਂ ਦਾ ਚੱਪਾ-ਚੱਪਾ ਸਿੰਘਾਂ ਦੀਆਂ ਕੁਰਬਾਨੀਆਂ ਅਤੇ ਸਿੱਖ ਬਹਾਦਰੀ ਨਾਲ ਲਬਰੇਜ਼ ਹੈ।
ਸਿੱਖ ਇਤਿਹਾਸ ਇਕ ਅਮੀਰ ਵਿਰਾਸਤ ਹੈ ਅਤੇ ਇਸ ਨੂੰ ਆਪਣੀਆਂ ਆਉਣ ਵਾਲੀਆਂ ਨਸਲਾਂ ਦੇ ਨਾਮ ਲਾਉਣਾ ਹਰੇਕ ਸਿੱਖ ਦਾ ਫਰਜ਼ ਹੈ। ਇਸ ਫਰਜ਼ ਤੋਂ ਕੋਤਾਹੀ ਦਾ ਇਵਜ਼ਾਨਾ ਕਈ ਪੀੜ੍ਹੀਆਂ ਨੂੰ ਭੁਗਤਣਾ ਪੈਂਦਾ ਏ। ਹੁਣ ਸੋਚਣ ਦੀ ਲੋੜ ਹੈ ਕਿ ਕੀ ਅਸੀਂ ਗੁਰੂ ਗੋਬਿੰਦ ਸਿੰਘ ਵਲੋਂ ਸਿਰਜੇ ਖਾਲਸਾ ਪੰਥ ਦੀਆਂ ਸੇਧਾਂ, ਸਿਖਿਆਵਾਂ, ਸੁਪਨਿਆਂ, ਸੰਭਾਵਨਾਵਾਂ ਅਤੇ ਸੁਹਜ-ਵਿਚਾਰਾਂ ਨੂੰ ਆਪਣੀ ਜ਼ਿੰਦਗੀ ਵਿਚ ਅਪਨਾਇਆ ਹੈ? ਕੀ ਅਸੀਂ ਹੱਕ-ਸੱਚ ਦੇ ਮਾਰਗ ਤੋਂ ਥਿੱੜਕ ਤਾਂ ਨਹੀਂ ਗਏ? ਕੀ ਅਸੀਂ ਸਿੱਖੀ-ਵਿਰਾਸਤ, ਕਦਰਾਂ-ਕੀਮਤਾਂ, ਮਾਨਵੀ-ਬਿੰਬ, ਸੁਹਿਰਦਤਾ, ਸੇਵਾ-ਭਾਵਨਾ, ਸੱਚ ਦੀ ਪਹਿਰੇਦਾਰੀ ਅਤੇ ਮੂਲ ਸਿਧਾਂਤਾਂ ਤੋਂ ਦੂਰੀ ਤਾਂ ਨਹੀਂ ਬਣਾ ਲਈ? ਕੀ ਧਾਰਮਿਕ, ਸਮਾਜਿਕ ਜਾਂ ਰਾਜਨੀਤਕ ਖੇਤਰ ਵਿਚ ਅਜਿਹੀਆਂ ਸ਼ਖਸੀਅਤਾਂ ਹਨ ਜੋ ਇਕ ਰੋਲ-ਮਾਡਲ ਬਣ ਕੇ ਸਿੱਖ ਸਮਾਜ ਅਤੇ ਪੰਜਾਬੀ-ਭਾਈਚਾਰੇ ਨੂੰ ਸੇਧ ਦੇ ਸਕਣ? ਹਰ ਚਿੰਤਨਸ਼ੀਲ ਵਿਅਕਤੀ ਦੇ ਮਨ ਵਿਚ ਅਜੋਕੀ ਦਸ਼ਾ ਤੇ ਦਿਸ਼ਾ ਨੂੰ ਦੇਖ ਕੇ ਅਜਿਹੇ ਪ੍ਰਸ਼ਨ ਪੈਦਾ ਹੋਣੇ ਸੁਭਾਵਕ ਹਨ। ਫਿਕਰਮੰਦ ਲੋਕ ਇਸ ਸਰਬ-ਪੱਖੀ ਗਿਰਾਵਟ ਵਿਚੋਂ ਨਿਕਲਣ ਲਈ ਲੋਕ-ਚੇਤਨਾ ਜਗਾਉਣ ਵਿਚ ਆਪਣੀ ਸਾਰਥਿਕ ਭੂਮਿਕਾ ਨਿਭਾ ਸਕਦੇ ਹਨ। ਸਿੱਖ ਸਮਾਜ ਵਿਚ ਪਏ ਇਸ ਰੋਲ-ਘਚੋਲੇ ਨੂੰ ਦੇਖ ਕੇ ਇੰਜ ਜਾਪਦਾ ਹੈ ਕਿ ਸਾਡੇ ਸਮਿਆਂ ਵਿਚ ਖਾਲਸਾ ਸਿਰਜਣ ਵਾਲੀ ਗੁਰੂ-ਰੂਪੀ ਸੋਚ ਦੀ ਹੁਣ ਜ਼ਿਆਦਾ ਲੋੜ ਹੈ।
ਦਰਅਸਲ ਜਦ ਮਨੁੱਖ ਧਰਮ ਤੋਂ ਦੂਰ ਹੁੰਦਾ ਏ ਤਾਂ ਉਸ ਦੀਆਂ ਕਦਰਾਂ-ਕੀਮਤਾਂ ਵਿਚ ਨਿਘਾਰ ਆਉਣਾ ਲਾਜਮੀ ਏ ਕਿਉਂਕਿ ਧਰਮ ਸਾਵੀਂ-ਪੱਧਰੀ ਜ਼ਿੰਦਗੀ ਲਈ ਜੀਵਨ-ਜਾਚ ਏ। ਜਦ ਧਾਰਮਿਕ ਆਗੂ ਨਿਜੀ ਮੁਫਾਦ ਦਾ ਹੱਥ-ਠੋਕਾ ਬਣ ਜਾਣ, ਡੇਰੇਦਾਰਾਂ ਵਲੋਂ ਸਿੱਖ ਧਰਮ ਨੂੰ ਸਵੈ-ਸਥਾਪਤ ਮਰਿਆਦਾਵਾਂ ਵਿਚ ਬੰਨ ਕੇ ਨਿੱਕੇ ਨਿੱਕੇ ਦਾਇਰਿਆਂ ‘ਚ ਕੈਦ ਕਰ ਲਿਆ ਜਾਵੇ, ਮਾਸੂਮ ਲੋਕਾਈ ਅੰਧ-ਵਿਸ਼ਵਾਸ਼ ਦੇ ਹਨੇਰੇ ਵਿਚ ਗੁਆਚ ਜਾਵੇ ਅਤੇ ਧਰਮ ਆਪਣੀ ਹੋਂਦ ਲਈ ਸਿਸਕਣ ਲੱਗ ਪਵੇ ਤਾਂ ਧਰਮ, ਅਧਰਮੀ ਲੋਕਾਂ ਦੀ ਅਜਾਰੇਦਾਰੀ ਬਣ ਜਾਂਦਾ ਏ। ਆਪਣੀ ਮਾਂ-ਬੋਲੀ ਤੋਂ ਟੁੱਟੇ ਲੋਕਾਂ ਨੂੰ ਗੁਰਬਾਣੀ ਨਾਲ ਕਿੰਜ ਜੋੜਾਂਗੇ? ਬਾਬਰਕਿਆਂ ਦੇ ਸੰਗੀ ਬਣ ਕੇ ਬਾਬਿਆਂ ਦਾ ਹਿੱਤ ਕਿਵੇਂ ਪਾਲਿਆ ਜਾ ਸਕਦਾ ਏ? ਸਾਨੂੰ ਅਜਿਹੇ ਸ਼ਰਧਾਵਾਨ ਸਿੱਖ ਕਿਥੋਂ ਮਿਲਣਗੇ ਜੋ ਭਾਈ ਮੰਝ ਵਾਂਗ ਲੰਗਰ ਛੱਕਣ ਲਈ ਦੋ ਗੰਢਾਂ ਲੱਕੜਾਂ ਦੀਆਂ ਲਿਆਉਣ? ਅਕਾਲੀ ਫੂਲਾ ਸਿੰਘ ਵਰਗਾ ਅਕਾਲ ਤਖਤ ਦਾ ਜਥੇਦਾਰ ਅਤੇ ਅਕਾਲ ਤਖਤ ਅੱਗੇ ਭੁੱਲ ਬਖਸ਼ਾਉਣ ਲਈ ਕੋਰੜੇ ਖਾਣ ਦੀ ਸਜ਼ਾ ਸਿਰ ਝੁਕਾ ਕੇ ਪ੍ਰਵਾਨ ਕਰਨ ਵਾਲਾ ਮਹਾਰਾਜਾ ਰਣਜੀਤ ਸਿੰਘ ਵਰਗਾ ਹਾਕਮ ਹੁਣ ਇਤਿਹਾਸ ਦੇ ਪੰਨਿਆਂ ਵਿਚ ਹੀ ਰਹਿ ਗਏ ਨੇ।
ਵਿਰਾਸਤ ਕਿਸੇ ਕੌਮ ਦਾ ਸਭ ਤੋਂ ਵੱਡਾ ਮਾਣ ਹੁੰਦਾ ਏ ਜਿਸ ‘ਤੇ ਆਉਣ ਵਾਲੀਆਂ ਨਸਲਾਂ ਨਾਜ਼ ਕਰਦੀਆਂ, ਆਪਣੇ ਪੁਰਖਿਆਂ ਦੇ ਬਲਿਹਾਰੇ ਜਾਂਦੀਆਂ ਨੇ। ਭਲਾ ਕਿਥੋਂ ਦਿਖਾਂਵਾਂਗੇ ਸਰਹਿੰਦ ਦੀ ਦੀਵਾਰ ਜਿਥੇ ਛੋਟੇ ਸਾਹਿਬਜ਼ਾਦੇ ਸ਼ਹੀਦ ਹੋਏ ਸਨ, ਠੰਢਾ ਬੁਰਜ ਕਿਸ ਨੇ ਫਨਾਹ ਕੀਤਾ ਜਿਥੇ ਮਾਤਾ ਗੁਜਰੀ ਲਾਡਲਿਆਂ ਨੂੰ ਨਿਹਾਰਦੀ ਸ਼ਹੀਦ ਹੋ ਗਈ ਸੀ, ਚਮਕੌਰ ਸਾਹਿਬ ਦੀ ਕੱਚੀ ਗੜ੍ਹੀ ਕਿਥੋਂ ਲੱਭੀਏ ਜਿਸ ਦੀ ਓਟ ਵਿਚ ਗੁਰੂ ਜੀ ਨੇ ਮੁੱਠੀ ਭਰ ਸਿੰਘਾਂ ਨਾਲ ਮੁਗਲ ਸਲਤਨਤ ਨੂੰ ਲੋਹੇ ਦੇ ਚਣੇ ਚਬਾਏ ਸਨ, ਮਾਛੀਵਾੜੇ ਦੇ ਜੰਗਲਾਂ ਵਿਚ ਉਹ ਖੂਹ ਤੇ ਟਿੰਡ ਦੇ ਮੁੱਢਲੇ ਰੂਪ ਕਿਸ ਨੇ ਗਾਇਬ ਹੀ ਕਰ ਦਿਤੇ ਜਿਸ ਦਾ ਸਿਰਹਾਣਾ ਬਣਾ ਕੇ ਗੁਰੂ ਜੀ ਸੁੱਤੇ ਸਨ ਆਦਿ ਬਹੁਤ ਸਾਰੀਆਂ ਸਿੱਖ ਮਾਨਸਿਕਤਾ ਨਾਲ ਜੁੜੀਆਂ ਯਾਦਗਾਰੀ ਵਿਰਾਸਤਾਂ ਹਨ ਜਿਨ੍ਹਾਂ ਨੂੰ ਹਰ ਸਿੱਖ ਦੇਖਣਾ ਚਾਹੁੰਦਾ ਏ। ਦੁੱਖ ਹੁੰਦਾ ਏ ਕਿ ਸੰਗਮਰਮਰੀ ਗੁਰਦੁਆਰੇ ਉਸਾਰਨ ਵਾਲੇ ਬਾਬਿਆਂ ਨੇ ਇਨ੍ਹਾਂ ਵਿਰਾਸਤੀ ਯਾਦਗਾਰਾਂ ਨੂੰ ਸੰਗਰਮਰ ਹੇਠ ਦਫਨਾ ਦਿਤਾ ਏ। ਕੀ ਉਨ੍ਹਾਂ ਦੀ ਅੱਖ ਨਾ ਭਰੀ ਹੋਵੇਗੀ ਜਦ ਉਨ੍ਹਾਂ ਨੇ ਛੋਟੇ ਸਾਹਿਬਾਜ਼ਾਦਿਆਂ ਦੀ ਛੋਹ ਪ੍ਰਾਪਤ ਕੰਧ, ਕੱਚੀ ਗੜ੍ਹੀ ਆਦਿ ਨੂੰ ਢਾਹਿਆ ਹੋਵੇਗਾ? ਸਿੱਖਾਂ ਦੀ ਅਮੁੱਲੀ ਵਿਰਾਸਤ ਕਿਉਂ ਮਲੀਆਮੇਟ ਕੀਤੀ ਗਈ? ਕਿਸੇ ਵੀ ਸਿੱਖ ਵਿਦਵਾਨ, ਸਿੱਖ ਆਗੂ ਨੇ ਸਿੱਖੀ ਵਿਰਾਸਤ ਨੂੰ ਬਚਾਉਣ ਲਈ ਹਾਅ ਦਾ ਨਾਹਰਾ ਵੀ ਨਾ ਮਾਰਿਆ। ਵਾਸਤਾ ਈ! ਜੇ ਕੁਝ ਵਿਰਾਸਤੀ ਨਿਸ਼ਾਨੀਆਂ ਬਚੀਆਂ ਨੇ ਤਾਂ ਉਨ੍ਹਾਂ ਨੂੰ ਸੰਭਾਲ ਲਿਆ ਜਾਵੇ ਤਾਂ ਕਿ ਅਸੀਂ ਆਪਣੇ ਬੱਚਿਆਂ ਨੂੰ ਕੁਝ ਤਾਂ ਦਿਖਾ ਸਕੀਏ।
ਸਿੱਖ ਧਰਮ ਕਦਰਾਂ ਕੀਮਤਾਂ ਦਾ ਪਹਿਰੇਦਾਰ, ਕਿਰਤ ਕਰੋ ਤੇ ਵੰਡ ਛਕੋ ਦੇ ਅਸੂਲਾਂ ਦਾ ਧਾਰਨੀ ਪਰ ਕੀ ਅਸੀਂ ਅਜਿਹੇ ਅਸੂਲਾਂ ਦੇ ਧਾਰਨੀ ਰਹਿ ਗਏ ਹਾਂ? ਬਿਗਾਨੀਆਂ ਬਹੂ-ਬੇਟੀਆਂ ਦੀ ਇੱਜਤ ਬਚਾਉਣ ਵਾਲੇ ਸਿੱਖ ਹੁਣ ਬਹੁ-ਬੇਟੀਆਂ ਦੀ ਇੱਜਤ ਦਾ ਚੀਰ-ਹਰਨ ਕਿਉਂ ਕਰਦੇ ਨੇ? ਯਾਦ ਰੱਖਣਾ! ਕਦਰਾਂ ਕੀਮਤਾਂ ਕਿਸੇ ਵਿਅਕਤੀਤਵ ਦਾ ਹਿੱਸਾ ਤਾਂ ਬਣਦੀਆਂ ਨੇ ਜੇ ਉਸ ਦੇ ਆਲੇ-ਦੁਆਲੇ ਵਿਚ ਚੰਗੇਰੇ ਵਿਚਾਰਾਂ ਅਤੇ ਪ੍ਰਭਾਵਾਂ ਦਾ ਇਕ ਵਾਤਾਵਰਣ ਹੋਵੇ। ਜਦ ਕੋਈ ਕੌਮ ਬਾਹਰਲੀ ਦਿੱਖ ਤੱਕ ਸੀਮਤ ਹੋ ਕੇ ਅੰਦਰੋਂ ਕਾਲਖੀ ਹੋਵੇ ਤਾਂ ਸਮੁੱਚੀ ਸਿੱਖ ਕੌਮ ਨੂੰ ਨਮੋਸ਼ੀ ਉਠਾਉਣੀ ਪੈਂਦੀ ਏ।
ਖਾਲਸਾ ਸਿਰਜਣ ਨਾਲ ਜਾਤਾਂ, ਗੋਤਾਂ, ਵਰਣਾਂ ਨੂੰ ਬਰਾਬਰ ਦਾ ਸਨਮਾਨ ਦੇਣ ਵਾਲੇ ਗੁਰੂ ਗੋਬਿੰਦ ਸਿੰਘ ਜੇ ਕਿਧਰੇ ਆ ਜਾਣ ਤਾਂ ਨਮੋਸ਼ੀ ਨਾਲ ਪਾਣੀ ਪਾਣੀ ਹੋ ਜਾਣਗੇ ਜਦ ਉਹ ਜੱਟਾਂ, ਲੁਬਾਣਿਆਂ, ਰਾਮਗੜ੍ਹੀਆਂ, ਰਮਦਾਸੀਆਂ ਆਦਿ ਦੇ ਵੱਖ-ਵੱਖ ਗੁਰਦਆਰੇ ਦੇਖਣਗੇ? ਗੁਰਦੁਆਰਿਆਂ ਵਿਚ ਉਤਾਰੀਆਂ ਜਾਂਦੀਆਂ ਦਸਤਾਰਾਂ ਅਤੇ ਲਹਿਰਾਈਆਂ ਜਾਂਦੀਆਂ ਤਲਵਾਰਾਂ ਵਿਚ ਸਿਸਕ ਕੇ ਰਹਿ ਗਈ ਏ ਸਿੱਖ ਧਰਮ ਦੀ ਹੂਕ? ਕੀ ਅਸੀਂ ਗੁਰੂ ਦੇ ਸੱਚੇ ਸਿੱਖ ਹਾਂ? ਕੀ ਅਸੀਂ ਗੁਰੂ ਜੀ ਦੀਆਂ ਸਿਖਿਆਵਾਂ ਦੇ ਅਲੰਬਰਦਾਰ ਹਾਂ? ਕੀ ਅਸੀਂ ਸਿੱਖ ਧਰਮ ਲਈ ਨਮੋਸ਼ੀ ਤਾਂ ਨਹੀਂ ਬਣ ਗਏ? ਕੀ ਅਜਿਹੇ ਸਮਿਆਂ ਵਿਚ ਗੁਰੂ ਜੀ ਨੂੰ ਖਾਲਸਾ ਫਿਰ ਸਿਰਜਣਾ ਪਵੇਗਾ?
ਸਿੱਖ ਹੋਂਦ ਦਾ ਮਸਲਾ ਇਕ ਗੰਭੀਰ ਮਸਲਾ ਹੈ। ਸਿੱਖ ਪਛਾਣ ਨੂੰ ਪਰਿਭਾਸ਼ਤ ਕਰਨ ਤੇ ਸੁਚਾਰੂ ਸੁਨੇਹਾ ਦੁਨੀਆਂ ਨੂੰ ਦੇਣ ਲਈ ਅਸੀਂ ਕੁਝ ਨਹੀਂ ਕਰ ਰਹੇ, ਸਿਵਾਏ ਸੁਆਰਥੀ ਬਿਆਨਬਾਜੀ ਦੇ। ਸਿੱਖ ਪਛਾਣ, ਸਿੱਖੀ ਦੇ ਪ੍ਰਚਾਰ ਨਾਲ ਜੁੜੀ ਹੋਈ ਏ। ਸਿੱਖ ਧਰਮ ਦੇ ਪ੍ਰਚਾਰ ਦੀ ਕਿਸੇ ਵੀ ਧਾਰਮਿਕ ਅਦਾਰੇ ਨੂੰ ਨਾ ਤਾਂ ਪ੍ਰਵਾਹ ਹੈ ਅਤੇ ਨਾ ਹੀ ਉਹ ਲੋੜ ਸਮਝਦੇ ਨੇ, ਕਿਉਂਕਿ ਇਹ ਅਦਾਰੇ ਨਿਜੀ ਮੁਫਾਦ ਤੱਕ ਹੀ ਸੀਮਤ ਹੋ ਕੇ ਰਹਿ ਗਏ ਹਨ। ਸਿੱਖੀ ਪਛਾਣ ਦਾ ਦੂਸਰਾ ਤਰੀਕਾ, ਸਮਾਜ-ਸੇਵੀ ਕਾਰਜਾਂ ਰਾਹੀਂ ਦੂਸਰੇ ਭਾਈਚਾਰਿਆਂ ਵਿਚ ਵਿਚਰਨਾ ਹੈ। ਯਾਦ ਰੱਖਣਾ! ਗੁਰੂ ਗੋਬਿੰਦ ਸਿੰਘ ਦੇ ਸਮੇਂ ਸਿੱਖਾਂ ਦੀ ਪਛਾਣ ਉਨ੍ਹਾਂ ਵਲੋਂ ਕੀਤੇ ਗਏ ਮਾਨਵੀ ਕਾਰਜਾਂ ਕਰਕੇ ਸੀ ਜਿਸ ਨੇ ਹਰ ਆਮ ਵਿਅਕਤੀ ਦੇ ਮਨ ਵਿਚ ਸਿੱਖਾਂ ਪ੍ਰਤੀ ਅਦਬ ਤੇ ਸਤਿਕਾਰ ਪੈਦਾ ਕੀਤਾ ਸੀ। ਉਨ੍ਹਾਂ ਦੀ ਬੇਦਾਗ ਸ਼ਖਸੀਅਤ ‘ਤੇ ਉਂਗਲ ਨਹੀਂ ਸੀ ਧਰੀ ਜਾ ਸਕਦੀ। ਕੀ ਅੱਜ ਕੱਲ ਸਿੱਖਾਂ ਦਾ ਅਜਿਹਾ ਬਿੰਬ ਹੈ? ਸਿੱਖ ਸੋਚ ਤੇ ਸਰੂਪ ਵਿਚ ਤਬਦੀਲੀ, ਮਾਂ ਬੋਲੀ ਤੋਂ ਮੁਨਕਰੀ ਅਤੇ ਬੰਦਿਆਈ ਕਾਰਜਾਂ ਤੋਂ ਦੂਰੀ ਨੇ, ਸਿੱਖ-ਪਛਾਣ ਨੂੰ ਬੇਪਛਾਣ ਦੇ ਰਾਹ ਤੋਰਿਆ ਏ।
ਅੱਜ ਅਸੀਂ ਤਰਕਸੰਗਤਾ ਤੋਂ ਵਿਰਵੇ, ਹੋਸ਼ ਤੇ ਜੋਸ਼ ਦੇ ਸੰਗਮ ਤੋਂ ਕੋਰੇ, ਬਦਲਦੇ ਸਮਿਆਂ ਵਿਚ ਆਪਣੀ ਸੋਚ ਨੂੰ ਸਮੇਂ ਦਾ ਹਾਣੀ ਬਣਾਉਣ ਤੋਂ ਅਵੇਸਲੇ ਅਤੇ ਸਿੱਖ ਅਕੀਦੇ ਅਨੁਸਾਰ ਨਵੇਂ ਸੰਦਰਭ, ਸੁਪਨੇ ਤੇ ਕੀਰਤੀਮਾਨ ਸਥਾਪਤ ਕਰਨ ਤੋਂ ਹੀਣੇ ਹਾਂ। ਨਿਜੀ ਪੱਧਰ ‘ਤੇ ਹੋ ਰਹੀਆਂ ਕੋਸ਼ਿਸਾਂ ਨੂੰ ਜਰੂਰ ਫਲ ਪੈ ਰਹੇ ਹਨ ਪਰ ਇਕ ਕਾਫਲੇ ਦੇ ਰੂਪ ਵਿਚ ਸਿੱਖ ਧਰਮ ਦੀ ਉਚਤਾ, ਵਿਲੱਖਣ ਸਿਖਿਆਵਾਂ ਅਤੇ ਮਾਨਵੀ ਰੰਗ ਵਿਚ ਰੰਗੇ ਸੁਨਿਹਰੀ ਪੰਨਿਆਂ ਨੂੰ ਜੱਗ-ਜਾਹਰ ਕਰਨ ਤੋਂ ਸਾਹ-ਸੱਤ ਹੀਣ ਹਾਂ। ਸਿੱਖ ਧਰਮ ਦੀਆਂ ਵਿਲੱਖਣਤਾਵਾਂ ਸਮੇਂ ਦੀ ਗਰਦਸ਼ ਵਿਚ ਅਲੋਪ ਹੋ ਚੁੱਕੀਆਂ ਨੇ ਅਤੇ ਇਨ੍ਹਾਂ ਦੀ ਪੁਨਰ-ਸੁਰਜੀਤੀ ਹੁਣ ਹੋਰ ਵੀ ਜ਼ਿਆਦਾ ਅਹਿਮ ਹੈ। ਹੋਸ਼ ਤੋਂ ਵਿਰਵੇ ਜੋਸ਼ ਨੇ ਸਿੱਖ ਕੌਮ ਅਤੇ ਸਿੱਖ ਧਰਮ ਦਾ ਬਹੁਤ ਨੁਕਸਾਨ ਕੀਤਾ ਹੈ ਅਤੇ ਨਿਰੰਤਰ ਕਰ ਰਿਹਾ ਹੈ। ਲੋੜ ਹੈ ਕਿ ਸਿੱਖੀ ਨੂੰ ਆਪਣੀ ਰੂਹ ਵਿਚ ਵਸਾ ਕੇ ਸੰਤੁਲਿਤ ਧਾਰਮਿਕਤਾ ਅਤੇ ਜੀਵਨ-ਜਾਚ ਨੂੰ ਸਮੇਂ ਦੇ ਵਰਕੇ ‘ਤੇ ਉਕਰਿਆ ਜਾਵੇ।
ਸਿੱਖ ਧਰਮ ਦੀਆਂ ਬਹੁਤ ਸਾਰੀਆਂ ਅਜਿਹੀਆਂ ਪਰੰਪਰਾਵਾਂ ਹਨ ਜਿਨ੍ਹਾਂ ਕਰਕੇ ਇਹ ਧਰਮ ਦੂਸਰੇ ਧਰਮਾਂ ਨਾਲੋਂ ਜ਼ਿਆਦਾ ਆਧੁਨਿਕ ਅਤੇ ਨਿਵੇਕਲਾ ਹੈ। ਇਸ ਦੇ ਨਿਵੇਕਲੇਪਣ ਪਿੱਛੇ ਗੁਰੂ ਗੋਬਿੰਦ ਸਿੰਘ ਜੀ ਦੀ ਭਵਿੱਖਮੁਖੀ ਸੋਚ ਦਾ ਬਹੁਤ ਵੱਡਾ ਯੋਗਦਾਨ ਹੈ। ਜਦ ਗੁਰੂ ਜੀ ਨੇ ਗੁਰੂ ਪਰੰਪਰਾ ਖਤਮ ਕਰਕੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਦਾ ਦਰਜਾ ਦਿੰਦਿਆਂ, ਸ਼ਬਦ-ਗੁਰੂ ਦੇ ਲੜ ਲੱਗਣ ਲਈ ਸੰਗਤ ਨੂੰ ਆਦੇਸ਼ ਦਿਤਾ ਸੀ ਤਾਂ ਉਦੇਸ਼ ਸਿੱਖ ਧਰਮ ਵਿਚ ਪੈਦਾ ਹੋਣ ਵਾਲੀਆਂ ਸੰਭਾਵਤ ਅਧੋਗਤੀਆਂ, ਵਿਗਾੜਾਂ ਜਾਂ ਊਣਤਾਈਆਂ ਤੋਂ ਸਦਾ ਲਈ ਨਿਜਾਤ ਪਾਉਣਾ ਸੀ। ਪਰ ਸਿੱਖੀ ਦੇ ਬਾਣੇ ਵਿਚ ਕੁਝ ਡੇਰੇਦਾਰਾਂ ਦੇ ਅਚਾਰ ਅਤੇ ਕਿਰਦਾਰ ਨੇ ਸਿੱਖੀ ਅਤੇ ਸਿੱਖ ਧਰਮ ਨੂੰ ਅਜਿਹੀ ਰਸਾਤਲ ਵਿਚ ਧਕੇਲ ਦਿਤਾ ਹੈ ਜਿਸ ਵਿਚੋਂ ਨਿਕਲਣ ਲਈ ਪਤਾ ਨਹੀਂ ਕਿੰਨੀਆਂ ਸਦੀਆਂ ਲੱਗਣਗੀਆਂ। ਗੁਰੂ ਜੀ ਦੀਆਂ ਸਿਖਿਆਵਾਂ ਅਤੇ ਆਦੇਸ਼ਾਂ ਤੋਂ ਨਾਬਰ ਹੋਣ ਵਾਲੇ ਇਹ ਡੇਰੇਦਾਰ ਸਿੱਖੀ ਦੀ ਕਿਹੜੀ ਸੇਵਾ ਕਰ ਰਹੇ ਹਨ? ਅਜਿਹੇ ਸਮਿਆਂ ਵਿਚ ਗੁਰੂ ਜੀ ਦੇ ਆਦੇਸ਼ਾਂ ਦੀ ਪਾਲਣਾ ਦੀ ਜ਼ਿਆਦਾ ਲੋੜ ਹੈ ਤਾਂ ਕਿ ਰਾਜਨੀਤਕ ਸ਼ਹਿ ਹੇਠ ਪਲਣ ਵਾਲੇ ਇਨ੍ਹਾਂ ਬਾਬਿਆਂ ਤੋਂ ਸਿੱਖ ਧਰਮ ਅਤੇ ਭੋਲੀ-ਭਾਲੀ ਸੰਗਤ ਨੂੰ ਨਿਜਾਤ ਮਿਲ ਸਕੇ।
ਗਰੀਬਾਂ, ਭੁੱਖਿਆਂ ਅਤੇ ਲੋੜਵੰਦਾਂ ਦਾ ਢਿਡ ਭਰਨ ਲਈ ਗੁਰੂ ਨਾਨਕ ਵਲੋਂ ਚਲਾਈ ਗਈ ਲੰਗਰ ਦੀ ਪ੍ਰਥਾ ਨੂੰ ਅਸੀਂ ਲੰਗਰ ਹੀ ਨਹੀਂ ਰਹਿਣ ਦਿਤਾ। ਸੈਂਕੜੇ ਪ੍ਰਕਾਰ ਦੇ ਪਕਵਾਨਾਂ ਨਾਲ ਪਰੋਸੇ ਜਾ ਰਹੇ ਲੰਗਰ ਸਾਹਵੇਂ, ਗੁਰੂ ਸਾਹਿਬਾਨ ਵਲੋਂ ਚਲਾਇਆ ਗਿਆ ਲੰਗਰ ਕਿਧਰੇ ਅਸੀਂ ਬੌਣਾ ਤਾਂ ਨਹੀਂ ਕਰ ਦਿਤਾ? ਅਜਿਹੇ ਲੰਗਰਾਂ ਨਾਲ ਅਸੀਂ ਕੀ ਸਿੱਧ ਕਰਨਾ ਚਾਹੁੰਦੇ ਹਾਂ ਅਤੇ ਸਿੱਖੀ ਦਾ ਕਿਹੋ ਜਿਹਾ ਸੁਨੇਹਾ ਲੋਕਾਈ ਨੂੰ ਦੇਣਾ ਚਾਹੁੰਦੇ ਹਾਂ?
ਜਦ ਕਿਸੇ ਕੌਮ ਦਾ ਕਿਰਤੀ ਕਿਰਤ ਤੋਂ, ਧਰਮੀ ਧਰਮ ਤੋਂ, ਸ਼ਖਸ ਸੋਚ ਤੇ ਸਿਹਤ ਤੋਂ, ਮਨੁੱਖ ਮਾਨਵਤਾ ਤੋਂ ਅਤੇ ਬੰਦਾ ਬੰਦਿਆਈ ਤੋਂ ਬੇਮੁੱਖ ਹੋ ਜਾਵੇ ਤਾਂ ਉਸ ਕੌਮ ਦੇ ਮੁੱਖੜੇ ‘ਤੇ ਇਕ ਤ੍ਰਾਸਦੀ ਚਿੱਪਕ ਜਾਂਦੀ ਹੈ ਅਤੇ ਅਜਿਹੀ ਤ੍ਰਾਸਦੀ ਨੂੰ ਕੋਈ ਕ੍ਰਿਸ਼ਮਈ ਵਰਤਾਰਾ ਹੀ ਦੂਰ ਕਰ ਸਕਦਾ ਹੈ।
ਸ਼ਾਇਦ ਬੇਸੁੱਧ ਹੋਈ ਸਿੱਖ ਕੌਮ ਕਿਸੇ ਅਜਿਹੇ ਹੀ ਮਾਨਵੀ ਕ੍ਰਿਸ਼ਮੇ ਦੀ ਉਡੀਕ ਵਿਚ ਹੈ?